ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦੌਰੇ ਨੇ ਪੰਜਾਬ ਦੇ ਪਹਿਲਾਂ ਹੀ ਭਖੇ ਹੋਏ ਸਿਆਸੀ ਪਿੜ ਨੂੰ ਹੋਰ ਮਘਾ ਦਿੱਤਾ ਹੈ। ਕੱਲ੍ਹ ਤੱਕ ਦੋਵਾਂ ਵੱਡੀਆਂ ਰਵਾਇਤੀ ਪਾਰਟੀਆਂ-ਕਾਂਗਰਸ ਅਤੇ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਇਹ ਕਹਿੰਦੇ ਨਹੀਂ ਸਨ ਥੱਕਦੇ ਕਿ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ (ਆਪ) ਦਾ ਉਨ੍ਹਾਂ ਦੀ ਪਾਰਟੀ ਜਾਂ ਸੂਬੇ ਦੀ ਸਿਆਸਤ ਉਤੇ ਕੋਈ ਅਸਰ ਪੈਣ ਵਾਲਾ ਨਹੀਂ। ‘ਆਪ’ ਨੂੰ ਪਾਣੀ ਦਾ ਬੁਲਬੁਲਾ ਤੱਕ ਆਖਿਆ ਗਿਆ। ਹੁਣ ਜਦੋਂ ਕੇਜਰੀਵਾਲ ਨੇ ਸੂਬੇ ਦਾ ਪੰਜ ਰੋਜ਼ਾ ਦੌਰਾ ਕੀਤਾ ਤਾਂ ਸਪਸ਼ਟ ਹੋ ਗਿਆ ਹੈ
ਕਿ ਇਨ੍ਹਾਂ ਦੋਹਾਂ ਪਾਰਟੀਆਂ ਦੇ ਆਗੂ ਕਿਸ ਕਦਰ ‘ਆਪ’ ਅਤੇ ਇਸ ਦੇ ਆਗੂਆਂ ਦੀ ਸਿਆਸਤ ਤੋਂ ਭੈਅਭੀਤ ਹਨ। ਇਸ ਵਾਰ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਰੈਲੀਆਂ/ਜਲਸਿਆਂ ਦੀ ਥਾਂ ਲੋਕਾਂ ਨਾਲ ਉਨ੍ਹਾਂ ਦੇ ਘਰੀਂ ਜਾ ਕੇ ਮੁਲਾਕਾਤ ਕੀਤੀ। ਆਪਣੀ ਸਿਆਸਤ ਦੀ ਗੱਲ ਤਾਂ ਖੈਰ ਉਨ੍ਹਾਂ ਕਰਨੀ ਹੀ ਸੀ, ਉਨ੍ਹਾਂ ਬਹੁਤਾ ਕਰ ਕੇ ਮੁੱਦਿਆਂ ਅਤੇ ਮਸਲਿਆਂ ਬਾਰੇ ਹੀ ਗੱਲਾਂ ਤੋਰੀਆਂ। ਉਨ੍ਹਾਂ ਖੁਦਕੁਸ਼ੀਆਂ ਦੇ ਕਹਿਰ ਨਾਲ ਝੰਬੇ ਪਰਿਵਾਰਾਂ ਨਾਲ ਦੁੱਖ ਵੰਡਾਇਆ, ਨਸ਼ਿਆਂ ਦੀ ਮਾਰ ਹੇਠ ਆਏ ਲੋਕਾਂ ਦੇ ਸੁਝਾਅ ਲਏ ਅਤੇ ਫਿਰ ਰੇਤ ਮਾਫੀਆ ਜਾਂ ਇਸ ਤਰ੍ਹਾਂ ਦੇ ਹੋਰ ਅਹਿਮ ਮੁੱਦਿਆਂ ਬਾਰੇ ਸੱਤਾਧਾਰੀਆਂ ਨੂੰ ਸਿੱਧਾ ਲਲਕਾਰਿਆ। ਆਪਣੀ ਇਸੇ ਪਹੁੰਚ ਕਾਰਨ ਹੀ ਉਨ੍ਹਾਂ ਪੰਜਾਬੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਸ਼ਾਇਦ ਇਸੇ ਕਰ ਕੇ ਮੁੱਖ ਸਿਆਸੀ ਪਾਰਟੀਆਂ ਦਾ ਧਿਆਨ ਵੀ ਇਨ੍ਹਾਂ ਪੰਜ ਦਿਨਾਂ ਦੌਰਾਨ ‘ਆਪ’ ਅਤੇ ਕੇਜਰੀਵਾਲ ਵੱਲ ਹੀ ਲੱਗਾ ਰਿਹਾ। ਦਰਅਸਲ, ਇਨ੍ਹਾਂ ਦੋਹਾਂ ਪਾਰਟੀਆਂ ਦੀ ਚੋਣ ਸਿਆਸਤ ਕਾਰਨ ਪੰਜਾਬ ਦੇ ਲੋਕ ਅੱਜ ਜਿਸ ਮੋੜ ਉਤੇ ਪਹੁੰਚੇ ਹੋਏ ਹਨ, ਉਥੇ ਖਲੋ ਕੇ ਕਿਸੇ ‘ਕੇਜਰੀਵਾਲ’ ਨੂੰ ਹਾਕਾਂ ਵੱਜਣੀਆਂ ਹੀ ਸਨ। ਹੁਣ ਜਦੋਂ ਲੋਕਾਂ ਨੂੰ ‘ਆਪ’ ਦੇ ਰੂਪ ਵਿਚ ਤੀਜੀ ਧਿਰ ਸਿਆਸੀ ਪਿੜ ਵਿਚ ਦਿਸ ਰਹੀ ਹੈ ਤਾਂ ਲੋਕਾਂ ਨੇ ਇਸ ਨੂੰ ਭਰਪੂਰ ਹੁੰਗਾਰਾ ਭਰਿਆ ਹੈ।
ਪੰਜਾਬ ਵਿਚ ਹੁਣ ਜੋ ਹਾਲਾਤ ਬਣ ਰਹੇ ਹਨ, ਉਨ੍ਹਾਂ ਤੋਂ ਜ਼ਾਹਿਰ ਇਹੀ ਹੋ ਰਿਹਾ ਹੈ ਕਿ ਸਿਆਸੀ ਜਾਂ ਚੋਣ ਪਿੜ ਵਿਚ ਕੋਈ ਸਿਫਤੀ ਤਬਦੀਲੀ ਅੰਗੜਾਈਆਂ ਲੈ ਰਹੀ ਹੈ। ਕੇਜਰੀਵਾਲ ਨੇ ਭਾਵੇਂ 100 ਤੋਂ ਉਪਰ ਸੀਟਾਂ ਜਿੱਤ ਕੇ ਦਿੱਲੀ ਵਾਲਾ ਇਤਿਹਾਸ ਦੁਹਰਾਉਣ ਦੀ ਗੱਲ ਕਹੀ ਹੈ ਅਤੇ ਪਾਰਟੀ ਦੇ ਮੁਕਾਮੀ ਆਗੂ ਵੀ ਇਹੀ ਦਾਅਵੇ ਕਰ ਰਹੇ ਹਨ, ਪਰ ਇਕ ਗੱਲ ਤਾਂ ਪੱਕੀ ਹੈ ਕਿ ਪੰਜਾਬ ਨੂੰ ਰਵਾਇਤੀ ਪਾਰਟੀਆਂ ਦੀ ‘ਕੋਹਲੂ ਦੇ ਬੈਲ’ ਵਰਗੀ ਸਿਆਸਤ ਤੋਂ ਕੁਝ ਤਾਂ ਸਾਹ ਆਵੇਗਾ ਹੀ। ਫਿਲਹਾਲ ਪੰਜਾਬ ਲਈ ਇਹੀ ਵੱਡੀ ਬਾਤ ਹੈ। ਇਹ ਵੀ ਸ਼ਾਇਦ ਪਹਿਲੀ ਵਾਰ ਹੈ ਕਿ ਦਿੱਲੀ ਤੋਂ ਆਏ ਕਿਸੇ ਲੀਡਰ ਨੂੰ ਲੋਕਾਂ ਨੇ ਇਉਂ ਹੁੰਗਾਰਾ ਭਰਿਆ ਹੈ। ਪਿਛਲੇ ਕੁਝ ਦਹਾਕਿਆਂ ਦੌਰਾਨ ਪੰਜਾਬ ਅਤੇ ਦਿੱਲੀ ਦੇ ਰਿਸ਼ਤੇ ਸੁਖਾਵੇਂ ਨਹੀਂ ਰਹੇ। ਕੇਜਰੀਵਾਲ ਦੀ ਆਮਦ ਨੂੰ ਇਸ ਨੁਕਤੇ ਤੋਂ ਵੀ ਵਿਚਾਰਨਾ ਬਣਦਾ ਹੈ। ਕੁਝ ਸਿੱਖ ਸਿਆਣੇ ਭਾਵੇਂ ਇਹ ਆਖ ਰਹੇ ਹਨ ਕਿ ਕੇਜਰੀਵਾਲ ਨੂੰ ਸਿੱਖ ਮਸਲਿਆਂ ਬਾਰੇ ਗਹਿਰਾਈ ਵਿਚ ਕੁਝ ਵੀ ਪਤਾ ਨਹੀਂ, ਪਰ ਜਿਸ ਤਰ੍ਹਾਂ ਦੀ ਸਿਆਸਤ ਸਾਹਮਣੇ ਆਈ ਹੈ, ਅੱਜ ਦੇ ਹਾਲਾਤ ਮੁਤਾਬਕ ਉਸ ਵਿਚ ਆਸ ਦੀ ਕਿਰਨ ਜ਼ਰੂਰ ਹੀ ਨਜ਼ਰੀ ਪੈ ਰਹੀ ਹੈ। ਮਸਲਾ ਤਾਂ ਹੁਣ ਸਿਰਫ ਇੰਨਾ ਹੀ ਹੈ ਕਿ ‘ਆਪ’ ਕਨਵੀਨਰ, ਇਸ ਸਿਆਸਤ ਦੀ ਉਡਾਣ ਕਿੰਨੀ ਕੁ ਉਚੀ ਭਰ ਸਕਦੇ ਹਨ। ਭਾਰਤ ਦਾ ਚੋਣ ਪ੍ਰਬੰਧ ਅਜਿਹੀਆਂ ਪਾਰਟੀਆਂ ਅਤੇ ਇਨ੍ਹਾਂ ਦੀ ਸੋਚ ਨੂੰ ਸਦਾ ਰੱਸੇ ਪਾਉਂਦਾ ਰਿਹਾ ਹੈ। ਇਹ ਗੱਲ ਇਕ ਵਾਰ ਨਹੀਂ, ਅਨੇਕ ਵਾਰ ਸਾਬਤ ਹੋ ਚੁੱਕੀ ਹੈ। ਦੇਖਣਾ ਇਹ ਬਾਕੀ ਹੈ ਕਿ ‘ਆਪ’ ਵਾਲੇ ਇਸ ਮਸਲੇ ਨਾਲ ਕਿਸ ਤਰ੍ਹਾਂ ਅਤੇ ਕਿੰਨੀ ਪ੍ਰਚੰਡਤਾ ਨਾਲ ਨਜਿੱਠਦੇ ਹਨ।
ਅਜੇ ਤੱਕ ਪੰਜਾਬ ਵਿਚ ‘ਆਪ’ ਦੀ ਚਰਚਾ ਬਹੁਤਾ ਕਰ ਕੇ ਚੋਣਾਂ ਦੇ ਪ੍ਰਸੰਗ ਵਿਚ ਹੀ ਹੋਈ ਹੈ। ਇਹ ਯਾਦ ਰੱਖਣਾ ਪਵੇਗਾ ਕਿ ਅੱਜ ਦੇ ਸੱਚ ਦਾ ਇਹ ਬਹੁਤ ਛੋਟਾ ਪੱਖ ਹੈ। ਵਿਰਾਟ ਸੱਚ ਤਾਂ ਲੀਹੋਂ ਲਹਿ ਚੁੱਕੇ ਪ੍ਰਬੰਧ ਨੂੰ ਲੀਹ ਉਤੇ ਚਾੜ੍ਹਨ ਦਾ ਹੈ। ਇਸ ਪ੍ਰਸੰਗ ਵਿਚ ‘ਆਪ’ ਦੇ ਪਟਿਆਲਾ ਤੋਂ ‘ਬਾਗੀ’ ਲੋਕ ਸਭਾ ਮੈਂਬਰ ਡਾਕਟਰ ਧਰਮਵੀਰ ਗਾਂਧੀ ਦੀ ਗੱਲ ਵੱਲ ਤਵੱਜੋ ਦੇਣੀ ਬਣਦੀ ਹੈ। ਕੇਜਰੀਵਾਲ ਦੇ ਦੌਰੇ ਦੌਰਾਨ ਡਾਕਟਰ ਗਾਂਧੀ ਅਤੇ ਇਕ ਹੋਰ ਲੋਕ ਸਭਾ ਮੈਂਬਰ ਹਰਿੰਦਰ ਸਿੰਘ ਖਾਲਸਾ ਬਾਰੇ ਸਵਾਲ ਉਠਣੇ ਹੀ ਸਨ। ਜਦੋਂ ਕੇਜਰੀਵਾਲ ਨੇ ਕਿਹਾ ਕਿ ਦੋਵੇਂ ਮੁਆਫੀ ਮੰਗ ਕੇ ਪਾਰਟੀ ਸਫਾਂ ਵਿਚ ਸਰਗਰਮ ਹੋਣ ਤਾਂ ਡਾਕਟਰ ਗਾਂਧੀ ਨੇ ਬੜੇ ਪਤੇ ਦੀ ਗੱਲ ਆਖੀ। ਉਨ੍ਹਾਂ ਚੇਤਾ ਕਰਵਾਇਆ ਕਿ ‘ਆਪ’ ਦੀ ਲੜਾਈ ਦੀ ਸ਼ੁਰੂਆਤ ਚੋਣਾਂ ਜਿੱਤਣ ਲਈ ਨਹੀਂ, ਲੀਹੋਂ ਲਹਿ ਚੁੱਕੇ ਪ੍ਰਬੰਧ ਨੂੰ ਲੀਹ ਉਤੇ ਚਾੜ੍ਹਨ ਲਈ ਕੀਤੀ ਗਈ ਸੀ। ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਸਭ ਤੋਂ ਪਹਿਲਾਂ ਪਾਰਟੀ ਸਫਾਂ ਅੰਦਰ ਜਮਹੂਰੀਅਤ ਬਹਾਲ ਹੋਣੀ ਚਾਹੀਦੀ ਹੈ। ਇਹ ਸੱਚ ਹੈ ਕਿ ਪਾਰਟੀ ਅੰਦਰ ਜਮਹੂਰੀਅਤ ਦੇ ਮੁੱਦੇ ‘ਤੇ ‘ਆਪ’ ਫਿਲਹਾਲ ਪਛੜ ਰਹੀ ਹੈ। ਡਾਕਟਰ ਗਾਂਧੀ ਅਤੇ ਸ਼ ਖਾਲਸਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ‘ਕਾਰਨ ਦੱਸੋ ਨੋਟਿਸ’ ਦਾ ਜਵਾਬ ਛੇ ਮਹੀਨੇ ਪਹਿਲਾਂ ਦੇ ਦਿੱਤਾ ਸੀ, ਪਰ ਪਾਰਟੀ ਇਸ ਬਾਰੇ ਕੋਈ ਫੈਸਲਾ ਨਹੀਂ ਕਰ ਰਹੀ। ਦੂਜੇ ਬੰਨੇ, ਦਿੱਲੀ ਵਿਚ ਮੰਤਰੀ ਜਾਂ ਵਿਧਾਇਕਾਂ ਬਾਰੇ ਤੁਰੰਤ ਕਾਰਵਾਈ ਕਰਨ ਵਰਗੀਆਂ ਗੱਲਾਂ ਬਹੁਤ ਵਧਾ-ਚੜ੍ਹਾ ਕੇ ਕੀਤੀਆਂ ਜਾਂਦੀਆਂ ਹਨ। ਦੂਜੀ ਗੱਲ ਜੋ ਇਨ੍ਹਾਂ ਲੋਕ ਸਭਾ ਮੈਂਬਰਾਂ ਨੇ ਕੀਤੀ ਹੈ, ਉਹ ਵਧੇਰੇ ਮਹੱਤਵਪੂਰਨ ਹੈ; ਉਹ ਇਹ ਕਿ ਪੰਜਾਬ ਦੀ ਸਿਆਸਤ ਦਿੱਲੀ ਬੈਠ ਕੇ ਨਾ ਚਲਾਈ ਜਾਵੇ। ਮੁਕਾਮੀ ਹਾਲਾਤ ਅਤੇ ਆਗੂ ਹੀ ਸਿਆਸਤ ਨੂੰ ਅੱਗੇ ਲੈ ਕੇ ਜਾਣ। ਫਿਰ ਵੀ ਇਨ੍ਹਾਂ ਸਭ ਖਾਮੀਆਂ ਦੇ ਬਾਵਜੂਦ ਇਸ ਪਾਰਟੀ ਨੇ ਪੰਜਾਬ ਦੇ ਲੋਕਾਂ ਲਈ ਆਸ ਜਗਾਈ ਹੈ। ਹੁਣ ਦੇਖਣਾ ਸਿਰਫ ਇਹ ਹੈ ਕਿ ਬੁਰੀ ਤਰ੍ਹਾਂ ਭ੍ਰਿਸ਼ਟ ਹੋਏ ਇਸ ਪ੍ਰਬੰਧ ਵਿਚ, ‘ਆਪ’ ਲੋਕਾਂ ਦੇ ਇਸ ਹੁੰਗਾਰੇ ਨੂੰ ਵੋਟਾਂ ਵਿਚ ਕਿੰਨਾ ਕੁ ਤਬਦੀਲ ਕਰਨ ਵਿਚ ਕਾਮਯਾਬ ਹੁੰਦੀ ਹੈ।