ਚੌਥੇ ਪੌੜੇ ਦੀ ਸਿੱਖੀ

ਅਵਤਾਰ ਸਿੰਘ (ਪ੍ਰੋæ)
ਫੋਨ: 91-94175-18384
e-ਮਅਲਿ: ਅਵਟਅਰ61@ਗਮਅਲਿ।ਚੋਮ

ਭਾਈ ਗੁਰਦਾਸ ਲਿਖਦੇ ਹਨ, ਗੁਰੂ ਨਾਨਕ ਨੇ ਧਿਆਨ ਨਾਲ ਦੇਖਿਆ, ਬਲ਼ਦੀ ਧਰਤੀ ਨਜ਼ਰ ਆਈ। ਬਾਬਾ ਫਰੀਦ ਨੂੰ ਵੀ ਘਰ ਘਰ ਉਹੀ ਅੱਗ ਨਜ਼ਰ ਪਈ, ਜਿਸ ਨੇ ਧਰਤੀ ਨੂੰ ਲਪੇਟ ‘ਚ ਲੈ ਲਿਆ ਸੀ। ਹਿੰਦੂ-ਮੁਸਲਮਾਨ ਹਕਾਰਤ ਹੱਦਾਂ ਟੱਪ ਚੁੱਕੀ ਸੀ। ਬ੍ਰਾਹਮਣ ਤੇ ਮੁਲਾਣੇ ਖਹਿ ਖਹਿ ਮਰਦੇ ਸਨ। ਅਮੀਰ-ਗਰੀਬ ਵਿਚ ਵੱਡਾ ਅੰਤਰ ਸੀ। ਵਰਣ ਅਤੇ ਜਾਤੀਆਂ ਵਿਚ ਛੂਆ-ਛਾਤ ਅਤੇ ਸੁੱਚ-ਭਿੱਟ, ਸਮਾਜੀ ਖੇੜੇ ਵਿਚ ਖੜੋਤ ਬਣ ਚੁੱਕੀ ਸੀ।
ਭਾਈ ਗੁਰਦਾਸ ਨੇ ਲਿਖਿਆ, “ਮਾਰਿਆ ਸਿਕਾ ਜਗਤਿ ਵਿਚਿ ਨਾਨਕ ਨਿਰਮਲ ਪੰਥੁ ਚਲਾਇਆ।”

ਮੌਲਿਕ ਮੁਹਰ ਛਾਪ ਵਾਲੇ ਸ਼ੁੱਧ ਪੰਥ ਦਾ ਪ੍ਰਚਲਨ ਹੋਇਆ; ਰਾਣੇ ਰੰਕ ਦਾ ਫ਼ਰਕ ਮਿਟਿਆ, ਹਿੰਦੂ-ਮੁਸਲਮਾਨ ਕਸ਼ਮਕਸ਼ ਨੂੰ ਵਿਰਾਮ ਲੱਗਾ ਅਤੇ ਸਮਾਜ ਵਰਣਾਂ ਦੀ ਜਕੜ ਤੋਂ ਮੁਕਤ ਹੋਇਆ। ਗੁਰੂ ਨਾਨਕ ਨੇ ਭਾਈ ਬਾਲੇ ਤੇ ਮਰਦਾਨੇ ਨੂੰ ਨੇੜਤਾ ਬਖ਼ਸ਼ ਕੇ ਹਿੰਦੂ-ਤੁਰਕ ਕਾਣ ਮੇਟੀ ਅਤੇ “ਨੀਚੀ ਹੂ ਅਤਿ ਨੀਚੁ” ਦਾ ਸਾਥੀ ਹੋਣ ਦਾ ਸੰਕੇਤ ਦਿੱਤਾ। ਖੱਤਰੀ ਮਲਿਕ ਭਾਗੋ ਦੀ ਥਾਂ ਸ਼ੂਦਰ ਭਾਈ ਲਾਲੋ ਤਰਖਾਣ ਦੇ ਖਾਣੇ ਨੂੰ ਤਰਜੀਹ ਦੇ ਕੇ ਜਾਤ ਅਤੇ ਵਰਣ ਦਾ ਗਰਬ ਤੋੜਿਆ। ਭਾਈ ਗੁਰਦਾਸ ਦੇ ਸ਼ਬਦਾਂ ਵਿਚ “ਗੁਰਮੁਖ ਵਰਨੁ ਅਵਰਨੁ ਹੋਇ” ਦਾ ਸੰਦੇਸ਼ ਦ੍ਰਿੜ੍ਹ ਕੀਤਾ।
ਖਾਲਸਾ ਸਾਜਣ ਸਮੇਂ ਹਜ਼ਾਰਾਂ ਦੇ ਇਕੱਠ ਵਿਚੋਂ ਸੀਸ ਵਾਰਨ ਲਈ ਪੰਜ ਸਿੱਖ ਨਿਤਰੇ। ਭਾਈ ਦਇਆ ਸਿੰਘ ਖੱਤਰੀ ਅਤੇ ਧਰਮ ਸਿੰਘ, ਸਾਹਿਬ ਸਿੰਘ, ਹਿੰਮਤ ਸਿੰਘ ਤੇ ਮੁਹਕਮ ਸਿੰਘ ਸ਼ੂਦਰ ਸਨ। ਅੰਦਾਜ਼ਾ ਲਾ ਸਕਦੇ ਹਾਂ ਕਿ ਵੱਡੇ ਇਕੱਠ ਵਿਚ ਸ਼ੂਦਰ ਸਿੱਖ ਚੋਖੀ ਗਿਣਤੀ ਵਿਚ ਬਿਰਾਜਮਾਨ ਹੋਣਗੇ। ਪੰਜ ਪਿਆਰੇ ਪੰਜਾਬ, ਯੂæਪੀæ, ਗੁਜਰਾਤ, ਉੜੀਸਾ ਅਤੇ ਕਰਨਾਟਕ ਤੋਂ ਸਨ। ਇਕੱਤਰਤਾ ਪੂਰੇ ਦੇਸ਼ ਭਰ ਵਿਚੋਂ ਸੀ। ਨਵੇਂ ਮਨੁੱਖ ਅਤੇ ਸਮਾਜ ਦਾ ਨਿਰਮਾਣ ਹੋਇਆ। ਗੁਰੂ ਨੇ ਵਰਣ, ਜਾਤੀ, ਗੋਤ, ਬੋਲੀ, ਖਿੱਤੇ, ਊਚ ਨੀਚ ਅਤੇ ਮੇਰ-ਤੇਰ ਦੇ ਭਾਵ ਸਭ ਖ਼ਾਰਜ ਕਰ ਦਿੱਤੇ। ਪੰਜ ਪਿਆਰਿਆਂ ਵਿਚ ਕੋਈ ਵੀ ਬ੍ਰਾਹਮਣ ਅਤੇ ਵੈਸ਼ ਨਹੀਂ ਸੀ। ਸ਼ਾਇਦ ਇਸੇ ਕਰਕੇ ਸਿੱਖ ਇਤਿਹਾਸ ਵਿਚ ਬ੍ਰਾਹਮਣ ਅਤੇ ਵੈਸ਼ ਵਰਣ ਦੀ ਹਾਜ਼ਰੀ ਵਧੇਰੇ ਜ਼ਿਕਰਯੋਗ ਨਹੀਂ। ਖੱਤਰੀ ਅਤੇ ਸ਼ੂਦਰ ਵਰਣ ਦੀ ਸ਼ਮੂਲੀਅਤ ਭਰਵੇਂ ਰੂਪ ਵਿਚ ਰਹੀ। ਗੁਰੂ ਸਾਹਿਬ ਨੇ ਇੱਕ ਖੱਤਰੀ ਅਤੇ ਚਾਰ ਸ਼ੂਦਰ ਸਿੱਖਾਂ ਨੂੰ ਸਿੰਘ ਸਾਜ਼ ਕੇ ‘ਪੰਜ ਪਿਆਰੇ’ ਦਾ ਖਿਤਾਬ ਬਖ਼ਸ਼ ਕੇ ਖ਼ਾਲਸੇ ਨੂੰ ‘ਅਵਰਣ’ ਕਰ ਦਿਤਾ।
ਸੀਨਾ-ਬਸੀਨਾ ਕਥਾ ਪ੍ਰਚਲਿਤ ਹੈ ਕਿ ਸਿੱਖਾਂ ਨੇ ਚੌਥੇ ਪਾਤਸ਼ਾਹ ਨੂੰ ਸ਼ਿਕਾਇਤ ਕੀਤੀ ਕਿ ਅਛੂਤ ਸਿੱਖ ਕਾਰ ਸੇਵਾ ਦੇ ਬਹਾਨੇ ਉਨ੍ਹਾਂ ਵਿਚ ਘੁਸੜਨ ਦੀ ਕੋਸ਼ਿਸ਼ ਕਰ ਰਹੇ ਹਨ। ਗੁਰੂ ਸਾਹਿਬ ਨੇ ਤਾੜਨਾ ਕੀਤੀ ਕਿ ਉਹ ਅਛੂਤ ਨਹੀਂ, ਗੁਰੂ ਕੇ ਸਿੱਖ ਹਨ। ਗੁਰੂ ਸਾਹਿਬ ਨੇ ਉਨ੍ਹਾਂ ਸਿੱਖਾਂ ਨੂੰ ਗਲ਼ ਲਾਉਣ ਤੇ ਭੁੱਲ ਬਖ਼ਸ਼ਾਉਣ ਲਈ ਆਦੇਸ਼ ਕੀਤਾ ਅਤੇ ਉਨ੍ਹਾਂ ਅਛੂਤ ਸਿੱਖਾਂ ਨੂੰ ਗੁਰੂ ਸਾਹਿਬ ਨੇ ਪਿਆਰ ਵਿਚ ‘ਰਾਮਦਾਸੀਏ ਸਿੱਖ’ ਦਾ ਖਿਤਾਬ ਬਖ਼ਸ਼ ਦਿਤਾ। ਇਸ ਰਾਮਦਾਸੀਆ ਭਾਈਚਾਰੇ ‘ਚੋਂ ਗਿਆਨੀ ਦਿੱਤ ਸਿੰਘ ਬਾਬਤ ਪ੍ਰੋਫੈਸਰ ਆਫ ਸਿੱਖਇਜ਼ਮ ਸ਼ ਗੁਰਤੇਜ ਸਿੰਘ ਨੇ ‘ਕਿਛੁ ਸੁਣੀਐ ਕਿਛੁ ਕਹੀਐ’ ਵਿਚ ਦੱਸਿਆ, “ਉਨ੍ਹਾਂ ਦੀਆਂ ਬਾ ਦਲੀਲ ਤਕਰੀਰਾਂ ਨੂੰ ਸਿੰਘ ਸਭੀਏ ਬੜੇ ਗ਼ੌਰ ਨਾਲ ਸੁਣਦੇ ਅਤੇ ਆਪ ਮੁਹਾਰੇ ਅਸ਼ ਅਸ਼ ਕਰ ਉਠਦੇ; ਪਰ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਉਸ ਵੇਲੇ ਤੱਕ ਨੇੜੇ ਨਾ ਫਟਕਣ ਦਿੰਦੇ ਜਦੋਂ ਤੱਕ ਗਿਆਨੀ ਜੀ ਭਾਸ਼ਣ ਕਰਕੇ ਮੰਚ ਤੋਂ ਹੇਠਾਂ ਨਾ ਉਤਰ ਜਾਂਦੇ, ਤਾਂ ਕਿ ਇਨ੍ਹਾਂ ਦੀ ਭਿਟ ਕੜਾਹ ਪ੍ਰਸ਼ਾਦ ਨੂੰ ਨਾ ਲੱਗ ਜਾਵੇ।”
ਗੁਰੂ ਕਾਲ ਉਪਰੰਤ ਵਿਹਾਰਕ ਪੱਧਰ ‘ਤੇ ਸਿੱਖ ਸਮਾਜ ਵਰਣ ਵਿਵਸਥਾ ਦੀ ਜਕੜ ਵਿਚ ਘਿਰ ਗਿਆ। ਸਿੱਖ ਸਮਾਜ ‘ਤੇ ਤੱਦੀ ਦਾ ਦੌਰ ਮੱਠਾ ਪਿਆ ਅਤੇ ਖ਼ਾਲਸੇ ਨੇ ਰਾਜਸੀ ਆਧਾਰ ਕਾਇਮ ਕਰਨ ਬਾਬਤ ਸੋਚਿਆ ਤਾਂ ਬਾਰਾਂ ਮਿਸਲਾਂ ਬਣੀਆਂ। ਜਾਤ ਉਪਰ ਮਿਸਲ ਸ਼ਬਦ ਦਾ ਗਿਲਾਫ ਚਾੜ੍ਹ ਲਿਆ ਗਿਆ। ਕਨਿੰਘਮ ਮੁਤਾਬਕ ਮਿਸਲਾਂ ਦਾ ਆਧਾਰ ਜਾਤ ਸੀ।
ਦੂਜੇ ਪਾਤਸ਼ਾਹ ਦੀ ਵੰਸ਼ ਵਿਚੋਂ ਬਾਬਾ ਕਾਹਨ ਸਿੰਘ ਤ੍ਰੇਹਣ, ਬੰਦੇ ਬਹਾਦਰ ਨਾਲ ਸੱਤ ਸੌ ਸਿੰਘਾਂ ਸਮੇਤ ਗ੍ਰਿਫਤਾਰ ਹੋਇਆ। ਕਤਲੇਆਮ ਤੋਂ ਪਹਿਲਾਂ ਸਿੱਖਾਂ ਨੇ ਇੱਕ ਸਿੰਘ ਪੇਸ਼ ਕਰਕੇ ਗੁਰੂ ਦੇ ਇਕੋ ਇਕ ਵੰਸ਼ਜ ਬਾਬਾ ਕਾਹਨ ਸਿੰਘ ਨੂੰ ਛੁਡਵਾ ਲਿਆ ਸੀ। ਉਸ ਸਮੇਂ ਇਕ ਨੌਜਵਾਨ ਸਿੰਘ ਦੀ ਮਾਂ ਆਪਣੇ ਪੁੱਤਰ ਨੂੰ ਭੁਲੇਖੇ ਵਿਚ ਪਕੜਿਆ ਦੱਸ ਕੇ ਛੁਡਵਾਉਣ ਆਈ ਤਾਂ ਪੁੱਤਰ ਨੇ ਉਸ ਨੂੰ ਮਾਂ ਮੰਨਣ ਤੋਂ ਹੀ ਨਾਂਹ ਕਰ ਦਿਤੀ ਅਤੇ ਸ਼ਹੀਦੀ ਜਾਮ ਪੀ ਗਿਆ।
“ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ” ਵਿਚ ਜ਼ਿਕਰ ਹੈ ਕਿ ਸ੍ਰੀ ਅਕਾਲ ਤਖਤ ਵਿਖੇ ਉਸੇ ਬਾਬਾ ਕਾਹਨ ਸਿੰਘ ਨੇ ਇਕ ਸਿੱਖ ਨੂੰ ਸਿੱਖਾਂ ਨਾਲ ਗਲੇ ਮਿਲਦਿਆਂ ਦੇਖ, ਸੱਦ ਲਿਆ। ਪੁੱਛਣ ‘ਤੇ ਪਤਾ ਲੱਗਾ ਕਿ ਉਹ ਮਜ਼੍ਹਬੀ ਹੈ। ਕਾਹਨ ਸਿੰਘ ਨੇ ਤਾੜਨਾ ਕੀਤੀ, “ਤੈਨੂੰ ਅਪਨਾ ਪਰਵਾਰ ਅਤੇ ਜਨਮ ਭੁੱਲ ਕੀਕੂੰ ਗਿਆ।” ਉਸ ਸਿੱਖ ਨੂੰ ਸਜਾ ਦਿੱਤੀ ਗਈ। ਛਿੱਬਰ ਦੱਸਦੇ ਹਨ, “ਬੁਲਾਇ ਨਾਈ ਤਿਸ ਦੇ ਕੇਸ ਲੁਹਾਏ, ਚਾੜਿ ਖਰ ਦਿਤਾ ਨਗਰ ਫਿਰਾਇ, ਸਰ ਟੁੰਡੇ ਦੇ ਸੋ ਫਾਂਸੀ ਲਾਇਆ।” ਮਜ਼੍ਹਬੀ ਸਿੱਖ ਭਾਈ ਜੈਤਾ ਨੂੰ ਔਰੰਗਜ਼ੇਬ ਦੀ ਕਤਲਗਾਹ ਵਿਚੋਂ ਨੌਵੇਂ ਪਾਤਸ਼ਾਹ ਦਾ ਸੀਸ ਆਪਣੇ ਸੀਨੇ ਨਾਲ ਲਾ ਕੇ ਅਨੰਦਪੁਰ ਸਾਹਿਬ ਲਿਆਉਣ ‘ਤੇ, ਦਸਵੇਂ ਪਾਤਸ਼ਾਹ ਨੇ ‘ਰੰਘਰੇਟਾ ਗੁਰੂ ਕਾ ਬੇਟਾ’ ਆਖਿਆ ਸੀ।
‘ਮਹਾਨਕੋਸ਼’ ਅਨੁਸਾਰ ਕਾਨ੍ਹ ਸਿੰਘ “ਦਸ਼ਮੇਸ਼ ਦਾ ਸੇਵਕ, ਜੋ ਇੱਕ ਵਾਰ ਲੇਪਨ ਕਰਦਾ ਸੀ, ਅਣਗਹਿਲੀ ਨਾਲ ਦਸ਼ਮੇਸ਼ ਦੇ ਜਾਮੇ ਪੁਰ ਛਿੱਟਾ ਪੈ ਗਿਆ। ਸਤਿਗੁਰੂ ਨੇ ਹੁਕਮ ਦਿੱਤਾ ਕਿ ਇਸ ਦੇ ਤਮਾਚਾ ਮਾਰੋ। ਇਸ ਪੁਰ ਅਨੇਕ ਸਿੱਖਾਂ ਨੇ ਤਮਾਚੇ ਮਾਰੇ। ਦਸ਼ਮੇਸ਼ ਨੇ ਫੁਰਮਾਇਆ ਕਿ ਅਸਾਂ ਇੱਕ ਤਮਾਚੇ ਨੂੰ ਕਿਹਾ ਸੀ, ਤੁਸੀਂ ਬਹੁਤੇ ਕਿਉਂ ਮਾਰੇ? ਸਭ ਨੇ ਕਿਹਾ, ਗੁਰੂ ਦਾ ਹੁਕਮ ਸਭ ਨੂੰ ਮੰਨਣਾ ਚਾਹੀਏ। ਦਸ਼ਮੇਸ਼ ਨੇ ਫ਼ੁਰਮਾਇਆ ਕਿ ਆਪਣੀ ਪੁਤ੍ਰੀ ਇਸ ਨੂੰ ਅਰਪੋ। ਇਸ ਪੁਰ ਸਭ ਚੁੱਪ ਹੋ ਗਏ। ਅਜਬ ਸਿੰਘ ਕੰਧਾਰ ਨਿਵਾਸੀ ਨੇ ਆਪਣੀ ਪੁਤ੍ਰੀ ਅਰਪੀ। ਸਤਿਗੁਰਾਂ ਨੇ ਉਸ ਦਾ ਕਾਨ੍ਹ ਸਿੰਘ ਨਾਲ ਆਨੰਦ ਪੜ੍ਹਾ ਦਿੱਤਾ।” ਜਿੱਤ ਦਾ ਸਰੂਰ ਦੇਣ ਵਾਲੇ ਤਮਾਚੇ ਦੇ ਹੁਕਮ ਦੀ ਸਮੂਹ ਸਿੱਖ ਖਿੜੇ ਮੱਥੇ ਤਾਮੀਲ ਕਰਦੇ ਹਨ, ਪਰ ਕੰਨਿਆ ਦਾਨ ਜਹੇ ਨਿਮਰ ਭਾਵੀ ਕਾਰਜ ਦਾ ਹੁਕਮ ਕੋਈ ਵਿਰਲਾ ਕਬੂਲ ਕਰਦਾ ਹੈ।
