ਗੁਰੂ ਘਰਾਂ ਦੀਆਂ ਲੜਾਈਆਂ ਮੁਕਾਉਣ ਲਈ ਧਰਮੀ ਅੱਗੇ ਆਉਣ

ਗੁਰੂ ਘਰਾਂ ਦੀਆਂ ਲੜਾਈਆਂ ਬਾਰੇ ਬੀਬੀ ਸੁਰਜੀਤ ਕੌਰ ਸੈਕਰਾਮੈਂਟੋ ਦਾ ਲੇਖ ਅਸੀਂ 8 ਦਸੰਬਰ ਵਾਲੇ ਅੰਕ ਵਿਚ ਛਾਪਿਆ ਸੀ। ਇਸ ਲੇਖ ਵਿਚ ਉਨ੍ਹਾਂ ਬੜਾ ਕਠੋਰ ਪੈਂਤੜਾ ਮੱਲਦਿਆਂ ਸੰਗਤ ਨੂੰ ਗੁਰੂ ਘਰਾਂ ਵਿਚ ਮਾਇਆ ਨਾ ਚੜ੍ਹਾਉਣ ਦਾ ਸੱਦਾ ਦਿੱਤਾ ਸੀ। ਇਸ ਸਬੰਧੀ ਉਨ੍ਹਾਂ ਬਾਕਾਇਦਾ ਦਲੀਲਾਂ ਵੀ ਦਿੱਤੀਆਂ ਸਨ। ਮਗਰੋਂ ਇਸ ਲੇਖ ਬਾਰੇ ਆਏ ਪ੍ਰਤੀਕਰਮ ਵੀ ਅਸੀਂ ਛਾਪੇ। ਹੁਣ ਸ਼ ਦਲਵਿੰਦਰ ਸਿੰਘ ਅਜਨਾਲਾ ਨੇ ਇਸੇ ਮਸਲੇ ਬਾਰੇ ਇਹ ਵਿਚਾਰ-ਕੇਂਦਰਤ ਲੇਖ ਸਾਨੂੰ ਭੇਜਿਆ ਹੈ। ਮਸਲੇ ਦੀ ਗੰਭੀਰਤਾ ਅਤੇ ਸੰਗਤ ਦੇ ਸਿੱਧੇ ਸਬੰਧ ਦੇ ਮੱਦੇਨਜ਼ਰ ਅਸੀਂ ਇਹ ਲੇਖ ਛਾਪ ਰਹੇ ਹਾਂ। ਇਸ ਮਸਲੇ ਬਾਰੇ ਆਏ ਹੋਰ ਗੰਭੀਰ ਵਿਚਾਰ ਵੀ ਛਾਪੇ ਜਾਣਗੇ। -ਸੰਪਾਦਕ

ਦਲਵਿੰਦਰ ਸਿੰਘ ਅਜਨਾਲਾ
ਫੋਨ: 661-834-9770
‘ਪੰਜਾਬ ਟਾਈਮਜ਼’ ਵਿਚ ਬੀਬੀ ਸੁਰਜੀਤ ਕੌਰ ਸੈਕਰਾਮੈਂਟੋ ਦਾ ਲੇਖ ‘ਕਿੱਦਾਂ ਮੁੱਕਣ ਗੁਰੂ ਘਰ ਦੀਆਂ ਲੜਾਈਆਂ?’ ਪੜ੍ਹਿਆ। ਉਨ੍ਹਾਂ ਗੁਰੂ ਘਰਾਂ ਵਿਚੋਂ ਲੜਾਈਆਂ ਮੁਕਾਉਣ ਵਾਸਤੇ ਬੜੇ ਵਧੀਆ ਅਤੇ ਇਨਕਲਾਬੀ ਸੁਝਾਅ ਪੇਸ਼ ਕੀਤੇ ਹਨ। ਇਨ੍ਹਾਂ ਬੇਸ਼ਕੀਮਤੀ ਸੁਝਾਵਾਂ ਅਤੇ ਦਲੀਲਾਂ ਨਾਲ ਸਹਿਮਤ ਹੁੰਦਿਆਂ ਬੀਬੀ ਕਿਰਪਾਲ ਕੌਰ ਅਤੇ ਸ਼ ਜਸਵੰਤ ਸਿੰਘ ਸੇਖੋਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਚੰਗੀ ਸੋਚ-ਵਿਚਾਰ ਵਾਲੇ ਸਾਰੇ ਹੀ ਫਿਕਰਮੰਦ ਵੀਰ-ਭੈਣਾਂ ਵੀ ਇਨ੍ਹਾਂ ਸੁਹਿਰਦ, ਚੰਗੇ ਵਿਚਾਰਾਂ ਅਤੇ ਸੁਝਾਵਾਂ ਨਾਲ ਜ਼ਰੂਰ ਸਹਿਮਤ ਹੋਣਗੇ।
