ਰਵਾਇਤੀ ਧਿਰਾਂ ਨੂੰ ਆਮ ਆਦਮੀ ਦੀ ਖਾਸ ਵੰਗਾਰ

ਚੰਡੀਗੜ੍ਹ: ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਪੰਜ ਦਿਨਾਂ ਪੰਜਾਬ ਦੌਰੇ ਨੇ ਸੂਬੇ ਦੀਆਂ ਰਵਾਇਤੀ ਸਿਆਸੀ ਧਿਰਾਂ ਲਈ ਵੱਡੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਕੇਜਰੀਵਾਲ ਪੰਜ ਦਿਨ ਜਿਸ ਢੰਗ ਨਾਲ ਸੂਬੇ ਲੋਕਾਂ ਦੇ ਵਿਚ ਵਿਚਰੇ, ਸਾਬਤ ਕਰਦਾ ਹੈ ਕਿ ਉਹ ਲੋਕਾਂ ਦੀ ਨਬਜ਼ ਪੜ੍ਹ ਕੇ ਪੂਰੀ ਤਿਆਰੀ ਨਾਲ ਆਏ ਸਨ।

ਕੇਜਰੀਵਾਲ ਨੇ ਪੰਜਾਬ ਵਿਚ ਨਸ਼ਿਆਂ, ਰੇਤ ਬਜਰੀ ਦੀ ਕਾਲਾ ਬਾਜ਼ਾਰੀ, ਬੇਰੁਜ਼ਗਾਰੀ ਤੇ ਕਿਸਾਨ ਮਸਲੇ ਚੁੱਕੇ ਅਤੇ 2017 ਵਿਚ ਮੌਕਾ ਮਿਲਣ ‘ਤੇ ਇਨ੍ਹਾਂ ਦੇ ਹੱਲ ਦਾ ਵੀ ਭਰੋਸਾ ਦਿੱਤਾ। ਪੰਜਾਬ ਵਿਚ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵੱਲੋਂ ਕੇਜਰੀਵਾਲ ਦੀ ਫੇਰੀ ਮੌਕੇ ਕੀਤੀ ਬਿਆਨਬਾਜ਼ੀ ਦੱਸਦੀ ਹੈ ਕਿ ਇਹ ਧਿਰਾਂ ‘ਆਪ’ ਨੂੰ ਚੁਣੌਤੀ ਮੰਨਦੀਆਂ ਹਨ।
ਦੋਵਾਂ ਧਿਰਾਂ ਦੀ ਜ਼ੁਬਾਨ ‘ਤੇ ਇਸ ਫੇਰੀ ਦੌਰਾਨ ਕੇਜਰੀਵਾਲ ਦਾ ਨਾਮ ਹੀ ਰਿਹਾ ਹੈ। ਕੇਜਰੀਵਾਲ ਦਾ ਸੂਬੇ ਵਿਚ ਕਈ ਥਾਂਈਂ ਵਿਰੋਧ ਵੀ ਹੋਇਆ ਤੇ ਉਨ੍ਹਾਂ ਦੀ ਕਾਰ ‘ਤੇ ਪੱਥਰ ਵੀ ਮਾਰੇ ਗਏ। ‘ਆਪ’ ਆਗੂਆਂ ਨੇ ਦਾਅਵਾ ਵੀ ਕੀਤਾ ਕਿ ਪੱਥਰਬਾਜ਼ੀ ਕਰਨ ਵਾਲੇ ਸੁਖਬੀਰ ਦੇ ਭੇਜੇ ਬੰਦੇ ਸਨ। ਦਰਅਸਲ, ਸ਼੍ਰੋਮਣੀ ਅਕਾਲੀ ਦਲ ਨੇ ਕੇਜਰੀਵਾਲ ਦੀ ਪੰਜਾਬ ਫੇਰੀ ਤੋਂ ਪਹਿਲਾਂ ਉਨ੍ਹਾਂ ਹੱਥੋਂ ਮੁੱਦੇ ਖੋਹਣ ਦੀ ਕੋਸ਼ਿਸ਼ ਕੀਤੀ ਸੀ। ਦੌਰੇ ਤੋਂ ਤਿੰਨ ਦਿਨ ਪਹਿਲਾਂ ਨਰਮਾ ਪੱਟੀ ਦੇ ਕਿਸਾਨਾਂ ਵਿਚ ਧੜਾ ਧੜ ਖਰਾਬੇ ਦੇ ਚੈੱਕ ਵੰਡੇ ਗਏ ਤੇ ਮੰਗਾਂ ਨੂੰ ਲੈ ਕੇ ਸੰਘਰਸ਼ ਵਿੱਢੀ ਬੈਠੀਆਂ ਵੱਖ-ਵੱਖ ਜਥੇਬੰਦੀਆਂ ਦੇ ਮਸਲੇ ਹੱਲ ਕਰਨ ਲਈ ਮੀਟਿੰਗਾਂ ਰੱਖੀਆਂ ਗਈਆਂ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੇਜਰੀਵਾਲ ਨੂੰ ਮੌਸਮੀ ਬਟੇਰਾ ਵੀ ਦੱਸਿਆ। ਜਿਸ ਤਰ੍ਹਾਂ ਕੇਜਰੀਵਾਲ ਦੇ ਦੌਰੇ ਦੇ ਐਨ ਵਿਚਾਲੇ ਕਾਂਗਰਸ ਦੇ ਦਿੱਲੀ ਤੋਂ ਦੋ ਕੇਂਦਰੀ ਆਗੂਆਂ ਅਜੇ ਮਾਕਨ ਤੇ ਸ਼ੀਲਾ ਦੀਕਸ਼ਤ ਨੂੰ ਆਉਣ ਪਿਆ, ਉਸ ਤੋਂ ਜਾਪਦਾ ਹੈ ਕਿ ਕਾਂਗਰਸ ਵੀ ‘ਆਪ’ ਨੂੰ ਮਿਲੇ ਹੁੰਗਾਰੇ ਤੋਂ ਘਬਰਾ ਗਈ ਹੈ। ਦਿੱਲੀ ਕਾਂਗਰਸ ਦੇ ਪ੍ਰਧਾਨ ਅਜੇ ਮਾਕਨ ਤਾਂ ਕੇਜਰੀਵਾਲ ਸਰਕਾਰ ਦਾ ਇਕ ਸਾਲ ਦਾ ਰਿਪੋਰਟ ਕਾਰਡ ਵੀ ਪੇਸ਼ ਕਰ ਦਿੱਤਾ ਤੇ ਸਰਕਾਰ ਨੂੰ 100 ਵਿਚੋਂ ਜ਼ੀਰੋ ਨੰਬਰ ਦਿੱਤੇ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ‘ਆਪ’ ਨੂੰ ਥੋੜ੍ਹੇ ਜਿਹੇ ਸਮੇਂ ਵਿਚ ਪੰਜਾਬ ਵਿਚੋਂ ਵੱਡਾ ਹੁੰਗਾਰਾ ਮਿਲਿਆ ਹੈ ਤੇ ਇਹ ਨਵੀਂ ਪਾਰਟੀ ਸੂਬੇ ਵਿਚ ਤੀਸਰੇ ਬਦਲ ਦੇ ਤੌਰ ‘ਤੇ ਉੱਭਰ ਰਹੀ ਹੈ।