ਚੰਡੀਗੜ੍ਹ: ਪੰਜਾਬ ਵਿਚ ਨਿੱਜੀ ਹਥਿਆਰਾਂ ਦੇ 4æ5 ਲੱਖ ਲਾਇਸੈਂਸ ਜਾਰੀ ਕੀਤੇ ਹੋਏ ਹਨ। ਸੂਬਾ ਸਰਕਾਰ ਨੇ ਹਰ ਲਾਇਸੈਂਸ ਉਤੇ ਤਿੰਨ ਹਥਿਆਰ ਰੱਖਣ ਦੀ ਆਗਿਆ ਵੀ ਦਿੱਤੀ ਹੋਈ ਹੈ। ਇਸ ਤਰ੍ਹਾਂ ਪੰਜਾਬ ਵਿਚ 11 ਲੱਖ ਦੇ ਕਰੀਬ ਲਾਇਸੈਂਸਸ਼ੁਦਾ ਨਿੱਜੀ ਹਥਿਆਰ ਹਨ ਜਦੋਂਕਿ ਵੱਡੀ ਗਿਣਤੀ ਵਿਚ ਗ਼ੈਰ-ਕਾਨੂੰਨੀ ਹਥਿਆਰ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।
ਇਸ ਦੇ ਉਲਟ ਸੂਬੇ ਵਿਚ ਸਿਰਫ 77,000 ਪੁਲਿਸ ਕਰਮਚਾਰੀ ਹੀ ਹਨ ਤੇ ਜੇ ਇਨ੍ਹਾਂ ਸਾਰਿਆਂ ਕੋਲ ਵੀ ਇਕ-ਇਕ ਹਥਿਆਰ ਹੋਵੇ ਤਾਂ ਇਨ੍ਹਾਂ ਕੋਲ ਸਿਰਫ 77,000 ਹੀ ਹਥਿਆਰ ਬਣਦੇ ਹਨ ਜਦੋਂਕਿ ਸੂਬੇ ਦੇ ਲੋਕਾਂ ਕੋਲ ਮੌਜੂਦਾ 11 ਲੱਖ ਦੇ ਕਰੀਬ ਹਥਿਆਰਾਂ ਦਾ ਸਿਰਫ ਸੱਤ ਫੀਸਦੀ ਹੀ ਹਨ। ਇਸ ਮੁਤਾਬਕ ਸਰਕਾਰ ਨੇ ਆਮ ਲੋਕਾਂ ਨੂੰ ਪੁਲਿਸ ਮੁਕਾਬਲੇ ਔਸਤ 14 ਗੁਣਾਂ ਹਥਿਆਰ ਰੱਖਣ ਲਈ ਲਾਇਸੈਂਸ ਜਾਰੀ ਕੀਤੇ ਹੋਏ ਹਨ।
ਪੰਜਾਬ ਵਿਚ ਜਾਰੀ ਲਾਇਸੈਂਸਾਂ ਦੀ ਗਿਣਤੀ ਮੁਲਕ ਵਿਚ ਜਾਰੀ ਕੁੱਲ 21 ਲੱਖ ਲਾਇਸੈਂਸਾਂ ਦਾ 20 ਫੀਸਦੀ ਬਣਦੀ ਹੈ ਜਦੋਂਕਿ ਸੂਬੇ ਦੀ ਆਬਾਦੀ ਮੁਲਕ ਦਾ ਸਿਰਫ 2æ3 ਫੀਸਦੀ ਹੀ ਹੈ। ਸੂਬੇ ਦੇ ਨਾਗਰਿਕਾਂ ਕੋਲ ਹਥਿਆਰਾਂ ਦੀ ਭਾਰੀ ਗਿਣਤੀ ਵਿਚ ਮੌਜੂਦਗੀ ਜਿਥੇ ਪੰਜਾਬੀਆਂ ਵਿਚ ਵਧ ਰਹੇ ਇਸ ਖਤਰਨਾਕ ਤੇ ਅਵੱਲੜੇ ਸ਼ੌਕ ਦਾ ਪ੍ਰਗਟਾਵਾ ਕਰਦੀ ਹੈ, ਉਥੇ ਸਰਕਾਰ ਵੱਲੋਂ ਅੱਖਾਂ ਮੀਟ ਕੇ ਲਾਇਸੈਂਸ ਜਾਰੀ ਕਰਨ ਦੀ ਗੈਰਜ਼ਿੰਮੇਵਾਰਾਨਾ ਪਹੁੰਚ ਦਾ ਵੀ ਖੁਲਾਸਾ ਕਰਦੀ ਹੈ। ਸੂਬੇ ਦੇ ਸਿਵਲੀਅਨ ਲੋਕਾਂ ਕੋਲ ਇੰਨੀ ਭਾਰੀ ਮਾਤਰਾ ਵਿਚ ਹਥਿਆਰ ਹੋਣੇ ਨਾ ਸਿਰਫ ਅਮਨ-ਕਾਨੂੰਨ ਲਈ ਹੀ ਖਤਰਾ ਹਨ ਬਲਕਿ ਇਹ ਅਮਨ-ਕਾਨੂੰਨ ਰੱਖਣ ਲਈ ਜ਼ਿੰਮੇਵਾਰ ਸੂਬੇ ਦੀ ਪੁਲਿਸ ਲਈ ਵੀ ਚੁਣੌਤੀ ਹਨ।
