ਕੁਲਦੀਪ ਕੌਰ
ਫਿਲਮ ‘ਲੇਕਿਨ’ ਗੁਲਜ਼ਾਰ ਦੁਆਰਾ ਨਿਰਦੇਸ਼ਿਤ ਭੂਤ ਕਹਾਣੀ ਹੈ। ਗੁਲਜ਼ਾਰ ਨੇ ਇਸ ਫਿਲਮ ਦੀ ਪਟਕਥਾ ਇੱਕ ਲੋਕ ਕਥਾ ਤੋਂ ਮੁਤਾਸਰ ਹੋ ਕੇ ਲਿਖੀ। ਇਸੇ ਲੋਕ ਕਥਾ ਨੂੰ ਆਧਾਰ ਬਣਾ ਕੇ ਪਹਿਲਾਂ ਰਾਬਿੰਦਰਨਾਥ ਟੈਗੋਰ ਵੀ ਕਹਾਣੀ ਲਿਖ ਚੁੱਕੇ ਸਨ। ਭਾਰਤੀ ਸਿਨੇਮਾ ਵਿਚ ਭੂਤਾਂ-ਪ੍ਰੇਤਾਂ ‘ਤੇ ਅਨੇਕਾਂ ਫਿਲਮਾਂ ਬਣੀਆਂ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਸਦੀਆਂ ਤੋਂ ਚਲੀਆਂ ਆ ਰਹੀਆਂ ਦੰਦ-ਕਥਾਵਾਂ ਨੂੰ ਹੀ ਫਿਲਮੀ ਜਾਮਾ ਪਹਿਨਾਉਣ ਤੱਕ ਸੀਮਿਤ ਰਹਿ ਜਾਂਦੀਆਂ ਹਨ।
ਇਨ੍ਹਾਂ ਫਿਲਮੀ ਕਹਾਣੀਆਂ ਵਿਚਲੇ ਭੂਤਾਂ ਦੇ ਭੂਤ ਬਣਨ ਦਾ ‘ਦੁੱਖ’ ਵੀ ਨਿਰਦੇਸ਼ਕਾਂ ਦੇ ਹੱਥਾਂ ਵਿਚ ਦਰਸ਼ਕਾਂ ਨੂੰ ਡਰਾਉਣ ਦਾ ਸਾਧਨ ਬਣ ਜਾਂਦਾ ਹੈ। ਇਹ ਚਰਚਾ ਦਾ ਵਿਸ਼ਾ ਬਣ ਸਕਦਾ ਹੈ ਕਿ ਜੇ ਭੂਤ ਕਲਪਿਤ ਵੀ ਹਨ, ਤਾਂ ਵੀ ਉਨ੍ਹਾਂ ਬਾਰੇ ਸੋਚਦੇ ਹੋਏ ਤਰਕ ਅਤੇ ਦਲੀਲ ਨੂੰ ਖੂੰਜੇ ਕਿਉਂ ਲਗਾ ਦਿੱਤਾ ਜਾਂਦਾ ਹੈ? ਕਿਤੇ ਇਹ ਤਾਂ ਨਹੀਂ ਕਿ ਇਹ ਮੁੱਦਾ ਅਸਲ ਵਿਚ ਭੂਤ ਬਣੇ ਬੰਦੇ ਦੀ ਨਿੱਜੀ ਪੀੜ ਨੂੰ ਸਮਝਣ ਦੀ ਸਾਡੀ ਸਮੂਹਿਕ ਅਸਮਰੱਥਾ ਦੀ ਨਿਸ਼ਾਨੀ ਹੈ? ਵਿਗਿਆਨ ਭੂਤਾਂ ਨੂੰ ਸਿਰੇ ਤੋਂ ਰੱਦ ਕਰਦਾ ਹੈ, ਇਸ ਨੂੰ ਮਾਨਸਿਕ ਕਮਜ਼ੋਰੀ ਦੱਸਦਾ ਹੈ, ਇਸ ਦਲੀਲ ਨੂੰ ਤੱਥਾਂ ਨਾਲ ਸਾਬਿਤ ਵੀ ਕਰਦਾ ਹੈ। ਇਸ ਦੇ ਬਾਵਜੂਦ ਸਦੀਆਂ ਤੋਂ ਬੰਦੇ ਦੀ ਦਿਲਚਸਪੀ ਭੂਤਾਂ ਵਿਚ ਜਿਉਂ ਦੀ ਤਿਉਂ ਹੈ। ਸ਼ਾਇਦ ਇਹ ਬੰਦੇ ਦੀ ਦਿਮਾਗੀ ਕਲਪਨਾ ਦਾ ਉਹ ਹਿੱਸਾ ਹੈ ਜਿਸ ਨੂੰ ਉਹ ਆਪਣੀ ਹੋਂਦ ਤੇ ਸਮਰੱਥਾ ਤੋਂ ਪਾਰ ਜਾਣ ਲਈ ਵਰਤਦਾ ਹੈ; ਜਿਸ ਨੂੰ ਉਹ ਸਮਝ ਕੇ ਵੀ ਸਮਝਣਾ ਨਹੀਂ ਚਾਹੁੰਦਾ। ‘ਭੂਤ ਤਾਂ ਕੁਝ ਵੀ ਕਰ ਸਕਦੇ ਹਨ’; ਭਾਵ, ਇਸ ਸੰਦ ਨਾਲ ਬੰਦਾ ਆਪਣੀ ਜਵਾਬਦੇਹੀ ਤੋਂ ਆਰਾਮ ਨਾਲ ਬਚ ਸਕਦਾ ਹੈ। ਬੰਦਿਆਂ ਤੋਂ ਭੂਤ ਬਣਨ ਦੀਆਂ ਕਹਾਣੀਆਂ, ਬੰਦੇ ਦੇ ਹਾਲਾਤ ਅੱਗੇ ਬੇਵੱਸ ਹੋ ਕੇ ਭੂਤ ਜਾਮਾ ਪਾਉਣ ਦੀ ਅਦਾਕਾਰੀ ਕਰਨ ਦੀਆਂ ਕਹਾਣੀਆਂ ਹਨ। ਕਿਹਾ ਜਾਂਦਾ ਹੈ ਕਿ ਹਰ ਮੁਜਰਮ ਦੇ ਜੁਰਮ ਦੀ ਕਹਾਣੀ ਦਾ ਸਿਰਾ ਉਸ ਨਾਲ ਹੋਈ ਕਿਸੇ ਨਾ ਕਿਸੇ ਵਧੀਕੀ ਨਾਲ ਜਾ ਜੁੜਦਾ ਹੈ। ਜੁਰਮ ਕਰਨ ਦੇ ਕਾਰਨ ਨਿੱਜੀ ਨਾਲੋਂ ਸਮਾਜਿਕ ਵੱਧ ਹੁੰਦੇ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਸਹੀ ਪ੍ਰਸੰਗ ਨਾਲ ਜੋੜ ਕੇ ਪੜ੍ਹਿਆ ਜਾਣਾ ਬਣਦਾ ਹੈ। ਭੂਤਾਂ ਬਾਰੇ ਪ੍ਰਚੱਲਿਤ ਮਹਤੱਵਪੂਰਨ ਧਾਰਨਾਵਾਂ ਵਿਚੋਂ ਇੱਕ ਇਹ ਹੈ ਕਿ ਇਹ ਜ਼ਮਾਨੇ ਦੇ ਸਤਾਏ ਹੁੰਦੇ ਹਨ ਅਤੇ ਬਦਲਾ ਲੈਣ ਲਈ ਭੂਤ ਬਣ ਜਾਂਦੇ ਹਨ। ਇਸ ਦਾ ਦੂਜਾ ਅਰਥ ਇਹ ਬਣਦਾ ਹੈ ਕਿ ਭੂਤ ਖਲਾਅ ਵਿਚ ਚਮਤਕਾਰ ਨਾਲ ਅਚਾਨਕ ਪੈਦਾ ਨਹੀਂ ਹੁੰਦੇ, ਸਗੋਂ ਉਨ੍ਹਾਂ ਨੂੰ ਸਮਾਜਿਕ ਨਿਆਂ ਦੀ ਝਾਕ ਹੁੰਦੀ ਹੈ। ਇਸੇ ਕਾਰਨ ਭੂਤਾਂ ਨੂੰ ਸਿਰੋਂ ਲੁਹਾਉਣ ਅਤੇ ਉਨ੍ਹਾਂ ਤੋਂ ਖਹਿੜਾ ਛੁਡਾਉਣ ਦਾ ਕਾਰੋਬਾਰ ਜਿਉਂਦੇ ਜਾਗਦੇ ਬੰਦੇ ਕਰਦੇ ਹਨ। ਇਹ ਵੀ ਖੋਜ ਦਾ ਵਿਸ਼ਾ ਹੋ ਸਕਦਾ ਹੈ ਕਿ ਕਿਤੇ ਭੂਤ ਬਣੇ ਬੰਦੇ, ਉਹ ਬਾਗੀ ਰੂਹਾਂ ਤਾਂ ਨਹੀਂ ਜਿਹੜੀਆਂ ਕਿਸੇ ਕਾਰਨ ਸਮਾਜਿਕ ਚੌਖਟੇ ਵਿਚ ਫਿੱਟ ਨਹੀਂ ਹੋ ਸਕੀਆਂ?
ਔਰਤ ਭੂਤਾਂ ਦਾ ਮਸਲਾ ਹੋਰ ਵੀ ਗੁੰਝਲਦਾਰ ਹੈ। ਉਨ੍ਹਾਂ ਦੇ ਭੂਤ ਬਣਨ ਦੇ ਕਾਰਨ ਮਰਦਾਂ ਦੇ ਮੁਕਾਬਲੇ ਵੱਧ ਜਜ਼ਬਾਤੀ ਅਤੇ ਮਨੋਵਿਗਿਆਨਕ ਹੁੰਦੇ ਹਨ। ਉਨ੍ਹਾਂ ਨੂੰ ਮਿਥੇ ਚੌਖਟੇ ਵਿਚ ਫਿੱਟ ਕਰਨ ਦੀ ਕੋਸ਼ਿਸ਼ ਕਰਦਾ ਸਮਾਜਿਕ ਢਾਂਚਾ ਉਨ੍ਹਾਂ ਨੂੰ ਚੁੜੇਲ ਕਰਾਰ ਦੇ ਕੇ ਆਸਾਨੀ ਨਾਲ ਹਰ ਦੋਸ਼ ਤੋਂ ਬਰੀ ਹੋ ਸਕਦਾ ਹੈ।
ਫਿਲਮ ‘ਲੇਕਿਨ’ ਵਿਚ ਰੇਵਾ (ਡਿੰਪਲ ਕਪਾਡੀਆ) ਰਾਜਸਥਾਨ ਦੇ ਮੀਲਾਂ ਤੱਕ ਫੈਲੇ ਮਾਰੂਥਲ ਵਿਚ ਭਟਕਦੀ ‘ਆਤਮਾ’ ਹੈ। ਉਸ ਦਾ ਵਾਸਾ ਜਿਸੌਦ ਦੇ ਰਾਜੇ ਪਰਮ ਸਿੰਘ ਦੀ ਹਵੇਲੀ ਵਿਚ ਹੈ। ਸ਼ਹਿਰ ਤੋਂ ਆਇਆ ਸਮੀਰ ਜੋਗੀ (ਵਿਨੋਦ ਖੰਨਾ) ਇਸ ਹਵੇਲੀ ਨੂੰ ਸਰਕਾਰੀ ਕੰਟਰੋਲ ਹੇਠ ਲੈਣ ਦੀ ਕਾਰਵਾਈ ਕਰਨ ਆਉਂਦਾ ਹੈ ਜਿੱਥੇ ਉਸ ਦੀ ਮੁਲਾਕਾਤ ਰੇਵਾ ਨਾਲ ਹੁੰਦੀ ਹੈ। ਸਮੀਰ ਰੇਵਾ ਨਾਲ ਹੋਈਆਂ ਅਚਾਨਕ ਅਤੇ ਅਣਕਿਆਸੀਆਂ ਮੁਲਾਕਾਤਾਂ ਦੌਰਾਨ ਰੇਵਾ ਦੇ ਦਰਦਨਾਕ ਅਤੀਤ ਬਾਰੇ ਜਾਣੂ ਹੁੰਦਾ ਹੈ। ਜਾਣੂ ਹੋਣ ਦੇ ਇਸ ਅਭਿਆਸ ਦੌਰਾਨ ਹੀ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਰਾਜਿਆਂ ਦੇ ਕਿਰਦਾਰ ਸਦਾ ਹੀ ਜਨ-ਵਿਰੋਧੀ ਹੁੰਦੇ ਹਨ ਅਤੇ ਉਹ ਬਾਹੂਬਲ ਦੇ ਦਮ ‘ਤੇ ਹਰ ਤਰ੍ਹਾਂ ਦੀਆਂ ਧੱਕੇਸ਼ਾਹੀਆਂ ਕਰ ਕੇ ਸਾਫ ਬਚ ਨਿਕਲਦੇ ਹਨ। ਇਸ ਕਹਾਣੀ ਵਿਚ ਰੇਵਾ ਦੀ ਵੱਡੀ ਭੈਣ ਤਾਰਾ (ਹੇਮਾ ਮਾਲਿਨੀ) ਜਦੋਂ ਰਾਜਾ ਪਰਮ ਸਿੰਘ ਦੀ ਵਧੀਕੀ ਦਾ ਕਰਾਰਾ ਜਵਾਬ ਦਿੰਦੀ ਹੈ ਤਾਂ ਇਸ ਦਾ ਸਜ਼ਾ ਰੇਵਾ ਦੇ ਸੰਗੀਤ ਮਾਸਟਰ ਪਿਤਾ ਅਤੇ ਰੇਵਾ ਨੂੰ ਭੁਗਤਣੀ ਪੈਂਦੀ ਹੈ। ਫਿਲਮ ਵਿਚ ਪਿਉ-ਧੀ ਦੁਆਰਾ ਕੈਦ ਭੁਗਤਣ ਦੇ ਬਹੁਤ ਸਾਰੇ ਦ੍ਰਿਸ਼ ਹਨ। ਫਿਲਮ ਦੇ ਅੰਤ ਤੱਕ ਪਹੁੰਚਦਿਆਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਰੇਵਾ ਦੀ ਮੁਕਤੀ ਦਾ ਇਕਲੌਤਾ ਰਾਹ ਉਸ ਦੁਆਰਾ ਸਾਰੇ ਮਾਰੂਥਲ ਨੂੰ ਪਾਰ ਕਰਨਾ ਹੈ ਜਿਸ ਲਈ ਉਸ ਨੂੰ ਸਮੀਰ ਦੀ ਜ਼ਰੂਰਤ ਹੈ। ਸਮੀਰ ਇਹ ਜ਼ਿੰਮੇਵਾਰੀ ਲੈ ਲੈਂਦਾ ਹੈ ਅਤੇ ਇਸ ਨੂੰ ਤੋੜ ਵੀ ਚੜ੍ਹਾਉਂਦਾ ਹੈ। ਇਥੇ ਮਾਰੂਥਲ ਪਾਰ ਕਰਨਾ ਸਮੇਂ ਅਤੇ ਸਥਾਨ ਦੀਆਂ ਹੱਦਾਂ ਤੋਂ ਪਾਰ ਜਾਣ ਦੇ ਪ੍ਰਤੀਕ ਵਜੋਂ ਉਭਰਦਾ ਹੈ।
ਫਿਲਮ ਦੇ ਸੰਗੀਤ ਦੇ ਜ਼ਿਕਰ ਤੋਂ ਬਿਨਾਂ ਫਿਲਮ ਨੂੰ ਪੂਰੀ ਤਰ੍ਹਾਂ ਨਹੀਂ ਸਮਝਿਆ ਜਾ ਸਕਦਾ। ਇਹ ਸੰਗੀਤ, ਲਤਾ ਮੰਗੇਸ਼ਕਰ ਦੇ ਭਰਾ ਹਿਰਦੇਨਾਥ ਮੰਗੇਸ਼ਕਰ ਨੇ ਦਿੱਤਾ ਸੀ ਜਿਸ ਲਈ ਉਨ੍ਹਾਂ ਨੂੰ ਕੌਮੀ ਪੁਰਸਕਾਰ ਵੀ ਮਿਲਿਆ। ਫਿਲਮ ਦਾ ਗਾਣਾ ‘ਮੈਂ ਏਕ ਸਦੀ ਸੇ ਬੈਠੀ ਹੂੰ’ ਇਕੱਲਤਾ ਅਤੇ ਉਡੀਕ ਦੀ ਤਸਵੀਰ ਖਿੱਚਦਾ ਹੈ। ਇੱਕ ਹੋਰ ਗਾਣਾ ‘ਸੁਰਮਈ ਸ਼ਾਮ ਇਸ ਤਰਹ ਆਏ’ ਬੜਾ ਜਜ਼ਬਾਤੀ ਹੈ। ਬਾਕੀ ਗਾਣੇ ਜਿੰਨੀ ਖੂਬਸੂਰਤੀ ਨਾਲ ਫਿਲਮਾਏ ਗਏ ਹਨ, ਉਹ ਗੁਲਜ਼ਾਰ ਵਰਗਾ ਸੰਵੇਦਨਸ਼ੀਲ ਨਿਰਦੇਸ਼ਕ ਹੀ ਕਰ ਸਕਦਾ ਹੈ।