ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਇਕ ਪਰਵਾਸੀ ਟੀæਵੀæ ਚੈਨਲ ‘ਤੇ ਸਿੱਖ ਧਰਮ ਨਾਲ ਸਬੰਧਤ ਕਿਸੇ ਇਤਿਹਾਸਕ ਦਿਹਾੜੇ ਉਤੇ ਟਾਕ ਸ਼ੋਅ ਚੱਲ ਰਿਹਾ ਸੀ। ਪ੍ਰੋਗਰਾਮ ਦੇ ਪੇਸ਼ਕਾਰ, ਸਿੱਖ ਸਕਾਲਰ ਨੇ ਦਿਨੋ-ਦਿਨ ਵਧਦੇ ਜਾ ਰਹੇ ਬਾਬਾ-ਵਾਦ ਦੀ ਨਿਖੇਧੀ ਹਿੱਤ ਬਾਬੇ ਬਕਾਲੇ ਦੀਆਂ ਮੰਜੀਆਂ ਵਾਲਾ ਇਤਿਹਾਸਕ ਬਿਰਤਾਂਤ ਸੁਣਾਇਆ। ਪੰਜ ਸੌ ਦੀ ਥਾਂ ਹਰ ਗੱਦੀਦਾਰ ਮੂਹਰੇ ਪੰਜ-ਪੰਜ ਮੋਹਰਾਂ ਦਾ ਮੱਥਾ ਟੇਕਣ ਵਾਲੇ ਭਾਈ ਮੱਖਣ ਸ਼ਾਹ ਦਾ ਨਾਂ ਕਈ ਵਾਰ ਲੈ ਕੇ ਸਕਾਲਰ ਨੇ ਦੱਸਿਆ ਕਿ ਕਿਵੇਂ ਉਸ ਨੇ ਨੌਵੇਂ ਗੁਰੂ ਜੀ ਨਾਲ ਮਿਲਾਪ ਹੋਣ ‘ਤੇ ਕੋਠੇ ਚੜ੍ਹ ਕੇ ਰੌਲਾ ਪਾਇਆ ਕਿ ਭਾਈ ਸੰਗਤੇ!
ਆਹ ਬਾਈ ਮੰਜੀਆਂ ਲਾ ਕੇ ਮੱਥੇ ਟਿਕਾਉਣ ਵਾਲੇ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਨਹੀਂ ਹਨ। ‘ਗੁਰੂ ਲਾਧੋ ਰੇ’ ਦਾ ਹੋਕਾ ਦਿੰਦਿਆਂ ਉਸ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਿੱਖ ਜਗਤ ਦਾ ਨੌਵਾਂ ਤੇ ਅਸਲ ਗੁਰੂ ਐਲਾਨਿਆ।
ਪ੍ਰੋਗਰਾਮ ਪੇਸ਼ ਕਰਤਾ ਨੇ ਆਪਣਾ ਵਿਖਿਆਨ ਸਮਾਪਤ ਕਰਦਿਆਂ ਭਾਈ ਮੱਖਣ ਸ਼ਾਹ ਵਾਲੀ ਬਿਰਤੀ ਅਪਨਾਉਣ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਨੂੰ ਵੀ ਤਰ੍ਹਾਂ-ਤਰ੍ਹਾਂ ਦੇ ਸੰਤ-ਬਾਬਿਆਂ ਮਗਰ ਭੱਜਣ ਦੀ ਥਾਂ, ਸ਼ਬਦ ਗੁਰੂ ਦੇ ਆਗਿਆਕਾਰ ਬਣਨਾ ਚਾਹੀਦਾ ਹੈ। ਪ੍ਰਚਲਿਤ ਰੁਟੀਨ ਮੁਤਾਬਕ ਪ੍ਰੋਗਰਾਮ ਪੇਸ਼ ਕਰਤਾ ਨੇ ਦੱਸਿਆ ਕਿ ਪਿਆਰੇ ਦਰਸ਼ਕੋ! ਹੁਣ ਮੈਂ ਟੈਲੀਫੋਨ ਦੀਆਂ ਲਾਈਨਾਂ ਖੋਲ੍ਹ ਦਿੱਤੀਆਂ ਹਨ, ਤੁਸੀਂ ਵੀ ਅੱਜ ਦੇ ਵਿਸ਼ੇ ਮੁਤੱਲਕ ਆਪਣੇ ਵਿਚਾਰ ਦੇ ਸਕਦੇ ਹੋ।
