ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਪੰਜ ਰੋਜ਼ਾ ਪੰਜਾਬ ਦੌਰੇ ਨੇ ਸੂਬੇ ਦੀ ਸਿਆਸੀ ਫਿਜ਼ਾ ਗਰਮਾ ਦਿੱਤੀ ਹੈ। ਕੇਜਰੀਵਾਲ ਨੇ ਆਪਣੇ ਦੌਰੇ ਨੂੰ ਕਿਸਾਨ ਸਮੱਸਿਆਵਾਂ ਤੇ ਪੇਂਡੂ ਖੇਤਰਾਂ ਵੱਲ ਵੱਧ ਕੇਂਦਰਤ ਰੱਖਿਆ। ਉਹ ਸੂਬੇ ਦੇ ਕਿਸੇ ਨਾ ਕਿਸੇ ਢੰਗ ਨਾਲ ਜ਼ਿਆਦਤੀਆਂ ਦੇ ਸ਼ਿਕਾਰ ਹੋਏ ਲੋਕਾਂ ਨੂੰ ਮਿਲੇ ਤੇ ਉਨ੍ਹਾਂ ਦੇ ਦੁਖੜੇ ਸੁਣੇ। ਇਸ ਤੋਂ ਇਲਾਵਾ ਪੰਜਾਬ ਵਿਚ ਨਸ਼ਿਆਂ ਤੇ ਰੇਤ-ਬੱਜਰੀ ਸਮੇਤ ਨਾਜਾਇਜ਼ ਕਾਰੋਬਾਰ ਨੂੰ ‘ਆਪ’ ਦੀ ਸਰਕਾਰ ਆਉਣ ‘ਤੇ ਨੱਥ ਪਾਉਣ ਦਾ ਦਾਅਵਾ ਕੀਤਾ।
ਕੇਜਰੀਵਾਲ ਨੇ ਸੰਗਰੂਰ ਜ਼ਿਲ੍ਹੇ ਤੋਂ ਆਪਣੇ ਦੌਰੇ ਦੀ ਸ਼ੁਰੂਆਤ ਕੀਤੀ ਤੇ ਸਪਸ਼ਟ ਸ਼ਬਦਾਂ ਵਿਚ ਕਿਹਾ ਉਨ੍ਹਾਂ ਦਾ ਨਿਸ਼ਾਨਾ ਸ਼ਹਿਰੀ ਹੀ ਨਹੀਂ ਸਗੋਂ ਪੇਂਡੂ ਵੋਟ ਬੈਂਕ ਖਾਸਕਰ ਛੋਟੀ ਕਿਸਾਨੀ ਵੀ ਹੈ। ਕੇਜਰੀਵਾਲ ਆਪਣੇ ਦੌਰੇ ਦੌਰਾਨ ਖਾਸਕਰ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਤੇ ਨਸ਼ਿਆਂ ਦਾ ਸ਼ਿਕਾਰ ਹੋਏ ਲੋਕਾਂ ਨੂੰ ਮਿਲੇ। ਕੇਜਰੀਵਾਲ ਨੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਲਈ ਅਕਾਲੀ-ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਕਿਹਾ ਕਿ ਰਵਾਇਤੀ ਸਿਆਸਤ ਕਰਨ ਵਾਲੀਆਂ ਪਾਰਟੀਆਂ ਏਅਰ ਕੰਡੀਸ਼ਨਡ ਕਮਰਿਆਂ ਵਿਚ ਬੈਠ ਕੇ ਚੋਣ ਮਨੋਰਥ ਪੱਤਰ ਤਿਆਰ ਕਰਦੇ ਹਨ, ਪਰ ਉਨ੍ਹਾਂ ਦਾ ਪਾਰਟੀ ਕੇਡਰ ਪਿੰਡਾਂ ਵਿਚ ਜਾ ਕੇ ਕਿਸਾਨਾਂ ਦੀਆਂ ਸਮੱਸਿਆਵਾਂ ਜਾਣਗੇ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ‘ਆਪ’ ਦਾ ਫਲਸਫਾ ਹੈ ਕਿ ਲੋਕਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਜਾਣੋ ਤੇ ਫਿਰ ਉਨ੍ਹਾਂ ਦਾ ਹੱਲ ਕੱਢੋ।
