ਸੁਖਬੀਰ ਦੀ ਗੁੱਡੀ ਚੜ੍ਹਾਉਣ ਲਈ ਕੀਤੀ ਸੀ ਪੁਰਾਣੇ ਆਗੂਆਂ ਦੀ ਤਾਰੀਫ

ਸਾਲਾ ਬਣਿਆ ਸੁਖਬੀਰ ਦਾ ‘ਸ਼ਰੀਕ’
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਸ਼੍ਰੋਮਣੀ ਅਕਾਲੀ ਦਲ (ਬ) ਵਿਚ ਪਿਛਲੇ ਸਮੇਂ ਤੋਂ ਚੱਲ ਰਹੀ ਖਿੱਚੋਤਾਣ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਇਸ ਵਾਰ ਪਾਰਟੀ ਦੀਆਂ ਸਾਰੀਆਂ ਸ਼ਕਤੀਆਂ ਆਪਣੀ ਮੁੱਠੀ ਵਿਚ ਰੱਖਣ ਵਾਲੇ ਬਾਦਲ ਪਰਿਵਾਰ ਨੂੰ ਕਿਤੋਂ ਬਾਹਰੋਂ ਨਹੀਂ, ਬਲਕਿ ਆਪਣੇ ਰਿਸ਼ਤੇਦਾਰ, ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਹੀ ਖ਼ਤਰਾ ਮਹਿਸੂਸ ਹੋਇਆ ਹੈ। ਅਸਲ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਾਝੇ ਵਿਚ ਸ਼ ਮਜੀਠੀਆ ਦਾ ਉਭਾਰ ਭਵਿੱਖ ਲਈ ਖਤਰਾ ਮਹਿਸੂਸ ਹੋਣ ਲੱਗਾ ਹੈ ਤੇ ਉਨ੍ਹਾਂ ਨੇ ਹੁਣ ਤੋਂ ਹੀ ਇਸ ਸਮੱਸਿਆ ਨਾਲ ਨਜਿੱਠਣ ਲਈ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ। ਸ਼ ਬਾਦਲ ਵੱਲੋਂ ਟਕਸਾਲੀ ਆਗੂਆਂ ਨੂੰ ਹੱਲਾਸ਼ੇਰੀ ਦੇਣ ਦੀਆਂ ਗੁੱਝੀਆਂ ਰਮਜ਼ਾਂ ਦਾ ਰਾਜ਼ ਇਹੀ ਸੀ। ਉਧਰ, ਲੋਕ ਸਭਾ ਮੈਂਬਰ ਸ਼ ਬਾਦਲ ਦੀ ਨੂੰਹ ਹਰਸਿਮਰਤ ਕੌਰ ਬਾਦਲ ਦੀ ਸੰਸਦ ਵਿਚ ਕਾਰਗੁਜ਼ਾਰੀ ਦੇ ਮੱਦੇਨਜ਼ਰ ਇਹ ਚਰਚਾ ਅਕਸਰ ਚੱਲਦੀ ਰਹਿੰਦੀ ਹੈ ਕਿ ਮੁੱਖ ਮੰਤਰੀ ਦੇ ਅਹੁਦੇ ਲਈ ਉਹ ਸੁਖਬੀਰ ਸਿੰਘ ਬਾਦਲ ਦੇ ਮੁਕਾਬਲੇ ਬਿਹਤਰ ਉਮੀਦਵਾਰ ਹੈ।
ਮਾਝੇ ਵਿਚ ਸ਼ਕਤੀ ਦਾ ਸੰਤੁਲਨ ਬਣਾਉਣ ਲਈ ਸ਼ ਬਾਦਲ ਵਲੋਂ ਬਜ਼ੁਰਗ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਸਰਗਰਮ ਹੋਣ ਲਈ ਕਿਹਾ ਗਿਆ ਹੈ। ਇਸ ਸਭ ਕੁਝ ਨੂੰ ਲੁਕਾ ਛਪਾ ਕੇ ਨਹੀਂ ਰੱਖਿਆ ਸਗੋਂ ਮੀਡੀਆ ਰਾਹੀਂ ਜ਼ੋਰਦਾਰ ਢੰਗ ਨਾਲ ਪ੍ਰਚਾਰਿਆ ਗਿਆ ਤਾਂ ਜੋ ਪਾਰਟੀ ਦੇ ਨਾਲ-ਨਾਲ ਆਮ ਜਨਤਾ ਵਿਚ ਸਪਸ਼ਟ ਸੁਨੇਹਾ ਜਾ ਸਕੇ। ਚੇਤੇ ਰਹੇ ਕਿ ਐਨæਆਰæਆਈæ ਸੰਮੇਲਨ ਦੌਰਾਨ ਸ਼ ਬਾਦਲ ਨੇ ਸ਼ ਮਜੀਠੀਆ ਨੂੰ ਖਰੀਆਂ-ਖਰੀਆਂ ਸੁਣਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ, ਪਰ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ਮੌਕੇ ਕੀਤੀ ਗਈ ਸਿਆਸੀ ਕਾਨਫਰੰਸ ਵਿਚ ਆਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਦੀ ਖੁੱਲ੍ਹ ਕੇ ਵਡਿਆਈ ਕਰਨ ਦੇ ਨਾਲ ਹੀ ਲੁਕਵੇਂ ਢੰਗ ਨਾਲ ਉਨ੍ਹਾਂ ਨੂੰ ਆਪਣਾ ਜਾਂਨਸ਼ੀਨ ਐਲਾਨ ਕੇ ਸਪਸ਼ਟ ਕਰ ਦਿੱਤਾ ਕਿ ਸਮੱਸਿਆ ਨਵੀਂ ਪੀੜ੍ਹੀ ਦੀ ‘ਨਵੀਂ ਸਿਆਸਤ’ ਨਾਲ ਨਹੀਂ, ਸਗੋਂ ਮਜੀਠੀਆ ਦੇ ਅਚਾਨਕ ਹੋਏ ਉਭਾਰ ਨਾਲ ਹੈ।
ਜ਼ਿਕਰਯੋਗ ਹੈ ਕਿ ਸੂਬੇ ਵਿਚ ਅਕਾਲੀ-ਭਾਜਪਾ ਦੀ ਦੂਜੀ ਵਾਰ ਸਰਕਾਰ ਬਣਨ ਤੋਂ ਬਾਅਦ ਅਕਾਲੀ ਦਲ ਵਿਚ ਇਹ ਚਰਚਾ ਭਾਰੂ ਹੈ ਕਿ ਮਾਝੇ ਵਿਚ ਵੱਡੇ ਆਗੂ ਵਜੋਂ ਉਭਰ ਰਹੇ ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਦਾ ਪਾਰਟੀ ਅੰਦਰ ਤਕੜਾ ਧੜਾ ਖੜ੍ਹਾ ਹੋ ਗਿਆ ਹੈ। ਇਸ ਗਰੁਪ ਵਿਚ ਅੱਧੀ ਦਰਜਨ ਦੇ ਕਰੀਬ ਵਿਧਾਇਕ ਵੀ ਮੰਨੇ ਜਾਂਦੇ ਹਨ। ਇਸ ਤੋਂ ਇਲਾਵਾ ਸਰਕਾਰੀ ਦਫ਼ਤਰਾਂ ਵਿਚ ਵੀ ਸ਼ ਮਜੀਠੀਆ ਦੀ ਹੀ ਤੂਤੀ ਬੋਲਦੀ ਹੈ। ਕੋਈ ਸਿਆਸੀ ਆਗੂ ਵੀ ਆਪਣੇ ਕੰਮ ਵਾਇਆ ਮਜੀਠੀਆ ਕਰਵਾਉਣ ਲੱਗੇ ਹਨ। ਵੱਡੇ ਅਫਸਰ ਵੀ ਸ਼ ਮਜੀਠੀਆ ਦੀ ਹੀ ਹਾਜ਼ਰੀ ਭਰਨ ਲੱਗੇ ਹਨ।
ਪੰਜਾਬ ਵਿਚ ਪਿਛਲੇ ਸਮੇਂ ਦੌਰਾਨ ਜਿਹੜਾ ਲਾਕਾਨੂੰਨੀ ਦਾ ਮਾਹੌਲ ਬਣਿਆ, ਉਹ ਸਭ ਕੁਝ ਅਕਾਲੀ ਦਲ ਤੇ ਸਰਕਾਰ ਵਿਚ ਮਜੀਠੀਏ ਦੀ ਚੜ੍ਹਤ ਹੀ ਸਿੱਟਾ ਹੈ। ਸ਼ ਮਜੀਠੀਆ ਦੀ ਤਾਕਤ ਯੂਥ ਬ੍ਰਿਗੇਡ ਹੈ ਜਿਸ ਵਿਚ ਅਪਰਾਧੀ ਪਿਛੋਕੜ ਵਾਲੇ ਧੜੇ ਵੀ ਸ਼ਾਮਲ ਹਨ। ਇਨ੍ਹਾਂ ਜਰਾਇਮ ਪੇਸ਼ਾ ਲੋਕਾਂ ਦਾ ਸਿਆਸੀ ਸ਼ਹਿ ਹਾਸਲ ਹੋਣ ਤੋਂ ਬਾਅਦ ਹੌਸਲਾ ਕਾਫੀ ਵਧ ਗਿਆ ਹੈ ਤੇ ਉਹ ਕਾਨੂੰਨ ਨੂੰ ਵੀ ਆਪਣੇ ਲਈ ਬੜੀ ਛੋਟੀ ਸ਼ੈਅ ਸਮਝਦੇ ਹਨ। ਸ਼ ਬਾਦਲ ਬੇਸ਼ੱਕ ਪਿਛਲੇ ਦਿਨੀਂ ਵਾਪਰੀਆਂ ਘਟਨਾਵਾਂ ਕਰ ਕੇ ਪਾਰਟੀ ਦੇ ਅਕਸ ਨੂੰ ਲੱਗੇ ਦਾਗ਼ ਤੋਂ ਪ੍ਰੇਸ਼ਾਨ ਹਨ ਪਰ ਉਨ੍ਹਾਂ ਨੂੰ ਸਭ ਤੋਂ ਵੱਡਾ ਫਿਕਰ ਭਵਿੱਖ ਦਾ ਹੀ ਸਤਾ ਰਿਹਾ ਹੈ। ਮਾਘੀ ਦੇ ਇਤਿਹਾਸਕ ਦਿਹਾੜੇ ਮੌਕੇ ਇਸ ਦੀ ਪੁਸ਼ਟੀ ਵੀ ਹੋ ਗਈ। ਉਨ੍ਹਾਂ ਸੁਖਬੀਰ ਸਿੰਘ ਬਾਦਲ ਨੂੰ ਆਪਣਾ ਜਾਂਨਸ਼ੀਨ ਐਲਾਨ ਦਿੱਤਾ। ਉਨ੍ਹਾਂ ਪਹਿਲੀ ਵਾਰੀ ਜਨਤਕ ਤੌਰ ‘ਤੇ ਆਪਣੇ ‘ਗੱਦੀਨਸ਼ੀਨ’ ਦਾ ਇਉਂ ਐਲਾਨ ਕੀਤਾ ਹੈ। ਅਸਲ ਵਿਚ ਪਾਰਟੀ ਅੰਦਰ ਸ਼ ਸੁਖਬੀਰ ਬਾਦਲ ਨੂੰ ਮੁੱਖ ਮੰਤਰੀ ਬਣਾਉਣ ਦੀ ਕਈ ਵਾਰ ਚਰਚਾ ਚੱਲੀ ਪਰ ਸ਼ ਪ੍ਰਕਾਸ਼ ਸਿੰਘ ਬਾਦਲ ਹਮੇਸ਼ਾ ਇਸ ਗੱਲ ਨੂੰ ਟਾਲਦੇ ਆ ਰਹੇ ਸਨ ਪਰ ਪਿਛਲੇ ਦਿਨੀਂ ਅਚਾਨਕ ਸੁਖਬੀਰ ਬਾਦਲ ਨੂੰ ਉਭਾਰਨ ਤੋਂ ਬਾਅਦ ਸਿਆਸੀ ਹਲਕਿਆਂ ਵਿਚ ਨਵੀਂ ਚਰਚਾ ਛਿੜੀ ਹੈ।
ਸ਼ ਬਾਦਲ ਮੁਤਾਬਕ ਸੁਖਬੀਰ ਰਾਜਨੀਤੀ ਦੇ ਖੇਤਰ ਵਿਚ ਉਨ੍ਹਾਂ ਦੇ ਪਾਏ ਨਕਸ਼ੇ ਕਦਮਾਂ ‘ਤੇ ਹੀ ਚੱਲ ਰਿਹਾ ਹੈ। ਪੰਜਾਬ ਵਿਚ ਹਿੰਦੂ-ਸਿੱਖ ਏਕਤਾ ਕਾਇਮ ਰੱਖਣ ਦਾ ਜੋ ਸਿਹਰਾ ਉਨ੍ਹਾਂ ਨੂੰ ਜਾਂਦਾ ਹੈ, ਉਸ ਨੂੰ ਸੁਖਬੀਰ ਵੀ ਕਾਇਮ ਰੱਖੇਗਾ। ਉਨ੍ਹਾਂ ਬੜੇ ਮਾਣ ਨਾਲ ਕਿਹਾ ਕਿ ਅਜਿਹੀ ਪ੍ਰੋੜ੍ਹ ਰਾਜਨੀਤੀ ਦੇ ਲੱਛਣ ਉਨ੍ਹਾਂ ਨੂੰ ਆਪਣੇ ਪੁੱਤਰ ਵਿਚ ਦਿਖਾਈ ਦੇ ਰਹੇ ਹਨ।
ਪੰਜਾਬ ਵਿਚ ਪਿਛਲੇ ਅੱਧੇ ਦਹਾਕੇ ਤੋਂ ਇਹ ਗੱਲ ਚਰਚਾ ਦਾ ਵਿਸ਼ਾ ਰਹੀ ਹੈ ਕਿ ਸੁਖਬੀਰ ਬਾਦਲ ਮੁੱਖ ਮੰਤਰੀ ਵਜੋਂ ਸੂਬੇ ਦੀ ਵਾਗਡੋਰ ਕਦੋਂ ਸੰਭਾਲੇਗਾ। ਪਾਰਟੀ ਵਿਚ ਅਹਿਮ ਅਹੁਦਿਆਂ ‘ਤੇ ਹੁੰਦੇ ਹੋਏ ਸੁਖਬੀਰ ਬਾਦਲ ਸਾਲ 2007 