ਅੰਮ੍ਰਿਤਸਰ: ਅਰਵਿੰਦ ਕੇਜਰੀਵਾਲ ਨੇ ਆਪਣੇ ਪੰਜਾਬ ਦੌਰੇ ਦੌਰਾਨ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਆਈ ਤਾਂ ਸੂਬੇ ਵਿਚ ਨਸ਼ਿਆਂ, ਗੈਰਕਾਨੂੰਨੀ ਕਾਰੋਬਾਰ ਨੂੰ ਠੱਲ੍ਹ ਪਾਈ ਜਾਵੇਗੀ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਸੂਬੇ ਅੰਦਰ ਸਿਆਸੀ ਨੇਤਾ ਅਤੇ ਅਫਸਰਸ਼ਾਹੀ ਮਿਲ ਕੇ ਸਨਅਤ ਅਤੇ ਵਪਾਰ ਦਾ ਖੂਨ ਚੂਸ ਰਹੇ ਹਨ। ‘ਆਪ’ ਦੀ ਸਰਕਾਰ ਬਣਨ ਉਤੇ ਭ੍ਰਿਸ਼ਟਾਚਾਰ ਨੂੰ ਦੋ ਮਹੀਨੇ ਵਿਚ ਖਤਮ ਕਰ ਦਿੱਤਾ ਜਾਵੇਗਾ ਅਤੇ ਸਨਅਤ ਤੇ ਵਪਾਰ ਨੂੰ ਮਜ਼ਬੂਤ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ‘ਆਪ’ ਦੀ ਸਰਕਾਰ ਆਉਣ ਉਤੇ ਅਜਿਹੀਆਂ ਨੀਤੀਆਂ ਬਣਾਈਆਂ ਜਾਣਗੀਆਂ ਕਿ ਕਰਜ਼ੇ ਕਾਰਨ ਕੋਈ ਕਿਸਾਨ ਖ਼ੁਦਕੁਸ਼ੀ ਨਾ ਕਰੇ। ਸ੍ਰੀ ਕੇਜਰੀਵਾਲ ਨਸ਼ਿਆਂ ਤੋਂ ਪੀੜਤ ਪਰਿਵਾਰਾਂ ਦੇ ਜੀਆਂ ਨੂੰ ਮਿਲੇ। ਸ੍ਰੀ ਕੇਜਰੀਵਾਲ ਨੇ ਇਨ੍ਹਾਂ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ‘ਆਪ’ ਦੇ ਸੱਤਾ ਵਿਚ ਆਉਣ ਉਤੇ ਨਸ਼ਾ ਪੀੜਤਾਂ ਨੂੰ ਮੈਡੀਕਲ ਸਹਾਇਤਾ ਦੇ ਕੇ ਨਸ਼ਿਆਂ ਦੇ ਚੁੰਗਲ ਵਿਚੋਂ ਕੱਢਿਆ ਜਾਵੇਗਾ ਅਤੇ ਨਸ਼ਿਆਂ ਦੇ ਧੰਦੇ ਨਾਲ ਜੁੜੇ ਲੋਕਾਂ ਉਤੇ ਸ਼ਿਕੰਜਾ ਕੱਸਿਆ ਜਾਵੇਗਾ। ਉਨ੍ਹਾਂ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਉਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਹ ‘ਆਪ’ ਆਗੂਆਂ ਨੂੰ ਕੇਸ ਦਰਜ ਕਰਾਉਣ ਦੀਆਂ ਧਮਕੀਆਂ ਦੇ ਕੇ ਡਰਾਉਣਾ ਚਾਹੁੰਦੇ ਹਨ, ਪਰ ਇਕ ਸਾਲ ਬਾਅਦ ਸਰਕਾਰ ਬਦਲਣ ਮਗਰੋਂ ਨਸ਼ਿਆਂ ਦੇ ਧੰਦੇ ਨਾਲ ਜੁੜੇ ਹਰੇਕ ਵਿਅਕਤੀ ਨੂੰ ਜੇਲ੍ਹ ਵਿਚ ਬੰਦ ਕੀਤਾ ਜਾਵੇਗਾ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਜ਼ਿਆਦਾਤਰ ਕਿਸਾਨਾਂ ਨੇ ਕਰਜ਼ੇ ਕਾਰਨ ਖ਼ੁਦਕੁਸ਼ੀ ਕੀਤੀ ਹੈ। ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਜੇਕਰ ਸੂਬੇ ਵਿਚ ‘ਆਪ’ ਦੀ ਸਰਕਾਰ ਆਈ ਤਾਂ ਅਜਿਹੀ ਵਿਵਸਥਾ ਕੀਤੀ ਜਾਵੇਗੀ ਕਿ ਭਵਿੱਖ ਵਿਚ ਜਬਰੀ ਕਰਜ਼ਾ ਵਸੂਲੀ ਦੇ ਮਾਮਲੇ ਕਾਰਨ ਕਿਸੇ ਕਿਸਾਨ ਨੂੰ ਖ਼ੁਦਕੁਸ਼ੀ ਨਾ ਕਰਨੀ ਪਵੇ। ਉਨ੍ਹਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਇਕ ਪੱਤਰ ਲਿਖਿਆ ਹੈ, ਜਿਸ ਵਿਚ ਉਨ੍ਹਾਂ ਨੂੰ ਅਪੀਲ ਕੀਤੀ ਹੈ ਕਿ ਕਿਸਾਨਾਂ ਕੋਲੋਂ ਜਬਰੀ ਕਰਜ਼ਾ ਵਸੂਲੀ ਦਾ ਸਿਲਸਿਲਾ ਇਕ ਸਾਲ ਲਈ ਬੰਦ ਕਰ ਦਿੱਤਾ ਜਾਵੇ।
ਉਨ੍ਹਾਂ ਕਿਹਾ ਕਿ ਸਾਲ ਬਾਅਦ ਜੇਕਰ ‘ਆਪ’ ਦੀ ਸਰਕਾਰ ਆਈ ਤਾਂ ਇਸ ਸਬੰਧੀ ਇਕ ਠੋਸ ਨੀਤੀ ਬਣਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਦਿੱਲੀ ਵਿਚ ਕਿਸਾਨਾਂ ਨੂੰ ਫਸਲਾਂ ਦੇ ਖਰਾਬੇ ਵਜੋਂ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਗਿਆ ਹੈ ਤੇ ਉਥੇ ਕਿਸੇ ਵੀ ਕਿਸਾਨ ਨੇ ਖੁਦਕੁਸ਼ੀ ਨਹੀਂ ਕੀਤੀ। ਇਸੇ ਤਰ੍ਹਾਂ ਦੀ ਨੀਤੀ ਪੰਜਾਬ ਵਾਸਤੇ ਬਣਾਈ ਜਾਵੇਗੀ।
ਉਨ੍ਹਾਂ ਨੇ ਸਿੱਧੇ ਅਸਿੱਧੇ ਢੰਗ ਨਾਲ ਸੂਬੇ ਵਿਚ ਨਸ਼ਿਆਂ ਦੇ ਰੁਝਾਨ ਅਤੇ ਕਰਜ਼ੇ ਕਾਰਨ ਕਿਸਾਨ ਖ਼ੁਦਕੁਸ਼ੀਆਂ ਲਈ ਮੌਜੂਦਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿਚ ਹਵਾ ਦਾ ਰੁਖ਼ ਬਦਲ ਰਿਹਾ ਹੈ ਅਤੇ ਇਹ ਹਵਾ ‘ਆਪ’ ਪੱਖੀ ਤੂਫ਼ਾਨ ਦਾ ਰੂਪ ਧਾਰ ਰਹੀ ਹੈ, ਜਿਸ ਵਿਚ ਬਾਦਲ ਅਤੇ ਕੈਪਟਨ ਉੱਡ ਜਾਣਗੇ। ਇਕ ਸਾਲ ਮਗਰੋਂ ਪੰਜਾਬ ਵਿਚ ਖਾਲਸਾ ਰਾਜ ਸਥਾਪਤ ਹੋਵੇਗਾ। ਖਾਲਸਾ ਰਾਜ ਦਾ ਜ਼ਿਕਰ ਕਰਦਿਆਂ ਉਨ੍ਹਾਂ ‘ਬੋਲੇ ਸੋ ਨਿਹਾਲ’ ਦਾ ਜੈਕਾਰਾ ਵੀ ਲਾਇਆ। ਕਾਲੇ ਝੰਡੇ ਦਿਖਾਏ ਜਾਣ ਤੇ ਨਾਅਰੇਬਾਜ਼ੀ ਕੀਤੇ ਜਾਣ ਬਾਰੇ ਉਨ੍ਹਾਂ ਦੋਸ਼ ਲਾਇਆ ਕਿ ਇਹ ਪੈਸੇ ਨਾਲ ਖਰੀਦ ਕੇ ਲਿਆਂਦੇ ਗਏ ਲੋਕ ਹਨ।
__________________________________
ਜਦੋਂ ਕੇਜਰੀਵਾਲ ਦੇ ਟਾਕਰੇ ਲਈ ਕੇਂਦਰੀ ਆਗੂਆਂ ਨੂੰ ਸੰਭਾਲਣੀ ਪਈ ਕਮਾਨ
ਚੰਡੀਗੜ੍ਹ: ਅਰਵਿੰਦ ਕੇਜਰੀਵਾਲ ਦੀ ਪੰਜ ਰੋਜ਼ਾ ਪੰਜਾਬ ਫੇਰੀ ਦੌਰਾਨ ਅਕਾਲੀ ਦਲ ਅਤੇ ਕਾਂਗਰਸ ਨੇ ਇਕੋ ਜਿਹੀ ਪਹੁੰਚ ਅਪਣਾਈ। ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਮਨਜੀਤ ਸਿੰਘ ਜੀæਕੇæ ਨੇ ਚੰਡੀਗੜ੍ਹ ਪੁੱਜ ਕੇ ਸ੍ਰੀ ਕੇਜਰੀਵਾਲ ਵਿਰੁੱਧ ਭੜਾਸ ਕੱਢੀ ਸੀ ਤੇ ਫਿਰ ਦਿੱਲੀ ਕਾਂਗਰਸ ਦੇ ਪ੍ਰਧਾਨ ਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਬੁਲਾਰੇ ਅਜੈ ਮਾਕਨ ਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੇ ਚੰਡੀਗੜ੍ਹ ਪੁੱਜ ਕੇ ਕੇਜਰੀਵਾਲ ਵਿਰੁੱਧ ਕਮਾਨ ਸੰਭਾਲ ਲਈ। ਉਨ੍ਹਾਂ ਨੇ ਕੇਜਰੀਵਾਲ ਸਰਕਾਰ ਦਾ ਰਿਪੋਰਟ ਕਾਰਡ ਜਾਰੀ ਕਰ ਕੇ ਇਸ ਸਰਕਾਰ ਨੂੰ ਜ਼ੀਰੋ ਨੰਬਰ ਦਿੱਤਾ। ਸ੍ਰੀ ਮਾਕਨ ਨੇ ਦੋਸ਼ ਲਾਇਆ ਕਿ ਸ੍ਰੀ ਕੇਜਰੀਵਾਲ ਦਿੱਲੀ ਦੇ ਲੋਕਾਂ ਦੇ ਫੰਡਾਂ ਨੂੰ ਪੰਜਾਬ ਦੀਆਂ ਚੋਣਾਂ ਲਈ ਵਰਤ ਰਹੇ ਹਨ ਕਿਉਂਕਿ ਦਿੱਲੀ ਸਰਕਾਰ ਵੱਲੋਂ ਇਸ ਖਿੱਤੇ ਦੇ ਅਖ਼ਬਾਰਾਂ ਲਈ ਕਰੋੜਾਂ ਰੁਪਏ ਦੇ ਇਸ਼ਤਿਹਾਰ ਜਾਰੀ ਕੀਤੇ ਜਾ ਰਹੇ ਹਨ। ਸੂਤਰਾਂ ਅਨੁਸਾਰ ਪਹਿਲਾਂ ਸ੍ਰੀ ਜੀæਕੇæ ਨੂੰ ਅਕਾਲੀ ਦਲ ਹਾਈਕਮਾਨ ਨੇ ਸ੍ਰੀ ਕੇਜਰੀਵਾਲ ਵਿਰੁੱਧ ਪ੍ਰਚਾਰ ਕਰਨ ਲਈ ਚੰਡੀਗੜ੍ਹ ਸੱਦਿਆ ਸੀ ਤੇ ਬਾਅਦ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਮਾਕਨ ਨੂੰ ਸੱਦਾ ਦਿੱਤਾ। ਇਕੋ ਢੰਗ ਨਾਲ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਵੱਲੋਂ ਆਪਣੇ ਵਰਕਰਾਂ ਰਾਹੀਂ ਸ੍ਰੀ ਕੇਜਰੀਵਾਲ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ।
__________________________
ਅਕਾਲੀ ਦਲ ਨੂੰ ਕੋਈ ਫਰਕ ਨਹੀਂ: ਬਾਦਲ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਜਮਹੂਰੀ ਮੁਲਕ ਵਿਚ ਹਰ ਆਗੂ ਨੂੰ ਕਿਸੇ ਵੀ ਸੂਬੇ ਦਾ ਦੌਰਾ ਕਰਨ ਦਾ ਹੱਕ ਹੈ ਅਤੇ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪੰਜਾਬ ਫੇਰੀ ਦਾ ਸਵਾਗਤ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਦਾ ਸੂਬੇ ਦੀ ਸਿਆਸਤ ‘ਤੇ ਕੋਈ ਪ੍ਰਭਾਵ ਨਹੀਂ ਪਵੇਗਾ। ਸ਼ ਬਾਦਲ ਨੇ ਕਿਹਾ ਕਿ ਕੇਜਰੀਵਾਲ ਆਉਣਗੇ ਤੇ ਖਾਲੀ ਹੱਥ ਹੀ ਵਾਪਸ ਜਾਣਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਸ੍ਰੀ ਕੇਜਰੀਵਾਲ ਦੇ ਦੌਰੇ ਨਾਲ ਬਾਹਲਾ ਫਰਕ ਨਹੀਂ ਪੈਣਾ।
_________________________
ਕੈਪਟਨ ਦੀ ਕੇਜਰੀਵਾਲ ਨੂੰ ਸਲਾਹ
ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਗੇੜੇ ਲਾਉਣ ਤੇ ਸ਼ਾਸਨ ਕਰਨ ਦੇ ਸੁਪਨੇ ਲੈਣ ਦੀ ਥਾਂ ਪਾਣੀ ਲਈ ਤਰਸ ਰਹੇ ਦਿੱਲੀ ਦੇ ਲੋਕਾਂ ਦੀ ਸਾਰ ਲੈਣ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦਾ ਦਿਲ ਉਨ੍ਹਾਂ ਹਜ਼ਾਰਾਂ ਪੰਜਾਬੀਆਂ ਲਈ ਕਿਉਂ ਨਹੀਂ ਦੁਖਦਾ ਜਿਨ੍ਹਾਂ ਨੂੰ ਹਰਿਆਣਾ ਵਿਚ ਚੁਣ ਕੇ ਹਿੰਸਾ ਦਾ ਸ਼ਿਕਾਰ ਬਣਾਇਆ ਗਿਆ। ਕਤਲ ਕੀਤੇ ਗਏ ਭੀਮ ਟਾਂਕ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਦਿੱਤੇ ਜਾਣ ਸਬੰਧੀ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਸਵਾਲ ਕੀਤਾ ਕਿ ਅਜਿਹੇ ਕਿੰਨੇ ਪੀੜਤ ਕੇਜਰੀਵਾਲ ਕੋਲ ਗਏ, ਜਿਨ੍ਹਾਂ ਨੂੰ ਉਨ੍ਹਾਂ ਨੇ ਨੌਕਰੀਆਂ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਸ੍ਰੀ ਕੇਜਰੀਵਾਲ ਰੋਹਿਤ ਵੇਮੂਲਾ ਦੇ ਪਰਿਵਾਰਕ ਮੈਂਬਰਾਂ ਨੂੰ ਇਸੇ ਤਰ੍ਹਾਂ ਦੀ ਪੇਸ਼ਕਸ਼ ਕਰਨਗੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਸੋਚ ਸਿਰਫ ਚੋਣ ਫਾਇਦਿਆਂ ਤੱਕ ਤੇ ਪੱਖਪਾਤੀ ਹੈ।