ਦਿੱਲੀ ਦੀ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇæਐੱਨæਯੂæ) ਦੇ ਵਿਦਿਆਰਥੀਆਂ ਨੇ ਉਹ ਕੁਝ ਕਰ ਦਿਖਾਇਆ ਜਿਸ ਦੀ ਤਵੱਕੋ ਚਿਰਾਂ ਤੋਂ ਵੱਡੀਆਂ ਸਿਆਸੀ ਪਾਰਟੀਆਂ ਤੋਂ ਕੀਤੀ ਜਾ ਰਹੀ ਸੀ। ਇਨ੍ਹਾਂ ਵਿਦਿਆਰਥੀ ਆਗੂਆਂ ਨੇ ਆਰæਐੱਸ਼ਐੱਸ਼ ਅਤੇ ਭਾਜਪਾ ਨੂੰ ਸਿੱਧੀ ਵੰਗਾਰ ਪਾਈ ਹੈ। ਦੇਸ਼ ਧਰੋਹ ਦੇ ਕੇਸ ਵਿਚ ਜੇਲ੍ਹ ਵਿਚੋਂ ਰਿਹਾਅ ਹੋਣ ਤੋਂ ਬਾਅਦ ਜੇæਐੱਨæਯੂæ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਕਨ੍ਹੱਈਆ ਕੁਮਾਰ ਦੇ ਭਾਸ਼ਣ ਨੇ ਸਭ ਨੂੰ ਮੰਤਰ-ਮੁਗਧ ਕੀਤਾ, ਪਰ ਉਸ ਤੋਂ ਪਹਿਲਾਂ, 22 ਫਰਵਰੀ ਨੂੰ ਆਪਣੀ ਗ੍ਰਿਫਤਾਰੀ ਤੋਂ ਪਹਿਲਾਂ ਵਿਦਿਆਰਥੀ ਆਗੂ ਉਮਰ ਖਾਲਿਦ ਨੇ ਯੂਨੀਵਰਸਿਟੀ ਕੈਂਪਸ ਵਿਚ ਭਾਸ਼ਣ ਦਿੱਤਾ ਸੀ।
ਇਸ ਭਾਸ਼ਣ ਵਿਚ ਉਮਰ ਖਾਲਿਦ ਨੇ ਸਪਸ਼ਟ ਵਿਚਾਰ ਰੱਖੇ ਹਨ ਕਿ ਉਹ ਹਿੰਦੋਸਤਾਨ ਵਿਚ ਚਾਹੁੰਦਾ ਕੀ ਹੈ! ਇਸ ਭਾਸ਼ਣ ਨੂੰ ਤੁਹਾਡੇ ਤੱਕ ਪੁੱਜਦਾ ਕਰਨ ਲਈ ਉਚੇਚਾ ਤਰੱਦਦ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ। -ਸੰਪਾਦਕ
ਸਾਥੀਓ, ਮੇਰਾ ਨਾਂ ਉਮਰ ਖ਼ਾਲਿਦ ਜ਼ਰੂਰ ਹੈ, ਪਰ ਮੈਂ ਦਹਿਸ਼ਤਗਰਦ ਨਹੀਂ ਹਾਂ। ਸਭ ਤੋਂ ਪਹਿਲਾਂ, ਅੱਜ ਇਥੇ ਇਸ ਵਕਤ, ਤੇ ਪਿਛਲੇ ਕਈ ਦਿਨਾਂ ਤੋਂ ਜਿੰਨੇ ਵਿਦਿਆਰਥੀ ਸੜਕਾਂ ‘ਤੇ, ਕੈਂਪਸ ਦੇ ਅੰਦਰ, ਇਸ ਕੈਂਪਸ ਦੇ ਬਾਹਰ, ਤੇ ਉਹ ਸਾਰੇ ਫੈਕਲਟੀ ਮੈਂਬਰ, ਫੈਕਲਟੀ ਅੰਦਰ ਜਿੰਨੇ ਸਾਥੀ ਇਸ ਲੜਾਈ ਵਿਚ ਸ਼ਾਮਲ ਹਨ, ਮੈਂ ਉਨ੍ਹਾਂ ਸਾਰਿਆਂ ਦਾ ਅਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਤੇ ਹਰ ਕਿਸੇ ਨੂੰ ਮੁਬਾਰਕਵਾਦ ਦੇਣਾ ਚਾਹੁੰਦਾ ਹਾਂ। ਮੈਨੂੰ ਪਤਾ ਹੈ ਜਦੋਂ ਮੈਂ ਇਹ ਕਹਿ ਰਿਹਾ ਹਾਂ, ਇਹ ਲੜਾਈ ਸਾਡੇ ਪੰਜ-ਛੇ ਲੋਕਾਂ ਲਈ ਨਹੀਂ ਹੈ। ਅੱਜ ਇਹ ਲੜਾਈ ਸਾਡੇ ਸਾਰੇ ਲੋਕਾਂ ਦੀ ਲੜਾਈ ਹੈ। ਅੱਜ ਇਹ ਲੜਾਈ ਇਸ ਯੂਨੀਵਰਸਿਟੀ ਦੀ ਲੜਾਈ ਹੈ। ਅੱਜ ਇਹ ਲੜਾਈ ਸਿਰਫ਼ ਇਸ ਯੂਨੀਵਰਸਿਟੀ ਦੀ ਨਹੀਂ, ਬਲਕਿ ਦੇਸ਼ ਭਰ ਦੀ ਹਰ ਯੂਨੀਵਰਸਿਟੀ ਦੀ ਲੜਾਈ ਹੈ। ਤੇ ਸਿਰਫ਼ ਯੂਨੀਵਰਸਿਟੀਆਂ ਦੀ ਨਹੀਂ, ਬਲਕਿ ਇਸ ਸਮਾਜ ਦੀ ਲੜਾਈ ਹੈ ਕਿ ਆਉਣ ਵਾਲੇ ਦਿਨਾਂ ਵਿਚ ਵੱਖਰਾ, ਕੈਸਾ ਸਮਾਜ ਹੋਵੇਗਾ। ਸਾਥੀਓ, ਹੁਣੇ ਕੁਝ ਦਿਨਾਂ ਵਿਚ, ਪਿਛਲੇ ਦਸ ਦਿਨਾਂ ਵਿਚ ਮੈਨੂੰ ਆਪਣੇ ਬਾਰੇ ਵਿਚ ਐਸੀਆਂ ਗੱਲਾਂ ਜਾਨਣ ਨੂੰ ਮਿਲੀਆਂ ਹਨ ਜੋ ਮੈਨੂੰ ਖ਼ੁਦ ਨੂੰ ਨਹੀਂ ਸਨ ਪਤਾ। ਮੈਨੂੰ ਪਤਾ ਲੱਗਿਆ ਕਿ ਮੈਂ ਦੋ ਵਾਰ ਪਾਕਿਸਤਾਨ ਜਾ ਆਇਆ ਹਾਂ। ਫਿਰ ਮੈਨੂੰ ਪਤਾ ਲੱਗਿਆ- ਜਦੋਂ ਇਹ ਗ਼ੁਬਾਰਾ ਫਟ ਗਿਆ- ਫਿਰ ਪਤਾ ਲੱਗਿਆ ਕਿ ਮੈਂ ਮਾਸਟਰ-ਮਾਈਂਡ ਹਾਂ; ਮਤਲਬ ਜੇæਐੱਨæਯੂæ ਦੇ ਸਟੁਡੈਂਟਸ ਕਮਾਲ ਦੇ ਦਿਮਾਗ ਹਨ, ਪਰ ਮੇਰੇ ਉਪਰ ਕੇਂਦਰਤ ਹੈ ਕਿ ਉਹ ਬੰਦਾ ਮੈਂ ਹਾਂ ਜਿਸ ਨੇ ਇਹ ਸਮੁੱਚਾ ਪ੍ਰੋਗਰਾਮ (9 ਫਰਵਰੀ ਵਾਲਾ) ਯਕੀਨੀ ਬਣਾਇਆ, ਤੇ ਮੈਂ ਇਸ ਪ੍ਰੋਗਰਾਮ ਦੀ 17-18 ਯੂਨੀਵਰਸਿਟੀਆਂ ਵਿਚ ਯੋਜਨਾ ਬਣਾ ਰਿਹਾ ਸੀ। ਮੈਂ ਗੰਭੀਰਤਾ ਨਾਲ ਕਹਿਨਾਂ, ਮੈਨੂੰ ਨਹੀਂ ਸੀ ਪਤਾ, ਮੇਰਾ ਰਸੂਖ਼ ਐਨਾ ਜ਼ਿਆਦਾ ਹੈ!
ਫਿਰ ਉਨ੍ਹਾਂ ਨੇ ਕਿਹਾ ਕਿ ਮੈਂ ਇਸ ਮੀਟਿੰਗ ਦੀ ਯੋਜਨਾ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਬਣਾ ਰਿਹਾ ਸੀ। ਮਤਲਬ ਜੇæਐੱਨæਯੂæ ਵਿਚ ਪਬਲਿਕ ਮੀਟਿੰਗ ਕਰਨ ਲਈ ਦਸ ਮਹੀਨੇ ਲੱਗ ਗਏ ਤਾਂ ਫਿਰ ਜੇæਐੱਨæਯੂæ ਤਾਂ ਠੱਪ ਹੀ ਹੋ ਜਾਵੇਗੀ। ਫਿਰ ਜਦੋਂ ਇਸ ਨੂੰ ਵੀ ਰੱਦ ਕਰ ਦਿੱਤਾ ਗਿਆ ਤਾਂ ਫਿਰ ਪਤਾ ਲੱਗਿਆ ਕਿ ਪਿਛਲੇ ਕੁਝ ਦਿਨਾਂ ਵਿਚ ਮੈਂ 800 ਕਾਲਾਂ ਕੀਤੀਆਂ; ਮਤਲਬ ਮੀਡੀਆ ਨੂੰ ਹੁਣ ਕੋਈ ਸਬੂਤ, ਕੋਈ ‘ਕਥਿਤ ਤੌਰ ‘ਤੇ’ ਕਹਿਣ ਦੀ ਵੀ ਲੋੜ ਨਹੀਂ ਹੈ। ਉਨ੍ਹਾਂ ਅਨੁਸਾਰ ਬਸ ਇਹ ਕਾਲਾਂ ਕੀਤੀਆਂ ਸਨ; (ਪਰ) ਇਹ ਕਿਥੇ ਕੀਤੀਆਂ ਗਈਆਂ ਸਨ? ਗਲਫ ਵਿਚ ਕੀਤੀਆਂ ਗਈਆਂ, ਕਸ਼ਮੀਰ ਵਿਚ ਕੀਤੀਆਂ ਗਈਆਂæææ ਬਈ ਸਬੂਤ ਤਾਂ ਦਿਓ। ਪਹਿਲੀ ਗੱਲ ਤਾਂ (ਇਹ ਕਿ ਅਜਿਹਾ) ਕਰਨ ਨਾਲ ਕੁਝ ਹੁੰਦਾ ਨਹੀਂ ਹੈ, ਜੇ ਕੀਤੀਆਂ ਵੀ ਗਈਆਂ ਹੁੰਦੀਆਂæææ ਲੇਕਿਨ ਕੋਈ ਸਬੂਤ, ਕੋਈ ਸੁਣਵਾਈ, ਕੁਝ ਨਹੀਂ ਹੈ। ਇਨ੍ਹਾਂ ਲੋਕਾਂ ਨੂੰ ਬਿਲਕੁਲ ਸ਼ਰਮ ਨਹੀਂ ਆਉਂਦੀ। ਜੇ ਆਪਾਂ ਇਹ ਉਮੀਦ ਰੱਖਾਂਗੇ ਤਾਂ ਖ਼ੁਦ ਨੂੰ ਮੂਰਖ ਬਣਾ ਰਹੇ ਹੋਵਾਂਗੇ। ਜਿਸ ਤਰੀਕੇ ਨਾਲ ਮੀਡੀਆ ਨੇ ਸਾਡੇ ਸਾਰਿਆਂ ਨੂੰ, ਸਾਡੇ ਵਿਚੋਂ ਕੁਝ ਨੂੰ ਪੇਸ਼ ਕੀਤਾ, ਜਿਸ ਤਰੀਕੇ ਨਾਲ ਉਨ੍ਹਾਂ ਨੇ ਸੱਚੀ-ਮੁੱਚੀ ਦਾ ਮੀਡੀਆ ਟਰਾਇਲ ਚਲਾਇਆ, ਜਿਸ ਤਰੀਕੇ ਨਾਲ ਉਨ੍ਹਾਂ ਨੇ ਸਾਨੂੰ ਫਸਾਇਆ, ਜਿਸ ਤਰੀਕੇ ਨਾਲ ਸਾਨੂੰ ਪੇਸ਼ ਕੀਤਾ ਗਿਆæææ ਸਰਕਾਰ ਵਲੋਂ ਵੀ ਕਹਿ ਦਿੱਤਾ ਗਿਆ ਕਿ ਜੈਸ਼-ਏ-ਮੁਹੰਮਦ ਦਾ ਇਸ ਨਾਲ ਕੋਈ ਲਿੰਕ ਨਹੀਂ ਹੈ, ਫਿਰ ਵੀ ਮੁਆਫ਼ੀ ਮੰਗਣ ਦੀ, ਇਸ ਤੋਂ ਇਨਕਾਰ ਕਰਨ ਦੀ ਜਾਂ ਕੁਝ ਕਰਨ ਦੀ ਕੋਈ ਜ਼ਰੂਰਤ ਨਹੀਂ ਸਮਝੀ ਗਈ।
ਜਦੋਂ ਮੈਂ ਪਹਿਲੀ ਵਾਰ ਇਹ ਦੇਖਿਆ ਤਾਂ ਮੈਨੂੰ ਹਾਸਾ ਆ ਗਿਆ ਕਿ ਯਾਰ! ਜੈਸ਼-ਏ-ਮੁਹੰਮਦ ਨੂੰ ਪਤਾ ਲੱਗੇਗਾ ਤਾਂ ਸ਼ਾਇਦ ਝੰਡੇਵਾਲਾ (ਦਿੱਲੀ ਵਿਚ ਆਰæਐੱਸ਼ਐੱਸ਼ ਦਾ ਦਫ਼ਤਰ) ਅੱਗੇ ਪ੍ਰੋਟੈਸਟ ਕਰਨ ਲੱਗ ਜਾਣਗੇ ਕਿ ਮੇਰਾ ਨਾਂ ਉਸ ਨਾਲ ਜੋੜਿਆ ਜਾ ਰਿਹਾ ਹੈ। ਇਨ੍ਹਾਂ ਤੋਂ ਉਮੀਦ ਨਹੀਂ ਕੀਤੀ ਜਾ ਸਕਦੀ।
ਜਿਸ ਤਰ੍ਹਾਂ ਦੇ ਝੂਠ ਬੋਲੇ ਗਏ, ਜਿਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਗਈਆਂ, ਜੇ ਮੀਡੀਆ ਵਾਲਿਆਂ ਨੂੰ ਇਹ ਲਗਦਾ ਹੈ ਕਿ ਇਹ ਲੋਕ ਬਚ ਜਾਣਗੇ ਤਾਂ ਐਸਾ ਨਹੀਂ ਹੋਵੇਗਾ। ਕੋਈ ਆਦਿਵਾਸੀ ਹੈ ਤਾਂ ਉਸ ਨੂੰ ਮਾਓਵਾਦੀ ਕਹਿ ਕੇ, ਕੋਈ ਮੁਸਲਮਾਨ ਹੈ ਤਾਂ ਉਸ ਨੂੰ ਦਹਿਸ਼ਤਗਰਦ ਕਹਿ ਕੇ ਜਿਸ ਤਰੀਕੇ ਨਾਲ ਇਹ ਸਿਲਸਿਲਾ ਚੱਲਿਆ ਹੈ, ਜਿਵੇਂ ਮੀਡੀਆ ਟਰਾਇਲ ਹੋਇਆ ਹੈ, ਜਿਸ ਤਰੀਕੇ ਨਾਲ ਪੂਰਾ ਸਟੇਟ ਅਪਰੇਟਸ ਉਨ੍ਹਾਂ ਦੇ ਪਿੱਛੇ ਪਿਆ ਰਹਿੰਦਾ ਹੈ। ਸ਼ਾਇਦ ਬਹੁਤ ਸਾਰੇ ਲੋਕ ਬੇਵੱਸ ਹੁੰਦੇ ਹਨ, ਉਨ੍ਹਾਂ ਲਈ ਬੋਲਣ ਵਾਲੇ ਬਹੁਤ ਥੋੜ੍ਹੇ ਲੋਕ ਹੁੰਦੇ ਹਨ; ਲੇਕਿਨ ਭਾਈ ਸਾਹਿਬ! ਇਸ ਵਾਰ ਤੁਸੀਂ ਗ਼ਲਤ ਲੋਕਾਂ ਨਾਲ ਪੰਗਾ ਲੈ ਲਿਆ ਹੈ। ਜੇæਐੱਨæਯੂæ ਦੇ ਵਿਦਿਆਰਥੀ ਤੁਹਾਨੂੰ ਇਸ ਦਾ ਮਜ਼ਾ ਚਖਾਉਣਗੇ। ‘ਕੱਲੇ-‘ਕੱਲੇ ਮੀਡੀਆ ਚੈਨਲ ਨੂੰ ਇਸ ਦਾ ਜਵਾਬਦੇਹ ਹੋਣਾ ਪਵੇਗਾ, ਜਿਨ੍ਹਾਂ ਲੋਕਾਂ ਦੇ ਖ਼ਿਲਾਫ਼ ਇਨ੍ਹਾਂ ਨੇ ਇਸ ਤਰੀਕੇ ਨਾਲ ਕੀਤਾ ਹੈ।
ਜੇ ਮੈਂ ਕਿਸੇ ਗੱਲ ਲਈ ਫ਼ਿਕਰਮੰਦ ਸੀ ਤਾਂ ਮੈਂ ਆਪਣੇ ਲਈ ਫ਼ਿਕਰਮੰਦ ਨਹੀਂ ਸੀ, ਕਿਉਂਕਿ ਮੈਨੂੰ ਪੂਰਾ ਭਰੋਸਾ ਸੀ ਕਿ ਤੁਸੀਂ ਸਾਰੇ ਲੋਕ ਹਜ਼ਾਰਾਂ ਦੀ ਤਾਦਾਦ ‘ਚ ਆਓਗੇ, ਇਹ ਮੈਨੂੰ ਪਤਾ ਸੀ; ਲੇਕਿਨ ਜੇ ਮੈਂ ਫ਼ਿਕਰਮੰਦ ਹੋਣਾ ਸ਼ੁਰੂ ਹੋਇਆ, ਤੇ ਡਰਨਾ ਸ਼ੁਰੂ ਹੋਇਆ ਤਾਂ ਉਦੋਂ, ਜਦੋਂ ਮੈਂ ਆਪਣੀ ਭੈਣ ਅਤੇ ਆਪਣੇ ਪਿਤਾ ਦੇ ਬਿਆਨ ਦੇਖੇ। ਜਿਸ ਤਰੀਕੇ ਨਾਲ ਮੇਰੀ ਭੈਣ ਨੂੰ- ਮੇਰੀਆਂ ਕਈ ਭੈਣਾਂ ਨੇ, ਲੇਕਿਨ ਉਨ੍ਹਾਂ ਸਾਰਿਆਂ ਨੂੰ ਲੈ ਕੇ ਲੋਕਾਂ ਵਲੋਂ ਸੋਸ਼ਲ ਮੀਡੀਆ ਉਪਰ ਲਿਖਣਾ ਸ਼ੁਰੂ ਕੀਤਾ ਗਿਆ। ਜਿਸ ਤਰੀਕੇ ਨਾਲ ਤਰ੍ਹਾਂ-ਤਰ੍ਹਾਂ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕੀਤੀਆਂ ਗਈਆਂ; ਕਿਸੇ ਨੂੰ ਕਿਹਾ- ਬਲਾਤਕਾਰ ਕਰ ਦਿਆਂਗੇ, ਕਿਸੇ ਨੂੰ ਕਿਹਾ- ਤੇਰੇ ਉਪਰ ਤੇਜ਼ਾਬ ਸੁੱਟਾਂਗੇ, ਕਿਸੇ ਨੂੰ ਕਿਹਾ- ਤੈਨੂੰ ਜਾਨੋਂ ਮਾਰ ਦਿਆਂਗੇ। ਮੈਨੂੰ ਉਹ ਸਮਾਂ ਯਾਦ ਆ ਰਿਹਾ ਸੀ ਜਦੋਂ ਬਜਰੰਗ ਦਲ ਦੇ ਲੋਕ ਕੰਧਮਾਲ ਵਿਚ ਕ੍ਰਿਸਚੀਅਨ ਸਾਧਵੀ ਨਾਲ ਬਲਾਤਕਾਰ ਕਰ ਰਹੇ ਸਨ ਤਾਂ ‘ਭਾਰਤ ਮਾਤਾ ਦੀ ਜੈ’ ਬੋਲ ਰਹੇ ਸਨ। ਜੇ ਮੈਂ ਉਸ ਦਿਨ ਵਾਲੇ, ਕਾਮਰੇਡ ਕਨ੍ਹੱਈਆ ਦੇ 11 ਫਰਵਰੀ ਦੇ ਭਾਸ਼ਣ ਨੂੰ ਯਾਦ ਕਰਾਂ ਕਿ ਜੇ ਇਹ ਤੁਹਾਡੀ ਭਾਰਤ ਮਾਤਾ ਹੈ ਤਾਂ ਇਹ ਸਾਡੀ ਭਾਰਤ ਮਾਤਾ ਨਹੀਂ ਹੈ ਅਤੇ ਸਾਨੂੰ ਇਹ ਗੱਲ ਕਹਿਣ ਵਿਚ ਕੋਈ ਸ਼ਰਮਿੰਦਗੀ ਨਹੀਂ ਹੈ।
ਤੇ ਫਿਰ ਮੇਰੇ ਪਿਤਾ ਨੂੰ ਇੰਟੈਰੋਗੇਟ ਕੀਤਾæææ ਉਨ੍ਹਾਂ ਦਾ ਪੁਰਾਣਾ ਕਈ ਕੁਝ ਕੱਢ ਲਿਆæææ ਮਤਲਬ (ਇਹ ਕਿ) ਹਰ ਹਾਲ ਫਰੇਮ ਕਰਨਾ ਕਰਨਾ ਹੈ। ਕੁਝ ਲੋਕ ਨੇ, ਕੁਝ ਜਰਨਲਿਸਟ ਨੇ, ਕੁਝ ‘ਜ਼ੀ ਨਿਊਜ਼’ ਵਿਚ ਹਨ, ਕੁਝ ਭਾਈ ਸਾਹਬ ‘ਟਾਈਮਜ਼ ਨਾਓ’ ਵਿਚ ਹਨ, ਉਨ੍ਹਾਂ ਦੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਵੈਸੇ ਉਨ੍ਹਾਂ ਦੇ ਕੁਝ ਛੋਟੇ-ਮੋਟੇ ਟੁੱਚੇ ਰਿਪੋਰਟਰ ਵੀ ਨੇ। ਇਨ੍ਹਾਂ ਸਾਰੇ ਲੋਕਾਂ ਵਿਚ ਐਨੀ ਨਫ਼ਰਤ ਕਿੱਥੋਂ ਆਉਂਦੀ ਹੈ, ਜੇæਐੱਨæਯੂæ ਵਿਦਿਆਰਥੀਆਂ ਉਪਰ ਐਨਾ ਗੁੱਸਾ ਕਿੱਥੋਂ ਆਉਂਦਾ ਹੈ, ਮੈਨੂੰ ਸਮਝ ਨਹੀਂ ਆਉਂਦਾ। ਐਨੀ ਨਫ਼ਰਤ ਪਾਲਦੇ ਕਿਵੇਂ ਨੇ ਇਹ ਲੋਕ?
