ਖੁਦਕੁਸ਼ੀਆਂ ਦੀ ਸਮੱਸਿਆ

ਪਿਛਲੇ ਹਫਤੇ ਉਘੀ ਲੇਖਕਾ ਦਲੀਪ ਕੌਰ ਟਿਵਾਣਾ ਦਾ ਲੇਖ ਛਾਪਿਆ ਗਿਆ ਸੀ ਜਿਸ ਵਿਚ ਪੰਜਾਬ ਵਿਚ ਕਿਸਾਨ ਖੁਦਕੁਸ਼ੀਆਂ ਬਾਰੇ ਕਈ ਪੱਖਾਂ ਤੋਂ ਖੁਲਾਸਾ ਕੀਤਾ ਗਿਆ ਸੀ। ਸੱਚਮੁੱਚ ਕਿਸਾਨ ਖੁਦਕੁਸ਼ੀਆਂ ਦੇ ਮਸਲੇ ਨੇ ਸਭ ਨੂੰ ਇਕ ਤਰ੍ਹਾਂ ਨਾਲ ਝੰਜੋੜ ਕੇ ਰੱਖ ਦਿੱਤਾ ਹੋਇਆ ਹੈ। ਇਸੇ ਸਿਲਸਿਲੇ ਵਿਚ ਪ੍ਰੋæ ਹਰਪਾਲ ਸਿੰਘ ਪੰਨੂ ਨੇ ਇਹ ਲੇਖ ਲਿਖਿਆ ਹੈ ਜਿਸ ਵਿਚ ਉਨ੍ਹਾਂ ਇਕ ਵੱਖਰੇ ਨੁਕਤੇ ਤੋਂ ਇਸ ਮਸਲੇ ਦੀ ਚੀਰ-ਫਾੜ ਕੀਤੀ ਹੈ।

-ਸੰਪਾਦਕ

ਪ੍ਰੋæ ਹਰਪਾਲ ਸਿੰਘ ਪੰਨੂ
ਫੋਨ: +91-94642-51454

ਗਾਹੇ-ਬਗਾਹੇ ਕਿਸਾਨਾਂ ਦੀਆਂ ਖੁਦਕਸ਼ੀਆਂ ਦੀਆਂ ਖਬਰਾਂ ਪੜ੍ਹਦੇ-ਸੁਣਦੇ ਹਾਂ ਜਿਸ ‘ਤੇ ਪ੍ਰਤੀਕਰਮ ਆਮ ਨਾਗਰਿਕ ਵੱਖਰੀ ਤਰ੍ਹਾਂ ਪ੍ਰਗਟ ਕਰਦੇ ਹਨ, ਤੇ ਸਰਕਾਰਾਂ ਵੱਖਰੀ ਤਰ੍ਹਾਂ। ਕਦੀ-ਕਦੀ ਇਉਂ ਪ੍ਰਤੀਤ ਹੋਣ ਲਗਦਾ ਹੈ, ਜਿਵੇਂ ਕਿਸਾਨੀ ਘੋਰ ਅੰਧਕਾਰ ਵਿਚ ਡੁੱਬੀ ਹੋਈ ਹੈ, ਬਚਾਉ ਦਾ ਰਸਤਾ ਨਾ ਲੱਭਣ ਕਰ ਕੇ ਖੁਦਕਸ਼ੀਆਂ ਦੀ ਗਿਣਤੀ ਵਧ ਰਹੀ ਹੈ। ਲਗਭਗ ਸਾਰੇ ਕਾਲਮਨਵੀਸ ਇਹੋ ਗੱਲ ਦੱਸਦੇ ਹਨ ਕਿ ਇਸ ਦਾ ਕਾਰਨ ਕਿਸਾਨਾਂ ਸਿਰ ਚੜ੍ਹਿਆ ਕਰਜ਼ਾ ਹੈ।
ਪਹਿਲੋਂ ਗਿਣਤੀ ਵਧਣ ਵਾਲਾ ਮਸਲਾ ਦੇਖੀਏ। ਜੇ ਪਿਛਲੇ ਪੰਜਾਹ ਸਾਲ ਦੇ ਅਰਸੇ ਉਪਰ ਅਧਿਐਨ ਕਰ ਕੇ ਸੜਕ ਦੁਰਘਟਨਾਵਾਂ ਦੇ ਅੰਕੜੇ ਇਕੱਠੇ ਕੀਤੇ ਜਾਣ ਤਾਂ ਪਤਾ ਲੱਗੇਗਾ ਕਿ ਹਰ ਸਾਲ ਸੜਕ ਦੁਰਘਟਨਾਵਾਂ ਵਿਚ ਮਰਨ ਵਾਲਿਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਅਜਿਹਾ ਹੋਣਾ ਇਸ ਕਰ ਕੇ ਸੁਭਾਵਿਕ ਨਹੀਂ ਕਿ ਕਲਯੁਗ ਦੀ ਕਰੋਪੀ ਹੋ ਗਈ ਹੈ; ਵਧਦੇ ਵਾਹਨਾਂ ਸਦਕਾ ਇਹ ਹੋਣਾ ਹੀ ਹੈ, ਖਾਸ ਕਰ ਕੇ ਜਦੋਂ ਸੜਕਾਂ ਦੀ ਦਸ਼ਾ ਠੀਕ ਨਾ ਹੋਵੇ ਤੇ ਟ੍ਰੈਫਿਕ ਨਿਯਮਾਂ ਦੀ ਕੋਈ ਪ੍ਰਵਾਹ ਨਾ ਕਰੇ। ਵਾਹਨ ਚਾਲਕਾਂ ਦੀ ਬੇਸਬਰੀ ਦਾ ਅੰਦਾਜ਼ਾ ਉਸੇ ਵਕਤ ਸਾਫ ਹੋ ਜਾਂਦਾ ਹੈ ਜਦੋਂ ਰਤਾ ਕੁ ਸੜਕ ‘ਤੇ ਪਏ ਵਿਘਨ ਕਾਰਨ ਆਵਾਜਾਈ ਰੁਕਣ ਤੇ ਆਹਮੋ-ਸਾਹਮਣੇ ਦੋਵੇਂ ਪਾਸੇ ਤਿੰਨ-ਤਿੰਨ ਚਾਰ-ਚਾਰ ਗੱਡੀਆਂ ਬਰੋਬਰ ਖਲੋ ਜਾਂਦੀਆਂ ਹਨ। ਕੋਈ ਵਾਹਨ ਚਾਲਕ ਇੰਨਾ ਧੀਰਜ ਨਹੀਂ ਕਰਦਾ ਕਿ ਕਤਾਰ ਵਿਚ ਪਿਛੇ ਖਲੋ ਜਾਣ ਨਾਲ ਰੁਕਾਵਟ ਜਲਦੀ ਦੂਰ ਹੋ ਜਾਏਗੀ।
ਪਿਛਲੀ ਅੱਧੀ ਸਦੀ ਦੌਰਾਨ ਖਾਣ-ਪੀਣ, ਰਹਿਣ-ਸਹਿਣ ਅਤੇ ਪਹਿਨਣ ਦੇ ਪੱਧਰ ਵਿਚ ਬਹੁਤ ਫਰਕ ਪਿਆ ਹੈ, ਜੀਵਨ ਪੱਧਰ ਉਚਾ ਹੋ ਗਿਆ ਹੈ। ਕਿਸੇ ਸਮੇਂ ਸਾਈਕਲ ਵੀ ਵਿਰਲਿਆਂ ਕੋਲ ਹੁੰਦਾ ਸੀ। ਹੁਣ ਦੁਪਹੀਆ-ਚੁਪਹੀਆ ਗੱਡੀਆਂ ਦਾ ਹੜ੍ਹ ਆ ਗਿਆ ਹੈ। ਤੀਹ ਚਾਲੀ ਹਜ਼ਾਰ ਵਿਚ ਚੰਗੀ ਹਾਲਤ ਦੀ ਗੱਡੀ ਮਿਲ ਜਾਂਦੀ ਹੈ। ਗੱਡੀ ਖਰੀਦਣ ਵਕਤ ਇਹ ਨਹੀਂ ਸੋਚਿਆ ਜਾਂਦਾ ਕਿ ਇਸ ਦੀ ਸਾਂਭ-ਸੰਭਾਲ ਅਤੇ ਤੇਲ ਦੇ ਖਰਚੇ ਨਿਰੰਤਰ ਕਰਨੇ ਪਿਆ ਕਰਨਗੇ।
