ਮੇਰੇ ਪਿੰਡ ਦੀ ਰੌਣਕ ਭੱਠੀ ਵਾਲੀ ‘ਪਾਰੋ ਤਾਈ’

ਜਿਸ ਨੂੰ ਬੀਤੇ ਦੀ ਮਹਾਨਤਾ, ਵਰਤਮਾਨ ਯੁੱਗ ਵਿਚ ਮੁਹਾਵਰਿਆਂ ਵਾਂਗ ਪੇਸ਼ ਨਾ ਕਰਨੀ ਆਵੇ, ਉਹ ਲੇਖਕ ਤਾਂ ਹੋ ਸਕਦੈ ਪਰ ਸਮਾਜ ਲਈ ਕਿਸੇ ‘ਚੱਜ’ ਦਾ ਨਹੀਂ। ਜਿਹੜੀ ਪਤਨੀ ਆਪਣੇ ਪਤੀ ਨੂੰ ਆਖੇ, ‘ਲੈ ਇਹ ਵੀ ਮਰਦ ਬਣਿਆ ਫਿਰਦੈ!’ ਉਹ ਉਹਦੇ ਆਤਮ ਹੱਤਿਆ ਕਰਨ ‘ਤੇ ਖੁਸ਼ਕ ਅੱਖਾਂ ਨਾਲ ਹੀ ਰੋਵੇਗੀ ਕਿਉਂਕਿ ਉਸ ਨੂੰ ਪਤਾ ਹੁੰਦੈ ਕਿ ਮਰਦ ਹੋਣਾ ਹੀ ਪਤੀ ਦਾ ਸਰਵ ਸ੍ਰੇਸ਼ਠ ਗੁਣ ਹੈ। ਸੱਪ ਨੇ ਨਿਉਲੇ ਨੂੰ ਕਿਹਾ, ‘ਆ ਆਪਾਂ ਗਲ ਲੱਗੀਏ’। ਨਿਉਲੇ ਨੇ ‘ਕਿਉਂ’ ਪੁੱਛਿਆ ਤਾਂ ਸੱਪ ਹੱਸ ਪਿਆ, ‘ਮੇਰੀ ਗੱਲ ਪੱਲੇ ਬੰਨ੍ਹ, ਸਾਨੂੰ ਲੜਾ ਕੇ ਤਮਾਸ਼ਾ ਦੇਖਣ ਵਾਲੇ ਹੱਦਾਂ ‘ਚ ਵੀ ਤੇ ਸਰਹੱਦਾਂ ‘ਤੇ ਵੀ ਫਸੇ ਪਏ ਨੇ, ਆਜਾ ਹੁਣ ਇਨ੍ਹਾਂ ਦੇ ਲੀੜੇ ਲਹਿੰਦੇ ਦੇਖੀਏ।’

ਅਸਲ ਵਿਚ ਜ਼ਿੰਦਗੀ ਦੀਆਂ ਤਰਜੀਹਾਂ ਤੇ ਉਦੇਸ਼ ਹੀ ਬਦਲ ਗਏ ਹਨ। ਤਰਕ ਮੁੱਕ ਰਿਹੈ, ਦਲੀਲ ਖੁੰਡੀ ਹੋ ਰਹੀ ਹੈ, ਹਰ ਕੋਈ ਸਿਆਣਾ ਬਣਨ ਦੇ ਲਾਲਚ ਵਿਚ ਮੂੰਹ ਖੋਲ੍ਹਣ ਤੋਂ ਪਹਿਲਾਂ ਬੋਲਣ ਦਾ ਯਤਨ ਕਰ ਰਿਹਾ ਹੈ, ਫਿਰ ਅਸਹਿਣਸ਼ੀਲਤਾ ਦੇ ਮਸਲੇ ਉਠਣੇ ਸੁਭਾਵਿਕ ਨੇ ਤੇ ਸਰਕਾਰਾਂ ਦੀਆਂ ਚਿੰਤਾਵਾਂ ਵਧਣੀਆਂ ਹੀ ਨੇ। ਸਾਡੇ ਪਿੰਡ ਦੀ ਪਾਰੋ ਤਾਈ ਚਲੇ ਗਈ ਹੈ, ਦੁੱਖ ਇਸ ਗੱਲ ਦਾ ਹੈ ਕਿ ਉਹ ਇਕੱਲੀ ਚਲੇ ਜਾਂਦੀ ਤਾਂ ਹੋਰ ਗੱਲ ਸੀ, ਨਾਲ ਬਹੁਤ ਕੁਝ ਲੈ ਗਈ ਹੈ। ਇਸੇ ਲਈæææ

ਐਸ ਅਸ਼ੋਕ ਭੌਰਾ
ਬੇਤਰਤੀਬ ਘਟਨਾਵਾਂ ਬਹੁਤਿਆਂ ਦੀ ਜ਼ਿੰਦਗੀ ਵਿਚ ਵਾਪਰੀਆਂ ਹਨ ਪਰ ਗੱਲ ਤਾਂ ਨਹੀਂ ਬਣਦੀ ਕਿਉਂਕਿ ਇਨ੍ਹਾਂ ਨੂੰ ਤਰਤੀਬ ਵਿਚ ‘ਕੱਠੀਆਂ ਕਰਨ ਦਾ ਹੁਨਰ ਬਹੁਤ ਘੱਟ ਲੋਕਾਂ ਕੋਲ ਹੁੰਦਾ ਹੈ। ਜਿਹੜੇ ਨਿੱਕੇ ਜਿਹੇ ਦਰਦ ਨੂੰ ਪਹਾੜ ਜਿੱਡਾ ਸਮਝ ਕੇ ਲਿਟ ਰਹੇ ਹੋਣ, ਇਹ ਉਹੀ ਲੋਕ ਹੁੰਦੇ ਨੇ ਜੋ ਬੱਕਰੀ ਦੇ ਛੇਲਾ ਦੇਣ ‘ਤੇ ਵੀ ਫਿਰ ਕੋਠੇ ‘ਤੇ ਚੜ੍ਹ ਕੇ ਏਦਾਂ ਖੁਸ਼ੀ ਮਨਾ ਰਹੇ ਹੁੰਦੇ ਹਨ ਜਿਵੇਂ ਸੱਤਾਂ ਕੁੜੀਆਂ ਤੋਂ ਬਾਅਦ ਮੁੰਡਾ ਜੰਮਿਆ ਹੋਵੇ। ਬਹੁਤ ਲੋਕ ਉਦੋਂ ਰੋਂਦੇ ਨੇ ਜਦੋਂ ਕੋਈ ਆਪਣਾ ਮਰ ਗਿਆ ਹੋਵੇ ਤੇ ਆਪਣਾ ਉਹ ਖੂਨ ਦੇ ਰਿਸ਼ਤੇ ਨੂੰ ਸਮਝ ਰਹੇ ਹੁੰਦੇ ਨੇ। ਸੱਚ ਇਹ ਹੈ ਕਿ ਜਿਸ ਯੁੱਗ ਵਿਚੋਂ ਅਸੀਂ ਗੁਜ਼ਰ ਰਹੇ ਹਾਂ ਉਸ ਯੁੱਗ ਵਿਚ ‘ਆਪਣੇ’ ਰੋਂਦੇ ਹੀ ਘੱਟ ਨੇ। ਪਰ ਮੈਂ ਜਿਸ ਔਰਤ ਲਈ ਹਉਕਾ ਭਰਨ ਲੱਗਾ ਹਾਂ, ਚੀਕ ਮਾਰਨ ਲੱਗਾ ਹਾਂ, ਰੋਣ ਲੱਗਾ ਹਾਂ, ਦੁਹਾਈ ਪਾਉਣ ਲੱਗਾ ਹਾਂ, ਉਹ ਔਰਤ ਮੇਰੇ ਰਿਸ਼ਤੇ ਵਿਚੋਂ ਨਹੀਂ ਹੈ ਪਰ ਉਸ ਦੇ ਤੁਰ ਜਾਣ ਦਾ ਉਨਾ ਹੀ ਦੁੱਖ ਹੈ ਜਿੰਨਾ ਕਿਸੇ ਦਿਲ ਦੇ ਰੋਗੀ ਨੂੰ ਡਾਕਟਰ ਦੇ ਇਹ ਕਹਿਣ ‘ਤੇ ਹੁੰਦਾ ਹੈ, ‘ਮਿੱਤਰਾ ਚਾਰੇ ਕੂੰਟਾਂ ਵਾਂਗ ਤੇਰੇ ਚਾਰੇ ਵਾਲਵ ਬੰਦ ਹੋ ਗਏ ਨੇ’। ਗੱਲ ਇਹ ਸਾਧਾਰਨ ਹੈ ਪਰ ਇਸ ਨੂੰ ਖਾਸ ਸਮਝ ਕੇ ਤੇ ਆਪਣੇ ਇਰਦ ਗਿਰਦ ਵਾਪਰੀ ਹੋਈ ਘਟਨਾ ਜਾਣ ਕੇ ਧਿਆਨ ਨਾਲ ਪੜ੍ਹਿਓæææ
ਮੈਂ ਨਿੱਕਾ ਜਿਹਾ ਸਾਂ, ਮੀਂਹ ਪੈ ਰਿਹਾ ਸੀ। ਪਾਰੋ ਝਿਊਰੀ ਕਹਿਣ ਲੱਗੀ, ‘ਵੇ ਪੁੱਤ ਆ ਮੇਰੇ ਦਾਣੇ ਤਾਂ ਮੇਰੇ ਘਰ ਤੱਕ ਛੁਡਾ ਆ, ਤਪਦੀ ਕੜ੍ਹਾਹੀ ਮੈਂ ਆਪ ਚੁੱਕ ਲਵਾਂਗੀ’। ਤੁਰਦਿਆਂ ਉਹ ਬੋਲੀ, ‘ਬੜਾ ਸੋਹਣਾ ਨਿੰਬਲ ਸੀ, ਭੱਠੀ ਮੈਂ ਤਪਾ ਲਈ ਸੀ, ਨਿੱਕੀ ਜਿਹੀ ਬੱਦਲੀ ਨੇ ਜਲ ਥਲ ਕਰ ਦਿੱਤਾ, ਮਹੀਨੇ ਪਿਛੋਂ ਅੱਜ ਦਾਣੇ ਭੁੰਨਣ ਆਈ ਸਾਂ, ਹਾਲੇ ਪਹਿਲਾ ਪਰਾਗਾ ਪਾਇਆ ਸੀ, ਇਹ ਅੱਗ ਲੱਗਣਾ ਬਲਕਾਰ ਸਿਹੁੰ ਕਹਿਣ ਲੱਗਾ, ‘ਪਾਰੋ ਚਾਰ ਕੁ ਦਾਣੇ ਭੁੰਨ ਕੇ ਖੁਆ ਦੇ, ਇਸ ਕੰਜਰ ਦੇ ਤਾਂ ਮੱਥੇ ਲੱਗਣਾ ਈ ਭੈੜਾ।’
ਮੈਂ ਮਸੂਮੀਅਤ ਵਿਚ ਪੁੱਛਿਆ, ‘ਤਾਈ ਇਹਨੂੰ ਸਾਰੇ ਈ ਮਾੜਾ ਕਿਉਂ ਕਹਿੰਦੇ ਆ?’ ਉਹ ਕਹਿਣ ਲੱਗੀ, ‘ਰੌਲਿਆਂ ਵੇਲੇ ਆਪਣਾ ਪਿੰਡ ਮੁਸਲਮਾਨਾਂ ਦਾ ਪਿੰਡ ਸੀ। ਇਹ ਬਲਕਾਰ ਸਿੰਘ, ਮੁਖਤਿਆਰ ਸਿੰਘ ਅਤੇ ਸ਼ਿੰਗਾਰਾ ਸਿੰਘ ਮੁਸਲਮਾਨਾਂ ਦੇ ਬੱਚੇ ਬਰਛਿਆਂ ‘ਤੇ ਟੰਗ ਕੇ ਘਰ ਘਰ ਕਤਲ ਕਰਦੇ ਫਿਰਦੇ ਸਨ ਤੇ ਇਨ੍ਹਾਂ ਤਿੰਨਾਂ ਨੇ ਪੱਕਾ ਸ਼ੁਦਾਈ ਹੋ ਕੇ ਮਰਨਾ।’
