ਖੱਬੇ ਪੱਖੀਆਂ ਲਈ ਨਵੇਂ ਸਿਰਿਓਂ ਸੋਚਣ ਦਾ ਮੌਕਾ

-ਜਤਿੰਦਰ ਪਨੂੰ
ਤੁਸੀਂ ਕਿਸੇ ਦਾ ਵੀ ਨੁਕਸ ਕੱਢਣ ਲਈ ਆਜ਼ਾਦ ਹੁੰਦੇ ਹੋ, ਪਰ ਜਿਨ੍ਹਾਂ ਨਾਲ ਕੋਈ ਚਿਰਾਂ ਦੀ ਸਾਂਝ ਹੋਵੇ, ਉਨ੍ਹਾਂ ਬਾਰੇ ਮਾਮੂਲੀ ਜਿਹੀ ਗੱਲ ਵੀ ਸੌ ਵਾਰੀ ਸੋਚ ਕੇ ਕਰਨੀ ਪੈਂਦੀ ਹੈ। ਇਹ ਧਰਮ ਸੰਕਟ ਮੇਰੇ ਲਈ ਵੀ ਹੈ। ਸਿਹਤ ਵਿਗੜ ਜਾਣ ਤੋਂ ਪਹਿਲਾਂ ਜਦੋਂ ‘ਛੀਉੜੰਬਾ’ ਦਾ ਕਾਲਮ ਲਿਖਦਾ ਹੁੰਦਾ ਸਾਂ ਤਾਂ ਕਦੇ-ਕਦੇ ਕਮਿਊਨਿਸਟਾਂ ਬਾਰੇ ‘ਮਿੱਠੀ ਮਸ਼ਕਰੀ’ ਭਾਵੇਂ ਕਰ ਜਾਂਦਾ ਸਾਂ, ਉਂਜ ਮੈਂ ਕਮਿਊਨਿਸਟਾਂ ਦੇ ਖਿਲਾਫ ਕਦੇ ਇਸ ਵਾਸਤੇ ਨਹੀਂ ਸੀ ਲਿਖਿਆ ਕਿ ਇਨ੍ਹਾਂ ਦਾ ਰਾਹ ਕਿਸੇ ਵਕਤ ਥਿੜਕਣ ਵਾਲਾ ਹੋ ਸਕਦਾ ਹੈ, ਲੀਡਰਾਂ ਦੇ ਨੁਕਸ ਕੱਢੇ ਜਾ ਸਕਦੇ ਹਨ,

ਪਰ ਜਿਸ ਸੋਚ ਨੂੰ ਪ੍ਰਣਾਏ ਹਨ, ਉਸ ਦਾ ਬੁਨਿਆਦੀ ਸਿਧਾਂਤ ਮਨੁੱਖਵਾਦੀ ਹੈ ਤੇ ਉਸ ਵਿਚ ਨੁਕਸ ਨਹੀਂ। ਥਿੜਕਣ ਦੇ ਬਾਵਜੂਦ ਉਹ ਇੱਕੋ-ਇੱਕ ਰਾਹ ਏਦਾਂ ਦਾ ਜਾਪਦਾ ਸੀ, ਤੇ ਹੁਣ ਵੀ ਜਾਪਦਾ ਹੈ, ਜਿਹੜਾ ਲੁੱਟ ਤੋਂ ਰਹਿਤ ਸਰਬ ਸਾਂਝਾ ਸਮਾਜ ਸਿਰਜਣ ਦਾ ਸੰਕਲਪ ਲੈ ਕੇ ਚੱਲਦਾ ਹੈ। ਅਧਿਆਤਮਵਾਦੀ ਵਿਚਾਰਵਾਨਾਂ ਅਤੇ ਗੁਰੂ ਸਾਹਿਬਾਨ ਨੇ ਵੀ ‘ਸਭੇ ਸਾਝੀਵਾਲ ਸਦਾਇਨਿ’ ਦੇ ਸੰਦੇਸ਼ ਵਿਚ ਇਸੇ ਸਰਬ ਸਾਂਝੇ ਸਮਾਜ ਦਾ ਸੰਕਲਪ ਪੇਸ਼ ਕੀਤਾ ਸੀ। ਖੱਬੇ ਪੱਖੀ ਰਾਜਨੀਤੀ ਧਰਮ ਤੋਂ ਫਾਸਲਾ ਪਾ ਕੇ ਚੱਲਦੀ ਹੈ, ਪਰ ਸੁਫਨਾ ਸਾਂਝੀਵਾਲਤਾ ਦਾ ਹੀ ਹੈ। ਇਸ ਲਈ ਮੂਲ ਰੂਪ ਵਿਚ ਮਨੁੱਖਵਾਦੀ ਹਨ।
ਇਸ ਵਾਰੀ ਲਿਖਣ ਲਈ ਜਦੋਂ ਕਲਮ ਚੁੱਕੀ ਤਾਂ ਬਹੁਤ ਵਾਰੀ ਇਹ ਸੋਚਿਆ ਕਿ ਖੱਬੇ ਪੱਖੀਆਂ ਨੂੰ ਲਿਖਤ ਦੀ ਭਾਵਨਾ ਸਮਝ ਆਉਣੀ ਚਾਹੀਦੀ ਹੈ, ਆਪਣੇ ਪਿਛੋਕੜ ਉਤੇ ਝਾਤ ਮਾਰਨ ਦਾ ਚੇਤਾ ਆਉਣਾ ਚਾਹੀਦਾ ਹੈ, ਤੇ ਉਨ੍ਹਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਨ੍ਹਾਂ ਨੂੰ ਚਿੜਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸਾਨੂੰ ਇਹ ਲਿਖਤ ਇਸ ਵਕਤ ਦਿੱਲੀ ਵਿਚ ਪੈ ਰਹੇ ਉਸ ਧਮੱਚੜ ਕਾਰਨ ਲਿਖਣੀ ਪੈ ਰਹੀ ਹੈ, ਜਿਸ ਦਾ ਨਿਸ਼ਾਨਾ ਖੱਬੇ ਪੱਖੀਏ ਹਨ।
ਭਾਰਤ ਦੀ ਪਾਰਲੀਮੈਂਟ ਵਿਚ ਹਾਕਮ ਧਿਰ ਇਹ ਕਹਿਣ ਲੱਗ ਪਈ ਹੈ ਕਿ ਖੱਬੇ ਪੱਖੀ ਇਸ ਦੇਸ਼ ਦੀ ਤਰੱਕੀ ਦਾ ਰਾਹ ਰੋਕਣ ਵਾਲੇ ‘ਪ੍ਰੇਤ’ ਹਨ। ਜਿਸ ਦੇਸ਼ ਲਈ ਕਿਸੇ ਵੀ ਸਭ ਤੋਂ ਵੱਧ ਖੱਬੇ ਪੱਖੀਆਂ ਨੇ ਕੁਰਬਾਨੀਆਂ ਦਿੱਤੀਆਂ ਸਨ, ਉਸ ਦੇਸ਼ ਵਿਚ ਇਹ ਦਿਨ ਆਉਣੇ ਸਨ ਕਿ ਖੱਬੇ ਪੱਖੀਆਂ ਲਈ ‘ਪ੍ਰੇਤ’ ਸ਼ਬਦ ਵਰਤਿਆ ਜਾਵੇ। ਕਹਿਣ ਵਾਲੇ ਆਗੂ ‘ਸਾਮ, ਦਾਮ, ਦੰਡ, ਭੇਦ’ ਹਰ ਗੱਲ ਦਾ ਸਹਾਰਾ ਲੈਂਦੇ ਹਨ। ਫਿਰਕੂ ਸੋਚ ਅਧੀਨ ਘੜੀਆਂ ਗਈਆਂ ਘਾੜਤਾਂ ਏਨੀਆਂ ਜ਼ੋਰਦਾਰ ਬਣਾ ਕੇ ਪੇਸ਼ ਕੀਤੀਆਂ ਜਾ ਰਹੀਆਂ ਹਨ ਕਿ ਸਾਡੇ ਵਰਗੇ ਲੋਕਾਂ ਨੂੰ ਵੀ ਵਕਤੀ ਤੌਰ ਉਤੇ ਉਹ ਸੱਚ ਜਾਪਣ ਲੱਗਦੀਆਂ ਹਨ। ਕਨ੍ਹਈਆ ਕੁਮਾਰ ਹੋਵੇ ਜਾਂ ਉਮਰ ਖਾਲਿਦ, ਜਾਂ ਫਿਰ ਰੋਹਿਤ ਵੇਮੁਲਾ, ਇਨ੍ਹਾਂ ਸਭਨਾਂ ਨੂੰ ਇਸ ਤਰ੍ਹਾਂ ਦੇਸ਼ ਧਰੋਹੀ ਬਣਾ ਕੇ ਪੇਸ਼ ਕੀਤਾ ਜਾਣ ਲੱਗਾ ਹੈ ਕਿ ਬਚਪਨ ਵਿਚ ਸੁਣੀ ਮੇਮਣਾ ਲਈ ਜਾਂਦੇ ਬੱਚੇ ਵਾਲੀ ਕਹਾਣੀ ਯਾਦ ਆਉਂਦੀ ਹੈ, ਜਿਸ ਨੂੰ ਚਾਰ ਜਣਿਆਂ ਨੇ ਵਾਰੀ-ਵਾਰੀ ਇਹੋ ਕਿਹਾ ਕਿ ਉਸ ਕੋਲ ਮੇਮਣਾ ਨਹੀਂ, ਕੁੱਤਾ ਹੈ, ਤੇ ਉਹ ਮੇਮਣੇ ਨੂੰ ਕੁੱਤਾ ਸਮਝ ਕੇ ਸੁੱਟ ਗਿਆ ਸੀ। ਅਸੀਂ ਕਈ ਵਾਰੀ ਇਸ ਤਰ੍ਹਾਂ ਦੀ ਚੁਸਤ ਚਾਲ ਤੋਂ ਭੁਲੇਖਾ ਖਾਧਾ ਹੈ, ਸ਼ਾਇਦ ਅੱਗੋਂ ਵੀ ਖਾ ਸਕਦੇ ਹਾਂ, ਕਿਉਂਕਿ ਜਿਹੜੇ ਰਾਹ-ਦਿਖਾਵੇ ਬਣ ਸਕਦੇ ਹਨ, ਉਹ ਦਬਾਅ ਹੇਠ ਵੀ ਹਨ ਤੇ ਆਪੋ ਵਿਚ ਵੰਡੇ ਹੋਏ ਹੋਣ ਕਾਰਨ ਗੋਇਬਲਜ਼ ਨਾਲੋਂ ਵੱਧ ਬੋਲੇ ਜਾਂਦੇ ਝੂਠ ਦਾ ਇੱਕ-ਸੁਰ ਹੋ ਕੇ ਮੁਕਾਬਲਾ ਕਰਨ ਦੀ ਸਮਰੱਥਾ ਵੀ ਅਜੇ ਤੱਕ ਪੈਦਾ ਨਹੀਂ ਕਰ ਸਕੇ।
ਕਦੇ ਖੱਬੇ ਪੱਖੀ ਇਸ ਦੇਸ਼ ਵਿਚ ਇੱਕ ਵੱਡੀ ਸਿਆਸੀ ਤਾਕਤ ਹੁੰਦੇ ਸਨ। ਫਿਰ ਇਹ ਪੱਛੜ ਗਏ। ਆਖਰ ਨੂੰ ਇਹ ਦਿਨ ਆ ਗਏ, ਜਦੋਂ ਪਾਰਲੀਮੈਂਟ ਵਿਚ ਹਾਕਮ ਧਿਰ ਉਨ੍ਹਾਂ ਨੂੰ ਪ੍ਰੇਤ ਕਹਿਣ ਤੱਕ ਪਹੁੰਚ ਗਈ, ਪਰ ਇਹ ਦਿਨ ਆਉਣ ਵਿਚ ਕਿਸੇ ਵੀ ਹੋਰ ਤੋਂ ਵੱਧ ਯੋਗਦਾਨ ਖੱਬੇ ਪੱਖੀਆਂ ਦਾ ਆਪਣਾ ਹੈ। ਮਾਮੂਲੀ ਗੱਲਾਂ ਤੋਂ ਫੁੱਟ ਪੈ ਗਈ ਤਾਂ ਖੱਬੇ-ਪੱਖੀਏ ਆਪੋ ਵਿਚ ਇੱਕ ਦੂਜੇ ਨੂੰ ‘ਖੱਬੂ’ ਅਤੇ ‘ਸੱਜੂ’ ਆਖਣ ਲੱਗ ਪਏ। ਇੱਕ ਵਾਰ ਇਹ ਖੇਡ ਸ਼ੁਰੂ ਹੋਈ ਤਾਂ ‘ਸੋਧਵਾਦੀਏ’ ਅਤੇ ‘ਨਵ-ਸੋਧਵਾਦੀਏ’ ਸਮੇਤ ਬਹੁਤ ਸਾਰੇ ਸ਼ਬਦ ਇਨ੍ਹਾਂ ਖੱਬੇ ਪੱਖੀਆਂ ਨੇ ਪੰਜਾਬੀ ਭਾਸ਼ਾ ਨੂੰ ‘ਅਮੀਰ’ ਕਰਨ ਲਈ ਦੇ ਦਿੱਤੇ। ਸਾਂਝੇ ਦੁਸ਼ਮਣ ਸਰਮਾਏਦਾਰ ਨਾਲ ਲੜਨ ਦੀ ਥਾਂ ਆਪੋ ਵਿਚ ਇਸ ਤਰ੍ਹਾਂ ਦਾ ਆਢਾ ਲਾ ਲਿਆ ਕਿ ਕਈ ਸਾਲਾਂ ਤੱਕ ਇੱਕ ਦੂਸਰੇ ਦੇ ਨਾਂ ਨਾਲ ‘ਕਾਮਰੇਡ’ ਲਿਖਣ ਦੀ ਥਾਂ ਉਚੇਚ ਨਾਲ ‘ਸ੍ਰੀ’ ਲਿਖਿਆ ਜਾਂਦਾ ਰਿਹਾ ਸੀ। ਹੁਣ ‘ਭੱਜੀਆਂ ਬਾਹੀਂ’ ਗਲ਼ ਨੂੰ ਆ ਰਹੀਆਂ ਹਨ। ਸ਼ੁਕਰ ਕਰ ਸਕਦੇ ਹਾਂ ਕਿ ਖੱਬੇ ਪੱਖੀਆਂ ਦੀਆਂ ‘ਭੱਜੀਆਂ ਬਾਹੀਂ’ ਗਲ਼ ਨੂੰ ਆਉਣ ਲੱਗੀਆਂ ਹਨ, ਪਰ ਇਹ ਬਾਂਹਾਂ ਏਨੀ ਬੁਰੀ ਤਰ੍ਹਾਂ ਭੰਨਣ ਅਤੇ ਭੰਨਵਾਉਣ ਦੀ ਕੀ ਲੋੜ ਸੀ? ਮੁੜ ਕੇ ਮਿਲਣ ਵਿਚ ਵੀ ਬਹੁਤ ਦੇਰ ਕਰ ਦਿੱਤੀ ਗਈ ਹੈ।
ਇੱਕ ਗੱਲ ਮਸ਼ਹੂਰ ਹੈ ਕਿ ਪਿੱਛਲ-ਝਾਤ ਮਾਰਨ ਵਿਚ ਕਿਸੇ ਵੀ ਹੋਰ ਨਾਲੋਂ ਕਮਿਊਨਿਸਟ ਵੱਧ ਸਿਆਣੇ ਹੁੰਦੇ ਹਨ, ਪਰ ਇਸ ਕੰਮ ਵਿਚ ਵੀ ਆਪਣੀ ਗਲਤੀ ਨਹੀਂ ਮੰਨ ਹੁੰਦੀ, ਦੂਸਰੇ ਦੀ ਕੱਢੀ ਜਾਂਦੀ ਹੈ। ਜਦੋਂ ਇਮਾਨਦਾਰੀ ਨਾਲ ਇਹ ਵੇਖਣਾ ਹੋਵੇ ਕਿ ਅੱਜ ਵਾਲੇ ਹਾਲਾਤ ਨੂੰ ਕਮਿਊਨਿਸਟ ਕਿਉਂ ਪਹੁੰਚ ਗਏ ਤਾਂ ਫਿਰ ਪਿਛਲੇ ਜਲੌਅ ਵਾਲੇ ਦਿਨਾਂ ਦਾ ਲੇਖਾ-ਜੋਖਾ ਕਰਨ ਲਈ ਅੰਤਰਮੁਖੀ ਹੋਣ ਦੀ ਥਾਂ ਅੰਕੜਿਆਂ ਦੀ ਮਦਦ ਲੈਣੀ ਚਾਹੀਦੀ ਹੈ।
