ਐਮ ਐਸ਼ ਰੰਧਾਵਾ ਮਹਾਂ ਉਤਸਵ

ਗੁਲਜ਼ਾਰ ਸਿੰਘ ਸੰਧੂ
ਪੰਜਾਬ ਕਲਾ ਪ੍ਰੀਸ਼ਦ, ਚੰਡੀਗੜ੍ਹ ਦੇ ਵਿਹੜੇ ਇਸ ਵਾਰ ਦਾ ਰੰਧਾਵਾ ਉਤਸਵ ਭਾਰਤ ਦੇ ਸਭ ਉਤਸਵਾਂ ਨੂੰ ਮਾਤ ਪਾਉਣ ਵਾਲਾ ਸੀ। ਡਾæ ਮਹਿੰਦਰ ਸਿੰਘ ਰੰਧਾਵਾ ਦੇ ਜਨਮ ਦਿਨ 2 ਫਰਵਰੀ ਤੋਂ ਅਕਾਲ ਚਲਾਣੇ ਵਾਲੇ ਦਿਨ 3 ਮਾਰਚ ਤੱਕ ਚੱਲਿਆ ਇਹ ਉਤਸਵ ਡਾæ ਰੰਧਾਵਾ ਦੀ ਯਾਦ ਨੂੰ ਸਮਰਪਿਤ ਗੀਤ, ਸੰਗੀਤ, ਨਾਟਕ, ਸੈਮੀਨਾਰਾਂ ਤੇ ਵਰਕਸ਼ਾਪਾਂ ਨਾਲ ਲੱਦਿਆ ਰਿਹਾ।

ਜੰਮੂ-ਕਸ਼ਮੀਰ ਕਲਾ ਅਕਾਡਮੀ ਐਨæ ਜ਼ੈਡæ ਸੀæ ਸੀæ, ਪਟਿਆਲਾ, ਬੌਬੀ ਡਾਂਸ ਅਕਾਡਮੀ ਅਹਿਮਦਾਬਾਦ, ਪ੍ਰਾਚੀਨ ਕਲਾ ਕੇਂਦਰ, ਚੰਡੀਗੜ੍ਹ, ਕੇਂਦਰੀ ਪੰਜਾਬੀ ਇਲਮ ਸੰਸਥਾ, ਇੰਡੀਅਨ ਕੌਂਸਲ ਆਫ ਕਲਚਰਲ ਰਿਲੇਸ਼ਨਜ਼, ਰਾਜਸਥਾਨ ਸੰਗੀਤ ਨਾਟਕ ਅਕਾਡਮੀ, ਥੀਏਟਰ ਫਾਰ ਥੀਏਟਰ, ਮੰਚ ਰੰਗ ਪ੍ਰੋਗਰਾਮ ਲੈ ਕੇ ਹਰ ਸ਼ਾਮ ਨੂੰ ਚੰਡੀਗੜ੍ਹ, ਪੰਚਕੂਲਾ ਤੇ ਮੁਹਾਲੀ ਦੇ ਕਲਾ ਰਸੀਆਂ ਨੂੰ ਨਿਹਾਲ ਕਰਦੇ ਰਹੇ।
ਇਨ੍ਹਾਂ ਪ੍ਰੋਗਰਾਮਾਂ ਰਾਹੀਂ ਪੰਜਾਬੀ ਨਾਟਕ ਦੀ ਨਕੜ ਦਾਦੀ ਨੋਰ੍ਹਾ ਰਿਚਰਡ, ਇਪਟਾ ਵਾਲਾ ਅਮਰਜੀਤ ਗੁਰਦਾਸਪੁਰੀ, ਸ਼ਿਵ ਬਟਾਲਵੀ ਵਾਲਾ ਆਰæਡੀæ ਕੈਲੇ, ਅੰਮ੍ਰਿਤਸਰ ਦਾ ਕੇਵਲ ਧਾਲੀਵਾਲ, ਬਨਿੰਦਰਜੀਤ ਬੰਨੀ ਤੋਂ ਬਿਨਾ ਸਾਹਬ ਸਿੰਘ ਲੋਕ ਗਾਇਕੀ ਦਾ ਥੰਮ ਜਸਮੇਰ ਮੀਆਂਪੁਰੀ, ਵਿਨੋਦ ਸਹਿਗਲ, ਸਰਬਜੀਤ ਭਸੀਨ, ਨੀਲੇ ਖਾਂ ਕੱਵਾਲ, ਸ਼ਾਸਤਰੀ ਨ੍ਰਿਤਕਾ ਸ਼ਮੀਰਾ ਕੌਸਰ ਤੇ ਸਾਰੰਗੀ ਜੁਗਲਬੰਦੀ ਵਾਲਾ ਪ੍ਰਕਾਸ਼ ਚੰਦ ਤੇ ਰਾਜੇਸ਼ ਕੁਮਾਰ ਵੱਖੋ-ਵੱਖ ਪ੍ਰੋਗਰਾਮ ਰਚਾ ਕੇ ਡਾæ ਰੰਧਾਵਾ ਦੀ ਯਾਦ ਨੂੰ ਧੁਰ ਆਕਾਸ਼ ਤੱਕ ਲਿਜਾਣ ਵਿਚ ਰੁੱਝੇ ਹੋਏ ਸਨ।
ਇਸ ਉਤਸਵ ਸਮੇਂ ਪੰਜਾਬ ਲਲਿਤ ਕਲਾ ਅਕਾਡਮੀ ਵਲੋਂ ਪੇਸ਼ ਕੀਤੀਆਂ ਵਿਜੇ ਓਜ਼ੋ, ਗੁਰਸੇਵਕ, ਭੁਪਿੰਦਰ ਅਤੇ ਅਨੰਦ ਸ਼ਰਮਾ, ਪੰਕਜ ਸਰੋਜ, ਸੁਖਰੰਜਨ, ਲਕਸ਼ਮਨ ਤੇ ਚਰਨਜੀਤ ਕੌਰ ਦੀਆਂ ਕਲਾ ਪਰਦਰਸ਼ਨੀਆਂ ਨੇ ਰੰਧਾਵਾ ਆਰਟ ਗੈਲਰੀ ਦੇ ਚਾਨਣ ਨੂੰ ਮਘਾਈ ਰੱਖਿਆ।
ਚੇਤੇ ਰਹੇ, ਡਾæ ਰੰਧਾਵਾ ਖੁਦ ਨਾ ਹੀ ਗਾਇਕ ਸਨ ਤੇ ਨਾ ਹੀ ਲਲਿਤ ਕਲਾਕਾਰ ਪਰ ਉਹ ਕੋਮਲ ਕਲਾ ਨਾਲ ਸਬੰਧਤ ਹਰ ਵਿਧੀ ਦੇ ਰਸੀਏ ਤੇ ਪਾਲਣਹਾਰ ਸਨ। ਅਤਿਅੰਤ ਮੁਸ਼ਕਲ ਸਮਿਆਂ ਵਿਚ ਦਿੱਲੀ ਦੀ ਡਿਪਟੀ ਕਮਿਸ਼ਨਰੀ, ਬਟਵਾਰੇ ਉਪਰੰਤ ਲੱਖਾਂ ਸ਼ਰਨਾਰਥੀਆਂ ਦੇ ਮੁੜ ਵਸੇਬੇ ਦੇ ਪ੍ਰਬੰਧ ਉਪਰੰਤ ਚੰਡੀਗੜ੍ਹ ਵਿਚ ਕਲਾ ਪ੍ਰੀਸ਼ਦ ਤੇ ਇਸ ਦੇ ਵਿਹੜੇ ਵਿਚ ਆਰਟ ਗੈਲਰੀ ਦੀ ਸਥਾਪਨਾ ਵੀ ਕੀਤੀ।
ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਰਾਹੀਂ ਹਰੀ ਕ੍ਰਾਂਤੀ ਦੀ ਨੀਂਹ ਰੱਖਣ ਤੇ ਫਿਰੋਜ਼ਸ਼ਾਹ ਵਿਖੇ ਐਂਗਲੋ ਸਿੱਖ ਵਾਰ ਮੈਮੋਰੀਅਲ ਸਥਾਪਤ ਕਰਨ ਵਾਲੀ ਹਸਤੀ ਵੀ ਉਹੀਓ ਸੀ। ਉਸ ਦੀ ਯਾਦ ਵਿਚ ਇੱਕ ਮਹੀਨੇ ਦਾ ਮਹਾਂ ਉਤਸਵ ਉਲੀਕਣ ਅਤੇ ਉਸ ਨੂੰ ਸਫਲ ਬਣਾਉਣ ਵਿਚ ਪ੍ਰੀਸ਼ਦ ਦੀ ਚੇਅਰਪਰਸਨ ਹਰਜਿੰਦਰ ਕੌਰ ਤੇ ਉਸ ਦੀ ਪੂਰੀ ਟੀਮ ਵਧਾਈ ਦੀ ਹੱਕਦਾਰ ਹੈ। ਉਤਸਵ ਦੇ ਆਖਰੀ ਦਿਨ ਮਲਵਈ ਗਿੱਧੇ ਨੇ ਮੇਲਾ ਲੁੱਟਿਆ ਭਾਵੇਂ ਇਸ ਤੋਂ ਪਹਿਲਾਂ ਸਵਰਨ ਸਿੰਘ ਤੇ ਗੁਰਚਰਨ ਸਿੰਘ ਬੋਪਾਰਾਏ ਅਤੇ ਗੁਰਮਿੰਦਰ ਸਿੱਧੂ ਦੇ ਬੋਲਾਂ ਨੇ ਇਸ ਲਈ ਯੋਗ ਜ਼ਮੀਨ ਤਿਆਰ ਕਰ ਛੱਡੀ ਸੀ।
ਅਮਰਜੀਤ ਸਿੰਘ ḔਅਕਸḔ ਦੇ ਤੂਰ ਜਾਣ ‘ਤੇ: ਮੇਰੇ ਨਾਲੋਂ ਦਸ ਸਾਲ ਛੋਟਾ ਅਮਰਜੀਤ ਸਿੰਘ ਇਸ ਧਰਤੀ ਨੂੰ ਬਹੁਤ ਛੇਤੀ ਅਲਵਿਦਾ ਕਹਿ ਗਿਆ ਹੈ। ਉਹ ਦਿੱਲੀ ਵਿਚ ਮੇਰੇ ਘਰ ਵੀ ਰਿਹਾ ਤੇ ਇੱਕ ਪੜਾਅ ਉਤੇ ਮੇਰੇ ਵਾਂਗ Ḕਪ੍ਰੀਤਮḔ ਅਤੇ ḔਫਤਿਹḔ ਦੇ ਸੰਪਾਦਕੀ ਅਮਲੇ ਵਿਚ ਵੀ। ਉਸ ਨੇ ਇਸ ਤੋਂ ਬਿਨਾਂ ਭਾਰਤ ਜਯੋਤੀ, ਪੰਜ ਦਰਿਆ, ਪੰਥ ਪ੍ਰਕਾਸ਼, ਅੰਮ੍ਰਿਤ ਪਤ੍ਰਿਕਾ ਦੀਆਂ ਸੰਪਾਦਕੀਆਂ ਤੋਂ ਤਜਰਬਾ ਲੈ ਕੇ 1975 ਵਿਚ ḔਅਕਸḔ ਤੇ 1994 ਵਿਚ ḔਸੁਆਣੀḔ ਦੇ ਰਸਾਲੇ ਕੱਢੇ ਜਿਹੜੇ ਅੱਜ ਤਕ ਵਧੀਆ ਸਮਗਰੀ ਦਿੰਦੇ ਆ ਰਹੇ ਹਨ।