ਜਿਸ ਤਰੀਕੇ ਨਾਲ ਮੇਰਾ ਮੀਡੀਆ ਟਰਾਇਲ ਹੋਇਆ, ਤੇ ਮੈਂ ਆਪਣੇ ਉਪਰ ਨਿੱਕੀ ਜਿਹੀ ਗੱਲ ਫੋਕਸ ਕਰ ਕੇ ਕਹਿਣੀ ਚਾਹਾਂਗਾ। ਇਹ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ, ਉਹੀ ਦੁਹਰਾ ਰਿਹਾਂ।æææ ਪਿਛਲੇ ਛੇ-ਸੱਤ ਸਾਲਾਂ ਤੋਂ ਮੈਂ ਇਸ ਕੈਂਪਸ ਵਿਚ ਪਾਲਿਟਿਕਸ ਕੀਤੀ ਹੈ, ਮੈਂ ਕਦੇ ਖ਼ੁਦ ਨੂੰ ਮੁਸਲਿਮ ਨਹੀਂ ਸਮਝਿਆ। ਮੈਂ ਕਦੇ ਵੀ ਖ਼ੁਦ ਨੂੰ ਮੁਸਲਿਮ ਵਜੋਂ ਪੇਸ਼ ਨਹੀਂ ਕੀਤਾ। ਮੈਨੂੰ ਲੱਗਿਆ ਕਿ ਅੱਜ ਸਮਾਜ ਵਿਚ ਜੋ ਦਮਨ ਹੈ, ਉਹ ਸਿਰਫ਼ ਮੁਸਲਮਾਨਾਂ ਉਪਰ ਨਹੀਂ ਹੈ, ਵੱਖ-ਵੱਖ ਸ਼ੋਸ਼ਿਤ ਤਬਕਿਆਂ ਉਪਰ ਹੈ। ਚਾਹੇ ਆਦਿਵਾਸੀ ਹੋਣ, ਚਾਹੇ ਦਲਿਤ ਹੋਣ, ਸਾਰਿਆਂ ਉਪਰ ਦਮਨ ਹੈ। ਤੇ ਅਸੀਂ ਲੋਕ ਜੋ ਦੱਬੇ-ਕੁਚਲੇ ਭਾਈਚਾਰਿਆਂ, ਦੱਬੀਆਂ-ਕੁਚਲੀਆਂ ਆਇਡੈਂਟਿਟੀਜ਼ ‘ਚੋਂ ਆਉਂਦੇ ਹਾਂ, (ਤਾਂ) ਸਾਨੂੰ ਆਪਣੀ ਤੱਤਕਾਲੀਨਤਾ (ਇਮੀਡੀਏਸੀ) ਵਿਚੋਂ ਬਾਹਰ ਆਉਣ ਅਤੇ ਇਸ ਸਭ ਕਾਸੇ ਨੂੰ ਸਮੁੱਚਤਾਵਾਦੀ (ਹੋਲਿਸਟਿਕ) ਤਰੀਕੇ ਨਾਲ ਲੈਣ ਦੀ ਲੋੜ ਹੈ।
ਪਹਿਲੀ ਵਾਰ ਪਿਛਲੇ ਸੱਤ ਸਾਲ ਵਿਚ ਮੈਨੂੰ ਲੱਗਿਆ ਕਿ ਮੈਂ ਮੁਸਲਮਾਨ ਹਾਂ, ਤੇ ਉਹ ਪਿਛਲੇ ਦਸ ਦਿਨਾਂ ਵਿਚ ਲੱਗਿਆ। ਜੇ ਰੋਹਿਤ ਵੇਮੁਲਾ ਦਾ ਹਵਾਲਾ ਦਿੰਦੇ ਹੋਏ ਕਿਹਾ ਜਾਵੇ, ਮੈਨੂੰ ਮੇਰੀ ਤੱਤਕਾਲੀ ਪਛਾਣ ਤਕ ਸੁੰਗੇੜ ਦਿੱਤਾ ਗਿਆ। ਇਹ ਗੱਲ ਬਹੁਤ ਸ਼ਰਮਨਾਕ ਹੈ। ਇਹ ਸਾਨੂੰ ਪਾਕਿਸਤਾਨੀ ਏਜੰਟ ਕਹਿ ਰਹੇ ਹਨ, ਤਾਂ ਮੈਂ ਇਕ ਪਾਕਿਸਤਾਨੀ ਸ਼ਾਇਰ ਦੇ ਦੋ ਲਫ਼ਜ਼, ਦੋ ਲਾਈਨਾਂ ਬੋਲਣੀਆਂ ਚਾਹਾਂਗਾ:
ਅਰੇ ਭਾਈ, ਹਿੰਦੁਸਤਾਨ ਭੀ ਮੇਰਾ ਹੈ
ਔਰ ਪਾਕਿਸਤਾਨ ਭੀ ਮੇਰਾ ਹੈ।
ਪਰ ਇਨ ਦੋਨੋਂ ਮੁਲਕੋਂ ਮੇਂ
ਅਮਰੀਕਾ ਕਾ ਡੇਰਾ ਹੈ।
ਤੇ ਤੁਸੀਂ ਅਮਰੀਕਾ ਦੇ ਦਲਾਲ ਹੋ। ਤੁਸੀਂ ਲੋਕ ਜਿਨ੍ਹਾਂ ਨੂੰ ਦਲਾਲੀ ਤੋਂ ਸਿਵਾਏ ਕੁਝ ਨਹੀਂ ਆਉਂਦਾ। ਇਕ ਸਰਕਾਰ ਬੈਠੀ ਹੈ ਜੋ ਅਮਰੀਕਾ ਦੀਆਂ ਤਲੀਆਂ ਚੱਟ ਰਹੀ ਹੈ। ਸਾਡੇ ਦੇਸ਼ ਦੀ ਖਣਿਜ ਦੌਲਤ ਨੂੰ, ਇਥੋਂ ਦੇ ਵਸੀਲਿਆਂ ਨੂੰ, ਇਥੋਂ ਦੀ ਕਿਰਤ ਨੂੰ ਬੜੀਆਂ-ਬੜੀਆਂ ਮਲਟੀਨੈਸ਼ਨਲ ਕੰਪਨੀਆਂ ਨੂੰ ਵੇਚ ਰਹੀ ਹੈ, ਸਿਖਿਆ ਨੂੰ ਵੇਚ ਰਹੀ ਹੈ। ਅਸੀਂ ਦੇਖਿਆ ਹੈ ਕਿਸ ਤਰੀਕੇ ਨਾਲ ਡਬਲਯੂæਟੀæਓæ ਵਿਚ ਜਾ ਕੇ ਗੋਡੇ ਟੇਕ ਦਿੱਤੇ। ਗੋਡੇ ਕੀ ਟੇਕੇ, ਪੂਰਾ ਪੈਰਾਂ ਵਿਚ ਵਿਛ ਗਏ ਉਥੇ ਜਾ ਕੇ। (ਹੁਣ) ਉਹ ਲੋਕ ਸਾਨੂੰ ਦੱਸ ਰਹੇ ਨੇ ਦੇਸ਼ ਭਗਤੀ ਕੀ ਹੋਵੇਗੀ?