________________________________
ਲਾਇਸੈਂਸਾਂ ਜਾਰੀ ਕਰਨ ਬਾਰੇ ਨਿਯਮ
ਜਲੰਧਰ: ਗ੍ਰਹਿ ਮੰਤਰਾਲੇ ਦੇ ਹੁਕਮਾਂ ਅਨੁਸਾਰ ਕੋਈ ਵੀ ਸੂਬਾ ਸਰਕਾਰ ਆਪਣੀ ਪੁਲਿਸ ਨਫਰੀ ਦੇ ਢਾਈ ਗੁਣਾਂ ਤੋਂ ਵੱਧ ਲੋਕਾਂ ਨੂੰ ਹਥਿਆਰਾਂ ਦੇ ਲਾਇਸੈਂਸ ਜਾਰੀ ਨਹੀਂ ਕਰ ਸਕਦੀ, ਪਰ ਪੰਜਾਬ ਸਰਕਾਰ ਨੇ ਇਨ੍ਹਾਂ ਹੁਕਮਾਂ ਨੂੰ ਟਿੱਚ ਸਮਝਦਿਆਂ ਔਸਤ ਲਗਪਗ 14 ਗੁਣਾਂ ਹਥਿਆਰ ਰੱਖਣ ਲਈ ਲਾਇਸੈਂਸ ਜਾਰੀ ਕੀਤੇ ਹੋਏ ਹਨ। ਸੂਬੇ ਦੇ 22 ਵਿਚੋਂ 11 ਜ਼ਿਲ੍ਹੇ ਗੁਰਦਾਸਪੁਰ, ਮੁਲਕ ਦੇ 50 ਵੱਧ ਹਥਿਆਰਾਂ ਵਾਲੇ ਜ਼ਿਲ੍ਹਿਆਂ ਵਿਚ ਸ਼ੁਮਾਰ ਹਨ ਜਦੋਂਕਿ ਨਿੱਜੀ ਹਥਿਆਰਾਂ ਦੇ ਲਾਇਸੈਂਸਾਂ ਦੀ ਗਿਣਤੀ ਪੱਖੋਂ ਪੰਜਾਬ ਮੁਲਕ ਦੇ ਸਾਰੇ ਸੂਬਿਆਂ ਵਿਚੋਂ ਤੀਜੇ ਨੰਬਰ ‘ਤੇ ਹੈ।
______________________________
ਲਾਇਸੈਂਸੀ ਹਥਿਆਰਾਂ ਨਾਲ ਮੌਤਾਂ ਪੱਖੋਂ ਪੰਜਾਬ ਮੋਹਰੀ
ਜਲੰਧਰ: ਸਾਲ 2014 ਵਿਚ ਪੰਜਾਬ ਲਾਇਸੈਂਸੀ ਹਥਿਆਰਾਂ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਪੱਖੋਂ ਮੁਲਕ ਭਰ ਵਿਚ ਮੋਹਰੀ ਸੀ ਜਦੋਂਕਿ ਹੁਣ ਤਾਂ ਹਾਲਤ ਹੋਰ ਵੀ ਵਿਗੜ ਚੁੱਕੇ ਹਨ। ਹਥਿਆਰਾਂ ਦੇ ਸ਼ੌਕ ਦਾ ਇਹ ਖ਼ਤਰਨਾਕ ਵਰਤਾਰਾ ਖੁਸ਼ੀ ਦੇ ਸਮਾਗਮਾਂ ਉਤੇ ਵੀ ਭਾਰੀ ਪੈਂਦਾ ਜਾ ਰਿਹਾ ਹੈ। ਪਿਛਲੇ ਕਈ ਮਹੀਨਿਆਂ ਤੋਂ ਤਕਰੀਬਨ ਹਰ ਮਹੀਨੇ ਇਕ ਮੌਤ ਸੂਬੇ ਵਿਚ ਕਿਸੇ ਨਾ ਕਿਸੇ ਸਮਾਗਮ ਦੌਰਾਨ ਚੱਲੀ ਗੋਲੀ ਨਾਲ ਹੋ ਰਹੀ ਹੈ। ਹਥਿਆਰਾਂ ਦੇ ਬਲਬੂਤੇ ਰਸੂਖਵਾਨ ਆਮ ਲੋਕਾਂ ਦੀਆਂ ਜ਼ਮੀਨਾਂ-ਜਾਇਦਾਦਾਂ ਉਤੇ ਕਬਜ਼ੇ ਵੀ ਕਰ ਰਹੇ ਹਨ ਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦੇ ਰਹੇ ਹਨ।
_______________________________
ਵੱਡੇ ਘਰਾਂ ਦੇ ਕਾਕਿਆਂ ਨੂੰ ਸਸਤੇ ਹਥਿਆਰ
ਬਠਿੰਡਾ: ਪੰਜਾਬ ਵਿਚ ਲੰਘੇ ਚਾਰ ਵਰ੍ਹਿਆਂ ਦੌਰਾਨ ਜ਼ਬਤ ਕੀਤੇ ਗਏ 226 ਦੇਸੀ ਤੇ ਵਿਦੇਸ਼ੀ ਹਥਿਆਰ ਵੀæਆਈæਪੀਜ਼æ ਲੋਕਾਂ ਨੂੰ ਅਲਾਟ ਕੀਤੇ ਗਏ ਹਨ। ਇਸ ਦੌਰਾਨ ਸਰਕਾਰ ਕੋਲ 795 ਰਸੂਖਵਾਨਾਂ ਨੇ ਪੁਲਿਸ ਭੰਡਾਰ ਵਿਚ ਪਏ ਜ਼ਬਤਸ਼ੁਦਾ ਹਥਿਆਰ ਲੈਣ ਲਈ ਦਰਖਾਸਤਾਂ ਦਿੱਤੀਆਂ ਸਨ। ਸਪੀਕਰ ਚਰਨਜੀਤ ਸਿੰਘ ਅਟਵਾਲ ਦੇ ਲੜਕੇ ਜਸਜੀਤ ਸਿੰਘ, ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਦੇ ਲੜਕੇ ਰਵੀਕਰਨ ਸਿੰਘ ਕਾਹਲੋਂ, ਵਿਧਾਇਕ ਹਰੀ ਸਿੰਘ ਜ਼ੀਰਾ ਦੇ ਲੜਕੇ ਅਵਤਾਰ ਸਿੰਘ, ਯੂਥ ਵਿੰਗ ਦੇ ਮਾਲਵਾ ਜ਼ੋਨ ਦੇ ਯੂਥ ਆਗੂ ਰੋਜ਼ੀ ਬਰਕੰਦੀ ਤੇ ਉਸ ਦੇ ਭਰਾ ਸ਼ਮਿੰਦਰਜੀਤ ਸਿੰਘ, ਮੁੱਖ ਮੰਤਰੀ ਦੇ ਓæਐਸ਼ਡੀæ ਬਲਕਰਨ ਸਿੰਘ, ਸਾਬਕਾ ਓæਐਸ਼ਡੀæ ਗੁਰਵਿੰਦਰ ਸਿੰਘ, ਪਿੰਡ ਬਾਦਲ ਦੇ ਪਵਨਪ੍ਰੀਤ ਸਿੰਘ, ਅਕਾਲੀ ਵਿਧਾਇਕ ਮਨਪ੍ਰੀਤ ਇਆਲ਼ੀ ਨੂੰ ਵਿਦੇਸ਼ੀ ਪਿਸਤੌਲਾਂ ਅਲਾਟ ਕੀਤੀਆਂ ਗਈਆਂ ਹਨ। ਇਨ੍ਹਾਂ ਨੇ ਚੀਨੀ ਪਿਸਤੌਲਾਂ ਪਸੰਦ ਕੀਤੀਆਂ, ਜੋ 20 ਤੋਂ 30 ਹਜ਼ਾਰ ਰੁਪਏ ਵਿਚ ਅਲਾਟ ਕੀਤੀਆਂ ਗਈਆਂ।