ਗੁਲਜ਼ਾਰ ਸਿੰਘ ਸੰਧੂ
ਸੰਨ ਸੰਤਾਲੀ ਦੀ ਵੰਡ ਵਿਚ ਲਾਹੌਰ ਦੇ ਪਾਕਿਸਤਾਨ ਵਿਚ ਰਹਿ ਜਾਣ ਪਿੱਛੋਂ ਪੰਜਾਬ ਦੇ ਸਾਰੇ ਅਖ਼ਬਾਰ ਤੇ ਵੱਡਾ ਰੇਡੀਓ ਸਟੇਸ਼ਨ ਜਲੰਧਰ ਵਿਚ ਸਥਾਪਤ ਹੋਏ ਤੇ ਇਹ ਸ਼ਹਿਰ ਨਵੇਂ ਪੰਜਾਬ ਦੀ ਮੀਡੀਆ ਰਾਜਧਾਨੀ ਵਜੋਂ ਜਾਣਿਆ ਜਾਣ ਲੱਗਾ। 20-21 ਫਰਵਰੀ ਨੂੰ ਦੋਆਬਾ ਕਾਲਜ, ਜਲੰਧਰ ਦੇ ਪੱਤਰਕਾਰੀ ਤੇ ਜਨ ਸੰਚਾਰ ਵਿਭਾਗ ਵੱਲੋਂ ਕਰਵਾਈ ਗਈ ਦੋ ਦਿਨਾਂ ਅੰਤਰਰਾਸ਼ਟਰੀ ਕਾਨਫਰੰਸ ਨੇ ਇਸ ਤੱਥ ਨੂੰ ਮੁੜ ਤਸਦੀਕ ਕੀਤਾ ਹੈ।
ਮਾਤ ਭਾਸ਼ਾ ਦਿਵਸ ਨੂੰ ਪ੍ਰਣਾਈ ਇਸ ਕਾਨਫਰੰਸ ਵਿਚ ਖੇਤਰੀ ਬੋਲੀਆਂ, ਜਨ ਸੰਚਾਰ ਤੇ ਸਮਾਜ ਦੀ ਆਪੋ ਵਿਚਲੀ ਸਾਂਝ ਦੇ ਮਹੱਤਵ ਨੂੰ ਖੂਬ ਉਘਾੜਿਆ ਗਿਆ। ਇਸ ਵਿਚ ਭਾਰਤੀ ਭਾਸ਼ਾਵਾਂ ਤੇ ਸਭਿਆਚਾਰਾਂ ਦੀ ਅਨੇਕਤਾ ਵਿਚ ਏਕਤਾ ਦੇ ਮਹੱਤਵ ਨੂੰ ਉਜਾਗਰ ਕਰਨ ਵਿਚ ਵੱਖ-ਵੱਖ ਖੇਤਰਾਂ ਦੇ ਗੀਤ, ਸੰਗੀਤ, ਫਿਲਮਾਂ, ਕੋਮਲ ਕਲਾਵਾਂ, ਘੱਟ ਗਿਣਤੀ ਵਸਨੀਕਾਂ ਦੇ ਹੱਕਾਂ ਨੂੰ ਉਘਾੜਨ ਵਾਲੀ ਅਕਾਸ਼ਵਾਣੀ, ਦੂਰਦਰਸ਼ਨ ਤੇ ਪੱਤਰਕਾਰੀ ਦੇ ਯੋਗਦਾਨ ਨੂੰ ਉਘਾੜਨ ਹਿੱਤ ਆਲ ਇੰਡੀਆ ਇੰਸਟੀਚਿਊਟ ਆਫ ਮਾਸ ਕਮਿਊਨੀਕੇਸ਼ਨ ਦੀ ਡਾæ ਜੈਸ਼ੀ ਦੇਸ਼ਵਾਨੀ, ਹੈਦਰਾਬਾਦ ਯੂਨੀਵਰਸਿਟੀ ਦੇ ਡਾæ ਕੰਚਨ ਕੁਮਾਰ ਮਲਿਕ, ਖੇਤੀ ਯੂਨੀਵਰਸਿਟੀ-ਲੁਧਿਆਣਾ ਦਾ ਸਰਬਜੀਤ ਸਿੰਘ, ਪੰਜਾਬ ਟੈਕਨੀਕਲ ਯੂਨੀਵਰਸਿਟੀ ਦਾ ਰਣਬੀਰ ਸਿੰਘ ਅਤੇ ਪੰਜਾਬ ਯੂਨੀਵਰਸਿਟੀ ਦੀ ਡਾæ ਹੈਪੀ ਜੇਜੀ ਤੇ ਸਿਮਰਨਜੀਤ ਕੌਰ ਹੀ ਨਹੀਂ ਪੰਜਾਬ ਜਾਗ੍ਰਿਤੀ ਮੰਚ ਦੇ ਕਰਤਾ ਧਰਤਾ ਸਤਿਨਾਮ ਮਾਣਕ ਤੇ ਦੀਪਕ ਬਾਲੀ ਵੀ ਆਪਣੇ ਵਿਚਾਰਾਂ ਨਾਲ ਭਰਪੂਰ ਹਾਜ਼ਰੀ ਲਾਉਣ ਪੁੱਜੇ ਹੋਏ ਸਨ। ਹਾਲਾਂਕਿ ਹੋਰ ਤਿੰਨ ਦਿਨ ਪਿੱਛੋਂ ਉਨ੍ਹਾਂ ਨੇ ਮਾਂ ਬੋਲੀ ਪੰਜਾਬੀ ਦੇ ਹੱਕ ਵਿਚ ਪੁੱਡੂਚੇਰੀ ਦੇ ਸਾਬਕਾ ਰਾਜਪਾਲ ਇਕਬਾਲ ਸਿੰਘ, ਅਜੀਤ ਪ੍ਰਕਾਸ਼ਨ ਸਮੂਹ ਦੇ ਬਰਜਿੰਦਰ ਸਿੰਘ ਹਮਦਰਦ, ਕੈਬਨਿਟ ਮੰਤਰੀ ਡਾæ ਦਲਜੀਤ ਸਿੰਘ ਚੀਮਾ ਤੇ ਪੰਜਾਬੀ ਲੇਖਕਾਂ ਦੇ ਪ੍ਰਤੀਨਿਧ ਪਿਆਰਾ ਸਿੰਘ ਭੋਗਲ ਸਮੇਤ ਦੋ ਦਰਜਨ ਹਸਤੀਆਂ ਨੂੰ ਨਾਲ ਲੈ ਕੇ ਲਾਸਾਨੀ ਪੰਜਾਬੀ ਜਾਗ੍ਰਿਤੀ ਮਾਰਚ ਕਰਨਾ ਸੀ।
ਦੋਆਬਾ ਕਾਲਜ ਵੱਲੋਂ ਕਰਵਾਈ ਗਈ ਇਸ ਦੋ ਦਿਨਾਂ ਕਾਨਫਰੰਸ ਵਿਚ ਡੇਢ ਦਰਜਨ ਬੁੱਧੀਜੀਵੀ ਤੇ ਵਿਦਵਾਨ ਸ਼ਰੀਕ ਹੋਏ ਜਿਨ੍ਹਾਂ ਵਿਚ ਸਭ ਤੋਂ ਵੱਧ ਗਿਣਤੀ ਜਲੰਧਰ ਵਾਲਿਆਂ ਦੀ ਸੀ। ਕਾਲਜ ਦੇ ਪਿੰ੍ਰਸੀਪਲ ਡਾæ ਨਰੇਸ਼ ਕੁਮਾਰ ਧੀਮਾਨ ਨੇ ਸਵੈ-ਰਚਾਏ Ḕਧੀਮਨ ਯੂਨੀ ਕਨਵਰਟਰḔ ਦੁਆਰਾ ਇਕ ਬਟਨ ਦੀ ਮਾਰ ਨਾਲ ਤਾਮਿਲ, ਤੈਲਗੂ, ਬੰਗਲਾ, ਕੋਚੀਨੀ, ਮਲਿਆਲਮ, ਮਰਾਠੀ, ਗੁਜਰਾਤੀ ਦੀਆਂ ਲਿਪੀਆਂ ਤੇ ਸ਼ਬਦਾਂ ਨੂੰ ਜਿਸ ਤਰ੍ਹਾਂ ਕੈਨਵਸ ਉਤੇ ਉਘਾੜਿਆ, ਉਹ ਸੱਚਮੁੱਚ ਹੀ ਹੈਰਾਨ ਕਰਨ ਵਾਲਾ ਸੀ। ਇਸ ਕਾਨਫਰੰਸ ਦੀ ਬਹੁਪੱਖੀ ਸਫ਼ਲਤਾ ਲਈ ਵਿਭਾਗ ਦੀ ਮੁਖੀ ਸਿਮਰਨ ਸਿੱਧੂ ਵਧਾਈ ਦੀ ਹੱਕਦਾਰ ਹੈ।
