ਜੇ ਸਵੇਰ ਨਾ ਹੁੰਦੀ…

ਡਾæ ਗੁਰਬਖ਼ਸ਼ ਸਿੰਘ ਭੰਡਾਲ
ਫੋਨ: 1-216-556-2080

ਸਵੇਰ, ਦਿਨ ਦਾ ਅਰੰਭ, ਚਾਨਣ ਦੀ ਆਮਦ, ਰਾਤ ਨੂੰ ਅਲਵਿਦਾ, ਨਵੀਆਂ ਰਾਹਾਂ ‘ਤੇ ਚਾਨਣ-ਤਰੌਕਣੀ, ਮੰਜ਼ਲਾਂ ਦੇ ਦੂਰ-ਦਿਸੇਂਦੇ ਦਿਸਹੱਦੇ ਅਤੇ ਇਨ੍ਹਾਂ ਨੂੰ ਸਰ ਕਰਨ ਦਾ ਉਮਾਹ।
ਸਵੇਰ, ਅੰਗੜਾਈ ਭਰਦੀ ਕੁਦਰਤ, ਪਰਵਾਜ਼ ਲਈ ਪਰ ਤੋਲਦੇ ਪਰਿੰਦੇ, ਬਿਰਖਾਂ ਦੇ ਪੱਤਿਆਂ ‘ਚ ਰੁਮਕਣੀ ਦਾ ਅਰੰਭ, ਟਾਹਣੀਆਂ ਵਿਚ ਤਰੰਗ, ਪੱਤਿਆਂ ‘ਤੇ ਲਟਕਦੇ ਤਰੇਲ-ਮੋਤੀ ਅਤੇ ਇਨ੍ਹਾਂ ਵਿਚੋਂ ਛਣ ਕੇ ਆਉਂਦੀ ਰੰਗਾਂ ਦੀ ਆਬਸ਼ਾਰ।

ਸਵੇਰ, ਤਨ ਦੀ ਤਾਜਗੀ, ਮਨ ‘ਚ ਬੁਲੰਦੀਆਂ ਦੀ ਚਾਹਨਾ, ਮਸਤਕ ਵਿਚ ਨਵੀਨਤਮ ਸੋਚਾਂ ਦਾ ਪ੍ਰਵਾਹ, ਕਦਮਾਂ ਵਿਚ ਨਵੀਆਂ ਰਾਹਾਂ ਸਿਰਜਣ-ਤਾਂਘ ਅਤੇ ਪਨਪਦੀਆਂ ਆਸਾਂ ‘ਤੇ ਨਿਰੋਏ ਹਸਤਾਖਰ ਖੁਣਨ ਦੀ ਤਮੰਨਾ।
ਸਵੇਰ, ਧਰਤੀ-ਪਿੰਡੇ ਜਿੰਦਗੀ ਦੀ ਸੁਰਤਾਲ, ਇਸ ਦੀ ਕੁੱਖ ਨੂੰ ਫਰੋਲਣ ਦਾ ਸ਼ੁਭ-ਕਰਮਨ ਅਤੇ ਇਸ ‘ਚੋਂ ਮਾਣਕ ਮੋਤੀਆਂ ਦੀ ਫਸਲ ਉਗਾਉਣ ਦਾ ਉਦਮ।
ਸਵੇਰ, ਦਰਿਆ ‘ਚ ਤਾਰੀਆਂ ਲਾਉਂਦੇ ਯੋਗੀ, ਪਾਣੀ ਨੂੰ ਨਮਸ਼ਕਾਰਦੇ ਅਤੇ ਇਸ ਦੇ ਜੀਵਨ-ਦਾਨੀ ਰੂਪ ਦੀ ਅਰਾਧਨਾ ‘ਚੋਂ ਹੀ ਸਰਬ-ਸੁਖਨ ਦੀ ਕਾਮਨਾ ਕਰਦੇ।
