ਕਤਲੇਆਮ 1984: ਗ੍ਰਾਂਟ ਛਕਣ ਦੇ ਮਾਮਲੇ ‘ਤੇ ਘਿਰੇ ਅਕਾਲੀ

ਅੰਮ੍ਰਿਤਸਰ: ਭਾਜਪਾ ਦੀ ਵਿਧਾਇਕਾ ਤੇ ਮੁੱਖ ਪਾਰਲੀਮਾਨੀ ਸਕੱਤਰ ਡਾਕਟਰ ਨਵਜੋਤ ਕੌਰ ਸਿੱਧੂ ਨੇ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਘੇਰਿਆ ਹੋਇਆ ਹੈ। ਬੀਬੀ ਸਿੱਧੂ ਵੱਲੋਂ 1984 ਦੇ ਕਤਲੇਆਮ ਪੀੜਤਾਂ ਲਈ ਆਈ ਗ੍ਰਾਂਟ ਵਿਚ ਹੋਏ ਘਪਲੇ ਬਾਰੇ ਕੀਤੇ ਖੁਲਾਸੇ ਪਿੱਛੋਂ ਅਕਾਲੀ ਦਲ ਬੁਰੀ ਤਰ੍ਹਾਂ ਘਿਰ ਗਿਆ ਹੈ।

ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਬੀਬੀ ਸਿੱਧੂ ਵੱਲੋਂ ਕਤਲੇਆਮ ਪੀੜਤਾਂ ਨੂੰ ਮਿਲੀ 440 ਕਰੋੜ ਰੁਪਏ ਦੀ ਗ੍ਰਾਂਟ ਵਿਚ ਘਪਲੇ ਦੇ ਬਿਆਨ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਸਕੱਤਰ ਨੂੰ ਸੱਤਾਂ ਦਿਨਾਂ ਵਿਚ ਜਵਾਬ ਦੇਣ ਲਈ ਨੋਟਿਸ ਜਾਰੀ ਕੀਤਾ ਹੈ। ਡਾæ ਵੇਰਕਾ ਨੇ ਦੱਸਿਆ ਕਿ 2006 ਵਿਚ ਯੂæਪੀæਏæ ਦੀ ਸਰਕਾਰ ਹੁੰਦਿਆਂ 440 ਕਰੋੜ ਰੁਪਏ ਦੀ ਗ੍ਰਾਂਟ ਪੀੜਤਾਂ ਨੂੰ ਦਿੱਤੀ ਗਈ ਸੀ, ਇਸ ਬਾਰੇ ਨਵਜੋਤ ਕੌਰ ਨੇ ਦੋਸ਼ ਲਾਏ ਹਨ ਕਿ ਜਾਅਲੀ ਪੀੜਤਾਂ ਨੂੰ ਝੂਠੇ ਕਾਰਡ ਬਣਾ ਕੇ ਗ੍ਰਾਂਟ ਦਿੱਤੀ ਗਈ ਹੈ ਤੇ ਇਸ ਵਿਚ ਜਿਹੜਾ ਘਪਲਾ ਹੋਇਆ ਹੈ, ਉਸ ਦੀਆਂ ਤਾਰਾਂ ਸਿਆਸੀ ਆਗੂਆਂ ਨਾਲ ਜੁੜੀਆਂ ਹੋਈਆਂ ਹਨ। ਇਸ ਘਪਲੇ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸ਼ਮੂਲੀਅਤ ਬਾਰੇ ਉਨ੍ਹਾਂ ਕਿਹਾ ਕਿ ਉਹ ਸੂਬੇ ਦੇ ਮੁਖੀ ਹਨ ਤੇ ਇਸ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ।
ਬੀਬੀ ਸਿੱਧੂ ਨੇ ਇਲਜ਼ਾਮ ਲਾਇਆ ਸੀ ਕਿ ਅਕਾਲੀ ਸਰਕਾਰ ਅੱਜ ਤੱਕ 1984 ਦੇ ਦੰਗਾ ਪੀੜਤਾਂ ਨੂੰ ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਮਦਦ ਤੇ ਘਰ ਮੁਹੱਈਆ ਕਰਵਾਉਣ ਵਿਚ ਅਸਫਲ ਸਾਬਤ ਹੋਈ ਹੈ। ਦਰਅਸਲ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀæਕੇæ ਨੇ ਚੰਡੀਗੜ੍ਹ ਵਿਚ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਸੀ ਕਿ ਭਾਜਪਾ ਵੀ ਕਾਂਗਰਸ ਵਾਂਗ ਹੀ ਹੈ ਜੋ ਸਿੱਖਾਂ ਨੂੰ 1984 ਦੰਗਿਆਂ ਦਾ ਇਨਸਾਫ਼ ਨਹੀਂ ਦਵਾ ਸਕੀ। ਇਸ ਲਈ ਅਕਾਲੀ ਦਲ ਨੂੰ ਭਾਜਪਾ ਨਾਲ ਗੱਠਜੋੜ ਤੋੜ ਦੇਣਾ ਚਾਹੀਦਾ ਹੈ। ਇਸ ਗੱਲ ਦਾ ਜਵਾਬ ਦਿੰਦਿਆਂ ਬੀਬੀ ਸਿੱਧੂ ਨੇ ਕਿਹਾ ਕਿ ਲੁਧਿਆਣਾ ਵਿਚ ਕੇਂਦਰ ਸਰਕਾਰ ਵੱਲੋਂ ਦੰਗਾ ਪੀੜਤਾਂ ਲਈ ਬਣਾਏ ਗਏ ਮਕਾਨਾਂ ‘ਤੇ ਕੁਝ ਅਕਾਲੀ ਲੀਡਰਾਂ ਵੱਲੋਂ ਕਬਜ਼ੇ ਕੀਤੇ ਗਏ ਹਨ। ਉਨ੍ਹਾਂ ਨੂੰ ਦਿੱਤੀ ਜਾਣ ਵਾਲੀ ਰਾਹਤ ਰਾਸ਼ੀ ਵੀ ਹੜੱਪ ਲਈ ਗਈ ਹੈ ਜਿਸ ਦੀ ਉਹ ਸੀæਬੀæਆਈæ ਜਾਂਚ ਦੀ ਮੰਗ ਕਰਦੇ ਹਨ।
ਉਨ੍ਹਾਂ ਜੀæਕੇæ ਨੂੰ ਕਿਹਾ ਕਿ ਉਹ ਉਨ੍ਹਾਂ ਨਾਲ ਜਾਣ ਤੇ ਮੋਦੀ ਨੂੰ ਮਿਲਣ ਤੇ ਦੱਸਣ ਕਿ ਜੇਕਰ ਪੰਜਾਬ ਸਰਕਾਰ ਦੰਗਾ ਪੀੜਤਾਂ ਦੇ ਹੱਕ ਖੋਹਣ ਵਾਲੇ ਅਕਾਲੀ ਲੀਡਰਾਂ ਖਿਲਾਫ਼ ਸਖਤ ਕਾਰਵਾਈ ਨਹੀਂ ਕਰਦੇ ਤਾਂ ਇਹ ਗੱਠਜੋੜ ਤੋੜ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਤਾਂ ਖੁਦ ਚਾਹੁੰਦੇ ਹਨ ਕਿ ਪੰਜਾਬ ਵਿਚ ਅਕਾਲੀ-ਭਾਜਪਾ ਗੱਠਜੋੜ ਤੋੜਿਆ ਜਾਵੇ। ਇਸ ਮਾਮਲੇ ਬਾਰੇ ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕਰਨ ਬਾਰੇ ਪੁੱਛੇ ਗਏ ਸਵਾਲ ‘ਤੇ ਉਨ੍ਹਾਂ ਕਿਹਾ ਕਿ ਬਾਦਲ ਸਾਹਿਬ ਨੂੰ ਮਿਲਣ ਦਾ ਕੋਈ ਫਾਇਦਾ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਬਾਦਲ ਦੇ ਦਿਲ ਵਿਚ ਸਿੱਖਾਂ ਪ੍ਰਤੀ ਦਰਦ ਹੁੰਦਾ ਤਾਂ ਇਨ੍ਹਾਂ ਲੋਕਾਂ ਨਾਲ ਇਨਸਾਫ਼ ਜ਼ਰੂਰ ਕਰਦੇ।
___________________________
ਮੋਦੀ ਤੋਂ ਹਮਾਇਤ ਵਾਪਸ ਲਏ ਅਕਾਲੀ ਦਲ: ਜੀæਕੇæ
ਚੰਡੀਗੜ੍ਹ: ਮਨਜੀਤ ਸਿੰਘ ਜੀæਕੇæ ਨੇ ਭਾਰਤੀ ਜਨਤਾ ਪਾਰਟੀ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਉਤੇ ’84 ਦੇ ਦੰਗਾ ਪੀੜਤਾਂ ਨੂੰ ਇਨਸਾਫ ਨਾ ਦੇਣ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਸੀæਬੀæਆਈæ ਵੱਲੋਂ ਜਗਦੀਸ਼ ਟਾਈਟਲਰ ਖਿਲਾਫ਼ ਕਲੋਜ਼ਰ ਰਿਪੋਰਟ ਅਦਾਲਤ ਵਿਚ ਪੇਸ਼ ਕਰਨਾ ਸਿੱਖਾਂ ਨਾਲ ਵਧੀਕੀ ਹੈ ਤੇ ਡੀæਐਸ਼ਜੀæ ਪੀæਸੀæ ਨੇ ਕੇਂਦਰੀ ਏਜੰਸੀ ਦੇ ਇਸ ਫੈਸਲੇ ਵਿਰੁੱਧ ਮੋਦੀ ਸਰਕਾਰ ਖਿਲਾਫ ਮੁਜ਼ਾਹਰਾ ਵੀ ਕੀਤਾ ਸੀ। ਉਨ੍ਹਾਂ ਕਿਹਾ ਕਿ ਜੇਕਰ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੀ 1984 ਦੇ ਸਿੱਖ ਦੰਗਾਂ ਪੀੜਤਾਂ ਨੂੰ ਰਾਹਤ ਦੇਣ ਦੀ ਥਾਂ ਕਾਂਗਰਸ ਵਾਲਾ ਹੀ ਰਵੱਈਆ ਰੱਖਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਭਾਜਪਾ ਨਾਲੋਂ ਨਾਤਾ ਤੋੜ ਲੈਣਾ ਚਾਹੀਦਾ ਹੈ।
