ਅਜਿਹਾ ਕਿਉਂ?

ਬ੍ਰਿਜਿੰਦਰ ਸਿੰਘ ਸਿੱਧੂ
ਫੋਨ: 925-683-1982

ਪੰਜਾਬ ਦੇ ਹਰ ਪਿੰਡ ਵਾਂਗ ਮੇਰੇ ਪਿੰਡ ਭੀ ਸਿੱਧੂਆਂ ਦੇ ਨਾਲ ਰਵਿਦਾਸੀਏ ਸਿੱਖ ਅਤੇ ਮਜ਼ਹਬੀ ਸਿੱਖਾਂ ਦੇ ਘਰ ਹਨ। ਰਵਿਦਾਸੀਏ ਸਿੱਖ ਮਜ਼ਹਬੀ ਸਿੱਖਾਂ ਨਾਲੋਂ ਥੋੜ੍ਹੇ ਜਿਹੇ ਸਾਫ ਰੰਗ ਦੇ ਹਨ। ਕੰਮ ਕਾਰ ਵਿਚ ਵੀ ਕੁਝ ਅਗਾਂਹਵਧੂ ਹਨ ਪ੍ਰੰਤੂ ਮਾਇਕ ਪੱਖੋਂ ਬਹੁਤਾ ਫਰਕ ਨਹੀਂ। ਮੈਨੂੰ ਹਮੇਸ਼ਾ ਹੈਰਾਨੀ ਹੁੰਦੀ ਰਹੀ ਕਿ ਰਵਿਦਾਸੀਏ ਭਾਈ ਆਪਣੇ ਆਪ ਨੂੰ ਜੱਟ ਸਿੱਖਾਂ ਦੇ ਬਰਾਬਰ ਸਮਝਣ ਲੱਗੇ ਰਹਿੰਦੇ ਨੇ ਅਤੇ ਮਜ਼ਹਬੀ ਸਿੱਖਾਂ ਨੂੰ ਆਪਣੇ ਤੋਂ ਨੀਵੇਂ ਸਮਝਦੇ ਹਨ। ਆਖਿਰ ਐਸਾ ਕਿਉਂ?

ਪਿਛਲੇ ਦਿਨੀਂ ਇਕ ਕਿਤਾਬ ਬਾਰੇ ਪੜ੍ਹਿਆ ਜੋ ਮਹਾਤਮਾ ਗਾਂਧੀ ਦੇ ਦੱਖਣੀ ਅਫਰੀਕਾ ਵਿਚ ਰਹਿਣ ਸਮੇਂ ਦਾ ਬਿਆਨ ਕਰਦੀ ਹੈ। ਬਹੁਤ ਅਜੀਬ ਲੱਗਾ ਜਦੋਂ ਪੜ੍ਹਿਆ ਕਿ ਗਾਂਧੀ ਜੀ ਉਥੋਂ ਦੇ ਗੋਰਿਆਂ ਦਾ ਭਾਰਤੀ ਲੋਕਾਂ ਤੋਂ ਆਪਣੇ ਆਪ ਨੂੰ ਉਚਾ ਸਮਝਣਾ ਬੁਰਾ ਕਹਿੰਦੇ ਸਨ ਪ੍ਰੰਤੂ ਭਾਰਤੀਆਂ ਨੂੰ ਕਾਲਿਆਂ ਤੋਂ ਉਚਾ ਹੋਣਾ ਉਨ੍ਹਾਂ ਨੂੰ ਚੰਗਾ ਲੱਗਦਾ ਸੀ।
ਪਤਾ ਨਹੀਂ ਕਿਉਂ? ਮੈਨੂੰ ਤਾਂ ਉਨ੍ਹਾਂ ਦਾ ਪਛੜੀਆਂ ਸ਼ੇਣੀਆਂ ਨੂੰ ਹਰੀਜਨ ਕਹਿਣਾ ਭੀ ਕਦੀ ਚੰਗਾ ਨਹੀਂ ਲੱਗਾ। ਆਪਣੀ ਪਾਰਟੀ ਨੂੰ ਵੋਟਾਂ ਮਿਲਣ ਦੀ ਤਾਂ ਮੌਜ ਹੋ ਗਈ ਪ੍ਰੰਤੂ ਹਰੀਜਨਾਂ ਨੂੰ ਰਿਜ਼ਰਵ ਸੁਵਿਧਾ ਨੇ ਹੀਣ ਭਾਵਨਾ ਨੂੰ ਜਨਮ ਦੇ ਦਿੱਤਾ। ਜੇ ਕਦੀ ਜਾਤ-ਪਾਤ ਦੀ ਥਾਂ ਗਰੀਬੀ ਰੇਖਾ ਤੋਂ ਨੀਵੇਂ ਸਭ ਲੋਕਾਂ ਨੂੰ ਰਿਜ਼ਰਵੇਸ਼ਨ ਮਿਲ ਸਕਦੀ, ਫੇਰ ਵੀ ਪੱਛੜੀਆਂ ਸ਼੍ਰੇਣੀਆਂ ਇਸ ਅਧੀਨ ਆ ਜਾਂਦੀਆਂ। ਫੇਰ ਕੋਈ ਉਂਗਲ ਉਠਾ ਕੇ ਰਿਜ਼ਰਵੇਸ਼ਨ ਵਾਲੇ ਕਰਮਚਾਰੀ ਨੂੰ ਇਹ ਨਾ ਕਹਿ ਸਕਦਾ ਕਿ ਇਹ ਤਾਂ ਹਰੀਜਨ ਜਾਂ ਪੱਛੜੀ ਜਾਤੀ ਦਾ ਹੈ। ‘ਮਾਨਸ ਕੀ ਜਾਤ ਸਭੈ ਏਕੋ ਪਹਿਚਾਨਬੋ’ ਦੀ ਥਾਂ ਇਕ ਤਬਕੇ ਨੂੰ ਹਰੀਜਨ ਕਹਿ ਕੇ ਚੰਗੀ ਗੱਲ ਨਹੀਂ ਕੀਤੀ।