ਸਵੇਰ, ਰਾਤ ਦੀਆਂ ਉਨੀਂਦਰੀਆਂ ਅੱਖਾਂ ‘ਚ ਨਵੀ ਉਮੀਦ ਦਾ ਉਗਮਣਾ, ਮਨ ‘ਚ ਦਰਾਂ ‘ਤੇ ਭਵਿੱਖੀ ਦਸਤਕ ਦੀ ਉਤੇਜਨਾ ਅਤੇ ਮਾਨਸਿਕਤਾ ਵਿਚ ਰਾਂਗਲੇ ਪਲਾਂ ਦੀ ਤਸ਼ਬੀਹ।
ਸਵੇਰ, ਨਿੱਕੜੇ ਜਹੇ ਮਨਾਂ ਵਿਚ ਚਾਨਣ ਦਾ ਜਾਗ ਲਾਉਣ ਦੀ ਕਾਹਲ, ਚਾਨਣ-ਸੰਧਾਰਾ ਵੰਡਦੇ ਦਰਾਂ ਵੰਨੀਂ ਛੋਹਲੇ ਕਦਮਾਂ ਦੀ ਪੈੜਚਾਲ ਅਤੇ ਨਵੀਆਂ ਪਿਰਤਾਂ ਦੀ ਨਿਸ਼ਾਨਦੇਹੀ ‘ਚ ਰੁੱਝਣ ਦਾ ਚਾਅ।
ਸਵੇਰ, ਵਧਦੀ ਫੁੱਲਦੀ ਬਗੀਚੀ ਨੂੰ ਤੱਕਦਿਆਂ ਸੁਬਾਅ ਸੁਬਾਅ ਸ਼ਰਸ਼ਾਰੀ ਜਾਂਦੀ ਮਾਂ, ਬਾਪ ਨੂੰ ਆਪਣੇ ਕਦਮਾਂ ‘ਚ ਚੱਲਦੇ ਲਾਡਲੇ ਦਾ ਮਾਣ ਅਤੇ ਭੈਣਾਂ ਭਰਾਵਾਂ ਦੇ ਆਪਸੀ ਨਿੱਘ ਨੂੰ ਪ੍ਰਣਾਮ।
ਸਵੇਰ, ਘਰ ਨੂੰ ਵੱਸਦੇ ਰਹਿਣ ਦੀ ਦੁਆ, ਇਸ ਦੀਆਂ ਕੰਧਾਂ ਤੇ ਕਮਰਿਆਂ ਵਿਚ ਸਹਿ-ਸੰਵੇਦਨਾ ਦੀ ਅਸੀਸ, ਦਰਾਂ ‘ਤੇ ਲਿਖਿਆ ਹੋਇਆ ਹਾਰਦਿਕ ਸੁਆਗਤ, ਦਸਤਕ ਦੀ ਆਮਦ ਅਤੇ ਦੁਬਾਰਾ ਆਉਣ ਦੀ ਤਾਕੀਦ।
ਸਵੇਰ, ਨਵੇਂ ਦਿਨ ਦਾ ਅਹਿਸਾਸ, ਨਵੀਆਂ ਮਿਲਣੀਆਂ ਤੇ ਆਮਦਾਂ ਦਾ ਚਾਅ, ਕੁਝ ਨਵਾਂ ਨਕੋਰ ਕਰਨ ਤੇ ਸਿਰਜਣ ਦੀ ਸਿਰਜਣਸ਼ੀਲਤਾ, ਮਾਨਵੀ ਕਰਮ-ਯੋਗਤਾ ਦੀ ਚੋਗ ਅਤੇ ਜੀਵਨ-ਝੋਲ ‘ਚ ਫਕੀਰੀ ਦੀ ਅਰਦਾਸ।
ਸਵੇਰ, ਆਪੇ ਸੰਗ ਇਕਜੁੱਟਤਾ ਦਾ ਅਰੰਭ, ਸਵੈ-ਸੰਵਾਦ ਨੂੰ ਨਵੇਂ ਅਰਥ ਦੇਣ ਦੀ ਸ਼ੁਰੂਆਤ ਅਤੇ ਖੁਦ ਨੂੰ ਤਲਾਸ਼ਣ ਦਾ ਕਰਮ।