ਅੱਜ ਪਾਰੋ ਦੇ ਮਰ ਜਾਣ ਦੀ ਖਬਰ ਆਈ ਤਾਂ ਮਨ ਨੇ ਹਉਕਾ ਲਿਆ। ਪਾਰੋ ਮੈਨੂੰ ਵੀ ਦੇਵੀ ਲੱਗੀ। ਕਿਉਂਕਿ ਪਾਰੋ ਦੇ ਮਰਨ ਤੋਂ ਬਲਕਾਰ, ਮੁਖਤਿਆਰ ਤੇ ਸ਼ਿੰਗਾਰਾ ਪਹਿਲਾਂ ਮਰੇ ਹਨ ਤੇ ਮਰੇ ਵੀ ਤਿੰਨੇ ਸ਼ੁਦਾਈ ਹੋ ਕੇ। ਪਿੰਡ ਵੀ ਕਹਿੰਦਾ ਹੈ, ਇਨ੍ਹਾਂ ਨੇ ਸ਼ੁਦਾਈ ਹੋ ਕੇ ਹੀ ਮਰਨਾ ਸੀ। ਉਸ ਦਿਨ ਜਦੋਂ ਮੈਂ ਉਸ ਨੂੰ ਘਰ ਤੱਕ ਛੱਡਣ ਗਿਆ, ਉਹਨੇ ਆਪਣੇ ਚੁੰਨੀ ਦੇ ਲੜ ਨਾਲੋਂ ‘ਪੰਜੀ’ ਖੋਲ੍ਹ ਕੇ ਮੈਨੂੰ ਫੜਾਈ ਤੇ ਪੁੱਛਣ ਲੱਗੀ, ‘ਤੂੰ ਪ੍ਰਕਾਸ਼ੀ ਦਾ ਮੁੰਡਾ ਐਂ?’ ਮੈਂ ਕਿਹਾ, ‘ਹਾਂ’। ਉਹ ਮੇਰੀ ਮਾਂ ਪ੍ਰਕਾਸ਼ ਕੌਰ ਨੂੰ ਪ੍ਰਕਾਸ਼ੀ ਹੀ ਕਿਹਾ ਕਰਦੀ ਸੀ। ਫਿਰ ਬੋਲੀ, ‘ਮੇਰੀ ਸੱਸ ਇਸੇ ਭੱਠੀ ‘ਤੇ ਸਾਰੀ ਉਮਰ ਦਾਣੇ ਭੁੰਨਦੀ ਮਰੀ ਹੈ, ਮੁਖਤਿਆਰ ਸਿੰਘ ਦਾ ਚਹੁੰ ਕੁੜੀਆਂ ਪਿਛੋਂ ਜੰਮਿਆ ਪੁੱਤ ਇਸੇ ਭੱਠੀ ਦੀ ਕੋਸੀ ਸੁਆਹ ‘ਚ ਡਿਗ ਕੇ ਮਰ ਗਿਆ ਸੀ, ਉਸੇ ਸੁਆਹ ਨਾਲ ਜਿਸ ਨਾਲ ਹੱਥ ਨੂੰ ਵੀ ਸੇਕ ਨਹੀਂ ਸੀ ਲੱਗਦਾ। ਮੇਰੀ ਸੱਸ ਨੇ ਵੀ ਇਹੀ ਕਿਹਾ ਸੀ ਕਿ ਮੁਸਲਮਾਨਾਂ ਦੇ ਮਸੂਮ ਪੁੱਤ ਮਾਰਨ ਵਾਲੇ ਮੁਖਤਿਆਰੇ ਨੂੰ ਇਹ ਸਜ਼ਾ ਮਿਲਣੀ ਹੀ ਸੀ।’
ਪਾਰੋ ਮੇਰੇ ਪਿੰਡ ਦਾ ਅਹਿਮ ਕਿਰਦਾਰ ਸੀ। ਉਹ ਪੱਕੇ ਰੰਗ ਦੀ ਹੋ ਕੇ ਵੀ ਹਰ ਇਕ ਨੂੰ ਪਿਆਰੀ ਲੱਗਦੀ ਸੀ। ਉਹਨੂੰ ਉਹਦੇ ਹਾਣ ਦੇ ਵੀ ‘ਤਾਈ’ ਕਹਿੰਦੇ। ਉਹ ਭੱਠੀ ‘ਤੇ ਬੈਠੀ ਖਿੱਲਾਂ ਨਾਲੋਂ ਵੀ ਵੱਧ ਖਿੜੀ ਰਹਿੰਦੀ। ਸਿਆਲ ‘ਚ ਦੇਰ ਰਾਤ ਜਦੋਂ ਉਹਨੇ ਕੜਾਹੀ ਚੁੱਕ ਕੇ ਲਿਜਾਣੀ ਤਾਂ ਬਾਲਣ ਦੇ ਦੋ ਰੁੱਗ ਹੋਰ ਲਾ ਕੇ ਜਾਣੇ। ਸੋਚਦੀ ਭੱਠੀ ਦੁਆਲੇ ਮੇਰੇ ਕਿੰਨੇ ਪੁੱਤਰਾਂ ਨੇ ਦੇਰ ਰਾਤ ਤੱਕ ਸੇਕ ਦਾ ਨਿੱਘ ਮਾਣਨਾ ਹੈ। ਸੱਚੀਂ ਇਸ ਭੱਠੀ ਦੁਆਲੇ ਅੱਧੀ ਰਾਤ ਤੱਕ ਮਹਿਫਿਲ ਲੱਗੀ ਰਹਿੰਦੀ, ਬਜ਼ੁਰਗ ਵੀ ਹੁੰਦੇ, ਮੁੰਡੇ ਵੀ, ਅਧਖੜ ਵੀ। ਕਿਸੇ ਨੇ ਡੱਬੀਆਂ ਵਾਲੀ ਖੇਸੀ ਦੀ ਬੁੱਕਲ ਮਾਰੀ ਹੁੰਦੀ, ਕਿਸੇ ਨੇ ਬੇਬੇ ਦੇ ਸ਼ਾਲ ਦਾ ਸਿਰ ‘ਤੇ ਮੜਾਸਾ ਮਾਰਿਆ ਹੁੰਦਾ, ਕਿਸੇ ਦੇ ਪੈਰੀਂ ਧੌੜੀ ਦੀ ਜੁੱਤੀ, ਕਿਸੇ ਦੇ ਪੈਰੀਂ ਚੱਪਲਾਂ, ਅੱਧਿਆਂ ਕੁ ਚਾਦਰ ਬੰਨ੍ਹੀਂ ਹੁੰਦੀ ਤੇ ਦੋ-ਚਹੁੰ ਨੇ ਪਜਾਮਾ ਪਾਇਆ ਹੁੰਦਾ, ਪੈਂਟ ਦਾ ਉਦੋਂ ਰਿਵਾਜ ਘੱਟ ਹੀ ਸੀ। ਕੋਈ ਚੁਟਕਲਾ ਸੁਣਾਉਂਦਾ, ਕੋਈ ਬਾਤ ਤੇ ਜਦੋਂ ਕਿਤੇ ਅਮਲੀ ਰੁਲਦੂ ਆ ਬੈਠਦਾ ਤਾਂ ਇਹ ਭੱਠੀ ਸੱਥ ਬਣ ਜਾਂਦੀ ਜਾਂ ਭੰਡਾਂ ਦੀ ਮਹਿਫਿਲ। ਇਹ ਸਤਯੁਗ ਦਾ ਉਹ ਸਮਾਂ ਸੀ ਜਦੋਂ ਨਾ ਕਿਸੇ ਨੇ ਦਾਰੂ ਪੀਤੀ ਹੁੰਦੀ, ਨਾ ਕੋਈ ਹੋਰ ਨਸ਼ਾ ਕੀਤਾ ਹੁੰਦਾ। ਕਿਤੇ ਅੰਨ੍ਹਿਆਂ ਦੇ ਠੋਲੂ ਨੇ ਚੀਚੀ ਦੇ ਨਾਲ ਵਾਲੀ ਉਂਗਲ ਵਿਚ ਪੀਣ ਲਈ ਬੀੜੀ ਫਸਾਈ ਹੁੰਦੀ ਤਾਂ ਸਿਆਣੇ ਜੁੱਤੀ ਖੋਲ੍ਹ ਲੈਂਦੇ, ਮਾਰੋ ਸਾਲੇ ਦੇ ‘ਖੋਤੀ ਚੁੰਘਦਾ’। ਅੱਧੀ ਰਾਤ ਹੋਣ ‘ਤੇ ਵੀ ਕਿਸੇ ਦਾ ਘਰ ਜਾਣ ਨੂੰ ਦਿਲ ਨਾ ਕਰਦਾ, ਤੇ ਪਾਰੋ ਤਾਈ ਦੀ ਇਹ ਭੱਠੀ ਰੌਣਕਾਂ ਦਾ ਹੱਜ ਬਣੀ ਰਹਿੰਦੀ।
ਹੁਣ ਜਦੋਂ ਪਾਰੋ ਦੇ ਮਰਨ ਦੀ ਖਬਰ ਜਿਸ ਪਰਿਵਾਰ ਦੇ ਮੁੰਡੇ ਨੇ ਮੈਨੂੰ ਭੇਜੀ ਹੈ, ਉਸ ਨੇ ਨਾਲ ਹੀ ਕਿਹੈ, ਅਸ਼ੋਕ ਤੂੰ ਜਾਣਦੈ ਮੇਰਾ ਬਾਬਾ 105 ਸਾਲਾਂ ਦਾ ਹੋ ਗਿਐ। ਉਹ ਪਾਰੋ ਦੇ ਅਫਸੋਸ ਨੂੰ ਗਿਆ ਤੇ ਕਹਿਣ ਲੱਗਾ, ‘ਪਾਰੋ ਦੇ ਜਾਣ ਨਾਲ ਪਿੰਡ ਦੀ ਭੱਠੀ ਨਹੀਂ ਬੁਝੀ, ਪਿੰਡ ਵਿਚ ਇਕ ਯੁੱਗ ਦਾ ਅੰਤ ਹੋ ਗਿਆ ਹੈ। ਭੱਠੀ ਦੁਆਲੇ ਲੱਗਦੀਆਂ ਰੌਣਕਾਂ ਮੁੱਕ ਗਈਆਂ ਨੇ ਤੇ ਲਾਹਣਤ ਹੈ ਇਸ ਪੜ੍ਹੀ ਲਿਖੀ ਜਵਾਨੀ ‘ਤੇ ਜਿਹੜੀ ਭੱਠੀਆਂ ‘ਤੇ ਤਾਂ ਨਹੀਂ ਬਹਿੰਦੀ ਪਰ ਮੋਟਰਾਂ ‘ਤੇ, ਸ਼ਮਸ਼ਾਨਘਾਟਾਂ, ਸੁੰਨੀਆਂ ਥਾਂਵਾਂ ‘ਤੇ ਅੱਧੀ ਅੱਧੀ ਰਾਤ ਨੂੰ ਜੁੜਦੀ ਤਾਂ ਹੈ ਪਰ ਅੱਗ ਸੇਕਣ ਲਈ ਨਹੀਂ, ਨਸ਼ਿਆਂ ਦੀ ਅੱਗ ਸੇਕ ਕੇ ਮੌਤ ਨੂੰ ਵਾਜਾਂ ਮਾਰਨ ਲਈ। ਉਦੋਂ ਤਾਂ ਇਕ ਠੋਲੂ ਬੀੜੀ ਪੀਂਦਾ ਹੁੰਦਾ ਸੀ ਤੇ ਹੁਣ ਇਹ ਘਰ ਘਰ ਜੰਮੇ ਪੁੱਤ ‘ਚਿੱਟਾ’ ਤੇ ਹੋਰ ਪਤਾ ਨਹੀਂ ਕੀ ਕੀ ਪੀਣ ਲੱਗ ਪਏ ਹਨ। ਕੀ ਮਜਾਲ ਸੀ, ਜਦੋਂ ਪਾਰੋ ਨੇ ਦਿਨ ਨੂੰ ਭੱਠੀ ਮਘਾਈ ਹੁੰਦੀ, ਠੋਲੂ ਆ ਕੇ ਬੀੜੀ ਪੀ ਕੇ ਦਿਖਾ ਜਾਂਦਾ। ਉਹ ਦਾਣਿਆਂ ‘ਚ ਫੇਰਨ ਵਾਲੀ ਗਰਮ ਦਾਤੀ ਲੈ ਕੇ ਮਗਰ ਭੱਜਦੀ ਸੀ। ਪਾਰੋ ਚਲੇ ਗਈ ਤੇ ਉਹ ਵਕਤ ਵੀ ਨਾਲ ਈ ਲੈ ਗਈ ਜਿਸ ਵਕਤ ਨੂੰ ਮੈਂ ਹੀ ਨਹੀਂ ਰੋਂਦਾ ਸਗੋਂ ਸਾਰਾ ਪਿੰਡ ਰੋਂਦਾ ਹੈ।
