ਡਾæ ਗੁਰਨਾਮ ਕੌਰ ਕੈਨੇਡਾ
25 ਫਰਵਰੀ ਦੇ Ḕਪੰਜਾਬੀ ਟ੍ਰਿਬਿਊਨḔ ਵਿਚ ਦਿਲ ਹਿਲਾਉਣ ਵਾਲੀ ਮਨੁੱਖੀ ਦਰਿੰਦਗੀ ਦੀ ਖਬਰ ਛਪੀ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ Ḕਜਾਟ ਰਾਖਵੇਂਕਰਨ ਦੀ ਮੰਗ ਮਨਵਾਉਣ ਲਈ ਚੱਲੇ ਅੰਦੋਲਨ ਦੌਰਾਨ ਮੂਰਥਲ ਵਿਚ ਸੁਖਦੇਵ ਢਾਬੇ ਨੇੜੇ ਅਜਿਹੀ ਦਿਲ ਕੰਬਾਊ ਘਟਨਾ ਘਟੀ ਕਿ ਜਮੂਹਰੀ ਦੇਸ਼ ਦੇ ਵਿਚ ਇਨਸਾਨੀਅਤ ਉਦੋਂ ਸ਼ਰਮਸਾਰ ਹੋ ਗਈ।
ਕੁਝ ਵਿਗੜੇ ਲੋਕਾਂ ਨੇ ਅੰਦੋਲਨ ਦੀ ਆੜ ਵਿਚ ਕੁਝ ਔਰਤਾਂ ਨੂੰ ਅਗਵਾ ਕਰ ਲਿਆ ਅਤੇ ਉਨ੍ਹਾਂ ਦੀ ਇੱਜ਼ਤ ਨੂੰ ਹੱਥ ਪਾ ਲਿਆ।Ḕ ਖਬਰ ਅਨੁਸਾਰ ਉਨ੍ਹਾਂ ਦਰਿੰਦਿਆਂ ਨੇ Ḕਔਰਤਾਂ ਨੂੰ ਨੰਗਿਆਂ ਕਰਕੇ ਖੇਤਾਂ ਵਿਚ ਘੁਮਾਇਆ ਪਰ ਪੁਲਿਸ ਨੇ ਇਨ੍ਹਾਂ ਬੇਬੱਸ ਅਤੇ ਲਾਚਾਰ ਲੋਕਾਂ ਨਾਲ ਸਿਰਫ ਹਮਦਰਦੀ ਪ੍ਰਗਟਾ ਕੇ ਉਨ੍ਹਾਂ ਨੂੰ ਘਰਾਂ ਨੂੰ ਤੋਰ ਦਿੱਤਾ ਅਤੇ ਇਸ ਦਰਿੰਦਗੀ ਦੀ ਘਟਨਾ ਦੇ ਕਿਸੇ ਦੋਸ਼ੀ ਨੂੰ ਫੜਨਾ ਗਨੀਮਤ ਨਹੀਂ ਸਮਝਿਆ। ਪੁਲਿਸ ਨੇ ਇਸ ਭਿਆਨਕ ਘਟਨਾ ਨੂੰ ਸਿਰਫ ਅਫਵਾਹ ਕਹਿ ਕੇ ਪੱਲਾ ਝਾੜ ਲਿਆ।Ḕ
ਇਹ ਖਬਰ Ḕਦਿ ਟ੍ਰਿਬਿਊਨḔ ਦੇ ਪੱਤਰਕਾਰਾਂ ਵੱਲੋਂ ਕੀਤੀ ਖੋਜ-ਪੜਤਾਲ ਅਨੁਸਾਰ ਛਾਪੀ ਗਈ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ 30 ਦੇ ਕਰੀਬ ਬਦਮਾਸ਼ਾਂ ਨੇ, ਜਿਨ੍ਹਾਂ ਕੋਲ ਰਵਾਇਤੀ ਹਥਿਆਰ ਸਨ, ਰਾਜਧਾਨੀ ਵਿਚ ਨਾਕਾ ਲਾ ਕੇ ਉਹ ਵਾਹਨ ਰੋਕੇ ਜਿਨ੍ਹਾਂ ਵਿਚ ਔਰਤਾਂ ਸਨ, ਵਾਹਨਾਂ ਨੂੰ ਅੱਗ ਲਾ ਦਿੱਤੀ ਅਤੇ ਔਰਤਾਂ ਨੂੰ ਖੇਤਾਂ ਵਿਚ ਲੈ ਗਏ। ਕੁਝ ਔਰਤਾਂ, ਜੋ ਉਨ੍ਹਾਂ ਦੇ ਚੁੰਗਲ ਵਿਚੋਂ ਭੱਜਣ ਵਿਚ ਸਫਲ ਹੋ ਗਈਆਂ, ਨੇ ਨੇੜਲੇ ਕਿਸੇ ਢਾਬੇ ਦੀ ਪਾਣੀ ਦੀ ਟੈਂਕੀ ਵਿਚ ਲੁਕ ਕੇ ਆਪਣੇ ਆਪ ਨੂੰ ਬਚਾਇਆ। ਨੇੜਲੇ ਪਿੰਡਾਂ ਹਸਨਪੁਰ ਤੇ ਕੁਰਦ ਦੇ ਲੋਕਾਂ ਨੂੰ ਜਦੋਂ ਪਤਾ ਲੱਗਾ ਤਾਂ ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਨਾਲ ਜਾ ਕੇ ਉਨ੍ਹਾਂ ਨੂੰ ਖੇਤਾਂ ਵਿਚੋਂ ਲੱਭਿਆ, ਕੱਪੜੇ ਤੇ ਕੰਬਲ ਦਿੱਤੇ।
