ਕੇਂਦਰੀ ਬਜਟ: ‘ਸੂਟ-ਬੂਟ ਦੀ ਸਰਕਾਰ’ ਵਾਲਾ ਦਾਗ ਧੋਣ ਦੇ ਯਤਨ

ਨਵੀਂ ਦਿੱਲੀ: ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਪੇਸ਼ ਕੀਤੇ ਗਏ ਬਜਟ ਇਸ ਵਾਰ ਪੇਂਡੂ ਅਰਥਚਾਰੇ ਨੂੰ ਸੁਰਜੀਤ ਕਰਨ ਵੱਲ ਧਿਆਨ ਕੇਂਦਰਿਤ ਕਰਕੇ ਨਰੇਂਦਰ ਮੋਦੀ ਸਰਕਾਰ ‘ਤੇ ਲੱਗੇ ‘ਸੂਟ ਬੂਟ ਦੀ ਸਰਕਾਰ’ ਵਾਲੇ ਦਾਗ ਨੂੰ ਧੋਣ ਦਾ ਯਤਨ ਕੀਤਾ ਗਿਆ ਹੈ। ਵਿੱਤ ਮੰਤਰੀ ਨੇ ਦਿਹਾਤੀ ਅਰਥਚਾਰੇ ਵਿਚ ਜਾਨ ਪਾਉਣ ਦੇ ਉਦੇਸ਼ ਨਾਲ 1æ77 ਲੱਖ ਕਰੋੜ ਰੁਪਏ ਖਰਚਣ ਦੀ ਵਿਵਸਥਾ ਕੀਤੀ ਹੈ ਜਿਸ ਵਿਚੋਂ 90 ਹਜ਼ਾਰ ਕਰੋੜ ਰੁਪਏ ਖੇਤੀ ਨੂੰ ਲਾਹੇਵੰਦਾ ਕਿੱਤਾ ਬਣਾਉਣ ਅਤੇ ਕਿਸਾਨੀ ਦੀ ਆਮਦਨ ਵਧਾਉਣ ‘ਤੇ ਖਰਚੇ ਜਾਣਗੇ।

ਸ੍ਰੀ ਜੇਤਲੀ ਨੇ ਪਿੰਡਾਂ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵੀ ਚੋਖੀ ਮਾਲੀ ਵਿਵਸਥਾ ਕੀਤੀ ਹੈ।
ਆਮ ਬਜਟ ਵਿਚ ਜਿਥੇ ਛੋਟੇ ਆਮਦਨ ਕਰਦਾਤਾਵਾਂ ਨੂੰ ਮਾਮੂਲੀ ਰਾਹਤ ਦਿੱਤੀ ਹੈ ਤੇ ਉਥੇ ਵੱਡੇ ਅਮੀਰਾਂ ‘ਤੇ ਤਿੰਨ ਫੀਸਦੀ ਸਰਚਾਰਜ ਲਾਇਆ ਹੈ। ਬਜਟ ਵਿਚ ਕਿਸਾਨਾਂ ਨੂੰ ਰਾਹਤ ਤੇ ਪੇਂਡੂ ਖੇਤਰ ਨੂੰ ਫ਼ਾਇਦਾ ਪਹੁੰਚਾਉਣ ਵਾਲੇ ਅਨੇਕਾਂ ਐਲਾਨਾਂ ਦੇ ਬਾਵਜੂਦ ਕਾਰਾਂ ਅਤੇ ਆਮ ਸੇਵਾਵਾਂ ਉਤੇ ਨਵੇਂ ਕਰ ਤੇ ਸੈੱਸ ਲਾਏ ਜਾਣ ਕਾਰਨ ਇਹ ਬਜਟ ਮਹਿੰਗਾਈ ਵਿਚ ਵਾਧਾ ਕਰੇਗਾ। ਆਪਣਾ ਤੀਜਾ ਬਜਟ ਪੇਸ਼ ਕਰਦਿਆਂ ਸ੍ਰੀ ਜੇਤਲੀ ਨੇ ਵਿਅਕਤੀਗਤ ਜਾਂ ਕਾਰਪੋਰੇਟ ਆਮਦਨ ਕਰ ਸਲੈਬਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ, ਪਰ ਬਿਜਲੀ, ਗਹਿਣੇ, ਤਿਆਰ ਕੱਪੜੇ, ਮਿਨਰਲ ਤੇ ਏਅਰੇਟਡ ਪਾਣੀ ਤੇ ਸਿਗਰਟਾਂ ਤੇ ਹੋਰ ਤੰਬਾਕੂ ਵਸਤਾਂ ਉਤੇ ਟੈਕਸ ਲਾ ਕੇ ਇਨ੍ਹਾਂ ਨੂੰ ਮਹਿੰਗੀਆਂ ਕਰ ਦਿੱਤਾ ਹੈ। ਬਜਟ ਦਾ ਸਭ ਤੋਂ ਅਹਿਮ ਮਹਿੰਗਾਈ ਵਧਾਊ ਕਦਮ ਸਾਰੀਆਂ ਕਰਯੋਗ ਸੇਵਾਵਾਂ ਉਤੇ ਲਾਇਆ ਗਿਆ 0æ5 ਫ਼ੀਸਦੀ ਖੇਤੀ ਭਲਾਈ ਸੈੱਸ ਹੈ, ਜਿਸ ਨਾਲ ਇਹ ਸਾਰੀਆਂ ਸੇਵਾਵਾਂ ਮਹਿੰਗੀਆਂ ਹੋ ਜਾਣਗੀਆਂ। ਮੁਲਾਜ਼ਮਾਂ ਵੱਲੋਂ ਰਿਟਾਇਰਮੈਂਟ ਉਤੇ ਪੈਨਸ਼ਨ ਅਤੇ ਪ੍ਰਾਵੀਡੈਂਟ ਫੰਡ ਕਢਵਾਏ ਜਾਣ ਸਮੇਂ ਕੁੱਲ ਯੋਗਦਾਨ ਦੇ 60 ਫ਼ੀਸਦੀ ਉਤੇ ਟੈਕਸ ਲੱਗੇਗਾ।
ਆਲਮੀ ਮੰਦਵਾੜੇ ਦਾ ਸ਼ਿਕਾਰ ਸਨਅਤੀ ਖੇਤਰ ਵਿਚ ਵਿਕਾਸ ਰੁਕਣ ਤੇ ਬਰਾਮਦਾਂ ਘਟਣ ਦੇ ਬਾਵਜੂਦ ਬਜਟ ਵਿਚ ਸਨਅਤਾਂ ਨੂੰ ਕੁਝ ਖਾਸ ਨਹੀਂ ਦਿੱਤਾ ਗਿਆ। ਵਿੱਤ ਮੰਤਰੀ ਨੇ ਰਾਜਕੋਸ਼ੀ ਘਾਟੇ ਨੂੰ ਕਾਬੂ ਵਿਚ ਰੱਖਣ ‘ਤੇ ਡਟਦਿਆਂ ਵਾਧੂ ਵਸੀਲੇ ਜੁਟਾਉਣ ਲਈ ਜਨਤਕ ਅਦਾਰਿਆਂ ਨੂੰ ਵੇਚਣ ਸਬੰਧੀ ਨੀਤੀ ਵੀ ਪੇਸ਼ ਕੀਤੀ ਹੈ। ਜਿਥੇ ਸਿੱਧੇ ਟੈਕਸਾਂ ਨਾਲ ਮਾਲੀਏ ਦਾ ਨੁਕਸਾਨ 1060 ਕਰੋੜ ਰੁਪਏ ਰਹੇਗਾ, ਉਥੇ ਅਸਿੱਧੇ ਕਰਾਂ ਵੱਲੋਂ ਵਾਧੂ 20670 ਕਰੋੜ ਰੁਪਏ ਕਮਾਏ ਜਾਣਗੇ, ਜਿਸ ਨਾਲ ਮਾਲੀਏ ਦਾ ਕੁੱਲ ਮੁਨਾਫ਼ਾ 19610 ਕਰੋੜ ਰੁਪਏ ਰਹੇਗਾ।
ਪੰਜ ਸੂਬਿਆਂ ਦੀਆਂ ਆਗਾਮੀ ਅਸੰਬਲੀ ਚੋਣ ਤੋਂ ਪਹਿਲਾਂ ਪੇਸ਼ ਇਸ ਬਜਟ ਵਿਚ ਵਿੱਤ ਮੰਤਰੀ ਨੇ ਕਿਸਾਨਾਂ ਤੇ ਖੇਤੀ ਸੈਕਟਰ ਦੀ ਭਲਾਈ ਲਈ ਹੀ 35984 ਕਰੋੜ ਰੁਪਏ ਰੱਖਣ ਦੀ ਤਜਵੀਜ਼ ਕੀਤੀ ਹੈ। ਪੇਂਡੂ ਖੇਤਰ ਲਈ 87765 ਕਰੋੜ, ਜਦੋਂਕਿ ਗ਼ਰੀਬੀ ਰੇਖਾ ਵਾਲੇ ਪਰਿਵਾਰਾਂ ਰਿਆਇਤੀ ਦਰਾਂ ‘ਤੇ ਰਸੋਈ ਗੈਸ ਕੁਨੈਕਸ਼ਨ ਦੇਣ ਲਈ 2000 ਕਰੋੜ ਰੁਪਏ ਰੱਖੇ ਗਏ ਹਨ। ਪੰਚਾਇਤਾਂ ਅਤੇ ਨਗਰ ਕੌਂਸਲਾਂ ਨੂੰ ਗਰਾਂਟ ਵਜੋਂ 2æ87 ਲੱਖ ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ, ਜਦੋਂਕਿ ਸਿਖਿਆ ਤੇ ਸਮਾਜਿਕ ਖੇਤਰ ਲਈ 1æ51 ਲੱਖ ਕਰੋੜ ਰੁਪਏ ਰੱਖੇ ਗਏ ਹਨ। ਬੁਨਿਆਦੀ ਢਾਂਚੇ ਲਈ 2æ21 ਲੱਖ ਕਰੋੜ ਰੁਪਏ ਰੱਖੇ ਗਏ ਹਨ, ਜਿਨ੍ਹਾਂ ਵਿਚ 97 ਹਜ਼ਾਰ ਕਰੋੜ ਰੁਪਏ ਸੜਕਾਂ ਉਤੇ ਖ਼ਰਚੇ ਜਾਣਗੇ, ਜਿਨ੍ਹਾਂ ਵਿਚ ਪੇਂਡੂ ਸੜਕਾਂ ਵੀ ਸ਼ਾਮਲ ਹਨ। ਰੱਖਿਆ ਖੇਤਰ ਲਈ 162759 ਕਰੋੜ ਰੁਪਏ ਰੱਖੇ ਗਏ ਹਨ। ਇਹ ਰਕਮ ਪਿਛਲੇ ਸਾਲ ਦੇ ਮੁਕਾਬਲੇ 13 ਫ਼ੀਸਦੀ ਵੱਧ ਹੈ।
____________________________________
ਕਾਲੇ ਧਨ ਵਾਲਿਆਂ ਨੂੰ ਮਿਲਿਆ ਇਕ ਹੋਰ ਮੌਕਾ
ਨਵੀਂ ਦਿੱਲੀ: ਸਰਕਾਰ ਨੇ ਕਾਲੇ ਧਨ ਵਾਲਿਆਂ ਨੂੰ ਇਹ ਧਨ ਚਿੱਟਾ ਕਰਨ ਦਾ ਇਕ ਹੋਰ ਮੌਕਾ ਦਿੱਤਾ ਹੈ। ਉਹ ਭਾਰਤ ਵਿਚ ਛੁਪਾਈਆਂ ਰਕਮਾਂ ਉਤੇ 45 ਫੀਸਦੀ ਤੇ ਵਿਦੇਸ਼ਾਂ ਵਿਚ ਲੁਕਾਏ ਧਨ ਉੱਤੇ 60 ਫੀਸਦੀ ਪੈਨਲਟੀ ਦੇ ਕੇ ਕਾਲੇ ਧਨਾਢਾਂ ਦੇ ਠੱਪੇ ਤੋਂ ਮੁਕਤ ਹੋ ਸਕਦੇ ਹਨ।
__________________________________
ਰੇਲ ਬਜਟ: ਪੰਜਾਬ ‘ਤੇ ਮੁੜ ਨਾ ਹੋਈ ‘ਪ੍ਰਭੂ’ ਦੀ ਮਿਹਰ
ਨਵੀਂ ਦਿੱਲੀ: ਰੇਲ ਮੰਤਰੀ ਸੁਰੇਸ਼ ਪ੍ਰਭੂ ਵਲੋਂ ਪੇਸ਼ ਕੀਤੇ ਗਏ ਆਪਣੇ ਦੂਜੇ ਰੇਲ ਬਜਟ ਵਿਚ ਪੰਜਾਬੀਆਂ ਨੂੰ ਨਾਰਾਸ਼ ਹੀ ਕੀਤਾ ਹੈ। ਪੱਟੀ ਤੋਂ ਫਿਰੋਜ਼ਪੁਰ, ਸ੍ਰੀ ਅਨੰਦਪੁਰ ਸਾਹਿਬ ਤੋਂ ਗੜ੍ਹਸ਼ੰਕਰ, ਮੁਹਾਲੀ ਤੋਂ ਰਾਜਪੁਰਾ, ਰਾਹੋਂ ਤੋਂ ਸਮਰਾਲਾ ਤੇ ਮੋਗਾ ਤੋਂ ਬਰਨਾਲਾ ਕਈ ਅਜਿਹੇ ਛੋਟੇ-ਛੋਟੇ ਰੂਟ ਹਨ, ਜਿਨ੍ਹਾਂ ਬਾਰੇ ਵਾਰ-ਵਾਰ ਮੰਗ ਕੇਂਦਰ ਕੋਲ ਰੱਖੀ ਜਾ ਚੁੱਕੀ ਹੈ, ਪਰ ਰੇਲ ਮੰਤਰੀ ਨੇ ਆਪਣੇ ਭਾਸ਼ਣ ਵਿਚ ਸਿਰਫ ਦੋ ਵਾਰ ਜਲੰਧਰ ਅਤੇ ਅੰਮ੍ਰਿਤਸਰ ਦਾ ਜ਼ਿਕਰ ਹੀ ਕੀਤਾ। ਉਂਜ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਨੂੰ ਕੁਝ ਨਵੇਂ ਪ੍ਰੋਜੈਕਟ ਦੇ ਕੇ ਰੇਲ ਬਜਟ 2016-17 ਵਿਚ ਉੱਤਰੀ ਰਾਜਾਂ ਨੂੰ ਪਿਛਲੀ ਵਾਰ ਨਾਲੋਂ ਵੱਧ ਪੈਸਾ ਦਿੱਤਾ ਗਿਆ ਹੈ। ਰੇਲ ਬਜਟ ਵਿਚ ਪੰਜਾਬ ਦਾ ਹਿੱਸਾ ਪਿਛਲੀ ਵਾਰ ਨਾਲੋਂ 36 ਫੀਸਦੀ ਵਧਾ ਕੇ 1114 ਕਰੋੜ ਰੁਪਏ ਕੀਤਾ ਗਿਆ। ਇਸ ਤਰ੍ਹਾਂ ਜੰਮੂ ਕਸ਼ਮੀਰ ਲਈ 26 ਫੀਸਦੀ ਦੇ ਵਾਧੇ ਨਾਲ 2061æ8 ਕਰੋੜ ਰੁਪਏ ਰੱਖੇ ਗਏ ਹਨ। ਹਿਮਾਚਲ ਪ੍ਰਦੇਸ਼ ਦੇ ਹਿੱਸੇ 51 ਫੀਸਦੀ ਵਾਧੇ ਨਾਲ 310 ਕਰੋੜ ਰੁਪਏ ਆਏ ਹਨ, ਜਦੋਂ ਕਿ ਹਰਿਆਣਾ ਲਈ 919 ਕਰੋੜ ਰੁਪਏ ਰੱਖੇ ਗਏ ਹਨ। ਸਰਕਾਰ ਨੇ ਪੰਜਾਬ ਵਿਚ ਤਿੰਨ ਰੇਲ ਪ੍ਰੋਜੈਕਟਾਂ ਲਈ ਸਰਵੇਖਣ ਵੀ ਕਰਵਾਇਆ ਹੈ। ਇਨ੍ਹਾਂ ਵਿਚ ਪਠਾਨਕੋਟ-ਜੋਗਿੰਦਰ ਨਗਰ, ਦਸੂਹਾ-ਹੁਸ਼ਿਆਰਪੁਰ ਅਤੇ ਰਾਜਪੁਰਾ-ਮੁਹਾਲੀ ਸ਼ਾਮਲ ਹਨ।
________________________________
ਬਜਟ ਵਿਚ ਨਵਾਂ ਕੁਝ ਨਹੀਂ : ਕੈਪਟਨ
ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਰੇਲ ਬਜਟ ਵਿਚ ਨਵਾਂ ਕੁਝ ਨਹੀਂ ਹੈ ਤੇ ਹਮੇਸ਼ਾ ਦੀ ਤਰ੍ਹਾਂ ਰਸਮੀ ਪ੍ਰਤੀਤ ਹੁੰਦਾ ਹੈ। ਬਜਟ ਪੂਰੀ ਤਰ੍ਹਾਂ ਨਿਰਾਸ਼ਾਜਨਕ ਹੈ। ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਵੀ ਰੇਲ ਬਜਟ ਨੂੰ ਨਿਰਾਸ਼ਾਜਨਕ ਦੱਸਦਿਆਂ ਕਿਹਾ ਹੈ ਕਿ ਇਸ ਵਿਚ ਸੂਬੇ ਨੂੰ ਕੁਝ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਬਜਟ ਵਿਚ ਸੂਬੇ ਦਾ ਧਿਆਨ ਨਹੀਂ ਰੱਖਿਆ ਗਿਆ। ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਨੇ ਬਜਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਜਟ ਭਵਿੱਖਮੁਖੀ ਹੈ ਤੇ ਕਈ ਸਮੱਸਿਆਵਾਂ ਦਾ ਹੱਲ ਪੇਸ਼ ਕੀਤਾ ਗਿਆ ਹੈ।