ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਇਹ ਤਾਂ ਚਲੋ ਮੰਨਿਆ ਕਿ ਰੋਟੀ-ਰਾਟੀ ਜਾਂ ਚਾਹ-ਚੂਹ ਵਾਂਗ ‘ਗੱਪ’ ਦੇ ਨਾਲ ਨਿਰਾਰਥਕ ਸ਼ਬਦ ‘ਸ਼ੱਪ’ ਜੋੜ ਕੇ ‘ਗੱਪ-ਸ਼ੱਪ’ ਬਣ ਗਿਆ ਹੋਵੇਗਾ, ਪਰ ਗੱਪ ਤੋਂ ਗਪੌੜ ਬਣੇ ਸ਼ਬਦ ਨਾਲ ਮੰਦਰਾਂ ਵਿਚ ਪੂਜਾ-ਅਰਚਨਾ ਮੌਕੇ ਵਰਤਿਆ ਜਾਂਦਾ ‘ਸੰਖ’ ਕਿਵੇਂ ਆਣ ਜੁੜਿਆ? ਕਿਥੇ ਝੂਠ-ਤੂਫਾਨ ਦਾ ਦੂਜਾ ਰੂਪ ਗਪੌੜ ਅਤੇ ਕਿਥੇ ਦੁਨੀਆਦਾਰੀ ਦੇ ਝਮੇਲਿਆਂ ਵਿਚ ਫਸੀ ਲੋਕਾਈ ਨੂੰ ਰੱਬ ਚੇਤੇ ਕਰਵਾਉਣ ਵਾਲਾ ਸੰਖ! ਹੈ ਨਾ ਅਚੰਭੇ ਵਾਲੀ ਗੱਲ? ਇਹ ਵੀ ਦਿਲਚਸਪ ਪਹਿਲੂ ਹੈ ਕਿ ਗਲੀਆਂ-ਮੁਹੱਲਿਆਂ ਤੇ ਪਿੰਡਾਂ-ਸ਼ਹਿਰਾਂ ਵਿਚ, ਹਰ ਥਾਂ ਕੋਈ ਨਾ ਕੋਈ ‘ਗਪੌੜ ਸੰਖ’ ਜ਼ਰੂਰ ਹੁੰਦਾ ਹੈ।
ਹਰ ਕਿਸੇ ਦੇ ਅੰਗਾਂ-ਸਾਕਾਂ ਵਿਚ ਕੋਈ ਗਪੌੜ ਸੰਖ ਨਾ ਵੀ ਸਹੀ, ਤਾਂ ਇਸ ਦਾ ਛੋਟਾ-ਵੱਡਾ ਭਾਈ ਜ਼ਰੂਰ ਹੁੰਦਾ ਹੈ। ਇਹ ਵੀ ਸੱਚ ਹੈ ਕਿ ਜੇ ਕਿਸੇ ਨੇ ਗਪੌੜ ਸੰਖ ਦੇ ਪ੍ਰਤੱਖ ਦਰਸ਼ਨ ਕਰਨੇ ਹੋਣ ਤਾਂ ਆਪਣੇ ‘ਭਾਰਤ ਮਹਾਨ’ ਦੇ ਕਿਸੇ ਕੋਨੇ ਵਿਚ ਹੋ ਰਹੀਆਂ ਚੋਣਾਂ ਮੌਕੇ ਉਥੇ ਚਲੇ ਜਾਣਾ ਚਾਹੀਦਾ ਹੈ। ਚੋਣ ਪ੍ਰਚਾਰ ਵਿਚ ਚਾਰੇ ਪਾਸੇ ਗਪੌੜ ਸੰਖਾਂ ਦੀ ਘਨਘੋਰ ਮਚੀ ਹੁੰਦੀ ਹੈ। ਖੈਰ! ਹੁਣ ਆਪਾਂ ਵਿਸ਼ੇ ਵੱਲ ਮੁੜੀਏ। ਦੇਖੀਏ ਕਿ ਧਰਮ ਸਥਾਨਾਂ ਦੀ ਸ਼ੋਭਾ ਵਧਾਉਣ ਵਾਲਾ ਸੰਖ, ਗਪੌੜ ਨਾਲ ਕਿਵੇਂ ਨਰੜਿਆ ਗਿਆ!
ਜਿਵੇਂ ਹਰ ਅਖਾਣ ਜਾਂ ਕਹਾਵਤ ਪਿੱਛੇ ਕੋਈ ਨਾ ਕੋਈ ਇਤਿਹਾਸਕ-ਮਿਥਿਹਾਸਕ ਘਟਨਾ ਜਾਂ ਕਥਾ-ਕਹਾਣੀ ਜੁੜੀ ਹੁੰਦੀ ਹੈ, ਇਵੇਂ ਹੀ ਇਸ ਅਨੋਖੇ ਸ਼ਬਦ ਜੋੜ ਪਿੱਛੇ ਵੀ ਕਲਪਿਤ ਕਹਾਣੀ ਜੁੜੀ ਹੋਈ ਹੈ:
ਪੁਰਾਣੇ ਸਮਿਆਂ ਦੀ ਗੱਲ ਹੈ, ਜਦੋਂ ਅਜੇ ਆਵਾਜਾਈ ਦੇ ਸਾਧਨ ਵਿਕਸਤ ਨਹੀਂ ਸਨ ਹੋਏ ਅਤੇ ਸਫਰ ਆਮ ਤੌਰ ‘ਤੇ ਪੈਦਲ ਹੀ ਹੁੰਦਾ ਸੀ। ਕਿਸੇ ਗਰੀਬ ਬ੍ਰਾਹਮਣ ਪੁਜਾਰੀ ਦੀ ਮੌਤ ਤੋਂ ਬਾਅਦ ਉਸ ਦਾ ਇਕ ਲੜਕਾ ਵੈਰਾਗ ਵਿਚ ਆ ਕੇ ਘਰੋਂ ਨਿਕਲ ਤੁਰਿਆ। ਕਿਸੇ ਦੂਰ-ਦਰਾਜ ਇਲਾਕੇ ਵਿਚ ਇਕ ਮੰਦਰ ਵਿਚ ਜਾ ਕੇ ਸ਼ਿਵ ਭਗਵਾਨ ਦੀ ਅਰਾਧਨਾ ਕਰਨ ਲੱਗਾ। ਘੋਰ ਤਪੱਸਿਆ ਕਰਦਿਆਂ ਜਦੋਂ ਕਾਫੀ ਸਮਾਂ ਹੋ ਗਿਆ ਤਾਂ ਇਕ ਦਿਨ ਭੋਲੇ ਨਾਥ ਜੀ ਆਣ ਪ੍ਰਗਟ ਹੋਏ। ਪ੍ਰਸੰਨ ਹੋ ਕੇ ਲੜਕੇ ਨੂੰ ਕਹਿਣ ਲੱਗੇ ਕਿ ਬੱਚਾ, ਤੇਰੀ ਭਗਤੀ ਪੂਰੀ ਹੋ ਗਈ ਹੈ, ਮੈਥੋਂ ਮੰਗ ਜੋ ਕੁਝ ਮੰਗਣਾ?
ਨਤਮਸਤਕ ਹੋ ਕੇ ਬੜੀ ਨਿਮਰਤਾ ਨਾਲ ਮੁੰਡਾ ਬੋਲਿਆ, “ਹੇ ਭਗਵਾਨ! ਘਰ ਵਿਚ ਬੜੀ ਗਰੀਬੀ ਹੈ, ਕ੍ਰਿਪਾ ਕਰ ਕੇ ਕੋਈ ਐਸੀ ਕਰਾਮਾਤੀ ਵਸਤੂ ਬਖਸ਼ ਦਿਓ ਜੋ ਮੂੰਹ ਮੰਗੀਆਂ ਮੁਰਾਦਾਂ ਪੂਰੀਆਂ ਕਰੇ। ਮੇਰੀ ਬੱਸ ਇਹੋ ਇਕ ਮੰਗ ਪੂਰੀ ਕਰ ਦਿਓ ਜੀ।”
‘ਤਥਾ-ਅਸਤੂ’ ਕਹਿ ਕੇ ਭੋਲੇ ਨਾਥ ਨੇ ਉਸੇ ਵੇਲੇ ਆਪਣੀ ਝੋਲੀ ਵਿਚੋਂ ਸੰਖ ਕੱਢਿਆ ਤੇ ਮੁੰਡੇ ਦੇ ਪੱਲੇ ਵਿਚ ਪਾ ਦਿੱਤਾ। ਨਾਲੇ ਇਹ ਵਰ ਦਿੱਤਾ ਕਿ ਪੁੱਤਰਾ! ਇਹ ਕੋਈ ਆਮ ਨਹੀਂ, ਕਰਾਮਾਤੀ ਸੰਖ ਹੈ। ਜਿਹੜੀ ਵੀ ਚੀਜ਼ ਤੂੰ ਇਸ ਕੋਲੋਂ ਮੰਗੇਂਗਾ, ਤਤਕਾਲ ਪ੍ਰਾਪਤ ਹੋਵੇਗੀ। ਜਾਹ ਤੂੰ ਹੁਣ ਆਪਣੇ ਘਰ ਚਲਾ ਜਾ!