ਸਵੇਰ, ਅਸੀਮ ਸੰਭਾਵਨਾਵਾਂ ਅਤੇ ਸ਼ੁਰੂਆਤਾਂ ਦਾ ਪੜੁੱਲ, ਮਾਨਵੀ ਪ੍ਰਾਪਤੀਆਂ ਦਾ ਸਿਰਨਾਵਾਂ, ਭਵਿੱਖ ਦੇ ਗਰਭ ਵਿਚ ਪਏ ਸਵਾਲਾਂ ਦੇ ਜਵਾਬ ਅਤੇ ਮਾਨਵਤਾ ਦੇ ਮੁੱਖ ਦਾ ਸ਼ਬਾਬ।
ਸਵੇਰ, ਸਫ਼ਰ ‘ਤੇ ਤੁਰਨ ਤੋਂ ਪਹਿਲਾਂ ਆਪਣੀਆਂ ਕਮਜੋਰੀਆਂ ਤੇ ਸਮਰਥਾ ਨੂੰ ਜੋਖਣ ਦਾ ਵੇਲਾ, ਪੱਲੇ ਬੱਧੇ ਵਿਚਾਰਾਂ ਤੇ ਮਨ ਦੀ ਸਾਧਨਾ ਦੀ ਪਰਖ, ਪ੍ਰਤੀਬੱਧਤਾ ਦੀ ਪਕਿਆਈ ਨੂੰ ਪਹਿਚਾਨਣ ਦਾ ਵਕਤ ਅਤੇ ਪੈਰਾਂ ਦੀ ਸਫਰ-ਤਿਆਰੀ।
ਜੇ ਸਵੇਰ ਨਾ ਹੁੰਦੀ ਤਾਂ ਜਿੰਦਗੀ ਬੇਅਰਥ ਹੋ ਜਾਂਦੀ। ਭਲਾ! ਜੀਵਨ ਦੀ ਸਵੇਰ ਤੋਂ ਬਗੈਰ ਜਿੰਦਗੀ ਦਾ ਸਾਝਰਾ, ਦੁਪਹਿਰਾ ਤੇ ਢੱਲਦੇ ਪ੍ਰਛਾਂਵਿਆਂ ਦੀ ਤਸ਼ਬੀਹ ਕਿਸ ਦੇਣੀ ਏ ਅਤੇ ਕਿਰਮਚੀ ਰੰਗਾਂ ਨੂੰ ਜੀਵਨ-ਦਿਸਹੱਦਿਆਂ ‘ਚੋਂ ਕਿੰਜ ਨਿਹਾਰਿਆ ਜਾ ਸਕਦਾ ਏ?
ਜੇ ਸਵੇਰ ਨਾ ਹੁੰਦੀ ਤਾਂ ਪੰਛੀਆਂ ਦਾ ਚਹਿਚਹਾਉਣਾ ਇਕ ਮੂਕ ਵੇਦਨਾ ਬਣ ਜਾਣਾ ਸੀ। ਕੁਦਰਤ ਦੀ ਅੱਖ ਵਿਚ ਹਿੰਝ ਰਿਸਦੀ ਰਹਿਣੀ ਸੀ। ਬਿਰਖ ਨੇ ਉਦਾਸੀ ਦੀ ਜੂਨ ਹੰਢਾਉਣ ਲਈ ਮਜਬੂਰ ਹੋਣਾ ਸੀ। ਪੱਤਿਆਂ ‘ਤੇ ਪਿਲੱਤਣਾਂ ਨੇ ਡੇਰਾ ਲਾਉਣਾ ਸੀ ਅਤੇ ਅਜਿਹੀ ਬੇਰੌਣਕੀ ਬਿਰਖ-ਬਾਬੇ ਕਿੰਜ ਹੰਢਾਉਂਦੇ?