ਉਹ ਨਹੀਂ ਸਮਝਦੇ ਅਤੇ ਇਸ ਲਈ ਮੈਂ ਤੁਹਾਨੂੰ ਸਾਰੇ ਸਾਥੀ ‘ਦੇਸ਼ ਵਿਰੋਧੀਆਂ’ ਨੂੰ ਕਹਿ ਰਿਹਾ ਹਾਂ, ਦੁਨੀਆਂ ਦੇ ਸਾਰੇ ‘ਦੇਸ਼ ਵਿਰੋਧੀਓ’ ਇਕ ਹੋ ਜਾਓ। ਸਾਡਾ ਲੋਕਾਂ ਲਈ ਪਿਆਰ, ਸਾਡਾ ਸੰਘਰਸ਼ ਹੱਦਾਂ ਦਾ, ਸਰਹੱਦਾਂ ਦਾ ਫ਼ਰਕ ਨਹੀਂ ਕਰਦਾ। ਦੁਨੀਆਂ ਭਰ ਵਿਚ ਅਸੀਂ ਸਾਰੇ ਇਕਮੁੱਠ ਹੋਵਾਂਗੇ, ਉਹ ਚਾਹੇ ਕਿਸੇ ਵੀ ਸਰਕਾਰ ਖ਼ਿਲਾਫ਼ ਹੋਵੇ ਜਾਂ ਕਿਸੇ ਵੀ ਦੇਸ਼ ਦੀ ਸਰਕਾਰ ਖ਼ਿਲਾਫ਼ ਹੋਵੇ। ਤੇ ਇਸ ਤਰ੍ਹਾਂ ਦੀਆਂ ਘਿਨਾਉਣੀਆਂ ਚਾਲਾਂ ਨਾਲ ਉਹ ਸਾਨੂੰ ਡਰਾ ਨਹੀਂ ਸਕਦੇ, ਚੁੱਪ ਨਹੀਂ ਕਰਾ ਸਕਦੇ।
ਸਾਥੀਓ, ਤੁਹਾਨੂੰ ਸਾਰੇ ਲੋਕਾਂ ਨੂੰ ਮੈਨੂੰ ਕਹਿਣ ਦੀ ਜ਼ਰੂਰਤ ਨਹੀਂ ਹੈ, ਲੇਕਿਨ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ। ਇਹ ਲੋਕ- ਇਨ੍ਹਾਂ ਦੀ ਬਹੁ-ਗਿਣਤੀ ਹੋ ਸਕਦੀ ਹੈ, ਇਨ੍ਹਾਂ ਕੋਲ ਬਹੁਤ ਸੀਟਾਂ ਹੋ ਸਕਦੀਆਂ ਹਨ; ਬਹੁਤ ਸਾਰਾ ਮੀਡੀਆ, ਸਟੇਟ ਅਪਰੇਟਸ, ਪੁਲਿਸ਼ææ ਕੀ ਕੀ ਹੋ ਸਕਦਾ ਹੈ, ਲੇਕਿਨ ਇਹ ਡਰਪੋਕ ਲੋਕ ਹਨ।
ਉਹ ਡਰਦੇ ਨੇ ਸਾਥੋਂ, ਉਹ ਡਰਦੇ ਨੇ ਸਾਡੇ ਸੰਘਰਸ਼ਾਂ ਤੋਂæææ ਉਹ ਡਰਦੇ ਨੇ ਕਿਉਂਕਿ ਅਸੀਂ ਸੋਚਦੇ ਹਾਂ। ਤੇ ਅੱਜ ਸਾਡੇ ਦੇਸ਼ ਵਿਚ, ਮੇਰੇ ਸਾਥੀ ਅਨਿਰਬਾਨ ਨੇ ਇਕ ਗੱਲ 10 ਫਰਵਰੀ ਨੂੰ ਮੀਡੀਆ ਵਿਚ ਕਹੀ ਸੀ- ਸਭ ਤੋਂ ਆਸਾਨ ਹੈ ਦੇਸ਼ ਵਿਰੋਧੀ ਹੋਣਾ! ਤੁਸੀਂ ਸੋਚਣਾ ਸ਼ੁਰੂ ਕਰ ਦਿੱਤਾ, ਤੁਹਾਨੂੰ ਤੁਰੰਤ ਦੇਸ਼ ਵਿਰੋਧੀ ਕਹਿ ਦਿੱਤਾ ਜਾਵੇਗਾ।
ਜੇ ਉਨ੍ਹਾਂ ਨੂੰ ਲਗਦਾ ਹੈ, ਇਸ ਤਰੀਕੇ ਨਾਲ ਸਾਨੂੰ ਡਰਾ ਸਕਦੇ ਹਨ, ਤਾਂ ਉਹ ਬਹੁਤ ਵੱਡੇ ਭਰਮ ਵਿਚ ਨੇ। ਜਿਸ ਤਰੀਕੇ ਨਾਲ ਮੈਂ ਪਹਿਲਾਂ ਬੋਲਿਆ ਹੈ, ਤੁਸੀਂ ਗ਼ਲਤ ਯੂਨੀਵਰਸਿਟੀ ਨਾਲ ਪੰਗਾ ਲੈ ਲਿਆ ਹੈ, ਉਹ ਬਹੁਤ ਸਾਰੀਆਂ ਯੂਨੀਵਰਸਿਟੀਆਂ ਨਾਲ ਪਹਿਲਾਂ ਹੀ ਪੰਗਾ ਲੈ ਰਹੇ ਹਨ; ਲੇਕਿਨ ਚਾਹੇ ਇਹ ਐੱਫ਼ਟੀæਆਈæਆਈæ ਦੀ ਲੜਾਈ ਹੋਵੇ, ਚਾਹੇ ਜੋ ਐੱਚæਸੀæਯੂæ (ਹੈਦਰਾਬਾਦ ਸੈਂਟਰਲ ਯੂਨੀਵਰਸਿਟੀ) ਵਿਚ ਰੋਹਿਤ ਵੇਮੂਲਾ ਤੇ ਉਨ੍ਹਾਂ ਦੇ ਸਾਥੀਆਂ ਦੇ ਨਾਲ ਹੋਇਆ, ਜਿਸ ਤਰੀਕੇ ਨਾਲ ਰੋਹਿਤ ਵੇਮੁਲਾ ਦੀ ਹੱਤਿਆ ਕੀਤੀ ਗਈ, ਜੋ ਬਨਾਰਸ ਯੂਨੀਵਰਸਿਟੀ ਵਿਚ ਸੰਦੀਪ ਪਾਂਡੇ ਨਾਲ ਹੋਇਆæææ ਹਰ ਲੜਾਈ ਵਿਚ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਲੜੇ ਹਾਂ।