ਅਨੋਖਾ ਸੰਖ ਲੈ ਕੇ ਮੁੰਡਾ ਖੁਸ਼ੀ-ਖੁਸ਼ੀ ਆਪਣੇ ਨਗਰ ਨੂੰ ਵਾਪਸ ਚਲਾ ਗਿਆ। ਪੈਦਲ ਚਲੇ ਆਉਂਦੇ ਨੂੰ ਰਾਹ ਵਿਚ ਦਿਨ ਛਿਪ ਗਿਆ। ਹਨੇਰਾ ਹੋਣ ਕਰ ਕੇ ਉਸ ਨੇ ਲਾਗਲੇ ਪਿੰਡ ਰਾਤ ਕੱਟਣ ਦੀ ਸੋਚੀ। ਪਿੰਡ ਦੇ ਬਾਹਰਵਾਰ ਉਸ ਨੇ ਇਕ ਘਰ ਦਾ ਬੂਹਾ ਖੜਕਾਇਆ। ਇਕ ਗਰੀਬਣੀ ਜਿਹੀ ਮਾਈ ਨੇ ਦਰਵਾਜ਼ਾ ਖੋਲ੍ਹਿਆ ਤਾਂ ਇਸ ਨੇ ਰਾਤ ਰਹਿਣ ਬਾਰੇ ਪੁੱਛਿਆ। ਅੱਗਿਓਂ ਬੁਢੜੀ ਮਾਈ ਕਹਿੰਦੀ, ਪੁੱਤਰਾ, ਤੂੰ ਰਾਤ ਤਾਂ ਜੀ ਸਦਕੇ ਰਹਿ, ਪਰ ਮੈਂ ਇੰਨੀ ਗਰੀਬਣੀ ਹਾਂ ਕਿ ਤੈਨੂੰ ਖਾਣ ਨੂੰ ਦੇਣ ਲਈ ਕੁਝ ਨਹੀਂ।
ਮਾਤਾ ਦੀ ਗੱਲ ਸੁਣ ਕੇ ਮੁੰਡੇ ਨੂੰ ਆਪਣੇ ਸੰਖ ਦਾ ਚੇਤਾ ਆ ਗਿਆ। ਉਹ ਖੁਸ਼ ਹੁੰਦਿਆਂ ਮਾਤਾ ਨੂੰ ਕਹਿੰਦਾ, ਬੀਬੀ, ਤੂੰ ਇਸ ਗੱਲ ਦਾ ਫਿਕਰ ਨਾ ਕਰ। ਮੇਰੇ ਕੋਲ ਐਸੀ ਚੀਜ਼ ਹੈ ਜੋ ਸਭ ਕੁਝ ਦੇ ਦੇਵੇਗੀ। ਦੱਸ ਤੈਨੂੰ ਕਿੰਨਾ ਆਟਾ-ਦਾਣਾ, ਦਾਲ ਵਗੈਰਾ ਹੋਰ ਕੀ ਕੁਝ ਚਾਹੀਦਾ ਹੈ। ਹੁਣੇ ਦੱਸ, ਹਾਜ਼ਰ ਹੋਵੇਗਾ।
ਮਾਈ ਬੜੀ ਹੈਰਾਨ ਹੋਈ। ਉਹ ਮੁੰਡੇ ਨੂੰ ਜੋ-ਜੋ ਕਹੀ ਗਈ, ਮੁੰਡਾ ਅੱਗੇ ਸੰਖ ਨੂੰ ਦੱਸੀ ਗਿਆ। ਸਾਰੇ ਸਾਮਾਨ ਦੀਆਂ ਢੇਰੀਆਂ ਲਗਦੀਆਂ ਗਈਆਂ। ਆਟਾ, ਗੁੜ, ਸ਼ੱਕਰ, ਘਿਉ, ਦਾਲਾਂ, ਲੂਣ-ਮਸਾਲਾ ਆਦਿ ਸਭ ਕੁਝ ਸਾਹਮਣੇ ਪਿਆ ਦੇਖ ਕੇ ਮਾਤਾ ਦੀਆਂ ਤਾਂ ਵਾਛਾਂ ਖਿੜ ਗਈਆਂ। ਉਸ ਨੇ ਚਾਈਂ-ਚਾਈਂ ਮੁੰਡੇ ਨੂੰ ਪ੍ਰਸ਼ਾਦਾ ਛਕਾਇਆ ਤੇ ਬਿਸਤਰਾ ਕਰ ਦਿੱਤਾ। ਮੁੰਡੇ ਨੇ ਕੱਪੜੇ ਵਿਚ ਕਰਾਮਾਤੀ ਸੰਖ ਲਪੇਟ ਕੇ ਪੜਛੱਤੀ ‘ਤੇ ਰੱਖ ਦਿੱਤਾ ਅਤੇ ਆਪ ਘੂਕ ਸੌਂ ਗਿਆ।
