ਭਾਰਤੀ ਫੌਜ ਦੀਆਂ ਬੜ੍ਹਕਾਂ ਨੇ ਬਲਦੀ ਉਤੇ ਤੇਲ ਪਾਇਆ
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਭਾਰਤ ਅਤੇ ਪਾਕਿਸਤਾਨ ਵਿਚਾਲੇ ਇਕ ਵਾਰ ਫਿਰ ਤਣਾਅ ਦਾ ਮਾਹੌਲ ਬਣ ਗਿਆ ਹੈ ਜਿਸ ਨੇ ਪਿਛਲੇ ਦਹਾਕੇ ਦੌਰਾਨ ਰਿਸ਼ਤਿਆਂ ਵਿਚ ਆਇਆ ਨਿੱਘ ਠਾਰ ਦਿੱਤਾ ਹੈ। ਦੋਵਾਂ ਮੁਲਕਾਂ ਦੀ ਲੋਕ ਸੁਧਰ ਰਹੇ ਰਿਸ਼ਤਿਆਂ ਤੋਂ ਕਾਫੀ ਖੁਸ਼ ਸਨ ਅਤੇ ਕਾਰੋਬਾਰ ਵਿਚ ਵੀ ਨਵੀਂ ਪੈੜਾਂ ਪੈਣ ਦੇ ਆਸਾਰ ਬਣ ਰਹੇ ਸਨ, ਪਰ ਆਚਨਕ ਸਿਆਸੀ ਅਤੇ ਫੌਜੀ ਰਣਨੀਤੀ ਨੇ ਅਜਿਹਾ ਪਲਟਾ ਮਾਰਿਆ ਕਿ ਲੰਮੀਆਂ ਕੋਸ਼ਿਸ਼ਾਂ ਤੋਂ ਬਾਅਦ ਲੀਹੇ ਚੜ੍ਹੀ ਸ਼ਾਂਤੀ ਦੀ ਪ੍ਰਕਿਰਿਆ ‘ਤੇ ਇਕ ਵਾਰ ਫਿਰ ਸਵਾਲੀਆ ਚਿੰਨ੍ਹ ਲੱਗ ਗਿਆ ਹੈ। ਇਕ ਵਾਰ ਫਿਰ ‘ਫੌਜੀ ਗੁਸਤਾਖੀ’ ਨੇ ਦੋਵਾਂ ਗੁਆਂਢੀ ਮੁਲਕਾਂ ਨੂੰ ਦੂਰ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਸਰਹੱਦ ‘ਤੇ ਪਾਕਿਸਤਾਨੀ ਸੈਨਿਕਾਂ ਨੇ ਦੋ ਭਾਰਤੀ ਜਵਾਨਾਂ ਦੀ ਹੱਤਿਆ ਕਰ ਦਿੱਤੀ ਸੀ। ਇਨ੍ਹਾਂ ਵਿਚੋਂ ਇਕ ਜਵਾਨ ਦਾ ਤਾਂ ਸਿਰ ਹੀ ਨਹੀਂ ਲੱਭਾ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਦੀਆਂ ਫੌਜਾਂ ਵੱਲੋਂ ਸਰਹੱਦ ‘ਤੇ ਲਗਾਤਾਰ ਗੋਲੀਬੰਦੀ ਦੀ ਉਲੰਘਣਾ ਕੀਤੀ ਗਈ ਅਤੇ ਤਿੱਖੇ ਬਿਆਨ ਦਾਗੇ ਗਏ ਪਰ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਹਰਕਤ ਵਿਚ ਨਾ ਆਈਆਂ। ਪਾਕਿਸਤਾਨ ਸਰਕਾਰ ਨੇ ਤਾਂ ਕਈ ਦਿਨ ਚੁੱਪ ਹੀ ਵੱਟੀ ਰੱਖੀ। ਭਾਰਤ ਨੇ ਵੀ ਫੌਜੀ ਜਰਨੈਲਾਂ ਨੂੰ ਤਿੱਖੀਆਂ ਟਿੱਪਣੀਆਂ ਕਰਨ ਤੋਂ ਨਾ ਵਰਜਿਆ।
ਇਸ ਸਭ ਕਾਸੇ ਦੌਰਾਨ ਪਾਕਿਸਤਾਨ ਪ੍ਰਤੀ ਕੱਟੜ ਭਾਵਨਾ ਰੱਖਣ ਵਾਲੀ ਭਾਜਪਾ ਨੇ ਇਸ ਮਾਮਲੇ ਨੂੰ ਜ਼ੋਰ-ਸ਼ੋਰ ਨਾਲ ਉਭਾਰਿਆ ਤੇ ਇਸ ਨੂੰ ਭਾਰਤ ਸਰਕਾਰ ਦੀ ਬੁਜ਼ਦਿਲੀ ਵਜੋਂ ਪੇਸ਼ ਕੀਤਾ। ਇਸ ਪ੍ਰਚਾਰ ਕਰ ਕੇ ਆਖ਼ਰ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਨੇ ਪਾਕਿਸਤਾਨ ਨੂੰ ਸਖ਼ਤ ਲਹਿਜ਼ੇ ਵਿਚ ਕਹਿ ਹੀ ਦਿੱਤਾ ਕਿ ਕੰਟਰੋਲ ਰੇਖਾ ਉਪਰ ਭਾਰਤੀ ਫੌਜੀ ਦਾ ਸਿਰ ਕਲਮ ਕਰਨ ਮਗਰੋਂ ਸਭ ਕੁਝ ਆਮ ਵਾਂਗ ਨਹੀਂ ਰਹਿ ਸਕਦਾ। ਇਸ ਦੇ ਨਾਲ ਹੀ ਭਾਰਤ ਨੇ ਸਖ਼ਤ ਰੁਖ ਅਖਿਤਿਆਰ ਕਰਦਿਆਂ ਪਾਕਿਸਤਾਨ ਦੇ ਸੀਨੀਅਰ ਸਿਟੀਜ਼ਨਾਂ ਨੂੰ ਮੌਕੇ ‘ਤੇ ਹੀ ਵੀਜ਼ੇ ਦੀ ਸਹੂਲਤ ਦੇ ਅਮਲ ਉਪਰ ਰੋਕ ਲਾ ਦਿੱਤੀ ਹੈ। ਪਾਕਿਸਤਾਨ ਦੇ 65 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ ਮੌਕੇ ‘ਤੇ ਵੀਜ਼ਾ ਦੇਣ ਦੀ ਸਹੂਲਤ ਅਟਾਰੀ ਚੈਕ ਪੋਸਟ ‘ਤੇ ਸ਼ੁਰੂ ਹੋਈ ਹੈ। ਦੋਵਾਂ ਮੁਲਕਾਂ ਵਿਚਾਲੇ ਵੀਜ਼ਾ ਸਮਝੌਤਾ ਸਤੰਬਰ 2012 ਵਿਚ ਹੋਇਆ ਸੀ। ਇਸ ਤੋਂ ਇਲਾਵਾ ਹਾਕੀ ਇੰਡੀਆ ਲੀਗ ਵਿਚ ਖੇਡਣ ਆਏ ਨੌਂ ਪਾਕਿਸਤਾਨੀ ਖਿਡਾਰੀਆਂ ਨੂੰ ਵਾਪਸ ਭੇਜ ਦਿੱਤਾ ਗਿਆ।
ਇਸ ਤੋਂ ਪਹਿਲਾਂ ਥਲ ਸੈਨਾ ਮੁਖੀ ਜਨਰਲ ਬਿਕਰਮ ਸਿੰਘ ਨੇ ਪਾਕਿਸਤਾਨ ਨੂੰ ਸਪਸ਼ਟ ਚਿਤਾਵਨੀ ਦਿੱਤੀ ਕਿ ਭਾਰਤ ਨੂੰ ਇਸ ਵਹਿਸ਼ੀ ਕਾਰਵਾਈ ਦਾ ਬਦਲਾ ਲੈਣ ਦਾ ਪੂਰਾ ਹੱਕ ਹੈ ਅਤੇ ਭਾਰਤ ਆਪਣੀ ਮਰਜ਼ੀ ਮੁਤਾਬਕ ਢੁਕਵੇਂ ਸਮੇਂ ਅਤੇ ਸਥਾਨ ‘ਤੇ ਇਸ ਦਾ ਬਦਲਾ ਲਵੇਗਾ। ਜਨਰਲ ਬਿਕਰਮ ਸਿੰਘ ਨੇ ਕਿਹਾ ਕਿ ਜਵਾਨਾਂ ਦੇ ਸਿਰ ਕੱਟਣੇ ‘ਨਾ-ਸਵੀਕਾਰਯੋਗ’ ਤੇ ‘ਨਾ-ਮੁਆਫੀਯੋਗ’ ਹੈ ਤੇ ਜੇ ਭੜਕਾਹਟ ਪੈਦਾ ਕੀਤੀ ਗਈ ਤਾਂ ਜਵਾਨ ਇਸ ਦਾ ਤੁਰੰਤ ਹਮਲਾਵਰ ਹੋ ਕੇ ਜ਼ਬਰਦਸਤ ਜਵਾਬ ਦੇਣਗੇ। ਪਹਿਲਾਂ ਤੋਂ ਹੀ ਸੋਚੀ-ਸਮਝੀ ਸਾਜ਼ਿਸ਼ ਨੂੰ ਜਾਇਜ਼ ਠਹਿਰਾਉਣ ਲਈ ਪਾਕਿਸਤਾਨ ਵੱਲੋਂ ਬੋਲੇ ਜਾ ਰਹੇ ਕੋਰੇ ਝੂਠ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਹਮਲਾ ਪਾਕਿਸਤਾਨ ਦੇ ਕਮਾਂਡੋ ਯੂਨਿਟ ਐਸ਼ਐਸ਼ਜੀæ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਇਸ ਹਮਲੇ ਵਿਚ ਪਾਕਿਸਤਾਨੀ ਸੈਨਾ ਦੀ ਲਸ਼ਕਰ-ਏ-ਤੋਇਬਾ ਵੱਲੋਂ ਸਹਾਇਤਾ ਕੀਤੇ ਜਾਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ।
ਪਾਕਿਸਤਾਨ ਵੱਲੋਂ ਕੀਤੇ ਗਏ ਇਸ ਹਮਲੇ ਵਿਚ ਭਾਰਤ ਦੇ ਦੋ ਜਵਾਨ ਮਾਰੇ ਗਏ ਸਨ ਅਤੇ ਇਨ੍ਹਾਂ ਵਿਚੋਂ ਇਕ ਜਵਾਨ ਦਾ ਪਾਕਿਸਤਾਨੀ ਸਿਰ ਲਾਹ ਕੇ ਲੈ ਗਏ ਸਨ। ਉਨ੍ਹਾਂ ਕਿਹਾ ਕਿ ਲਾਂਸ ਨਾਇਕ ਹੇਮਰਾਜ ਦਾ ਸਿਰ ਲਾਹੁਣਾ ਸਿਰੇ ਦੀ ਵਹਿਸ਼ੀ ਕਾਰਵਾਈ ਹੈ। ਇਸ ਲਈ ਕੋਈ ਦਲੀਲ ਨਹੀਂ ਮੰਨੀ ਜਾ ਸਕਦੀ ਤੇ ਇਹ ਫਰਜ਼ ਨਿਭਾਉਣ ਦੇ ਅਸੂਲਾਂ ਦੇ ਵੀ ਉਲਟ ਹੈ।
ਉਧਰ, ਸਿਰ ਤੋਂ ਪਾਣੀ ਲੰਘਦਾ ਵੇਖ ਪਾਕਿਸਤਾਨ ਨੇ ਕਿਹਾ ਕਿ ਉਹ ਕੰਟਰੋਲ ਰੇਖਾ ‘ਤੇ ਪਹਿਲਾਂ ਹੀ ਬਣੀ ਤਣਾਅ ਪੂਰਨ ਸਥਿਤੀ ਨੂੰ ਹੋਰ ਖ਼ਰਾਬ ਕਰਨ ਦੇ ਹੱਕ ਵਿਚ ਨਹੀਂ। ਉਂਜ, ਪਾਕਿਸਤਾਨ ਦੀ ਇਹ ਟਿੱਪਣੀ ਕਾਫੀ ਦੇਰ ਬਾਅਦ ਆਈ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੌਜ਼ਮ ਖਾਨ ਨੇ ਇਹ ਬਿਆਨ ਭਾਰਤੀ ਫੌਜ ਦੇ ਮੁਖੀ ਜਨਰਲ ਬਿਕਰਮ ਸਿੰਘ ਵੱਲੋਂ ਜੰਗਬੰਦੀ ਉਲੰਘਣਾ ਸਬੰਧੀ ਦਿੱਤੇ ਬਿਆਨ ਦੇ ਸੰਦਰਭ ਵਿਚ ਦਿੱਤਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਭਾਰਤ ਨਾਲ ਅਮਨ ਪ੍ਰਕਿਰਿਆ ਦੀ ਮਹੱਤਤਾ ਨੂੰ ਸਮਝਦਾ ਹੈ ਤੇ ਕੰਟਰੋਲ ਰੇਖਾ ‘ਤੇ ਜੰਗਬੰਦੀ ਦੀ ਉਲੰਘਣਾ ਦੇ ਸਾਰੇ ਮੁੱਦਿਆਂ ਨੂੰ ਮੰਨਣਯੋਗ ਢਾਂਚੇ ਤਹਿਤ ਸੁਲਝਾਉਣ ਲਈ ਵਚਨਬੱਧ ਹੈ। ਪਾਕਿ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਪਾਕਿਸਤਾਨ ਭਾਰਤ ਨਾਲ ਗੱਲਬਾਤ ਦੇ ਅਮਲ ਨੂੰ ਸਹੀ ਢੰਗ ਨਾਲ ਸੁਲਝਾਉਣ ਦੇ ਹੱਕ ਵਿਚ ਹੈ।
______________________________
ਮੀਡੀਆ ਨੇ ਲਾਜ ਰੱਖੀ
ਨਵੀਂ ਦਿੱਲੀ (ਪੰਜਾਬ ਟਾਈਮਜ਼ ਬਿਊਰੋ): ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਮੁੱਖ ਵਿਰੋਧੀ ਧਿਰ ਭਾਰਤੀ ਜਨਤਾ ਪਾਰਟੀ ਅਤੇ ਭਾਰਤੀ ਫੌਜ ਮੁਖੀ ਜਨਰਲ ਬਿਕਰਮ ਸਿੰਘ ਜਦੋਂ ਪਾਕਿਸਤਾਨ ਖਿਲਾਫ ਬੜ੍ਹਕਾਂ ਮਾਰ ਰਹੇ ਹਨ, ਤਾਂ ਭਾਰਤ ਦੀਆਂ ਮੁੱਖ ਕੌਮੀ ਅਖਬਾਰਾਂ ਨੇ ਅਜਿਹੀ ਜੰਗਬਾਜ਼ ਪਹੁੰਚ ਬਾਰੇ ਖਬਰਦਾਰ ਕਰਦਿਆਂ ਟਿੱਪਣੀਆਂ ਕੀਤੀਆਂ ਹਨ ਕਿ ਇਹ ਸਾਰਾ ਕੁਝ ਬਲਦੀ ਉਤੇ ਤੇਲ ਪਾਉਣ ਵਾਲੀਆਂ ਕਾਰਵਾਈਆਂ ਹਨ। ਮੀਡੀਆ ਮੁਤਾਬਕ, ਪਾਕਿਸਤਾਨੀ ਫੌਜ ਨੇ ਭਾਰਤੀ ਫੌਜੀ ਦਾ ਸਿਰ ਵੱਢ ਕੇ ਭਾਵੇਂ ਸਿਰੇ ਦੀ ਵਹਿਸ਼ੀਆਨਾ ਕਾਰਵਾਈ ਕੀਤੀ ਹੈ, ਪਰ ਇਸ ਮਾਮਲੇ ਵਿਚ ਜ਼ਬਤ ਬੇਹੱਦ ਜ਼ਰੂਰੀ ਹੈ। ਇਹ ਨੁਕਤਾ ਧਿਆਨ ਵਿਚ ਰੱਖਣਾ ਬਣਦਾ ਹੈ ਕਿ ਪਿਛਲੇ ਦਸ ਸਾਲਾਂ ਦੌਰਾਨ ਦੋਹਾਂ ਦੇਸ਼ਾਂ ਵਿਚਕਾਰ ਹੋਏ ਜੰਗਬੰਦੀ ਸਮਝੌਤੇ ਨਾਲ ਕਿੰਨੇ ਫੌਜੀਆਂ ਦੀਆਂ ਜਾਨਾਂ ਬਚੀਆਂ ਹਨ ਅਤੇ ਆਪਸੀ ਸਬੰਧਾਂ ਵਿਚ ਕਿੰਨਾ ਸੁਧਾਰ ਆਇਆ ਹੈ। ਇਸ ਦੇ ਨਾਲ ਹੀ ਪਾਕਿਸਤਾਨੀ ਫੌਜ ਦੇ ਭਾਰਤ ਪ੍ਰਤੀ ਰੁਖ ਨੂੰ ਵੀ ਦਰਕਿਨਾਰ ਨਹੀਂ ਕਰਨਾ ਚਾਹੀਦਾ; ਪਾਕਿਸਤਾਨੀ ਫੌਜ ਨੇ ਪਹਿਲਾਂ ਵੀ ਆਪਹੁਦਰੀਆਂ ਕੀਤੀਆਂ ਹਨ ਅਤੇ ਦੋਹਾਂ ਦੇਸ਼ਾਂ ਦੇ ਸਿਆਸੀ ਰਿਸ਼ਤਿਆਂ ਉਤੇ ਅਸਰ ਪਾਇਆ ਹੈ। 1999 ਵਿਚ ਕਾਰਗਿਲ ਵਾਲਾ ਹਮਲਾ ਅਜਿਹੀ ਹੀ ਵੱਡੀ ਕਾਰਵਾਈ ਸੀ।
ਮੀਡੀਏ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਇਹ ਮਿਹਣਾ ਵੀ ਦਿੱਤਾ ਹੈ ਕਿ ਉਂਜ ਤਾਂ ਉਹ ਹਰ ਮਾਮਲੇ ਬਾਰੇ ਚੁੱਪ ਵੱਟ ਲੈਂਦੇ ਹਨ, ਪਰ ਹੁਣ ਛੇਤੀ ਹੀ ਬੋਲ ਪਏ ਹਨ ਅਤੇ ਬੋਲੇ ਵੀ ਵਿਰੋਧੀ ਧਿਰ ਵਾਲੀ ਬੋਲੀ ਹਨ। ਉਨ੍ਹਾਂ ਨੂੰ ਤਾਂ ਸਗੋਂ ਭਾਰਤ ਦੀ ਪਾਕਿਸਤਾਨ ਪ੍ਰਤੀ ਅਪਨਾਈ ਜਾ ਰਹੀ ਦੋਸਤਾਨਾ ਸਬੰਧਾਂ ਵਾਲੀ ਨੀਤੀ ਦੇ ਘੇਰੇ ਵਿਚ ਰਹਿ ਕੇ ਗੱਲ ਕਰਨੀ ਚਾਹੀਦੀ ਸੀ। ਇਤਿਹਾਸ ਵੀ ਗਵਾਹ ਹੈ ਕਿ ਪਾਕਿਸਤਾਨ ਅਤੇ ਭਾਰਤ ਵਿਚਕਾਰ ਕੁੜੱਤਣ ਦੇ ਮਾਹੌਲ ਨੇ ਦੋਹਾਂ ਧਿਰਾਂ ਦਾ ਕੁਝ ਨਹੀਂ ਸੰਵਾਰਿਆ। ਜਾਪਦਾ ਇਸ ਤਰ੍ਹਾਂ ਹੈ ਕਿ ਪ੍ਰਧਾਨ ਮੰਤਰੀ ਨੇ 2014 ਵਿਚ ਆ ਰਹੀਆਂ ਚੋਣਾਂ ਦੇ ਮੱਦੇਨਜ਼ਰ ਇਸ ਮਾਮਲੇ ‘ਤੇ ਭਾਰਤੀ ਜਨਤਾ ਪਾਰਟੀ ਵਾਲਾ ਰੁਖ ਅਖਤਿਆਰ ਕੀਤਾ ਹੈ। ਮੀਡੀਆ ਨੇ ਪ੍ਰਧਾਨ ਮੰਤਰੀ ਦੀ ਇਸ ਪਹੁੰਚ ਨੂੰ ਮਾੜੀ ਕਰਾਰ ਦਿੰਦਿਆਂ ਜ਼ਬਤ ਤੋਂ ਕੰਮ ਲੈਣ ਦੀ ਸਲਾਹ ਦਿੱਤੀ ਹੈ ਅਤੇ ਕਿਹਾ ਹੈ ਕਿ ਅਜਿਹੇ ਮਾਮਲਿਆਂ ਵਿਚ ਭਾਰਤੀ ਜਨਤਾ ਪਾਰਟੀ ਦੇ ਦਬਾਅ ਹੇਠ ਆਉਣ ਦੀ ਉਕਾ ਹੀ ਕੋਈ ਲੋੜ ਨਹੀਂ ਹੈ। ਪਾਕਿਸਤਾਨ ਦੇ ਹਾਕੀ ਖਿਡਾਰੀਆਂ ਨੂੰ ਵਾਪਸ ਭੇਜਣ ਦੇ ਫੈਸਲੇ ਨੂੰ ਵੀ ਮੀਡੀਆ ਨੇ ਮਾੜਾ ਫੈਸਲਾ ਕਰਾਰ ਦਿੱਤਾ ਹੈ। ਯਾਦ ਰਹੇ ਕਿ ਪਾਕਿਸਤਾਨ ਦੇ 9 ਹਾਕੀ ਖਿਡਾਰੀ ਭਾਰਤ ਵਿਚ ਇੰਡੀਅਨ ਹਾਕੀ ਲੀਗ ਖੇਡਣ ਆਏ ਸਨ।
ਇਸੇ ਦੌਰਾਨ ਸੈਨਿਕ ਮਾਹਿਰਾਂ ਨੇ ਇਹ ਗੱਲ ਧਿਆਨ ਵਿਚ ਲਿਆਂਦੀ ਹੈ ਕਿ ਪਿਛਲੇ ਕੁਝ ਸਮੇਂ ਤੋਂ ਕੰਟਰੋਲ ਰੇਖਾ ਦੇ ਆਰ-ਪਾਰ ਦੋਹਾਂ ਦੇਸ਼ਾਂ ਦੀਆਂ ਫੌਜਾਂ ਵੱਲੋਂ ਬੰਕਰ ਅਤੇ ਹੋਰ ਫੌਜੀ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮਾਮਲੇ ਵਿਚ ਪਹਿਲ ਕਿਸ ਧਿਰ ਨੇ ਕੀਤੀ ਹੈ, ਅਜੇ ਤੱਕ ਸਪਸ਼ਟ ਨਹੀਂ ਹੈ। ਇਨ੍ਹਾਂ ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਸਰਹੱਦ ਉਤੇ ਫੌਜਾਂ ਤਾਇਨਾਤ ਕਰ ਕੇ ਉਨ੍ਹਾਂ ਦੇ ਹੱਥਾਂ ਵਿਚ ਹਥਿਆਰ ਦੇ ਹੀ ਦਿੱਤੇ ਹਨ ਤਾਂ ਇਹ ਕਿਸੇ ਦਿਨ ਤਾਂ ਚੱਲਣੇ ਹੀ ਹੁੰਦੇ ਹਨ। ਦੋਹਾਂ ਧਿਰਾਂ ਨੂੰ ਇਸ ਮਾਮਲੇ ਵਿਚ ਪਹਿਲ ਕਰਦਿਆਂ ਸਰਹੱਦ ਉਤੇ ਫੌਜ ਬਾਰੇ ਕੋਈ ਅਹਿਦ ਨੇਪਰੇ ਚਾੜ੍ਹਨਾ ਚਾਹੀਦਾ ਹੈ।
ਇਕ ਗੱਲ ਹੋਰ ਵੀ ਚਰਚਾ ਵਿਚ ਹੈ ਕਿ ਪਾਕਿਸਤਾਨ ਦੀ ਸਿਆਸੀ ਲੀਡਰਸ਼ਿਪ ਤਾਂ ਹੁਣ ਸਮਝਣ ਲੱਗ ਪਈ ਹੈ ਕਿ ਭਾਰਤ ਨੂੰ ਦੁਸ਼ਮਣ ਨੰਬਰ ਇਕ ਗਿਣ ਕੇ ਨੁਕਸਾਨ ਹੀ ਨੁਕਸਾਨ ਹੈ ਅਤੇ ਪਿਛਲੇ ਕੁਝ ਸਮੇਂ ਤੋਂ ਇਹ ਖਬਰਾਂ ਆ ਰਹੀਆਂ ਹਨ ਕਿ ਕੁਝ ਸਿਆਸੀ ਧਿਰਾਂ ਧਾਰਮਿਕ ਕੱਟੜਪੰਥੀਆਂ ਨੂੰ ਦੇਸ਼ ਦਾ ਦੁਸ਼ਮਣ ਨੰਬਰ ਇਕ ਮੰਨ ਚੁੱਕੀਆਂ ਹਨ। ਇਸ ਮਾਮਲੇ ‘ਤੇ ਭਾਰਤ ਸਗੋਂ ਉਲਟੇ ਪੈਰੀਂ ਤੁਰ ਪਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਦੋਹਾਂ ਦੇਸ਼ਾਂ ਦੇ ਦੋਸਤਾਨਾ ਸਬੰਧ ਹੀ ਦੋਹਾਂ ਮੁਲਕਾਂ ਦੇ ਹੱਕ ਵਿਚ ਹਨ।
Leave a Reply