ਹੁਣ ਮਸਲਾ ਇਹ ਹੈ ਕਿ ਇਹ ਸੁਝਾਅ ਅਮਲ ਵਿਚ ਕਿਵੇਂ ਆਉਣ! ਕੋਈ ਵਿਚਾਰ, ਦਲੀਲ ਜਾਂ ਸਿਧਾਂਤ ਕਿੰਨਾ ਵੀ ਮਹਾਨ ਜਾਂ ਕੀਮਤੀ ਕਿਉਂ ਨਾ ਹੋਵੇ, ਜੇ ਉਹ ਅਮਲ ਵਿਚ ਨਹੀਂ ਆਉਂਦਾ ਤਾਂ ਸੰਸਾਰ ਨੂੰ ਉਸ ਦਾ ਕੋਈ ਫਾਇਦਾ ਨਹੀਂ ਹੁੰਦਾ। ਕਹਿੰਦੇ ਨੇ, ਜੇ ਕਾਰਲ ਮਾਰਕਸ ਦੇ ਮਹਾਨ ਵਿਚਾਰਾਂ ਵਾਲੀ ਕਿਤਾਬ ‘ਕੈਪੀਟਲ’ ਰੂਸੀ ਆਗੂ ਲੈਨਿਨ ਪੜ੍ਹ ਕੇ ਅਮਲ ਵਿਚ ਲਿਆਉਣ ਲਈ ਸੰਘਰਸ਼ ਨਾ ਕਰਦਾ ਤਾਂ ਰੂਸ ਦੀ ਕ੍ਰਾਂਤੀ ਨਹੀਂ ਸੀ ਆਉਣੀ। ਕੋਈ ਮੁਹਿੰਮ, ਕਾਰਜ ਜਾਂ ਨਿਸ਼ਾਨਾ ਫਤਿਹ ਕਰਨ ਲਈ ਜਿੰਨੀ ਨੇਕ, ਖਰੀ ਅਤੇ ਸੁਚੱਜੀ ਅਗਵਾਈ, ਪਲਾਨਿੰਗ, ਤਰੀਕਾਕਾਰੀ ਦੀ ਜ਼ਰੂਰਤ ਹੁੰਦੀ ਹੈ, ਉਨੇ ਹੀ ਸੰਜੀਦਾ, ਇਮਾਨਦਾਰ ਅਤੇ ਸਾਫ਼-ਸੁਥਰੇ ਅਮਲ ਦੀ ਲੋੜ ਵੀ ਹੈ। ਮੁਸ਼ਕਿਲ ਤਾਂ ਇਹ ਵੀ ਏ ਕਿ ਸਾਰੀ ਸੰਗਤ ਅਖ਼ਬਾਰਾਂ ਨਹੀਂ ਪੜ੍ਹਦੀ। ਕਈ ਸੋਚਦੇ ਹਨ ਕਿ ਅਖ਼ਬਾਰਾਂ ਪੜ੍ਹਨਾ ਜਾਂ ਲਿਖਣਾ ਤਾਂ ਐਵੇਂ ਬੇਕਾਰ ਜਿਹਾ ਧੰਦਾ ਹੈ ਜੋ ਵਿਹਲੜ ਹੀ ਕਰ ਸਕਦੇ ਹਨ! ਜਿਹੜੇ ਪੜ੍ਹਦੇ ਵੀ ਹਨ, ਉਹ ਵੀ ਪੜ੍ਹਨ ਤੋਂ ਅੱਗੇ ਤੁਰਨ ਲਈ ਆਪਣੀ ਅਸਮਰਥਾ ਹੀ ਦੱਸ ਛੱਡਦੇ ਹਨ। ਫਿਰ ਸੰਗਤ ਨੂੰ ਇਨ੍ਹਾਂ ਕੀਮਤੀ ਵਿਚਾਰਾਂ ਅਤੇ ਸੁਝਾਵਾਂ ਦਾ ਪਤਾ ਕਿਵੇਂ ਲੱਗੇ? ਮੈਂ ਧਰਮ ਗ੍ਰੰਥਾਂ ਦੀ ਗੱਲ ਜ਼ਿਆਦਾ ਤਾਂ ਨਹੀਂ ਕਰਾਂਗਾ, ਪਰ ਇਹ ਜ਼ਰੂਰ ਕਹਾਂਗਾ ਕਿ ਜੇ ਕਦੇ ਇਨ੍ਹਾਂ ਮਹਾਨ ਧਰਮ ਗ੍ਰੰਥਾਂ ਵਿਚ ਦਰਜ ਬਾਣੀ ਉਤੇ ਰਤਾ-ਮਾਸਾ ਵੀ ਅਮਲ ਹੋ ਜਾਵੇ ਤਾਂ ਅਗਲੇ ਜਹਾਨ ਵਿਚਲੇ ਜਿਸ ਅਣਡਿੱਠੇ, ਅਣਜਾਣੇ ਅਤੇ ਹੁਸੀਨ ਸਵਰਗ ਬਾਰੇ ਅਸੀਂ ਪੜ੍ਹਦੇ ਸੁਣਦੇ ਰਹਿੰਦੇ ਹਾਂ, ਉਹ ਇਸੇ ਜਹਾਨ ਵਿਚ ਹੀ ਸ਼ਾਖਸਾਤ ਵਰਤ ਸਕਦਾ ਹੈ।