ਉਸ ਦੇ ਲਾਗੇ ਪਈ ਮਾਈ ਨਾ ਸੁੱਤੀ। ਉਸ ਦੇ ਦਿਲ ਵਿਚ ਲਾਲਚ ਆ ਗਿਆ। ਉਹ ਪੋਲੇ ਪੈਰੀਂ ਉਠੀ ਤੇ ਪਿੰਡ ਵਿਚਲੇ ਮੰਦਰ ਵਿਚੋਂ ਸੰਖ ਚੁੱਕ ਲਿਆਈ। ਘਰੇ ਆ ਕੇ ਉਸ ਨੇ ਮੁੰਡੇ ਦਾ ਕਰਾਮਾਤੀ ਸੰਖ ਝੋਲੇ ਵਿਚੋਂ ਕੱਢ ਕੇ ਆਪਣੀ ਕੋਠੜੀ ਵਿਚ ਰੱਖ ਦਿੱਤਾ ਤੇ ਉਹਦੀ ਥਾਂ ਮੰਦਰ ਤੋਂ ਲਿਆਂਦਾ ਸੰਖ ਰੱਖ ਦਿੱਤਾ। ਸੁਵਖਤੇ ਮੁੰਡਾ ਉਠਿਆ ਤੇ ਮਾਈ ਦਾ ਸ਼ੁਕਰੀਆ ਕਰ ਕੇ ਪਿੰਡ ਨੂੰ ਤੁਰ ਪਿਆ।
ਕਈ ਚਿਰਾਂ ਬਾਅਦ ਘਰੇ ਆਏ ਮੁੰਡੇ ਨੂੰ ਦੇਖ ਕੇ ਸਾਰਾ ਟੱਬਰ ਬਹੁਤ ਖੁਸ਼ ਹੋਇਆ। ਜਦ ਉਸ ਨੇ ਆਪਣੀ ਗਰੀਬ ਮਾਂ ਨੂੰ ਸ਼ਿਵ ਭਗਵਾਨ ਵੱਲੋਂ ਮਿਲੇ ਕਰਾਮਾਤੀ ਸੰਖ ਬਾਰੇ ਦੱਸਿਆ ਤਾਂ ਉਹ ਫੁੱਲੀ ਨਾ ਸਮਾਵੇ। ਮੁੰਡੇ ਨੇ ਹੁੱਬ-ਹੁੱਬ ਕੇ ਇਹ ਵੀ ਦੱਸਿਆ ਕਿ ਰਾਹ ਵਿਚ ਉਹ ਤਜਰਬਾ ਕਰ ਚੁੱਕਾ ਹੈ ਤੇ ਇਸ ਸੰਖ ਨੇ ਇਕ ਗਰੀਬਣੀ ਮਾਤਾ ਦੇ ਘਰ ਰਾਸ਼ਣ ਪਾਣੀ ਦੀਆਂ ਲਹਿਰਾਂ-ਬਹਿਰਾਂ ਲਾ ਦਿੱਤੀਆਂ ਸਨ।