ਪਹਿਲਾ ਹੀ ‘ਕਾਲਰ’ ਬੋਲਿਆ, “ਜੀ ਬਾਕੀ ਤਾਂ ਆਪ ਨੇ ਬਹੁਤ ਵਧੀਆ ਦੱਸਿਆ ਹੈ, ਪਰ ਤੁਸੀਂ ਇਕ ਗਲਤੀ ਕਈ ਵਾਰ ਕੀਤੀ ਹੈ।”
“ਇਨਸਾਨ ਗਲਤੀਆਂ ਦਾ ਪੁਤਲਾ ਹੈ ਜੀ, ਪਰ ਤੁਸੀਂ ਦੱਸ ਦਿਓ ਕ੍ਰਿਪਾ ਕਰ ਕੇ, ਕਿਹੜੀ ਗਲਤੀ ਹੋਈ ਐ ਮੇਰੇ ਕੋਲੋਂ?” ਪੇਸ਼ਕਾਰ ਨੇ ਪੁੱਛਿਆ।
“ਤੁਸੀਂ ਭਾਈ ਮੱਖਣ ਸ਼ਾਹ ‘ਲੁਬਾਣਾ’ ਕਿਉਂ ਨਹੀਂ ਕਿਹਾ?æææ ਤੁਹਾਨੂੰ ਪਤਾ ਨਹੀਂ ਕਿ ਭਾਈ ਮੱਖਣ ਸ਼ਾਹ ਲੁਬਾਣਾ ਜੀ ਦੇ ਨਾਂ ‘ਤੇ ਅਨੇਕਾਂ ਸਭਾ-ਸੰਸਥਾਵਾਂ ਬਣੀਆਂ ਹੋਈਆਂ ਹਨ ਜਿਨ੍ਹਾਂ ਦਾ ਪੰਥ ਵਿਚ ਬਹੁਤ ਮਾਣ-ਸਤਿਕਾਰ ਹੈ।”
ਪ੍ਰੋਗਰਾਮ ਪੇਸ਼ਕਾਰ ਨੇ ਬੜੇ ਢੁਕਵੇਂ ਲਫ਼ਜ਼ਾਂ ਵਿਚ ਜਵਾਬ ਤਾਂ ਦੇ ਦਿੱਤਾ, ਪਰ ਸਮਾਪਤੀ ਉਪਰੰਤ ਜਦੋਂ ਮੈਂ ਕਾਲ ਕਰ ਕੇ ‘ਆਫ ਦਿ ਏਅਰ’ ਉਸ ਸਕਾਲਰ ਨਾਲ ਜਾਤ-ਪਾਤ ‘ਤੇ ਅਟਕੀ ਹੋਈ ਸਿੱਖ ਸੋਚ ਬਾਰੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ, ਤਦ ਉਹ ਵਿਅੰਗ ਵਾਲੀ ਸੁਰ ਵਿਚ ਕਹਿਣ ਲੱਗਾ, “ਭਾਈ ਸਾਹਿਬ! ਬਾਕੀ ਦਾ ਪ੍ਰੋਗਰਾਮ ਕਰਦਿਆਂ ਮੈਨੂੰ ਤਾਂ ਇਹੀ ਫਿਕਰ ਲੱਗਾ ਰਿਹਾ ਕਿ ਕੋਈ ਸਿੱਖ ਭਰਾ ਮੈਨੂੰ ਇਹ ਨਾ ਫੋਨ ਕਰ ਦੇਵੇ ਕਿ ਤੁਸੀਂ ਗੁਰੂ ਤੇਗ ਬਹਾਦਰ ਜੀ ਨੂੰ ਗੁਰੂ ਤੇਗ ਬਹਾਦਰ ਸੋਢੀ ਕਿਉਂ ਨਹੀਂ ਕਿਹਾ!”