ਮਨੁੱਖੀ ਸ਼ਕਲ ਵਿਚ ਜਾਨਵਰਾਂ ਨੇ ਉਨ੍ਹਾਂ ਔਰਤਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਤੇ ਨੰਗਿਆਂ ਕਰਕੇ ਖੇਤਾਂ ਵਿਚ ਘੁਮਾਇਆ। ਉਹ ਸਰਦੀ ਦੇ ਮੌਸਮ ਵਿਚ ਬਿਨਾ ਕਪੜਿਆਂ ਦੇ ਦੋ ਘੰਟੇ ਤੱਕ ਪਈਆਂ ਰਹੀਆਂ। ਪੁਲਿਸ ਨੇ ਕਹਿਣ ‘ਤੇ ਵੀ ਕੇਸ ਦਰਜ ਨਹੀਂ ਕੀਤਾ। ਇਸ ਕੇਸ ਦੇ ਅੱਗੋਂ ਹੋਰ ਵੀ ਖੁਲਾਸੇ ਹੋਏ ਹਨ ਜੋ ਨਾ ਸਿਰਫ ਸੀਤਾ ਨੂੰ ਮਾਤਾ ਸਮਝ ਕੇ ਪੂਜਾ ਕਰਨ ਵਾਲਿਆਂ ਦੀ ਘਟੀਆ ਮਾਨਸਿਕਤਾ ਦਾ ਪ੍ਰਦਰਸ਼ਨ ਕਰਦੇ ਹਨ ਬਲਕੇ ਸਾਡੇ ਪ੍ਰਸ਼ਾਸਨਕ/ਪ੍ਰਬੰਧਕੀ ਢਾਂਚੇ ਅਤੇ ਪੁਲਿਸ ‘ਤੇ ਵੀ ਉਂਗਲ ਉਠਾਉਂਦੇ ਹਨ ਕਿ ਪ੍ਰਸ਼ਾਸਨ, ਜਿਸ ਨੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਦੀ ਜ਼ਾਮਨੀ ਦੇਣੀ ਹੁੰਦੀ ਹੈ, ਉਹ ਦੁੱਖ/ਮੁਸੀਬਤ ਵੇਲੇ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਥਾਂ ਸਮਾਜ-ਵਿਰੋਧੀ ਅਨਸਰਾਂ ਦਾ ਸਾਥ ਦਿੰਦਾ ਹੈ। ਪ੍ਰਸ਼ਾਸਨ ਨੂੰ ਚਲਾਉਣ ਵਾਲੇ ਕਿਹੋ ਜਿਹੇ ਘਟੀਆ ਜ਼ਹਿਨ ਦੇ ਮਾਲਕ ਹਨ ਅਤੇ ਮੁਲਕ ਦੇ ਬਾਸ਼ਿੰਦਿਆਂ ਖਾਸ ਕਰਕੇ ਔਰਤਾਂ ਪ੍ਰਤੀ ਉਨ੍ਹਾਂ ਦਾ ਕੀ ਰਵੱਈਆ ਹੈ, ਇਹ ਵੀ ਸਪੱਸ਼ਟ ਹੁੰਦਾ ਹੈ।
ਪੁਲਿਸ ਦਾ ਕੰਮ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨਾ ਹੁੰਦਾ ਹੈ, ਨਾ ਕਿ ਮੰਤਰੀਆਂ ਦੀ ਖੁਸ਼ਾਮਦੀ। ਪੁਲਿਸ ਲੋਕਾਂ ਪ੍ਰਤੀ ਕਿੰਨੀ ਕੁ ਸੁਹਿਰਦ ਅਤੇ ਆਪਣੇ ਫਰਜਾਂ ਪ੍ਰਤੀ ਕਿੰਨੀ ਕੁ ਜਿੰਮੇਵਾਰ ਹੈ, ਇਹ ਹਰਿਆਣੇ ਵਿਚ ਖਾਸ ਕਰਕੇ ਮੂਰਥਲ ਦੇ ਆਸ-ਪਾਸ ਵਾਪਰੀਆਂ ਘਟਨਾਵਾਂ ਤੋਂ ਇੱਕ ਵਾਰ ਫਿਰ ਸਪੱਸ਼ਟ ਹੋ ਗਿਆ ਹੈ।
ਹੈਦਰਾਬਾਦ ਕੇਂਦਰੀ ਯੂਨੀਵਰਸਿਟੀ, ਜਵਾਹਰ ਲਾਲ ਨਹਿਰੂ ਯੁਨੀਵਰਸਿਟੀ ਜਾਂ ਹੋਰ ਵਿੱਦਿਅਕ ਅਦਾਰਿਆਂ ਵਿਚ ਨਿਹੱਥੇ ਅਤੇ ਆਪਣੇ ਹੱਕਾਂ ਪ੍ਰਤੀ ਆਵਾਜ਼ ਉਠਾ ਰਹੇ ਵਿਦਿਆਰਥੀਆਂ ਜਾਂ ਜੂਝ ਰਹੇ ਕਿਸਾਨਾਂ ਨੂੰ ਕੁੱਟਣ ਲਈ ਪੁਲਿਸ ਝੱਟ ਪਹੁੰਚ ਜਾਂਦੀ ਹੈ ਪਰ ਹਰਿਆਣਾ ਵਿਚ ਤਿੰਨ ਦਿਨ ਜਿਸ ਤਰ੍ਹਾਂ ਨਿਹੱਥੇ ਲੋਕਾਂ ਨਾਲ ਵਰਤਾਰਾ ਹੁੰਦਾ ਰਿਹਾ ਅਤੇ ਔਰਤਾਂ ਦੀ ਬੇਪੱਤੀ ਕੀਤੀ ਗਈ, ਪੁਲਿਸ ਦੇ ਕੰਨ ‘ਤੇ ਭੋਰਾ ਜੂੰ ਨਹੀਂ ਸਰਕੀ ਬਲਕੇ ਲੋਕਾਂ ਦੇ ਕਹਿਣ ‘ਤੇ ਵੀ ਪੁਲਿਸ ਨੇ ਕੋਈ ਬਹੁੜੀ ਨਹੀਂ ਕੀਤੀ। ਖਬਰਾਂ ਅਨੁਸਾਰ ਸੁਖਦੇਵ ਢਾਬੇ ਦੇ ਮਾਲਕ ਨੇ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਨਾਲ ਲੈ ਜਾ ਕੇ ਗਵਾਹੀ ਵੀ ਦਿੱਤੀ ਪਰ ਪੁਲਿਸ ਨੇ ਇਸ ਨੂੰ ḔਅਫਵਾਹਾਂḔ ਕਹਿ ਕੇ ਟਾਲ ਦਿੱਤਾ। ਸਰਕਾਰੀ ਤੰਤਰ ਆਪਣੇ ਬਚਾਅ ਲਈ ਕਿੰਨਾ ਚੁਸਤ ਹੈ, ਇਸ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ।
ਜਦੋਂ ਟ੍ਰਿਬਿਊਨ ਅਖਬਾਰ ਵਿਚ ਲੱਗੀਆਂ ਖਬਰਾਂ ਤੋਂ ਹਾਈ ਕੋਰਟ ਨੇ ਇਸ ਦਾ ਨੋਟਿਸ ਲਿਆ ਅਤੇ ਜਸਟਿਸ ਨਰੇਸ਼ ਕੁਮਾਰ ਸਾਂਘੀ ਨੇ ਕਿਹਾ ਕਿ ਕਿਸੇ Ḕਪ੍ਰਮੁੱਖ ਜਾਂਚ ਏਜੰਸੀḔ ਤੋਂ ਜਾਂਚ ਕਰਾਉਣ ਦੀ ਲੋੜ ਹੈ, ਕੌਮੀ ਮਹਿਲਾ ਕਮਿਸ਼ਨ ਨੇ ਵੀ ਜਦੋਂ ਇਸ ਘਟਨਾ ਦੀ ਜਾਣਕਾਰੀ ਮਿਲਣ ‘ਤੇ ਆਪਣੀ ਇੱਕ ਮੈਂਬਰ ਰੇਖਾ ਸ਼ਰਮਾ ਨੂੰ ਜਾਂਚ ਕਰਨ ਲਈ ਭੇਜਿਆ ਤਾਂ ਉਸ ਨੇ ਮੂਰਥਲ ਦਾ ਦੌਰਾ ਕੀਤਾ। ਉਸੇ ਵੇਲੇ ਸਰਕਾਰ ਨੂੰ ਆਪਣਾ ਫਿਕਰ ਪੈ ਗਿਆ ਅਤੇ ਸਰਕਾਰ ਦੀ ਚੁਸਤੀ ਵੇਖੋ ਕਿ ਦੁਪਹਿਰ ਢਾਈ ਵਜੇ ਹਰਿਆਣਾ ਦੇ ਵਧੀਕ ਸੈਕਟਰੀ (ਗ੍ਰਹਿ ਵਿਭਾਗ) ਪੀæ ਕੇæ ਦਾਸ ਨੇ ਫਟਾਫਟ ਐਲਾਨ ਠੋਕ ਦਿੱਤਾ ਕਿ ਡੀæ ਜੀæ ਪੀæ ਵਾਈæ ਪੀæ ਸਿੰਘਲ ਨੂੰ ਇਸ ਮਾਮਲੇ ਦੀ ਜਾਂਚ ‘ਤੇ ਲਾ ਦਿੱਤਾ ਹੈ। ਇਸ ਐਲਾਨ ਤੋਂ ਘੰਟੇ ਕੁ ਦੇ ਅੰਦਰ ਹੀ ਇੱਕ ਟੀæ ਵੀæ ਚੈਨਲ ਤੋਂ ਡੀæ ਜੀæ ਪੀæ ਦੇ ਹਵਾਲੇ ਨਾਲ ਖਬਰ ਨਸ਼ਰ ਹੋ ਰਹੀ ਸੀ ਕਿ ਆਈæ ਜੀæ ਪੱਧਰ ਦੇ ਅਧਿਕਾਰੀ ਨੇ ਜਾਂਚ-ਪੜਤਾਲ ਕੀਤੀ ਹੈ ਅਤੇ ਬਲਾਤਕਾਰ ਦੀ ਕੋਈ ਵੀ ਘਟਨਾ ਸਾਹਮਣੇ ਨਹੀਂ ਆਈ।