ਸਵੇਰ ਨਾ ਹੁੰਦੀ ਤਾਂ ਪੱਤਿਆਂ ‘ਤੇ ਲਰਜ਼ਦੇ ਤਰੇਲ ਤੁਪਕਿਆਂ ਵਿਚੋਂ ਛਣ ਕੇ ਆਉਂਦੀ ਧੁੱਪ ਨੇ ਕਿੰਜ ਬਖੇਰਨੇ ਸਨ ਰੰਗ, ਕਿਰਨਾਂ ਨੂੰ ਖੁਸ਼ਆਮਦੀਦ ਕਿਸ ਕਹਿਣਾ ਸੀ ਅਤੇ ਕਿਸ ਨੇ ਉਸ ਦੇ ਕੰਧਾੜੇ ਚੜ੍ਹ ਰੰਗਾਂ ਦੀ ਮਹਿਫਿਲ ਨੂੰ ਸਜਾਉਣਾ ਸੀ।
ਸਵੇਰ ਨਾ ਹੁੰਦੀ ਤਾਂ ਪੋਤਰਾ ਕਿੰਜ ਦਾਦੇ ਦੀ ਉਂਗਲ ਫੜ ਕੇ ਤੁਰਨ ਦੀ ਜਾਚ ਸਿਖਦਾ, ਨਵੇਂ ਕਦਮਾਂ ਨੂੰ ਰਾਹਾਂ ਦੇ ਨਾਮ ਲਾਉਂਦਾ ਅਤੇ ਦੁਮੇਲੜੇ ਮਕਸਦਾਂ ਨੂੰ ਜੀਵਨ-ਪੂਰਤੀ ਦੇ ਰਾਹ ਪਾਉਂਦਾ।
ਸਵੇਰ ਨਾ ਹੁੰਦੀ ਤਾਂ ਸਮੁੰਦਰ ਸਦਾ ਲਈ ਖਾਮੋਸ਼ ਹੋ ਜਾਂਦੇ, ਲਹਿਰਾਂ ਦਾ ਸੰਗੀਤ ਡੂੰਘੀ ਖਾਮੋਸ਼ੀ ਬਣ ਕੇ ਸਾਗਰ ਦੇ ਸੀਨੇ ਵਿਚ ਸਦੀਵੀ ਹਾਉਕਾ ਭਰ ਜਾਂਦਾ ਅਤੇ ਲਹਿਰਾਂ ਦੇ ਪਿੰਡੇ ‘ਤੇ ਅਠਖੇਲੀਆਂ ਕਰਨ ਦਾ ਚਾਅ ਸਿਉਂਕਿਆ ਜਾਂਦਾ।
ਸਵੇਰ ਨਾ ਹੁੰਦੀ ਤਾਂ ਸਾਝਰੇ ਸਾਝਰੇ ਨਵੇਂ ਮਾਰਗਾਂ ਨੂੰ ਭਾਗ ਲਾਉਣ ਵਾਲੇ ਰਾਹੀਆਂ ਦੇ ਕਦਮਾਂ ਵਿਚਲੀ ਖੜੋਤ ਸਹਿਮ ਬਣ ਜਾਂਦੀ, ਹਾਲੀਆਂ ਨੂੰ ਕਿਹੜੀ ਕੁੱਕੜ-ਬਾਂਗ ਜਗਾਉਂਦੀ, ਪੈਲੀਆਂ ਦੀ ਹਿੱਕ ‘ਤੇ ਸਿਆੜਾਂ ਦੀ ਕਲਾ-ਨਿਕਾਸ਼ੀ ਕੌਣ ਕਰਦਾ ਅਤੇ ਇਸ ਦੀ ਹਿੱਕੜੀ ਵਿਚ ਸੁਫਨ-ਸੰਧਾਰਾ ਕੌਣ ਧਰਦਾ?
ਸਵੇਰ ਨਾ ਹੁੰਦੀ ਤਾਂ ਕਲੀਆਂ ਨੇ ਕਿੰਜ ਖਿੜਨਾ ਸੀ, ਫੁੱਲ ਰੰਗਾਂ ਦੀ ਹੱਟ ਕਿੰਜ ਸਜਾਉਂਦੇ, ਕਿੰਜ ਉਹ ਭੌਰਿਆਂ ਦੀ ਝੋਲੀ ਵਿਚ ਰੰਗਾਂ ਤੇ ਮਹਿਕਾਂ ਦੀ ਨਿਆਮਤ ਪਾਉਂਦੇ?
