ਭਾਸ਼ਾ ਵਹਿੰਦਾ ਨੀਰ…

ਝੁੰਪਾ ਲਾਹਿੜੀ ਦਾ ਇਤਾਲਵੀ ਨਾਲ ਪੇਚਾ ‘ਇਨ ਅਦਰ ਵਰਡਸ’
ਜਗਜੀਤ ਸਿੰਘ ਸੇਖੋਂ
ਕਿਸੇ ਵੀ ਲੇਖਕ ਦਾ ਭਾਸ਼ਾ ਨਾਲ ਰਿਸ਼ਤਾ ਬੜਾ ਗਹਿਰਾ ਹੁੰਦਾ ਹੈ। ਇਸ ਰਿਸ਼ਤੇ ਵਿਚ ਸਭਿਆਚਾਰ ਦੀਆਂ ਕਣੀਆਂ ਆਪ-ਮੁਹਾਰੇ ਹੀ ਆਣ ਜੁੜਦੀਆਂ ਹਨ ਅਤੇ ਅਗਾਂਹ ਵਿਸਥਾਰ ਲੈਂਦੀਆਂ ਰਹਿੰਦੀਆਂ ਹਨ। ਸੰਸਾਰ ਸਾਹਿਤ ਵਿਚ ਕਈ ਅਜਿਹੇ ਲੇਖਕ ਹਨ ਜੋ ਭਾਸ਼ਾ ਦੇ ਬੰਧਨ ਤੋਂ ਪਾਰ ਜਾ ਕੇ ਦੁਨੀਆਂ ਨਾਲ ਗੱਲਾਂ ਕਰਦੇ ਹਨ।

ਅਜਿਹੀ ਹੀ ਇਕ ਲੇਖਕਾ ਹੈ ਅਮਰੀਕਾ ਵੱਸਦੀ ਲੇਖਕਾ ਝੁੰਪਾ ਲਾਹਿੜੀ ਜਿਸ ਨੇ ਸਾਹਿਤ ਦੇ ਖੇਤਰ ਵਿਚ ਹੁਣ ਇਕ ਹੋਰ ਮੱਲ ਮਾਰੀ ਹੈ। ਉਸ ਨੇ ਇਤਾਲਵੀ ਵਿਚ ਕਿਤਾਬ ਲਿਖੀ ਹੈ ਜਿਸ ਦਾ ਅੰਗਰੇਜ਼ੀ ਅਨੁਵਾਦ ‘ਇਨ ਅਦਰ ਵਰਡਸ’ ਹਾਲ ਹੀ ਵਿਚ ਛਪ ਕੇ ਆਇਆ ਹੈ।
ਝੁੰਪਾ ਦਾ ਪਿਛੋਕੜ ਬੰਗਾਲ ਦਾ ਹੈ। ਉਹ ਲੰਡਨ ਵਿਚ ਜੰਮੀ ਅਤੇ ਅਮਰੀਕਾ ਵਿਚ ਪਲੀ ਹੈ; ਪਰ ਉਹਨੇ ਪਿਛਲੇ 20 ਸਾਲ ਤੋਂ ਇਤਾਲਵੀ ਨਾਲ ਸਾਂਝ ਵਾਲਾ ਰਿਸ਼ਤਾ ਬਣਾਇਆ ਹੋਇਆ ਹੈ। ਉਸ ਦਾ ਆਖਣਾ ਹੈ ਕਿ ਇਤਾਲਵੀ ਵਿਚ ਲਿਖਣਾ ਔਖਾ ਤਾਂ ਸੀ, ਪਰ ਉਸ ਨੂੰ ਅਨੰਦ ਬਹੁਤ ਆਇਆ। ਉਹ ਆਖਦੀ ਹੈ, “ਅੰਗਰੇਜ਼ੀ ਦੇ ਮੁਕਾਬਲੇ ਮੇਰੀ ਇਤਾਲਵੀ ਬਹੁਤ ਜ਼ਿਆਦਾ ਕਮਜ਼ੋਰ ਹੈ, ਪਰ ਇਹ ਇਕੋ-ਇਕ ਭਾਸ਼ਾ ਹੈ ਜਿਸ ਵਿਚ ਮੈਂ ਲਗਾਤਾਰ ਲਿਖਦੀ ਰਹੀ ਹਾਂ। ਇਤਾਲਵੀ ਵਿਚ ਲਿਖਣਾ ਮੇਰੀ ਆਪਣੀ ਪਸੰਦ ਸੀ। ਮੈਨੂੰ ਲੱਗਿਆ ਕਿ ਇਸ ਭਾਸ਼ਾ ਦੀ ਤੰਦ ਕਿਤੇ ਤਾਂ ਕਿਤੇ ਮੇਰੀਆਂ ਆਂਦਰਾਂ ਨਾਲ ਜੁੜੀ ਹੋਈ ਹੈ। ਲਗਦਾ ਹੈ, ਜਿਵੇਂ ਤੁਸੀਂ ਕਿਸੇ ਸ਼ਖ਼ਸ ਨੂੰ ਪਹਿਲੀ ਵਾਰ ਮਿਲੋ ਹੋ; ਕੋਈ ਤਰੰਗ ਉਡਦੀ ਹੈ; ਇਹ ਪਹਿਲੀ ਨਜ਼ਰੇ ਪਿਆਰ ਪੈ ਜਾਣ ਵਾਲੀ ਹੀ ਕੋਈ ਗੱਲ ਹੈ।”
