ਅਕਾਲੀਅਤ ਦਾ ਦਰਦੀ ਜਸਵੰਤ ਸਿੰਘ ਮਾਨ

ਬਲਕਾਰ ਸਿੰਘ (ਪ੍ਰੋæ)
ਜਸਵੰਤ ਸਿੰਘ ਮਾਨ (72 ਸਾਲ) ਮੇਰੇ ਨਾਲੋਂ ਤਿੰਨ ਸਾਲ ਛੋਟਾ ਸੀ, ਪਰ ਉਸ ਦਾ ਵਰਤਾਰਾ ਮੇਰੇ ਨਾਲੋਂ ਪੰਜ ਸਾਲ ਵੱਡਿਆਂ ਵਰਗਾ ਸੀ। ਦਾਨਿਆਂ ਵਾਂਗ ਗੱਲ ਕਰਨ ਦੇ ਸੁਭਾਅ ਨਾਲ ਉਹ ਲਗਾਤਾਰ ਨਿਭਦਾ ਰਿਹਾ ਸੀ। ਹਿਤੈਸ਼ੀਆਂ ਅਤੇ ਵਿਰੋਧੀਆਂ ਨਾਲ ਸਹਿਜ ਵਿਚ ਨਿਭਣ ਦੀ ਜਾਚ ਉਸ ਨੂੰ ਆ ਗਈ ਸੀ। ਜਿਵੇਂ ਉਸ ਨੂੰ ਜਾਣਨ ਵਾਲਿਆਂ ਨੇ ਯਾਰਾਂ ਦਾ ਯਾਰ ਮੰਨ ਲਿਆ ਸੀ, ਉਸੇ ਤਰ੍ਹਾਂ ਉਹ ਲੀਡਰਾਂ ਦਾ ਲੀਡਰ ਹੋਣਾ ਚਾਹੁੰਦਾ ਸੀ। ਇੱਥੇ ਉਹ ਮਾਰ ਖਾ ਗਿਆ ਸੀ। ਮਾਰ ਖਾਣ ਨੂੰ ਉਹ ਮਾਰ ਮਾਰਨ ਵਾਂਗ ਲੈਣਾ ਵੀ ਸਿੱਖ ਗਿਆ ਸੀ।

ਇਸੇ ਲਈ ਉਸ ਨੂੰ ਹਰ ਖੇਤਰ ਵਿਚ ਖੂਬ ਜੂਝਣਾ ਪਿਆ ਸੀ।
ਕਿਸਾਨੀ ਦੀ ਮਧ ਸ਼੍ਰੇਣੀ ਵਿਚੋਂ ਹੋਣ ਦੇ ਬਾਵਜੂਦ ਉਹ ਆਪਣੇ ਪਿਛੋਕੜ ਨਾਲੋਂ ਬਹੁਤ ਅੱਗੇ ਲੰਘ ਗਿਆ ਸੀ। ਪਿੰਡਾਂ ਵਿਚੋਂ ਸ਼ਹਿਰਾਂ ਵੱਲ ਹੋਈ ਹਿਜਰਤ ਦਾ ਉਹ ਪੱਕਾ ਪ੍ਰਤੀਨਿਧ ਸੀ। ਪਿੰਡ ਉਸ ਨੂੰ ਪਸੰਦ ਸਨ ਪਰ ਉਸ ਨੇ ਆਪਣੇ ਟੱਬਰ ਦੀ ਰਿਹਾਇਸ਼ ਦਾ ਪ੍ਰਬੰਧ ਚੰਡੀਗੜ੍ਹ ਵਰਗੇ ਸ਼ਹਿਰ ਵਿਚ ਕੀਤਾ ਸੀ। ਖਮੀਰੀ ਤੌਰ ‘ਤੇ ਉਹ ਗੁਰੂ ਦਾ ਪੱਕਾ ਸਿੱਖ ਸੀ ਅਤੇ ਪੰਥਕਤਾ ਉਸ ਨੂੰ ਬਹੁਤ ਪਸੰਦ ਸੀ। ਪੰਥਕਤਾ ਨਾਲ ਸਿਆਸੀ ਸੁਰ ਵਿਚ ਨਿਭਣ ਨੂੰ ਉਹ ਪਹਿਲ ਦਿੰਦਾ ਰਿਹਾ ਸੀ। ਪਰ ਪੰਥਕ-ਸਿਆਸਤ ਨੂੰ ਉਸ ਨੂੰ ਬਹੁਤੀ ਰਾਸ ਨਹੀਂ ਆਈ ਸੀ। ਅਕਾਲੀਅਤ ਉਸ ਦੇ ਖੂਨ ਵਿਚ ਸੀ ਅਤੇ ਉਸ ਨੂੰ ਇਹ ਫਿਕਰ ਸਤਾਉਂਦਾ ਰਹਿੰਦਾ ਸੀ ਕਿ ਅਕਾਲੀਅਤ ਦੀ ਧੁਰੋਹਰ ਅਕਾਲੀ ਕਾਡਰ ਲਗਾਤਾਰ ਖੁਰਦਾ ਜਾ ਰਿਹਾ ਹੈ। ਉਸ ਨੂੰ ਇਸ ਗੱਲ ਦਾ ਵੀ ਫਿਕਰ ਰਹਿੰਦਾ ਸੀ ਕਿ ਅਕਾਲੀਅਤ ਦੇ ਦਰਦੀਆਂ ਨੂੰ ਲਾਮਬੰਦ ਕੀਤਾ ਜਾਵੇ। ਪੰਥਕ ਪਹਿਰਾਵੇ ਨਾਲੋਂ ਵੱਧ ਉਹ ਪੰਥਕ ਪਹਿਰਾਵੇ ਵਾਲਿਆਂ ਦਾ ਲੀਡਰ ਹੋਣ ਦੇ ਚਾਅ ਨੂੰ ਬੜੀ ਮਿਹਨਤ ਨਾਲ ਪਾਲਦਾ ਰਿਹਾ ਸੀ। ਇਸ ਦੀ ਪੂਰਤੀ ਵਾਸਤੇ ਉਹ ਸਾਰੀ ਉਮਰ ਜੂਝਦਾ ਰਿਹਾ ਸੀ। ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਪ੍ਰਧਾਨ ਰਹਿਣ ਨੇ ਵੀ ਉਸ ਦੀ ਬਹੁਤੀ ਮਦਦ ਨਹੀਂ ਕੀਤੀ ਸੀ। ਉਹ ਫੈਡਰੇਸ਼ਨ ਦੀ ਮਧਮ ਪੈਂਦੀ ਚੜ੍ਹਤ ਨੂੰ ਰੋਕਣ ਵਾਸਤੇ ਕੁਝ ਨਹੀਂ ਕਰ ਸਕਿਆ ਸੀ। ਪਰ ਉਹ ਇਹ ਮੰਨਣ ਨੂੰ ਕਦੇ ਤਿਆਰ ਨਹੀਂ ਹੁੰਦਾ ਸੀ ਕਿ ਅਕਾਲੀਆਂ ਦੀ ਜਿਵੇਂ ਜਿਵੇਂ ਚੜ੍ਹਤ ਹੁੰਦੀ ਗਈ ਹੈ, ਤਿਵੇਂ ਤਿਵੇਂ ਫੈਡਰੇਸ਼ਨ ਦੀ ਚੜ੍ਹਤ ਮਧਮ ਪੈਂਦੀ ਗਈ ਹੈ।
ਜਦੋਂ ਉਹ ਮੇਰੇ ਨਾਲ ਖਾਲਸਾ ਕਾਲਜ, ਪਟਿਆਲਾ ਵਿਚ ਪੜ੍ਹਾਉਂਦਾ ਸੀ, ਉਸ ਵੇਲੇ ਪੰਜਾਬ ਦੇ ਵਿਦਿਅਕ ਅਦਾਰਿਆਂ ਵਿਚ ਖੱਬੇ ਪੱਖੀਆਂ ਦੀ ਤੂਤੀ ਬੋਲਦੀ ਸੀ। ਉਹ ਅੰਗਰੇਜ਼ੀ ਪੜ੍ਹਾਉਂਦਾ ਸੀ ਅਤੇ ਮੈਂ ਉਸ ਵੇਲੇ ਡਵਿਨਿਟੀ ਅਤੇ ਪੰਜਾਬੀ ਪੜ੍ਹਾਉਂਦਾ ਸੀ। ਉਸ ਵੇਲੇ ਦੀ ਨੇੜਤਾ ਨੇ ਸਾਨੂੰ ਕਦੇ ਇਕ ਦੂਜੇ ਤੋਂ ਦੂਰ ਨਹੀਂ ਹੋਣ ਦਿੱਤਾ। ਰਿਸ਼ਤਿਆਂ ਨੂੰ ਪਾਲਣ ਦੀ ਕਲਾ ਉਸ ਨੂੰ ਆਉਂਦੀ ਸੀ।
ਸ਼ ਮਾਨ ਨੇ ਵਕਾਲਤ ਵੀ ਕੀਤੀ, ਪਰ ਵਕਾਲਤ ਨੂੰ ਕਦੇ ਵਰਤਿਆ ਨਹੀਂ। ਅੰਗਰੇਜ਼ੀ ਦਾ ਪ੍ਰੋਫੈਸਰ ਵੀ ਉਹ ਬਹੁਤਾ ਚਿਰ ਨਹੀਂ ਰਿਹਾ ਕਿਉਂਕਿ ਮੌਕਾ ਮਿਲਦਿਆਂ ਹੀ ਉਹ ਪੰਜਾਬ ਐਂਡ ਸਿੰਧ ਬੈਂਕ ਵਿਚ ਚਲਾ ਗਿਆ ਸੀ। ਉਸ ਦੀ ਯਾਦਦਾਸ਼ਤ ਕਮਾਲ ਦੀ ਸੀ। ਸ਼ਾਇਦ ਇਸੇ ਕਰਕੇ ਉਸ ਨੇ ਜਿੰਨਾ ਪੜ੍ਹਿਆ ਅਤੇ ਸੁਣਿਆ ਸੀ, ਉਸ ਨਾਲੋਂ ਵੀ ਵੱਧ ਲੋੜ ਪੈਣ ‘ਤੇ ਬਿਆਨ ਕਰ ਸਕਦਾ ਸੀ। ਉਸ ਦੇ ਇਸ ਗੁਣ ਦਾ ਉਸ ਨੂੰ ਬਹੁਤਾ ਲਾਹਾ ਨਹੀਂ ਮਿਲਿਆ ਕਿਉਂਕਿ ਉਸ ਨੇ ਜਦੋਂ ਵੀ ਇਸ ਦੀ ਵਰਤੋਂ ਲਾਹੇ ਵਾਸਤੇ ਕਰਨ ਦੀ ਕੋਸ਼ਿਸ਼ ਕੀਤੀ, ਸਫਲ ਨਹੀਂ ਹੋ ਸਕਿਆ ਸੀ। ਅਸਲ ਵਿਚ ਉਸ ਬਾਰੇ ਉਸ ਦੇ ਜਾਣਕਾਰ ਉਸ ਨਾਲੋਂ ਵੀ ਵੱਧ ਜਾਣਦੇ ਸਨ। ਉਸ ਦੀ ਨਿਰਛਲਤਾ ਨੂੰ ਵੀ ਕਈ ਵਾਰ ਜਲੇਬੀਦਾਰ ਮੰਨਣ ਦੀ ਵਧੀਕੀ ਯਾਰਾਂ-ਦੋਸਤਾਂ ਕੋਲੋਂ ਹੁੰਦੀ ਰਹੀ ਸੀ। ਇਹ ਜਾਣਦਿਆਂ ਹੋਇਆਂ ਵੀ ਉਹ ਕਿਸੇ ਨਾਲ ਨਹੀਂ ਵਿਗਾੜਦਾ ਸੀ। ਵੇਖ ਕੇ ਅਣਡਿੱਠ ਕਰਨ ਦਾ ਉਸ ਦਾ ਸੁਭਾਅ ਰੀਸ ਕਰਨਯੋਗ ਸੀ।