ਮੈਂ ਦਸਵੀਂ ਪਾਸ ਕਰ ਕੇ ਪੰਜਾਹਵਿਆਂ ਵਿਚ ਮਹਿੰਦਰਾ ਕਾਲਜ ਪਟਿਆਲਾ ਦਾਖਲ ਹੋ ਗਿਆ। ਹੋਸਟਲ ‘ਚ ਰਹਿੰਦੇ ਮੇਰੇ ਕਰੀਬ ਸਾਰੇ ਸਾਥੀ ਸਮਾਣਾ, ਬਰਨਾਲਾ, ਮਾਨਸਾ, ਮੁਕਤਸਰ ਅਤੇ ਬਠਿੰਡਾ ਵਲੋਂ ਸਨ। ਬਾਕੀ ਪੰਜਾਬ ਨਾਲੋਂ ਇਹ ਇਲਾਕਾ ਕੁਝ ਪੱਛੜਿਆ ਹੋਇਆ ਸੀ। ਉਨ੍ਹਾਂ ਦਿਨਾਂ ਦੇ ਇਕ ਸਰਵੇਖਣ ਅਨੁਸਾਰ ਬਠਿੰਡੇ ਜ਼ਿਲ੍ਹੇ (ਜਿਸ ਵਿਚ ਮਾਨਸਾ ਤੇ ਫਰੀਦਕੋਟ ਸ਼ਾਮਲ ਸਨ) ਦਾ ਇਕ ਵੀ ਵਿਅਕਤੀ ਆਈæ ਏæ ਐਸ਼ ਨਹੀਂ ਸੀ। ਹੁਸ਼ਿਆਰਪੁਰ ਸਭ ਤੋਂ ਅੱਗੇ ਸੀ। ਮਾਲਵੇ ਦੇ ਪਿੰਡਾਂ ਵਿਚ ਇਕ ਕਹਾਵਤ ਮਸ਼ਹੂਰ ਸੀ, ਜੱਟ ਦਾ ਪੁਤ ਪੜ੍ਹ ਗਿਆ, ਬਲਦ ਕੋਠੇ ‘ਤੇ ਚੜ੍ਹ ਗਿਆ। ਮਤਲਬ ਦੋਨੋਂ ਗੱਲਾਂ ਬਦਸ਼ਗਨੀ ਹਨ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਜਦੋਂ ਖੇਤਾਂ ਵਿਚ ਕੰਮ ਕਰਨ ਵਾਲੇ ਇਹ ਕਿਹਾ ਕਰਦੇ ਸਨ, ‘ਕਾਕਾ ਪੜ੍ਹ ਕੇ ਆਦਮੀ ਦੀ ਅਕਲ ਠਿਕਾਣੇ ਨਹੀਂ ਰਹਿੰਦੀ, ਉਹ ਬੇਵਕੂਫ ਬਣ ਜਾਂਦਾ ਹੈ।’ ਮੈਂ ਇਹ ਸੁਣ ਕੇ ਹੱਸ ਛੱਡਦਾ।
ਅਜਿਹੇ ਮਾਹੌਲ ਵਿਚ ਰਹਿ ਕੇ ਅਤੇ ਦੂਰ ਦੂਰ ਸਕੂਲਾਂ ਵਿਚ ਪੈਦਲ ਚੱਲ ਕੇ ਪੜ੍ਹਨ ਜਾਣਾ ਸੌਖਾ ਕੰਮ ਨਹੀਂ ਸੀ। ਫਿਰ ਵੀ ਇਹ ਸਾਰੇ ਵਿਦਿਆਰਥੀ ਚੰਗੇ ਨੰਬਰ ਲੈ ਕੇ ਦਸਵੀਂ ਕਰ ਕੇ ਆਏ ਸਨ। ਪਤਾ ਨਹੀਂ ਕਿਉਂ? ਬਹੁਤੇ ਅਗਾਂਹਵਧੂ ਖਿਆਲ ਵਾਲੇ ਸਨ। ਮੈਨੂੰ ਉਨ੍ਹਾਂ ਦੀ ਇਹ ਰੁਚੀ ਚੰਗੀ ਲੱਗਦੀ। ਪ੍ਰੰਤੂ ਜਦੋਂ ਇਹ ਰੁਚੀ ਸੱਚਾਈ ਨੂੰ ਆਪਣੇ ਅਧੀਨ ਕਰ ਲੈਂਦੀ ਤਾਂ ਹੈਰਾਨੀ ਹੁੰਦੀ। ਮਿਸਾਲ ਵਜੋਂ ਇਕ ਗੱਲ ਚੇਤੇ ਆ ਗਈ। ਪ੍ਰੋæ ਪ੍ਰੀਤਮ ਸਿੰਘ ਨੇ ਆਪਣੀ ਕਲਾਸ ਨੂੰ ਲੇਖ ਲਿਖਣ ਲਈ ਕਿਹਾ, ਭਾਈ ਵੀਰ ਸਿੰਘ ਨਿੱਕੀ ਕਵਿਤਾ ਦੇ ਵੱਡੇ ਕਵੀ। ਮੇਰੇ ਨਾਲ ਰਹਿਣ ਵਾਲੇ ਮਿੱਤਰ ਨੇ ਲੇਖ ਸ਼ੁਰੂ ਕੀਤਾ, ਦੋ ਧੜਿਆਂ ਵਿਚ ਦੁਨੀਆਂ ਵੰਡੀ, ਇਕ ਲੋਕਾਂ ਦਾ ਇਕ ਜੋਕਾਂ ਦਾ।
ਮੈਂ ਲੇਖ ਪੜ੍ਹ ਕੇ ਕਿਹਾ, ਭਾਈ ਜਾਨ ਇਸ ਲੇਖ ਦੇ ਵਿਸ਼ੇ ਦਾ ਇਨ੍ਹਾਂ ਸ਼ਬਦਾਂ ਨਾਲ ਕੀ ਸਬੰਧ? ਜੁਆਬ ਸੀ, ਅੱਜ ਕੱਲ੍ਹ ਇਹੀ ਰਿਵਾਜ ਹੈ। ਪਤਾ ਨਹੀਂ ਕਿਉਂ ਬੁੱਧੀਜੀਵੀ ਅਤੇ ਸਿਆਸਤੀ ਲੋਕ ਭੀ ਇਕ ਪਾਸੜ ਰੁਚੀ ਵਿਚ ਫਸੇ ਹੋਏ ਹਨ? ਹਰ ਸਾਲ ਬਜਟ ਪੇਸ਼ ਹੁੰਦੇ ਹਨ। ਬਿਨਾਂ ਘੋਖਿਆਂ ਵਿਰੋਧੀ ਪਾਰਟੀ ਨੇ ਇਸ ਨੂੰ ਮਾੜਾ ਕਹਿਣਾ ਹੈ ਤੇ ਪੇਸ਼ ਕਰਨ ਵਾਲੀ ਪਾਰਟੀ ਨੇ ਚੰਗਾ।
ਅਮਰੀਕਾ ਰਹਿੰਦਿਆਂ ਮੈਂ ਦੇਖਦਾ ਹਾਂ ਕਿ ਬਹੁਤੀਆਂ ਚੀਜ਼ਾਂ ਚੀਨ ਦੀਆਂ ਬਣੀਆਂ ਹੋਈਆਂ ਹੀ ਮਿਲਦੀਆਂ ਹਨ। ਮਤਲਬ ਦੋਨਾਂ ਦੇਸ਼ਾ ਦਾ ਵਪਾਰ ਸਬੰਧ ਦਿਨ ਬਦਿਨ ਵਧ ਰਿਹਾ ਹੈ। ਜੇਕਰ ਭਾਰਤ ਆਪਣੇ ਵਪਾਰਕ ਰਿਸ਼ਤੇ ਅਮਰੀਕਾ ਨਾਲ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੇ ਤਾਂ ਕਾਮਰੇਡ ਇਸ ਦਾ ਵਿਰੋਧ ਕਰਦੇ ਹਨ। ਆਮ ਲੋਕਾਂ ਨਾਲੋਂ ਸਾਡੇ ਕਾਮਰੇਡ ਕਾਫੀ ਸਿਆਣੇ ਹਨ। ਆਪਣੇ ਬੱਚਿਆਂ ਨੂੰ ਰੂਸ ਜਾਂ ਚੀਨ ਦੀ ਥਾਂ ਅਮਰੀਕਾ ਜਾਂ ਕੈਨੇਡਾ ਭੇਜਦੇ ਹਨ ਅਤੇ ਆਪ ਭੀ ਇਨ੍ਹਾਂ ਦੇਸ਼ਾਂ ਦੀਆਂ ਸਹੂਲਤਾਂ ਮਾਣਦੇ ਹਨ। ਫਿਰ ਭੀ ਇਨ੍ਹਾਂ ਦੀ ਨੁਕਤਾਚੀਨੀ ਠੋਕ ਵਜਾ ਕੇ ਕਰਦੇ ਹਨ। ਇਥੇ ਪ੍ਰੈਸ ਦੀ ਕਾਫੀ ਆਜ਼ਾਦੀ ਹੈ। ਗਲਤ ਨੀਤੀ ਜ਼ਰੂਰ ਨਿੰਦਣ ਪ੍ਰੰਤੂ ਚੰਗੀ ਗੱਲ ਦੀ ਤਾਰੀਫ ਭੀ ਕਰਨ।
ਮੈਂ ਸਾਇੰਸ ਦਾ ਵਿਦਿਆਰਥੀ ਸਾਂ। ਸਾਹਿਤ ਅਤੇ ਇਤਿਹਾਸ ਪੜ੍ਹਨਾ ਮੇਰਾ ਸ਼ੌਕ ਸੀ। ਪੰਜਾਬ ਦਾ ਇਤਿਹਾਸ ਪਹਿਲੀ ਪਸੰਦ ਸੀ। ਸਿੱਖਾਂ ਦੀ ਅੰਗਰੇਜ਼ਾਂ ਨਾਲ ਦੂਜੀ ਜੰਗ ਵੇਲੇ ਜੋ ਫੌਜ ਪੰਜਾਬ ਵਿਰੁਧ ਲੜ ਰਹੀ ਸੀ, ਉਸ ਵਿਚ ਅਫਸਰਾਂ ਨੂੰ ਛੱਡ ਕੇ ਬਾਕੀ ਸਭ ਭਾਰਤੀ ਹੀ ਸਨ, ਤਦੇ ਤਾਂ ਸ਼ਾਹ ਮੁਹੰਮਦ ਨੇ ਕਿਹਾ, ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਉਨ੍ਹਾਂ ਵਿਚੋਂ ਕਿਸੇ ਨੇ ਭੀ ਇਹ ਨਾ ਕਿਹਾ ਕਿ ਅਸੀਂ ਆਪਣੇ ਹੀ ਦੇਸ਼ ਦੇ ਲੋਕਾਂ ਵੁਰਧ ਨਹੀਂ ਲੜਾਂਗੇ। ਕਿਸੇ ਭੀ ਇਤਿਹਾਸਕਾਰ ਨੇ ਕਰੜੇ ਸ਼ਬਦਾਂ ਵਿਚ ਇਹ ਨਹੀਂ ਲਿਖਿਆ ਕਿ ਹਿੰਦੁਸਤਾਨੀ ਫੌਜ ਨੇ ਉਸ ਵੇਲੇ ਬਗਾਵਤ ਕਿAੁਂ ਨਾ ਕੀਤੀ? ਉਹ ਸਹੀ ਸਮਾਂ ਸੀ, ਗੋਰਿਆਂ ਨੂੰ ਭਜਾਉਣ ਦਾ।
1857 ਵਿਚ ਕਾਰਤੂਸਾਂ ਵਿਚ ਚਰਬੀ ਹੋਣ ਦੀ ਗਲਤ ਅਫਵਾਹ ਅਤੇ ਸਮੁੰਦਰ ਤੋਂ ਪਾਰ ਨਾ ਜਾਣ ਦੀ ਹਾਸੋਹੀਣੀ ਬਹਾਨੇਬਾਜ਼ੀ ਸਦਕਾ ਕੁਝ ਫੌਜੀ ਦਸਤਿਆਂ ਨੇ ਜੋਸ਼ ਵਿਚ ਹੁਕਮ ਅਦੂਲੀ ਦੇ ਨਾਲ ਨਾਲ ਬਗਾਵਤ ਵੀ ਕਰ ਦਿੱਤੀ। ਗੁੱਸੇ ਵਿਚ ਆਏ ਨੌਜਵਾਨਾਂ ਨੇ ਗੋਰਿਆਂ ਦੀ ਅਹੀ-ਤਹੀ ਫੇਰ ਦਿੱਤੀ। ਇਸ ਵਰਤਾਰੇ ਨੂੰ ਕੁਚਲਣ ਲਈ ਬਹੁਤ ਸਾਰੀ ਬਾਕੀ ਭਾਰਤੀ ਫੌਜ ਦੇ ਗਲ ਨਾਲ ਫੂਲਕੀਆਂ ਰਿਆਸਤ ਦੀਆਂ ਫੌਜਾਂ ਨੇ ਸਾਥ ਦਿੱਤਾ। ਰਿਆਸਤਾਂ ਕੋਲ ਕਿੰਨੀ ਕੁ ਫੌਜ ਰੱਖਣ ਦੀ ਸਮਰੱਥਾ ਸੀ? ਜੇ ਸਾਰੀ ਹਿੰਦੋਸਤਾਨੀ ਫੌਜ ਬਗਾਵਤ ਕਰ ਦਿੰਦੀ ਤਾਂ ਸਿੱਖਾਂ ਦੀ ਫੌਜ ਦੇ ਢਾਈ ਟੋਟਰੂ ਅੰਗਰੇਜ਼ਾਂ ਨੂੰ ਕਿਵੇਂ ਬਚਾ ਲੈਂਦੇ? ਫਿਰ ਭੀ ਬਹੁਤੇ ਇਤਿਹਾਸਕਾਰ ਇਸ ਜੰਗੇ ਆਜ਼ਾਦੀ ਨੂੰ ਫੇਲ੍ਹ ਕਰਨ ਵਿਚ ਸਿੱਖ ਫੌਜ ਨੂੰ ਹੀ ਜ਼ਿੰਮੇਵਾਰ ਮੰਨਦੇ ਹਨ। ਸੱਚ ਪੁੱਛੋ ਤਾਂ ਮੈਨੂੰ ਤਾਂ ਕਦੀ ਵੀ ਇਹ ‘ਪਹਿਲੀ ਆਜ਼ਾਦੀ ਦੀ ਲੜਾਈ’ ਨਹੀਂ ਲੱਗੀ। ਇਸ ਜੋਸ਼ ਵਿਚ ਉਠੇ ਤੁਫਾਨ ਵਿਚ ਕੋਈ ਵੀ ਰੋਸ਼ਨ ਦਿਮਾਗ ਵਿਕਅਤੀ ਸਹੀ ਸੇਧ ਲੈ ਕੇ ਆਇਆ ਨਜ਼ਰ ਨਹੀਂ ਆਉਂਦਾ। ਆਖਰੀ ਮੁਗਲ ਬਾਦਸ਼ਾਹ ਨੂੰ ਗੱਦੀ ‘ਤੇ ਬਿਠਾਉਣ ਦਾ ਸੁਪਨਾ, ਬਿਨਾਂ ਕਿਸੇ ਜਰਨੈਲ ਦੇ ਆਪੋਧਾਪੀ ਫੌਜ ਦਾ ਕੰਟਰੋਲ ਕਰਨਾ, ਕਿਸੇ ਪ੍ਰਧਾਨ ਮੰਤਰੀ ਜਾਂ ਬਿਨਾਂ ਕਿਸੇ ਵਿਧਾਨ ਤੋਂ ਐਡੇ ਵੱਡੇ ਦੇਸ਼ ਨੂੰ ਸਾਂਭਣਾ ਕਿਹੋ ਜਿਹੀ ਆਜ਼ਾਦੀ ਦੀ ਤਸਵੀਰ ਸੀ? ਫਿਰ ਭੀ ਅਸੀਂ ਇਸ ਨੂੰ ਆਜ਼ਾਦੀ ਦੀ ਪਹਿਲੀ ਲੜਾਈ ਕਹਿੰਦੇ ਨਹੀਂ ਥੱਕਦੇ। ਐਸਾ ਕਿਉਂ?