ਦਸਮ ਪਿਤਾ ਨੇ ਜਿਹੜੇ ‘ਗ਼ਰੀਬ ਸਿੱਖਨ ਕੋ ਦੇਊਂ ਪਾਦਸ਼ਾਹੀ’ ਦਾ ਐਲਾਨ ਕੀਤਾ, ਪਾਦਸ਼ਾਹੀ ਮਿਲਣ ‘ਤੇ ਉਨ੍ਹਾਂ ਗ਼ਰੀਬ ਸਿੱਖਾਂ ਨੂੰ ਚੌਥਾ ਪੌੜਾ ਆਖ ਕੇ ਪਾਦਸ਼ਾਹੀ ਦੇ ਕਦੀ ਨੇੜੇ ਵੀ ਫਟਕਣ ਨਾ ਦਿਤਾ। ਨੈਸ਼ਨਲ ਪ੍ਰੋਫ਼ੈਸਰ ਆਫ ਸਿੱਖਇਜ਼ਮ ਸਿਰਦਾਰ ਕਪੂਰ ਸਿੰਘ ਨੇ ‘ਸਾਚੀ ਸਾਖੀ’ ਵਿਚ ਲਿਖਿਆ ਕਿ ਡਾਕਟਰ ਅੰਬੇਦਕਰ ਸਮਝ ਗਿਆ ਸੀ ਕਿ ਸਿੱਖੀ ਹੀ ਅਛੂਤਾਂ ਨੂੰ ਦਲਿਤ ਅਵਸਥਾ ‘ਚੋਂ ਮੁਕਤ ਕਰਾ ਸਕਦੀ ਹੈ, ਜਿਸ ਲਈ ਜ਼ਰੂਰੀ ਹੈ ਕਿ ਸਿੱਖ ਪੰਥ ਦਾ ਕੋਈ ਦੂਰਦਰਸ਼ੀ ਨੇਤਾ ਹੋਵੇ। ਛੇ ਕਰੋੜ ਅਛੂਤ ਸਿੰਘ ਸਜ ਜਾਂਦੇ ਤਾਂ ਦੇਸ਼ ਵੰਡ ਸਮੇਂ ਅੰਗਰੇਜ਼ਾਂ ਨਾਲ ਗੱਲਬਾਤ ਵਿਚ ਸਿੱਖ ਨੇਤਾ ਅੰਬੇਦਕਰ ਹੋਣਾ ਸੀ, ਜੋ ਗਾਂਧੀ ਅਤੇ ਜਿਨਾਹ ਦੀ ਟੱਕਰ ਦਾ ਦੂਰਦਰਸ਼ੀ ਨੀਤੀਵੇਤਾ ਸੀ। ਉਸ ਦੇ ਸਿੱਖਾਂ ਵਿਚ ਸ਼ਾਮਲ ਹੋਣ ‘ਤੇ ਰੁਕਾਵਟਾਂ ਖੜੀਆਂ ਕਰਨ ਦਾ ਕਾਰਣ ਪੁਛਿਆ ਤਾਂ ਪੜ੍ਹੇ-ਲਿਖੇ ਸਿਰਕੱਢ ਅਕਾਲੀ ਆਗੂ ਸਰਦਾਰ ਹਰਨਾਮ ਸਿੰਘ ਝੱਲੇ ਨੇ ਆਖਿਆ, “ਛੇ ਕਰੋੜ ਅਛੂਤ ਸਿੱਖ ਬਣਾ ਕੇ ਦਰਬਾਰ ਸਾਹਿਬ ਚੂਹੜਿਆਂ ਨੂੰ ਦੇ ਛੱਡੀਏ?”
ਗੁਰੂ ਸਾਹਿਬ ਨੇ ਵਰਣ ਦੇ ਖਾਤਮੇ ਲਈ, ਜਿਸ ਅੰਮ੍ਰਿਤ ਸਰੋਵਰ ਦਾ ਨਿਰਮਾਣ ਕੀਤਾ, ਉਸ ਸਰੋਵਰ ਦੀ ਇਕ ਬਾਹੀ ਸ਼ੂਦਰ ਵਰਣ ਦੇ ਇਸ਼ਨਾਨ ਲਈ ਨਿਸਚਿਤ ਕਰਕੇ ਸ਼ੂਦਰ ਸਿੱਖਾਂ ਨੂੰ ਚੌਥੇ ਪੌੜੇ ਦੇ ਸਿੱਖ ਗਰਦਾਨ ਦਿੱਤਾ ਗਿਆ। ਫਿਰ ਦੇਗ ਅਤੇ ਅਰਦਾਸ ਕਰਾਉਣ ਦੇ ਹੱਕ ਤੋਂ ਵਾਂਝੇ ਕਰਕੇ ਅੰਮ੍ਰਿਤ ਦੀ ਦਾਤ ਦੇ ਵੀ ਵੱਖਰੇ ਨਿਯਮ ਘੜ ਲਏ ਗਏ। ਚੌਥੇ ਪੌੜੇ ਦੇ ਸਿੱਖਾਂ ਨੂੰ ਹਰ ਤਰ੍ਹਾਂ ਹਕਾਰਤ ਦੀ ਨਜ਼ਰ ਨਾਲ ਦੇਖਿਆ ਜਾਣ ਲੱਗਾ।