ਸਾਡੇ ਕੋਲ ਜਿਹੜੇ ਅੰਕੜੇ ਹਨ, ਜੋ ਝੁਠਲਾਏ ਨਹੀਂ ਜਾ ਸਕਦੇ, ਉਹ ਇਹ ਕਹਿੰਦੇ ਹਨ ਕਿ ਆਪਸ ਵਿਚ ਪਾਟ ਜਾਣ ਪਿੱਛੋਂ ਖੱਬੇ ਪੱਖੀਆਂ ਦਾ ਸਾਰਾ ਜ਼ੋਰ ਆਪੋ ਵਿਚ ਇੱਕ-ਦੂਸਰੇ ਦਾ ਰਾਹ ਰੋਕਣ ਉਤੇ ਲੱਗਣਾ ਸ਼ੁਰੂ ਹੋ ਗਿਆ ਸੀ। ਇਸ ਦੀਆਂ ਬਹੁਤ ਸਾਰੀਆਂ ਮਿਸਾਲਾਂ ਮੌਜੂਦ ਹਨ, ਜਿਨ੍ਹਾਂ ਵਿਚੋਂ ਕੁਝ ਇੱਕ ਦੀ ਚਰਚਾ ਕਰਨ ਲਈ ਇਹ ਛੋਟਾ ਜਿਹਾ ਬੰਦਾ ਆਗਿਆ ਚਾਹੇਗਾ।
ਆਜ਼ਾਦੀ ਮਿਲਣ ਮਗਰੋਂ ਨਿਜ਼ਾਮ ਹੈਦਰਾਬਾਦ ਦੇ ਖਿਲਾਫ ਸਭ ਤੋਂ ਸਖਤ ਅਤੇ ਕੁਰਬਾਨੀਆਂ ਭਰੀ ਲੜਾਈ ਕਮਿਊਨਿਸਟਾਂ ਨੇ ਲੜੀ ਅਤੇ ਤੇਲੰਗਾਨਾ ਦੇ ਸੰਘਰਸ਼ ਪਿੱਛੋਂ ਆਂਧਰਾ ਪ੍ਰਦੇਸ਼ ਵਿਚ ਬਹੁਤ ਤਕੜੀ ਰਾਜਸੀ ਤਾਕਤ ਬਣ ਕੇ ਉਭਰੇ। ਜਦੋਂ ਪਾਟਕ ਪੈ ਗਿਆ ਤਾਂ ਦੋਵਾਂ ਦਾ ਆਪਸੀ ਆਢਾ ਦੁਸ਼ਮਣੀ ਦੀ ਹੱਦ ਤੱਕ ਪਹੁੰਚ ਗਿਆ। ਸਾਲ 1962 ਦੀਆਂ ਵਿਧਾਨ ਸਭਾ ਚੋਣਾਂ ਵਿਚ ਉਥੇ ਸਾਂਝੀ ਪਾਰਟੀ ਦੀਆਂ 51 ਸੀਟਾਂ ਅਤੇ 19æ53 ਫੀਸਦੀ ਵੋਟਾਂ ਸਨ। ਪੰਜ ਸਾਲ ਬਾਅਦ ਦੋ ਥਾਂਈਂ ਪਾਟ ਗਏ ਹੋਣ ਕਰ ਕੇ ਇੱਕ ਧਿਰ ਦੀਆਂ ਮਸਾਂ ਗਿਆਰਾਂ ਸੀਟਾਂ ਤੇ 7æ78 ਫੀਸਦੀ ਵੋਟਾਂ ਤੇ ਦੂਸਰੀ ਦੀਆਂ ਨੌਂ ਸੀਟਾਂ ਅਤੇ 7æ61 ਫੀਸਦੀ ਵੋਟਾਂ ਰਹਿ ਗਈਆਂ ਸਨ। ਸੀਟਾਂ ਦੀ ਗੱਲ ਛੱਡ ਕੇ ਸਿਰਫ ਵੋਟਾਂ ਵੇਖੀਏ ਤਾਂ ਦੋਵਾਂ ਦੀਆਂ 19æ53 ਫੀਸਦੀ ਤੋਂ ਘੱਟ ਕੇ 15æ39 ਰਹਿ ਗਈਆਂ, ਪਰ ਇੱਕ ਪਾਰਟੀ ਇਸ ਗੱਲ ਲਈ ਹਿੱਕ ਥਾਪੜਦੀ ਰਹੀ ਕਿ ਸਾਡੀਆਂ 0æ17 