ਅਸੀਂ ਹਰ ਲੜਾਈ ਨੂੰ ਸੜਕਾਂ ਉਪਰ ਲੈ ਕੇ ਗਏ ਹਾਂ। ਅਸੀਂ ਆਪਣੀ ਜ਼ਿੰਮੇਦਾਰੀ ਸਮਝਦੇ ਹਾਂ। ਤੇ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਸਭ ਤੋਂ ਬੜਾ ਨੱਕ ਵਿਚ ਦਮ ਜੇæਐੱਨæਯੂæ ਨੇ ਕੀਤਾ ਹੈ ਤੇ ਤੁਸੀਂ ਉਸ ਨੂੰ ਖ਼ਤਮ ਕਰ ਦਿਓਗੇ, ਤਾਂ ਤੁਹਾਡੇ ਵਰਗੇ ਪਹਿਲਾਂ ਵੀ ਬਥੇਰੇ ਆਏ ਸਨ ਤੇ ਉਨ੍ਹਾਂ ਨੂੰ ਐਸੇ ਤਰੀਕੇ ਨਾਲ ਇੱਥੋਂ ਦਬੱਲ ਦਿੱਤਾ ਗਿਆ ਸੀ। ਸ਼ਾਇਦ ਤੁਸੀਂ ਇੰਦਰਾ ਗਾਂਧੀ ਨੂੰ ਭੁੱਲ ਗਏ। ਐਮਰਜੈਂਸੀ ਤੋਂ ਬਾਅਦ ਜਦੋਂ ਉਹ ਇਥੇ ਆਈ ਸੀ ਤਾਂ ਉਸ ਨੂੰ ਆਉਣ ਨਹੀਂ ਸੀ ਦਿੱਤਾ ਗਿਆ। ਸ਼ਾਇਦ ਤੁਸੀਂ ਮਨਮੋਹਨ ਸਿੰਘ ਨੂੰ ਭੁੱਲ ਗਏ ਜਦੋਂ ਉਹ ਇਥੇ ਨਹਿਰੂ ਦੇ ਬੁੱਤ ਤੋਂ ਪਰਦਾ ਹਟਾਉਣ ਆਇਆ ਸੀ ਤਾਂ ਇਸ ਕੈਂਪਸ ਦੇ ਵਿਦਿਆਰਥੀਆਂ ਨੇ ਜਿਸ ਤਰੀਕੇ ਨਾਲ ਇਸ ਦੇਸ਼ ਨੂੰ ਵੇਚਣ ਦੀ ਸਾਜ਼ਿਸ਼ ਯੂæਪੀæਏæ ਸਰਕਾਰ ਕਰ ਰਹੀ ਸੀ, ਉਸ ਨੂੰ (ਵਿਰੋਧ ਦੇ) ਝੰਡੇ ਦਿਖਾਏ ਸੀ। ਜਦੋਂ ਪੀæਚਿਦੰਬਰਮ ਇਥੇ ਆਇਆ ਸੀ ਤੇ ਉਸ ਨੂੰ ਲੱਗਦਾ ਸੀ ਕਿ ਵਿਦਿਆਰਥੀ ਉਸ ਦਾ ਸਵਾਗਤ ਕਰਨਗੇ, ਤਾਂ ਵਿਦਿਆਰਥੀਆਂ ਨੇ ਉਸ ਨੂੰ ਵੀ ਉਸ ਦੀ ਜਗ੍ਹਾ ਦਿਖਾਈ ਸੀ ਕਿ ਵਿਦਿਆਰਥੀ ਕਿਸ ਦੇ ਨਾਲ ਹਨ। ਵਿਦਿਆਰਥੀ ਇਸ ਦੇਸ਼ ਦੇ ਲੁੱਟੇ-ਪੁੱਟੇ, ਪੀੜਤ ਲੋਕਾਂ ਦੇ ਨਾਲ ਹਨ। ਤੁਹਾਡੇ ਇਸ ਤਰ੍ਹਾਂ ਦੇ ਘਿਨਾਉਣੇ ਦਾਅ-ਪੇਚਾਂ ਨਾਲ ਕੋਈ ਨਹੀਂ ਡਰੇਗਾ। ਇਹ ਮਹਿਜ਼ ਖ਼ਾਮ-ਖ਼ਿਆਲੀਆਂ ਹਨ। ਉਹ ਇਹ ਪਤਾ ਲਾ ਰਹੇ ਹਨ ਕਿ ਅਸੀਂ ਡਰ ਜਾਵਾਂਗੇ। ਆਓ ਇਹ ਚੁਣੌਤੀ ਕਬੂਲ ਕਰੀਏ ਕਿ ਅਸੀਂ ਡਰਾਂਗੇ ਨਹੀਂ। ਅਸੀਂ ਹਰ ਮੁਹਾਜ਼ ਉਪਰ ਲੜਾਂਗੇ। ਅਸੀਂ ਹਰ ਮੁੱਦੇ ਉਪਰ ਲੜਾਂਗੇ। ਇਸ ਕੈਂਪਸ ਵਿਚ ਹਰ ਵਿਦਿਆਰਥੀ ਨੂੰ ਕਿਸੇ ਵੀ ਮੁੱਦੇ ਉੱਪਰ, ਬੇਖੌਫ਼ ਹੋ ਕੇ ਆਪਣੀ ਰਾਇ ਪੇਸ਼ ਕਰਨ ਦਾ ਹੱਕ ਹੈ।
ਸਾਥੀਓ, ਇਹ ਡਰਪੋਕ ਲੋਕ ਹਨ। ਇਨ੍ਹਾਂ ਦਾ ਇਕ ਵਿਦਿਆਰਥੀ ਵਿੰਗ ਹੈ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ। ਇਸ ਕੈਂਪਸ ਦੀ ਜੋ ਇਕ ਬਾਂਦਰ ਸੈਨਾ ਹੈ- ਉਨ੍ਹਾਂ ਨੂੰ ਇਹ ਠੇਕਾ ਮਿਲ ਗਿਆ ਹੈ ਕਿ ਇਥੇ ਕੁਝ ਹੋਵੇ, ਜਦੋਂ ਐਸੀ ਕੋਈ ਗੱਲ ਹੋਵੇ ਕਿ ਤੁਹਾਡਾ ਏਜੰਡਾ ਸਾਹਮਣੇ ਨਹੀਂ ਆ ਰਿਹਾ ਅਤੇ ਲੋਕ ਤੁਹਾਡੀ ਨੁਕਤਾਚੀਨੀ ਕਰ ਰਹੇ ਹਨ ਤਾਂ ਜਾਓ ਜਾ ਕੇ ਹੁੜਦੰਗ ਮਚਾਓ। ਅਸੀਂ (ਸੰਘ ਪਰਿਵਾਰ) ਇਹ ਯਕੀਨੀ ਬਣਾਵਾਂਗੇ ਕਿ ਇਸ ਯੂਨੀਵਰਸਿਟੀ ਦਾ ਵਾਈਸ ਚਾਂਸਲਰ, ਇਸ ਦਾ ਰਜਿਸਟਰਾਰ, ਪੁਲਿਸ, ਐੱਮæਪੀæ ਸਾਰੇ ਤੁਹਾਡੇ ਨਾਲ ਖੜ੍ਹਨਗੇ।
ਇਕ-ਇਕ ਚੀਜ਼æææ ਤੁਸੀਂ ਅੱਪਾ ਰਾਓ ਦੀ ਥਾਂ ਜਗਦੀਸ਼ ਕੁਮਾਰ (ਐੱਚæਸੀæਯੂæ ਅਤੇ ਜੇæਐੱਨæਯੂæ ਦੇ ਵਾਈਸ ਚਾਂਸਲਰ) ਨੂੰ ਅੱਗੇ ਲਿਆਉਂਦੇ ਹੋ, ਤੁਸੀਂ ਮਹੇਸ਼ ਗਿਰੀ ਦੀ ਥਾਂ ਦੱਤਾਤ੍ਰੇਯਾ (ਹੈਦਰਾਬਾਦ ਅਤੇ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਜਿਨ੍ਹਾਂ ਨੇ ਏæਬੀæਵੀæਪੀæ ਦੀ ਹਮਾਇਤ ਕਰਦਿਆਂ ਚਿੱਠੀਆਂ ਲਿਖੀਆਂ) ਨੂੰ ਅੱਗੇ ਲਿਆਉਂਦੇ ਹੋæææ ਸਕ੍ਰਿਪਟ ਉਹੀ ਹੈ, ਪਰ ਹੁਣ ਹੋਰ ਰੋਹਿਤ ਨਹੀਂ ਬਣਨਗੇ। ਅਸੀਂ ਆਪਣੀ ਤੱਤਕਾਲੀਨ ਪਛਾਣ ਤਕ ਸੀਮਤ ਨਹੀਂ ਹੋਵਾਂਗੇ। ਅਸੀਂ ਤਾਰਾ-ਮੰਡਲ ਬਣਾਂਗੇ ਜੋ ਗਰਦਿਸ਼ ‘ਚ ਰਹਿਣਗੇ ਅਤੇ ਟੱਕਰ ਲੈਣਗੇ। ਅਸੀਂ ਜਾਣਦੇ ਹਾਂ, ਅਸੀਂ ਕਿਸ ਮਿੱਟੀ ਦੇ ਬਣੇ ਹਾਂ। ਅਸੀਂ ਇਸ ਕੈਂਪਸ ਨੂੰ ਜਾਣਦੇ ਹਾਂ, ਇਹ ਕੈਂਪਸ ਸਾਡੇ ਦਿਲਾਂ ਵਿਚ ਵਸਦਾ ਹੈ, ਅਸੀਂ ਇਹ ਸਪੇਸ ਉਸਾਰੀ ਹੈ ਅਤੇ ਅਸੀਂ ਤੁਹਾਨੂੰ ਇਸ ਸਪੇਸ ਨੂੰ ਤਬਾਹ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ। ਅਸੀਂ ਤੁਹਾਨੂੰ ਇਕ ਇੰਚ ਸਪੇਸ ਵੀ ਨਹੀਂ ਦਿਆਂਗੇ। ਇਹ ਇਕ-ਇਕ ਇੰਚ ਲਈ ਲੜਾਈ ਹੈ, ਅਸੀਂ ਤੁਹਾਨੂੰ ਇਕ-ਇਕ ਇੰਚ ਖਦੇੜ ਕੇ ਕੱਢਾਂਗੇ।
ਸਾਥੀਓ, ਇਹ ਕਿਉਂ ਹੈ ਕਿ ਏæਬੀæਵੀæਪੀæ ਵਾਲੇ ਇਉਂ ਹਰ ਥਾਂ ਹੁੜਦੰਗ ਮਚਾਉਂਦੇ ਨੇ। ਉਹ ਇਕ ਗੱਲ ਜਾਣਦੇ ਨੇ, ਜਿਸ ਤਰੀਕੇ ਨਾਲ ਸਟੇਟ ਮਸ਼ੀਨਰੀ ਨੂੰ ਲਾਮਬੰਦ ਕਰਦੇ ਹਨ, ਉਹ ਜਨਤਾ ਵਿਚ ਜਾ ਕੇ ਜਨਤਾ ਨੂੰ ਲਾਮਬੰਦ ਨਹੀਂ ਕਰ ਸਕਦੇ। ਪਿਛਲੇ ਦਸ ਦਿਨਾਂ ਵਿਚ, ਮੀਡੀਆ ਵਲੋਂ ਐਨਾ ਪ੍ਰਾਪੇਗੰਡਾ ਕਰਨ ਤੋਂ ਬਾਅਦ, ਇਸ ਤਰੀਕੇ ਨਾਲ ਮੀਡੀਆ ਟਰਾਇਲ ਕਰਨ ਤੋਂ ਬਾਅਦ, ਅੰਦਰੋਂ ਦੇਸ਼ ਭਗਤੀ ਨੂੰ ਜਗਾਉਣ ਦੀ ਕੋਸ਼ਿਸ਼ ਕਰਨ ਤੋਂ ਬਾਅਦ ਵੀ, ਜੋ ਕੁਝ ਦਿਨ ਪਹਿਲਾਂ ਤਕ ਸੁੱਤੀ ਹੋਈ ਸੀ, ਸੜਕਾਂ ਉਪਰ ਜਿੰਨੇ ਪ੍ਰਦਰਸ਼ਨ ਹੋਏ ਹਨ, ਕੁਝ ਤਾਦਾਦ (ਹੀ) ਹੈ ਇਨ੍ਹਾਂ ਦੀ। ਬਹੁਤ ਥੋੜ੍ਹੇ ਕੁਝ ਮੁੱਠੀ ਭਰ ਲੋਕ ਨੇ ਇਹ। ਤੇ ਇਧਰ ਪੰਦਰਾਂ-ਪੰਦਰਾਂ ਹਜ਼ਾਰ ਲੋਕ ਜੁੜੇ ਹਨ (18 ਫਰਵਰੀ ਨੂੰ ਜੇæਐੱਨæਯੂæ ਨਾਲ ਇਕਮੁੱਠਤਾ ਪ੍ਰਗਟਾਉਂਦਾ ਜਲੂਸ)। ਕੁਝ ਦਿਨ ਪਹਿਲਾਂ ਮੈਂ ਦੇਖ ਰਿਹਾ ਸੀ, ਜਦੋਂ ਰਾਹੁਲ ਗਾਂਧੀ ਇਥੇ ਆਇਆ ਸੀ ਤੇ ਉਸ ਨੂੰ ਕਾਲਾ ਝੰਡਾ ਦਿਖਾਇਆ ਗਿਆ, ਇਹੀ ‘ਜ਼ੀ ਨਿਊਜ਼’ ਕਹਿ ਰਿਹਾ ਸੀ- ਦੇਖੋæææ ਵਿਦਿਆਰਥੀ ਵੰਡੇ ਗਏ ਹਨ। ਅੱਧੇ ਉਸ ਪਾਸੇ ਹਨ, ਅੱਧੇ ਦੂਜੇ ਪਾਸੇ। ਬਾਅਦ ਵਿਚ ਪਤਾ ਲੱਗਿਆ ਕਿ ਉਧਰ ਦਸ-ਬਾਰਾਂ ਜਣੇ ਹੀ ਸਨ ਤੇ ਇਧਰ ਤਿੰਨ ਹਜ਼ਾਰ ਵਿਦਿਆਰਥੀ ਸਨ। ਐਸੇ ਤਰੀਕੇ ਨਾਲ ਝੂਠ ਬੋਲਣਾ, ਬੇਸ਼ਰਮੀ ਨਾਲ (ਤੱਥ) ਤੋੜ-ਮਰੋੜ ਕੇ ਪੇਸ਼ ਕਰਨਾ ਅਤੇ ਝੂਠ ਬੋਲਣਾ ਇਨ੍ਹਾਂ ਨੂੰ ਬਹੁਤ ਚੰਗੀ ਤਰ੍ਹਾਂ ਆਉਂਦਾ ਹੈ।
