ਇਸਲਾਮਾਬਾਦ: ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਬਿਜਲੀ ਪ੍ਰੋਜੈਕਟਾਂ ਲਈ ਰਿਸ਼ਵਤ ਲੈਣ ਦੇ ਮਾਮਲੇ ਵਿਚ ਪ੍ਰਧਾਨ ਮੰਤਰੀ ਰਾਜਾ ਪਰਵੇਜ਼ ਅਸ਼ਰਫ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦੇ ਦਿੱਤਾ ਹੈ। ਇਸ ਹੁਕਮ ਨਾਲ ਦੇਸ਼ ਵਿਚ ਤਾਜ਼ਾ ਸਿਆਸੀ ਸੰਕਟ ਪੈਦਾ ਹੋ ਗਿਆ ਹੈ। ਮੌਲਵੀ ਤਾਹਿਰ-ਉਲ-ਕਾਦਰੀ ਵੱਲੋਂ ਸੂਬਾਈ ਵਿਧਾਨ ਸਭਾਵਾਂ ਤੇ ਸੰਸਦ ਭੰਗ ਕਰਨ ਦੀ ਮੰਗ ਲਈ ਜਾਰੀ ਪ੍ਰਦਰਸ਼ਨ ਝੱਲ ਰਿਹਾ ਪਾਕਿਸਤਾਨ ਸਿਆਸੀ ਬੇਯਕੀਨੀ ਵਿਚ ਘਿਰ ਰਿਹਾ ਹੈ। ਸੰਭਾਵਨਾ ਹੈ ਕਿ ਦੇਸ਼ ਨੂੰ ਇਕ ਸਾਲ ਦੇ ਅੰਦਰ ਦੂਜੇ ਪ੍ਰਧਾਨ ਮੰਤਰੀ ਨੂੰ ਅਹੁਦਾ ਛੱਡਦੇ ਹੋਏ ਦੇਖਣਾ ਪੈ ਸਕਦਾ ਹੈ।
ਪਿਛਲੇ ਸਾਲ ਜੂਨ ਵਿਚ ਯੂਸਫ਼ ਰਜ਼ਾ ਗਿਲਾਨੀ ਦੇ ਅਸਤੀਫੇ ਮਗਰੋਂ ਪ੍ਰਧਾਨ ਮੰਤਰੀ ਬਣਨ ਵਾਲੇ 62 ਸਾਲਾ ਅਸ਼ਰਫ ਉਪਰ ਕੇਂਦਰੀ ਜਲ ਤੇ ਬਿਜਲੀ ਮੰਤਰੀ ਰਹਿੰਦਿਆਂ ਰੈਂਟਲ ਬਿਜਲੀ ਪ੍ਰੋਜੈਕਟਾਂ (ਆਰæਪੀæਪੀæ) ਵਿਚ ਰਿਸ਼ਵਤ ਲੈਣ ਦਾ ਦੋਸ਼ ਹੈ। ਪਾਕਿਸਤਾਨ ਦੀ ਮੌਜੂਦਾ ਸਰਕਾਰ ਮਾਰਚ ਵਿਚ ਪੰਜ ਸਾਲ ਪੂਰੇ ਕਰੇਗੀ ਤੇ ਚੋਣਾਂ ਮਈ ਤੱਕ ਹੋਣੀਆਂ ਹਨ। ਹਾਲੇ ਇਹ ਸਪਸ਼ਟ ਨਹੀਂ ਹੋਇਆ ਕਿ ਅਸ਼ਰਫ ਖ਼ਿਲਾਫ਼ ਸੁਪਰੀਮ ਕੋਰਟ ਦੇ ਹੁਕਮ ਦੇ ਸਿਆਸੀ ਨਤੀਜੇ ਕੀ ਨਿਕਲਣਗੇ ਕਿਉਂਕਿ ਇਹ ਪਹਿਲਾ ਮਾਮਲਾ ਹੈ ਜਦੋਂ ਕਿਸੇ ਭ੍ਰਿਸ਼ਟਾਚਾਰ ਮਾਮਲੇ ਵਿਚ ਪ੍ਰਧਾਨ ਮੰਤਰੀ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਗਏ ਹਨ। ਹੁਣ ਇਹ ਦੇਖਣਾ ਹੈ ਕਿ ਸੱਤਾਧਾਰੀ ਪਾਕਿਸਤਾਨ ਪੀਪਲਜ਼ ਪਾਰਟੀ (ਪੀæਪੀæਪੀæ) ਅਸ਼ਰਫ ਦੀ ਥਾਂ ਕਿਸ ਨੂੰ ਨਵਾਂ ਨੇਤਾ ਚੁਣੇਗੀ।
ਪਿਛਲੇ ਸਾਲ ਮਾਰਚ ਵਿਚ ਸੁਪਰੀਮ ਕੋਰਟ ਨੇ ਸਰਕਾਰ ਵੱਲੋਂ ਰੈਂਟਲ ਬਿਜਲੀ ਪਲਾਟਾਂ ਲਈ ਆਏ ਸਾਰੇ ਟੈਂਡਰ ਗੈਰ-ਕਾਨੂੰਨੀ ਕਰਾਰ ਦੇ ਦਿੱਤੇ ਗਏ ਸਨ ਤੇ ਅਧਿਕਾਰੀਆਂ ਨੂੰ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇਣ ਵਾਲੇ ਅਸ਼ਰਫ ਸਣੇ ਸਾਰੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦਾ ਹੁਕਮ ਦਿੱਤਾ ਸੀ। ਦੇਸ਼ ਦੀ ਮੁੱਖ ਭ੍ਰਿਸ਼ਟਾਚਾਰ ਰੋਕੂ ਏਜੰਸੀ ਕੌਮੀ ਜਵਾਬਦੇਹੀ ਬਿਊਰੋ (ਐਨæਏæਬੀæ) ਨੇ ਹੁਣ ਤੱਕ ਅਦਾਲਤ ਦੇ ਹੁਕਮਾਂ ਉਪਰ ਅਮਲ ਕਰਨ ਤੋਂ ਇਨਕਾਰ ਕੀਤਾ ਸੀ। ਬੈਂਚ ਨੇ ਐਨæਏæਬੀæ ਮੁਖੀ ਫਸੀਹ ਬੁਖਾਰੀ ਖ਼ਿਲਾਫ਼ ਅਦਾਲਤੀ ਮਾਣਹਾਨੀ ਦਾ ਨੋਟਿਸ ਜਾਰੀ ਕੀਤਾ।
——————–
ਕਾਦਰੀ ਵੱਲੋਂ ਹਕੂਮਤ ਖਿਲਾਫ਼ ਐਲਾਨ-ਏ-ਜੰਗ
ਇਸਲਾਮਾਬਾਦ: ਮੌਲਵੀ ਮੁਹੰਮਦ ਤਾਹਿਰ-ਉਲ-ਕਾਦਰੀ ਖੁੱਲ੍ਹ ਕੇ ਹਕੂਮਤ ਵਿਰੁੱਧ ਡਟ ਗਿਆ ਹੈ। ਲੰਘੇ ਦਿਨੀਂ ਉਨ੍ਹਾਂ ਦੇ ਸਮਰਥਕਾਂ ਤੇ ਪੁਲਿਸ ਵਿਚਾਲੇ ਝੜਪਾਂ ਹੋਈਆਂ ਜਿਸ ਦੌਰਾਨ ਪੁਲਿਸ ਨੇ ਹਵਾ ਵਿਚ ਗੋਲੀਆਂ ਚਲਾਈਆਂ, ਹੰਝੂ ਗੈਸ ਛੱਡੀ ਤੇ ਲਾਠੀਚਾਰਜ ਕੀਤਾ ਜਦਕਿ ਕਾਦਰੀ ਦੇ ਸਮਰਥਕਾਂ ਨੇ ਪੁਲਿਸ ਉਪਰ ਪਥਰਾਅ ਕੀਤਾ। ਕਾਦਰੀ ਦੇ ਬੁਲਾਰੇ ਸ਼ਾਹਿਦ ਮੁਰਸਾਲੀਨ ਨੇ ਦਾਅਵਾ ਕੀਤਾ ਹੈ ਕਿ ਹਾਲਾਤ ਉਸ ਸਮੇਂ ਖਰਾਬ ਹੋਏ, ਜਦੋਂ ਪੁਲਿਸ ਨੇ ਕਾਦਰੀ ਨੂੰ ਗ੍ਰਿਫਤਾਰ ਕਰਨ ਦਾ ਯਤਨ ਕੀਤਾ।
ਕਾਦਰੀ ਦੇ ਧੜੇ ਨੇ ਇਹ ਵੀ ਕਿਹਾ ਹੈ ਕਿ ਪੁਲਿਸ ਨੇ ਕਾਦਰੀ ਦੀ ਕਾਰ ਉਪਰ ਵੀ ਗੋਲੀ ਚਲਾਈ ਤੇ ਕਾਰ ਦੇ ਸ਼ੀਸ਼ੇ ਤੋੜਨ ਦਾ ਯਤਨ ਕੀਤਾ। ਭੀੜ ਉਸ ਸਮੇਂ ਪੁਲਿਸ ਪਿੱਛੇ ਭੱਜੀ ਜਦੋਂ ਉਸ ਨੂੰ ਅਹਿਸਾਸ ਹੋਇਆ ਕਿ ਪੁਲਿਸ ਉਨ੍ਹਾਂ ਦੇ ਨੇਤਾ ਕਾਦਰੀ ਉਪਰ ਹਮਲਾ ਕਰਨ ਦੇ ਯਤਨ ਵਿਚ ਹੈ। ਤਹਿਰੀਕ ਮਿਨਹਜ਼-ਉਲ-ਕੁਰਾਨ ਦੇ ਮੁਖੀ ਕਾਦਰੀ ਨੇ ਲੰਘੇ ਦਿਨੀਂ ਇਸਲਾਮਾਬਾਦ ਦੇ ਧੁਰ ਅੰਦਰ ਜਿਨਾਹ ਐਵੇਨਿਊ ਵਿਚ ਹਜ਼ਾਰਾਂ ਲੋਕਾਂ ਨਾਲ ਰੈਲੀ ਕੀਤੀ।
ਇਸ ਮੌਕੇ ਉਨ੍ਹਾਂ ਨੇ ਕੌਮੀ ਤੇ ਪ੍ਰਾਂਤਕ ਅਸੰਬਲੀਆਂ ਭੰਗ ਕਰਨ ਦੀ ਮੰਗ ਕੀਤੀ ਤੇ ਇਸ ਵਾਸਤੇ ਕੁਝ ਘੰਟਿਆਂ ਦਾ ਸਮਾਂ ਦਿੰਦਿਆਂ ਉਨ੍ਹਾਂ ਨੇ ਐਲਾਨ ਕੀਤਾ ਕਿ ਉਹ ਲੋਕਾਂ ਦੇ ਜਮਹੂਰੀ ਇਨਕਲਾਬ ਦੀ ਅਗਵਾਈ ਕਰ ਰਹੇ ਹਨ। ਕਾਦਰੀ ਦੀ ਪਾਰਟੀ ਨੇ ਇਸਲਾਮਾਬਾਦ ਪ੍ਰਸ਼ਾਸਨ ਨਾਲ ਕੌਮੀ ਅਸੰਬਲੀ ਤੋਂ ਕੁਝ ਕਿਲੋਮੀਟਰ ਦੂਰ ਅਮਨ ਪੂਰਵਕ ਪ੍ਰਦਰਸ਼ਨ ਕਰਨ ਦੇ ਸਮਝੌਤੇ ਉਪਰ ਦਸਤਖਤ ਕੀਤੇ ਸਨ, ਪਰ ਬਾਅਦ ਵਿਚ ਅਧਿਕਾਰੀ ਉਸ ਵੇਲੇ ਹੈਰਾਨ ਰਹਿ ਗਏ ਜਦੋਂ ਮੌਲਵੀ ਨੇ ਆਪਣੇ ਸਮਰਥਕਾਂ ਨੂੰ ਰੋਕਾਂ ਹਟਾ ਕੇ ਸੰਸਦ ਨੇੜੇ ਚੌਕ ਵੱਲ ਵਧਣ ਦਾ ਸੱਦਾ ਦੇ ਦਿੱਤਾ। ਕਾਦਰੀ ਨੇ ਪੁਲਿਸ ਦੇ ਜਵਾਨਾਂ ਤੇ ਨੀਮ ਫੌਜੀ ਬਲਾਂ ਨੂੰ ਵੀ ਉਕਸਾਇਆ ਤੇ ਕਿਹਾ ਕਿ ਉਹ ਆਪਣੇ ਅਫਸਰਾਂ ਦਾ ਹੁਕਮ ਮੰਨਣ ਤੋਂ ਨਾਂਹ ਕਰ ਦੇਣ ਜਿਨ੍ਹਾਂ ਅਫਸਰਾਂ ਦੀ ਕਲ੍ਹ ਤੱਕ ਛੁੱਟੀ ਕਰ ਦਿੱਤੀ ਜਾਵੇਗੀ।
—————————
ਚੋਣਾਂ ਵਿਚ ਦੇਰੀ ਬਰਦਾਸ਼ਤ ਨਹੀਂ
ਇਸਲਾਮਾਬਾਦ: ਪ੍ਰਸਿੱਧ ਮੌਲਵੀ ਤਾਹਿਰ-ਉਲ-ਕਾਦਰੀ ਵੱਲੋਂ ਸੰਸਦ ਭੰਗ ਕਰਨ ਤੇ ਨਿਗਰਾਨ ਸਰਕਾਰ ਦਾ ਗਠਨ ਕਰਨ ਦੀ ਕੀਤੀ ਜਾ ਰਹੀ ਮੰਗ ਦੇ ਪਿਛੋਕੜ ਵਿਚ ਪਾਕਿਸਤਾਨ ਦੀ ਸੁਪਰੀਮ ਕੋਰਟ ਤੇ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਇਸ ਸਾਲ ਹੋਣ ਵਾਲੀਆਂ ਆਮ ਚੋਣਾਂ ਵਿਚ ਦੇਰੀ ਨਹੀਂ ਹੋਣੀ ਚਾਹੀਦੀ ਤੇ ਉਹ ਨਿਰਧਾਰਤ ਸਮੇਂ ‘ਤੇ ਹੋਣੀਆਂ ਚਾਹੀਦੀਆਂ ਹਨ। ਮਨੋਨੀਤ ਅਦਾਲਤ ਦੇ ਤਿੰਨ ਜੱਜਾਂ ਦੇ ਬੈਂਚ ਵੱਲੋਂ ਚੋਣ ਸੁਧਾਰਾਂ ਬਾਰੇ ਇਕ ਮਾਮਲੇ ਦੀ ਸੁਣਵਾਈ ਕਰਦਿਆਂ ਮੁੱਖ ਜੱਜ ਇਫਤਿਖਾਰ ਚੌਧਰੀ ਨੇ ਕਿਹਾ ਹੈ ਕਿ ਕਿਸੇ ਦੀ ਵਿਅਕਤੀਗਤ ਕਾਰਵਾਈ ਮਹੱਤਵਪੂਰਨ ਨਹੀਂ ਹੈ ਤੇ ਚੋਣਾਂ ਹਰ ਹਾਲਤ ਵਿਚ ਨਿਸ਼ਚਿਤ ਸਮੇਂ ‘ਤੇ ਹੋਣਗੀਆਂ। ਇਸ ਸਬੰਧੀ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਤੇ ਚੋਣ ਕਮਿਸ਼ਨ ਨੂੰ ਚੋਣਾਂ ਕਰਵਾਉਣ ਲਈ ਤਿਆਰ ਹੋਣਾ ਚਾਹੀਦਾ ਹੈ।
Leave a Reply