ਭਗਵੀਂ ਸਹਿਣਸ਼ੀਲਤਾ!

ਹਿੰਦੂ ਰਾਸ਼ਟਰ ਦੇ ਦਾਈਏ ਬੰਨ੍ਹਣ ਵਾਲੀ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਮੁਲਕ ਦੀ ਸਿਆਸਤ ਵਿਚ ਤਿੱਖਾ ਮੋੜ ਆਇਆ ਹੈ। ਇਸ ਪਾਰਟੀ ਅਤੇ ਇਸ ਦੇ ਜੋਟੀਦਾਰਾਂ ਦੇ ਸ਼ਿਸ਼ਕੇਰੇ ਹਿੰਦੂਵਾਦੀ, ਕਿਸ ਤਰ੍ਹਾਂ ਲੋਕਾਂ ਦਾ ਜਿਉਣਾ ਔਖਾ ਕਰ ਰਹੇ ਹਨ, ਉਸ ਬਾਰੇ ਖੁਲਾਸਾ ਪ੍ਰਸਿੱਧ ਲੇਖਕ ਗੁਰਬਚਨ ਸਿੰਘ ਭੁੱਲਰ ਨੇ ਆਪਣੇ ਲੇਖ ਵਿਚ ਕੀਤਾ ਹੈ। ਪ੍ਰੋæ ਪ੍ਰੀਤਮ ਸਿੰਘ ਨੇ ਹਿੰਦੂਵਾਦੀਆਂ ਦੇ ਆਪ-ਹੁਦਰੇਪਣ ਦੀ ਨਿਸ਼ਾਨਦੇਹੀ ਕਰਦਿਆਂ ਇਸ ਦੇ ਪਤਨ ਦੀ ਪੇਸ਼ੀਨਗੋਈ ਕੀਤੀ ਹੈ। -ਸੰਪਾਦਕ

ਗੁਰਬਚਨ ਸਿੰਘ ਭੁੱਲਰ
ਫੋਨ: 0091-1142502364
ਸਹਿਣਸ਼ੀਲਤਾ-ਅਸਹਿਣਸ਼ੀਲਤਾ ਦਾ ਮੁੱਦਾ ਘੱਟੋ-ਘੱਟ ਇਸ ਸਰਕਾਰ ਦੀ ਅਉਧ ਵਿਚ ਮੱਠਾ ਪੈਣ ਵਾਲਾ ਨਹੀਂ। ਕਾਰਨ ਇਹ ਹੈ ਕਿ ਹਾਕਮ ਧਿਰ ਅਸਹਿਣਸ਼ੀਲਤਾ ਛੱਡਣ ਦੀ ਥਾਂ ਵਿਰੋਧੀਆਂ ਨੂੰ ਇਸ ਤੋਹਮਤ ਨਾਲ ਚੁੱਪ ਕਰਾਉਣਾ ਚਾਹੁੰਦੀ ਹੈ ਕਿ ਉਹ ਮਹਾਨ ਭਾਰਤ ਨੂੰ ਅਸਹਿਣਸ਼ੀਲ ਕਹਿ ਰਹੇ ਹਨ ਜੋ “ਨਾ ਕਦੀ ਅਸਹਿਣਸ਼ੀਲ ਸੀ, ਨਾ ਹੁਣ ਹੈ ਤੇ ਨਾ ਭਵਿੱਖ ਵਿਚ ਕਦੀ ਹੋ ਹੀ ਸਕਦਾ ਹੈ!” ਦੂਜੇ ਪਾਸੇ, ਸਾਡੇ ਦੇਸ਼ ਤੇ ਸਮਾਜ ਦੀ ਵਰਤਮਾਨ ਅਸਲੀਅਤ ਇਹ ਹੈ ਕਿ ਮਾਨਵੀ ਸੁਭਾਅ ਤੇ ਸੋਚ ਰੱਖਣ ਵਾਲੇ ਮਨੁੱਖ ਵਾਸਤੇ ਅਖਬਾਰ ਪੜ੍ਹਨਾ ਤੇ ਟੀæਵੀæ ਦੇਖਣਾ ਬੜੀ ਬੇਚੈਨੀ ਤੇ ਪਰੇਸ਼ਾਨੀ ਦਾ ਕਾਰਨ ਬਣ ਜਾਂਦਾ ਹੈ। ਮੇਰੇ ਸਾਹਮਣੇ ਅੰਗਰੇਜ਼ੀ ਅਖਬਾਰ ਪਿਆ ਹੈ। ਕਿਸੇ ਵੀ ਅਖਬਾਰ ਲਈ, ਭਾਵੇਂ ਉਹਦਾ ਪੱਤਰਪ੍ਰੇਰਕੀ ਤਾਣਾਪੇਟਾ ਕਿੰਨਾ ਵੀ ਫੈਲਿਆ ਹੋਇਆ ਹੋਵੇ, ਇੰਨੇ ਵੱਡੇ ਦੇਸ਼ ਦੀ ਪੂਰੀ ਤਾਂ ਕੀ, ਅਧੂਰੀ ਤਸਵੀਰ ਦੇਣਾ ਵੀ ਸੰਭਵ ਨਹੀਂ। ਤਾਂ ਵੀ ਇਕ ਦਿਨ ਦੇ ਇਸ ਅਖਬਾਰ ਦੀਆਂ ਖਬਰਾਂ ਦੇਗ ਵਿਚੋਂ ਕੁਝ ਦਾਣੇ ਤਾਂ ਹਨ ਹੀ ਜੋ ਪੂਰੀ ਦੇਗ ਦੇ ਕੱਚ-ਸੱਚ ਦੀ ਥਾਹ ਪੁਆ ਸਕਦੇ ਹਨ।
ਪਹਿਲੇ ਪੰਨੇ ਉਤੇ ਹੀ ਲੰਮੀ-ਚੌੜੀ ਖਬਰ ਹੈ ਜਿਸ ਦਾ ਸਾਰ ਹੈ: ਮਹਾਰਾਸ਼ਟਰ ਦੇ ਰੇਨਾਪੁਰ ਥਾਣੇ ਦੇ ਏæਐਸ਼ਆਈæ ਯੂਨਸ ਸ਼ੇਖ ਅਤੇ ਸਿਪਾਹੀ ਅਵਾਸਕਰ ਦੀ ਡਿਊਟੀ, ਫ਼ਿਰਕੂ ਪੱਖੋਂ ਸੰਵੇਦਨਸ਼ੀਲ ਮੰਨੇ ਜਾਂਦੇ ਪਾਨਗਾਉਂ ਇਲਾਕੇ ਦੇ ਅੰਬੇਦਕਰ ਚੌਕ ਵਿਚ ਲਾਈ ਜਾਂਦੀ ਹੈ। ‘ਸ਼ਿਵਾਜੀ ਜੈਅੰਤੀ ਮੰਡਲ’ ਦੇ ਲੋਕ ਉਸ ਚੌਕ ਵਿਚ ਭਗਵਾ ਝੰਡਾ ਝੁਲਾ ਕੇ ਸ਼ਿਵਾਜੀ ਜੈਅੰਤੀ ਮਨਾਉਣਾ ਚਾਹੁੰਦੇ ਹਨ। ਸ਼ੇਖ ਤੇ ਅਵਾਸਕਰ ਨੂੰ ਅਜਿਹਾ ਹੋਣੋਂ ਰੋਕਣ ਦਾ ਹੁਕਮ ਦਿੱਤਾ ਜਾਂਦਾ ਹੈ। ਸ਼ੇਖ ਉਨ੍ਹਾਂ ਨੂੰ ਸਮਾਗਮ ਵਾਸਤੇ ਕੋਈ ਹੋਰ ਢੁੱਕਵੀਂ ਥਾਂ ਦੇਣ ਦਾ ਵਾਅਦਾ ਵੀ ਕਰਦਾ ਹੈ ਜਿਸ ਨੂੰ ਉਹ ਰੱਦ ਕਰ ਦਿੰਦੇ ਹਨ। ਹੁਕਮ ਮੰਨਣੋਂ ਇਨਕਾਰੀ ਭੀੜ ਲਗਾਤਾਰ ਵਧਦੀ ਦੇਖ ਕੇ ਉਹ ਸਵੇਰ ਦੇ ਸਾਢੇ ਅੱਠ ਵਜੇ ਕੰਟਰੋਲ ਰੂਮ ਤੇ ਥਾਣੇ ਨੂੰ ਫੋਨ ਕਰ ਕੇ ਹੋਰ ਸਿਪਾਹੀ ਮੰਗਦਾ ਹੈ। ਨਿਹਫਲ ਉਡੀਕਣ ਮਗਰੋਂ ਪਰੇਸ਼ਾਨ ਹੋ ਕੇ ਉਹ ਦੁਬਾਰਾ ਫੋਨ ਕਰਦਾ ਹੈ। ਇੰਨੇ ਨੂੰ ਝੰਡਾ ਝੁਲਾਉਣੋਂ ਰੋਕਣ ਬਦਲੇ ਤੇ ਮਦਦ ਲਈ ਫੋਨ ਕਰਦਾ ਦੇਖ ਕੇ ਭੀੜ 38 ਸਾਲ ਦੀ ਬੇਦਾਗ਼ ਸੇਵਾ ਵਾਲੇ ਵਰਦੀਧਾਰੀ ਸ਼ੇਖ ਨੂੰ ਕੁੱਟਣਾ ਤੇ ਜ਼ਲੀਲ ਕਰਨਾ ਸ਼ੁਰੂ ਕਰ ਦਿੰਦੀ ਹੈ ਪਰ ਅਵਾਸਕਰ ਨੂੰ ਕੁਝ ਨਹੀਂ ਕਹਿੰਦੀ। ਜੀਅ ਭਰ ਕੇ ਕੁੱਟ ਲੈਣ ਮਗਰੋਂ ਗੁੰਡੇ ਸ਼ੇਖ ਨੂੰ ਜ਼ਖਮੀ ਹਾਲਤ ਵਿਚ ਭਗਵਾ ਝੰਡਾ ਚੁੱਕ ਕੇ ਤੁਰਨ ਵਾਸਤੇ ਅਤੇ “ਜੈ ਭਵਾਨੀ, ਜੈ ਸ਼ਿਵਾਜੀ” ਦੇ ਨਾਅਰੇ ਲਾਉਣ ਵਾਸਤੇ ਮਜਬੂਰ ਕਰਦਿਆਂ ਉਹਦਾ ਜਲੂਸ ਕੱਢਦੇ ਹਨ ਤੇ ਅੰਬੇਦਕਰ ਚੌਕ ਵਿਚ ਪਹੁੰਚ ਕੇ ਉਸੇ ਹੱਥੋਂ ਝੰਡਾ ਝੁਲਵਾਉਂਦੇ ਹਨ। ਦਸ ਵੱਜ ਕੇ ਦਸ ਮਿੰਟ ਉਤੇ ਹੋਰ ਸਿਪਾਹੀ ਪਹੁੰਚਦੇ ਹਨ ਤਾਂ ਇਹ ਸਾਰਾ ਕੁਝ ਹੋ ਚੁੱਕਿਆ ਹੁੰਦਾ ਹੈ। ਲਾਤੂਰ ਦੇ ਸਿਵਲ ਹਸਪਤਾਲ ਵਿਚ ਪੱਟੀਆਂ ਵਿਚ ਲਪੇਟਿਆ ਪਿਆ ਸ਼ੇਖ ਪੁੱਛਦਾ ਹੈ, “ਆਖਰ ਮੇਰਾ ਕਸੂਰ ਕੀ ਸੀ? ਮੈਂ ਤਾਂ ਆਪਣੇ ਅਫ਼ਸਰ ਦੀ ਲਾਈ ਡਿਊਟੀ ਨਿਭਾ ਰਿਹਾ ਸੀ!”
ਦੂਜੀ ਖਬਰ: ਦਿੱਲੀ ਦੀ ਅਦਾਲਤ ਵਿਚ ਦਰਜਨਾਂ ਪੁਲਸੀਆਂ ਦੀ ਹਾਜ਼ਰੀ ਵਿਚ ਵਕੀਲਾਂ, ਵਿਦਿਆਰਥੀਆਂ ਤੇ ਪ੍ਰੋਫ਼ੈਸਰਾਂ ਨੂੰ, ਖਾਸ ਕਰ ਕੇ ਪੁਲਿਸ ਦੇ ਹਿਰਾਸਤੀਏ ਵਿਦਿਆਰਥੀ ਆਗੂ ਕਨ੍ਹਈਆ ਨੂੰ ਬੁਰੀ ਤਰ੍ਹਾਂ ਕੁੱਟਣ ਵਾਲੇ ਭਾਜਪਾ ਪੱਖੀ ਤਿੰਨ ਵਕੀਲ ਸਟਿੰਗ ਓਪਰੇਸ਼ਨ ਵਿਚ ਆਪਣੀ ਕਰਤੂਤ ਬਾਰੇ ਖੁੱਲ੍ਹ ਕੇ ਦੱਸਦੇ ਹਨ: “ਜਦੋਂ ਅਸੀਂ ਕੁੱਟਮਾਰ ਕਰ ਰਹੇ ਸੀ, ਸਾਨੂੰ ਹਲਾਸ਼ੇਰੀ ਦਿੰਦੇ ਹੋਏ ਪੁਲਸੀਏ ਆਖ ਰਹੇ ਸਨ ਕਿ ਵਰਦੀ ਕਾਰਨ ਅਸੀਂ ਤੁਹਾਡਾ ਸਾਥ ਨਹੀਂ ਦੇ ਸਕਦੇ।” ਇਕ ਵਕੀਲ ਦਾ ਕਹਿਣਾ ਸੀ, “ਅਗਲੀ ਪੇਸ਼ੀ ਸਮੇਂ ਮੈਂ ਪਟਰੌਲ ਬੰਬ ਲੈ ਕੇ ਆਵਾਂਗਾ ਤੇ ਗ੍ਰਿਫ਼ਤਾਰ ਹੋ ਕੇ ਕਨ੍ਹਈਆ ਨੂੰ ਜੇਲ੍ਹ ਵਿਚ ਕੁੱਟਾਂਗਾ।” ਟੀæਵੀæ ਚੈਨਲਾਂ ਦੀਆਂ ਲਗਾਤਾਰ ਖਬਰਾਂ ਤੇ ਇਸ ਇਕਬਾਲ ਮਗਰੋਂ ਵੀ ਦਿੱਲੀ ਪੁਲਿਸ ਕਮਿਸ਼ਨਰ ਦਾ ਕਹਿਣਾ ਹੈ ਕਿ ਕਾਰਵਾਈ ਵਾਸਤੇ ਇਹ ਕੋਈ ਪੁਖਤਾ ਸਬੂਤ ਨਹੀਂ ਹਨ।
ਤੀਜੀ ਖਬਰ: ਬੀæਜੇæਪੀæ ਦੇ ਮਿਸਾਲੀ ਮੁੱਖ ਮੰਤਰੀ ਰਮਨ ਸਿੰਘ ਦੇ ਛੱਤੀਸਗੜ੍ਹ ਦੇ ਬੇਵੱਸ ਤੇ ਬੇਆਸ ਆਦਿਵਾਸੀਆਂ ਦੇ ਭਲੇ ਲਈ ਕੰਮ ਕਰਨ ਵਾਲੀ ਬੇਗਰਜ਼ ਸਮਾਜ ਸੇਵਿਕਾ ਸੋਨੀ ਸੋਰੀ ਦੇ ਚਿਹਰੇ ਉਤੇ ਦਾਂਤੇਵਾੜਾ ਦੇ ਇਲਾਕੇ ਵਿਚ ਦੋ ਮੋਟਰਸਾਈਕਲ ਸਵਾਰ ਨਕਾਬਪੋਸ਼ ਗੁੰਡਿਆਂ ਨੇ ਕੋਈ ਤੇਜ਼ਾਬੀ ਚੀਜ਼ ਪਾ ਦਿੱਤੀ। ਕੁਝ ਸਮਾਂ ਪਹਿਲਾਂ ਸੋਰੀ ਨੇ ਤਿੰਨ ਮਾਮਲਿਆਂ ਵਿਚ ਆਦਿਵਾਸੀ ਕੁੜੀਆਂ ਦੀ ਸਮੂਹਕ ਬੇਪਤੀ ਦੇ ਅਪਰਾਧੀਆਂ ਵਿਰੁਧ ਮੁਕੱਦਮੇ ਦਰਜ ਕਰਵਾਏ ਸਨ। ਪੁਲਿਸ ਨੂੰ ਕਿਸੇ ਕਾਰਵਾਈ ਦੀ ਲੋੜ ਮਹਿਸੂਸ ਨਹੀਂ ਸੀ ਹੋਈ। ਸੋਰੀ ਨੇ ਖੁੱਲ੍ਹੇ ਫਿਰਦੇ ਗੁੰਡਿਆਂ ਤੋਂ ਲਗਾਤਾਰ ਮਿਲਦੀਆਂ ਧਮਕੀਆਂ ਦੀ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਤੇ ਸੁਰੱਖਿਆ ਦੀ ਮੰਗ ਵੀ ਕੀਤੀ। ਪੁਲਿਸ ਨੇ ਇਨ੍ਹਾਂ ਗੱਲਾਂ ਵੱਲ ਧਿਆਨ ਦੇਣ ਦੀ ਵੀ ਲੋੜ ਨਹੀਂ ਸਮਝੀ, ਕਿਉਂਕਿ ਪੁਲਿਸ ਤਾਂ ਆਪ ਲੰਮੇ ਸਮੇਂ ਤੋਂ ਉਸ ਉਤੇ ਨਕਸਲੀ ਹੋਣ ਦਾ ਠੱਪਾ ਲਾ ਕੇ ਉਹਨੂੰ ਤੰਗ ਤੇ ਜ਼ਲੀਲ ਕਰਦੀ ਰਹਿੰਦੀ ਹੈ। ਚਿਹਰੇ ਦੇ ਜ਼ਖਮਾਂ ਦੀ ਗੰਭੀਰਤਾ ਨੂੰ ਦੇਖਦਿਆਂ ਉਹਨੂੰ ਦਿੱਲੀ ਲਿਆ ਕੇ ਇੰਦਰਪ੍ਰਸਥ ਅਪੋਲੋ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਚੌਥੀ ਖਬਰ: ‘ਭਗੌੜੇ’ ਉਮਰ ਖਾਲਿਦ ਨੇ, ਜੋ ਕਾਰਪੋਰੇਟ ਮੀਡੀਆ ਤੇ ਸੰਘ ਪਰਿਵਾਰ ਅਨੁਸਾਰ ਭਾਰਤ ਦਾ ਸਭ ਤੋਂ ਵੱਡਾ ਆਤੰਕਵਾਦੀ ਤੇ ਦੇਸ਼ ਧਰੋਹੀ ਹੈ, ਜਵਾਹਰ ਲਾਲ ਯੂਨੀਵਰਸਿਟੀ ਵਿਚ ਸਾਹਮਣੇ ਆ ਕੇ ਵਿਦਿਆਰਥੀਆਂ ਨੂੰ ਭਾਸ਼ਨ ਦਿੱਤਾ। ਉਹ ਹੋਰ ਗੱਲਾਂ ਤੋਂ ਇਲਾਵਾ ਕਹਿੰਦਾ ਹੈ, “ਸੱਚ ਦੱਸਾਂ, ਮੈਨੂੰ ਆਪਣੀ ਬਹੁਤੀ ਚਿੰਤਾ ਨਹੀਂ ਸੀ, ਕਿਉਂਕਿ ਮੈਂ ਜਾਣਦਾ ਸੀ ਤੇ ਮੇਰਾ ਪੱਕਾ ਭਰੋਸਾ ਸੀ ਕਿ ਤੁਸੀਂ ਸਾਰੇ ਹਜ਼ਾਰਾਂ ਦੀ ਗਿਣਤੀ ਵਿਚ ਮੇਰੀ ਹਮਾਇਤ ਵਿਚ ਨਿਤਰੋਗੇ; ਪਰ ਜਦੋਂ ਮੈਂ ਆਪਣੀ ਭੈਣ ਤੇ ਆਪਣੇ ਪਿਤਾ ਦੇ ਬਿਆਨ ਦੇਖੇ, ਮੈਨੂੰ ਫਿਕਰ ਹੋਇਆ, ਮੈਨੂੰ ਡਰ ਲੱਗਣ ਲੱਗਿਆ। ਇਨ੍ਹਾਂ ਲੋਕਾਂ ਨੇ, ਇਹ ਜੋ ਜਵਾਹਰ ਲਾਲ ਯੂਨੀਵਰਸਿਟੀ ਨੂੰ ‘ਦੇਸ਼ ਧਰੋਹੀ’ ਆਖਦੇ ਹਨ, ਸੋਸ਼ਲ ਮੀਡੀਆ ਵਿਚ ਭਾਂਤ ਭਾਂਤ ਦੀਆਂ ਗੱਲਾਂ ਲਿਖਣੀਆਂ ਤੇ ਇਹ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਉਹ ਉਨ੍ਹਾਂ ਨਾਲ ਕੀ ਕਰਨਗੇ। ਮੇਰੀ ਇਕ ਭੈਣ ਨੂੰ ਕਿਹਾ ਗਿਆ ਕਿ ਉਹਦੇ ਨਾਲ ਬਲਾਤਕਾਰ ਕੀਤਾ ਜਾਵੇਗਾ, ਦੂਜੀ ਨੂੰ ਕਿਹਾ ਗਿਆ ਕਿ ਉਹਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਉਸ ਮੌਕੇ ਮੈਨੂੰ ਕੰਧਾਮਲ ਵਿਚ ਬਜਰੰਗ-ਦਲੀਆਂ ਦਾ ਇਕ ਈਸਾਈ ਨਨ ਨਾਲ ਬਲਾਤਕਾਰ ਕਰਦਿਆਂ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਲਾਉਣਾ ਚੇਤੇ ਆਇਆ। ਮੈਨੂੰ ਸਾਥੀ ਕਨ੍ਹਈਆ ਦਾ 11 ਫ਼ਰਵਰੀ ਦਾ ਭਾਸ਼ਨ ਯਾਦ ਆਉਂਦਾ ਹੈ, ‘ਜੇ ਤੁਹਾਡੀ ਭਾਰਤ ਮਾਤਾ ਇਹ ਹੈ ਤਾਂ ਇਹ ਸਾਡੀ ਭਾਰਤ ਮਾਤਾ ਨਹੀਂ ਹੈ! ਤੇ ਸਾਨੂੰ ਇਹ ਕਹਿੰਦਿਆਂ ਕੋਈ ਸ਼ਰਮ ਨਹੀਂ!’æææ ਇਕ ਪਲ ਮੈਂ ਇਕ ਗੱਲ ਆਪਣੀ ਵੀ ਕਰ ਲਵਾਂ। ਪਿਛਲੇ ਸੱਤ ਸਾਲਾਂ ਵਿਚ ਜਦੋਂ ਤੋਂ ਮੈਂ ਇਸ ਕੈਂਪਸ ਵਿਚ ਰਾਜਨੀਤੀ ਕਰਦਾ ਆਇਆ ਹਾਂ, ਮੈਂ ਕਦੇ ਸੋਚਿਆ ਤੱਕ ਨਹੀਂ ਕਿ ਮੈਂ ਮੁਸਲਮਾਨ ਹਾਂ। ਮੈਂ ਕਦੇ ਮੁਸਲਮਾਨ ਵਜੋਂ ਦਿਸਣਾ ਵੀ ਨਹੀਂ ਚਾਹਿਆ। ਤੇ ਮੈਂ ਹਮੇਸ਼ਾ ਹੀ ਇਹ ਮਹਿਸੂਸ ਕੀਤਾ ਹੈ ਕਿ ਅੱਜ ਸਮਾਜ ਵਿਚ ਸਿਰਫ਼ ਮੁਸਲਮਾਨ ਹੀ ਮਜ਼ਲੂਮ ਨਹੀਂ, ਸਗੋਂ ਮਜ਼ਲੂਮ ਭਾਈਚਾਰੇ ਕਈ ਹਨ ਜਿਵੇਂ ਆਦਿਵਾਸੀ ਨੇ, ਦਲਿਤ ਨੇæææ। ਪਿਛਲੇ ਸੱਤ ਸਾਲਾਂ ਵਿਚ ਮੈਨੂੰ ਹੁਣ ਪਹਿਲੀ ਵਾਰ ਅਹਿਸਾਸ ਹੋਇਆ ਹੈ ਕਿ ਮੈਂ ਮੁਸਲਮਾਨ ਹਾਂ ਤੇ ਇਹ ਪਿਛਲੇ ਦਸ ਦਿਨਾਂ ਵਿਚ ਹੋਇਆ ਹੈ। ਹਮਰਾਹੀਓ, ਘਬਰਾਉਣ ਦੀ ਲੋੜ ਨਹੀਂ। ਇਨ੍ਹਾਂ ਕੋਲ ਸੰਸਦ ਦੀ ਬਹੁਗਿਣਤੀ, ਮੀਡੀਆ, ਸਰਕਾਰੀ ਮਸ਼ੀਨਰੀ ਤੇ ਪੁਲਿਸ; ਸਭ ਕੁਝ ਹੋ ਸਕਦਾ ਹੈ, ਪਰ ਇਹ ਬੁਜ਼ਦਿਲ ਹਨ। ਇਹ ਸਾਥੋਂ ਡਰਦੇ ਹਨ, ਇਹ ਸਾਡੀਆਂ ਜਦੋਜਹਿਦਾਂ ਤੋਂ ਡਰਦੇ ਹਨ। ਇਹ ਸਾਥੋਂ ਇਸ ਲਈ ਡਰਦੇ ਹਨ ਕਿਉਂਕਿ ਅਸੀਂ ਸੋਚ ਸਕਦੇ ਹਾਂ! ਤੇ ਅੱਜ ਇਸ ਦੇਸ਼ ਵਿਚ ਜਿਸ ਪਲ ਤੁਸੀਂ ਸੋਚਣਾ ਸ਼ੁਰੂ ਕਰਦੇ ਹੋ, ਉਸੇ ਪਲ ਤੁਸੀਂ ‘ਦੇਸ਼ ਧਰੋਹੀ’ ਬਣ ਜਾਂਦੇ ਹੋ!”
ਪੰਜਵੀਂ ਖਬਰ: ਕੇਂਦਰੀ ਸਭਿਆਚਾਰ ਮੰਤਰਾਲੇ ਅਧੀਨ ਚਲਦੀ ਕਲਕੱਤੇ ਦੀ ਸੰਸਥਾ ਵਿਕਟੋਰੀਆ ਮੈਮੋਰੀਅਲ ਨੇ ਉਥੇ ਲੱਗਣ ਵਾਲੀ ਪਾਕਿਸਤਾਨੀ ਕਲਾਕਾਰ ਸ਼ਾਹਿਦ ਰੱਸਮ ਦੀ ਨੁਮਾਇਸ਼ ‘ਗ਼ਾਲਿਬ ਤੇ ਗੁਲਜ਼ਾਰ’ ਉਦਘਾਟਨ ਤੋਂ ਕੁਝ ਘੰਟੇ ਪਹਿਲਾਂ ਰੱਦ ਕਰ ਦਿੱਤੀ, ਕਿਉਂਕਿ ਪੱਛਮੀ ਬੰਗਾਲ ਦੇ ਭਗਵੇਂ ਗਵਰਨਰ ਕੇਸਰੀ ਨਾਥ ਤ੍ਰਿਪਾਠੀ ਨੇ ਪਹਿਲਾਂ ਉਹਦਾ ਉਦਘਾਟਨ ਕਰਨਾ ਪਰਵਾਨ ਕਰ ਕੇ ਮੌਕੇ ਉਤੇ ਇਨਕਾਰ ਕਰ ਦਿੱਤਾ ਸੀ।
ਛੇਵੀਂ ਖਬਰ: ਰਾਜਸਥਾਨ ਦੇ ਸ਼ਹਿਰ ਅਜਮੇਰ ਦੇ ਜਵਾਹਰ ਰੰਗਮੰਚ ਵਿਚ ਹੋਣ ਵਾਲਾ ਸਾਹਿਤਕ ਪ੍ਰੋਗਰਾਮ ‘ਸ਼ਾਇਰੀ: ਸਰਹੱਦ ਸੇ ਪਰੇ’ ਰੱਦ ਕਰ ਦਿੱਤਾ ਗਿਆ। ਇਸ ਵਿਚ ਭਾਰਤੀ ਸ਼ਾਇਰ ਏæਐਮæ ਤੂਰਾਜ ਅਤੇ ਪਾਕਿਸਤਾਨੀ ਸ਼ਾਇਰ ਅੱਬਾਸ ਤਾਬਿਸ਼ ਨੇ ਹਿੱਸਾ ਲੈਣਾ ਸੀ। ਕਨਵੀਨਰ ਰਾਸ ਬਿਹਾਰੀ ਗੌੜ ਦਾ ਕਹਿਣਾ ਹੈ ਕਿ ਸਾਨੂੰ ਪ੍ਰੋਗਰਾਮ ਇਸ ਲਈ ਰੱਦ ਕਰਨਾ ਪਿਆ, ਕਿਉਂਕਿ ਬੀæਜੇæਪੀæ ਦੇ ਜ਼ਿਲ੍ਹਾ ਪ੍ਰਧਾਨ ਅਰਵਿੰਦ ਯਾਦਵ ਨੇ ਫੋਨ ਕਰ ਕੇ ‘ਬੇਨਤੀ’ ਕੀਤੀ ਸੀ। ਅਸੀਂ ਨਹੀਂ ਸੀ ਚਾਹੁੰਦੇ ਕਿ ਕੋਈ ਭੈੜੀ ਘਟਨਾ ਵਾਪਰੇ।” ਯਾਦਵ ਦਾ ਕਹਿਣਾ ਹੈ, “ਅਸੀਂ ਪ੍ਰੋਗਰਾਮ ਦਾ ਵਿਰੋਧ ਇਸ ਲਈ ਕੀਤਾ, ਕਿਉਂਕਿ ਇਸ ਵਿਚ ਇਕ ਪਾਕਿਸਤਾਨੀ ਹਿੱਸਾ ਲੈ ਰਿਹਾ ਸੀ।”
ਸੱਤਵੀਂ ਖਬਰ: ਓਹੋ! ਸਤਵੀਂ ਤਾਂ ਕੀ, ਖਬਰਾਂ ਤਾਂ ਅਜੇ ਕਈ ਹੋਰ ਹਨ, ਪਰ ਮੇਰੇ ਕੰਪਿਊਟਰ ਨੇ ਲੇਖ ਦੀ ਲੰਮਾਈ ਦੀ ਹੱਦ ਦੀ ਲਾਲ ਝੰਡੀ ਦਿਖਾ ਦਿੱਤੀ ਹੈ। ਤਾਂ ਵੀ ਆਸ ਹੈ, ਇਹ ਛੇ ਦਾਣੇ ਪਾਠਕਾਂ ਨੂੰ ਪੂਰੀ ਦੇਗ ਦੀ ਤਾਸੀਰ ਦੱਸਣ ਲਈ ਅਤੇ ਉਪਰੋਕਤ ਸਭ ਗੱਲਾਂ ਬਾਰੇ ਸੋਚਣ ਵਾਸਤੇ ਮਜਬੂਰ ਕਰਨ ਲਈ ਕਾਫ਼ੀ ਹੋਣਗੇ। ਸੋਚਣਾ ਇਸ ਲਈ ਜ਼ਰੂਰੀ ਹੈ ਕਿਉਂਕਿ, ਉਮਰ ਖਾਲਿਦ ਦੇ ਕਹਿਣ ਵਾਂਗ, ਸੋਚਣ ਵਾਲੇ ਲੋਕ ਹੀ ਹਨ ਜਿਨ੍ਹਾਂ ਤੋਂ ਹਾਕਮ ਸਭ ਤੋਂ ਬਹੁਤਾ ਡਰਦੇ ਹਨ!
ਮੈਂ ਆਪਣੀ ਇਹ ਲਿਖਤ ਅਸਹਿਣਸ਼ੀਲਤਾ ਦੀ ਹੋਂਦ ਤੋਂ ਪੂਰੀ ਤਰ੍ਹਾਂ ਮੁਨਕਰ, ਆਜ਼ਾਦ ਜਮਹੂਰੀ ਭਾਰਤ ਦੇ ਪਹਿਲੇ ਦਰਬਾਰੀ ਕਲਾਕਾਰ ਅਨੂਪਮ ਖੇਰ ਨੂੰ ਸਮਰਪਿਤ ਕਰਦਾ ਹਾਂ!
_______________________________________
ਹਿੰਦੂਤਵ ਵਿਚਾਰਧਾਰਾ ਦੀ ਕਬਰ
ਪ੍ਰੋæ ਪ੍ਰੀਤਮ ਸਿੰਘ
ਕੇਂਦਰ ਦੀ ਸੱਤਾ ਹਥਿਆ ਕੇ ਸਿਆਸੀ ਚੜ੍ਹਤ ਵਿਚ ਆਈ ਹਿੰਦੂਤਵ ਵਿਚਾਰਧਾਰਾ ਹੁਣ ਆਪਣੀ ਕਬਰ ਆਪ ਪੁੱਟਣ ਵੱਲ ਵਧ ਰਹੀ ਹੈ। ਕੋਈ ਵੀ ਸੁਚੇਤ ਹੋ ਕੇ ਆਪਣੇ ਲਈ ਕਬਰ ਨਹੀਂ ਪੁੱਟਦਾ, ਪਰ ਆਪਣੀਆਂ ਚੇਤਨ ਕੋਸ਼ਿਸ਼ਾਂ ਦਾ ਅਣਕਿਆਸਿਆ ਨਤੀਜਾ ਉਸ ਨੂੰ ਬਦੋਬਦੀ ਪਤਨ ਦੇ ਰਾਹ ਤੋਰ ਸਕਦਾ ਹੈ। ਆਪਣੀ ਕਬਰ ਆਪ ਪੁੱਟਣ ਦੀ ਅਚੇਤ ਪ੍ਰਕਿਰਿਆ ਬਾਰੇ ਸਫ਼ਲਤਾ ਦਾ ਦਵੰਦ ਸੋਚਣ ਹੀ ਨਹੀਂ ਦਿੰਦਾ।
ਭਾਰਤ ਨੂੰ ਹਿੰਦੂ ਰਾਸ਼ਟਰ ਵਿਚ ਤਬਦੀਲ ਕਰਨ ਦਾ ਹਿੰਦੂਤਵ ਲਹਿਰ ਦਾ ਸੁਚੇਤ ਹੰਭਲਾ ਸਭ ਹੱਦ-ਬੰਨੇ ਟੱਪ ਰਿਹਾ ਹੈ। 2014 ਦੀਆਂ ਆਮ ਚੋਣਾਂ ਵਿਚ ਹਿੰਦੂ ਰਾਸ਼ਟਰਵਾਦੀ- ਭਾਜਪਾ, ਦੀ ਜਿੱਤ ਹਿੰਦੂਤਵ ਜਥੇਬੰਦੀਆਂ ਅਤੇ ਕਾਰਕੁਨਾਂ ਦੇ ਸਿਰ Ḕਤੇ ਹੀ ਨੇਪਰੇ ਚੜ੍ਹੀ। ਇਸ ਚੋਣ ਸਫ਼ਲਤਾ ਦੇ ਨਸ਼ੇ ਵਿਚ ਮਦਹੋਸ਼ ਇਨ੍ਹਾਂ ਜਥੇਬੰਦੀਆਂ ਦੇ ਕਾਰਕੁਨ ਹੁਣ ਆਪੇ ਤੋਂ ਬਾਹਰ ਹੋ ਗਏ ਹਨ ਅਤੇ ਉਹ ਆਪਣੇ ਪ੍ਰਤੀ ਅਸਹਿਮਤੀ ਦੀ ਹਰ ਨਿਸ਼ਾਨੀ ਨੂੰ ਦਬਾ ਰਹੇ ਹਨ।
ਹਿੰਦੂਤਵ ਵਿਚਾਰਧਾਰਾ ਨੇ ਭਾਰਤ ਦੇ ਧਾਰਮਿਕ ਫ਼ਿਰਕਿਆਂ ਨੂੰ ਮੂਲ (ਅਖੌਤੀ ਤੌਰ Ḕਤੇ ਭਾਰਤ ਵਿਚ ਜਨਮੇ) ਅਤੇ ਗ਼ੈਰ-ਮੂਲ (ਵਿਦੇਸ਼ ਵਿਚ ਉਪਜੇ ਮੰਨੇ ਜਾਂਦੇ) ਦੇ ਦੋ ਵਰਗਾਂ ਵਿਚ ਰੇਖਾਂਕਿਤ ਕਰ ਦਿੱਤਾ ਹੈ। ਇਹ ਵਿਚਾਰਧਾਰਾ ਮੁਲਕ ਦੇ ਮੂਲ ਧਰਮਾਂ ਦੀ ਹਿੰਦੂ ਧਰਮ ਨਾਲ ਨੇੜਤਾ ਜਾਂ ਵੈਰ-ਭਾਵ ਨਾਲ ਹੀ ਇਸ ਮੁਲਕ ਵਿਚ ਪੈਦਾ ਹੋਏ ਧਰਮਾਂ ਦੀ ਮੂਲ ਪ੍ਰਕਿਰਤੀ ਤੈਅ ਕਰਦੀ ਹੈ। ਇਹ ਵਿਚਾਰਧਾਰਾ ਹਿੰਦੂਵਾਦ, ਸਿੱਖਵਾਦ, ਬੁੱਧਵਾਦ ਤੇ ਜੈਨਵਾਦ ਨੂੰ ਮੂਲ ਧਰਮਾਂ ਦੇ ਕਲਾਵੇ ਵਿਚ ਲੈਂਦੀ ਹੈ। ਮੰਦੇਭਾਗੀਂ ਹਿੰਦੂ ਵਿਚਾਰਧਾਰਾ ਆਪਣਾ ਪ੍ਰਭਾਵ ਵਰਤ ਕੇ ਸਿੱਖਾਂ, ਬੋਧੀਆਂ ਤੇ ਜੈਨੀਆਂ ਨੂੰ ਸੰਵਿਧਾਨ ਵਿਚ ਹਿੰਦੂਆਂ ਦੇ ਵਰਗ ਵਿਚ ਹੀ ਸ਼ਾਮਲ ਕਰਵਾਉਣ ਵਿਚ ਕਾਮਯਾਬ ਰਹੀ ਸੀ। ਇਸ ਗ਼ਲਤ ਸੰਵਿਧਾਨਕ ਧਾਰਾ ਵਿਰੁੱਧ ਇਹ ਤਿੰਨੇ ਫ਼ਿਰਕੇ ਵਿਰੋਧ ਦਰਜ ਕਰਵਾ ਕੇ ਆਪਣੀਆਂ ਨਿਆਰੀਆਂ ਇਤਿਹਾਸਕ ਪਛਾਣਾਂ ਦੇ ਦਾਅਵੇ ਕਰ ਰਹੇ ਹਨ। ਇਨ੍ਹਾਂ ਤਿੰਨਾਂ ਭਾਈਚਾਰਿਆਂ ਨੂੰ ਆਪਣੇ ਵਿਚ ਆਤਮਸਾਤ ਕਰਨ ਦੇ ਹਿੰਦੂਤਵ ਦੇ ਦਿਨ-ਬ-ਦਿਨ ਹਮਲਾਵਰ ਹੁੰਦੇ ਜਾ ਰਹੇ ਏਜੰਡੇ ਅਤੇ ਇਨ੍ਹਾਂ ਭਾਈਚਾਰਿਆਂ ਦੀ ਆਪਣੀ ਵੱਖਰੀ ਪਛਾਣ ਦੇ ਦਾਅਵੇ ਨਾਲ ਇਨ੍ਹਾਂ ਦੇ ਹਿੰਦੂਤਵ ਨਾਲ ਤਿੱਖੇ ਮਤਭੇਦ ਦੇ ਦਰ ਖੁੱਲ੍ਹਣਗੇ।