ਸਤੰਬਰ 2015 ਵਿਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿਰਸੇ ਵਾਲੇ ਸਾਧ ਦਾ ਮੁਆਫ਼ੀਨਾਮਾ ਪ੍ਰਵਾਨ ਹੋਣ ‘ਤੇ ਸਿੱਖ ਪੰਥ ਵਿਚ ਉਪਰੋਥਲੀ ਕਈ ਤਰ੍ਹਾਂ ਦੀਆਂ ਅਣ-ਸੁਖਾਵੀਆਂ ਘਟਨਾਵਾਂ ਵਾਪਰੀਆਂ। ਤਖਤਾਂ ਦੇ ਜਥੇਦਾਰਾਂ ਖਿਲਾਫ ਤਕੜਾ ਵਿਦਰੋਹ ਖੜ੍ਹਾ ਹੋਇਆ। ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾਉਣ ਵਾਲੇ ਪੰਜ ਪਿਆਰਿਆਂ ਨੇ ਗੁਰਮਤਾ ਕਰ ਕੇ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੱਤਾ ਕਿ ਉਹ ਸਾਧ ਮੁਆਫੀਨਾਮਾ ਵਾਲੇ ਕਾਂਡ ਵਿਚ ਸ਼ਾਮਲ ਜਥੇਦਾਰਾਂ ਨੂੰ ਫੌਰਨ ਵਿਹਲੇ ਕਰ ਕੇ ਘਰਾਂ ਨੂੰ ਤੋਰੇ, ਇਨ੍ਹਾਂ ਦੀ ਜਗ੍ਹਾ ਨਵੇਂ ਸਿੰਘ ਸਾਹਿਬਾਨ ਨਿਯੁਕਤ ਕੀਤੇ ਜਾਣ। ਸਾਰਾ ਸਿੱਖ ਜਗਤ ਇਹ ਹੁਕਮ ਜਾਰੀ ਕਰਨ ਵਾਲੇ ਪੰਜਾਂ ਪਿਆਰਿਆਂ ਦੀ ਹਮਾਇਤ ਵਿਚ ਆ ਨਿੱਤਰਿਆ, ਪਰ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਉਲਟਾ ਇਨ੍ਹਾਂ ਪੰਜ ਪਿਆਰਿਆਂ ਨੂੰ ਹੀ ਡਿਊਟੀ ਤੋਂ ਫਾਰਗ ਕਰ ਦਿੱਤਾ।
ਇਸ ਹੈਂਕੜ ਕਾਰਨ ਸਿੱਖ ਜਗਤ ਵਿਚ ਹੋਰ ਗੁੱਸਾ ਭੜਕ ਪਿਆ। ਥਾਂ-ਥਾਂ ਇਨ੍ਹਾਂ ਪੰਜ ਪਿਆਰਿਆਂ ਨੂੰ ਸਨਮਾਨਤ ਕੀਤਾ ਜਾਣ ਲੱਗ ਪਿਆ। ਚੰਡੀਗੜ੍ਹ ਵਿਚ ਹੋਏ ਅਜਿਹੇ ਹੀ ਸਨਮਾਨ ਸਮਾਰੋਹ ਮੌਕੇ ਸੰਗਤ ਨੇ ਪੰਜਾਂ ਪਿਆਰਿਆਂ ਨੂੰ ਨਵੀਂ ਇਨੋਵਾ ਕਾਰ ਭੇਟ ਕਰ ਦਿੱਤੀ। ਇਸ ਸਮਾਗਮ ਦੀ ਖਬਰ ਫੋਟੋ ਸਮੇਤ ਸਾਰੀਆਂ ਅਖਬਾਰਾਂ ਵਿਚ ਛਪੀ। ਫੋਟੋ ਵਿਚ ਕਈ ਸਿੱਖ, ਪੰਜਾਂ ਪਿਆਰਿਆਂ ਨੂੰ ਕਾਰ ਦੀਆਂ ਚਾਬੀਆਂ ਸੌਂਪਦੇ ਨਜ਼ਰ ਆ ਰਹੇ ਸਨ।
ਸਮੁੱਚੇ ਪੰਥ ਵੱਲੋਂ ਇਹ ਮਾਣ-ਸਤਿਕਾਰ ਨਾਲ ਪੜ੍ਹੀ-ਸੁਣੀ ਜਾਣ ਵਾਲੀ ਅਹਿਮ ਖਬਰ ਸਮਝ ਕੇ ਮੈਂ ਇਸ ਨੂੰ ਆਪਣੇ ਫੇਸਬੁੱਕ ਪੇਜ ਉਤੇ ਚਾੜ੍ਹ ਦਿੱਤਾ। ਉਤੇ ਸਿਰਲੇਖ ਲਿਖ ਦਿੱਤਾ ਕਿ ਚੰਡੀਗੜ੍ਹ ਦੀ ਸੰਗਤ ਨੇ ਪੰਜਾਂ ਪਿਆਰਿਆਂ ਨੂੰ ਧਰਮ ਪ੍ਰਚਾਰ ਲਈ ਨਵੀਂ ਗੱਡੀ ਭੇਟ ਕੀਤੀ। ਮੇਰੀ ਲਿਖੀ ਇਸ ‘ਸੁਰਖੀ’ ਦੀ ਤਰਦੀਦ ਵਜੋਂ ਇਕ ਸੱਜਣ ਨੇ ਕੁਮੈਂਟ ਕੀਤਾ, “ਲਿਖੀ ਹੋਈ ਜਾਣਕਾਰੀ ਦਰੁਸਤ ਕਰੋ ਜੀæææ ਪੰਜਾਂ ਪਿਆਰਿਆਂ ਨੂੰ ਗੱਡੀ ‘ਸਾਡੀ ਜਥੇਬੰਦੀ’ (ਉਸ ਨੇ ਆਪਣੀ ਜਥੇਬੰਦੀ ਦਾ ਨਾਂ ਲਿਖਿਆ) ਨੇ ਭੇਟ ਕੀਤੀ ਹੈ ਜੀæææ ਫੋਟੋ ਧਿਆਨ ਨਾਲ ਦੇਖੋ, ‘ਸਾਡੇ ਸਿੰਘ’ ਚਾਬੀਆਂ ਫੜਾ ਰਹੇ ਸਾਫ ਨਜ਼ਰ ਆ ਰਹੇ ਹਨ।”
ਸਿੱਖ ਸ਼ਰਧਾਲੂਆਂ ਨਾਲ ਭਰੀ ਹੋਈ ਡੀ-ਲਕਸ ਬੱਸ ਦਿੱਲੀਓਂ ਪੰਜਾਬ ਨੂੰ ਚੱਲ ਪਈ। ਇਸ ਵਿਚ ਸਵਾਰ ਸਾਰੇ ਸਿੱਖ, ਜਲੰਧਰ ਲਾਗਲੇ ਸੰਤ ਦੇ ਸ਼ਰਧਾਲੂ ਹੀ ਸਨ, ਪਰ ਬੱਸ ਦੀਆਂ ਕੁਝ ਖਾਲੀ ਰਹਿੰਦੀਆਂ ਸੀਟਾਂ ਭਰਨ ਲਈ ਇਨ੍ਹਾਂ ਸੰਤ ਸੇਵਕਾਂ ਨੇ ਆਪਣੇ ਕੁਝ ਹੋਰ ਦੋਸਤ, ਪਰਿਵਾਰਾਂ ਸਮੇਤ ਨਾਲ ਜਾਣ ਲਈ ਤਿਆਰ ਕਰ ਲਏ ਜੋ ਪੰਜਾਬ ਦੇ ਸੈਰ-ਸਪਾਟੇ ਹਿੱਤ ਨਾਲ ਚੱਲੇ ਹੋਏ ਸਨ। ਨਿਰਧਾਰਤ ਸਮੇਂ ‘ਤੇ ਇਹ ਬੱਸ ਜਲੰਧਰ ਲਾਗੇ ਸੰਤ ਦੇ ਡੇਰੇ ਪਹੁੰਚ ਗਈ।
ਇਕ ਰਾਤ ਤੇ ਇਕ ਦਿਨ ਇਨ੍ਹਾਂ ਨੇ ਸੰਤ ਦੇ ਡੇਰੇ ਵਿਚ ਹੋਏ ਸੰਤ ਸਮਾਗਮ ਦਾ ਖੂਬ ਅਨੰਦ ਮਾਣਿਆ। ਦੂਜੇ ਦਿਨ ਸ਼ਾਮ ਦੀ ਵਾਪਸੀ ਮੌਕੇ ਇਨ੍ਹਾਂ ਸੰਤ ਸ਼ਰਧਾਲੂਆਂ ਨਾਲ ਆਏ ਹੋਏ ਦੂਸਰੇ ਦੋਸਤਾਂ ਨੇ ਇਨ੍ਹਾਂ ਅੱਗੇ ਮਸ਼ਵਰਾ ਰੱਖਿਆ ਕਿ ਆਪਾਂ ਸਬੱਬੀਂ ਪੰਜਾਬ ਆਏ ਹੋਏ ਹਾਂ, ਘਰਾਂ ਵਿਚੋਂ ਕਿਥੇ ਨਿਕਲ ਹੁੰਦਾ ਹੈ, ਕਿਉਂ ਨਾ ਲਗਦੇ ਹੱਥ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਯਾਤਰਾ ਵੀ ਕਰ ਆਈਏ? ਆਹ ਲਾਗੇ ਹੀ ਤਾਂ ਹੈ। ਇਸ ਮਸ਼ਵਰੇ ਦਾ ਸੰਤ ਸੇਵਕਾਂ ਨੇ ਕੋਈ ਹਾਂ-ਮੁਖੀ ਹੁੰਗਾਰਾ ਨਾ ਭਰਿਆ, ਪਰ ਜਦੋਂ ਦੋਸਤਾਂ ਨੇ ਜ਼ੋਰ ਪਾ ਕੇ ਦੁਬਾਰਾ ਕਿਹਾ ਤਾਂ ਸ਼ਰਧਾਲੂ ਕਹਿੰਦੇ ਕਿ ਅੰਮ੍ਰਿਤਸਰ ਜਾਣ ਦਾ ਤਾਂ ਕੋਈ ਹਰਜ ਨਹੀਂ, ਪਰ ‘ਸਾਡੇ ਸੰਤ’ ਕਿਹਾ ਕਰਦੇ ਨੇ, ਭਾਈ ਜਿਸ ਅਸਥਾਨ ਦੀ ਯਾਤਰਾ ਕਰਨ ਘਰੋਂ ਮਿੱਥ ਕੇ ਤੁਰੋ, ਉਥੋਂ ਹੀ ਵਾਪਸ ਘਰੇ ਮੁੜ ਜਾਓ! ਰਾਹੀਂ-ਬਾਗੀਂ ਹੋਰ ਦੀਆਂ ਹੋਰ ਸਲਾਹਾਂ ਨਹੀਂ ਬਣਾਉਣੀਆਂ ਚਾਹੀਦੀਆਂ!