ਫੀਸਦੀ ਵੋਟਾਂ ‘ਵੱਧ’ ਹਨ ਤੇ ਅਸੀਂ ਵੱਡੇ ਹਾਂ, ਦੂਸਰੀ ਇਹ ਕਹਿੰਦੀ ਰਹੀ ਕਿ ‘ਸਿਰਫ’ 0æ17 ਫੀਸਦੀ ਹੀ ਵੱਧ ਹਨ, ਸਾਥੋਂ ਬਹੁਤੇ ਅੱਗੇ ਨਹੀਂ ਜਾ ਸਕੇ। ਇਸ ਤੋਂ ਵੀ ਭੈੜੀ ਗੱਲ ਅਗਲੀ ਹੈ ਤੇ ਉਹ ਇਹ ਕਿ ਪੰਜ ਸਾਲ ਪਹਿਲਾਂ 51 ਸੀਟਾਂ ਜਿੱਤਣ ਵਾਲੇ ਖੱਬੇ ਪੱਖੀਆਂ ਨੇ 52 ਸੀਟਾਂ ਉਤੇ ਇੱਕ ਦੂਜੇ ਵਿਰੁੱਧ ਉਮੀਦਵਾਰ ਖੜੇ ਕਰ ਕੇ ਸਾਰੀ ਤਾਕਤ ਝੋਕੀ ਰੱਖੀ। ਉਦੋਂ ਆਪੋ ਵਿਚ ਭੇੜ ਭਿੜਨ ਵਾਲੇ ਖੱਬੇ ਪੱਖੀਏ ਉਸ ਤੋਂ ਬਾਅਦ ਕਮਜ਼ੋਰ ਪੈਂਦੇ ਗਏ ਤੇ ਅੱਜ ਇਹ ਹਾਲਤ ਹੈ ਕਿ ਉਸ ਰਾਜ ਅੰਦਰ ਆਪਣੇ ਬਲਬੂਤੇ ਕੋਈ ਸੀਟ ਜਿੱਤ ਸਕਣ ਦੀ ਸਮਰੱਥਾ ਦਾ ਦਾਅਵਾ ਕਰਨ ਲਈ ਦੋਵਾਂ ਨੂੰ ਸੌ ਵਾਰੀ ਸੋਚਣਾ ਪੈ ਜਾਂਦਾ ਹੈ।
ਦੂਸਰੀ ਮਿਸਾਲ ਉਸ ਕੇਰਲਾ ਦੀ ਹੈ, ਜਿੱਥੇ ਭਾਰਤ ਵਿਚ ਪਹਿਲੀ ਵਾਰੀ ਰਾਜ ਸਰਕਾਰ ਕਮਿਊਨਿਸਟਾਂ ਕੋਲ ਆਈ ਸੀ। ਉਥੇ 1960 ਵਿਚ ਚੋਣਾਂ ਹੋਈਆਂ ਤਾਂ ਸਾਂਝੀ ਲਹਿਰ ਦੀਆਂ 39æ14 ਫੀਸਦੀ ਵੋਟਾਂ ਸਨ, ਪਰ ਜਦੋਂ ਪੰਜ ਸਾਲ ਬਾਅਦ ਦੁਫਾੜ ਹੋਣ ਪਿੱਛੋਂ ਚੋਣ ਲੜੀ, ਇੱਕ ਧਿਰ ਦੀਆਂ ਮਸਾਂ 19æ87 ਫੀਸਦੀ ਤੇ ਦੂਸਰੀ ਧਿਰ ਦੀਆਂ 8æ30 ਫੀਸਦੀ ਰਹਿ ਜਾਣ ਕਾਰਨ ਕੁੱਲ 28æ17 ਫੀਸਦੀ ਹੋ ਗਈਆਂ ਸਨ। ਕਮਾਲ ਦੀ ਗੱਲ ਇਹ ਕਿ ਇਥੇ ਵੀ ਦੋਵਾਂ ਧਿਰਾਂ ਨੇ ਵਿਧਾਨ ਸਭਾ ਦੀਆਂ 133 ਵਿਚੋਂ 45 ਸੀਟਾਂ ਉਤੇ ਇੱਕ-ਦੂਜੇ ਵਿਰੁੱਧ ਉਮੀਦਵਾਰ ਖੜੇ ਕੀਤੇ ਸਨ। ਇਸ ਦਾ ਚੰਗਾ ਸਿੱਟਾ ਕਦੇ ਹੋਣਾ ਵੀ ਨਹੀਂ ਸੀ ਤੇ ਹੋਇਆ ਵੀ ਨਹੀਂ ਸੀ। ਇਹ ਖੱਜਲ-ਖੁਆਰੀ ਦੀ ਸ਼ੁਰੂਆਤ ਸੀ। ਇਸੇ ਤਰ੍ਹਾਂ ਬਿਹਾਰ ਵਿਚ ਪਾਟਕ ਪੈਣ ਪਿਛੋਂ ਹੋਈਆਂ ਅਸੈਂਬਲੀ ਚੋਣਾਂ ਵਿਚ 13 ਸੀਟਾਂ ਉਤੇ ਆਪਸੀ ਮੁਕਾਬਲਾ ਹੋ ਜਾਣ ਨਾਲ ਬਿਕਰਮਗੰਜ ਵਿਚ ਕਾਂਗਰਸੀ ਉਮੀਦਵਾਰ 11870 ਵੋਟਾਂ ਲੈ ਕੇ ਜਿੱਤ ਗਿਆ, ਜਦ ਕਿ ਇੱਕ ਖੱਬੇ ਪੱਖੀ ਧਿਰ ਦੇ ਉਮੀਦਵਾਰ ਦੀਆਂ 11415 ਵੋਟਾਂ ਸਨ ਅਤੇ ਉਹ ਸਿਰਫ 455 ਵੋਟਾਂ ਨਾਲ ਇਸ ਕਰ ਕੇ ਹਾਰ ਗਿਆ ਕਿ ਦੂਸਰੇ ਖੱਬੇ ਪੱਖੀ ਉਮੀਦਵਾਰ ਨੇ ਉਸ ਹਲਕੇ ਵਿਚੋਂ 3913 ਵੋਟਾਂ ਖਿੱਚ ਕੇ ਖਰਾਬ ਕਰ ਦਿੱਤੀਆਂ ਸਨ।
ਸਾਡੇ ਪੰਜਾਬ ਵਿਚ ਵੀ ਕਈ ਵਾਰੀ ਇਹੋ ਕੁਝ ਹੋਇਆ। ਪਾਰਟੀ ਵਿਚ ਪਾਟਕ ਪੈਣ ਪਿੱਛੋਂ ਅਟਾਰੀ, ਨੰਗਲ ਤੇ ਭਦੌੜ ਦੇ ਤਿੰਨ ਚੋਣ ਹਲਕਿਆਂ ਵਿਚ ਇੱਕ-ਦੂਸਰੇ ਵਿਰੁੱਧ ਉਮੀਦਵਾਰ ਖੜੇ ਕੀਤੇ ਤੇ ਅਟਾਰੀ ਵਾਲੀ ਸੀਟ ਤੋਂ 15,844 ਵੋਟਾਂ ਵਾਲਾ ਕਾਂਗਰਸੀ ਉਮੀਦਵਾਰ ਸਿਰਫ ਇਨ੍ਹਾਂ ਦੇ ਪਾਟਕ ਨੇ ਜਿਤਾ ਦਿੱਤਾ ਸੀ। ਇੱਕ ਖੱਬੀ ਪਾਰਟੀ ਦੇ ਉਮੀਦਵਾਰ ਨੂੰ 11624 ਵੋਟਾਂ ਮਿਲੀਆਂ ਤੇ ਦੂਸਰੀ ਦਾ ਉਮੀਦਵਾਰ ਉਥੇ 7528 ਵੋਟਾਂ ਲੈ ਗਿਆ ਸੀ। ਇਹ ਵੋਟਾਂ ਉਥੇ ਖੱਬੇ ਪੱਖੀਆਂ ਨੇ ਇੱਕੋ ਥਾਂ ਪਾਈਆਂ ਹੁੰਦੀਆਂ ਤਾਂ ਨਤੀਜਾ ਹੋਰ ਹੋਣਾ ਸੀ। ਹਾਲੇ ਬਹੁਤਾ ਸਮਾਂ ਨਹੀਂ ਹੋਇਆ, ਜਦੋਂ ਨੂਰਮਹਿਲ ਵਿਚ ਦੋ ਸਕੇ ਭਰਾਵਾਂ ਨੂੰ ਦੋ ਖੱਬੀਆਂ ਧਿਰਾਂ ਨੇ ਆਪੋ ਵਿਚ ਮੁਕਾਬਲੇ ਲਈ ਲਿਆ ਕੇ ਤਮਾਸ਼ਾ ਬਣਾ ਦਿੱਤਾ ਸੀ। ਦੋਵੇਂ ਭਰਾ ਨਾਮਣੇ ਵਾਲੇ ਮਰਹੂਮ ਆਗੂ ਦੇ ਪੁੱਤਰ ਸਨ, ਆਪਣੇ ਪਿਤਾ ਦੀ ਸ਼ਹੀਦੀ ਦਾ ਦੋਵਾਂ ਨੂੰ ਮਾਣ ਸੀ, ਪਰ ਚੋਣ ਵਿਚ ਇੱਕ ਦੂਸਰੇ ਦੇ ਮੋਢੇ ਲਾਉਣ ਲਈ ਸਾਰਾ ਜ਼ੋਰ ਲਾਈ ਗਏ ਸਨ।
ਹੁਣ ਇੱਕ ਵਕਤ ਹੈ, ਜਦੋਂ ਖੱਬੇਪਖੀਆਂ ਨੂੰ ਮੁੜ ਸੋਚਣਾ ਪਵੇਗਾ। ਸਰੀਰ ਅੰਦਰ ਜਾਨ ਨਾ ਹੋਵੇ ਤਾਂ ਖੋਖਲੇ ਕਲਬੂਤ ਤੋਂ ਇਨਕਲਾਬ ਦੇ ਨਾਅਰੇ ਲਾਉਣ ਵੇਲੇ ਬਾਂਹ ਨੂੰ ਕੜੱਲ ਪੈਣ ਦਾ ਡਰ ਹੁੰਦਾ ਹੈ। ਜਿਸਮ ਵਿਚ ਜਾਨ ਏਕੇ ਨਾਲ ਆਉਂਦੀ ਹੈ। ਪ੍ਰੋਫੈਸਰ ਮੋਹਣ ਸਿੰਘ ਨੇ ਲਿਖਿਆ ਸੀ; ‘ਪਾਟੀ ਕਿਰਤ ਗੁਲਾਮੀ ਕਰਦੀ, ਜੁੜੀ ਜਿੱਤੇ ਬ੍ਰਹਿਮੰਡ ਓ ਯਾਰ’। ਇਹ ਸਿਧਾਂਤ ਸਿਰਫ ਕਿਰਤੀਆਂ ਲਈ ਨਹੀਂ, ਕਿਰਤ ਦੇ ਮੁੜ੍ਹਕੇ ਦਾ ਮੋਹ ਰੱਖਣ ਵਾਲਿਆਂ ਲਈ ਵੀ ਲਾਗੂ ਹੁੰਦਾ ਹੈ। ਅਸੀਂ ਇਹ ਸਭ ਲਿਖਣ ਦੀ ਗੁਸਤਾਖੀ ਸਿਰ ਨਾਲ ਸੋਚਣ ਵਾਲਿਆਂ ਲਈ ਕੀਤੀ ਹੈ, ਉਨ੍ਹਾਂ ਵਾਸਤੇ ਨਹੀਂ, ਜਿਹੜੇ ਚੌਥਾ ਪੈਗ ਲਾ ਕੇ ਅੱਧੀ ਰਾਤ ਇਨਕਲਾਬ ਦਾ ਨੰਬਰ ਡਾਇਲ ਕਰਨ ਲੱਗਦੇ ਹਨ। ਅਸਾਂ ਸ਼ੁਰੂ ਵਿਚ ਕਿਹਾ ਸੀ ਕਿ ਲਿਖਤ ਦੀ ਭਾਵਨਾ ਸਮਝਣੀ ਚਾਹੀਦੀ ਹੈ ਤੇ ਇਹੋ ਗੱਲ ਫਿਰ ਕਹਿਣਾ ਚਾਹੁੰਦੇ ਹਾਂ ਕਿ ਲਿਖਤ ਦੇ ਲਫਜ਼ਾਂ ਨੂੰ ਨਹੀਂ, ਲਿਖਤ ਦੇ ਵਕਤ ਵਿਚੋਂ ਕੂਕਾਂ ਮਾਰਦੀ ਭਾਵਨਾ ਨੂੰ ਸਮਝਣ ਦੀ ਲੋੜ ਹੈ।