ਪੱਤਰਕਾਰੀ ਤੋਂ ਬਿਨਾਂ ਕਹਾਣੀ ਸੰਗ੍ਰਿਹ Ḕਕਾਫੀ ਹਾਊਸ ਦੇ ਬਾਹਰ ਖੜਾ ਆਦਮੀḔ ਅਤੇ ਨਾਵਲਿਟ ḔਚਿਹਰੇḔ ਦਾ ਰਚਣਹਾਰਾ ਵੀ ਸੀ। ਇਨ੍ਹਾਂ ਪ੍ਰਾਪਤੀਆਂ ਸਦਕਾ ਪਿਛਲੀ ਸਦੀ ਦੇ ਆਖਰੀ ਦੋ ਦਹਾਕਿਆਂ ਵਿਚ ਉਸ ਨੂੰ ਇੰਡੋ ਕੈਨੇਡੀਅਨ ਟਾਈਮਜ਼, ਵਰਲਡ ਪੰਜਾਬੀ ਕਾਨਫ੍ਰੰਸ ਬੈਂਕਾਕ, ਸੈਂਟਰਲ ਐਸੋਸੀਏਸ਼ਨ ਆਫ ਪੰਜਾਬੀ ਰਾਈਟਰਜ਼ ਫਰਿਜ਼ਨੋ, ਇਆਪਾ, ਕੈਨੇਡਾ, ਇੰਡੀਅਨ ਆਰਟਸ ਪ੍ਰੋਮੋਸ਼ਨ ਕੌਂਸਲ ਡੈਨਮਾਰਕ, ਏਸ਼ੀਅਨ ਰਾਈਟਰਜ਼ ਐਸੋਸੀਏਸ਼ਨ ਕੋਪਨਹੈਗਨ, ਸਿੱਖ ਐਜੂਕੇਸ਼ਨ ਕਾਨਫਰੰਸ ਅੰਮ੍ਰਿਤਸਰ, ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ, ਭਾਸ਼ਾ ਵਿਭਾਗ ਪੰਜਾਬ ਵਲੋਂ ਸਨਮਾਨ, ਸਿਰੋਪਾਓ ਤੇ ਐਵਾਰਡ ਪ੍ਰਾਪਤ ਹੋਏ।
ਉਸ ਦੇ ਛੇਤੀ ਤੁਰ ਜਾਣ ਨੇ ਉਸ ਨੂੰ ਪੰਜਾਬੀ ਦੇ ਉਨ੍ਹਾਂ ਸਾਹਿਤਕਾਰਾਂ ਵਿਚ ਲਿਜਾ ਖੜਾ ਕੀਤਾ ਹੈ ਜਿਨ੍ਹਾਂ ਬਾਰੇ ਸ਼ਿਵ ਕੁਮਾਰ ਬਟਾਲਵੀ ਨੇ ਲਿਖਿਆ ਸੀ:
ਅਸਾਂ ਤਾਂ ਜੋਬਨ ਰੁੱਤੇ ਮਰਨਾ ਮਰਨੇ ਦੀ ਰੁੱਤ ਸੋਈ
ਜੋਬਨ ਰੁੱਤੇ ਜੋ ਵੀ ਮਰਦਾ ਫੁੱਲ ਬਣੇ ਜਾ ਤਾਰਾ।
ਅੰਤਿਕਾ: (ਜਗਜੀਤ ਭੋਲੀ ਦੀ Ḕਮਾਂ ਦਾ ਕਰਜ਼Ḕ ਵਿਚੋਂ)
ਤੇਰੇ ਪੈਰੀਂ ਕੰਡਾ ਚੁੱਭੇ, ਮਾਂ ਪੈਰੋਂ ਰੱਤ ਚੋਏ,
ਅੰਬਰਾਂ ਦੇ ਤਾਰੇ ਉਹਦੇ ਪੈਰਾਂ ‘ਚ ਖਿਲਾਰੀ ਚੱਲ।
ਮਾਂ ਦੀ ਜਵਾਨੀ ਕਿਸੇ ਪੁੱਤ ਹਿੱਸੇ ਆਂਵਦੀ ਨਹੀਂ,
ਜਿੰਨਾ ਚਾਹੇ ਉਸ ਦੇ ਬੁਢਾਪੇ ਨੂੰ ਸੰਵਾਰੀ ਚੱਲ।