ਅੰਮ੍ਰਿਤਸਰ ਜਾਣ ਦੇ ਇੱਛਕ ਸਿੱਖ ਬੜੇ ਹੈਰਾਨ ਹੋਏ ਕਿ ਇਹ ਕੈਸਾ ਫੁਰਮਾਨ ਹੋਇਆ? ਦੋਹਾਂ ਧਿਰਾਂ ਵਿਚਾਲੇ ਵਿਚਾਰ-ਵਟਾਂਦਰਾ ਹੁੰਦਾ ਰਿਹਾ। ਆਖਰ ਫੈਸਲਾ ਹੋਇਆ ਕਿ ਅੰਮ੍ਰਿਤਸਰ ਜਾਣ ਵਾਲੇ ਅਭਿਲਾਸ਼ੀਆਂ ਨੂੰ ਨਾਲ ਲੈ ਕੇ ਸ਼ਰਧਾਲੂ-ਜਨ, ਸੰਤ ਜੀ ਤੋਂ ਇਜਾਜ਼ਤ ਲੈਣ ਜਾਣ, ਪਰ ਨਾਲ ਸ਼ਰਤ ਇਹ ਲਾਈ ਗਈ ਕਿ ਮਹਾਂਪੁਰਸ਼ ਜੋ ਆਦੇਸ਼ ਦੇਣ, ਉਸ ਨੂੰ ਸਿਰ ਮੱਥੇ ਮੰਨਿਆ ਜਾਵੇਗਾ ਤੇ ਕਿਸੇ ਤਰ੍ਹਾਂ ਦਾ ਵਾਦ-ਵਿਵਾਦ ਨਹੀਂ ਕੀਤਾ ਜਾਵੇਗਾ।
ਗਲਾਂ ਵਿਚ ਚਿੱਟੇ ਪਰਨੇ ਪਾ ਕੇ ਸ਼ਰਧਾਲੂ-ਜਨ, ਸੰਤ ਦੇ ਕਮਰੇ ਵਿਚ ਜਾ ਹਾਜ਼ਰ ਹੋਏ। ਉਸ ਵਿਸ਼ੇਸ਼ ਕਮਰੇ ਵਿਚ ਹੋਰ ਵੀ ਕਈ ਸੇਵਕ ਆਪੋ-ਆਪਣੀਆਂ ਸਮੱਸਿਆਵਾਂ ਦਾ ਸਮਾਧਾਨ ਕਰਾਉਣ ਲਈ ਸੰਤ ਮੂਹਰੇ ਹੱਥ ਬੰਨ੍ਹੀ ਬੈਠੇ ਹੋਣ ਕਰ ਕੇ ਕਾਫੀ ਦੇਰ ਬਾਅਦ ਦਿੱਲੀ ਦੀ ਸੰਗਤ ਨੂੰ ਆਵਾਜ਼ ਪਾਈ। ਵਾਰ-ਵਾਰ ਹੱਥ ਘੁੱਟਦਿਆਂ ਦੱਬਵੀਂ ਜਿਹੀ ਸੁਰ ਵਿਚ ਡੇਰਾ ਸੇਵਕਾਂ ਨੇ ਆਪਣੇ ਨਾਲਦਿਆਂ ਵੱਲ ਹੱਥ ਕਰ ਕੇ ਬਾਬਾ ਜੀ ਨੂੰ ਪੁੱਛਿਆ ਕਿ ‘ਇਹ’ ਜਾਣਾ ਚਾਹੁੰਦੇ ਨੇ ਅੰਮ੍ਰਿਤਸਰ!
ਕਾਲੀਆਂ ਐਨਕਾਂ ਲਾਈ ਬੈਠੇ ਬਾਬਾ ਜੀ ਨੇ ਪਹਿਲਾਂ ਤਾਂ ਦਾੜ੍ਹੀ ‘ਤੇ ਹੱਥ ਫੇਰਦਿਆਂ ਚਿੱਟੇ-ਚਿੱਟੇ ਦੰਦ ਕੱਢ ਕੇ ਹੱਸਦਾ ਹੋਣ ਦਾ ਭਰਮ ਜਿਹਾ ਪਾਇਆ, ਫਿਰ ਰਤਾ ਖਰ੍ਹਵੀ ਜਿਹੀ ਟੋਨ ਵਿਚ ਬੋਲੇ, “ਜਾਓ ਭਾਈ, ਜਾਓ, ਜਿਥੇ ਮਰਜ਼ੀ ਜਾਓæææ ਇਹ ਮਤਲਬ ਮਹਾਰਾਜ਼ææ ਸਿੰਘ ਜੀ (ਉਸ ਡੇਰੇ ਦੇ ਵੱਡੇ ਸੰਤ ਦਾ ਨਾਂ) ਦੇ ਅਸਥਾਨ ‘ਤੇ ਆ ਕੇ ਤੁਹਾਡੀ ਕੋਈ ਮਨੋ-ਕਾਮਨਾ ਪੂਰੀ ਹੋਣੋਂ ਰਹਿ ਗਈ ਹੋਵੇਗੀ?”