ਜਿਵੇਂ ਸਭ ਤੋਂ ਹੇਠਲੇ ਕਰਮਚਾਰੀਆਂ ਨੂੰ ‘ਚੌਥਾ ਦਰਜਾ’ ਆਖ ਕੇ ਸੰਵਿਧਾਨ ਵਿਚ ਵਰਣ ਘਸੋੜ ਦਿਤਾ ਗਿਆ। ਇਸੇ ਤਰ੍ਹਾਂ ਸਿੱਖ ਸਮਾਜ ਵਿਚ ਚੌਥੇ ਵਰਣ ਨੂੰ ਚੌਥਾ ਪੌੜਾ ਕਹਿ ਕੇ ਸਿੱਖੀ ਦੀ ਖਾਲਸ ਮੌਲਿਕਤਾ ‘ਤੇ ਵਰਣ ਦੀ ਮੁਹਰ ਚੇਪ ਦਿਤੀ ਗਈ ਅਤੇ ਗੁਰੂ ਨਾਨਕ ਦਾ ਜਗਤ ਵਿਚ ਮਾਰਿਆ ਅਵਰਣ ਸਿੱਕਾ ਮੇਟ ਅਤੇ ਮੇਸ ਦਿੱਤਾ ਗਿਆ।
ਜਾਤ ਆਧਾਰਤ ਗੁਰਦੁਆਰੇ ਸਿੱਖੀ ਦਾ ਨਿਸ਼ੇਧ ਹਨ। ਜਾਤ ਦੇ ਨਾਂ ‘ਤੇ ਬਣੇ ਸ਼ਮਸ਼ਾਨਘਾਟ ਇਨਸਾਨੀਅਤ ਦੇ ਮੱਥੇ ‘ਤੇ ਕਲੰਕ ਹਨ, ਜਿਥੇ ਕੋਈ ਮਰ ਕੇ ਵੀ ਅਵਰਣ ਨਹੀਂ ਹੋ ਸਕਦਾ। ਬੇਸ਼ੱਕ ਵਰਣ ਅਤੇ ਜਾਤ ਗੋਤ ਨੂੰ ਕਾਨੂੰਨੀ ਮਾਨਤਾ ਪ੍ਰਾਪਤ ਨਹੀਂ, ਪਰ ਸਾਡੇ ਦਿਲੋ-ਦਿਮਾਗ਼ ਵਿਚੋਂ ਊਚ-ਨੀਚ ਦਾ ਖਿਆਲ ਅਤੇ ਅਹਿਸਾਸ ਮਿਟਿਆ ਨਹੀਂ, ਵਧਿਆ ਹੈ। ਵਰਣਾਂ ਦੀ ਵਲਗਣ ਤੋਂ ਖਾਲਸਾ ਖਲਾਸੀ ਨਹੀਂ ਪਾ ਸਕਿਆ। ਨਖਾਲਸ ਖਾਲਸੇ ਵਿਚ ਹੁਣ ਪੰਜਵੇਂ ਪੌੜੇ ਦੀ ਚੁੱਪ ਚਰਚਾ ਜਾਰੀ ਹੈ।
ਜਿਨ੍ਹਾਂ ਲੋਕਾਂ ਨੂੰ ਸਦੀਆਂ ਤੋਂ ਵਰਣ ਦੇ ਅਧਾਰ ‘ਤੇ ਲਿਤਾੜਿਆ ਗਿਆ, ਉਨ੍ਹਾਂ ਨੂੰ ਰਾਹਤ ਦੇਣ ਅਤੇ ਖਲੋਣ ਜੋਗਾ ਕਰਨ ਹਿਤ, ਸੰਵਿਧਾਨ ਵਿਚ ਰਾਖਵਾਂਕਰਣ ਦੀ ਵਿਵਸਥਾ ਕੀਤੀ ਗਈ। ਵਿਤਕਰੇ ਅਤੇ ਨਫ਼ਰਤ ਦਾ ਆਧਾਰ ਵਰਣ ਸੀ, ਇਸੇ ਲਈ ਸਹੂਲਤ ਦਾ ਆਧਾਰ ਵੀ ਵਰਣ ਮਿਥਿਆ ਗਿਆ, ਜਿਸ ਨਾਲ ਆਰਥਿਕਤਾ ਨੂੰ ਵੀ ਜੋੜ ਲਿਆ ਗਿਆ। ਸ਼ੂਦਰ ਵਰਣ ਵਿਚੋਂ ਜਿਹੜੀਆਂ ਜਾਤੀਆਂ ਜ਼ਮੀਨ ‘ਤੇ ਕਾਬਜ਼ ਹੋ ਗਈਆਂ ਜਾਂ ਕਿਸੇ ਹੋਰ ਵਸੀਲਿਆਂ ਕਾਰਣ ਆਰਥਕ ਸਮਰੱਥਾ ਮਜਬੂਤ ਕਰਨ ਵਿਚ ਕਾਮਯਾਬ ਹੋ ਗਈਆਂ, ਉਨ੍ਹਾਂ ਨੂੰ ਰਾਖਵਾਂਕਰਣ ਦੀ ਸਹੂਲਤ ਤੋਂ ਵਿਰਵੇ ਰੱਖਿਆ ਗਿਆ। ਸ਼ੂਦਰ ਵਰਣ, ਰਾਖਵਾਂਕਰਣ ਰਹਿਤ ਅਤੇ ਰਾਖਵਾਂਕਰਣ ਸਹਿਤ, ਦੋ ਹਿੱਸਿਆਂ ਵਿਚ ਵੰਡਿਆ ਗਿਆ।
