ਅਮਨੈਸਟੀ ਨੇ ਮੋਦੀ ਸਰਕਾਰ ਨੂੰ ਅਸਹਿਣਸ਼ੀਲਤਾ ਦੇ ਮੁੱਦੇ ‘ਤੇ ਘੇਰਿਆ

ਲੰਡਨ: ਅਮਨੈਸਟੀ ਇੰਟਰਨੈਸ਼ਨਲ ਨੇ ਭਾਰਤ ਵਿਚ ਵਧ ਰਹੀ ਅਸਹਿਣਸ਼ੀਲਤਾ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਭਾਰਤੀ ਪ੍ਰਸ਼ਾਸਨ ਧਾਰਮਿਕ ਹਿੰਸਾ ਦੀਆਂ ਘਟਨਾਵਾਂ ਨੂੰ ਰੋਕਣ ਵਿਚ ਨਾਕਾਮ ਰਿਹਾ ਤੇ ਕਈ ਵਾਰ ਧਰੁਵੀਕਰਨ ਵਾਲੇ ਭਾਸ਼ਣਾਂ ਨੇ ਤਣਾਅ ਵਧਾਉਣ ਵਿਚ ਯੋਗਦਾਨ ਦਿੱਤਾ ਹੈ। ਮਨੁੱਖੀ ਅਧਿਕਾਰਾਂ ਦੀ ਸੰਸਥਾ ਵੱਲੋਂ ਸਾਲ 2015-16 ਲਈ ਜਾਰੀ ਕੀਤੀ ਸਾਲਾਨਾ ਰਿਪੋਰਟ ਵਿਚ ਵਿਸ਼ਵ ਭਰ ਵਿਚ ਆਜ਼ਾਦੀ ‘ਤੇ ਹੋ ਰਹੇ ਹੱਲਿਆਂ ਤੇ ਕਈ ਸਰਕਾਰਾਂ ਵੱਲੋਂ ਕੌਮਾਂਤਰੀ ਕਾਨੂੰਨ ਨੂੰ ਇੱਛਾ ਅਨੁਸਾਰ ਤੋੜਨ ਖਿਲਾਫ਼ ਚਿਤਾਵਨੀ ਦਿੱਤੀ ਹੈ।

ਭਾਰਤ ਬਾਰੇ ਇਸ ਰਿਪੋਰਟ ਵਿਚ ਕਿਹਾ ਗਿਆ ਹੈ, ‘ਕਿੰਨੇ ਹੀ ਕਲਾਕਾਰਾਂ, ਲੇਖਕਾਂ ਤੇ ਖੋਜੀਆਂ ਨੇ ਵਧ ਰਹੀ ਅਸਹਿਣਸ਼ੀਲਤਾ ਦੇ ਮਾਹੌਲ ਖਿਲਾਫ਼ ਪ੍ਰਦਰਸ਼ਨ ਕਰਦਿਆਂ ਕੌਮੀ ਸਨਮਾਨ ਮੋੜ ਦਿੱਤੇ। ਦੋ ਤਰਕਸ਼ੀਲ ਲੇਖਕਾਂ ਦੀ ਹੱਤਿਆ ਕਰ ਦਿੱਤੀ ਗਈ। ਸਰਕਾਰੀ ਨੀਤੀਆਂ ਦੇ ਆਲੋਚਕ ਸਿਵਲ ਸੁਸਾਇਟੀ ਆਰਗੇਨਾਈਜ਼ੇਸ਼ਨਾਂ ਉਤੇ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਤੇ ਵਿਦੇਸ਼ ਤੋਂ ਮਿਲਣ ਵਾਲੇ ਧਨ ਉਤੇ ਰੋਕਾਂ ਵਧਾ ਦਿੱਤੀਆਂ।
ਧਾਰਮਿਕ ਤਣਾਅ ਵਧ ਗਿਆ ਤੇ ਲਿੰਗ ਤੇ ਜਾਤੀ ਦੇ ਆਧਾਰ ਉਤੇ ਭੇਦਭਾਵ ਅਤੇ ਹਿੰਸਾ ਵੱਡੇ ਪੱਧਰ ਉਤੇ ਹੋਈ। ਸੈਂਸਰਸ਼ਿਪ ਤੇ ਕੱਟੜਪੰਥੀ ਹਿੰਦੂ ਸੰਗਠਨਾਂ ਦੇ ਪ੍ਰਗਟਾਵੇ ਦੇ ਅਧਿਕਾਰ ਉਤੇ ਹਮਲੇ ਵਧੇ।’