ਅੱਜ ਕੱਲ੍ਹ ਪੰਜਾਬ ਦੇ ਬਹੁਤ ਸਾਰੇ ਮਸਲਿਆਂ ਵਿਚੋਂ ਇਕ ਵੱਡਾ ਮਸਲਾ ਕਿਸਾਨਾਂ ਦੀ ਖੁਦਕੁਸ਼ੀ ਦਾ ਹੈ। ਇਸ ਨੂੰ ਨਜਿੱਠਣ ਲਈ ਸਾਰੀਆਂ ਪਾਰਟੀਆਂ ਆਪੋ ਆਪਣੇ ਢੰਗ ਨਾਲ ਇਨ੍ਹਾਂ ਦੀ ਮਦਦ ਦਾ ਭਰੋਸਾ ਦੇ ਰਹੀਆਂ ਹਨ। ਕੋਈ ਸ਼ੱਕ ਨਹੀਂ ਕਿ ਕਿਸਾਨਾਂ ਨੂੰ ਚੰਗੇ ਬੀਜ, ਸਹੀ ਭਾਅ, ਚੰਗੀ ਤੇ ਸਸਤੀ ਖਾਦ ਆਦਿ ਕੁਝ ਨਹੀਂ ਮਿਲ ਰਿਹਾ। ਕੁਦਰਤੀ ਅਲਾਮਤਾਂ ਦੀ ਮਾਰ ਦਾ ਭੀ ਕੋਈ ਤਸੱਲੀਬਖਸ਼ ਇੰਤਜ਼ਾਮ ਨਹੀਂ ਹੋ ਰਿਹਾ। ਕੀ ਇਹ ਸਭ ਮੁਸ਼ਕਿਲਾਂ ਹੱਲ ਕਰ ਕੇ ਕਿਸਾਨਾਂ ਦੀ ਹਾਲਤ ਸੁਧਰ ਜਾਵੇਗੀ? ਮੇਰਾ ਖਿਆਲ ਹੈ, ਨਹੀਂ। ਗਹੁ ਨਾਲ ਦੇਖਿਆਂ ਪਤਾ ਲੱਗਦਾ ਹੈ ਕਿ ਖੁਦਕੁਸ਼ੀਆਂ ਬਹੁਤੀਆਂ ਮਾਲਵੇ ਵਿਚ ਹੋ ਰਹੀਆਂ ਹਨ। ਮਾਝਾ ਤੇ ਦੁਆਬਾ ਕੁਝ ਸੁਖੀ ਹੈ। ਪਹਿਲਾ ਕਾਰਨ, ਕੈਂਸਰ ਨਾਲ ਬਹੁਤ ਲੋਕ ਮਰ ਰਹੇ ਹਨ। ਉਨ੍ਹਾਂ ਦੇ ਇਲਾਜ ਉਤੇ ਲੱਗਿਆ ਪੈਸਾ ਕਰਜ਼ੇ ਦਾ ਰੂਪ ਧਾਰਦਾ ਹੈ। ਖੁਦਕੁਸ਼ੀ ਮਜਬੂਰੀ ਬਣ ਜਾਂਦੀ ਹੈ।
ਦੂਜਾ, ਰੀਸੋ-ਰੀਸੀ ਵਿਆਹਾਂ-ਸ਼ਾਦੀਆਂ, ਮਰਗਾਂ ਅਤੇ ਹੋਰ ਰਸਮਾਂ ‘ਤੇ ਗਰੀਬ ਤੋਂ ਗਰੀਬ ਕਿਸਾਨ ਭੀ ਅੱਡੀਆਂ ਚੁੱਕ ਕੇ ਫਾਹਾ ਲੈਣ ਲਈ ਤਿਆਰ ਰਹਿੰਦੇ ਹਨ। ਕਈ ਸ਼ਾਦੀਆਂ ‘ਤੇ ਕਰੋੜ ਰੁਪਏ ਖਰਚ ਹੁੰਦੇ ਹਨ। ਸ਼ਾਦੀ ਪੰਜ ਪੰਜ ਹਿੱਸਿਆਂ ਵਿਚ ਹੁੰਦੀ ਹੈ। ਚੁੰਨੀ ਦੀ ਰਸਮ ਪਿੰਡ ਵਿਚ, ਮਹਿੰਦੀ ਕਿਸੇ ਹੋਟਲ ਵਿਚ, ਨਾਸ਼ਤਾ ਇਕ ਸ਼ਹਿਰ ਅਤੇ ਅਨੰਦ ਕਾਰਜ ਗੁਰਦੁਆਰੇ। ਕੀਰਤਨੀਏ, ਮਸ਼ਹੂਰੀ ਵਾਲੇ, ਦੁਪਹਿਰ ਦਾ ਖਾਣਾ ਕਿਸੇ ਮੈਰਿਜ ਪੈਲੇਸ ਤੇ ਰਿਸੈਪਸ਼ਨ ਕਿਸੇ ਹੋਟਲ ਵਿਚ। ਪ੍ਰਾਹੁਣੇ ਅਣਗਿਣਤ। ਸਿਆਸੀ ਬੰਦਿਆਂ ਨਾਲ ਪੂਰੀ ਫੌਜ, ਦੋਸਤਾਂ ਦੇ ਦੋਸਤ। ਇਨ੍ਹਾਂ ਵਿਚੋਂ ਬਹੁਤੇ ਲੜਕੇ-ਲੜਕੀ ਨੂੰ ਜਾਣਦੇ ਵੀ ਨਹੀਂ ਹੁੰਦੇ।
