ਵਿਰੋਧੀਆਂ ਦੇ ਨਿਸ਼ਾਨਿਆਂ ਨੇ ਬਣਾਇਆ ਕੇਜਰੀਵਾਲ ਨੂੰ ਹੀਰੋ

ਅੰਮ੍ਰਿਤਸਰ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਪੰਜ ਦਿਨਾਂ ਦੌਰੇ ਮੌਕੇ ਸੁਰਖੀਆਂ ਵਿਚ ਰਹੇ। ਦਿਲਚਸਪ ਗੱਲ ਹੈ ਕਿ ਉਨ੍ਹਾਂ ਨੂੰ ਸੁਰਖੀਆਂ ਵਿਚ ਰੱਖਣ ਲਈ ਵਿਰੋਧੀ ਪਾਰਟੀਆਂ ਅਕਾਲੀ ਦਲ, ਭਾਜਪਾ ਤੇ ਕਾਂਗਰਸ ਨੇ ਵੱਡੀ ਭੂਮਿਕਾ ਅਦਾ ਕੀਤੀ ਹੈ। ਵਿਰੋਧੀ ਪਾਰਟੀਆਂ ਦੇ ਸੀਨੀਅਰ ਲੀਡਰਾਂ ਦੇ ਨਿਸ਼ਾਨੇ ‘ਤੇ ਕੇਜਰੀਵਾਲ ਹੀ ਰਹੇ।

ਇਸ ਤੋਂ ਇਲਾਵਾ ਥਾਂ-ਥਾਂ ਵਿਰੋਧ ਵੀ ਕੇਜਰੀਵਾਲ ਲਈ ਲਾਹੇਵੰਦ ਹੀ ਮੰਨੇ ਜਾ ਰਹੇ ਹਨ। ਕੇਜਰੀਵਾਲ ਇਨ੍ਹਾਂ ਵਿਰੋਧੀਆਂ ਦਾ ਜ਼ਿਕਰ ਕਰਦਿਆਂ ਕਹਿੰਦੇ ਹਨ ਕਿ ਇਹ ਕਾਲੇ ਝੰਡੇ ਦਿਖਾਉਣ ਵਾਲੇ ਲੋਕ ਅਕਾਲੀ-ਭਾਜਪਾ ਤੇ ਕਾਂਗਰਸ ਵੱਲੋਂ ਭੇਜੇ ਜਾਂਦੇ ਹਨ ਤੇ ਉਨ੍ਹਾਂ ਨੂੰ ਇਸ ਕੰਮ ਦੇ ਪੈਸੇ ਦਿੱਤੇ ਜਾਂਦੇ ਹਨ। ਇਹੀ ਕਾਰਨ ਹੈ ਕਿ ਆਪਣੀ ਪਾਰਟੀ ਤੇ ਆਪਣੇ ਨੇਤਾਵਾਂ ਦਾ ਪ੍ਰਚਾਰ ਕਰਨ ਨਾਲੋਂ ਵੱਧ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਤੇ ਉਨ੍ਹਾਂ ਖਿਲਾਫ਼ ਨਾਅਰੇਬਾਜ਼ੀ ਕਰਨ ਵਾਲਿਆਂ ਦਾ ਪ੍ਰਚਾਰ ਕਰਦੇ ਦਿਖਾਈ ਦੇ ਰਹੇ ਹਨ। ਕੇਜਰੀਵਾਲ ਨੇ ਆਪਣੇ ਦੌਰੇ ਦੌਰਾਨ ਮਾਲਵੇ, ਮਾਝੇ ਤੇ ਦੁਆਬੇ ਦੇ ਵੱਖ-ਵੱਖ ਇਲਾਕਿਆਂ ਵਿਚ ਜਾ ਕੇ ਲੋਕਾਂ ਨੂੰ ਸੰਬੋਧਨ ਕੀਤਾ।
_____________________________
ਕੇਜਰੀਵਾਲ ਦੀ ਧਰਮਵੀਰ ਗਾਂਧੀ ਨੂੰ ਸਲਾਹ
ਚੰਡੀਗੜ੍ਹ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਮੁਅੱਤਲ ਸੰਸਦ ਮੈਂਬਰ ਡਾæ ਧਰਮਵੀਰ ਗਾਂਧੀ ਨੂੰ ਪਾਰਟੀ ਵਿਰੋਧੀ ਸਰਗਰਮੀਆਂ ਲਈ ਮੁਆਫੀ ਮੰਗਣ ਲਈ ਆਖਿਆ। ਅਰਵਿੰਦ ਕੇਜਰੀਵਾਲ ਨੂੰ ਡਾæ ਗਾਂਧੀ ਦੇ ਮੁੱਦੇ ਉਤੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਆਖਿਆ ਕਿ ਗਾਂਧੀ ਨੂੰ ਪਾਰਟੀ ਵਿਰੋਧੀ ਕੰਮ ਕਰਨ ਲਈ ਮੁਆਫੀ ਮੰਗਣੀ ਚਾਹੀਦੀ ਹੈ। ਕੇਜਰੀਵਾਲ ਅਨੁਸਾਰ ਪਾਰਟੀ ਦਾ ਅਨੁਸ਼ਾਸਨ ਭੰਗ ਕਰਨ ਵਾਲਿਆਂ ਨੂੰ ਪਾਰਟੀ ਤੋਂ ਬਾਹਰ ਕਰ ਦੇਣਾ ਚਾਹੀਦਾ ਹੈ।
ਉਨ੍ਹਾਂ ਆਖਿਆ ਕਿ ਪੰਜਾਬ ਵਿਚ ਬਾਬਾ ਬਕਾਲਾ ਵਿਖੇ ਆਮ ਆਦਮੀ ਪਾਰਟੀ ਦੀ ਰੈਲੀ ਤੋਂ ਵੱਖ ਹੋ ਕੇ ਡਾਕਟਰ ਗਾਂਧੀ ਨੇ ਆਪਣੇ ਸਾਥੀਆਂ ਨਾਲ ਰੈਲੀ ਕੀਤੀ। ਅਜਿਹੇ ਕੰਮ ਕਰਨ ਵਾਲੇ ਲੋਕਾਂ ਨੂੰ ਪਾਰਟੀ ਤੋਂ ਬਾਹਰ ਕਰ ਦੇਣਾ ਚਾਹੀਦਾ ਹੈ।
____________________________
ਲੁਧਿਆਣਾ ਵਿਚ ਕੇਜਰੀਵਾਲ ਉਤੇ ਹਮਲਾ
ਲੁਧਿਆਣਾ: ਪੰਜਾਬ ਦੌਰੇ ਮੌਕੇ ਅਰਵਿੰਦ ਕੇਜਰੀਵਾਲ ਦੀ ਗੱਡੀ ਉਤੇ ਹਮਲਾ ਕੀਤਾ ਗਿਆ ਹੈ। ਕੇਜਰੀਵਾਲ ਦੀ ਗੱਡੀ ‘ਤੇ ਕੁਝ ਲੋਕਾਂ ਨੇ ਪੱਥਰਬਾਜ਼ੀ ਕੀਤੀ। ਇਹ ਹਮਲਾ ਹਸਨਪੁਰ ਪਿੰਡ ਦੇ ਨੇੜੇ ਹੋਇਆ ਹੈ। ਪੱਥਰਬਾਜ਼ੀ ਦੌਰਾਨ ਕੇਜਰੀਵਾਲ ਦੀ ਗੱਡੀ ਦਾ ਸ਼ੀਸ਼ਾ ਟੁੱਟ ਗਿਆ। ਹਾਲਾਂਕਿ ਹਮਲੇ ਵਿਚ ਕੇਜਰੀਵਾਲ ਵਾਲ-ਵਾਲ ਬਚ ਗਏ। ਜਿਸ ਵੇਲੇ ਇਹ ਹਮਲਾ ਕੀਤਾ ਗਿਆ, ਉਹ ਲੁਧਿਆਣਾ ਤੋਂ ਹਸਨਪੁਰ ਪਿੰਡ ਵੱਲ ਜਾ ਰਹੇ ਸਨ। ਅਰਵਿੰਦ ਕੇਰਜਰੀਵਾਲ ਲੁਧਿਆਣਾ ਦੇ ਬਿਸਲੀ ਰਿਜ਼ੌਰਟ ਵਿਚ ਉਦਯੋਗਪਤੀਆਂ ਨੂੰ ਸੰਬੋਧਨ ਕਰਕੇ ਨਿਕਲੇ ਸਨ। ਉਹ ਜਦ ਮੁੱਲਾਂਪੁਰ ਨੇੜੇ ਹਸਨਪੁਰ ਪਿੰਡ ਕੋਲ ਪਹੁੰਚੇ ਤਾਂ ਉਨ੍ਹਾਂ ਦੀ ਗੱਡੀ ‘ਤੇ ਪੱਥਰ ਮਾਰੇ ਗਏ ਜਿਸ ਨਾਲ ਗੱਡੀ ਦਾ ਅਗਲਾ ਸ਼ੀਸ਼ਾ ਟੁੱਟ ਗਿਆ। ਸੂਤਰਾਂ ਮੁਤਾਬਕ ਇਸ ਹਮਲੇ ਸਮੇਂ ਉਨ੍ਹਾਂ ਨਾਲ ਕੋਈ ਸੁਰੱਖਿਆ ਕਰਮੀ ਨਹੀਂ ਸੀ। ਹਮਲੇ ਦਾ ਸ਼ਿਕਾਰ ਹੋਈ ਗੱਡੀ ‘ਚ ਕੇਜਰੀਵਾਲ ਦੇ ਨਾਲ ਭਗਵੰਤ ਮਾਨ, ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਵੀ ਮੌਜੂਦ ਸਨ।