ਗ਼ੈਰ-ਮੂਲ ਧਰਮਾਂ ਵਿਚ ਹਿੰਦੂਤਵ ਵਿਚਾਰਧਾਰਾ ਇਸਾਈ ਮੱਤ, ਇਸਲਾਮ ਤੇ ਪਾਰਸੀਆਂ ਨੂੰ ਖੜ੍ਹਾ ਕਰਦੀ ਹੈ। ਭਾਰਤ ਵਿਚ ਪਾਰਸੀਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ ਅਤੇ ਸ਼ਾਇਦ ਇਸੇ ਕਾਰਨ ਉਹ ਹਾਲੇ ਤਕ ਹਿੰਦੂਤਵ ਜਥੇਬੰਦੀਆਂ ਦੇ ਵੈਰ-ਭਾਵ ਤੋਂ ਬਚੇ ਹੋਏ ਹਨ। ਮੁਸਲਮਾਨ ਤੇ ਇਸਾਈ, ਹਿੰਦੂਤਵ ਦੇ ਸਿੱਧੇ ਹੱਲੇ ਦੀ ਜ਼ਦ ਵਿਚ ਹਨ।
ਪਹਿਲਾਂ ਗੁਜਰਾਤ ਅਤੇ ਬਾਅਦ ਵਿਚ 2014 ਦੀਆਂ ਸੰਸਦੀ ਚੋਣਾਂ ਵਿਚ ਹਿੰਦੂਤਵੀ ਚੋਣ ਸਫ਼ਲਤਾ ਨੇ ਉਨ੍ਹਾਂ ਦੀ ਮਨੌਤ ਨੂੰ ਹੀ ਸਾਬਤਕਦਮੀ ਬਖ਼ਸ਼ੀ ਹੈ ਅਤੇ ਉਹ ਇਸਾਈਆਂ ਤੇ ਮੁਸਲਮਾਨ-ਵਿਰੋਧੀ ਆਪਣੀਆਂ ਮੁਹਿੰਮਾਂ ਨੂੰ ਹੋਰ ਜ਼ੋਰ ਸ਼ੋਰ ਨਾਲ ਚਲਾ ਰਹੇ ਹਨ। ਕੇਂਦਰ ਦੀ ਸੱਤਾ ਹਾਸਲ ਕਰ ਕੇ ਹੌਸਲੇ ਵਿਚ ਆਈਆਂ ਹਿੰਦੂਤਵ ਜਥੇਬੰਦੀਆਂ ਤੇ ਕਾਰਕੁਨ ਹੁਣ ਹਿੰਦੂਆਂ ਉਤੇ ਵੀ ਹਮਲੇ ਕਰ ਕੇ ਆਪਣੇ ਲਈ ਆਪ ਖਾਈ ਪੁੱਟਣ ਵਾਲੇ ਮੋੜ ਉਤੇ ਪੁੱਜ ਗਏ ਹਨ। ਹਿੰਦੂਤਵ ਦੀ ਵਿਸ਼ੈਲੀ ਵਿਚਾਰਧਾਰਾ ਉਤੇ ਉਂਗਲ ਉਠਾਉਣ ਵਾਲੇ ਹਿੰਦੂ ਇਨ੍ਹਾਂ ਹਿੰਦੂਤਵ ਜਥੇਬੰਦੀਆਂ ਤੇ ਕਾਰਕੁਨਾਂ ਦੇ ਹਮਲਿਆਂ ਦੀ ਚਾਂਦਮਾਰੀ ਵਿਚ ਹਨ। ਭਾਰਤ ਦੀ ਮੰਨੀ ਪ੍ਰਮੰਨੀ ਵਿੱਦਿਅਕ ਸੰਸਥਾ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇæਐਨæਯੂæ) ਦੀ ਵਿਦਿਆਰਥੀ ਜਥੇਬੰਦੀ ਦੇ ਪ੍ਰਧਾਨ ਕਨ੍ਹੱਈਆ ਕੁਮਾਰ, ਜੇæਐੱਨæਯੂæ ਦੇ ਅਕਾਦਮਿਕ ਭਾਈਚਾਰੇ ਵਿਰੁੱਧ ਮੁਹਿੰਮ ਸ਼ੁਰੂ ਕਰਨ ਅਤੇ ਦਿੱਲੀ ਵਿਚ ਹਿੰਦੂਤਵੀ ਹੁਲੜਬਾਜ਼ਾਂ ਵੱਲੋਂ ਪੱਤਰਕਾਰਾਂ ਤੇ ਵਕੀਲਾਂ Ḕਤੇ ਹਮਲੇ ਹੈਂਕੜ ਦਾ ਪ੍ਰਤੀਕ ਹਨ ਜੋ ਇਸ ਦੇ ਪਤਨ ਦੇ ਹਾਲਾਤ ਸਿਰਜ ਰਿਹਾ ਹੈ। ਇਨ੍ਹਾਂ ਹਮਲਿਆਂ ਨੇ ਮੁਕਾਮੀ, ਕੌਮੀ ਤੇ ਕੌਮਾਂਤਰੀ ਪੱਧਰ Ḕਤੇ ਹਿੰਦੂਤਵ ਵਿਚਾਰਧਾਰਾ ਵਿਰੁੱਧ ਪ੍ਰਦਰਸ਼ਨਾਂ ਦੀ ਲੜੀ ਖੋਲ੍ਹ ਦਿੱਤੀ ਹੈ। ਜੇæਐੱਨæਯੂæ ਵਿਚ ਪੈਦਾ ਹੋਈ ਸਥਿਤੀ ਨਾਲ ਸਿੱਝਣ ਦੇ ਕੇਂਦਰ ਸਰਕਾਰ ਦੇ ਢੰਗ ਵਿਰੁੱਧ ਰੋਸ ਪ੍ਰਗਟਾ ਰਹੇ ਵਿਦਿਆਰਥੀਆਂ ਨਾਲ ਇਕਮੁੱਠਤਾ ਪ੍ਰਗਟਾਉਂਦਿਆਂ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਭਾਜਪਾ ਦਾ ਵਿਦਿਆਰਥੀ ਵਿੰਗ) ਦੀ ਇਸ Ḕਵਰਸਿਟੀ ਵਿਚਲੀ ਇਕਾਈ ਦੇ ਅਹੁਦੇਦਾਰਾਂ ਨੇ ਅਸਤੀਫ਼ਾ ਦੇ ਦਿੱਤਾ। ਏæਬੀæਵੀæਪੀæ ਦੀ ਜੇæਐੱਨæਯੂæ ਇਕਾਈ ਦੇ ਸੰਯੁਕਤ ਸਕੱਤਰ ਪ੍ਰਦੀਪ, ਏæਬੀæਵੀæਪੀæ ਇਕਾਈ ਦੇ ਸਮਾਜ ਸ਼ਾਸਤਰ ਸਕੂਲ ਦੇ ਪ੍ਰਧਾਨ ਰਾਹੁਲ ਯਾਦਵ ਅਤੇ ਸਕੱਤਰ ਅੰਕਿਤ ਹੰਸ ਜਨਤਕ ਤੌਰ æਤੇ ਏæਬੀæਵੀæਪੀæ ਦੀ ਇਕਾਈ ਤੋਂ ਆਪਣੇ ਆਪ ਨੂੰ ਨਿਖੇੜ ਕੇ ਬਾਗ਼ੀ ਸੁਰਾਂ ਦੇ ਦਮਨ ਦੀਆਂ ਕੇਂਦਰ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਖੁੱਲ੍ਹੇਆਮ ਨੁਕਤਾਚੀਨੀ ਕਰ ਚੁੱਕੇ ਹਨ। ਤਾਜ਼ਾ ਹਮਲਿਆਂ ਵਿਰੁੱਧ ਕਈ ਯੂਨੀਵਰਸਿਟੀਆਂ ਦੇ ਵਿਦਿਆਰਥੀ ਤੇ ਅਧਿਆਪਕ, ਪੱਤਰਕਾਰ, ਵਕੀਲ, ਇੱਥੋਂ ਤਕ ਕਿ ਕਈ ਕਵੀ ਵੀ ਲਾਮਬੰਦੀ ਦੇ ਧਾਗੇ ਵਿਚ ਪਰੋਏ ਗਏ ਹਨ। ਇਸ ਦਮਨ ਚੱਕਰ ਨੇ ਵੱਖ-ਵੱਖ ਸਿਆਸੀ ਨਜ਼ਰੀਏ ਵਾਲਿਆਂ ਨੂੰ ਇੱਕ ਮੰਚ Ḕਤੇ ਲਿਆ ਦਿੱਤਾ ਹੈ।
ਸੀæਪੀæਐੱਮæ-ਪੰਜਾਬ ਦੇ ਚੰਡੀਗੜ੍ਹ ਸਥਿਤ ਦਫ਼ਤਰ Ḕਤੇ ਹਮਲੇ ਨਾਲ ਹਿੰਦੂਤਵ ਜਥੇਬੰਦੀਆਂ ਨੇ ਆਪਣੀ ਕਬਰ ਹੋਰ ਡੂੰਘੀ ਕੀਤੀ ਹੈ। ਹਮਲਾਵਰਾਂ ਨੂੰ ਖ਼ਬਰੇ ਇਹ ਇਲਮ ਨਹੀਂ ਕਿ ਪੰਜਾਬ, ਦਿੱਲੀ ਨਹੀਂ ਹੈ। ਇਹ ਸ਼ਾਇਦ ਦਿੱਲੀ ਵਿਚ ਆਪਣੇ ਕੀਤੇ ਕਾਰੇ ਦੀ ਸਜ਼ਾ ਤੋਂ ਬਚ ਜਾਣ, ਪਰ ਪੰਜਾਬ ਵਿਚ ਇਸ ਦਾ ਪਰਤਵਾਂ ਹਮਲਾ, ਜਦੋਂ ਵੀ ਹੋਇਆ, ਬਹੁਤ ਤਿੱਖਾ ਹੋਵੇਗਾ।
ਕੌਮਾਂਤਰੀ ਤੌਰ Ḕਤੇ ਸਰਕਾਰ ਦੀ ਛਬੀਲੀ ਦਿੱਖ ਨੂੰ ਕੁਝ ਮਹੀਨਿਆਂ ਤੋਂ ਢਾਹ ਲੱਗੀ ਹੈ। ਸੰਸਾਰ ਭਰ ਦੇ 500 ਤੋਂ ਵੱਧ ਅਕਾਦਮੀਸ਼ੀਅਨ ਮੀਡੀਆ ਦੀ ਚਰਚਾ ਵਿਚ ਰਹੇ ਉਸ ਬਿਆਨ Ḕਤੇ ਦਸਤਖਤ ਕਰ ਚੁੱਕੇ ਹਨ ਜਿਸ ਵਿਚ ਭਾਰਤ ਦੀ ਸੁਤੰਤਰਤਾ ਤੇ ਅਕਾਦਮਿਕ ਸੰਸਥਾਵਾਂ ਉਤੇ ਹਿੰਦੂਤਵ ਤੋਂ ਪ੍ਰੇਰਿਤ ਹਮਲਿਆਂ ਦੀ ਨੁਕਤਾਚੀਨੀ ਕੀਤੀ ਗਈ। ਭਾਰਤ ਦੇ ਹਿੰਦੂਕਰਨ ਦੀਆਂ ਵਧਦੀਆਂ ਕੋਸ਼ਿਸ਼ਾਂ ਤੋਂ ਮੱਧ ਪੂਰਬ ਦੇ ਮੁਸਲਿਮ ਬਹੁ-ਗਿਣਤੀ ਵਾਲੇ ਮੁਲਕਾਂ ਵਿਚ ਬੇਚੈਨੀ ਵਧ ਰਹੀ ਹੈ। ਕਈ ਪੱਛਮੀ ਵਪਾਰਕ ਕਾਰਪੋਰੇਸ਼ਨਾਂ ਨੇ ਸ਼ੁਰੂ ਵਿਚ ਭਾਵੇਂ ਬੇਰੁਚੀ ਨਾਲ ਹੀ ਸਹੀ, ਨਰੇਂਦਰ ਮੋਦੀ ਦੀ ਚੋਣ ਮੁਹਿੰਮ ਦੇ ḔਵਿਕਾਸḔ ਏਜੰਡੇ ਦੀ ਜਿੱਤ ਦਾ ਸਵਾਗਤ ਕੀਤਾ ਸੀ ਪਰ ਹੁਣ ਉਹ ਭਾਰਤੀ ਸ਼ਾਸਨ ਦੀ ਵਧਦੀ ਅਸਹਿਣਸ਼ੀਲਤਾ ਨਾਲ ਸਹਿਮ ਗਈਆਂ ਹਨ ਜਿਸ ਨੇ ਉਨ੍ਹਾਂ ਨੂੰ ਯੂਰਪੀ ਇਤਿਹਾਸ ਦੇ ਨਾਜ਼ੀ ਤੇ ਫਾਸੀਵਾਦ ਦੇ ਡਰਾਉਣੇ ਸੁਪਨੇ ਚੇਤੇ ਕਰਵਾ ਦਿੱਤੇ ਹਨ।
ਜੇæਐੱਨæਯੂæ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਕਨ੍ਹੱਈਆ ਕੁਮਾਰ ਦੀ ਗਲਤ ਗ੍ਰਿਫ਼ਤਾਰੀ ਨੇ ਆਲਮੀ ਭਾਈਚਾਰੇ ਦਾ ਧਿਆਨ ਇੰਨੇ ਵੱਡੇ ਪੱਧਰ Ḕਤੇ ਖਿੱਚਿਆ ਹੈ ਜੋ ਸਾਡੇ ਹਾਲੀਆ ਚੇਤਿਆਂ ਵਿਚ ਹੋਈ ਕੋਈ ਹੋਰ ਗ੍ਰਿਫ਼ਤਾਰੀ ਨਹੀਂ ਖਿੱਚ ਸਕੀ। ਇਸ ਲਈ ਕਿਹਾ ਜਾ ਸਕਦਾ ਹੈ ਕਿ ਪਤਨ ਤੋਂ ਪਹਿਲਾਂ ਹਿੰਦੂਤਵ ਦੀ ਛਬ ਫਿੱਕੀ ਪੈ ਗਈ ਹੈ। ਕੇਂਦਰ ਦੀ ਸੱਤਾ ਹਥਿਆਉਣ ਤੋਂ ਉਪਜੀ ਹਿੰਦੂਤਵ ਹੈਂਕੜ ਹੀ ਇਸ ਖੁਣਸੀ ਗ੍ਰਿਫ਼ਤਾਰੀ ਦੀ ਜੜ੍ਹ ਹੈ। ਕਨ੍ਹੱਈਆ ਦੀ ਗ੍ਰਿਫ਼ਤਾਰੀ ਹਿੰਦੂਤਵ ਦੇ ਖੱਫਣ ਦੀ ਆਖ਼ਰੀ ਕਿੱਲ ਸਾਬਤ ਹੋ ਸਕਦੀ ਹੈ।