ਹੁਣ ਉਹ ਮੁੰਡਾ ਆਪਣੇ ਘਰ ਦੀ ਗਰੀਬੀ ਦੂਰ ਕਰਾਉਣ ਲਈ ਕਾਹਲਾ ਪੈਣ ਲੱਗਾ। ਖੁਸ਼ੀ-ਖੁਸ਼ੀ ਉਸ ਨੇ ਚਾਦਰ ਵਿਛਾਈ ਤੇ ਸੰਖ ਦੀ ਪੂਜਾ ਅਰਾਧਨਾ ਕਰ ਕੇ, ਉਸ ਤੋਂ ਸਾਮਾਨ ਮੰਗਣਾ ਸ਼ੁਰੂ ਕੀਤਾ। ਪਰ ਇਹ ਕੀ? ਸੰਖ ਤਾਂ ਕੁਝ ਵੀ ਨਹੀਂ ਸੀ ਦੇ ਰਿਹਾ? ਹੈਰਾਨ ਪਰੇਸ਼ਾਨ ਹੋਇਆ ਮੁੰਡਾ ਸੋਚਣ ਲੱਗਾ ਕਿ ਰਸਤੇ ਵਿਚ ਤਾਂ ਇਸ ਨੇ ਪਲਾਂ ਵਿਚ ਭੰਡਾਰ ਲਾ ਦਿੱਤੇ ਸਨ, ਪਰ ਹੁਣ ਚੂੰ ਨਾ ਚਾਂ!! ਨਿਰਾਸ਼ ਹੋਏ ਮੁੰਡੇ ਨੇ ਸੋਚਿਆ ਕਿ ਰਾਹ ਵਿਚ ਮੇਰੇ ਕੋਲੋਂ ਕੋਈ ਧਾਰਮਿਕ ਅਵੱਗਿਆ ਹੋ ਗਈ ਹੋਊ ਜਿਸ ਕਰ ਕੇ ਸੰਖ ‘ਰੁੱਸ’ ਗਿਆ!
ਸੋ, ਆਪਣੀ ਮਾਂ ਨਾਲ ਸੋਚ ਵਿਚਾਰ ਕਰ ਕੇ ਮੁੰਡਾ ਫਿਰ ਉਸੇ ਸਥਾਨ ਵੱਲ ਤੁਰ ਪਿਆ, ਜਿਥੇ ਸ਼ਿਵ ਭੋਲੇ ਨੇ ਪ੍ਰਗਟ ਹੋ ਕੇ ਕਰਾਮਾਤੀ ਸੰਖ ਬਖਸ਼ਿਆ ਸੀ। ਉਥੇ ਪਹੁੰਚ ਫਿਰ ਸਮਾਧੀ-ਲੀਨ ਹੋ ਗਿਆ। ਐਤਕੀਂ ਭੋਲੇ ਨਾਥ ਨੇ ਜਲਦੀ ਦਰਸ਼ਨ ਦੇ ਦਿੱਤੇ। ਬਿਨਾਂ ਕੁਝ ਪੁੱਛੇ ਦੱਸੇ, ਉਨ੍ਹਾਂ ਨੇ ਪਹਿਲੇ ਸੰਖ ਨਾਲੋਂ ਜ਼ਿਆਦਾ ਦੁੱਧ-ਚਿੱਟੇ ਤੇ ਵੱਡੇ ਆਕਾਰ ਦਾ ਸੰਖ ਮੁੰਡੇ ਨੂੰ ਸੌਂਪ ਦਿੱਤਾ। ਨਾਲੇ ਪ੍ਰਵਚਨ ਕੀਤੇ ਕਿ ਭਗਤਾ ਨਿਰਾਸ਼ ਨਾ ਹੋ! ਅਸੀਂ ਤੈਨੂੰ ਪਹਿਲੇ ਸੰਖ ਨਾਲੋਂ ਵੀ ਕਿਤੇ ਵੱਧ ਤਾਕਤਵਰ ਸੰਖ ਦੇ ਦਿੱਤਾ ਹੈ। ਪਹਿਲਾ ਸੰਖ ਤਾਂ ਉਤਨੀ ਵਸਤੂ ਹੀ ਦਿੰਦਾ ਸੀ ਜਿੰਨੀ ਮੰਗੀ ਹੁੰਦੀ ਸੀ, ਪਰ ਇਸ ਸੰਖ ਕੋਲੋਂ ਜੇ ਤੂੰ ਸੇਰ ਚੀਜ਼ ਮੰਗੇਗਾ ਤਾਂ ਇਹ ਦੋ ਸੇਰ ਦੇਵੇਗਾ। ਦੋ ਮੰਗੇਗਾ ਚਾਰ, ਜੇ ਚਾਰ ਮੰਗੇ ਤਾਂ ਅੱਠ! ਪਰ ਇਕ ਸ਼ਰਤ ਹੈ। ਮੁੰਡੇ ਨੇ ਹੱਥ ਜੋੜਦਿਆਂ ਸ਼ਰਤ ਪੁੱਛੀ। ਭਗਵਾਨ ਜੀ ਕਹਿੰਦੇ ਕਿ ਵਾਪਸੀ ਮੌਕੇ ਰਾਹ ਵਿਚ ਉਸੇ ਮਾਤਾ ਦੇ ਘਰੇ ਰਹੀਂ। ਇਹ ‘ਬਚਨ’ ਕਰ ਕੇ ਸ਼ਿਵ ਲੋਪ ਹੋ ਗਏ ਤੇ ਮੁੰਡੇ ਨੇ ਪਿਛਾਂਹ ਨੂੰ ਚਾਲੇ ਪਾ ਦਿੱਤੇ।
ਸ਼ਰਤ ਮੁਤਾਬਕ ਮੁੰਡਾ ਉਸੇ ਮਾਈ ਦੇ ਘਰ ਅੱਗੇ ਪਹੁੰਚ ਗਿਆ। ਬੁਢੜੀ ਨੇ ਜਦੋਂ ਦੇਖਿਆ ਕਿ ਇਹ ਤਾਂ ਉਹੀ ਮੁੰਡਾ ਆ ਗਿਆ ਹੈ, ਸੰਖ ਵਾਲਾ। ਮਾਈ ਠਠੰਬਰ ਗਈ ਕਿ ਇਹ ਆਪਣਾ ਸੰਖ ਵਾਪਸ ਲੈਣ ਆਇਆ ਹੋਵੇਗਾ, ਪਰ ਉਦੋਂ ਮਾਤਾ ਦਾ ਸਾਰਾ ਡਰ ਲੱਥ ਗਿਆ ਜਦੋਂ ਭੋਲੇ ਭਾਅ ਮੁੰਡੇ ਨੇ ਦੱਸਣਾ ਸ਼ੁਰੂ ਕਰ ਦਿੱਤਾ, “ਮਾਤਾ ਜੀ ਤੁਹਾਡੇ ਕੋਲੋਂ ਜਾਂਦਿਆਂ ਮੈਥੋਂ ਕੋਈ ਐਸੀ ਅਵੱਗਿਆ ਹੋ ਗਈ ਹੋਣੀ ਹੈ ਕਿ ਘਰੇ ਜਾ ਕੇ ਸੰਖ ਮੁਰਾਦਾਂ ਪੂਰੀਆਂ ਕਰਨੋਂ ਹਟ ਗਿਆ।”
ਨਾਲੇ ਮੁੰਡੇ ਨੇ ਸ਼ਿਵ ਭਗਵਾਨ ਪਾਸੋਂ ਮਿਲੇ ‘ਡਬਲ ਚੀਜ਼ਾਂ’ ਦੇਣ ਵਾਲੇ ਨਵੇਂ ਸੰਖ ਬਾਰੇ ਹੁੱਬ-ਹੁੱਬ ਦੱਸਿਆ। ਨਵਾਂ ਲਿਸ਼ਕਦਾ ਵੱਡਾ ਸੰਖ ਦੇਖ ਕੇ ਮਾਤਾ ਖਿਸਿਆਨੀ ਹਾਸੀ ਹੱਸੀ। ਇਸ ਸੰਖ ਦੀ ਸ਼ੋਭਾ ਸੁਣ ਕੇ ਮਾਈ ਦਾ ਦਿਲ ਬੇਈਮਾਨ ਹੋ ਗਿਆ। ਦਿਲ ਹੀ ਦਿਲ ਕੁਝ ਸੋਚ ਕੇ ਮੁੰਡੇ ਨੂੰ ਕਹਿਣ ਲੱਗੀ, “ਵੇ ਪੁੱਤ, ਮੇਰੇ ਕੋਲ ਤਾਂ ਰਾਸ਼ਣ ਪਾਣੀ ਉਦੋਂ ਦਾ ਹੀ ਵਾਧੂ ਪਿਆ ਹੈ, ਜਦ ਤੂੰ ਪਹਿਲੋਂ ਆਇਆ ਸੈਂ। ਹੁਣ ਹੋਰ ਕਾਹਨੂੰ ਲੋਭ ਕਰਨੈਂ ਮੈਂ। ਬੱਸ ਤੂੰ ਰੋਟੀ-ਪਾਣੀ ਛਕ ਤੇ ਅਰਾਮ ਕਰ, ਥੱਕਿਆ ਹੋਵੇਂਗਾ।”