ਮੁਕੰਦਰਪੁਰ ਦੁਆਬਾ ਜ਼ਿੰਦਾਬਾਦ: ਬੰਗਾ, ਬਹਿਰਾਮ, ਫਗਵਾੜਾ, ਨਗਰ ਤੇ ਔੜ ਉੜਾਪੜ ਵਿਚ ਘਿਰਿਆ ਮੁਕੰਦਪੁਰ ਦਾ ਕਸਬਾ ਆਪਣੇ ਵਿੱਦਿਅਕ ਅਦਾਰਿਆਂ ਲਈ ਜਾਣਿਆ ਜਾਂਦਾ ਹੈ। ਇਥੋਂ ਦੇ ਅਮਰਦੀਪ ਹਾਇਰ ਸੈਕੰਡਰੀ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਗੁਰੂ ਹਰ ਸਹਾਇ ਸਕੂਲ ਤੇ ਸਾਧੂ ਸਿੰਘ ਸ਼ੇਰਗਿੱਲ ਅਕਾਡਮੀ ਦੇ ਵਿਦਿਆਰਥੀ ਬੀæਏæ ਦੀ ਡਿਗਰੀ ਪ੍ਰਾਪਤ ਕਰਨ ਉਪਰੰਤ ਐਮæਬੀæਏæ, ਐਮæਸੀæਏæ, ਐਮæਕਾਮæ ਦੀ ਵਿੱਦਿਆ ਲਈ ਅਮਰਦੀਪ ਮੈਮੋਰੀਅਲ ਕਾਲਜ ਤੋਂ ਵੱਡੀਆਂ ਡਿਗਰੀਆਂ ਪ੍ਰਾਪਤ ਕਰਦੇ ਹਨ। ਇਹ ਕਾਲਜ 1994 ਵਿਚ ਗੁਰਚਰਨ ਸਿੰਘ ਸ਼ੇਰਗਿੱਲ ਨੇ ਆਪਣੇ ਬੇਟੇ ਅਮਰਦੀਪ ਦੀ ਯਾਦ ਵਿਚ ਸਥਾਪਤ ਕੀਤਾ ਸੀ ਜਿਹੜਾ ਹੁਣ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨਾਲ ਜੁੜ ਚੁਕਾ ਹੈ। ਇਸ ਵਿਚ ਅਧਿਆਪਕਾਂ ਦੇ ਰਹਿਣ ਲਈ 24 ਫਲੈਟ ਹਨ ਤੇ ਲੜਕੀਆਂ ਲਈ 75 ਸੀਟਾਂ ਦਾ ਹੋਸਟਲ। ਇਲਾਕੇ ਦੇ ਪੰਜ ਹਜ਼ਾਰ ਵਿਦਿਆਰਥੀਆਂ ਨੂੰ ਵਿੱਦਿਆ ਦੇਣ ਵਾਲਾ ਇਹ ਕਸਬਾ ਕੱਲ੍ਹ ਨੂੰ ਇਥੇ ਗ੍ਰਾਮੀਣ ਵਿਕਾਸ ਵਿਸ਼ਵ ਵਿਦਿਆਲਾ ਬਣਾਉਣ ਦੇ ਸੁਪਨੇ ਲੈ ਰਿਹਾ ਹੈ।
ਇਤਿਹਾਸ ਦੇ ਝਰੋਖੇ ਰਾਹੀਂ ਵੇਖੀਏ ਤਾਂ ਇਹ ਕਸਬਾ ਖੱਬੇ ਸ਼ਾਹ, ਨਿੱਕੂ ਸ਼ਾਹ ਆਦਿ ਅਨੇਕਾਂ ਪੀਰਾਂ ਦੀ ਮਾਨਤਾ ਲਈ ਜਾਣਿਆ ਜਾਂਦਾ ਹੈ। ਦੂਰ ਨੇੜੇ ਦੀਆਂ ਮਹਿਲਾਵਾਂ ਦੀ ਕੁੱਖ ਨੂੰ ਲਾਲ ਬਖਸ਼ਣ ਕਾਰਨ ਲਾਲਾਂ ਵਾਲੇ ਪੀਰ ਦੀ ਮਾਨਤਾ ਅਖੰਡ ਭਾਰਤ ਵਿਚ ਕੰਢੀ ਦੇ ਰੱਤੇਵਾਲ ਪਿੰਡ ਤੋਂ ਲੈ ਕੇ ਪੇਸ਼ਾਵਰ ਤੱਕ ਮੰਨੀ ਜਾਂਦੀ ਸੀ। ਅੱਜ ਵੀ ਉਸ ਦੀ ਯਾਦ ਵਿਚ ਕੱਢੀਆਂ ਜਾਂਦੀਆਂ ਚੌਕੀਆਂ ਦਾ ਮੇਲਾ ਰੱਤੇਵਾਲ ਤੋਂ ਚੱਲ ਕੇ, ਗੜ੍ਹਸ਼ੰਕਰ, ਮੁਕੰਦਪੁਰ, ਬੜਾ ਪਿੰਡ, ਰੁੜਕਾ, ਸ਼ੰਕਰ ਤੇ ਤਲਵੰਡੀ ਚੌਧਰੀਆਂ ਵਿਚ ਹਰ ਥਾਂ ਪੰਜ ਤੋਂ ਦਸ ਦਿਨ ਦਾ ਟਿਕਾਣਾ ਕਰਦਾ ਭਾਰਤ-ਪਾਕਿ ਸੀਮਾ ਤੱਕ ਜਾਂਦਾ ਹੈ ਜਿੱਥੋਂ ਸੀਮਾ ਪਾਰ ਦੇ ਪੰਜਾਬੀ ਇਸ ਦੀ ਲੜੀ ਫੜ੍ਹ ਕੇ ਪੇਸ਼ਾਵਰ ਤੱਕ ਜਾਂਦੇ ਹਨ। ਹਰ ਟਿਕਾਣੇ ਉਤੇ ਪੰਜ-ਦਸ ਦਿਨ ਕੁਸ਼ਤੀਆਂ, ਕਬੱਡੀ ਤੇ ਚੰਡੋਲ ਹੀ ਨਹੀਂ ਨਿੱਕੀ ਤੋਂ ਨਿੱਕੀ ਮੁੰਦਰੀ ਤੋਂ ਵੱਡੇ ਭਾਰੀ ਗੁਰਜਾਂ ਦੀ ਵਿਕਰੀ ਵੀ ਹੁੰਦੀ ਹੈ। ਇਸ ਕਸਬੇ ਦੀ ਸੱਜਰੀ ਫੇਰੀ ਸਮੇਂ ਮੈਂ ਇਥੇ ਦੁਨੀਆਂ ਭਰ ਦੀ ਹਰ ਚੀਜ਼ ਹੀ ਵਿਕਦੀ ਨਹੀਂ ਦੇਖੀ ਸਗੋਂ ਥਾਂ ਪਰ ਥਾਂ ਮੇਲੀਆਂ ਵਾਸਤੇ ਸੁੱਖਾ ਘੋਟਦੇ ਨਿਹੰਗ ਸਿੰਘ ਵੀ ਵੇਖੇ। ਪੀਰਾਂ ਨੂੰ ਪ੍ਰਣਾਏ ਇਸ ਮੇਲੇ ਵਿਚ ਕਿਸੇ ਤਰ੍ਹਾਂ ਦੀ ਕੋਈ ਹੁਲ੍ਹੜਬਾਜ਼ੀ ਨਹੀਂ ਹੁੰਦੀ, ਧੁਰ ਪਾਕਿਸਤਾਨ ਦੀ ਸੀਮਾ ਤੱਕ। ਮੁਕੰਦਪੁਰ ਵਿਚ ਇਹ ਮੇਲਾ ਪੂਰੇ ਦਸ ਦਿਨ ਲੱਗਦਾ ਹੈ, ਜਿੱਥੇ ਮੇਲੀਆਂ ਦੀ ਭੀੜ ਦਾ ਕੋਈ ਅੰਤ ਨਹੀਂ ਹੁੰਦਾ। ਮੈਂ ਚੌਕੀਆਂ ਦੇ ਮੇਲੇ ਨੂੰ ਭਾਰਤ-ਪਾਕਿਸਤਾਨ ਦੀ ਸਾਂਝ ਦਾ ਪ੍ਰਤੀਕ ਮੰਨਦਾ ਹਾਂ।
ਅੰਤਿਕਾ: ਧਰਮ ਕੰਮੇਆਣਾ
ਲੱਗ ਜਾਂਦੀ ਸਾਰੀ ਉਮਰ ਹੈ ਘਰ ਨੂੰ ਬਣਾਉਂਦਿਆਂ
ਪਲ ਵਿਚ ਹੈ ਕਰਦੀ ਰਾਖ ਇਕ ਚਿੰਗਾਰੀ ਫਸਾਦ ਦੀ।