ਜੀਵਨ ਪੱਧਰ ਉਚਾ ਹੋ ਗਿਆ, ਠੀਕ; ਪਰ ਇਸ ਨਾਲ ਸਿਹਤ ਵਿਚ ਗਿਰਾਵਟ ਆਉਣੀ ਸ਼ੁਰੂ ਹੋ ਗਈ। ਖੁਰਾਕ ਪਦਾਰਥਾਂ ਵਿਚ ਮਿਲਾਵਟ, ਰਸਾਇਣਾਂ ਦੇ ਛਿੜਕਾਅ ਅਤੇ ਸਰੀਰਕ ਕੰਮ ਨਾ ਕਰਨ ਸਦਕਾ ਸਰੀਰ ਨੂੰ ਬਿਮਾਰੀਆਂ ਨੇ ਘੇਰਨਾ ਹੀ ਘੇਰਨਾ ਹੈ। ਦਵਾਈਆਂ ਅਤੇ ਡਾਕਟਰਾਂ ਦੀਆਂ ਫੀਸਾਂ ਦੇ ਰੇਟ ਅਸਮਾਨੀ ਲੱਗੇ ਹੋਏ ਹਨ। ਇਸ ਸੂਰਤ ਵਿਚ ਖੁਦਕੁਸ਼ੀਆਂ ਦੀ ਗਿਣਤੀ ਵਾਂਗ ਮਰੀਜ਼ਾਂ ਦੀਆਂ ਮੌਤਾਂ ਦੀ ਗਿਣਤੀ ਵਿਚ ਵੀ ਭਾਰੀ ਵਾਧਾ ਹੋਇਆ ਹੈ। Ḕਕੈਂਸਰ ਟਰੇਨḔ ਨਾਂ ਦੇ ਸ਼ਬਦ ਕਾਂਬਾ ਛੇੜ ਦਿੰਦੇ ਹਨ।
ਹੁਣ ਆਈਏ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀ ਗਿਣਤੀ ਵੱਲ। ਪਹਿਲਾ ਕਾਰਨ ਬੈਂਕਾਂ ਅਤੇ ਆੜ੍ਹਤੀਆਂ ਤੋਂ ਲਏ ਕਰਜ਼ੇ ਨਾ ਮੁੜਨਾ ਹੈ। ਕਰਜ਼ੇ ਕਿਸ ਮਕਸਦ ਲਈ ਲਏ ਜਾਂਦੇ ਹਨ? ਸਭ ਤੋਂ ਵਧੀਕ ਖਰਚਾ ਵਿਆਹ ਅਤੇ ਮਰਨ ‘ਤੇ ਹੁੰਦਾ ਹੈ। ਵਿਆਹ ਉਪਰ ਜਾਂ ਭੋਗ ਉਪਰੰਤ ਵਧੀਕ ਖਰਚਾ ਕਰਨ ਲਈ ਕਿਸਾਨ ਨੂੰ ਕੌਣ ਮਜਬੂਰ ਕਰਦਾ ਹੈ? ਕੋਈ ਨਹੀਂ। ਫਿਰ ਉਹ ਆਪਣੇ ਖਰਚੇ ਉਪਰ ਕੰਟਰੋਲ ਕਿਉਂ ਨਹੀਂ ਕਰਦਾ?
ਮੇਰੇ ਕੋਲ ਇੰਨੇ ਪੈਸੇ ਨਹੀਂ ਕਿ ਮੈਂ ਪੰਜ ਤਾਰਾ ਹੋਟਲ ਵਿਚ ਰੋਟੀ ਖਾ ਸਕਾਂ, ਫਿਰ ਮੈਂ ਆਮ ਢਾਬੇ ਉਪਰ ਰੋਟੀ ਖਾ ਲਵਾਂ ਤਾਂ ਇਸ ਵਿਚ ਸੰਗ ਕਿਸ ਗੱਲ ਦੀ? ਮੈਂ ਬੱਚਿਆਂ ਸਣੇ ਪਹਾੜੀ ਸਟੇਸ਼ਨ ‘ਤੇ ਗਿਆ ਤਾਂ ਹਜ਼ਾਰ ਰੁਪਏ ਰੋਜ਼ ਕਿਰਾਏ ‘ਤੇ ਕਮਰਾ ਲੈ ਲਿਆ। ਉਥੇ ਮੇਰੇ ਪਿੰਡ ਦੇ ਜੁਆਨ ਮਿਲੇ ਜਿਨ੍ਹਾਂ ਨੇ ਪੰਜ ਹਜ਼ਾਰ ਰੋਜ਼ਾਨਾ ‘ਤੇ ਰਿਹਾਇਸ਼ ਲਈ ਹੋਈ ਸੀ। ਮੈਂ ਅਕਸਰ ਦੇਖਦਾ ਹਾਂ ਕਿ ਕਾਰਾਂ ਮੋਟਰ ਸਾਈਕਲਾਂ ਉਪਰ ਸੱਠ ਸੱਤਰ ਕਿਲੋਮੀਟਰ ਦੂਰੋਂ ਮੁੰਡੇ ਪਟਿਆਲੇ ਚੰਗੇ ਹੋਟਲਾਂ ਵਿਚ ਖਾਣਾ ਖਾਣ ਅਤੇ ਵਿਸਕੀ ਪੀਣ ਆਉਂਦੇ ਹਨ। ਵਧੇਰਿਆਂ ਨੂੰ ਜਾਣਦਾ ਹੁੰਨਾ, ਉਹ ਕਰੋੜਪਤੀਆਂ ਦੇ ਬੱਚੇ ਨਹੀਂ ਹਨ, ਆਮ ਗੁਜ਼ਾਰਾ ਕਰਦੇ ਛੋਟੀ ਕਿਸਾਨੀ ਦੇ ਬੱਚੇ ਹਨ।
ਖਬਰਾਂ ਵਿਚ ਦੇਖਿਆ ਹੈ ਕਿ ਕਰਜ਼ੇ ਦੇ ਬੋਝ ਹੇਠ ਦਬੇ ਗਰੀਬ ਕਿਸਾਨ ਹੀ ਨਹੀਂ, ਅਫਸਰ, ਡਾਕਟਰ ਵੀ ਖੁਦਕੁਸ਼ੀਆਂ ਕਰਦੇ ਹਨ। ਕਦੀ ਕਿਸੇ ਐਸ਼ਪੀæ, ਡੀæਐਸ਼ਪੀæ, ਮੇਜਰ, ਕਰਨਲ ਜਾਂ ਫੌਜੀ ਜਵਾਨ ਦੀਆਂ ਖੁਦਕਸ਼ੀਆਂ ਦੀਆਂ ਖਬਰਾਂ ਵੀ ਸੁਣਦੇ ਹਾਂ। ਵਕੀਲ, ਇੰਜੀਨੀਅਰ ਅਤੇ ਵਿਦਿਆਰਥੀ ਖੁਦਕੁਸ਼ੀ ਕਰਦੇ ਹਨ। ਇਨ੍ਹਾਂ ਦੀਆਂ ਮੌਤਾਂ ਗਰੀਬੀ ਜਾਂ ਕਰਜ਼ੇ ਕਾਰਨ ਨਹੀਂ ਹੋਈਆਂ। ਇਸ ਦੇ ਮਾਨਸਿਕ ਕਾਰਨ ਹਨ।
ਘੱਟ ਸਹੀ, ਕਿਸਾਨਾਂ ਕੋਲ ਕੁਝ ਜ਼ਮੀਨ ਤਾਂ ਹੈ। ਜਿਨ੍ਹਾਂ ਬੇਜ਼ਮੀਨੇ ਕਿਰਤੀਆਂ ਮਜ਼ਦੂਰਾਂ, ਦਿਹਾੜੀਦਾਰਾਂ ਨੂੰ ਮਸਾਂ ਦੋ ਡੰਗ ਦੀ ਰੋਟੀ ਨਸੀਬ ਹੁੰਦੀ ਹੈ, ਉਹ ਕਿਉਂ ਖੁਦਕੁਸ਼ੀਆਂ ਨਹੀਂ ਕਰਦੇ? ਕਾਰਨ ਸਾਫ ਹਨ, ਉਨ੍ਹਾਂ ਨੇ ਆਪਣੇ ਆਪ ਨੂੰ ਜੀਵਨ ਪੱਧਰ ਅਨੁਸਾਰ ਢਾਲ ਲਿਆ ਹੈ, ਚਾਦਰ ਦੇਖ ਦੇ ਪੈਰ ਪਸਾਰਦੇ ਹਨ। ਕਿਸਾਨ ਦੀ ਮੁੱਛ ਦਾ ਸਵਾਲ ਹੈ; ਪੱਗ ਤੇ ਨੱਕ ਦਾ ਸਵਾਲ ਹੈ। ਇਹ ਸਵਾਲ ਕਿਸਾਨ ਉਪਰ ਕਿਸੇ ਨੇ ਥੋਪੇ ਨਹੀਂ, ਉਸ ਨੇ ਆਪਣੇ ਵਾਸਤੇ ਮਰਨ ਦਾ ਸਮਾਨ ਆਪ ਇਕੱਠਾ ਕੀਤਾ ਹੈ।