ਅਮਨੈਸਟੀ ਇੰਡੀਆ ਦੇ ਕਾਰਜਕਾਰੀ ਨਿਰਦੇਸ਼ਕ ਆਕਾਰ ਪਟੇਲ ਨੇ ਕਿਹਾ ਕਿ ਸਾਲ 2015 ਵਿਚ ਭਾਰਤ ਵਿਚ ਮਨੁੱਖੀ ਅਧਿਕਾਰਾਂ ਉਤੇ ਹਮਲੇ ਦੇਖਣ ਨੂੰ ਮਿਲੇ। ਸਰਕਾਰ ਨੇ ਸਿਵਲ ਸੁਸਾਇਟੀ ਆਰਗੇਨਾਈਜ਼ੇਸ਼ਨਾਂ ਉਤੇ ਪਾਬੰਦੀਆਂ ਵਧਾ ਦਿੱਤੀਆਂ। ਉਨ੍ਹਾਂ ਕਿਹਾ ਕਿ ਇਹ ਚੰਗੀ ਗੱਲ ਹੈ, ਜੋ ਅਧਿਕਾਰਾਂ ‘ਤੇ ਡਾਕੇ ਦਾ ਵਿਰੋਧ ਹੋ ਰਿਹਾ ਹੈ। ਇੰਟਰਨੈੱਟ ਉਤੇ ਪ੍ਰਗਟਾਵੇ ਦੀ ਆਜ਼ਾਦੀ ਖਿਲਾਫ਼ ਦਮਨਕਾਰੀ ਕਾਨੂੰਨ ਨੂੰ ਸੁਪਰੀਮ ਕੋਰਟ ਵੱਲੋਂ ਰੱਦ ਕੀਤਾ ਜਾਣਾ, ਭੂਮੀ ਗ੍ਰਹਿਣ ਕਾਨੂੰਨ ਖਿਲਾਫ਼ ਰੋਸ ਪ੍ਰਦਰਸ਼ਨ ਤੋਂ ਇਹ ਉਮੀਦ ਬੱਝੀ ਹੈ ਕਿ ਸਾਲ 2016 ਭਾਰਤ ਵਿਚ ਮਨੁੱਖੀ ਅਧਿਕਾਰਾਂ ਲਈ ਇਕ ਬਿਹਤਰ ਸਾਲ ਹੋ ਸਕਦਾ ਹੈ। ਰਿਪੋਰਟ ਵਿਚ ਕਿਹਾ ਗਿਆ ਕਿ ਸੰਸਦ ਦੇ ਹੇਠਲੇ ਸਦਨ ਵੱਲੋਂ ਅਨੁਸੂਚਿਤ ਜਾਤੀ ਤੇ ਜਨਜਾਤੀ (ਅਤਿਆਚਾਰ ਰੋਕਥਾਮ) ਕਾਨੂੰਨ ਵਿਚ ਸੋਧ ਬਿੱਲ ਪਾਸ ਹੋਣ ਨਾਲ ਕੁਝ ਪ੍ਰਗਤੀ ਹੋਈ। ਅਮਨੈਸਟੀ ਨੇ ਉੱਤਰਪੂਰਬੀ ਭਾਰਤ ਵਿਚ ਸਰਕਾਰ ਤੇ ਹਥਿਆਰਬੰਦ ਗਰੁੱਪ ਨੈਸ਼ਨਲ ਸੋਸ਼ਲਿਸਟ ਕੌਂਸਲ ਆਫ ਨਾਗਾਲੈਂਡ ਵਿਚਾਲੇ ਇਤਿਹਾਸਕ ਸ਼ਾਂਤੀ ਸਮਝੌਤੇ ਦੀ ਸ਼ਲਾਘਾ ਵੀ ਕੀਤੀ ਹੈ।
_______________________________________
ਧੋਖਾਧੜੀ ਦੇ ਕੇਸ ਵਿਚ ਫਸਿਆ ‘ਦੇਸ਼ ਭਗਤ’ ਵਕੀਲ