ਸਵੇਰ ਨਾ ਹੁੰਦੀ ਤਾਂ ਕਿਹੜਾ ਰਮਤਾ ਜੋਗੀ ਪਿੰਡ ਦੀਆਂ ਗਲੀਆਂ ਵਿਚ ਅੱਲਾ ਦੀ ਹੂਕ ਲਾਉਂਦਾ, ਸ਼ਫਾਫ ਮਨਾਂ ਵਿਚ ਪਾਕੀਜ਼ਗੀ ਦਾ ਅਹਿਸਾਸ ਜਗਾਉਂਦਾ ਅਤੇ ਉਨ੍ਹਾਂ ਦੀ ਸੋਚ ਵਿਚ ਆਤਮਿਕਤਾ ਦਾ ਜਾਗ ਲਾਉਂਦਾ?
ਸਵੇਰ ਨਾ ਹੁੰਦੀ ਤਾਂ ਨਿੱਕੇ ਨਿੱਕੇ ਕੰਧਾੜਿਆਂ ‘ਤੇ ਗਿਆਨ-ਗੋਦੜੀਆਂ ਕਿੰਜ ਸਜਾਈਆਂ ਜਾਂਦੀਆਂ, ਕਿੰਜ ਉਨ੍ਹਾਂ ਦੇ ਮਸਤਕਾਂ ਵਿਚ ਚਾਨਣ ਦੀਆਂ ਪੈੜਾਂ ਉਕਰਾਈਆਂ ਜਾਂਦੀਆਂ ਅਤੇ ਕਿਸ ਤਰ੍ਹਾਂ ਚਾਨਣ-ਰਾਹਾਂ ‘ਤੇ ਤੁਰਨ ਦੀਆਂ ਤਰਕੀਬਾਂ ਦਰਸਾਈਆਂ ਜਾਂਦੀਆਂ?
ਸਵੇਰ ਨਾ ਹੁੰਦੀ ਤਾਂ ਅਕੱਥ ਅਤੇ ਅਕਹਿ ਭਾਣਿਆਂ ਸੰਗ ਮਨੁੱਖ ਤੇ ਕੁਦਰਤ ਨੂੰ ਸਾਹਮਣਾ ਕਰਨਾ ਪੈਂਦਾ, ਵੱਡਾ ਹਰਜਾਨਾ ਭਰਨਾ ਪੈਂਦਾ ਅਤੇ ਖੁਦ ਦੀ ਬਰਕਰਾਰੀ ਲਈ ਜੀਵਨ ਦਾਅ ‘ਤੇ ਲਾਉਣਾ ਪੈਂਦਾ।
ਸਵੇਰ ਨਾ ਹੁੰਦੀ ਤਾਂ ਕੌਣ ਹਰਿਆਵਲ ਲਈ ਕਲੋਰੋਫਿਲ ਦਾ ਦਾਨੀ ਬਣਦਾ, ਕੌਣ ਇਨ੍ਹਾਂ ਦੀ ਰੁਮਕਣੀ ਵਿਚੋਂ ਕਾਵਿ-ਕਿਰਤਾਂ ਵਰਗੇ ਰੂਪ ਘੜਦਾ, ਕੌਣ ਇਨ੍ਹਾਂ ਦੇ ਪਿੰਡਿਆਂ ‘ਤੇ ਤਸ਼ਬੀਹੀ ਕਲਾਕਾਰੀ ਕਰਦਾ ਅਤੇ ਇਨ੍ਹਾਂ ਰਾਹੀਂ ਮਨੁੱਖ ਦੀ ਮਾਨਵੀ ਉਡਾਣ ਦਾ ਸਿਰਲੇਖ ਮਾਨਸਿਕਤਾ ਦੇ ਨਾਮ ਕਰਦਾ।