ਦੂਜੇ ਪਾਸੇ ਲੋਕਾਂ ਪ੍ਰਤੀ ḔਸੁਹਿਰਦḔ ਜ਼ਿਲਾ ਪ੍ਰਸਾਸ਼ਨ ਐਨ ਉਸ ਵੇਲੇ ਜਦੋਂ ਮਹਿਲਾ ਕਮਿਸ਼ਨ ਦੀ ਮੈਂਬਰ ਮੂਰਥਲ ਦਾ ਦੌਰਾ ਕਰ ਰਹੀ ਸੀ, ਆਸ-ਪਾਸ ਦੇ ਪਿੰਡਾਂ ਦੇ ਲੋਕਾਂ, ਜਿਹੜੇ ਇਨ੍ਹਾਂ ਘਟਨਾਵਾਂ ਤੋਂ ਵਾਕਿਫ ਸਨ, ਨੂੰ ਡਰਾ ਧਮਕਾ ਕੇ ਬਿਆਨਾਂ ਤੋਂ ਮੁਕਰਨ ਲਈ ਪ੍ਰੇਰਿਤ ਕਰ ਰਿਹਾ ਸੀ। ਧਮਕੀ ਇਹ ਦਿੱਤੀ ਜਾ ਰਹੀ ਸੀ ਕਿ “ਪੀੜਤ ਪਰਿਵਾਰ ਤਾਂ ਆਪਣੇ ਘਰਾਂ ਨੂੰ ਮੁੜ ਗਏ ਹਨ ਪਰ ਜੇ ਉਹ ਇਨ੍ਹਾਂ ਘਟਨਾਵਾਂ ਪ੍ਰਤੀ ਆਪਣੇ ਮੂੰਹ ਖੋਲ੍ਹਣਗੇ ਤਾਂ ਹੋ ਸਕਦਾ ਹੈ ਉਨ੍ਹਾਂ ਦੇ ਜੁਆਨ ਪੁੱਤਾਂ ਨੂੰ ਜੇਲ੍ਹ ਦੀ ਹਵਾ ਖਾਣੀ ਪਵੇ।”
ਇੱਕ ਢਾਬੇ ਵਾਲੇ ਦੇ ਦੱਸਣ ਅਨੁਸਾਰ ਬਦਮਾਸ਼ਾਂ ਨੇ ਢਾਬੇ ‘ਤੇ ਹਮਲਾ ਕੀਤਾ ਅਤੇ ਪੰਜ ਔਰਤਾਂ ਨੂੰ ਲੈ ਗਏ। ਪੁਲਿਸ ਨੂੰ ਬਾਕਾਇਦਾ ਇਸ ਦੀ ਇਤਲਾਹ ਵੀ ਦਿੱਤੀ ਗਈ ਪਰ ਪੁਲਿਸ ਨੇ ਕਿਸੇ ਦੀ ਗੱਲ ਵੱਲ ਤਵੱਜੋਂ ਨਹੀਂ ਦਿੱਤੀ ਬਲਕੇ ਇੱਕ ਐਸ਼ ਐਚæ ਓæ ਅਤੇ ਡੀæ ਐਸ਼ ਪੀæ ਜਾ ਕੇ ਖੇਤਾਂ ਵਿਚ ਲੁਕੇ ਰਹੇ। ਇਸ ਤਰ੍ਹਾਂ ਦੀਆਂ ਅਨੇਕ ਖਬਰਾਂ ਹੌਲੀ ਹੌਲੀ ਬਾਹਰ ਆ ਰਹੀਆਂ ਹਨ।
ਡੇਰਾ ਬਸੀ ਦੇ ਇੱਕ ਹੋਰ ਕਾਰੋਬਾਰੀ ਨੇ ਆਪਣੀ ਕਹਾਣੀ ਸੁਣਾਈ ਹੈ ਕਿ ਦਿੱਲੀ ਤੋਂ ਕਾਰੋਬਾਰ ਦੇ ਸਿਲਸਿਲੇ ਵਿਚ ਆਪਣੇ ਤਿੰਨ ਹੋਰ ਸਾਥੀਆਂ ਨਾਲ ਆਪਣੀ ਕਾਰ ਵਿਚ ਆਉਂਦਿਆਂ ਕਿਸ ਤਰ੍ਹਾਂ ਉਹ ਮੂਰਥਲ ਦੇ ਨੇੜੇ ਅੰਦੋਲਨ ਦੌਰਾਨ ਫਸ ਗਿਆ ਸੀ। ਜਾਟ ਅੰਦੋਲਨਕਾਰੀ ਥਾਂ-ਥਾਂ ਕਰੇਨਾਂ ਨਾਲ ਦਰਖਤ ਤੋੜ ਕੇ ਕੌਮੀ ਸ਼ਾਹ ਰਾਹ ‘ਤੇ ਜਾਮ ਲਾ ਕੇ ਆਵਾਜਾਈ ਰੋਕ ਰਹੇ ਸਨ। ਪੁਲਿਸ ਦੇ ਕਹਿਣ ‘ਤੇ ਉਹ ਪਿੰਡਾਂ ਦੇ ਰਸਤੇ ਆਉਣ ਦੀ ਕੋਸ਼ਿਸ਼ ਕਰਨ ਲੱਗੇ ਪਰ ਪਿੰਡਾਂ ਵਿਚ ਵੀ ਹਾਲਾਤ ਵਿਗੜਨੇ ਸ਼ੁਰੂ ਹੋ ਗਏ ਸਨ। ਡਰਦਿਆਂ ਉਹ ਫਿਰ ਜੀæ ਟੀæ ਰੋਡ ‘ਤੇ ਮੁੜ ਆਏ ਅਤੇ ਦਵਿੰਦਰ ਕਾਦਿਆਨ ਦੀ Ḕਮੰਨਤ ਹਵੇਲੀḔ ਵਿਚ ਪਨਾਹ ਲੈ ਲਈ। ਇਸ ਹੋਟਲ ਵਿਚ ਤਿੰਨ ਸੌ ਦੇ ਕਰੀਬ ਲੋਕ ਪਨਾਹ ਲਈ ਬੈਠੇ ਸਨ ਜਿਨ੍ਹਾਂ ਵਿਚ ਨੱਬੇ ਪ੍ਰਤੀਸ਼ਤ ਪੰਜਾਬੀ ਸਨ। ਦਵਿੰਦਰ ਭਾਵੇਂ ਆਪ ਵੀ ਜਾਟ ਹੈ ਪਰ ਉਸ ਨੇ ਪਿੰਡ ਤੋਂ ਪੰਜਾਹ ਕੁ ਬੰਦੇ ਬੁਲਾ ਕੇ ਲੋਕਾਂ ਦੀ ਰਾਖੀ ਕੀਤੀ। ਇਸ ਕਾਰੋਬਾਰੀ ਦੇ ਦੱਸਣ ਅਨੁਸਾਰ ਉਸ ਨੇ ਅਤੇ ਉਸ ਦੇ ਸਾਥੀਆਂ ਨੇ ਸੋਨੀਪਤ ਆਪਣੇ ਰਿਸ਼ਤੇਦਾਰਾਂ ਦੇ ਘਰ ਜਾਣ ਦੀ ਕੋਸ਼ਿਸ਼ ਕੀਤੀ ਪਰ ਉਥੋਂ ਦੇ ਜੀਵਨ ਨਗਰ ਵਿਚ ਹਾਲਾਤ ਉਸ ਤੋਂ ਵੀ ਮਾੜੇ ਸਨ। ਅੰਦੋਲਨਕਾਰੀ ਪੰਜਾਬੀਆਂ ਦੀਆਂ ਦੁਕਾਨਾਂ ਨੂੰ ਲੁੱਟਣ ਅਤੇ ਭੰਨ-ਤੋੜ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਉਹ ਫਿਰ ਵਾਪਸ ਆ ਗਏ। ਪੂਰੇ ਤਿੰਨ ਦਿਨ ਤੱਕ ਉਹ Ḕਮੰਨਤ ਹਵੇਲੀḔ ਵਿਚ ਰਹੇ।
ਸੈਂਕੜਿਆਂ ਦੀ ਗਿਣਤੀ ਵਿਚ ਜਾਮ ਵਿਚ ਫਸੇ ਲੋਕਾਂ ਨੇ ਆਸ-ਪਾਸ ਦੇ ਢਾਬਿਆਂ ਵਿਚ ਪਨਾਹ ਲਈ ਹੋਈ ਸੀ। ਅੰਦੋਲਨਕਾਰੀ ਉਨ੍ਹਾਂ ਨੂੰ ਢਾਬਿਆਂ ਤੋਂ ਬਾਹਰ ਕੱਢ ਰਹੇ ਸਨ, ਵਾਹਨ ਫੂਕ ਰਹੇ ਸਨ ਅਤੇ ਔਰਤਾਂ ਨਾਲ ਦੁਰ-ਵਿਵਹਾਰ ਕਰ ਰਹੇ ਸਨ। ਇਹ ਸਾਰੀ ਹੁੱਲੜਬਾਜੀ ਪੂਰੇ ਤਿੰਨ ਦਿਨ ਚਲਦੀ ਰਹੀ। ਜਦੋਂ ਮਿਲਟਰੀ ਆਈ ਤਾਂ ਉਸ ਨੇ ਇਸ ਹਾਲਾਤ ‘ਤੇ ਕਾਬੂ ਪਾਇਆ। ਉਸ ਦੇ ਦੱਸਣ ਅਨੁਸਾਰ ਉਹ ਮਿਲਟਰੀ ਦੀ ਸਹਾਇਤਾ ਨਾਲ ਹੀ ਹਰਿਆਣਾ ਤੋਂ ਪੰਜਾਬ ਦੀ ਹੱਦ ਵਿਚ ਸ਼ਾਮਲ ਹੋਏ। ਕੁਝ ਲੋਕ ਦੁਸ਼ਵਾਰੀਆਂ ਦਾ ਸਾਹਮਣਾ ਕਰਦੇ ਰਹੇ ਅਤੇ ਕੁਝ ਨੇ ਲੋਕ-ਭਲਾਈ ਨੂੰ ਪ੍ਰਣਾਏ ਢਾਬੇ ਵਾਲਿਆਂ ਦੀ ਮਦਦ ਨਾਲ ਜਾਨ ਬਚਾਈ ਰੱਖੀ।
ਸਵਾਲ ਹੈ ਕਿ ਪੂਰੇ ਤਿੰਨ ਦਿਨ ਪੁਲਿਸ ਕਿੱਥੇ ਸੀ ਅਤੇ ਕੀ ਕਰ ਰਹੀ ਸੀ? ਪ੍ਰਸ਼ਾਸਨ ਕਿਸ ਕੁੰਭਕਰਨੀ ਨੀਂਦ ਸੌਂ ਰਿਹਾ ਸੀ? ਉਹ ਕਿਵੇਂ ਮੁਸੀਬਤਾਂ ਵਿਚ ਘਿਰੇ ਲੋਕਾਂ ਦੀ ਹਿਫਾਜ਼ਤ ਕਰਨ ਤੋਂ ਕੰਨੀ ਕਤਰਾਉਂਦੇ ਰਹੇ? ਜਿਸ ਖਜ਼ਾਨੇ ਤੋਂ ਉਨ੍ਹਾਂ ਨੂੰ ਤਨਖਾਹਾਂ ਮਿਲਦੀਆਂ ਹਨ, ਉਹ ਲੋਕਾਂ ਦੀਆਂ ਜੇਬਾਂ ਵਿਚੋਂ ਟੈਕਸ ਦੇ ਰੂਪ ਵਿਚ ਆਉਂਦਾ ਹੈ।