ਪ੍ਰਸ਼ਾਦਾ ਛਕ ਕੇ ਮੁੰਡਾ ਸੌਂ ਗਿਆ। ਚਲਾਕ ਬੁੜ੍ਹੀ ਨੇ ਆਪਣੇ ਕੋਲ ਪਿਆ ਕਰਾਮਾਤੀ ਸੰਖ, ਦੁੱਗਣੀਆਂ ਚੀਜ਼ਾਂ ਦੇਣ ਵਾਲੇ ਸੰਖ ਨਾਲ ਵਟਾ ਲਿਆ। ਅੰਮ੍ਰਿਤ ਵੇਲੇ ਮੁੰਡਾ ਉਠਿਆ ਤੇ ਸੰਖ ਚੁੱਕ ਕੇ ਰਾਹੇ ਪੈ ਗਿਆ। ਮੁੰਡੇ ਦੇ ਜਾਣ ਬਾਅਦ ਜਲਦੀ ਹੀ ਲਾਲਚੀ ਮਾਈ ਨੇ ਖੁਸ਼ੀ ਵਿਚ ਖੀਵੀ ਹੁੰਦਿਆਂ ਨਵਾਂ ਸੰਖ ਚੁੱਕਿਆ, ਧੂਫ ਬੱਤੀ ਕੀਤੀ ਤੇ ਭੋਲੇ ਭੰਡਾਰੀ ਦੀ ਜੈ ਜੈ ਕਾਰ ਕਰਦੀ ਬਹਿ ਗਈ। ਉਹਦੇ ਮੂਹਰੇ ਹੱਥ ਜੋੜ ਕੇ ਦਿਲ ਵਿਚ ਫੁਰੀ ਕਿ ਪਹਿਲਾਂ ਸੋਨਾ ਮੰਗ ਲੈਂਦੀ ਹਾਂ।
“ਹੇ ਸੰਖ ਜੀ ਮਹਾਰਾਜ! ਪਾਈਆ ਸੋਨਾ ਬਖਸ਼ੋ!”
ਤਦੇ ਸੰਖ ਵਿਚੋਂ ਆਵਾਜ਼ ਆਈ, “ਜੀ ਮਾਤਾ, ਪਾਈਆ ਕੁ ਭਰ ਸੋਨੇ ਦਾ ਤੂੰ ਕੀ ਕਰੇਂਗੀ ਭਲਾ? ਅੱਧਾ ਕਿੱਲੋ ਮੰਗੋ ਤਾਂ?”
“ਸਤਿ ਬਚਨ ਮਹਾਰਾਜ! ਠੀਕ ਹੈ ਆਪ ਦਾ ਕਹਿਣਾ ਅੱਧਾ ਕਿੱਲੋ ਸੋਨਾ ਦੇ ਦਿਓ, ਸਾਰੇ ਦਲਿੱਦਰ ਧੋਤੇ ਜਾਣਗੇ।”
ਫੁੱਲ ਕੇ ਕੁੱਪਾ ਹੁੰਦੀ ਮਾਈ ਸੰਖ ਦੇ ਆਲੇ-ਦੁਆਲੇ ਝਾਕਣ ਲੱਗੀ ਕਿ ਕਦੋਂ ਕੁ ਸੋਨੇ ਦੀ ਲਿਸ਼ਕੋਰ ਪੈਂਦੀ ਹੈ, ਪਰ ਅਗਿਉਂ ਫਿਰ ਸੰਖ ਵਿਚੋਂ ਆਵਾਜ਼ ਆਈ, “ਪੂਜਯ ਮਾਤਾ, ਮੈਨੂੰ ਜਾਪਦੈ ਕਿ ਅੱਧਾ ਕਿੱਲੋ ਸੋਨਾ ਵੀ ਕਾਫੀ ਨਹੀਂ ਹੋਣਾ। ਜੇ ਆਖੇਂ ਤਾਂ ਇਕ ਕਿੱਲੋ ਦੇ ਦਿਆਂ?”