ਬੇਸ਼ੱਕ ਸਾਰੇ ਕਿਸਾਨ ਇਸ ਲੜੀ ਵਿਚ ਪਰੋਏ ਨਹੀਂ ਜਾ ਸਕਦੇ ਪ੍ਰੰਤੂ ਰੀਸ ਅਤੇ ਰਿਸ਼ਤੇਦਾਰੀਆਂ ਵਿਚ ਫਸੇ ਹੋਏ ਬਹੁਤਿਆਂ ਨੂੰ ਮੁਸ਼ਕਿਲ ਵਿਚ ਹੁੰਦਿਆਂ ਭੀ ਇਹ ਅੱਕ ਚੱਬਣਾ ਹੀ ਪੈਂਦਾ ਹੈ। ਰਹਿੰਦੀ ਖੂਹੰਦੀ ਕਸਰ ਸਾਡੇ ਐਨ ਆਰ ਆਈ ਭਾਈ ਪੂਰੀ ਕਰ ਦਿੰਦੇ ਹਨ। ਮੈਂ ਕਈਆਂ ਨੂੰ ਜਾਣਦਾ ਹਾਂ ਜਿਨ੍ਹਾਂ ਦਾ ਅਮਰੀਕਾ ਵਿਚ ਗੁਜ਼ਾਰਾ ਹੀ ਚੱਲਦਾ ਹੈ ਪ੍ਰੰਤੂ ਭਾਰਤ ਜਾ ਕੇ ਕੁਝ ਹਜ਼ਾਰ ਡਾਲਰਾਂ ਨਾਲ ਫੋਕੀ ਟੌਹਰ ਦਿਖਾ ਕੇ ਗਰੀਬ ਕਿਸਾਨਾਂ ਦੇ ਮੁੰਡਿਆਂ ਨੂੰ ਪਰਦੇਸ ਜਾਣ ਦੀ ਚੰਦਰੀ ਲਾਲਸਾ ਲਾ ਦਿੰਦੇ ਹਨ। ਇਹ ਅਨਭੋਲ ਮੁੰਡੇ ਕੰਮ ਕਾਰ ਅਤੇ ਪੜ੍ਹਾਈ ਛੱਡ ਕੇ ਇਕ ਹੀ ਧੁਨ ਫੜ੍ਹ ਲੈਂਦੇ ਹਨ, ਵਿਦੇਸ਼ ਜਾਣ ਦੀ। ਬੇਅੰਤ ਢੰਗਾਂ ਨਾਲ ਵਿਦੇਸ਼ ਜਾਣ ਦੀ ਤਾਂਘ ਮਾਂ-ਬਾਪ ਦਾ ਕਰਜ਼ੇ ‘ਚ ਲਿਆ ਪੈਸਾ ਬਰਬਾਦ ਕਰ ਦਿੰਦੀ ਹੈ।
ਤੀਜਾ, ਟਰੈਕਟਰ ਲੈਣ ਦੀ ਬਿਮਾਰੀ ਭੀ ਅਜੀਬ ਹੈ। ਦੋ ਤੋਂ ਤਿੰਨ ਏਕੜ ਵਾਲੇ ਕਿਸਾਨ ਭੀ ਮੇਰੇ ਵਾਕਿਫ ਹਨ। ਕਰਜ਼ੇ ਨਾਲ ਮਸ਼ੀਨ ਖਰੀਦ ਲਈ, ਡੀਜ਼ਲ ਲੈਣ ਅਤੇ ਕਿਸ਼ਤ ਭਰਨ ਦੀ ਹਿੰਮਤ ਨਹੀਂ। ਦੋ ਸਾਲਾਂ ਪਿਛੋਂ ਟਰੈਕਟਰ ਪਸ਼ੂਆਂ ਦੀ ਮੰਡੀ ਤਰ੍ਹਾਂ ਮੋਗੇ ਚਲਾ ਗਿਆ। ਅੱਧੀ ਕੀਮਤ ‘ਚ ਵੇਚ ਕੇ ਮਾਇਆ ਕਬੀਲਦਾਰੀ ਵਿਚ ਖਰਚ ਕਰ ਲਈ ਅਤੇ ਬੈਂਕ ਦਾ ਕਰਜ਼ਾ ਉਤਾਰਨ ਲਈ ਜ਼ਮੀਨ ਵੇਚਣੀ ਪਈ। ਇਹ ਅਲਾਮਤਾਂ ਹੀ ਖੁਦਕੁਸ਼ੀ ਲਈ ਜ਼ਿੰਮੇਵਾਰ ਹਨ। ਖੇਤੀ ਕਰਮਾਂ ਸੇਤੀ ਦਾ ਤਾਂ ਇਨ੍ਹਾਂ ਫਜ਼ੂਲ ਖਰਚਿਆਂ ਵਿਚ ਨਾਂ ਨਹੀਂ।