ਬਾਬਿਆਂ ਮੂੰਹੋਂ ਇੰਨੀ ਗੱਲ ਨਿਕਲਣ ਦੀ ਦੇਰ ਸੀ ਕਿ ਸੰਤ ਸੇਵਕ ਮੱਥਾ ਟੇਕਦੇ ਹੋਏ ਇਉਂ ਗਿੜਗਿੜਾਉਣ ਲੱਗ ਪਏ, ਜਿਵੇਂ ਕਿਤੇ ਉਨ੍ਹਾਂ ਪਾਸੋਂ ਕੋਈ ਬਹੁਤ ਭਾਰੀ ਅਵੱਗਿਆ ਹੋ ਗਈ ਹੋਵੇ। ਵਾਰ-ਵਾਰ ਖਿਮਾ-ਜਾਚਨਾ ਕਰਦਿਆਂ ਸੰਤਾਂ ਕੋਲੋਂ ਦਿੱਲੀ ਵਾਪਸੀ ਦੀ ਇਜਾਜ਼ਤ ਮੰਗੀ। ਡੇਰੇ ਦੀ ‘ਬੰਨ੍ਹੀ ਹੋਈ ਮਰਿਆਦਾ’ ਦੀ ਜਿੱਤ ਹੋਈ ਸਮਝਦਿਆਂ, ਮੰਦ-ਮੰਦ ਮੁਸਕਾਉਂਦੇ ਸੰਤ ਨੇ ਨਿੱਕੀ ਲੈਚੀ ਅਤੇ ਮਿਸ਼ਰੀ ਦੀਆਂ ਪੁੜੀਆਂ ‘ਵਾਪਸੀ ਦੀ ਆਗਿਆ’ ਵਜੋਂ ਚਰਨ ਸੇਵਕਾਂ ਦੇ ਹੱਥ ਫੜਾਈਆਂ। ਅੰਮ੍ਰਿਤਸਰ ਯਾਤਰਾ ਅਭਿਲਾਸ਼ੀ ਸੱਜਣ ਡੌਰ-ਭੌਰ ਹੋਏ ਇਹ ਸਾਰਾ ਨਾਟਕ ਦੇਖ-ਦੇਖ ਹੈਰਾਨ ਹੁੰਦੇ ਰਹੇ।
ਪ੍ਰੋæ ਮੋਹਨ ਸਿੰਘ ਨੇ ‘ਸਿੱਖੀ’ ਨਾਂ ਵਾਲੀ ਬੜੀ ਗਜ਼ਬ ਕਵਿਤਾ ਲਿਖੀ ਹੋਈ ਹੈ। ਆਰੇ ਦੇ ਦੰਦਿਆਂ ‘ਤੇ, ਰੰਬੀ ਦੀਆਂ ਧਾਰਾਂ ‘ਤੇ, ਖੈਬਰ ਦਿਆਂ ਦੱਰਿਆਂ ਵਿਚ, ਸਰਸਾ ਦੀਆਂ ਲਹਿਰਾਂ ‘ਤੇ, ਸਤਲੁਜ ਦੇ ਕੰਢੇ ‘ਤੇ, ਲੱਖੀ ਦੇ ਜੰਗਲਾਂ ਵਿਚ, ਰੋੜਾਂ ਵਿਚ ਰੱਕੜਾਂ ਵਿਚ, ਸਰਹੰਦ ਦੀਆਂ ਨੀਂਹਾਂ ਵਿਚ, ਜਿਥੇ ਵੀ ਲਾ ਦੇਈਏæææ ਉਥੇ ਹੀ ਪਲਣ ਵਾਲੇ ‘ਸਿੱਖੀ ਦੇ ਬੂਟੇ’ ਦੀ ਉਪਮਾ ਵਿਚ ਲਿਖੀ ਹੋਈ ਇਸ ਕਵਿਤਾ ਦੇ ਅਖੀਰਲੇ ‘ਬੰਦ’ ਵਿਚ ਸ਼ਾਇਰ ਨੇ ਮਹਾਨ ਸਿੱਖੀ ਦੀਆਂ ਵੰਡੀਆਂ ਗਈਆਂ, ਫਟ ਗਈਆਂ ਅਤੇ ਤਿੜਕ ਕੇ ਬਣੀਆਂ ‘ਸ਼ਾਖਾਂ ਜਾਂ ਲਗਰਾਂ’ ਬਾਰੇ ਹਉਕਾ ਭਰਿਆ ਹੈ,
ਕੀ ਹੋਇਆ ਜੇæææ?
ਅੱਜ ਸ਼ਾਖਾਂ ਏਸ ਦੀਆਂ
ਅੱਜ ਲਗਰਾਂ ਏਸ ਦੀਆਂ
ਆਪੋ ਵਿਚ ਪਾਟ ਗਈਆਂ
ਆਪੋ ਵਿਚ ਤਿੜਕ ਪਈਆਂ
ਕੋਈ ਪੂਰਬ ਚਲੀ ਗਈ
ਕੋਈ ਪੱਛਮ ਚਲੀ ਗਈ
ਕੋਈ ‘ਪਿੰਡੀ’ ਮੱਲ ਬੈਠੀ
ਕੋਈ ‘ਭੈਣੀ’ ਜਾ ਬੈਠੀ
ਪਰ ਮੁੱਢ ਤਾਂ ਇਕੋ ਏ
ਪਰ ਖੂਨ ਤਾਂ ਸਾਂਝਾ ਏ!
ਸੰਨ 1978 ਵਿਚ ਅਕਾਲ ਚਲਾਣਾ ਕਰ ਗਏ ਪ੍ਰੋæ ਮੋਹਨ ਸਿੰਘ ਜੇ ਅੱਜ ਜਿਉਂਦੇ ਹੁੰਦੇ ਤਾਂ ਵਰਤਮਾਨ ਸਮੇਂ ਗੁਰੂ ਸਾਹਿਬਾਨ ਦੀ ਸਾਜੀ ਨਿਵਾਜੀ ਸਿੱਖੀ ਦੀਆਂ ‘ਸ਼ਾਖਾਵਾਂ’ ਦਾ ‘ਪੰਥਕ ਪਿਆਰ’ ਦੇਖ ਕੇ, ਸ਼ਾਇਦ ਆਪਣੀ ਉਪਰੋਕਤ ਕਵਿਤਾ ਦੇ ਅਖੀਰਲੇ ਬੰਦ ਵਿਚ ਇੰਜ ਲਿਖ ਦਿੰਦੇ ਕਿ ਜਿਨ੍ਹਾਂ ਨੂੰ ਮੈਂ ‘ਸ਼ਾਖਾ’ ਕਹਿੰਦਾ ਰਿਹਾ, ਉਨ੍ਹਾਂ ਵਿਚੋਂ ਬਹੁਤੀਆਂ ਤਾਂ ਸਿੱਖੀ ਦੀਆਂ ‘ਸ਼ਰੀਕ’ ਬਣੀਆਂ ਬੈਠੀਆਂ ਹਨ।
ਸਮੰਦਰੋਂ ਕੇ ਸਫ਼ਰ ਜਿਨਕੇ ਨਾਮ ਲਿਖੇ ਥੇ
ਉਤਰ ਗਏ ਵੋਹ ਕਿਨਾਰੋਂ ਪੇ ਕਸ਼ਤੀਆਂ ਲੇਕਰ। -ਜ਼ੁਬੈਰ ਰਿਜ਼ਵੀ