ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਹਰਿਆਣਾ ਵਿਚ ਜਾਟ ਰਾਖਵੇਂਕਰਨ ਲਈ ਛਿੜੇ ਅੰਦੋਲਨ ਦੀ ਆੜ ਵਿਚ ਕੀਤੇ ਵਹਿਸ਼ੀ ਕਾਰਿਆਂ ਤੋਂ ਪਰਦਾ ਉੱਠਣ ਲੱਗਾ ਹੈ। ਕੌਮੀ ਸ਼ਾਹਰਾਹ ਨੰਬਰ ਇਕ ‘ਤੇ ਮੂਰਥਲ ਢਾਬੇ ਕੋਲ ਕੁਝ ਭੂਤਰੇ ਅਨਸਰਾਂ ਵੱਲੋਂ ਰਾਹਗੀਰਾਂ ਨੂੰ ਰੋਕ ਕੇ ਔਰਤਾਂ ਨੂੰ ਬੇਪੱਤ ਕਰਨ ਦੇ ਮਾਮਲੇ ਵਿਚ ਕਈ ਚਸ਼ਮਦੀਦ ਸਾਹਮਣੇ ਆਏ ਹਨ। ਕੁਝ ਪੀੜਤ ਔਰਤਾਂ ਨੇ ਵੀ ਹਿੰਮਤ ਵਿਖਾਉਂਦੇ ਹੋਏ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਉਧਰ, ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀ ਸਖਤ ਨੋਟਿਸ ਲਿਆ ਹੈ।
ਅਦਾਲਤ ਨੇ ਕਿਹਾ ਹੈ ਕਿ ਹਰਿਆਣਾ ਸਰਕਾਰ ਲਈ ਇਹ ਬੜੀ ਸ਼ਰਮਨਾਕ ਘਟਨਾ ਹੈ।
ਇਹ ਵੀ ਪਤਾ ਲੱਗਾ ਹੈ ਕਿ ਇਸ ਅੰਦੋਲਨ ਵਿਚ ਪੰਜਾਬੀ ਭਾਈਚਾਰੇ ਨੂੰ ਸਭ ਤੋਂ ਵੱਧ ਨਿਸ਼ਾਨਾ ਬਣਾਇਆ ਗਿਆ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਇਸ ਕਾਰੇ ਨੇ 1984 ਦੇ ਸਿੱਖ ਕਤਲੇਆਮ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਨਿਰੰਜਨ ਸਿੰਘ ਜਿਸ ਨੇ 1984 ਦਾ ਕਤਲੇਆਮ ਅੱਖੀਂ ਦੇਖਿਆ ਸੀ, ਦਾ ਕਹਿਣਾ ਸੀ ਕਿ ਜਿਸ ਤਰ੍ਹਾਂ ਔਰਤਾਂ ਨੂੰ ਬੇਪੱਤ ਤੇ ਨਿਹੱਥੇ ਲੋਕਾਂ ਨੂੰ ਘੇਰਿਆ ਜਾ ਰਿਹਾ ਸੀ, ਇਹ ਦਰਦਨਾਕ ਦ੍ਰਿਸ਼ 1984 ਵੇਲੇ ਤੋਂ ਵੀ ਦਿਲ ਕੰਬਾਊ ਸੀ। ਉਸ ਮੁਤਾਬਕ ਸਵੇਰੇ ਤਿੰਨ ਵਜੇ ਦੇ ਕਰੀਬ ਨਾਕਾ ਲਾ ਕੇ ਰੋਕੇ ਵਾਹਨਾਂ ਦੀਆਂ ਘੱਟੋ-ਘੱਟ 10 ਔਰਤਾਂ ਨੂੰ ਨਾ ਕੇਵਲ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਬਲਕਿ ਉਨ੍ਹਾਂ ਨੂੰ ਕਈ ਘੰਟੇ ਬੇਪਰਦ ਅਵਸਥਾ ਵਿਚ ਰਹਿਣ ਲਈ ਮਜਬੂਰ ਕਰ ਦਿੱਤਾ। ਇਹ ਸਭ ਕੁਝ ਉਦੋਂ ਵਾਪਰਿਆ ਜਦੋਂ ਪੁਲਿਸ ਅਤੇ ਫ਼ੌਜ ਇਸ ਸੜਕ ‘ਤੇ ਗਸ਼ਤ ਕਰ ਰਹੀ ਸੀ, ਪਰ ਘਟਨਾ ਦਾ ਪਤਾ ਲੱਗਣ ਦੇ ਬਾਵਜੂਦ ਉਸ ਨੇ ਇਨ੍ਹਾਂ ਗੁੰਡਿਆਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।
ਨਰੇਲਾ (ਦਿੱਲੀ) ਦੀ ਇਕ ਔਰਤ ਨੇ ਆਪਣੇ ਦਿਉਰ ਸਣੇ ਸੱਤ ਵਿਅਕਤੀਆਂ ਖਿਲਾਫ ਵਿਸ਼ੇਸ਼ ਜਾਂਚ ਟੀਮ ਕੋਲ ਸਮੂਹਿਕ ਜਬਰ ਜਨਾਹ ਦਾ ਮਾਮਲਾ ਦਰਜ ਕਰਵਾਇਆ ਹੈ। ਇਸੇ ਔਰਤ ਨੇ ਪਹਿਲਾਂ ਫੋਨ ਉਤੇ ਆਪਣੀ ਵਿਥਿਆ ਪੁਲਿਸ ਨੂੰ ਦੱਸੀ ਸੀ। ਪੀੜਤਾ ਨੇ ਸਾਰੇ ਮੁਲਜ਼ਮਾਂ ਨੂੰ ਪਛਾਣਨ ਦੀ ਗੱਲ ਵੀ ਕਹੀ ਹੈ। ਉਸ ਦਾ ਕਹਿਣਾ ਹੈ ਕਿ ਮੂਰਥਲ ਕੋਲ ਗੁੰਡਿਆਂ ਨੇ ਵੈਨ ਰੋਕ ਕੇ ਉਸ ਦੀ ਭੰਨ ਤੋੜ ਕੀਤੀ ਤੇ ਉਸ ਨੂੰ ਉਸ ਦੀ 15 ਸਾਲਾ ਧੀ ਸਣੇ ਬਾਹਰ ਘੜੀਸ ਲਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਹਾਈਵੇ ਦੇ ਨੇੜੇ ਕਿਸੇ ਇਮਾਰਤ ਵਿਚ ਲਿਜਾਇਆ ਗਿਆ ਜਿਥੇ ਉਸ ਨਾਲ ਜਬਰ ਜਨਾਹ ਕੀਤਾ ਗਿਆ।
ਮੂਰਥਲ ਨੇੜੇ ਭੂਤਰੇ ਗੁੰਡਿਆਂ ਦਾ ਸ਼ਿਕਾਰ ਹੋਈਆਂ ਦੋ ਮੁਟਿਆਰਾਂ ਦੇ ਹਵਾਲੇ ਨਾਲ ਵੈੱਬ ਪੋਰਟਲ ‘ਫਸਟਪੋਸਟ’ ਨੇ ਰਿਪੋਰਟ ਨਸ਼ਰ ਕੀਤੀ ਹੈ। ਪੀੜਤਾਂ ਨੇ ਦੋਸ਼ ਲਾਇਆ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਇੱਜ਼ਤ ਬਚਾਉਣ ਲਈ ਚੁੱਪ ਰਹਿਣ ਦੀ ਸਲਾਹ ਦਿੱਤੀ ਸੀ। ‘ਫਸਟਪੋਸਟ’ ਮੁਤਾਬਕ ਇਕ ਪੀੜਤ ਨੇ ਦੱਸਿਆ ਕਿ ਉਹ ਆਪਣੇ ਪਤੀ ਨਾਲ ਬੱਸ ਰਾਹੀਂ ਵਾਪਸ ਜਾ ਰਹੀ ਸੀ। ਸੁਖਦੇਵ ਢਾਬੇ ਨੇੜੇ ਗੁੰਡਿਆਂ ਨੇ ਬੱਸ ਰੋਕੀ ਤੇ ਔਰਤਾਂ ਨੂੰ ਬਾਹਰ ਧੂਹ ਲਿਆ। ਉਸ ਨਾਲ ਨੇੜਲੇ ਖੇਤਾਂ ਵਿਚ ਸਮੂਹਿਕ ਬਲਾਤਕਾਰ ਕੀਤਾ ਗਿਆ ਜਿਸ ਕਾਰਨ ਉਹ ਬੇਹੋਸ਼ ਹੋ ਗਈ।
ਦੂਜੀ ਪੀੜਤ ਮੁਟਿਆਰ ਦੀ ਮਾਂ ਨੇ ਦੱਸਿਆ ਕਿ ਉਹ ਨੈਣਾਂ ਦੇਵੀ ਤੋਂ ਕਾਰ ਰਾਹੀਂ ਵਾਪਸ ਆ ਰਹੇ ਸਨ। ਮੂਰਥਲ ਨੇੜੇ ਮੋਟਰ ਸਾਈਕਲ ਸਵਾਰਾਂ ਨੇ ਉਨ੍ਹਾਂ ਦੀ ਕਾਰ ਰੋਕੀ। ਉਨ੍ਹਾਂ ਨੇ ਬੰਦੂਕ ਦਿਖਾ ਕੇ ਉਨ੍ਹਾਂ ਦੀ ਧੀ ਨੂੰ ਅਗਵਾ ਕਰ ਲਿਆ ਅਤੇ ਕਾਰ ਨੂੰ ਅੱਗ ਲਗਾ ਦਿੱਤੀ। ਉਸ ਨੂੰ ਨਹੀਂ ਪਤਾ ਬਾਅਦ ਵਿਚ ਉਸ ਦੀ ਬੱਚੀ ਨਾਲ ਕੀ ਵਾਪਰਿਆ, ਪਰ ਉਹ ਬਾਅਦ ਵਿਚ ਨੇੜਲੇ ਢਾਬੇ ਦੀ ਪਾਣੀ ਵਾਲੀ ਟੈਂਕੀ ਪਿਛਿਉਂ ਮਿਲੀ ਸੀ। ਇਸ ਘਟਨਾ ਤੋਂ ਬਾਅਦ ਸਵਾਲ ਉਠਿਆ ਹੈ ਕਿ ਅਜਿਹਾ ਵਰਤਾਰਾ ਇਸ ਲਈ ਵਾਪਰ ਰਿਹਾ ਹੈ, ਕਿਉਂਕਿ ਮੁਲਕ ਦੇ ਵੱਖ-ਵੱਖ ਹਿੱਸਿਆਂ ਵਿਚ ਸਮੇਂ-ਸਮੇਂ ਵਾਪਰੇ ਦੰਗਿਆਂ ਦੇ ਦੋਸ਼ੀਆਂ ਨੂੰ ਕਦੇ ਵੀ ਸਜ਼ਾਵਾਂ ਨਹੀਂ ਦਿੱਤੀਆਂ ਜਾ ਸਕੀਆਂ।
ਵੋਟ ਬੈਂਕਾਂ ਦੀ ਸਿਆਸਤ ਵਿਚ ਯਕੀਨ ਰੱਖਣ ਵਾਲੀਆਂ ਸਰਕਾਰਾਂ ਤੇ ਸਿਆਸੀ ਪਾਰਟੀਆਂ ਅਜਿਹੇ ਨੁਕਸਾਨ ਨੂੰ ਅਕਸਰ ਹੀ ਨਜ਼ਰ ਅੰਦਾਜ਼ ਕਰ ਦਿੰਦੀਆਂ ਹਨ। ਜੇ ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਤਾਂ ਸ਼ਾਇਦ ਗੁਜਰਾਤ ਤੇ ਭਾਗਲਪੁਰ ਸਮੇਤ ਹੋਰ ਥਾਂਵਾਂ ਉਤੇ ਹੋਏ ਦੰਗੇ ਸ਼ਾਇਦ ਨਾ ਵਾਪਰਦੇ ਅਤੇ ਨਾ ਹੀ ਹਾਲ ਹੀ ਵਿਚ ਮੂਰਥਲ ਨੇੜੇ ਗੁੰਡਿਆਂ ਵੱਲੋਂ ਇਸ ਸ਼ਰਮਨਾਕ ਘਟਨਾ ਨੂੰ ਅੰਜਾਮ ਦੇਣ ਦੀ ਜੁਰਅਤ ਕੀਤੀ ਜਾਂਦੀ।