ਖੇਤੀ ਦਾ ਕੰਮ ਔਖਾ ਹੋਣ ਕਰ ਕੇ ਜ਼ਿਆਦਾ ਬੰਦਿਆਂ ਦੀ ਲੋੜ ਹੈ। ਬਹੁਤੇ ਪੁੱਤਾਂ ਵਾਲ ਕਿਸਾਨ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਹੈ ਕਿ ਕੱਲੀ ਹੋਵੇ ਨਾ ਬਣਾਂ ਵਿਚ ਲੱਕੜੀ, ਕੱਲਾ ਨਾ ਹੋਵੇ ਪੁੱਤ ਜੱਟ ਦਾ। ਡੰਡਾ ਸੋਟਾ ਚਲਾਉਣ ਅਤੇ ਲੜਾਈ ਝਗੜੇ ਵਿਚ ਅੱਜ ਦਾ ਕਿਸਾਨ ਭੀ ਯਕੀਨ ਰੱਖਦਾ ਹੈ। ਭੁੱਲ ਜਾਂਦਾ ਹੈ ਕਿ ਜ਼ਮੀਨ ਵੰਡੀ ਜਾਊ, ਮੁੰਡਿਆਂ ਨੇ ਡੱਕਾ ਦੂਹਰਾ ਨਹੀਂ ਕਰਨਾ। ਭੱਈਏ ਖੇਤਾਂ ‘ਚ ਕੰਮ ਕਰ ਕੇ ਟੱਬਰ ਕਿਵੇਂ ਪਾਲਣਗੇ?
ਜੇ ਇਨ੍ਹਾਂ ਮਸਲਿਆਂ ਵੱਲ ਕਿਸੇ ਨੇ ਧਿਆਨ ਨਾ ਦਿੱਤਾ, ਕੇਵਲ ਕਰਜ਼ਾ ਮੁਆਫ ਕਰਨਾ ਹੀ ਠੀਕ ਸਮਝਿਆ ਤਾਂ ਦੋ-ਤਿੰਨ ਸਾਲਾਂ ਵਿਚ ਇਤਨੇ ਹੀ ਕਰਜ਼ੇ ਫੇਰ ਹੋ ਜਾਣਗੇ।
ਕੁਝ ਸੁਝਾਅ:
1æ ਕਿਸਾਨਾਂ ਦੇ ਮੁੰਡਿਆਂ ਨੂੰ ਫੌਜ ‘ਚ ਭਰਤੀ ਹੋਣ ਲਈ ਉਤਸ਼ਾਹਤ ਕੀਤਾ ਜਾਵੇ। ਸੈਂਟਰ ਪਹਿਲ ਦੇ ਆਧਾਰ ‘ਤੇ ਭਰਤੀ ਕਰੇ। ਬੇਸ਼ੱਕ ਇਕ ਨਵੀਂ ਕਿਸਾਨ ਰੈਜੀਮੈਂਟ ਭੀ ਕਿਉਂ ਨਾ ਬਣਾਉਣੀ ਪਵੇ। ਮਾਲਵੇ ਤੋਂ ਹੀ ਸੂਬੇਦਾਰ ਨੰਦ ਸਿੰਘ ਕੁਝ ਦੇਰ ਪਹਿਲਾਂ ਹੀ ਸੁਰਗਵਾਸ ਹੋਇਆ ਹੈ। ਦੇਸ਼ ਦੇ ਸਭ ਤੋਂ ਉਚੇ ਬਹਾਦਰੀ ਦੇ ਪੁਰਸਕਾਰ ਦਾ ਉਹ ਮਾਲਕ ਸੀ। ਜਨਰਲ ਮੈਨਿਕਸ਼ਾ ਇਸ ਇਲਾਕੇ ਦੇ ਜੁਆਨਾਂ ਨੂੰ ਦੇਖ ਕੇ ਬਹੁਤ ਖੁਸ਼ ਹੁੰਦਾ।
2æ ਕਿਸਾਨਾਂ ਵਿਚ ਪਰਿਵਾਰ ਨਿਯੋਜਨ ਸਖਤੀ ਨਾਲ ਵਰਤਿਆ ਜਾਵੇ।
3æ ਪਰਦੇਸ ਵਿਚ ਭੇਜਣ ਲਈ ਸਟੇਟ ਅਤੇ ਸੈਂਟਰ ਚੰਗੀਆਂ ਅਤੇ ਈਮਾਨਦਾਰ ਸੰਸਥਾਵਾਂ ਦਾ ਪ੍ਰਬੰਧ ਕਰੇ। ਦੂਜੇ ਦੇਸ਼ਾਂ ਨਾਲ ਸੰਪਰਕ ਕਰ ਕੇ ਇਨ੍ਹਾਂ ਦੀ ਸਹਾਇਤਾ ਕਰੇ।
4æ ਥੋੜ੍ਹੀ ਜ਼ਮੀਨ ਵਾਲੇ ਨੂੰ ਟਰੈਕਟਰ ਖਰੀਦਣ ਦੀ ਆਗਿਆ ਨਾ ਹੋਵੇ ਪ੍ਰੰਤੂ ਮੁਨਾਸਿਬ ਕਿਰਾਏ ‘ਤੇ ਜ਼ਮੀਨਾਂ ਵਹਾਉਣ ਦੀ ਸਹੂਲਤ ਹੋਵੇ।
5æ ਬਹੁਤ ਥੋੜ੍ਹੇ ਵਿਆਜ ਉਤੇ ਬੀਜ, ਖਾਦ ਅਤੇ ਦਵਾਈਆਂ ਲੈਣ ਲਈ ਕਰਜ਼ੇ ਦਿੱਤੇ ਜਾਣ।
6æ ਵਿਆਹਾਂ ਸ਼ਾਦੀਆਂ, ਮਰਗਾਂ ਅਤੇ ਹੋਰ ਸਮਾਗਮਾਂ ‘ਤੇ ਕੀਤੀ ਜਾਂਦੀ ਫਜ਼ੂਲ ਖਰਚੀ ਸਖਤੀ ਨਾਲ ਬੰਦ ਕੀਤੀ ਜਾਵੇ।
7æ ਆਪਣੀ ਮੰਡੀਆਂ ਹਰ ਸ਼ਹਿਰ ਵਿਚ ਲਾਈਆਂ ਜਾਣ।
ਇਸ ਨਿਮਾਣੇ ਜਿਹੇ ਲੇਖ ਨੂੰ ਥੋੜ੍ਹਾ ਜਿਹਾ ਹਲਕਾ ਰੰਗ ਦੇਣ ਲਈ ਇਕ ਮਿਸਾਲ ਪੇਸ਼ ਹੈ।
ਅੰਤਿਕਾ: ਮੈਂ ਇਕ ਬਜ਼ੁਰਗ ਜੋੜੇ ਨੂੰ ਮਿਲਿਆ। ਸਰਦਾਰ ਜੀ ਆਰਮੀ ਵਿਚੋਂ ਵੱਡੇ ਅਫਸਰ ਸੇਵਾ ਮੁਕਤ ਹੋਏ ਸਨ। ਭੈਣ ਜੀ ਕਹਿਣ ਲੱਗੇ, ਹੋਰ ਸਭ ਠੀਕ ਹੈ ਪ੍ਰੰਤੂ ਇਹ ਫੌਜੀ ਬੜੇ ਜ਼ਿੱਦੀ ਹੁੰਦੇ ਹਨ। ਸੁਆਦ ਨਹੀਂ ਆਇਆ।
ਦੂਸਰੇ ਵਡੇਰੀ ਉਮਰ ਦੇ ਭਾਈ ਸਾਹਿਬ ਸੈਸ਼ਨ ਜੱਜ ਰਿਟਾਇਰ ਹੋਏ ਸਨ। ਮੇਰੇ ਨਾਲ ਬੜੀਆਂ ਅਰਥਭਰਪੂਰ ਗੱਲਾਂ ਵਿਚ ਰੁੱਝ ਗਏ। ਬੀਬੀ ਜੀ ਆ ਕੇ ਕਹਿਣ ਲੱਗੇ, ਇਕ ਤਾਂ ਇਨ੍ਹਾਂ ਦੀਆਂ ਗੱਲਾਂ ਹੀ ਨਹੀਂ ਮੁੱਕਦੀਆਂ। ਸ਼ਾਇਦ ਕਚਹਿਰੀਆਂ ਵਿਚ ਚੁੱਪ ਰਹਿਣ ਦੀ ਕਸਰ ਕੱਢ ਰਹੇ ਹਨ। ਜੱਜ ਸਾਹਿਬ ਕਹਿਣ ਲੱਗੇ, ਤੈਨੂੰ ਕੀ ਤਕਲੀਫ ਹੈ? ਮੇਰੇ ਬੋਲਣ ‘ਤੇ ਭੀ ਕੰਟਰੋਲ ਕਰਨਾ ਹੈ? ਇਹ ਦੇਖ ਕੇ ਮਨ ਉਦਾਸ ਹੋ ਗਿਆ। ਬੁਢੇਪੇ ਵਿਚ ਪਿਆਰ ਦਾ ਜਜ਼ਬਾ ਕਿਉਂ ਠੰਡਾ ਹੋ ਗਿਆ। ਮੋਹ ਦੀ ਤੰਦ ਕਿਉਂ ਢਿੱਲ੍ਹੀ ਹੋ ਗਈ। ਪਲਾਂ ਵਿਚ ਦਿਲ ਦੇ ਦਰਵਾਜ਼ੇ ‘ਤੇ ਆਈ ਦਸਤਕ ਨੇ ਮਨ ਨਿਹਾਲ ਕਰ ਦਿਤਾ। ਉਸ ਦੇ ਬੋਲ ਸਨ,
ਇਕੱਠੇ ਰਹਿ ਰਹਿ ਥੱਕ ਗਏ ਨੇ।
ਉਹੀ ਗੱਲਾਂ ਸੁਣ ਸੁਣ ਅੱਕ ਗਏ ਨੇ।
ਇੰਡੀਆ ਵਾਂਗਰ ਪੱਕ ਗਏ ਨੇ।