ਸਵੇਰ ਨਾ ਹੁੰਦੀ ਤਾਂ ਧਰਤੀ ‘ਤੇ ਹਨੇਰ ਦਾ ਰਾਜ ਹੁੰਦਾ, ਚਾਨਣ ਦੀ ਤ੍ਰਾਸਦੀ ‘ਚੋਂ ਮਨੁੱਖੀ ਹੋਂਦ ਦੀ ਕਿਆਸਅਰਾਈਂ ਲਾਉਣੀ ਪੈਂਦੀ, ਜੁਗਨੂੰਆਂ ਦੀਆਂ ਬਸਤੀਆਂ ਵਸਾਉਣੀਆਂ ਪੈਂਦੀਆਂ, ਮਨ-ਬਨੇਰਿਆਂ ‘ਤੇ ਦੀਵਿਆਂ ਦੀਆਂ ਡਾਰਾਂ ਸਜਾਉਣੀਆਂ ਪੈਂਦੀਆਂ, ਆਲਿਆਂ ਵਿਚ ਦੀਵੇ ਡੰਗਣੇ ਪੈਂਦੇ ਅਤੇ ਹਨੇਰਿਆਂ ਨੂੰ ਭਜਾਉਣ ਲਈ ਹਰ ਮੋੜ ‘ਤੇ ਚੰਨ-ਡਰਨੇ ਟੰਗਣੇ ਪੈਂਦੇ।
ਸਵੇਰ ਨਾ ਹੁੰਦੀ ਤਾਂ ਅੱਖਰਾਂ ਵਿਚ ਤਾਰਿਆਂ ਦੀ ਫਸਲ ਉਗਾਉਣ ਦੀ ਤੀਬਰ ਲੋੜ ਮਹਿਸੂਸ ਹੁੰਦੀ, ਅਰਥਾਂ ਵਿਚ ਰੌਸ਼ਨੀ ਦਾ ਦਰਿਆ ਵਗਾਉਣਾ ਪੈਂਦਾ ਅਤੇ ਆਪਣੇ ਅੰਤਰੀਵ ਚਾਨਣ ਸੰਗ ਨਹਾਉਣਾ ਪੈਂਦਾ।
ਸਵੇਰ ਨਾ ਹੁੰਦੀ ਤਾਂ ਬਾਹਰੀ ਚਾਨਣ ਦਾ ਭਰਮ ਟੁੱਟਦਾ, ਰੂਹ ‘ਚ ਚਾਨਣ ਬੀਜਣਾ ਪੈਂਦਾ, ਨਵੇਂ ਸੋਚ-ਸਫਰਾਂ ਅਤੇ ਸੁਹਜ-ਸੁਪਨਿਆਂ ਦੀ ਜੂਹ ਵਿਚ ਡੇਰਾ ਲਾਉਣਾ ਪੈਂਦਾ ਅਤੇ ਧੁੱਪ ਟੋਟਿਆਂ ਦਾ ਨਗਰ ਵਸਾਉਣਾ ਪੈਂਦਾ।
ਸਵੇਰ ਹੋਵੇ ਅਤੇ ਮਨੁੱਖੀ ਮਨ ਵਿਚ ਚਾਨਣ ਦੀ ਤਲਬ ਵੱਸਦੀ ਰਹੇ, ਅੰਦਰ ‘ਚ ਮੋਮਬੱਤੀ ਬਾਲ ਕੇ ਕਾਲਖੀ ਸੋਚ-ਕੰਦਰਾਂ ਰੁਸ਼ਨਾਉਂਦੀ ਰਹੇ ਅਤੇ ਮਾਨਵਤਾ ਦੇ ਸਿਰ ‘ਤੇ ਚਾਨਣ ਰੱਤੀਆਂ ਭਾਵਨਾਵਾਂ ਤੇ ਆਸਾਂ ਦਾ ਤਾਜ ਸਜਾਉਂਦੀ ਰਹੇ।
ਸਵੇਰ ਲਈ ਤਾਂਘ ਸਾਡੇ ਸਭਨਾਂ ਦੇ ਮਨਾਂ ਵਿਚ ਹੁੰਦੀ ਏ। ਪਰ ਕਦੇ ਕਦਾਈਂ ਇਸ ਸਵੇਰ ਨੂੰ ਸ਼ੁਭ-ਆਗਮਨ ਕਹਿਣ ਲਈ ਦਰ-ਦਰਵਾਜ਼ਿਆਂ ‘ਤੇ ਪਾਣੀ ਜਰੂਰ ਡੋਲੀਏ ਅਤੇ ਸ਼ਗਨਾਂ ਦਾ ਤੇਲ ਚੋਂਦੇ ਰਹੀਏ।