ਚੰਗਾ ਖਾਣ ਦੀ ਰੀਝ ਨੇ ਪਿਛਲੇ ਕਈ ਸਾਲਾਂ ਤੋਂ ਉਸ ਦੇ ਖਾਣ-ਪੀਣ ਵਿਚ ਰੁਕਾਵਟਾਂ ਪਾਈਆਂ ਸਨ। ਪਰ ਉਹ ਸਿਦਕ ਦਿਲੀ ਨਾਲ ਆਪਣੀ ਰੀਝ ਦਾ ਸਾਥ ਨਿਭਾਉਂਦਾ ਰਿਹਾ ਸੀ। ਉਸ ਨੂੰ ਆਪਣੀਆਂ ਰੀਝਾਂ ਦੇ ਅੰਗ-ਸੰਗ ਨਿਭਣਾ ਆਉਂਦਾ ਸੀ ਅਤੇ ਉਹ ਆਪਣੀਆਂ ਆਦਤਾਂ ਨਾਲ ਨਿਭਣ ਦੀ ਕੋਸ਼ਿਸ਼ ਕਰਦਾ ਰਿਹਾ ਸੀ। ਸਿਹਤ ਬਾਰੇ ਪੁੱਛਣ ‘ਤੇ ਕਦੇ ਉਸ ਨੇ ਸੱਚ ਨਹੀਂ ਦੱਸਿਆ ਸੀ। ਆਪਣੀ ਸਿਹਤ ਬਾਰੇ ਉਹ ਗੱਲ ਹੀ ਨਹੀਂ ਕਰਨ ਦਿੰਦਾ ਸੀ ਅਤੇ ਇਹੋ ਜਿਹੇ ਮੌਕਿਆਂ ‘ਤੇ ਪੈਂਤੜਾ ਹੀ ਬਦਲ ਜਾਂਦਾ ਸੀ। ਅੱਜ ਉਹ ਨਹੀਂ ਰਿਹਾ ਤਾਂ ਅਫਸੋਸ ਹੁੰਦਾ ਹੈ ਕਿ ਉਸ ਨੇ ਆਪਣਾ ਖਿਆਲ ਆਪ ਕਿਉਂ ਨਹੀਂ ਰੱਖਿਆ?
ਭਾਈਚਾਰਿਆਂ ਵਿਚ ਅੱਜ ਕਲ ਮਾਨ ਵਰਗੇ ਫੁੱਲ ਵੀ ਕਿੱਥੇ ਖਿੜ੍ਹਦੇ ਹਨ? ਮਾਨ ਦੀ ਹਾਜਰੀ ਵਿਚ ਗੱਲਾਂਬਾਤਾਂ ਦੇ ਦੌਰ ਮਘੇ ਹੋਏ ਨਜ਼ਰ ਆਉਂਦੇ ਸਨ। ਉਸ ਦੀ ਸਾਰੀ ਜ਼ਿੰਦਗੀ ਸਿੱਖ-ਸਿਆਸਤ ਦੇ ਆਸ਼ਕਾਂ ਵਾਂਗ ਬਤੀਤ ਹੋਈ ਹੈ। ਉਸ ਦੀ ਹਮਦਰਦੀ ਸਿੱਖ ਸਿਆਸਤ ਵਿਚੋਂ ਹਾਰੇ ਹੋਇਆਂ ਨਾਲ ਵਧੇਰੇ ਹੁੰਦੀ ਸੀ। ਉਸ ਦਾ ਯਕੀਨ ਸੀ ਕਿ ਹਾਰੇ ਹੋਏ ਜੇ ਇਕੱਠੇ ਹੋ ਜਾਣ ਤਾਂ ਸਿੱਖ ਸਿਆਸਤ ਦੀ ਪਹਿਰੇਦਾਰੀ ਕੀਤੀ ਜਾ ਸਕਦੀ ਹੈ। ਫੋਨ ‘ਤੇ ਹੁੰਦੀਆਂ ਲੰਬੀਆਂ ਗੱਲਾਂ ਵਿਚ ਅਸੀਂ ਅਕਸਰ ਇਕ ਦੂਜੇ ਨਾਲ ਸਹਿਮਤ ਨਹੀਂ ਹੁੰਦੇ ਸੀ ਕਿਉਂਕਿ ਮੈਨੂੰ ਉਹ ਸਿੱਖ ਸਿਆਸਤ ਦੀ ਲੈਬਾਰਟਰੀ ਲੱਗਦਾ ਸੀ। ਮੋਢੇ ਉਤੇ ਚੁੱਕੀ ਹੋਈ ਇਸ ਬਿਨਾ ਦਰਵਾਜ਼ਿਓਂ ਲੈਬਾਰਟਰੀ ਦਾ ਬੂਹਾ ਉਹ ਅਕਸਰ ਬੰਦ ਰੱਖਦਾ ਸੀ। ਸਿਆਸਤ ਨਾਲ ਜੁੜੀਆਂ ਸਾਰੀਆਂ ਧਿਰਾਂ ਬਾਰੇ ਜਾਣਕਾਰੀ ਦਾ ਉਹ ਖਜ਼ਾਨਾ ਸੀ। ਉਸ ਨੂੰ ਪੱਕੀ ਧਿਰ ਸਮਝਣ ਵਾਲਿਆਂ ਨੂੰ ਸਦਾ ਉਦਾਸ ਹੋਣਾ ਪੈਂਦਾ ਸੀ। ਮਾਨ ਵਰਗੇ ਉਡਦੇ ਪੰਛੀ ਪੈੜਾਂ ਕਿਵੇਂ ਛੱਡ ਸਕਦੇ ਹਨ?
ਉਹ ਕਵੀ ਨਹੀਂ ਸੀ, ਪਰ ਸਿਆਸਤ ਦੀ ਕਾਵਿਕ ਉਡਾਣ ਦਾ ਉਹ ਉਸਤਾਦ ਹੋ ਗਿਆ ਸੀ। ਉਸ ਵਰਗੇ ਚੇਤੰਨ ਸੁਪਨੇਬਾਜ਼ ਵਿਰਲੇ ਹੀ ਹੁੰਦੇ ਹਨ। ਉਹ ਸੁਪਨੇ ਬੀਜਦਾ ਨਹੀਂ ਸੀ, ਪਰ ਸੁਪਨਿਆਂ ਨੂੰ ਪਾਲਦਾ ਜ਼ਰੂਰ ਸੀ। ਉਸ ਅੰਦਰਲੇ ਅਕਾਦਮਿਕ ਸੁਪਨੇਬਾਜ਼ ਨੇ ਯੂਨੀਵਰਸਿਟੀ ਬਣਾਉਣ ਦਾ ਸੁਪਨਾ ਲਿਆ ਸੀ। ਪਰ ਇਸ ਵਿਚੋਂ ਖੱਟਿਆ ਘੱਟ ਤੇ ਗੁਆਇਆ ਬਹੁਤਾ ਸੀ। ਉਸ ਅੰਦਰਲੇ ਬੈਂਕਰ-ਸੁਪਨੇਬਾਜ਼ ਨੇ ਪੰਜਾਬ ਬੈਂਕ ਬਣਾਉਣ ਦਾ ਸੁਪਨਾ ਲਿਆ ਸੀ। ਪਰ ਸੁਪਨੇ ਤਾਂ ਸਿਰੇ ਚੜ੍ਹਨ ਦੀ ਮੁਥਾਜੀ ਤੋਂ ਸਦਾ ਹੀ ਮੁਕਤ ਹੁੰਦੇ ਹਨ। ਸਿੱਖ ਸਿਆਸਤ ਵਿਚ ਉਸ ਦੀ ਸੁਪਨੇਬਾਜ਼ੀ ਨੇ ਉਸ ਨੂੰ ਕਿਸੇ ਕਾਬਜ਼ ਆਗੂ ਨਾਲ ਪੈਰ ਮਿਲਾ ਕੇ ਨਹੀਂ ਤੁਰਨ ਦਿੱਤਾ ਸੀ। ਪਿੱਛੇ ਲੱਗ ਕੇ ਉਹ ਤੁਰਨਾ ਨਹੀਂ ਚਾਹੁੰਦਾ ਸੀ ਅਤੇ ਅੱਗੇ ਲੱਗ ਕੇ ਉਸ ਨੂੰ ਤੁਰਨ ਦਾ ਮੌਕਾ ਹੀ ਨਹੀਂ ਮਿਲਿਆ ਸੀ। ਅਕਾਲੀ-ਪਰਤਾਂ ਨਾਲ ਨਿਭਣ ਦੀ ਕੋਸ਼ਿਸ਼ ਜਿੰਨੀ ਮਾਨ ਨੇ ਕੀਤੀ, ਉਨੀ ਸ਼ਾਇਦ ਕੋਈ ਨਹੀਂ ਕਰ ਸਕਦਾ। ਇਸ ਦੇ ਬਾਵਜੂਦ ਅਕਾਲੀ-ਪਰਤਾਂ ਨੇ ਉਸ ਨੂੰ ਕਦੇ ਡਾਹ ਨਹੀਂ ਦਿੱਤੀ। ਮਾਨ ਇਸ ਵਰਤਾਰੇ ਨੂੰ ਸਿਆਸਤ ਦਾ ਦਸਤੂਰ ਮੰਨਣ ਤੋਂ ਇਨਕਾਰੀ ਰਿਹਾ ਸੀ।
ਸ਼ ਮਾਨ ਵਿਚ ਕੋਈ ਇਹੋ ਜਿਹਾ ਐਬ ਨਹੀਂ ਸੀ, ਜਿਸ ਨੂੰ ਲੁਕਾਉਣ ਦੀ ਲੋੜ ਪਵੇ। ਪੁਸਤਕ-ਸਭਿਆਚਾਰ ਦਾ ਮੁਦੱਈ ਮਾਨ ਪੁਸਤਕ ਹਥਿਆਉਣ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦਾ ਸੀ। ਉਸ ਦੀ ਵੱਡੀ ਪ੍ਰਾਪਤੀ ਪ੍ਰੋæ ਤ੍ਰਿਪਤ ਕੌਰ ਨਾਲ ਵਿਆਹ ਸੀ। ਦੋਵੇਂ ਖਾਲਸਾ ਕਾਲਜ ਪਟਿਆਲਾ ਵਿਚ ਪ੍ਰੋਫੈਸਰ ਸਨ। ਸ਼ ਨਾਰਾਇਣ ਸਿੰਘ ਦੀ ਸਪੁੱਤਰੀ ਤ੍ਰਿਪਤ ਕੌਰ ਦੇ ਪਰਿਵਾਰਕ ਪਿਛੋਕੜ ਨੇ ਮਾਨ ਨੂੰ ਸੰਤੂਸਟ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਸੀ। ਤਿੰਨ ਪੁੱਤਰਾਂ ਨਾਲ ਸਜੇ ਮਾਨ-ਪਰਿਵਾਰ ਵਿਚ ਜਸਵੰਤ ਸਿੰਘ ਮਾਨ ਦੀ ਗੈਰਹਾਜ਼ਰੀ ਨਾਲ ਪਿਆ ਘਾਟਾ, ਪਰਿਵਾਰ ਅਤੇ ਹਾਮੀਆਂ ਹਿਤੈਸ਼ੀਆਂ ਨੂੰ ਗੁਰੂ ਦੇ ਭਾਣੇ ਵਿਚ ਚੱਲਣਾ ਪੈਣਾ ਹੈ। ਸਿੱਖ-ਸੁਰ ਵਿਚ ਵਿਛੜ ਗਏ ਲਈ ਇਹੀ ਅਰਦਾਸ ਕਰਨ ਦੀ ਆਗਿਆ ਹੈ ਕਿ ਗੁਰੂ ਜੀ ਅੰਗ-ਸੰਗ ਸਹਾਈ ਹੋ ਕੇ ਸਿਰ ਪਈ ਨਾਲ ਨਿਭਣ ਦਾ ਬਲ ਬਖਸ਼ਿਸ਼ ਕਰਨ।