ਪਿਛਲੇ ਕੁਝ ਸਾਲਾਂ ਤੋਂ ਇਕ ਠੱਗੀ ਦਾ ਬੜੇ ਲੋਕ ਸ਼ਿਕਾਰ ਹੋਏ ਹਨ ਜਦੋਂ ਕੋਈ ਵਿਅਕਤੀ ਫੋਨ ‘ਤੇ ਆਖਦਾ ਕਿ ਉਹ ਆਈ ਆਰ ਐਸ ਤੋਂ ਬੋਲ ਰਿਹਾ ਹੈ ਅਤੇ ਤੁਸੀਂ ਪਿਛਲੇ ਕੁਝ ਸਾਲਾਂ ਵਿਚ ਸਹੀ ਟੈਕਸ ਨਹੀਂ ਤਾਰਿਆ, ਇੰਨੇ ਡਾਲਰ ਤੁਰੰਤ ਵੈਸਟਰਨ ਯੂਨੀਅਨ ਰਾਹੀਂ ਜਮ੍ਹਾਂ ਕਰਵਾਉ, ਨਹੀਂ ਤਾਂ ਤੁਹਾਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ। ਆਪਣੇ ਆਪ ਨੂੰ ਸਹੀ ਦੱਸਣ ਵਾਸਤੇ ਫੋਨ ਕਰਨ ਵਾਲਾ ਲਾਈਨ ਉਤੇ ਕਿਸੇ ਪੁਲਿਸ ਅਫਸਰ ਨੂੰ ਵੀ ਲੈ ਆਉਂਦਾ। ਕਈ ਲੋਕ ਭੋਲੇਭਾਅ ਹੀ ਇਸ ਠੱਗੀ ਦਾ ਸ਼ਿਕਾਰ ਹੋ ਗਏ। ਬਹੁਤੀ ਵਾਰ ਫੋਨ ਕਰਨ ਵਾਲਾ ਹਿੰਦੀ ਹੀ ਬੋਲਦਾ।
ਇਨ੍ਹੀਂ ਦਿਨੀਂ ਇਕ ਨਵੀਂ ਠੱਗੀ ਡਿਸ਼ ਨੈਟਵਰਕ ਦੇ ਨਾਂ ‘ਤੇ ਚਲਾਈ ਜਾ ਰਹੀ ਹੈ ਜਿਸ ਦਾ ਮੈਂ ਸ਼ਿਕਾਰ ਹੋ ਚੁਕਾ ਹਾਂ। ਮੈਂ ਇਹ ਖਤ ਇਸ ਕਰ ਕੇ ਲਿਖ ਰਿਹਾ ਹਾਂ ਤਾਂ ਜੋ ਮੇਰੇ ਵਾਂਗ ਹੋਰ ਲੋਕ ਠੱਗੀ ਦਾ ਸ਼ਿਕਾਰ ਨਾ ਹੋ ਜਾਣ।
ਅਮਰੀਕਾ ਵਿਚ ਰਹਿੰਦੇ ਹੋਰ ਬਹੁਤ ਸਾਰੇ ਪਰਵਾਸੀਆਂ ਵਾਂਗ ਮੈਂ ਵੀ ਕਈ ਸਾਲਾਂ ਤੋਂ ਡਿਸ਼ ਨੈਟਵਰਕ ਦਾ ਕਸਟਮਰ ਸਾਂ। ਕੋਈ ਚਾਰ ਸਾਲ ਪਹਿਲਾਂ ਮੈਨੂੰ ਮੁੜ ਮੁੜ ਕਾਲਾਂ ਆਉਣ ਲੱਗੀਆਂ ਕਿ ਅਸੀਂ ਤੁਹਾਡਾ ਡਿਸ਼ ਦਾ ਬਿਲ 50 ਡਾਲਰ ਮਹੀਨਾ ਘਟਾ ਸਕਦੇ ਹਾਂ। ਪਹਿਲਾਂ ਤਾਂ ਮੈਂ ਇਨ੍ਹਾਂ ਕਾਲਾਂ ਨੂੰ ਨਜ਼ਰ ਅੰਦਾਜ਼ ਕਰਦਾ ਰਿਹਾ। ਪਰ ਕਿਉਂਕਿ ਉਹ ਹਿੰਦੀ ਬੋਲਦਾ ਸੀ, ਅਖੀਰ ਫੈਸਲਾ ਕਰ ਲਿਆ ਕਿ ਚਲੋ ਦੇਖੋ ਤਾਂ ਸਹੀ ਕਹਿੰਦਾ ਕੀ ਹੈ? ਉਸ ਨੇ ਮੇਰੇ ਤੋਂ ਕੁਝ ਜਾਣਕਾਰੀ ਮੰਗੀ ਅਤੇ ਮੈਂ ਭੋਲੇਭਾਅ ਦੇ ਵੀ ਦਿੱਤੀ। ਕਰੀਬ 5 ਮਹੀਨੇ ਬਾਅਦ ਉਨ੍ਹਾਂ ਕੈਲੀਫੋਰਨੀਆ ਵਿਚ ਡਿਸ਼ ਸਰਵਿਸ ਸ਼ੁਰੂ ਵੀ ਕਰ ਦਿੱਤੀ ਅਤੇ ਮੇਰੇ ਖਾਤੇ ਵਿਚੋਂ 400 ਡਾਲਰ ਕਢਾ ਲਏ। ਮੈਂ ਇਲੀਨਾਏ ਰਹਿੰਦਾ ਹਾਂ, ਸੋ ਮੈਂ ਕੈਲੀਫੋਰਨੀਆ ਵਿਚ ਸਰਵਿਸ ਕੀ ਕਰਨੀ ਸੀ? ਮੈਂ ਆਪਣੇ ਬੈਂਕ ਨਾਲ ਸੰਪਰਕ ਕੀਤਾ ਅਤੇ ਪੈਸੇ ਕਢਾਉਣ ਵਾਲੀ ਫਰਮ ਖਾਨ ਸੈਟੇਲਾਈਟ ਨੂੰ ਅੱਗੋਂ ਭੁਗਤਾਨ ਰੋਕਣ ਲਈ ਆਖ ਦਿੱਤਾ ਪਰ ਡਿਸ਼ ਨੈਟਵਰਕ ਨੇ ਇਹ ਆਖ ਕੇ ਮੇਰੇ ਪੈਸੇ ਮੋੜਨ ਤੋਂ ਮਨ੍ਹਾਂ ਕਰ ਦਿੱਤਾ ਕਿ ਮੈਂ ਸਰਵਿਸ ਦਾ ਆਰਡਰ ਦਿੱਤਾ ਸੀ। ਉਨ੍ਹਾਂ ਮੈਨੂੰ ਕੰਟਰੈਕਟ ਦੀ ਕਾਪੀ ਵੀ ਭੇਜ ਦਿੱਤੀ, ਜੋ ਮੇਰੇ ਨਾਂ ਨਹੀਂ ਸਗੋਂ ਸੰਜੀਵ ਕੁਮਾਰ ਨਾਂ ਦੇ ਕਿਸੇ ਬੰਦੇ ਦੇ ਨਾਂ ਸੀ। ਮੈਂ ਆਪਣੀ ਲੀਗਲ ਸ਼ੀਲਡ ਦੇ ਵਕੀਲ ਨਾਲ ਸੰਪਰਕ ਕੀਤਾ ਜਿਸ ਨੇ ਡਿਸ਼ ਨੈਟਵਰਕ ਨੂੰ ਇਕ ਪੱਤਰ ਲਿਖਿਆ ਅਤੇ ਤਿੰਨ ਦਿਨ ਪਿਛੋਂ ਪੈਸੇ ਮੇਰੇ ਖਾਤੇ ਵਿਚ ਵਾਪਸ ਆ ਗਏ।
ਪਿਛਲੇ ਸਾਲ ਅਨੰਦ ਨਾਂ ਦੇ ਕਿਸੇ ਵਿਅਕਤੀ ਨੇ ਮੈਨੂੰ ਹਰ ਹਫਤੇ ਕਾਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਅਖੀਰ ਮੈਂ ਉਸ ਦੀ ਗੱਲ ਸੁਣੀ ਅਤੇ ਉਸ ਨੇ ਕਿਹਾ ਕਿ ਉਹ ਡਿਸ਼ ਦਾ ਬਿਲ 50 ਡਾਲਰ ਮਹੀਨਾ ਘਟਾ ਸਕਦਾ ਹੈ ਅਤੇ ਮੈਨੂੰ 350 ਡਾਲਰ ਪਹਿਲਾਂ ਹੋਮ ਡਿਸ਼ ਨੈਟਵਰਕ ਕੋਲ ਜਮ੍ਹਾਂ ਕਰਵਾਉਣ ਲਈ ਕਿਹਾ ਤੇ ਉਸ ਵਿਚੋਂ ਉਹ ਹਰ ਮਹੀਨੇ ਡਿਸ਼ ਨੈਟਵਰਕ ਨੂੰ ਅਦਾਇਗੀ ਕਰਦਾ ਰਹੇਗਾ। ਮੈਂ ਇਸੇ ਦੌਰਾਨ ਇੰਡੀਆ ਚਲੇ ਗਿਆ ਅਤੇ ਜਦੋਂ ਜਨਵਰੀ ਮਹੀਨੇ ਮੁੜ ਕੇ ਆਇਆ ਤਾਂ ਵੇਖਿਆ ਕਿ ਕਿਸੇ ਜੇæ ਪਟੇਲ ਨਾਂ ਦੇ ਵਿਅਕਤੀ ਵਲੋਂ ਹਰ ਮਹੀਨੇ ਮੇਰੇ ਬੈਂਕ ਖਾਤੇ ਵਿਚੋਂ 352 ਡਾਲਰ ਕਢਾਏ ਜਾਂਦੇ ਰਹੇ ਹਨ। ਮੈਨੂੰ ਆਪਣਾ ਡਿਸ਼ ਨੈਟਵਰਕ ਕੈਂਸਲ ਕਰਵਾਉਣਾ ਪਿਆ। ਹੁਣ ਮੈਂ ਪੱਕਾ ਫੈਸਲਾ ਕਰ ਲਿਆ ਹੈ ਕਿ ਆਪਣੇ ਇਨ੍ਹਾਂ ਦੋ ਦੇਸੀ ਭਰਾਵਾਂ ਕਰਕੇ ਮੁੜ ਕਦੀ ਡਿਸ਼ ਨੈਟਵਰਕ ਨਹੀਂ ਲਵਾਵਾਂਗਾ। ਮੇਰੀ ਸਭ ਨੂੰ ਸਲਾਹ ਹੈ ਕਿ ਅਜਿਹੇ ਫੋਨ ਆਉਣ ਵੇਲੇ ਆਪਣੀ ਜਾਣਕਾਰੀ ਦੇਣ ਤੋਂ ਪਹਿਲਾਂ ਸਾਰੀ ਪੁੱਛ ਪੜਤਾਲ ਕਰ ਲਈ ਜਾਵੇ।
-ਠਾਕਰ ਸਿੰਘ ਬਸਾਤੀ
ਫੋਨ: 847-736-6092