ਸਮੇਂ ਨੂੰ ਪੁੱਠਾ ਨਹੀਂ ਗੇੜਿਆ ਜਾ ਸਕਦਾ। ਜਿਥੇ ਹਾਂ, ਉਥੇ ਅਜਿਹਾ ਬੰਦੋਬਸਤ ਕਰਨਾ ਪਵੇਗਾ ਕਿ ਸੰਜਮ ਨਾਲ, ਸਬਰ ਸ਼ੁਕਰ ਨਾਲ ਦਿਨ ਕਟੀ ਕੀਤੀ ਜਾਏ। ਕਦੀ ਸਰਕਾਰਾਂ ਨੂੰ, ਕਦੀ ਹਰੀ ਕ੍ਰਾਂਤੀ ਨੂੰ ਦੋਸ਼ ਦੇਣ ਨਾਲ ਬਲਾ ਟਲੇਗੀ ਨਹੀਂ। ਹਰ ਬੱਚਾ ਕਦੀ ਨਾ ਕਦੀ ਮਹਿਸੂਸ ਕਰਦਾ ਹੁੰਦਾ ਹੈ ਜਿਵੇਂ ਉਸ ਨਾਲ ਬੇਇਨਸਾਫੀ ਹੋ ਰਹੀ ਹੈ। ਉਸ ਦੇ ਮਨ ਵਿਚ ਖੁਦਕੁਸ਼ੀ ਦਾ ਖਿਆਲ ਆਉਂਦਾ ਹੈ। ਫਿਰ ਉਹ ਸੋਚਣ ਲਗਦਾ ਹੈ- ਮੇਰੀ ਮੌਤ ਨਾਲ ਮਾਂ ‘ਤੇ ਕੀ ਬੀਤੇਗੀ? ਭੈਣ-ਭਰਾ ‘ਤੇ ਕੀ ਬੀਤੇਗੀ? ਅਜਿਹੇ ਸਵਾਲ ਅਸਲ ਵਿਚ ਉਹ ਆਪਣੇ ਆਪ ਤੋਂ ਇਸ ਕਰ ਕੇ ਪੁੱਛਦਾ ਹੈ ਤਾਂ ਕਿ ਖੁਦਕੁਸ਼ੀ ਦਾ ਖਿਆਲ ਤਿਆਗ ਸਕੇ ਤੇ ਵਾਕੱਈ ਇਹ ਖਿਆਲ ਦਿਲੋਂ ਨਿਕਲ ਜਾਂਦਾ ਹੈ।
ਆਪਣੀਆਂ ਤਕਲੀਫਾਂ ਦਾ ਜ਼ਿਕਰ ਭਾਈਚਾਰੇ ਕੋਲ ਜਾਂ ਸਕੇ ਸਬੰਧੀਆਂ ਕੋਲ ਕਰਨ ਦਾ ਰਿਵਾਜ ਸੀ। ਕਈ ਵਾਰ ਸੰਕਟ ਵਿਚ ਸਹਾਈ ਹੋ ਜਾਂਦੇ; ਨਹੀਂ ਤਾਂ ਦੁੱਖ ਸੁਣ ਲੈਣਾ ਹੀ ਦੁਖੀ ਬੰਦੇ ਨੂੰ ਧਰਵਾਸ ਦਿੰਦਾ ਹੈ। ਦਿਨ-ਬਦਿਨ ਪਰਿਵਾਰ ਆਪਣੇ ਆਪ ਵਿਚ ਸੁੰਗੜੀ ਜਾਂਦੇ ਹਨ। ਇਸ ਸੁੰਗੜਾਅ ਕਾਰਨ ਹੀਣ ਭਾਵਨਾ ਪੈਦਾ ਹੋਣੀ ਸੰਭਵ ਹੈ ਜਿਹੜੀ ਪਲਦੀ-ਪਲਦੀ ਖੁਦਕੁਸ਼ੀ ਦੇ ਰੱਸੇ ਤੱਕ ਲੈ ਜਾਂਦੀ ਹੈ।
ਜਿਸ ਪੰਜਾਬ ਨੂੰ ਸੂਰਬੀਰਤਾ ਦਾ ਕਿਲ੍ਹਾ ਜਾਣਿਆ ਜਾਂਦਾ ਰਿਹਾ, ਜਿਥੇ ਕਦੀ 18ਵੀਂ ਸਦੀ ਵਿਚ ਜੰਗਲਾਂ ਦੀ ਫਾਕਾਕਸ਼ੀ ਦੇਖੀ, ਨੇਜ਼ਿਆਂ ਵਿਚ ਬੱਚੇ ਪਰੋਏ ਜਾਂਦੇ ਦੇਖੇ, ਉਸ ਪੰਜਾਬ ਨੂੰ ਹੀਣਤਾ ਦਾ ਘੁਣ ਖਾ ਜਾਵੇ, ਇਹ ਚਿੰਤਾ ਦਾ ਵਿਸ਼ਾ ਹੈ। ਗੁਰੂ ਪੰਜਾਬ ਨੂੰ ਸੰਕਟ ਮੁਕਤ ਕਰਨ। ਆਮੀਨ।