ਦੋ ਹਫਤੇ ਪਹਿਲਾਂ ਪ੍ਰੌਢ ਲੇਖਕਾ ਦਲੀਪ ਕੌਰ ਟਿਵਾਣਾ ਦਾ ਲੇਖ ਛਾਪਿਆ ਗਿਆ ਸੀ ਜਿਸ ਵਿਚ ਪੰਜਾਬ ਵਿਚ ਕਿਸਾਨ ਖੁਦਕੁਸ਼ੀਆਂ ਬਾਰੇ ਕਈ ਪੱਖਾਂ ਤੋਂ ਖੁਲਾਸਾ ਕੀਤਾ ਗਿਆ ਸੀ। ਸੱਚਮੁੱਚ ਕਿਸਾਨ ਖੁਦਕੁਸ਼ੀਆਂ ਦੇ ਮਸਲੇ ਨੇ ਸਭ ਨੂੰ ਇਕ ਤਰ੍ਹਾਂ ਨਾਲ ਝੰਜੋੜ ਕੇ ਰੱਖ ਦਿੱਤਾ ਹੋਇਆ ਹੈ। ਇਸੇ ਸਿਲਸਿਲੇ ਵਿਚ ਪ੍ਰੋæ ਹਰਪਾਲ ਸਿੰਘ ਪੰਨੂ ਨੇ ਇਹ ਲੇਖ ਲਿਖਿਆ ਹੈ।
ਲੇਖ ਦਾ ਪਹਿਲਾ ਹਿੱਸਾ ਪਾਠਕ ਪਿਛਲੇ ਅੰਕ ਵਿਚ ਪੜ੍ਹ ਚੁਕੇ ਹਨ, ਦੂਜੇ ਹਿੱਸੇ ਵਿਚ ਉਨ੍ਹਾਂ ਇਕ ਵੱਖਰੇ ਨੁਕਤੇ ਤੋਂ ਇਸ ਮਸਲੇ ਦੀ ਚੀਰ-ਫਾੜ ਕੀਤੀ ਹੈ। -ਸੰਪਾਦਕ
ਹਰਪਾਲ ਸਿੰਘ ਪੰਨੂ
ਫੋਨ: 91-94642-51454
ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਮਸਲਾ ਗੰਭੀਰ ਹੈ। ਮੇਰਾ ਲੇਖ ਛਪਿਆ ਤਾਂ ਪਾਠਕਾਂ ਦਾ ਤਕੜਾ ਪ੍ਰਤੀਕਰਮ ਹਾਸਲ ਹੋਇਆ, ਕਈ ਕਿਸਮ ਦੀਆਂ ਰਾਵਾਂ ਮਿਲੀਆਂ।
ਗੈਰ ਕਿਸਾਨੀ ਪਬਲਿਕ ਦੇ ਦਿਲ ਵਿਚ ਸਰਕਾਰ ਵਿਰੁਧ ਗੁੱਸਾ ਹੈ ਕਿ ਕਿਸਾਨਾਂ ਨੂੰ ਬਿਜਲੀ ਪਾਣੀ ਮੁਫਤ ਦੇਣ ਦੀ ਕੀ ਤੁਕ? ਪ੍ਰਾਪਤ ਅੰਕੜਿਆਂ ਮੁਤਾਬਕ ਪੰਜਾਬ ਸਿਰ ਇਸ ਵਕਤ ਸਵਾ ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਸਰਕਾਰ ਕੋਲ ਮੁਲਾਜ਼ਮਾਂ ਨੂੰ ਦੇਣ ਲਈ ਤਨਖਾਹ ਨਹੀਂ, ਸਰਕਾਰੀ ਡਿਸਪੈਂਸਰੀਆਂ ਵਿਚ ਦਵਾਈਆਂ ਨਹੀਂ। ਸਰਕਾਰੀ ਥਾਂਵਾਂ ਬੈਂਕਾਂ ਕੋਲ ਗਹਿਣੇ ਰੱਖ ਕੇ ਮੁਲਾਜ਼ਮਾਂ ਨੂੰ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ। ਪੀਣ ਵਾਸਤੇ ਪਾਣੀ ਦੀ ਬੋਤਲ ਵੀਹ ਰੁਪਏ ਨੂੰ ਮਿਲੇਗੀ ਪਰ ਖੇਤਾਂ ਨੂੰ ਨਹਿਰਾਂ ਦਾ ਪਾਣੀ ਮੁਫਤ ਮਿਲੇਗਾ। ਕਿਸਾਨ ਅਜਿਹੇ ਗੁਲਛੱਰੇ ਇਸ ਕਰਕੇ ਮੁਫਤ ਉਡਾ ਰਹੇ ਹਨ ਕਿ ਉਨ੍ਹਾਂ ਦੀ ਬਹੁਗਿਣਤੀ ਹੈ, ਉਨ੍ਹਾਂ ਦੀ ਸਰਕਾਰ ਹੈ। ਬਿਜਲੀ ਪਾਣੀ ਦੀ ਰਿਆਇਤ ਗੈਰ ਕਿਸਾਨੀ ਤੋਂ ਟੈਕਸ ਦੇ ਰੂਪ ਵਿਚ ਉਗਰਾਹੀ ਜਾਵੇਗੀ। ਜਿਨ੍ਹਾਂ ਬੈਂਕਾਂ ਦਾ ਕਰਜ਼ਾ ਵਾਪਸ ਨਾ ਮੁੜਿਆ ਉਹ ਗਹਿਣੇ ਪਈਆਂ ਜ਼ਮੀਨਾਂ ਨੀਲਾਮ ਕਰ ਕਰਨਗੇ।
ਦੂਜੀ ਟਿਪਣੀ ਇਹ ਪ੍ਰਾਪਤ ਹੋਈ ਹੈ ਕਿ ਖੇਤੀਬਾੜੀ ਜੇ ਘਾਟੇ ਦਾ ਸੌਦਾ ਹੈ ਤਾਂ ਹਰ ਸਾਲ ਪ੍ਰਤੀ ਏਕੜ ਜ਼ਮੀਨ ਦੇ ਠੇਕੇ ਵਧ ਕਿਉਂ ਰਹੇ ਹਨ? ਇਸ ਵੇਲੇ ਠੇਕੇ ਦੀ ਦਰ ਔਸਤਨ 40-50 ਹਜ਼ਾਰ ਰੁਪਏ ਪ੍ਰਤੀ ਏਕੜ ਹੈ। ਜਿਹੜੇ ਬੰਦੇ ਇਸ ਭਾਅ ‘ਤੇ ਜ਼ਮੀਨ ਠੇਕੇ ‘ਤੇ ਲੈ ਕੇ ਖੇਤੀ ਕਰ ਰਹੇ ਹਨ, ਉਨ੍ਹਾਂ ਨੂੰ ਕੁਝ ਮੁਨਾਫਾ ਹੈ, ਤਦੇ ਲੈਂਦੇ ਹਨ। ਇਸ ਸੂਰਤ ਵਿਚ ਜਿਨ੍ਹਾਂ ਕਿਸਾਨਾਂ ਦੀ ਆਪਣੀ ਜ਼ਮੀਨ ਹੈ ਤੇ ਆਪ ਖੇਤੀ ਕਰਦੇ ਹਨ, ਉਨ੍ਹਾਂ ਨੂੰ ਕਿਉਂ ਘਾਟਾ ਪੈਂਦਾ ਹੈ ਤੇ ਕਿਉਂ ਖੁਦਕਸ਼ੀਆਂ ਕਰਦੇ ਹਨ?
ਸਰਕਾਰ ਨੇ ਕੁਝ ਪਿੰਡਾਂ ਨੂੰ ਉਤਸ਼ਾਹਿਤ ਕਰਕੇ ਕਿੰਨੂਆਂ ਦੇ ਬਾਗ ਲੁਆਏ, ਅੰਗੂਰਾਂ ਦੇ ਬਾਗ ਲੁਆਏ। ਪੰਜਾਬ ਵਿਚ ਪ੍ਰਾਸੈਸਿੰਗ ਦੀ ਘਾਟ ਕਰਕੇ ਇਨ੍ਹਾਂ ਦੀ ਵਿਕਰੀ ਨਾ ਹੋਈ। ਕਿਸਾਨ ਕਦੀ ਆਲੂਆਂ ਦੇ ਢੇਰ ਸੜਕਾਂ ਉਪਰ ਲਾ ਦਿੰਦੇ ਨੇ ਤੇ ਕਦੇ ਕਮਾਦ ਪੁਟ ਦਿੰਦੇ ਨੇ ਕਿਉਂਕਿ ਮੰਡੀਕਰਣ ਦਾ ਬੰਦੋਬਸਤ ਨਹੀਂ। ਇਸ ਘਾਟ ਕਾਰਨ ਬਹੁਤ ਸਾਰੇ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ।
ਉਲਝੇ ਰਿਸ਼ਤੇ-ਨਾਤੇ ਅਤੇ ਫਰਜ਼ਾਂ ਪ੍ਰਤੀ ਕੋਤਾਹੀ ਵੀ ਖੁਦਕੁਸ਼ੀਆਂ ਦਾ ਕਾਰਨ ਬਣ ਜਾਂਦੇ ਹਨ। ਇਕ ਫੋਨ ਸੁੱਖਾ ਸਿੰਘ ਦਾ ਆਇਆ। ਉਸ ਨੇ ਦੱਸਿਆ, ਇਥੇ ਦੋ ਕਿਸਾਨ ਭਰਾਵਾਂ ਵਿਚੋਂ ਇਕ ਨੂੰ ਕੈਂਸਰ ਹੋ ਗਈ। ਜਿਸ ਨੂੰ ਕੈਂਸਰ ਹੋਈ ਉਸ ਦਾ ਦੇਣਦਾਰੀਆਂ ਵਾਲਾ ਅਕਸ ਅੱਛਾ ਨਹੀਂ ਸੀ ਪਰ ਤੰਦਰੁਸਤ ਭਰਾ ਈਮਾਨਦਾਰ ਸੀ, ਆੜ੍ਹਤੀਏ ਕਰਜ਼ਾ ਦੇ ਦਿੰਦੇ ਸਨ। ਉਹ ਕਰਜ਼ਾ ਲੈ ਲੈ ਕੇ ਆਪਣੇ ਭਰਾ ਦਾ ਇਲਾਜ ਕਰਵਾਉਂਦਾ ਗਿਆ ਤੇ ਪੰਦਰਾਂ ਲੱਖ ਕਰਜ਼ਾ ਚੜ੍ਹ ਗਿਆ। ਬਿਮਾਰ ਭਰਾ ਨੇ ਇਹ ਪੈਸੇ ਵਾਪਸ ਕਰਨ ਤੋਂ ਨਾਂਹ ਕਰ ਦਿੱਤੀ ਜਿਸ ਕਰਕੇ ਚੰਗੇ ਭਲੇ ਬੰਦੇ ਨੇ ਖੁਦਕੁਸ਼ੀ ਕਰ ਲਈ। ਬਚਣਾ ਬਿਮਾਰੀਗ੍ਰਸਤ ਬੰਦੇ ਨੇ ਵੀ ਨਹੀਂ ਪਰ ਆੜ੍ਹਤੀਆ ਪੰਦਰਾਂ ਲੱਖ ਡੁਬਣ ਪਿਛੋਂ ਖੁਦਕੁਸ਼ੀ ਕਰੇਗਾ ਕਿ ਨਹੀਂ, ਲੋਕ ਦੇਖ ਰਹੇ ਹਨ।
ਥੋੜ੍ਹੀ ਜ਼ਮੀਨ ਵਾਲਾ ਬੰਦਾ ਵੀ ਟਰੈਕਟਰ 50-60 ਹਾਰਸ ਪਾਵਰ ਦਾ ਖਰੀਦਦਾ ਹੈ। ਪਹਿਲੀ ਗੱਲ ਤਾਂ ਇਹ, ਟਰੈਕਟਰ ਏਨੇ ਹੋ ਗਏ ਹਨ ਕਿ ਕਿਰਾਏ ‘ਤੇ ਕੰਮ ਕਰਵਾਉਣਾ ਸਸਤਾ ਵੀ ਹੈ, ਸਿਰਦਰਦੀ ਰਹਿਤ ਵੀ। ਲੈਣਾ ਹੀ ਹੈ ਤਾਂ ਛੋਟਾ ਟਰੈਕਟਰ ਕਿਉਂ ਨਹੀਂ ਖਰੀਦਿਆ ਜਾਂਦਾ?