ਜਸਟਿਸ ਅਮਿਤ ਰਾਵਲ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਇਨ੍ਹਾਂ ਘਟਨਾਵਾਂ ਨੇ ਬਟਵਾਰੇ ਦੀ ਯਾਦ ਦੁਆ ਦਿੱਤੀ ਹੈ। ਉਸ ਦਾ ਇਹ ਬਿਆਨ ਸਹੀ ਹੈ ਕਿ ਉਦੋਂ ਵੀ ਇਸੇ ਤਰ੍ਹਾਂ ਔਰਤਾਂ ਦੀਆਂ ਇੱਜ਼ਤਾਂ ਨਾਲ ਖਿਲਵਾੜ ਕੀਤਾ ਗਿਆ ਸੀ, ਲੋਕਾਂ ਨੂੰ ਲੁੱਟਿਆ ਅਤੇ ਸਾੜ-ਫੂਕ ਕੀਤੀ ਗਈ ਸੀ। ਉਦੋਂ ਤਾਂ ਪੁਲਿਸ Ḕਪਾਕਿਸਤਾਨੀ ਪੁਲਿਸḔ ਤੇ Ḕਹਿੰਦੁਸਤਾਨੀ ਪੁਲਿਸḔ ਵਿਚ ਵੰਡੀ ਹੋਈ ਸੀ ਪਰ ਹੁਣ ਤਾਂ ਪੁਲਿਸ ਕਿਸੇ ਦੂਜੇ ਮੁਲਕ ਦੀ ਨਹੀਂ ਸੀ ਸਗੋਂ ḔਆਪਣੀḔ ਸੀ। ਇਹ ਸਾਰਾ ਵਰਤਾਰਾ ਬਟਵਾਰੇ ਦੀ ਯਾਦ ਤਾਂ ਬੇਸ਼ੱਕ ਦੁਆਉਂਦਾ ਹੀ ਦੁਆਉਂਦਾ ਹੈ ਪਰ ਉਸ ਤੋਂ ਵੀ ਵੱਧ 1984 ਦੇ ਦਿੱਲੀ ਵਿਚ ਹੋਏ ਸਿੱਖਾਂ ਦੇ ਕਤਲੇਆਮ ਤੇ ਲੁੱਟ-ਖਸੁੱਟ ਸਮੇਂ ਔਰਤਾਂ ਦੀ ਜੋ ਬੇਪਤੀ ਕੀਤੀ ਗਈ, ਉਸ ਦੇ ਜ਼ਖ਼ਮ ਵੀ ਹਰੇ ਕਰਦਾ ਹੈ ਅਤੇ ਫਰਵਰੀ 2002 ਵਿਚ ਮੋਦੀ ਦੇ ਪ੍ਰਾਂਤ ਗੁਜਰਾਤ ਦੇ ਦੰਗਿਆਂ ਦੀ ਘਿਨਾਉਣੀ ਕਾਰਵਾਈ ਦੀ ਯਾਦ ਵੀ ਤਾਜ਼ਾ ਕਰਾਉਂਦਾ ਹੈ। ਗੁਜਰਾਤ ਦੰਗਿਆਂ ਵੇਲੇ ਵੀ ਗੁਜਰਾਤ ਦੀ ਪੁਲਿਸ ਮੂਕ ਦਰਸ਼ਕ ਬਣ ਕੇ ਸਭ ਕੁਝ ਦੇਖਦੀ ਰਹੀ ਸੀ, ਬਲਕੇ ਦੰਗਾਕਾਰੀਆਂ ਦੀ ਹਰ ਸੰਭਵ ਮਦਦ ਕਰਦੀ ਰਹੀ।
1984 ਵਿਚ ਤਾਂ ਦਿੱਲੀ ਵਿਚ ਜੋ ਕੁਝ ਵਾਪਰਿਆ, ਉਸ ਨੂੰ ਪੁਲਿਸ ਦੀ ਪੂਰੀ ਸ਼ਹਿ ਸੀ; ਪੁਲਿਸ ਸਾਰੇ ਵਰਤਾਰੇ ਵਿਚ ਬਰਾਬਰ ਦੀ ਦੋਸ਼ੀ ਸੀ ਕਿਉਂਕਿ ਸਭ ਕੁਝ ਪੁਲਿਸ ਅਤੇ ਪ੍ਰਸ਼ਾਸਨ ਨੇ ਜਾਣ-ਬੁੱਝ ਕੇ ਕਰਵਾਇਆ ਸੀ। ਫਰਕ ਸਿਰਫ ਏਨਾ ਹੈ ਕਿ ਜਿੱਥੇ ਗੁਜਰਾਤ ਦੰਗਿਆਂ ਵਿਚ ਮੁਸਲਿਮ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ 1984 ਵੇਲੇ ਨਿਸ਼ਾਨਾ ਸਿੱਖ ਭਾਈਚਾਰਾ ਸੀ। ਗੁਜਰਾਤ ਵਿਚ ਬੇਹੁਰਮਤੀ ਮੁਸਲਿਮ ਔਰਤਾਂ ਦੀ ਕੀਤੀ ਗਈ ਅਤੇ ਦਿੱਲੀ ਦੰਗਿਆਂ ਵੇਲੇ ਹਵਸ ਦਾ ਸ਼ਿਕਾਰ ਸਿੱਖ ਬੀਬੀਆਂ ਨੂੰ ਬਣਾਇਆ ਗਿਆ; ਸਾੜ-ਫੂਕ ਸਿੱਖਾਂ ਦੀ ਅਤੇ ਉਨ੍ਹਾਂ ਦੇ ਮਾਲ ਦੀ ਹੋਈ। ਉਥੇ ਹਰਿਆਣਾ ਵਿਚ ਤਿੰਨ ਦਿਨ ਪੂਰਾ ਪੰਜਾਬੀ ਭਾਈਚਾਰਾ ਨਿਸ਼ਾਨੇ ‘ਤੇ ਸੀ। ਜਾਨ-ਮਾਲ ਦਾ ਨੁਕਸਾਨ ਪੰਜਾਬੀ ਭਾਈਚਾਰੇ ਦਾ ਹੋਇਆ ਹੈ। ਭਾਵੇਂ ਹਰਿਆਣਾ ਸਰਕਾਰ ਨੇ ਤਿੰਨ ਮੈਂਬਰੀ ਕਮੇਟੀ ਜਾਂਚ ਕਰਨ ਲਈ ਬਣਾ ਦਿੱਤੀ ਹੈ ਪਰ ਇਸ ਨਾਲ ਕੀ ਹੋਵੇਗਾ? 1984 ਦੇ ਦੰਗਿਆਂ ਲਈ ਅਨੇਕਾਂ ਕਮਿਸ਼ਨ, ਕਮੇਟੀਆਂ ਹੋਂਦ ਵਿਚ ਆਏ, ਇਕੱਤੀ ਸਾਲ ਬੀਤ ਜਾਣ ‘ਤੇ ਵੀ ਸਿੱਟਾ ਕੀ ਨਿਕਲਿਆ? ਵਿਧਵਾਵਾਂ ਉਵੇਂ ਰੁਲ ਰਹੀਆਂ ਹਨ, ਕਿਸੇ ਨੂੰ ਕੋਈ ਇਨਸਾਫ ਨਹੀਂ ਮਿਲਿਆ ਭਾਵੇਂ ਕਈ ਕਮਿਸ਼ਨ ਆਏ ਤੇ ਕਈ ਗਏ। ਕਮਿਸ਼ਨ ਵੀ ਸਰਕਾਰਾਂ ਨੇ ਬਣਾਉਣੇ ਹੁੰਦੇ ਹਨ ਅਤੇ ਜਾਂਚ-ਪੜਤਾਲਾਂ ‘ਤੇ ਕਾਰਵਾਈ ਵੀ ਸਰਕਾਰਾਂ ਨੇ ਕਰਨੀ ਹੁੰਦੀ ਹੈ। ਜੋ ਤੱਥ ਅਖਬਾਰਾਂ ਜ਼ਰੀਏ ਬਾਹਰ ਆ ਰਹੇ ਹਨ, ਉਨ੍ਹਾਂ ਤੋਂ ਪੁਸ਼ਟੀ ਇਸੇ ਗੱਲ ਦੀ ਹੋ ਰਹੀ ਹੈ ਕਿ ਇਹ ਸਭ ਕੁਝ ਪ੍ਰਸ਼ਾਸਕੀ ਢਾਂਚੇ ਅਤੇ ਉਚ-ਅਫਸਰਾਂ ਦੀ ਸ਼ਹਿ ‘ਤੇ ਹੋਇਆ ਜਾਪਦਾ ਹੈ।
ਰਮਾਇਣ ਅਤੇ ਮਹਾਂਭਾਰਤ- ਦੋ ਮਹਾਂ ਕਾਵਿ ਹਨ ਜਿਨ੍ਹਾਂ ਦੀ ਮਾਨਤਾ ਲੋਕ ਮਨਾਂ ਵਿਚ ਸਦੀਆਂ ਬੀਤ ਜਾਣ ‘ਤੇ ਵੀ ਉਵੇਂ ਹੀ ਕਾਇਮ ਹੈ। ਰਮਾਇਣ ਵਿਚ ਰਾਮ ਚੰਦਰ ਨੇਕੀ ਬਲਕੇ Ḕਰਾਮ ਰਾਜḔ ਦਾ ਪ੍ਰਤੀਕ ਹੈ ਅਤੇ ਰਾਵਣ ਬਦੀ ਦਾ ਪ੍ਰਤੀਕ ਹੈ। ਹਰ ਸਾਲ ਉਤਰੀ ਭਾਰਤ ਦੇ ਹਰ ਵੱਡੇ-ਛੋਟੇ ਸ਼ਹਿਰ ਵਿਚ ਦੁਸਹਿਰੇ ਮੌਕੇ ਰਾਵਣ ਦਾ ਬੁੱਤ ਬਣਾ ਕੇ ਉਸ ਨੂੰ ਅੱਗ ਲਾਈ ਜਾਂਦੀ ਹੈ ਕਿ ਉਹ ਬਦੀ ਦਾ ਪ੍ਰਤੀਕ ਹੈ। ਉਸ ਨੇ ḔਸੀਤਾḔ ਨੂੰ ਅਗਵਾਹ ਕੀਤਾ ਸੀ। ਕੀ ਹਜ਼ਾਰਾਂ ਵਰ੍ਹੇ ਬੀਤ ਜਾਣ ‘ਤੇ ਵੀ, ਹਰ ਸਾਲ ਰਾਵਣ ਦਾ ਬੁੱਤ ਫੂਕੇ ਜਾਣ ਨਾਲ ḔਰਾਮḔ ਦੀ ਪੂਜਾ ਕਰਨ ਵਾਲਿਆਂ ਦੇ ਮਨਾਂ ਵਿਚੋਂ Ḕਰਾਵਣ-ਬਿਰਤੀḔ ਖਤਮ ਹੋ ਗਈ ਹੈ? Ḕਰਾਮ ਰਾਜḔ ਦਾ ਰੌਲਾ ਪਾਉਣ ਵਾਲਿਆਂ ਤੋਂ ਪੁੱਛਣਾ ਬਣਦਾ ਹੈ ਕਿ ਕੀ ਅਜਿਹੀ ਬਦ-ਇੰਤਜ਼ਾਮੀ ਨੂੰ ਹੀ Ḕਰਾਮ ਰਾਜḔ ਕਹਿੰਦੇ ਹਨ? ਬੁੱਤ ਫੂਕਣ ਨਾਲ ਜਾਂ ਬੁੱਤ ਪੂਜਣ ਨਾਲ ਮਨ ਅੰਦਰਲੇ ḔਰਾਵਣḔ ਖਤਮ ਨਹੀਂ ਹੋਣੇ ਅਤੇ Ḕਰਾਮ ਰਾਮḔ ਜਪਣ ਨਾਲ ਮਨ ਰਾਮ ਨਹੀਂ ਬਣ ਜਾਣੇ, ਜਦੋਂ ਤੱਕ ਜ਼ਹਿਨੀਅਤ ਨਹੀਂ ਬਦਲਦੀ।
ਮਸਜਿਦਾਂ ਢਾਹ ਕੇ ਰਾਮ ਮੰਦਰ ਉਸਾਰਨ ਨਾਲ ਰਾਮ ਮਨਾਂ ਵਿਚ ਨਹੀਂ ਵੱਸ ਜਾਣਾ, ਉਹ ਤਾਂ ਬੁੱਤ ਬਣ ਕੇ ਮੰਦਰ ਦਾ Ḕਸ਼ਿੰਗਾਰḔ ਹੀ ਬਣਨ ਤੱਕ ਮਹਿਦੂਦ ਕਰ ਦਿੱਤਾ ਗਿਆ ਹੈ। ਸ਼ਿਵਜੀ ਨਾਲ ਪਾਰਬਤੀ ਦੀ, ਰਾਮ ਨਾਲ ਸੀਤਾ ਦੀ ਅਤੇ ਕ੍ਰਿਸ਼ਨ ਨਾਲ ਰਾਧਾ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਦੁਰਗਾ ਦੇ ਸੋਹਲੇ ਵੀ ਗਾਏ ਜਾਂਦੇ ਹਨ, ਭੇਟਾਂ ਗਾਉਂਦਿਆਂ ਨੂੰ ਸਾਹ ਨਹੀਂ ਆਉਂਦਾ ਪਰ ਇਸਤਰੀ ਦੀ ਇੱਜ਼ਤ ਕਰਨੀ ਨਹੀਂ ਆਈ। ਇਸਤਰੀ ਮਹਿਜ਼ ਬੁੱਤ ਬਣਾ ਕੇ ਪੂਜਣ ਜਾਂ ਅੰਦੋਲਨਾਂ ਵੇਲੇ ਹਵਸ ਮਿਟਾਉਣ ਦੀ ਵਸਤੂ ਨਹੀਂ ਹੈ। ਉਹ ਸਤਿਕਾਰਯੋਗ ਜਿਉਂਦਾ ਜਾਗਦਾ ਇਨਸਾਨ ਹੈ। ਸੀਤਾ ਕਿੰਨਾ ਸਮਾਂ ਰਾਵਣ ਦੀ ਹਿਰਾਸਤ ਵਿਚ ਰਹੀ, ਸੀਤਾ ਵੱਲੋਂ ਉਸ ਦੇ ਪ੍ਰਸਤਾਵ ਨੂੰ ਠੁਕਰਾ ਦੇਣ ‘ਤੇ ਵੀ ਉਸ ਨੇ ਸੀਤਾ ਦਾ ਨਿਰਾਦਰ ਨਹੀਂ ਕੀਤਾ। ਦੂਸਰੇ ਪਾਸੇ Ḕਰਾਮ ਬਿਰਤੀḔ ਹੈ ਜਿਸ ਤਹਿਤ ਰਾਵਣ ਦੀ ਕੈਦ ਵਿਚੋਂ ਆਉਣ ‘ਤੇ ਸੀਤਾ ਨੂੰ ਅਗਨੀ-ਪ੍ਰੀਖਿਆ ਦੇਣੀ ਪਈ ਅਤੇ ਵਾਪਸ ਆ ਕੇ ਇੱਕ ਧੋਬੀ ਦੇ ਮਿਹਣੇ ਤੋਂ ਗਰਭਵਤੀ ਹੋਣ ਵਰਗੀ ਨਾਜ਼ੁਕ ਹਾਲਤ ਵਿਚ ਹੁੰਦਿਆਂ ਵੀ ਉਸ ਨੂੰ ਘਰੋਂ ਕੱਢ ਦਿੱਤਾ ਜਾਂਦਾ ਹੈ। ਇਹੋ ਜਿਹੇ ਦਵੰਧ ਨੂੰ ਹੰਢਾਉਣ ਵਾਲੀ ਮਾਨਸਿਕਤਾ ਤੋਂ ਕਿਸੇ ਚੰਗਿਆਈ ਦੀ ਆਸ ਕਿਵੇਂ ਕੀਤੀ ਜਾਵੇ? ਇਹ ਵੀ ਇੱਕ ਸਵਾਲ ਬਣਦਾ ਹੈ ਜਿਸ ਦਾ ਉਤਰ ਲੱਭਣਾ ਪੈਣਾ ਹੈ।