ਰਾਖਵਾਂਕਰਣ ਰਹਿਤ ਸ਼ੂਦਰ ਵਰਣ ‘ਜਨਰਲ ਵਰਗ’ ਦੀ ਖਾਹਮ-ਖਿਆਲੀ ਵਿਚ ਉਚ ਵਰਣਾਂ ਨਾਲ ਭਿਆਲੀ ਦਾ ਭਰਮ ਪਾਲ ਕੇ ਵੀ, ਉਤਲੇ ਵਰਣਾਂ ਦੀ ਹਕਾਰਤ ਤੋਂ ਮੁਕਤ ਨਹੀਂ ਹੋਇਆ। ਪਰ ਉਸ ਨੇ ਰਾਖਵਾਂਕਰਣ ਸਹਿਤ ਸ਼ੂਦਰ ਵਰਣ ਨੂੰ ਪੰਜਵਾਂ ਪੌੜਾ ਆਖ ਕੇ, ਉਸ ਪ੍ਰਤੀ ਹਕਾਰਤ ਦਾ ਖ਼ਜ਼ਾਨਾ ਭਰ ਲਿਆ ਹੈ। ਰਾਖਵਾਂਕਰਣ ਰਹਿਤ ਅਤੇ ਰਾਖਵਾਂਕਰਣ ਸਹਿਤ ਸ਼ੂਦਰ ਜਾਤੀਆਂ ਦਰਮਿਆਨ ਨਫ਼ਰਤ ਦੀ ਅੱਗ ਦਿਨ ਬਦਿਨ ਵਧ ਰਹੀ ਹੈ। ਜ਼ਮੀਨ ਤੇ ਕਾਬਜ਼ ਅਤੇ ਸਮਰੱਥਾਵਾਨ ਰਾਖਵਾਂਕਰਣ ਰਹਿਤ ਸ਼ੂਦਰ ਜਾਤੀਆਂ ਨੇ ਰਾਖਵਾਂਕਰਣ ਸਹਿਤ ਕਿਰਤੀ ਜਾਤੀਆਂ ਨੂੰ ਪੰਜਵਾਂ ਪੌੜਾ ਕਹਿਣਾ ਸ਼ੁਰੂ ਕਰ ਦਿਤਾ ਹੈ। ਇਹ ਗੱਲ ਵੱਖਰੀ ਹੈ ਕਿ ਰਾਖਵਾਂਕਰਣ ਰਹਿਤ ਸ਼ੂਦਰ ਜਾਤੀਆਂ ਰਾਖਵੇਂਕਰਣ ਦੀ ਮੰਗ ਵੀ ਜ਼ੋਰ ਸ਼ੋਰ ਨਾਲ ਕਰ ਰਹੀਆਂ ਹਨ, ਪਰ ਜਿਨ੍ਹਾਂ ਨੂੰ ਰਾਖਵਾਂਕਰਣ ਮਿਲ ਚੁਕਾ ਹੈ, ਉਨ੍ਹਾਂ ਨੂੰ ਘੋਰ ਨਿਰਾਦਰ ਦੀ ਨਿਗਾਹ ਨਾਲ ਵੀ ਦੇਖਦੀਆਂ ਹਨ।
ਸਕੂਲਾਂ-ਕਾਲਜਾਂ ਵਿਚ ਰਾਖਵਾਂਕਰਣ ਰਹਿਤ ਚੌਥੇ ਪੌੜੇ ਦੇ ਅਧਿਆਪਕ ਰਾਖਵਾਂਕਰਣ ਸਹਿਤ ਪੰਜਵੇਂ ਪੌੜੇ ਦੇ ਵਿਦਿਆਰਥੀਆਂ ਨੂੰ ਮਿਲ਼ੇ ਚੈਕ ‘ਤੇ ਗਵਾਹੀ ਪਾਉਣ ਤੋਂ ਇਵੇਂ ਭੱਜਦੇ ਹਨ, ਜਿਵੇਂ ਉਹ ਦਸਤਖ਼ਤ ਕਰਕੇ ਜਨਮਾਂ-ਜਨਮਾਂਤਰਾਂ ਲਈ ਘੋਰ ਨਰਕਾਂ ਦੇ ਭਾਗੀ ਹੋ ਜਾਣਗੇ। ਚੈਕ ਦੇਖ ਕੇ ਏਨੇ ਭੈਭੀਤ ਹੋ ਜਾਂਦੇ ਹਨ, ਜਿਵੇਂ ਉਹ ਚੈਕ ਨਹੀਂ, ਕੋਹੜ ਦਾ ਫੁਰਮਾਨ ਹੋਵੇ। ਵਿਦਿਆਰਥੀ ਦੀ ਬਰੰਗ ਵਾਪਸੀ ‘ਤੇ ਆਪੋ ਵਿਚ ਨਜ਼ਰੋ-ਨਜ਼ਰੀ ਇਸ ਤਰ੍ਹਾਂ ਨਿਹਾਲ ਹੋਏ ਪ੍ਰਤੀਤ ਹੁੰਦੇ ਹਨ, ਜਿਵੇਂ ਉਸ ਗਰੀਬ ‘ਤੋਂ ਬ੍ਰਹਮ ਹੱਤਿਆ ਦਾ ਬਦਲਾ ਲੈ ਲਿਆ ਹੋਵੇ।