ਯਾਦ ਰਹੇ ਕਿ ਝੁੰਪਾ ਲਾਹਿੜੀ ਇਤਾਲਵੀ ਪਰਚੇ ‘ਇੰਟਰਨੈਸ਼ਨਲ’ ਲਈ ਲਗਾਤਾਰ ਲਿਖਦੀ ਰਹੀ ਹੈ ਅਤੇ ਇਨ੍ਹਾਂ ਲਿਖਤਾਂ ਨੂੰ ਜੋੜ ਕੇ ਹੀ ਹੁਣ ਉਸ ਨੇ ‘ਇਨ ਅਦਰ ਵਰਡਸ’ ਵਾਲੀ ਕਿਤਾਬ ਤਿਆਰ ਕੀਤੀ ਹੈ। ਗਲਪ ਰਚਨਾਵਾਂ ਤੋਂ ਬਾਅਦ ‘ਇਨ ਅਦਰ ਵਰਡਸ’ ਉਸ ਦੀ ਪਹਿਲੀ ਵਾਰਤਕ ਪੁਸਤਕ ਹੈ। ਇਹ ਅਸਲ ਵਿਚ ਉਸ ਦੀ ਭਾਸ਼ਾਈ ਸਵੈ-ਜੀਵਨੀ ਹੋ ਨਿਬੜੀ ਹੈ। ਇਸ ਵਿਚ ਉਹ ਇਤਾਲਵੀ ਭਾਸ਼ਾ ਨਾਲ ਆਪਣੇ ਰਿਸ਼ਤੇ ਨਾਲ ਆਪਣਾ ਰਿਸ਼ਤਾ ਬੰਨ੍ਹਦੀ ਹੈ ਅਤੇ ਇਤਾਲਵੀ ਬਾਰੇ ਆਪਣੀਆਂ ਗੱਲਾਂ ਕਰਦੀ-ਕਰਦੀ ਜੀਵਨ ਦੀਆਂ ਹੋਰ ਗੱਲਾਂ ਛੋਹ ਬਹਿੰਦੀ ਹੈ।
ਝੁੰਪਾ ਲਾਹਿੜੀ ਉਦੋਂ ਦੋ ਸਾਲ ਦੀ ਸੀ ਜਦੋਂ ਉਸ ਦੇ ਮਾਪੇ ਲੰਡਨ ਤੋਂ ਅਮਰੀਕਾ ਵਿਚ ਆ ਵਸੇ। ਉਸ ਦਾ ਪਿਤਾ ਅਮਰ ਲਾਹਿੜੀ ਰ੍ਹੋਡ ਆਈਲੈਂਡ ਯੂਨੀਵਰਸਿਟੀ ਵਿਚ ਲਾਈਬਰੇਰੀਅਨ ਸੀ। ਉਥੇ ਹੀ ਝੁੰਪਾ ਨੇ ‘ਇੰਟਰਪ੍ਰੇਟਰ ਆਫ਼ ਮੈਲੈਡੀਜ਼’ ਨਾਂ ਦੀ ਕਿਤਾਬ ਛਪਵਾਈ। 2003 ਵਿਚ ਉਸ ਦਾ ਨਾਵਲ ‘ਨੇਮਸੇਕ’ ਛਪਿਆ ਸੀ। 10 ਸਾਲ ਦੇ ਵਕਫੇ ਤੋਂ ਬਾਅਦ ਉਸ ਨੇ ‘ਦਿ ਲੋਅਲੈਂਡ’ ਛਪਵਾਇਆ।