ਸਕੂਲ ਤੋਂ ਆਉਣਾ, ਚੁੱਲ੍ਹੇ ‘ਤੇ ਪਈ ਬੇਹੀ ਚਾਹ ਨੂੰ ਗਰਮ ਕਰਨਾ, ਮੱਕੀ ਦੀ ਰੋਟੀ ਬਿਨਾਂ ਹੱਥ ਥੋਤਿਆਂ ਸਾਗ ਨਾਲ ਖਾਣੀ ਤੇ ਮਾਂ ਦੇ ਭੋਰੇ ਹੋਏ ਦਾਣੇ ਭੁਨਾਉਣ ਪਾਰੋ ਤਾਈ ਦੀ ਭੱਠੀ ‘ਤੇ ਚਲੇ ਜਾਣਾ। ਪੁਲਿਸ ਵਿਚ ਭਰਤੀ ਹੋਣ ਵਾਲਿਆਂ ਵਾਗੂੰ ਉਹ ਲਾਈਨ ਵਿਚ ਬਿਠਾਈ ਜਾਂਦੀ। ਪੱਖ ਉਹ ਵੀ ਪੂਰ ਦਿੰਦੀ ਸੀ ਪਰ ਇਨਸਾਫ ਵਾਲਾ, ਉਹ ਆਖਦੀ ‘ਜਿਹਨੇ ਪਹਿਲਾਂ ਦਾਣੇ ਭੁਨਾਉਣੇ ਨੇ ਉਹ ਪੰਜ ਜਣਿਆਂ ਲਈ ਬਾਲਣ ਪਾਵੇ’ ਤੇ ਇੰਜ ਕਈਆਂ ਦੀ ਵਾਰੀ ਤਿੰਨ ਤਿੰਨ ਘੰਟੇ ਨਾ ਆਉਂਦੀ।
ਕਿੰਨਾ ਇਤਫਾਕ, ਮੁਹੱਬਤ ਸਬਰ ਵਾਲਾ ਉਹ ਯੁੱਗ ਸੀ ਜੋ ਲੰਘਿਆ ਤਾਂ ਚੇਤਾ ਆਇਆ ਤੇ ਜਦੋਂ ਚੇਤਾ ਆਇਆ ਤਾਂ ਰੱਜ ਕੇ ਰੋਣ ਨੂੰ ਚਿੱਤ ਕੀਤਾ। ਇਹ ਤਾਈ ਪਾਰੋ ਜਦੋਂ ਛਾਨਣੀ ਵਿਚ ਦਾਣੇ ਪਾਉਂਦੀ ਤਾਂ ਭਾੜਾ ਦਾਣਿਆਂ ਦੀ ਮਿਕਦਾਰ ਅਨੁਸਾਰ ਹੀ ਕੱਢਦੀ। ਮੈਨੂੰ ਯਾਦ ਹੈ, ਕਦੇ ਕਦੇ ਖੱਤਰੀਆਂ ਦੀ ਝਾਈ ਨੇ ਆਪਣੇ ਨਿਆਣਿਆਂ ਦੇ ਮਗਰ ਆਉਣਾ, ਪਾਰੋ ਨੂੰ ਕਹਿਣ ਕਿ ਤੂੰ ਭਾੜਾ ਵੱਧ ਨਾ ਕੱਢੀਂ। ਪਾਰੋ ਦਾ ਜੁਆਬ ਹੁੰਦਾ, ‘ਮੇਰਾ ਹੱਥ ਇਨਸਾਫ ਦੀ ਤੱਕੜੀ ਵਰਗਾ, ਤੇ ਥੋਡੀ ਦੁਕਾਨ ‘ਤੇ ਜਿਹੜਾ ਸੌਦਾ ਘੱਟ ਤੁਲਦਾ, ਉਹ ਸਾਰਿਆਂ ਨੂੰ ਪਤੈ। ਪਰ ਕਹਿੰਦੀ ਏਨਾ ਹੱਸ ਕੇ ਕਿ ਝਾਈ ਦਾ ਹਾਸਾ ਨਿਕਲ ਜਾਂਦਾ। ਭੱਠੀ ‘ਤੇ ਜੁਆਨ ਕੁੜੀਆਂ ਦਾਣੇ ਭੁਨਾਉਣ ਆ ਜਾਂਦੀਆਂ ਤਾਂ ਪਾਰੋ ਸਾਰੀ ਮੁੰਡੀਰ ਨੂੰ ਪਰੇ ਕਰਕੇ ਬਿਠਾ ਦਿੰਦੀ ਤੇ ਨਾਲ ਈ ਠਾਣੇਦਾਰ ਵਾਂਗੂ ਰੋਅਬ ਨਾਲ ਆਖਦੀ, ਇੱਧਰ ਨੂੰ ਕਿਸੇ ਵੇਖਿਆ ਤਾਂ ਦਾਤੀ ਡੇਲਿਆਂ ‘ਚ ਦੇ ਦਊਂ।
ਇੰਨਾ ਫਿਕਰ ਸੀ ਇਕ ਔਰਤ ਨੂੰ ਪਿੰਡ ਦੀਆਂ ਧੀਆਂ ਭੈਣਾਂ ਦਾ। ਕੋਈ 40 ਸਾਲ ਪਾਰੋ ਨੇ ਇਹ ਭੱਠੀ ਝੋਕੀ, ਪਿੰਡ ਨੂੰ ਦਾਣੇ ਭੁੰਨ੍ਹ ਭੁੰਨ੍ਹ ਕੇ ਖੁਆਏ। ਉਹਦਾ ਉਹ ਮਿੱਟੀ ਦਾ ਕੁੱਜਾ ਮੇਰੀਆਂ ਅੱਖਾਂ ਸਾਹਮਣੇ ਉਵੇਂ ਹੀ ਘੁੰਮਦਾ ਪ੍ਰਤੀਤ ਹੁੰਦਾ ਹੈ। ਕੋਈ ਛੋਲੇ ਭੁਨਾਉਣ ਆਉਂਦਾ ਤਾਂ ਉਹ ਉਹਦੀ ਦਾਲ ਬਣਾਉਣ ਲਈ ਦੋਹਾਂ ਹੱਥਾਂ ਨਾਲ ਫੜ ਕੇ ਪੂਰੇ ਜ਼ੋਰ ਨਾਲ ਘੁਮਾਉਂਦੀ। ਇਹ ਵੀ ਯਾਦ ਹੈ, ਉਹ ਛੋਲੇ ਭੁੰਨ੍ਹਣ ਦਾ ਭਾੜਾ ਦੋ ਵਾਰ ਕੱਢਦੀ। ਅਖੈ ਬਾਲਣ ਦੋਹਰਾ ਲੱਗਦੈ। ਇਕ ਵਾਰ ਮੈਂ ਬਜ਼ੁਰਗਾਂ ਦੀ ਸੱਥ ਵਿਚ ਕਿਹਾ, ‘ਪਾਰੋ ਕਿੰਨੀ ਚੰਗੀ ਹੈ ਸਾਰੇ ਪਿੰਡ ਨੂੰ ਦਾਣਿਆਂ ਨਾਲ ਢਿੱਡ ਭਰਨ ਦਾ ਕਿੰਨਾ ਸੁਆਦ ਦਿੰਦੀ ਹੈ?’ ਤਾਂ ਬਜ਼ੁਰਗ ਧੰਨਾ ਸਿਹੁੰ ਭੁੜਕ ਕੇ ਬੋਲਿਆ, ‘ਕਿਹੜੇ ਕੰਮਾਂ ‘ਚੋਂ ਕੰਮ ਐ, ਨਿਆਣੇ ਤਾਂ ਉਹਦੇ ਤੋਂ ਦੋ ਪੜ੍ਹਾ ਨ੍ਹੀਂ ਹੋਏ। ਪਰ ਮਰਦੇ ਵੇਲੇ ਇਹੀ ਬਜ਼ੁਰਗ ਇਹ ਕਹਿੰਦਾ ਮਰਿਆ ਕਿ ਪਾਰੋ ਹੀ ਹੈ ਜਿਹਦੇ ਦੋਵੇਂ ਪੁੱਤਰਾਂ ਨੇ ਪਿੰਡ ਦੇ ਸਾਰੇ ਸ਼ਗਨ ਵਿਹਾਰ ਹੀ ਨਹੀਂ ਕੀਤੇ ਸਗੋਂ ਇਤਫਾਕ ਨਾਲ ਬੰਨ੍ਹ ਕੇ ਵੀ ਰੱਖਿਆ। ਕਿਸੇ ਵੀ ਜਾਤ-ਬਰਾਦਰੀ ‘ਚ ਖੁਸ਼ੀ ਗਮੀ ਦਾ ਮੌਕਾ ਹੁੰਦਾ, ਪਾਰੋ ਦਾ ਪਰਿਵਾਰ ਕਦੇ ਰੋਟੀਆਂ ਪਕਾਉਣ, ਕਦੇ ਭਾਂਡੇ ਧੋਣ ਤੇ ਕਦੇ ਸੱਦੇ ਦੇਣ ਭੱਜਿਆ ਫਿਰਦਾ। ਤੇ ਮੇਰੇ ਸਾਲੇ ਦੇ ਦੋਵੇਂ ਹੀ ਚਿੱਟਾ ਪੀ ਕੇ ਮਰੇ ਹਨ।
ਪਾਰੋ ਉਸ ਯੁੱਗ ‘ਚ ਸੁਆਸ ਛੱਡ ਕੇ ਗਈ ਹੈ ਜੋ ਸਾਰੇ ਦਾ ਸਾਰਾ ਵਿਗਿਆਨ ਦੇ ਕੰਧਾੜੇ ‘ਤੇ ਚੜ੍ਹਿਆ ਹੋਇਆ ਹੈ। ਉਹਦੀ ਭੱਠੀ ਠੰਡੀ ਹੋਈ ਨੂੰ ਵੀਹ ਸਾਲ ਹੋ ਗਏ ਨੇ ਪਰ ਜਿੱਦਣ ਮਰੀ ਸਾਰਾ ਪਿੰਡ ਰੱਜ ਕੇ ਰੋਇਆ ਕਿਉਂਕਿ ਪਾਰੋ ਤਾਈ ਕੱਲੀ ਨਹੀਂ ਮਰੀ, ਪਿੰਡ ਦਾ ਇਤਫਾਕ ਮਰ ਗਿਆ ਹੈ। ਕਦੇ ਕਦੇ ਸਵੇਰ ਨੂੰ ਉਹ ਪਿੰਡ ਦੀਆਂ ਸਕੂਲ ਜਾਂਦੀਆਂ ਕੁੜੀਆਂ ਦੇ ਨਾਲ ਗੱਲਾਂ ਕਰਦੀ ਉਨ੍ਹਾਂ ਨੂੰ ਧੁਰ ਤੱਕ ਛੱਡਣ ਲਈ ਚਲੇ ਜਾਂਦੀ। ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਕਿ ਉਹ ਆਪਣਾ ਕਿਹੜਾ ਰੋਲ ਅਦਾ ਕਰ ਰਹੀ ਹੈ? ਇਕ ਵਾਰ ਪਿੰਡ ਦੀ ਇਕ ਕੁੜੀ, ਪਿੰਡ ਦੇ ਹੀ ਇਕ ਹੋਰ ਮੁੰਡੇ ਨਾਲ ਘਰੋਂ ਪੈਰ ਬਾਹਰ ਕੱਢ ਗਈ। ਇਹ ਪਾਰੋ ਤਾਈ ਹੀ ਸੀ ਜੋ ਪੰਚਾਇਤ ‘ਚ ਜਾ ਕੇ ਦੋਵੇਂ ਹੱਥਾਂ ਨਾਲ ਪਿੱਟੀ, ਇਸ ਜੋੜੀ ਨੂੰ ਪਿੰਡ ਨਾ ਵੜ੍ਹਨ ਦਿਓ। ਪਿੰਡ ਦੀ ਧੀ ਦੇ ਸਹੁਰੇ ਤੇ ਪੇਕੇ ਇਕ ਥਾਂ ਨਹੀਂ ਹੋ ਸਕਦੇ। ਜੇ ਅੱਜ ਇਨ੍ਹਾਂ ਨੂੰ ਪਿੰਡ ਵਾੜੋਗੇ ਤਾਂ ਕੱਲ੍ਹ ਨੂੰ ਹੋਰ ਧੀਆਂ ਨੂੰ ਵੀ ਸ਼ਹਿ ਮਿਲੇਗੀ ਤੇ ਕਾਕੇ ਹੋਰ ਵਿਗੜਨਗੇ। ਪਰ ਉਸ ਨੂੰ ਨਹੀਂ ਸੀ ਪਤਾ ਕਿ ਆਉਣ ਵਾਲੇ ਸਮੇਂ ‘ਚ ਇਹ ਮੁੰਡੀਰ ਕਿਸੇ ਨੂੰ ਧੀ ਭੈਣ ਸਮਝੇਗੀ ਹੀ ਨਹੀਂ। ਦਹਾਕਾ ਕੁ ਪੁਰਾਣੀ ਗੱਲ ਹੈ ਜਦੋਂ ਪਿੰਡ ਦੇ ਇਕ ਮੁੰਡੇ ‘ਤੇ ਕਾਲਜ ਜਾਂਦੀ ਕੁੜੀ ਨੂੰ ਛੇੜਨ ਦਾ ਇਲਜ਼ਾਮ ਲੱਗਾ ਤਾਂ ਆਥਣੇ ਮੁੰਡੇ ਦੇ ਘਰ ਜਾ ਕੇ ਉਸ ਗਾਲ੍ਹਾਂ ਕੱਢੀਆਂ, ਡੁੱਬ ਕੇ ਮਰ ਜੋ, ਕਿਤੇ ਖੂਹ ਖਾਤਾ ਗੰਦਾ ਕਰ ਦਿਓ, ਥੋਨੂੰ ਸ਼ਰਮ ਨਹੀਂ, ਆਪਣੇ ਪਿਓ ਦੀ ਔਲਾਦ ਨਹੀਂ ਓ। ਤੁਸੀਂ ਘਰ ਦੀਆਂ ਧੀਆਂ ਭੈਣਾਂ ਦੀ ਹੀ ਇੱਜ਼ਤ ਲੀਰਾਂ ਕਰਨੀ ਚਾਹੁੰਦੇ ਹੋ, ਲੱਖ ਲਾਹਣਤ ਹੈ ਤੁਹਾਡੇ ਜੰਮਣ ‘ਤੇ। ਉਹ ਫਿਰ ਮੁੜ ਕੇ ਕਦੇ ਨਾ ਬੋਲੀ ਜਦੋਂ ਏਸੇ ਘਰ ਵਿਚੋਂ ਧੱਕਾ ਦਿੱਤਾ ਗਿਆ ਸੀ ਤੇ ਉਹਦਾ ਚੂਲਾ ਟੁੱਟ ਗਿਆ ਸੀ। ਇਸ ਟੁੱਟੇ ਚੂਲੇ ਕਰਕੇ ਦਸ ਸਾਲ ਘੜੀਸ ਹੁੰਦੀ ਪਾਰੋ ਫਿਰ ਮੁੰਡੇ-ਕੁੜੀਆਂ ਨੂੰ ਦੇਖ ਕੇ ਅੱਖਾਂ ਭਰ ਲੈਂਦੀ, ਬੋਲਦੀ ਕੁਝ ਨਾ।
ਜਿਸ ਥਾਂ ਪਾਰੋ ਤਾਈ ਦੀ ਭੱਠੀ ਸੀ, ਉਹਦੇ ਨਾਲ ਲੱਗਦਾ ਖੂਹ ਹੁਣ ਪੂਰ ਦਿੱਤਾ ਗਿਆ ਹੈ। ਪੜ੍ਹੇ ਲਿਖੇ ਖੱਤਰੀਆਂ ਦਾ ਤਿੰਨ ਮੰਜ਼ਿਲਾ ਨਾਨਕਸ਼ਾਹੀ ਇੱਟਾਂ ਵਾਲਾ ਚੁਬਾਰਾ ਵੀਰਾਨ ਹੋ ਗਿਆ ਹੈ। ਮੀਂਹ ਪੈਣ ਪਿਛੋਂ ਜਦੋਂ ਧੁੱਪ ਨਿਕਲਦੀ ਹੈ ਤਾਂ ਇਸ ਚੁਬਾਰੇ ਦੀਆਂ ਕੰਧਾਂ ਵੀ ਭੜਾਸ ਨਾਲ ਡਿੱਗਣ ਲੱਗ ਪੈਂਦੀਆਂ ਹਨ। ਜਦੋਂ ਇਕ ਕੰਧ ਤਾਈ ਪਾਰੋ ਦੀ ਭੱਠੀ ‘ਤੇ ਡਿੱਗੀ ਤਾਂ ਉਹ ਉਦਣ ਚੀਕਾਂ ਮਾਰ ਕੇ ਰੋਈ, ਮੇਰੀ ਭੱਠੀ ਉਜੜਨ ਤੋਂ ਪਹਿਲਾਂ ਮੈਂ ਮਰ ਕਿਉਂ ਨਾ ਗਈ? ਹੁਣ ਸਾਰਾ ਪਿੰਡ ਮੰਨਦਾ ਹੈ ਕਿ ਇਸ ਪਦਾਰਥੀ ਯੁੱਗ ਵਿਚ ਭੱਠੀਆਂ ਨੇ ਤਾਂ ਰਹਿਣਾ ਹੀ ਨਹੀਂ ਸੀ ਕਿਉਂਕਿ ਪਿੰਡਾਂ ਦੀਆਂ ਭੱਠੀਆਂ ਵੀ ਹੁਣ ਗੈਸ ਦੇ ਹਵਾਲੇ ਹੋ ਗਈਆਂ ਨੇ। ਦਾਣੇ ਹੁਣ ਪੌਪ ਕੌਰਨ ਦੇ ਡੱਬਿਆਂ ਵਿਚ ਆ ਗਏ ਨੇ। ਭੁੱਜੇ ਛੋਲੇ ਖਾ ਕੇ ਪਚਾਉਣ ਵਾਲੇ ਜੁਆਕ ਹੁਣ ਬਚੇ ਹੀ ਨਹੀਂ। ਵੀਰਵਾਰ ਵਾਲੇ ਦਿਨ ਜਾਹਰ ਪੀਰ ਦੇ ਅਸਥਾਨ ‘ਤੇ ਆਥਣੇ ਪਰਨਿਆਂ ‘ਚ ਲਪੇਟੀ ਲਈ ਜਾਂਦੇ ਗੁੜ ਦੇ ਰੋੜੇ ਸ਼ਰਧਾ ਨਾਲ ਚੜ੍ਹਾਉਣ ਹੁਣ ਕੋਈ ਜਾਂਦਾ ਹੀ ਨਹੀਂ। ਇਸੇ ਦਿਨ ਪਾਰੋ ਦੀ ਭੱਠੀ ‘ਤੇ ਕਣਕ ਭੁੱਜਦੀ ਸੀ, ਲੋਕੀਂ ਗੁੜ ਘਰੋਂ ਕੁੱਟ ਕੇ ਲਿਆਉਂਦੇ ਤੇ ਇਨ੍ਹਾਂ ਗਰਮ ਦਾਣਿਆਂ ‘ਚ ਪਾ ਕੇ ਘੁੱਟ ਕੇ ਕੱਪੜੇ ਬੰਨ੍ਹ ਦਿੰਦੇ। ਪਤਾਸਿਆਂ ਤੇ ਫੁੱਲੀਆਂ ਦੇ ਨਾਲ ਨਾਲ ਪੀਰਾਂ ਦੀਆਂ ਮਜ਼ਾਰਾਂ ‘ਤੇ ਚੜ੍ਹਨ ਵਾਲੇ ਰੋੜੇ ਵੀ ਮੁੱਕ ਗਏ ਹਨ ਅਤੇ ਮੁੱਕ ਗਈ ਹੈ ਮੇਰੇ ਪਿੰਡ ਦੀ ‘ਪਾਰੋ ਤਾਈ’। ਉਹ ਕਾਲੇ ਰੰਗ ਦੀ ਹੋ ਕੇ ਵੀ ਸਾਰੇ ਪਿੰਡ ਦੀ ਰੌਸ਼ਨੀ ਦਾ ਮੁਨਾਰ ਸੀ। ਉਹ ਅਨਪੜ੍ਹ ਹੋ ਕੇ ਵੀ ਗਿਆਨਵਾਨ ਸੀ। ਅੱਜ ਜਿਨ੍ਹਾਂ ਨੂੰ ਇਨਸਾਨੀਅਤ ਦਾ, ਚੱਜ ਅਚਾਰ ਦਾ, ਜਿਊਣ ਦਾ, ਸੰਸਕਾਰਾਂ ਦਾ ਤੇ ਪਿਆਰ ਮੁਹੱਬਤ ਦਾ ਇਲਮ ਹੈ, ਉਹ ਤਾਈ ਪਾਰੋ ਨੂੰ ਰੱਜ ਕੇ ਰੋਣਗੇ, ਉਸ ਤਾਈ ਪਾਰੋ ਨੂੰ ਜਿਸ ਦੇ ਤੁਰ ਜਾਣ ‘ਤੇ ਮੈਂ ਵੀ ਹਜ਼ਾਰਾਂ ਮੀਲ ਦੂਰ ਰੱਜ ਕੇ ਰੋਇਆ ਹਾਂ, ਇਸ ਕਰਕੇ ਵੀ ਕਿ ਤਾਰੋ ਕਦੇ ਵੀ ਵਾਪਿਸ ਨਹੀਂ ਆਏਗੀ, ਦਾਣੇ ਭੁੰਨਣ ਵਾਲੀਆਂ ਭੱਠੀਆਂ ਦਾ ਯੁੱਗ ਵੀ ਨਹੀਂ ਆਏਗਾ ਤੇ ਪੰਜਾਬ ਦੇ ਸੱਭਿਆਚਾਰ ਦਾ ਅਲੋਪ ਹੋਇਆ ਅੰਗ ਹੁਣ ਪਤਾ ਨਹੀਂ ਕਿਹੜੇ ਯੁੱਗ ‘ਚ ਪਰਤੇਗਾ?
ਕਈ ਵਾਰ ਅੱਖਾਂ ਮੀਚ ਕੇ ਪਿੰਡ ਦਾ ਆਲਾ ਦੁਆਲਾ ਤੇ ਉਹ ਖੇਤ ਵੇਖਦਾਂ ਹਾਂ ਜਿੱਥੇ ਦਾਣੇ ਭੁੰਨਣ ਲਈ ਬਾਲਣ ‘ਕੱਠਾ ਕਰਨ ਲਈ ਇਹ ਦੇਵੀ ਘੁੰਮਦੀ ਰਹੀ ਹੈ। ਕਦੇ ਇਕੱਲੀ, ਕਦੇ ਲਾਠੀ ਨਾਲ ਤੇ ਕਦੀ ਆਪਣੇ ਪੋਤੇ ਨਾਲ। ਮੈਨੂੰ ਲੱਗਦੈ ਕਿ ਉਸ ਦੀ ਕਬਰ ਤਾਂ ਬਣਾਈ ਜਾਵੇ ਪਰ ਬਣਾਈ ਕਿੱਥੇ ਜਾਵੇ, ਇਹ ਸਮਝ ਨਹੀਂ ਆਉਂਦੀ ਕਿਉਂਕਿ ਪਾਰੋ ਪਿੰਡ ਦੇ ਕਿਸੇ ਥਾਂ ਤੋਂ ਵੀ ਗੈਰ ਹਾਜ਼ਰ ਨਹੀਂ ਹੈ।
ਇਸੇ ਕਰਕੇ ਕਹਾਂਗਾ ਕਿ ਮੇਰੇ ਪਿੰਡ ਦੀ ‘ਤਾਈ ਪਾਰੋ’ ਦੇ ਤੁਰ ਜਾਣ ਤੋਂ ਬਾਅਦ ਮੈਨੂੰ ਇੰਜ ਲੱਗ ਰਿਹਾ ਹੈ ਜਿਵੇਂ ਮੇਰੀ ਮਾਂ ਦੀ ਮੌਤ ਦੀ ਖਬਰ ਦੂਜੀ ਵਾਰ ਆ ਗਈ ਹੋਵੇ।