ਸਾਥੀਓ, ਇਕ ਗੱਲ ਸਾਨੂੰ ਸਮਝਣ ਦੀ ਜ਼ਰੂਰਤ ਹੈ। ਜਿਸ ਯੂਨੀਵਰਸਿਟੀ ਵਿਚ ਅਸੀਂ ਹਾਂ, ਜਿਸ ਯੂਨੀਵਰਸਿਟੀ ਵਿਚ ਵਿਦਿਆਰਥੀ ਅੰਦੋਲਨ ਨੇ ਸਾਨੂੰ ਇਹ ਜਾਚ ਸਿਖਾਈ ਹੈ ਕਿ ਜੇ ਇਕ ਯੂਨੀਵਰਸਿਟੀ ਵੱਖਰੇ ਵਿਚਾਰਾਂ ਦੀ ਇਜਾਜ਼ਤ ਨਹੀਂ ਦਿੰਦੀ ਤਾਂ ਇਹ ਜੇਲ੍ਹ ਬਣ ਜਾਂਦੀ ਹੈ। ਉਨ੍ਹਾਂ ਦੇ ਯੁਨੀਵਰਸਿਟੀਆਂ ਨੂੰ ਜੇਲ੍ਹਖ਼ਾਨੇ ਬਣਾਉਣ ਦੇ ਏਜੰਡੇ ਨੂੰ ਅਸੀਂ ਹਰਾ ਕੇ ਦਮ ਲਵਾਂਗੇ।
ਅਸੀਂ ਸਾਰੇ ਇਕਜੁੱੱਟ ਰਹਾਂਗੇ; ਕਿਸੇ ਨੂੰ ਸਾਨੂੰ, ਕਿਸੇ ਵੀ ਜਥੇਬੰਦੀ ਨੂੰ ਦਬਾਉਣ ਦੀ ਇਜਾਜ਼ਤ ਨਹੀਂ ਦਿਆਂਗੇ। ਸਾਡੇ ਵਿਚ ਮੱਤਭੇਦ ਹਨ, ਪਰ ਅਸੀਂ ਜਾਣਦੇ ਹਾਂ ਕਿ ਉਨ੍ਹਾਂ ਮੱਤਭੇਦਾਂ ਨੂੰ ਲੈ ਕੇ ਬਹਿਸ ਕਿਵੇਂ ਕਰਨੀ ਹੈ। ਸਾਥੀ ਆਸ਼ੂਤੋਸ਼ ਜਾਂ ਅਨੰਤ ਪ੍ਰਕਾਸ਼ ਦੀ ਜਥੇਬੰਦੀ ਜੇ ਕੋਈ ਪ੍ਰੋਗਰਾਮ ਕਰਦੀ ਹੈ, ਜਾਂ ਅਸੀਂ ਕੋਈ ਪ੍ਰੋਗਰਾਮ ਕਰੀਏ ਤਾਂ ਸਾਨੂੰ ਜ਼ਰੂਰਤ ਨਹੀਂ ਪੈਂਦੀ ਇਕ ਦੂਜੇ ਦੇ ਪ੍ਰੋਗਰਾਮ ਵਿਚ ਹੁੱਲੜਬਾਜ਼ੀ ਕਰਨ ਤੇ ਖ਼ਲਲ ਪਾਉਣ ਦੀ। ਚਾਹੇ ਅਸੀਂ ਇਕ ਦੂਜੇ ਦੇ ਖ਼ਿਲਾਫ਼ ਹੀ ਪ੍ਰੋਗਰਾਮ ਕਰ ਰਹੇ ਹੋਈਏ, ਕਿਉਂਕਿ ਅਸੀਂ ਜਾਣਦੇ ਹਾਂ ਕਿ ਲੋਕਾਂ ਵਿਚ ਕਿਵੇਂ ਜਾਣਾ ਹੈ। ਇਨ੍ਹਾਂ ਦੀਆਂ ਸਾਰੀਆਂ ਤਿਕੜਮਬਾਜ਼ੀਆਂ ਦੇ ਬਾਵਜੂਦ ਅਸੀਂ ਝੁਕਾਂਗੇ ਨਹੀਂ।
ਅੱਜ ਇਹ ਵੀ ਭਰਮ ਨਾ ਪਾਲੀਏ ਕਿ ਇਹ ਹਮਲਾ ਮਹਿਜ਼ ਯੂਨੀਵਰਸਿਟੀਆਂ ਉਪਰ ਹੈ। ਆਪਣੀ ਤਕਰੀਰ ਨੂੰ ਸਮੇਟਦਿਆਂ ਮੈਂ ਕਹਾਂਗਾ, ਪਿਛਲੇ ਦਸ ਦਿਨਾਂ ਵਿਚ ਦੇਸ਼ ਅੰਦਰ ਬਹੁਤ ਸਾਰੇ ਹਮਲੇ ਹੋਏ ਹਨ- ਚਾਹੇ ਹੌਂਡਾ ਮਜ਼ਦੂਰਾਂ ਉਪਰ ਹੋਵੇ, ਚਾਹੇ ਇਹ ਜਗਦਲਪੁਰ ਲੀਗਲ ਏਡ ਗਰੁੱਪ ਉਪਰ ਜਾਂ ਸੋਨੀ ਸੋਰੀ ਉਪਰ ਹੋਵੇ। ਸਾਨੂੰ ਇਨ੍ਹਾਂ ਸਾਰੇ ਸੰਘਰਸ਼ਾਂ ਨੂੰ ਇਕ ਲੜੀ ‘ਚ ਪਰੋਣਾ ਹੋਵੇਗਾ, ਇਨ੍ਹਾਂ ਸਾਰੀਆਂ ਲੜਾਈਆਂ ਨੂੰ ਜੋੜਨਾ ਹੋਵੇਗਾ, ਸਾਨੂੰ ਹਰ ਥਾਂ, ਦੱਬੇ-ਕੁਚਲਿਆਂ ਨਾਲ ਖੜ੍ਹਨਾ ਹੋਵੇਗਾ। ਤੇ ਸਾਨੂੰ ਜੇæਐੱਨæਯੂæ ਸਟੂਡੈਂਟਸ ਯੂਨੀਅਨ ਦੀ ਰਵਾਇਤ ਜ਼ਿੰਦਾ ਰੱਖਣੀ ਹੋਵੇਗੀ।æææ ਸ਼ੁਕਰੀਆ, ਇਨਕਲਾਬ ਜ਼ਿੰਦਾਬਾਦ!
000