‘ਇਨ ਅਦਰ ਵਰਡਸ’ ਦਾ ਅਸਲ ਰੰਗ ਬਰਕਰਾਰ ਰੱਖਣ ਲਈ ਝੁੰਪਾ ਲਾਹਿੜੀ ਨੇ ਇਸ ਦਾ ਅਨੁਵਾਦ ਖੁਦ ਨਹੀਂ ਕੀਤਾ, ਸਗੋਂ ਮਸ਼ਹੂਰ ਅਨੁਵਾਦਕ, ਬੀਬੀ ਐਨ ਗੋਲਡਸਟੇਨ ਤੋਂ ਇਹ ਅਨੁਵਾਦ ਕਰਵਾਇਆ ਹੈ। ਉਸ ਨੂੰ ਡਰ ਸੀ ਕਿ ਆਪ ਅਨੁਵਾਦ ਕਰਦਿਆਂ ਉਸ ਨੇ ਮੂਲ ਲਿਖਤ ਨੂੰ ਸੋਧਣ ਬੈਠ ਜਾਣਾ ਹੈ ਅਤੇ ਇਸ ਤਰ੍ਹਾਂ ਮੂਲ ਲਿਖਤ ਉਤੇ ਫਿਰ ਉਸ ਦੀ ਅੰਗਰੇਜ਼ੀ ਭਾਸ਼ਾ ਦਾ ਕਬਜ਼ਾ ਹੋ ਜਾਣਾ ਹੈ। ਅਜਿਹਾ ਇਕ ਵਾਰ ਪਹਿਲਾਂ ਵਾਪਰ ਚੁੱਕਾ ਸੀ, ਜਦੋਂ ਉਸ ਨੇ ਇਤਾਲਵੀ ਵਿਚ ਲਿਖੇ ਆਪਣੇ ਇਕ ਲੇਖ ਦਾ ਅੰਗਰੇਜ਼ੀ ਵਿਚ ਅਨੁਵਾਦ ਕੀਤਾ ਸੀ। ਅਨੁਵਾਦਕ ਐਨ ਗੋਲਡਸਟੇਨ ਦਾ ਕਹਿਣਾ ਹੈ ਕਿ ਝੁੰਪਾ ਲਾਹਿੜੀ ਦੀਆਂ ਲਿਖਤਾਂ ਵਿਚ ਵਿਚਾਰਾਂ ਦੀ ਧੂਣੀ ਲਗਾਤਾਰ ਮਘਦੀ ਹੈ ਅਤੇ ਇਹ ਪ੍ਰਭਾਵ ਅੰਤ ਤੱਕ ਬਰਕਰਾਰ ਰਹਿੰਦਾ ਹੈ। ਆਪਣੀਆਂ ਲਿਖਤਾਂ ਬਾਰੇ ਝੁੰਪਾ ਸਿਰਫ਼ ਇੰਨਾ ਹੀ ਆਖਦੀ ਹੈ ਕਿ ਉਸ ਨੂੰ ਇਨ੍ਹਾਂ ਰਚਨਾਵਾਂ ‘ਤੇ ਤਸੱਲੀ ਹੈ।
____________________________________
ਜੜ੍ਹਾਂ ਦਾ ਹੁਲਾਰਾ
ਝੁੰਪਾ ਲਾਹਿੜੀ ਦਾ ਅਸਲ ਨਾਂ ਨਿਲੰਜਨਾ ਸੁਦੇਸ਼ਨਾ ਹੈ; ਝੁੰਪਾ ਤਾਂ ਉਸ ਦਾ ਛੋਟਾ, ਘਰੇਲੂ ਨਾਂ ਹੈ। ਲੇਖਕ ਵਜੋਂ ਪਿੜ ਵਿਚ ਆਉਣ ਵੇਲੇ ਉਸ ਨੇ ਨਿਲੰਜਨਾ ਸੁਦੇਸ਼ਨਾ ਦੀ ਥਾਂ ਆਪਣਾ ਬੰਗਾਲੀ ਨਾਂ ਝੁੰਪਾ ਹੀ ਰੱਖਿਆ। ਉਹ ਆਪਣੀਆਂ ਬੰਗਾਲੀ ਜੜ੍ਹਾਂ ਨਾਲ ਵਾਰ-ਵਾਰ ਜੁੜਦੀ ਹੈ। ‘ਦਿ ਲੋਅਲੈਂਡ’ ਨਾਵਲ ਦਾ ਕਥਾਨਕ ਬੰਗਾਲ ਦਾ ਹੀ ਹੈ। ਇਹ ਨਾਵਲ ਦੋ ਭਰਾਵਾਂ ਦੀ ਕਹਾਣੀ ਹੈ। ਇਨ੍ਹਾਂ ਵਿਚੋਂ ਇਕ 1970ਵਿਆਂ ਵਿਚ ਚੱਲੀ ਨਕਸਲੀ ਲਹਿਰ ਨਾਲ ਜੁੜ ਜਾਂਦਾ ਹੈ ਅਤੇ ਦੂਜਾ ਪਰਦੇਸਾਂ ਵਿਚ ਜਾ ਵੱਸਦਾ ਹੈ। ਦੋਹਾਂ ਦੀ ਤਾਸੀਰ ਵੱਖਰੀ-ਵੱਖਰੀ ਹੋ ਨਿਬੜਦੀ ਹੈ।