ਨਵੀਂ ਦਿੱਲੀ: ਖੁਦ ਨੂੰ ਦੇਸ਼ ਭਗਤ ਦੱਸਣ ਵਾਲੇ ਵਕੀਲ ਯਸ਼ਪਾਲ ਤਿਆਗੀ ਬਾਰੇ ਨਵਾਂ ਖੁਲਾਸਾ ਹੋਇਆ ਹੈ। ਯਸ਼ਪਾਲ ‘ਤੇ ਇਲਜ਼ਾਮ ਹੈ ਕਿ ਉਸ ਨੇ ਜ਼ਮੀਨ ਦੇ ਨਾਂ ਉਤੇ 45 ਲੱਖ ਦੀ ਧੋਖਾਧੜੀ ਕੀਤੀ ਸੀ। ਇਹ ਉਹੀ ਵਕੀਲ ਹੈ ਜਿਸ ਨੇ ਜੇæਐਨæਯੂæ ਦੇ ਵਿਦਿਆਰਥੀ ਲੀਡਰ ਦੀ ਪੇਸ਼ੀ ਦੌਰਾਨ ਕੁੱਟਮਾਰ ਕੀਤੀ ਸੀ। ਪੁਲਿਸ ਨੇ ਤਿਆਗੀ ਨੂੰ ਕੁੱਟਮਾਰ ਦੇ ਇਲਜ਼ਾਮ ਤਹਿਤ ਗ੍ਰਿਫਤਾਰ ਕੀਤਾ, ਪਰ ਬਾਅਦ ਵਿਚ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ। ਭਾਜਪਾ ਦਾ ਖਾਸ ਮੰਨੇ ਜਾਣ ਵਾਲੇ ਵਕੀਲ ਯਸ਼ਪਾਲ ‘ਤੇ ਇਲਜ਼ਾਮ ਹੈ ਕਿ 2014 ਵਿਚ ਇਕ ਔਰਤ ਨੂੰ ਫਰਜ਼ੀ ਤਰੀਕੇ ਨਾਲ ਮਕਾਨ ਮਾਲਕ ਦੱਸ ਕੇ ਜੀæਕੇæ-1 ਦੀ ਇਕ ਪ੍ਰਾਪਰਟੀ ਵੇਚ ਦਿੱਤੀ ਸੀ।
ਅਦਾਲਤ ਵਿਚ ਦਿੱਤੀ ਗਈ ਸ਼ਿਕਾਇਤ ਮੁਤਾਬਕ ਯਸ਼ਪਾਲ ਨੇ ਜੀਕੇ-1 ਦੀ ਉਸ ਪ੍ਰਾਪਰਟੀ ਦਾ ਸੌਦਾ 3æ80 ਕਰੋੜ ਵਿਚ ਤੈਅ ਕੀਤਾ। ਪੇਸ਼ਗੀ ਵਜੋਂ 45 ਲੱਖ ਰੁਪਏ ਲੈ ਲਏ। ਬਾਅਦ ਵਿਚ ਜਦੋਂ ਸ਼ਿਕਾਇਤਕਰਤਾ ਨੇ ਪ੍ਰਾਪਰਟੀ ਦੇ ਦਸਤਾਵੇਜਾਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਯਸ਼ਪਾਲ ਨੇ ਉਸ ਨਾਲ ਧੋਖਾਧੜੀ ਕੀਤੀ ਹੈ। ਮਾਮਲਾ ਅਦਾਲਤ ਪਹੁੰਚਿਆ ਤੇ ਯਸ਼ਪਾਲ ਨੂੰ ਪੈਸੇ ਵਾਪਸ ਕਰਨ ਦਾ ਹੁਕਮ ਹੋਇਆ। ਇਸੇ ਅਧਾਰ ‘ਤੇ ਯਸ਼ਪਾਲ ਨੂੰ ਪੇਸ਼ਗੀ ਜ਼ਮਾਨਤ ਵੀ ਮਿਲ ਗਈ ਸੀ। ਯਸ਼ਪਾਲ ਨੇ ਤੈਅ ਸਮੇਂ ਵਿਚ ਪੈਸਾ ਵਾਪਸ ਨਹੀਂ ਕੀਤਾ ਜਿਸ ਮਗਰੋਂ ਅਦਾਲਤ ਨੇ ਜ਼ਮਾਨਤ ਰੱਦ ਕਰ ਦਿੱਤੀ ਸੀ। ਇਹ ਮਾਮਲਾ ਹੁਣ ਹਾਈਕੋਰਟ ਵਿਚ ਹੈ।