ਕੇਜਰੀਵਾਲ ਦੇ ਦੌਰੇ ਨੇ ਅਕਾਲੀ ਦਲ-ਭਾਜਪਾ ਦੇ ਨਾਲ-ਨਾਲ ਕਾਂਗਰਸ ਨੂੰ ਵੀ ਫਿਕਰਾਂ ਵਿਚ ਪਾ ਦਿੱਤਾ ਹੈ। ਸੂਬੇ ਵਿਚ ਜਿਥੇ ਦਸ ਸਾਲ ਤੋਂ ਸੱਤਾ ਉਤੇ ਕਾਬਜ਼ ਅਕਾਲੀ ਦਲ-ਭਾਜਪਾ ਸਰਕਾਰ ‘ਤੇ ਸਮੱਸਿਆਵਾਂ ਦਾ ਹੱਲ ਲੱਭਣ ਵਿਚ ਨਾਕਾਮ ਰਹਿਣ ਦਾਗ ਹੈ, ਉਥੇ ਕਾਂਗਰਸ ਵੀ ਇਨ੍ਹਾਂ ਮਸਲਿਆਂ ਉਤੇ ਸੱਤਾ ਧਿਰ ਨੂੰ ਘੇਰਨ ਵਿਚ ਨਾਕਾਮ ਰਹਿਣ ਦਾ ਇਲਜ਼ਾਮ ਝੱਲ ਰਹੀ ਹੈ। ਅਜਿਹੇ ਵਿਚ ਆਮ ਆਦਮੀ ਪਾਰਟੀ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਵਿਚ ਕਾਮਯਾਬ ਰਹੀ ਹੈ।
ਅਰਵਿੰਦ ਕੇਜਰੀਵਾਲ ਨੇ ਆਪਣੇ ਪੰਜਾਬ ਦੌਰੇ ਦੌਰਾਨ ਅਹਿਦ ਲਿਆ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਜੇ ਉਨ੍ਹਾਂ ਦੀ ਪਾਰਟੀ ਸੱਤਾ ਵਿਚ ਆਈ ਤਾਂ 24 ਘੰਟਿਆਂ ਵਿਚ ਇਸ ਬੁਰਾਈ ਦਾ ਖਾਤਮਾ ਕਰ ਦਿੱਤਾ ਜਾਵੇਗਾ। ਉਨ੍ਹਾਂ ਨੂੰ ਇਹ ਸੁਣ ਕੇ ਅਚੰਭਾ ਲੱਗਿਆ ਕਿ ਪੰਜਾਬ ਵਿਚ ਕਰੱਸ਼ਰ ਮਾਲਕਾਂ ਤੋਂ ਖਣਨ ਮਾਫੀਆ ‘ਗੁੰਡਾ ਟੈਕਸ ਜਾਂ ਜਜ਼ੀਆ’ ਵਸੂਲਦਾ ਹੈ।
ਦਿੱਲੀ ਸਰਕਾਰ ਦੇ ਰਿਕਾਰਡ ‘ਤੇ ਸਵਾਲ ਚੁੱਕਣ ਵਾਲੇ ਜਲੰਧਰ ਵਿਚ ਲੱਗੇ ਪੋਸਟਰਾਂ ਬਾਰੇ ਸ੍ਰੀ ਕੇਜਰੀਵਾਲ ਨੇ ਅਕਾਲੀ ਦਲ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਉਨ੍ਹਾਂ ਆਪਣੇ 10 ਸਾਲਾਂ ਦੇ ਸ਼ਾਸਨ ਦੌਰਾਨ ਰਾਜ ਨੂੰ ਬਰਬਾਦ ਕਰ ਦਿੱਤਾ ਹੈ। ਕੋਈ ਵੀ ਸਰਕਾਰ ਉੱਨਾ ਕੰਮ 65 ਸਾਲਾਂ ਵਿਚ ਨਹੀਂ ਕਰ ਸਕੀ, ਜਿੰਨਾ ਉਨ੍ਹਾਂ ਦੀ ਸਰਕਾਰ ਨੇ ਦਿੱਲੀ ਵਿਚ ਇਕ ਸਾਲ ਵਿਚ ਕਰ ਵਿਖਾਇਆ। ਖੁਦਕੁਸ਼ੀਆਂ ਪੀੜਤ ਪਰਿਵਾਰਾਂ ਨੇ ਕੇਜਰੀਵਾਲ ਕੋਲ ਪੰਜਾਬ ਸਰਕਾਰ ਦੀ ਸ਼ਿਕਾਇਤ ਵੀ ਕੀਤੀ ਕਿ ਇਕ-ਇਕ ਲੱਖ ਰੁਪਏ ਮੁਆਵਜ਼ਾ ਦੇਣ ਦੇ ਐਲਾਨ ਦੇ ਬਾਵਜੂਦ ਰਾਸ਼ੀ ਨਹੀਂ ਦਿੱਤੀ ਗਈ। ਨਾਅਰੇਬਾਜ਼ੀ ਕੀਤੀ ਗਈ। ਆਪਣੀ ਫੇਰੀ ਦੇ ਅਖੀਰਲੇ ਪੜਾਅ ‘ਤੇ ਸ੍ਰੀ ਕੇਜਰੀਵਾਲ ਰੇਤ, ਟਰਾਂਸਪੋਰਟ, ਕੇਬਲ, ਆਦਿ ਮਾਫੀਆ ਦੀ ਗੱਲ ਛੇੜੀ।
________________________________
ਸੌ ਸੀਟਾਂ ਜਿੱਤਣ ਦਾ ਦਾਅਵਾ
ਜਲੰਧਰ: ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਤਕਰੀਬਨ 100 ਸੀਟਾਂ ਜਿੱਤੇਗੀ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਚੰਡੀਗੜ੍ਹ ਤੋਂ ਨਹੀਂ, ਪੰਜਾਬ ਤੋਂ ਚੱਲੇਗੀ। ਉਨ੍ਹਾਂ ਭਗਵੰਤ ਮਾਨ ਦੇ ਸੁਖਬੀਰ ਬਾਦਲ ਖਿਲਾਫ਼ ਚੋਣ ਲੜਨ ‘ਤੇ ਕਿਹਾ ਕਿ ਉਨ੍ਹਾਂ ਦੇ ਚੋਣ ਲੜਨ ਬਾਰੇ ਫੈਸਲਾ ਪਾਰਟੀ ਕਰੇਗੀ। ਉਨ੍ਹਾਂ ਡੇਰਾਵਾਦ ‘ਤੇ ਬੋਲਦਿਆਂ ਕਿਹਾ ਕਿ ਉਹ ਮੁੱਦਿਆਂ ‘ਤੇ ਰਾਜਨੀਤੀ ਕਰਦੇ ਹਨ, ਧਰਮ ਦੀ ਰਾਜਨੀਤੀ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਜਗਦੀਸ਼ ਟਾਈਟਲਰ ਨਾਲ ਮੁਲਾਕਾਤ ਦੀ ਫੋਟੋ ਦਿੱਲੀ ਦੇ ਇਕ ਪ੍ਰੋਗਰਾਮ ਦੀ ਹੈ ਤੇ ਇਸ ਤੋਂ ਵੱਧ ਟਾਈਟਲਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
______________________________
ਬਾਦਲ ਨੂੰ ਲਿਖੀ ਕਰਜ਼ਈ ਕਿਸਾਨਾਂ ਬਾਰੇ ਚਿੱਠੀ
ਚੰਡੀਗੜ੍ਹ: ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੱਤਰ ਭੇਜ ਕੇ ਕਰਜ਼ੇ ਵਿਚ ਡੁੱਬੇ ਸੂਬੇ ਦੇ ਕਿਸਾਨਾਂ ਉਤੇ ਤਰਸ ਕਰਨ ਦੀ ਗੁਹਾਰ ਲਗਾਈ। ਸ੍ਰੀ ਕੇਜਰੀਵਾਲ ਨੇ ਪੱਤਰ ਵਿਚ ਲਿਖਿਆ ਹੈ ਕਿ ਉਹ ਆਪਣੇ ਦੌਰੇ ਦੌਰਾਨ ਕਈ ਪਿੰਡਾਂ ਦੇ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲੇ ਹਨ। ਇਨ੍ਹਾਂ ਮੁਲਾਕਾਤਾਂ ਦੌਰਾਨ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਇਕ-ਇਕ ਕਿਸਾਨ ਪਰਿਵਾਰ ਸਿਰ ਬੈਂਕਾਂ ਦੇ ਲੱਖਾਂ ਰੁਪਏ ਦੇ ਕਰਜ਼ੇ ਚੜ੍ਹੇ ਹਨ। ਜੋ ਕਿਸਾਨ ਇਹ ਕਰਜ਼ਾ ਵਾਪਸ ਕਰਨ ਦੇ ਸਮਰੱਥ ਨਹੀਂ ਹਨ, ਬੈਂਕ ਪ੍ਰਸ਼ਾਸਨ ਉਨ੍ਹਾਂ ਕੋਲੋਂ ਜਬਰੀ ਵਸੂਲੀਆਂ ਕਰਨ ਲਈ ਦਬਾਅ ਪਾ ਰਿਹਾ ਹੈ। ਇਸ ਕਾਰਨ ਵੀ ਪੰਜਾਬ ਦੇ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ, ਜਿਸ ਵੱਲ ਫੌਰੀ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਵਿਆਪਕ ਪੱਧਰ ‘ਤੇ ਫੈਲੇ ਭ੍ਰਿਸ਼ਟਾਚਾਰ ਕਾਰਨ ਅਜਿਹੇ ਦੁੱਖਦ ਭਰੀ ਸਥਿਤੀ ਪੈਦਾ ਹੋਈ ਹੈ। ਉਨ੍ਹਾਂ ਸ਼ ਬਾਦਲ ਨੂੰ ਬੇਨਤੀ ਕੀਤੀ ਕਿ ਬੈਂਕ ਵੱਲੋਂ ਕਿਸਾਨਾਂ ਕੋਲੋਂ ਕੀਤੀ ਜਾ ਰਹੀ ਜਬਰ ਵਸੂਲੀ ਦੀ ਪ੍ਰਕਿਰਿਆ ਨੂੰ ਅਗਲੇ ਇਕ ਸਾਲ ਲਈ ਰੋਕਣ ਵਾਸਤੇ ਹੰਗਾਮੀ ਕਦਮ ਚੁੱਕੇ ਜਾਣ। ਉਨ੍ਹਾਂ ਸ੍ਰੀ ਬਾਦਲ ਨੂੰ ਸਲਾਹ ਦਿੱਤੀ ਕਿ ਇਹ ਵਸੂਲੀਆਂ ਇਕ ਸਾਲ ਰੋਕੀਆਂ ਜਾਣ ਤਾਂ ਜੋ ਅਗਲੇ ਸਾਲ ਬਣਨ ਵਾਲੀ ਪੰਜਾਬ ਦੀ ਨਵੀਂ ਸਰਕਾਰ ਇਸ ਮੁੱਦੇ ਉਪਰ ਕੋਈ ਫੈਸਲਾ ਲੈਣ ਦੇ ਸਮਰੱਥ ਹੋ ਸਕੇ।
______________________________
ਆਮ ਲੋਕ ਤਿਆਰ ਕਰਨਗੇ ‘ਆਪ’ ਦਾ ਚੋਣ ਮੈਨੀਫੈਸਟੋ
ਜਲੰਧਰ: ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ‘ਆਪ’ ਸਰਕਾਰ ਬਣਾਉਣ ਲਈ ਏਜੰਡਾ ਤਿਆਰ ਕਰਨ ਤੇ ਆਪਣੇ ਸੁਝਾਅ ਦੇਣ ਕਿਉਂਕਿ ਲੋਕਾਂ ਦੀ ਭਾਈਵਾਲੀ ਨਾਲ ਹੀ ਚੋਣ ਮਨੋਰਥ ਪੱਤਰ ਤਿਆਰ ਕੀਤਾ ਜਾਵੇਗਾ। ਪੰਜਾਬ ਦੇ ਸਨਅਤਕਾਰਾਂ ਨੇ ਕੇਜਰੀਵਾਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਡਰੇ ਹੋਏ ਹਨ ਤੇ ਉਨ੍ਹਾਂ ਨੂੰ ਸੂਬੇ ਦੀ ਭ੍ਰਿਸ਼ਟ ਅਫ਼ਸਰਸ਼ਾਹੀ ਤੋਂ ਬਚਾਇਆ ਜਾਵੇ।