ਮੈਂ ਅਜਿਹੇ ਕਿਸਾਨ ਦੇਖੇ ਹਨ ਜਿਹੜੇ ਬੈਂਕ ਤੋਂ ਕਰਜ਼ਾ ਲੈ ਕੇ ਟਰੈਕਟਰ ਖਰੀਦਦੇ ਹਨ, ਘਾਟਾ ਪਾ ਕੇ ਨਵਾਂ ਟਰੈਕਟਰ ਵੇਚ ਕੇ ਕਾਰ ਖਰੀਦਦੇ ਹਨ। ਇਹ ਕਾਰ ਆਪਣੀ ਵਰਤੋਂ ਲਈ ਵੀ ਖਰੀਦੀ ਜਾ ਸਕਦੀ ਹੈ, ਧੀ ਨੂੰ ਦਾਜ ਵਿਚ ਵੀ ਦਿੱਤੀ ਜਾ ਸਕਦੀ ਹੈ। ਮੇਰੇ ਰਿਸ਼ਤੇਦਾਰ ਨੇ ਧੀ ਨੂੰ ਕਾਰ ਦਿੱਤੀ ਤੇ ਮੁੰਡੇ ਵਾਸਤੇ ਕਾਰ ਮੰਗੀ। ਇਕ ਮਹੀਨੇ ਅੰਦਰ ਦੋਵਾਂ ਦੇ ਐਕਸੀਡੈਂਟ ਹੋ ਗਏ। ਜਾਨਾਂ ਤਾਂ ਬਚ ਗਈਆਂ ਪਰ ਕਾਰਾਂ ਨੁਕਸਾਨੀਆਂ ਗਈਆਂ। ਖਬਰਸਾਰ ਲੈਣ ਗਏ ਤਾਂ ਰਿਸ਼ਤੇਦਾਰ ਬੋਲਿਆ, ਦੋਵਾਂ ਘਰਾਂ ਨੂੰ ਇਉਂ ਲੱਗਿਆ ਜਿਵੇਂ ਕਾਰਾਂ ਮੁਫਤ ਦੀਆਂ ਮਿਲੀਆਂ ਹਨ। ਜੇ ਆਪੋ ਆਪਣੇ ਪੈਸੇ ਨਾਲ ਆਪਣੀ ਵਰਤੋਂ ਵਾਸਤੇ ਕਾਰਾਂ ਲਈਆਂ ਹੁੰਦੀਆਂ, ਐਕਸੀਡੈਂਟ ਨਾ ਹੁੰਦੇ।
ਜਿਹੜੀ ਆਫਤ ਇਸ ਵੇਲੇ ਐਨ ਸਾਹਮਣੇ ਹੈ, ਪ੍ਰਤੱਖ ਦਿਸ ਰਹੀ ਹੈ, ਉਹ ਹੈ ਧਰਤੀ ਹੇਠਲੇ ਪਾਣੀ ਦਾ ਖਤਮ ਹੋਣਾ। ਕਿੰਨੀ ਕੁ ਦੇਰ ਤਕ ਬੋਰ ਡੂੰਘੇ ਹੁੰਦੇ ਰਹਿਣਗੇ? ਪੂਰਨ ਬੇਦਰਦੀ ਨਾਲ ਹੇਠਲਾ ਪਾਣੀ ਖਤਮ ਕਰ ਦਿੱਤਾ ਹੈ, ਫਿਰ ਪੰਜਾਬ ਦਾ ਭਵਿਖ ਕਲ੍ਹ ਕੀ ਹੋਵੇਗਾ? ਆਸਟਰੇਲੀਆ ਦਾ ਰਕਬਾ ਹਿੰਦੂਸਤਾਨ ਨਾਲੋਂ ਦੁਗਣਾ ਹੈ ਤੇ ਆਬਾਦੀ ਕੇਵਲ ਪੰਜਾਬ ਜਿੰਨੀ। ਚਾਰੇ ਪਾਸੇ ਸਮੁੰਦਰ। ਜੇ ਤੁਸੀਂ ਵਾਹੀਯੋਗ ਜ਼ਮੀਨ ਖਰੀਦਣੀ ਹੈ ਤਾਂ ਦਸ ਏਕੜ ਪਲਾਟ ਖਰੀਦਣਾ ਪਏਗਾ ਜਿਸ ਵਿਚ ਇਕ ਏਕੜ ਦਾ ਤਲਾਬ ਪੁੱਟਣਾ ਲਾਜ਼ਮੀ ਹੈ। ਬਾਰਸ਼ ਹੋਣ ‘ਤੇ ਪੂਰੇ ਖੇਤ ਦਾ ਵਾਧੂ ਪਾਣੀ ਇਸ ਤਲਾਬ ਵਿਚ ਇਕੱਠਾ ਕਰੋ ਤਾਂ ਕਿ ਲੋੜ ਪੈਣ ‘ਤੇ ਫਸਲ ਦੀ ਸਿੰਜਾਈ ਵਾਸਤੇ ਵਰਤ ਸਕੋ। ਪੰਜਾਬ ਦੀਆਂ ਨਾ ਸਰਕਾਰਾਂ ਨੇ ਅਤੇ ਨਾ ਕਿਸਾਨਾਂ ਨੇ ਇਸ ਬਾਰੇ ਕਦੀ ਸੋਚਿਆ ਹੈ।
ਸ਼ੇਖ ਚਿਲੀ ਨੇ ਉਸ ਬੰਦੇ ਨੂੰ ਪੀਰ ਮੰਨ ਲਿਆ ਸੀ ਜਿਸ ਨੇ ਰਾਹ ਜਾਂਦਿਆਂ ਉਸ ਨੂੰ ਦੱਸਿਆ ਸੀ ਕਿ ਜਿਸ ਟਾਹਣ ਉਪਰ ਬੈਠਾ ਹੈਂ, ਉਸੇ ਨੂੰ ਕੱਟਣ ਨਾਲ ਤੂੰ ਡਿਗ ਕੇ ਸੱਟ ਖਾਏਂਗਾ। ਸ਼ੇਖ ਚਿਲੀ ਨੂੰ ਡਿਗਣ ਤੋਂ ਬਾਅਦ ਸੱਟ ਖਾ ਕੇ ਮੁਸਾਫਰ ਦੀ ਗੱਲ ਸਹੀ ਲੱਗੀ। ਸ਼ੇਖ ਸਾਅਦੀ ਦਾ ਕਥਨ ਹੈ: ਜੋ ਸਿਆਣੇ ਕਰਦੇ ਹਨ, ਕਰਦੇ ਮੂਰਖ ਵੀ ਉਹੋ ਕੁਝ ਹਨ ਪਰ ਬਹੁਤ ਖੱਜਲ ਖੁਆਰ ਹੋਣ ਤੋਂ ਬਾਅਦ।