ਪੈਂਤੀ ਕਿਸਮ ਦੇ ਰਾਖਵੇਂਕਰਣ ਵਿਚੋਂ ਕੇਵਲ ਜਾਤੀ ਰਾਖਵਾਂਕਰਣ ਹੀ ਚੁਭਦਾ ਹੈ। ਵੀਹ ਵੀਹ ਹਾਰਸ ਪਾਵਰ ਦੀਆਂ ਪੰਦਰਾਂ ਲੱਖ ਦੇ ਕਰੀਬ ਚਲਦੀਆਂ ਮੋਟਰਾਂ ਦੀ ਪੰਜ ਹਜ਼ਾਰ ਕਰੋੜ ਰੁਪਏ ਦੀ ਮੁਫ਼ਤ ਬਿਜਲੀ ਦੇ ਮੁਕਾਬਲੇ ਮਜਦੂਰ ਦੇ ਘਰ ‘ਚ ਚੱਲਦਾ ਪੱਖਾ ਤੇ ਟਿਮਟਮਾਉਂਦੀ ਬੱਤੀ ਅੱਖਾਂ ‘ਚ ਰੜਕਦੀ ਹੈ। ਕਰੋੜਾਂ ਦੀਆਂ ਸਬਸਿਡੀਆਂ ਅਤੇ ਕਰਜ਼ਿਆਂ ਦੀ ਮੁਆਫੀ ਦੀ ਥਾਂ ਆਟਾ-ਦਾਲ ਸਕੀਮ ਦੇ ਚਰਚੇ ਇਸ ਤਰ੍ਹਾਂ ਹੁੰਦੇ ਹਨ, ਜਿਵੇਂ ਲੁੱਟ ਨਹੀਂ, ਕਤਲੋਗ਼ਾਰਤ ਮਚ ਗਈ ਹੋਵੇ। ਕੰਮੀਆਂ ਦੇ ਘਰਾਂ ‘ਚ ਰੋਟੀ ਲਈ ਰੁਲ਼ਦੀਆਂ ਇੱਜਤਾਂ ਤੇ ਸ਼ਰਮ ਨਾਲ ਡੁੱਬ ਡੁੱਬ ਮਰਦੇ ਮਾਂ-ਬਾਪ ਕਿਸੇ ਪੱਤਰਕਾਰ ਨੂੰ ਨਹੀਂ ਦਿਖਦੇ। ਕਿਸਾਨੀ ਖ਼ੁਦਕੁਸ਼ੀਆਂ ਹੀ ਅਖ਼ਬਾਰਾਂ ‘ਚ ਛਪਦੀਆਂ ਹਨ।
ਗੁਰੂ ਸਾਹਿਬਾਨ ਦੇ ਨਾਂ ‘ਤੇ ਗਰੀਬਾਂ, ਮਜਲੂਮਾਂ ਤੇ ਯਤੀਮਾਂ ਲਈ ਖੁੱਲ੍ਹੀਆਂ ਸੰਸਥਾਵਾਂ, ਸਕੂਲ, ਕਾਲਜ ਅਤੇ ਚੈਰੀਟੇਬਲ ਹਸਪਤਾਲ ਸਿਰਫ ਪੈਸਾ ਉਗਰਾਹੁਣ ਦੇ ਕੇਂਦਰ ਹਨ, ਜਿਥੇ ਦਾਨੀ ਬਿਰਤੀ ਅਤੇ ਚੈਰਿਟੀ ਦੇ ਰੋਜ਼ ਜਨਾਜ਼ੇ ਨਿਕਲਦੇ ਹਨ। ਗੁਰੂ ਸਾਹਿਬਾਨ ਦੇ ਪਰਮ ਸੰਦੇਸ਼ ਵਰਣ ਤੋਂ ਅਵਰਣ ਹੋਣ ਵੱਲ ਅਸੀਂ ਇੱਕ ਕਦਮ ਵੀ ਅਗਾਂਹ ਨਹੀਂ ਪੁੱਟਿਆ।
ਸ਼੍ਰੋਮਣੀ ਕਮੇਟੀ ਨੇ ਘੋਖ ਵਿਚਾਰ ਕੇ ਰਹਿਤ ਮਰਿਆਦਾ ਤਿਆਰ ਕੀਤੀ, ਜਿਸ ਵਿਚ ਅਨੰਦ ਸੰਸਕਾਰ ਦੀ ਪਹਿਲੀ ਹਦਾਇਤ ਇਹ ਲਿਖੀ ਕਿ “ਸਿੱਖ ਸਿੱਖਣੀ ਦਾ ਵਿਆਹ, ਬਿਨਾਂ ਜਾਤ-ਪਾਤ, ਗੋਤ ਵਿਚਾਰੇ ਦੇ ਹੋਣਾ ਚਾਹੀਏ।” ਇਸ ਹਦਾਇਤ ‘ਤੇ ਕਿਤਨਾ ਅਮਲ ਹੋਇਆ? ਇਸ ਸਵਾਲ ਦੇ ਜਵਾਬ ਤੋਂ ਹੀ ਗੁਰਮਤਿ ਅਭਿਆਸ ਦੀ ਪ੍ਰਗਤੀ ਦਾ ਜਾਇਜ਼ਾ ਲੱਗ ਸਕਦਾ ਹੈ।