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੂੰ ਸੱਤਾ ਦਿਵਾਉਣ ਤੋਂ ਬਾਅਦ ਪਾਰਟੀ ਦੇ ਪ੍ਰਧਾਨ ਬਣੇ। ਕੁਝ ਸਾਲ ਛੋਟੇ ਬਾਦਲ ਨੇ ਸਰਕਾਰੀ ਅਹੁਦਾ ਨਾ ਹੁੰਦਿਆਂ ਵੀ ‘ਰਾਜ’ ਕੀਤਾ। ਇਸ ਸਮੇਂ ਉਹ ਸੂਬੇ ਦੇ ਉਪ ਮੁੱਖ ਮੰਤਰੀ ਹਨ ਤੇ ਸਰਕਾਰ ਦੇ ਜ਼ਿਆਦਾਤਰ ਮਹੱਤਵਪੂਰਨ ਫੈਸਲੇ ਉਹ ਹੀ ਕਰਦੇ ਹਨ। ਉਨ੍ਹਾਂ ਨੂੰ ਗ੍ਰਹਿ, ਕਰ ਤੇ ਆਬਕਾਰੀ, ਸ਼ਹਿਰੀ ਵਿਕਾਸ ਵਰਗੇ ਮਹੱਤਵਪੂਰਨ ਵਿਭਾਗਾਂ ਸਮੇਤ ਹੋਰ ਕਈ ਵਿਭਾਗਾਂ ਦਾ ਕੰਮ ਦਿੱਤਾ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ ਵਿਚ ਚਰਚਾ ਹੈ ਕਿ ਮੁੱਖ ਮੰਤਰੀ ਨੇ ਅਕਾਲੀ ਦਲ ਵਿਚਲੀ ਦੂਜੀ ਕਤਾਰ ਦੀ ਲੀਡਰਸ਼ਿਪ ਨੂੰ ਸਪੱਸ਼ਟ ਇਸ਼ਾਰਾ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਲੀਡਰ ਹੁਣ ਸੁਖਬੀਰ ਹੀ ਹੋਵੇਗਾ।
————————
ਸੁਖਬੀਰ ਨਾਲ ਕੋਈ ਮੁਕਾਬਲਾ ਨਹੀਂ: ਮਜੀਠੀਆ
ਚੰਡੀਗੜ੍ਹ: ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਾਲੇ ਅਤੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਸਿਆਸਤ ਦੇ ਖੇਤਰ ਵਿਚ ਉਨ੍ਹਾਂ ਦਾ ਸੁਖਬੀਰ ਨਾਲ ਕੋਈ ਮੁਕਾਬਲਾ ਨਹੀਂ ਹੈ। ਇਹ ਗੱਲਾਂ ਮੀਡੀਆ ਅਤੇ ਕੁਝ ਸਿਆਸਤਦਾਨਾਂ ਦੇ ਦਿਮਾਗ ਦੀ ਕਾਢ ਹੈ। ਪਾਰਟੀ ਵਿਚ ਆਪਣਾ ਧੜਾ ਖੜ੍ਹਾ ਕਰਨ ਬਾਰੇ ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਕੋਈ ਬੰਦਾ ਕੰਮ ਕਰੇਗਾ ਤਾਂ ਉਹਦੇ ਨਾਲ ਚਾਰ ਬੰਦੇ ਤਾਂ ਜੁੜਨਗੇ ਹੀ। ਸੁਖਬੀਰ ਸਿੰਘ ਬਾਦਲ ਨੇ ਇਸ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ।

Be the first to comment

Leave a Reply

Your email address will not be published.