_____________________________
ਮੋਦੀ ਕੋਲ ਲੱਗੇਗੀ ਬਾਦਲ ਦੀ ਸ਼ਿਕਾਇਤ
ਚੰਡੀਗੜ੍ਹ: ਨਵਜੋਤ ਕੌਰ ਸਿੱਧੂ ਨੇ ਇਲਜ਼ਾਮ ਲਾਇਆ ਕਿ ਬਾਦਲ, ਮੋਦੀ ਵੱਲੋਂ ਸ਼ੁਰੂ ਕੀਤੀਆਂ ਨੀਤੀਆਂ ਦਾ ਪੰਜਾਬ ਵਿਚ ਪ੍ਰਚਾਰ ਨਹੀਂ ਕਰਦੇ ਤੇ 1984 ਦੰਗਿਆਂ ਦੇ ਮੁੱਦੇ ਨੂੰ ਸਿਰਫ ਰਾਜਨੀਤੀ ਲਈ ਵਰਤਦੇ ਹਨ। ਉਹ ਦੰਗਾ ਪੀੜਤਾਂ ਦੇ ਹੱਕਾਂ ਲਈ ਹਰ ਲੜਾਈ ਲੜਨ ਨੂੰ ਤਿਆਰ ਹਨ ਤੇ ਛੇਤੀ ਹੀ ਮੋਦੀ ਨੂੰ ਮਿਲ ਕੇ ਇਸ ਸਾਰੇ ਮਾਮਲੇ ਬਾਰੇ ਅਕਾਲੀ ਦਲ ਦੀ ਭੂਮਿਕਾ ਬਾਰੇ ਜਾਣੂ ਕਰਵਾਉਣਗੇ। ਜੇਕਰ ਇਸ ਲਈ ਉਨ੍ਹਾਂ ਨੂੰ ਜੰਤਰ ਮੰਤਰ ‘ਤੇ ਭੁੱਖ ਹੜਤਾਲ ਵੀ ਕਰਨੀ ਪਈ ਤਾਂ ਉਹ ਕਰਨਗੇ।
________________________
ਸਿੱਖਾਂ ਨੂੰ ਗੁੰਮਰਾਹ ਨਾ ਕਰਨ ਜੀæਕੇ: ਸਰਨਾ
ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਜਨਰਲ ਸਕੱਤਰ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਤੇ ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਵੱਲੋਂ ਭਾਰਤੀ ਜਨਤਾ ਪਾਰਟੀ ਨੂੰ ਇਹ ਕਹਿਣਾ ਕਿ ਜਾਂ ਤਾਂ ਉਹ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਉਨ੍ਹਾਂ ਦਾ ਸਾਥ ਦੇਣ ਜਾਂ ਫਿਰ ਅਕਾਲੀ ਦਲ ਬਾਦਲ ਨੂੰ ਛੱਡ ਦੇਣ, ਕਿਸੇ ਪੱਖੋਂ ਵੀ ਤਰਕਸੰਗਤ ਨਹੀਂ ਸਗੋਂ ਹਾਸੋਹੀਣਾ ਹੈ। ਉਨ੍ਹਾਂ ਕਿਹਾ ਕਿ ਜੀæਕੇæ ਤੇ ਸਿਰਸਾ ਨੇ ਜਿਸ ਤਰੀਕੇ ਨਾਲ ਝੂਠ ਬੋਲ ਕੇ 2012 ਵਿਚ ਦਿੱਲੀ ਕਮੇਟੀ ਦੀਆਂ ਚੋਣਾਂ ਜਿੱਤੀਆਂ ਸਨ, ਉਹ ਮਨਘੜਤ ਬਿਆਨਬਾਜ਼ੀ ਕਰਕੇ ਸਿੱਖ ਸੰਗਤਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
________________________
ਜੀæਕੇæ ਦੇ ਬਿਆਨ ਬਾਰੇ ਕੁਝ ਪਤਾ ਨਹੀਂ: ਸੁਖਬੀਰ
ਚੰਡੀਗੜ੍ਹ: ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰੈਸ ਕਾਨਫਰੰਸ ਦੌਰਾਨ ਭਾਜਪਾ ਨਾਲੋਂ ਨਾਤਾ ਤੋੜਨ ਤੇ ਭਾਜਪਾ ਦੀ ਕੇਂਦਰ ਸਰਕਾਰ ਦੀ ਤੁਲਨਾ ਕਾਂਗਰਸ ਨਾਲ ਕਰਨ ਸਬੰਧੀ ਦਿੱਤੇ ਗਏ ਬਿਆਨ ਬਾਰੇ ਮੈਨੂੰ ਕੁਝ ਪਤਾ ਨਹੀਂ। ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ।