ਕਾਠ ਦੀ ਕਵਿਤਾ

ਜਗਜੀਤ ਸਿੰਘ ਸੇਖੋਂ
ਰੂਸ ਦੀ ਰਾਜਧਾਨੀ ਮਾਸਕੋ ਤੋਂ ਤਕਰੀਬਨ 500 ਕਿਲੋਮੀਟਰ ਦੂਰ ਕੋਜ਼ਨੀ ਕਸਬੇ ਵਿਚ ਰਹਿੰਦਾ ਕਲਾਕਾਰ ਸਰਗੇਈ ਬੁਬਕੋਵ ਦੀ ਕਲਾ ਦੀਆਂ ਧੁੰਮਾਂ ਦੂਰ-ਦੂਰ ਤੱਕ ਪਈਆਂ ਹੋਈਆਂ ਹਨ। ਉਹ ਚੀਲ ਦੇ ਦਰੱਖਤਾਂ ਤੋਂ ਅਜਿਹੀਆਂ ਕਲਾਕ੍ਰਿਤੀਆਂ ਸਿਰਜਦਾ ਹੈ ਕਿ ਦੇਖਣ ਵਾਲੇ ਦੰਗ ਰਹਿ ਜਾਂਦੇ ਹਨ। ਇਸ ਕਲਾ ਨੂੰ ਉਹ ਇੰਨੇ ਮਹੀਨ ਰੂਪ ਵਿਚ ਪੇਸ਼ ਕਰਦਾ ਹੈ ਕਿ ਇਹ ਕਲਾਕ੍ਰਿਤੀਆਂ ਸੱਚਮੁੱਚ ਜਿਉਂਦੀਆਂ-ਜਾਗਦੀਆਂ ਜਾਪਦੀਆਂ ਹਨ।

ਇਨ੍ਹਾਂ ਕਲਾਕ੍ਰਿਤਾਂ ਦੀ ਸਮੁੱਚੀ ਤਕਨੀਕ ਉਸ ਨੇ ਆਪ ਤਿਆਰ ਕੀਤੀ ਹੈ। ਕੋਈ ਵੀ ਕਲਾਕ੍ਰਿਤੀ ਤਿਆਰ ਕਰਨ ਲਈ ਉਹ ਸਭ ਤੋਂ ਪਹਿਲਾਂ ਲੱਕੜ ਤੋਂ ਚਿੱਪਾਂ ਛਿਲਦਾ ਹੈ। ਇਹ ਚਿੱਪਾਂ ਆਮ ਕਰ ਕੇ 2 ਤੋਂ 3 ਇੰਚ ਲੰਮੀਆਂ ਹੁੰਦੀਆਂ ਹਨ। ਫਿਰ ਇਨ੍ਹਾਂ ਨੂੰ ਕਈ ਦਿਨਾਂ ਤੱਕ ਪਾਣੀ ਵਿਚ ਭਿਓਂ ਕੇ ਰੱਖਿਆ ਜਾਂਦਾ ਹੈ। ਇਸ ਤੋਂ ਬਾਅਦ ਫਿਰ ਇਨ੍ਹਾਂ ਨੂੰ ਲੋੜ ਮੁਤਾਬਕ ਆਕਾਰ ਦਿੱਤਾ ਜਾ ਸਕਦਾ ਹੈ!
ਸਰਗੇਈ ਬੁਬਕੋਵ ਇਸ ਅਨੋਖੇ ਕੰਮ ਵਿਚ ਪਿਛਲੇ ਕਈ ਸਾਲਾਂ ਤੋਂ ਲੱਗਿਆ ਹੋਇਆ ਹੈ, ਪਰ ਉਸ ਨੇ ਅਜੇ ਤੱਕ ਸਿਰਫ਼ 11 ਕਲਾਕ੍ਰਿਤੀਆਂ ਹੀ ਤਿਆਰ ਕੀਤੀਆਂ ਹਨ। ਉਹ ਦੱਸਦਾ ਹੈ ਕਿ ਇਕ ਕਲਾਕ੍ਰਿਤੀ ਤਿਆਰ ਕਰਨ ਲਈ ਉਸ ਨੂੰ ਤਕਰੀਬਨ 6 ਮਹੀਨੇ ਲੱਗ ਜਾਂਦੇ ਹਨ ਅਤੇ ਰੋਜ਼ 10 ਤੋਂ 12 ਘੰਟੇ ਕੰਮ ਕਰਨਾ ਪੈਂਦਾ ਹੈ। ਇਕ ਵੀ ਦਿਨ ਛੁੱਟੀ ਵਾਲਾ ਨਹੀਂ ਲੰਘਦਾ। ਸਰਗੇਈ ਬੁਬਕੋਵ ਮੁੱਖ ਰੂਪ ਵਿਚ ਜੰਗਲੀ ਜੀਵ-ਜੰਤੂਆਂ ਦੀਆਂ ਕਲਾਕ੍ਰਿਤੀਆਂ ਹੀ ਬਣਾਉਂਦਾ ਹੈ। ਕਲਾਕ੍ਰਿਤੀ ਸ਼ੁਰੂ ਕਰਨ ਤੋਂ ਪਹਿਲਾਂ ਉਹ ਸਬੰਧਤ ਜੀਵ-ਜੰਤੂ ਬਾਰੇ ਖੂਬ ਪੜ੍ਹਦਾ ਹੈ, ਇਨ੍ਹਾਂ ਦੀਆਂ ਆਦਤਾਂ ਅਤੇ ਖਾਣ-ਪੀਣ ਬਾਰੇ ਪਤਾ ਲਗਾਉਂਦਾ ਹੈ। ਇਹ ਕੰਮ ਮਹੀਨਿਆਂ ਬੱਧੀ ਚੱਲਦਾ ਹੈ। ਫਿਰ ਕਿਤੇ ਜਾ ਕੇ ਕਲਾਕ੍ਰਿਤੀ ਦਾ ਮੁੱਢ ਬੱਝਣਾ ਸ਼ੁਰੂ ਹੁੰਦਾ ਹੈ। ਕੁਝ ਲੋਕ ਸਰਗੇਈ ਬੁਬਕੋਵ ਦੀ ਕਲਾ ਨੂੰ ਟੈਕਸੀਡਰਮੀ (ਖੱਲਾਂ ਮੜ੍ਹਨ ਜਾਂ ਭਰਨ ਨਾਲ ਸਬੰਧਤ ਕੰਮ) ਨਾਲ ਜੋੜਦੇ ਹਨ, ਪਰ ਸਰਗੇਈ ਦਾ ਕਹਿਣਾ ਹੈ ਕਿ ਟੈਕਸੀਡਰਮੀ ਅਤੇ ਉਸ ਦੀ ਕਲਾ ਵਿਚਕਾਰ ਜ਼ਮੀਨ ਆਸਮਾਨ ਜਿੰਨਾ ਫਰਕ ਹੈ। ਟੈਕਸੀਡਰਮੀ ਮੌਤ ਨਾਲ ਸਬੰਧਤ ਹੈ, ਪਰ ਉਸ ਦੀਆਂ ਕਲਾਕ੍ਰਿਤਾਂ ਜੀਵਨ ਨਾਲ ਜੁੜੀਆਂ ਹੋਈਆਂ ਹਨ। ਉਸ ਦੀਆਂ ਕਲਾਕ੍ਰਿਤਾਂ ਵਿਚ ਉੱਲੂ, ਕਾਟੋ ਆਦਿ ਜੀਵ-ਜੰਤੂ ਸਭ ਸ਼ਾਮਲ ਹਨ। ਉਸ ਨੂੰ ਇਨ੍ਹਾਂ ਕਲਾਕ੍ਰਿਤੀਆਂ ਦਾ ਖਿਆਲ ਕੁਦਰਤ ਨਾਲ ਪਿਆਰ ਵਿਚੋਂ ਹੀ ਆਇਆ ਅਤੇ ਉਸ ਨੇ ਕੁਦਰਤ ਦੀ ਅਜਿਹੀ ਕਵਿਤਾ ਸਿਰਜੀ ਜਿਹੜੀ ਕਾਠ ਦੀ ਹੋਣ ਦੇ ਬਾਵਜੂਦ ਜੀਵਨ ਦੀ ਗੱਲ ਕਰਦੀ ਹੈ। ਹਰ ਕਲਾਕ੍ਰਿਤ ਲਈ ਉਹ ਕਚਰੇ ਤੋਂ ਸ਼ੁਰੂਆਤ ਕਰਦਾ ਹੈ ਤੇ ਇਹ ਕਚਰਾ ਕਲਾ ਵਿਚ ਵਟਦਾ ਜਾਂਦਾ ਹੈ। ਇਹ ਅਮਲ ਸਰਗੇਈ ਬੁਬਕੋਵ ਨੂੰ ਦਿਲਚਸਪ ਲਗਦਾ ਹੈ। ਇਸੇ ਕਰ ਕੇ ਉਸ ਦੀ ਦਿਲਚਸਪੀ ਲਗਾਤਾਰ ਵਧਦੀ ਜਾਂਦੀ ਹੈ।