ਇਕ ਕਿੱਲੋ ਸੋਨੇ ਦੀ ਗੱਲ ਸੁਣ ਕੇ ਤਾਂ ਮਾਈ ਖਿੜ ਉਠੀ, “ਮਹਾਰਾਜ! ਤੁਸੀਂ ਤਾਂ ਜਾਣੀ-ਜਾਣ ਹੋ, ਜੇ ਇਕ ਕਿੱਲੋ ਸੋਨਾ ਦੇਵੋ, ਫਿਰ ਤਾਂ ਨੌਂ ਨਿਧਾਂ, ਬਾਰਾਂ ਸਿਧਾਂ ਮੇਰੇ ਘਰ ਹੋ ਜਾਣੀਆਂ ਨੇ।” ਇਹ ਗੱਲ ਮੁੱਕਦਿਆਂ ਹੀ ਸੰਖ ਫਿਰ ਬੋਲਿਆ ਕਿ ਮਾਤਾ ਪਿੰਡ ਦੇ ਸਾਰੇ ਗਰੀਬ-ਗੁਰਬਿਆਂ ਦਾ ਵੀ ਭਲਾ ਕਰ ਦੇਈਂ, ਇਸ ਕਰ ਕੇ ਮੈਂ ਤੈਨੂੰ ਕਿੱਲੋ ਦਾ ਦੁੱਗਣਾ ਕਰ ਕੇ ਦੋ ਕਿੱਲੋ ਸੋਨਾ ਦਿੰਦਾ ਹਾਂ। ਐਤਕੀਂ ਮਾਈ ਨੇ ਕੁਝ ਝੁੰਜਲਾ ਕੇ ਕਿਹਾ ਕਿ ਜਿਵੇਂ ਆਪ ਦੀ ਇੱਛਾ, ਦੋ ਕਿੱਲੋ ਹੀ ਪਾ ਦਿਓ ਝੋਲੀ। ਪਲ ਭਰ ਅਟਕ ਕੇ ਸੰਖ ਕਹਿੰਦਾ, “ਚਲੋ ਛੱਡੋ, ਦੋ ਕਿੱਲੋ ਦਾ ਦੁੱਗਣਾ ਚਾਰ ਕਿੱਲੋ ਕਰ ਦਿਆਂ?”
ਹੁਣ ਮਾਈ ਦੇ ਸਬਰ ਦਾ ਬੰਨ੍ਹ ਟੁੱਟ ਗਿਆ। ਖਿਝ ਕੇ ਕਹਿੰਦੀ, “ਕਦੇ ਪਾਈਆ, ਕਦੇ ਅੱਧਾ ਕਿੱਲੋ, ਕਿੱਲੋ ਦੋ ਕਿੱਲੋæææ ਕੁਝ ਦੇਵੇਂਗਾ ਵੀ ਕਿ ਗੱਲਾਂ ਹੀ ਬਣਾਈ ਜਾਵੇਂਗਾ?”
ਸੰਖ ਵਿਚੋਂ ਇਕ ਦਮ ਦੈਂਤਾਂ ਵਰਗਾ ਹਾਸਾ ਛੁੱਟਿਆ, “ਕੁਝ ਦੇਣ ਦਿਵਾਉਣ ਵਾਲਾ ਸੰਖ ਤਾਂ ਤੂੰ ਸਵੇਰੇ ਮੁੰਡੇ ਨੂੰ ਦੇ ਦਿੱਤਾ ਸੀ, ਮੈਂ ਤੈਨੂੰ ਕੀ ਦੇਵਾਂ? ਮੈਂ ਤਾਂ ‘ਗਪੌੜ ਸੰਖ’ ਹਾਂ!”
ਬੱਸ, ਉਦੋਂ ਤੋਂ ਗੱਪਾਂ ਮਾਰਨ ਵਾਲਿਆਂ ਨੂੰ ‘ਗਪੌੜ ਸੰਖ’ ਕਿਹਾ ਜਾਣ ਲੱਗਾ।