ਇਹ ਦਲੀਲ ਬਿਲਕੁਲ ਠੀਕ ਹੈ ਕਿ ਗੁਰੂ ਘਰਾਂ ਵਿਚ ਲੜਾਈਆਂ ਦਾ ਮੁੱਖ ਕਾਰਨ ਸੰਗਤਾਂ ਵੱਲੋਂ ਚੜ੍ਹਾਈ ਮਾਇਆ ਹੀ ਹੈ। ਦੁਨੀਆਂ ਦੇ ਦੂਜੇ ਧਰਮਾਂ ਵਾਲਿਆਂ ਦੇ ਧਰਮ ਸਥਾਨਾਂ ਵਿਚ ਸ਼ਾਇਦ ਇਸੇ ਕਰ ਕੇ ਲੜਾਈ ਝਗੜਾ ਘੱਟ ਪੜ੍ਹਨ-ਸੁਣਨ ਨੂੰ ਮਿਲਦਾ ਹੈ ਕਿ ਉਥੇ ਮਾਇਆ ਦਾ ਚੜ੍ਹਤ-ਚੜ੍ਹਾਵਾ ਸਾਡੇ ਵਾਂਗੂੰ ਨਹੀਂ ਹੁੰਦਾ। ਹਾਂ, ਮੰਦਰਾਂ ਵਿਚ ਮਾਇਆ ਦਾ ਚੜ੍ਹਤ-ਚੜ੍ਹਾਵਾ ਭਾਵੇਂ ਗੁਰੂ ਘਰਾਂ ਨਾਲੋਂ ਕਿਤੇ ਵੱਧ ਹੁੰਦਾ ਹੈ, ਪਰ ਸ਼ਾਇਦ ਉਨ੍ਹਾਂ ਦਾ ਮਾਇਆ ਸਾਂਭਣ-ਸੰਭਾਲਣ ਵਾਲਾ ਤਰੀਕਾ ਸਾਡੇ ਨਾਲੋਂ ਵੱਧ ਕਾਮਯਾਬ ਹੈ।
ਇਕ ਪਾਸੇ ਅਸੀਂ ਪ੍ਰਚਾਰ ਕਰਦੇ ਹਾਂ ਕਿ ਸਿੱਖ ਧਰਮ ਦੁਨੀਆਂ ਦਾ ਅਤਿ-ਅਧੁਨਿਕ ਅਤੇ ਵਿਗਿਆਨਕ ਧਰਮ ਫਲਸਫਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਧੁਰ ਕੀ ਬਾਣੀ ਹੋਣ ਕਰ ਕੇ ਦੁਨਿਆਵੀ ਕਾਨੂੰਨਾਂ, ਸੰਵਿਧਾਨਾਂ ਅਤੇ ਅਦਾਲਤਾਂ ਤੋਂ ਉਪਰ ਹੈ, ਸਰਵਉਚ ਹੈ; ਫਿਰ ਅਸੀਂ ਆਪਣੀ ਫੋਕੀ ਚੌਧਰ, ਹੰਕਾਰ ਅਤੇ ਲਾਲਚ ਦੇ ਡੰਗੇ, ਛੋਟੇ-ਮੋਟੇ ਲੜਾਈ-ਝਗੜਿਆਂ ਦੇ ਫੈਸਲੇ ਕਰਾਉਣ ਲਈ ਥਾਣਿਆਂ ਅਤੇ ਕਚਹਿਰੀਆਂ ਵੱਲ ਕਿਉਂ ਭੱਜਦੇ ਹਾਂ? ਇਸ ਤਰ੍ਹਾਂ ਇਕ ਤਾਂ ਅਸੀਂ ਸੰਗਤ ਦੀ ਮਾਇਆ ਦਾ ਉਜਾੜਾ ਕਰਦੇ ਹਾਂ; ਦੂਜਾ ਆਪਣੇ ਗੁਰੂ ਦਾ ਕਿੰਨਾ ਨੁਕਸਾਨ ਕਰਦੇ ਹਾਂ, ਕਦੀ ਕਿਸੇ ਨੇ ਕੋਈ ਹਿਸਾਬ ਲਾਇਆ ਹੈ? ਢੀਠ ਅਤੇ ਬੇਸ਼ਰਮ ਹੋ ਕੇ ਅਸੀਂ ਜਿੰਨੇ ਮਰਜ਼ੀ ਵਧੀਆ ਭਾਸ਼ਣ ਕਰ ਲਈਏ, ਸੁਹਣੇ ਬਾਣੇ ਪਹਿਨ ਲਈਏ; ਪਰ ਸੰਸਾਰ ਤਾਂ ਸਿਰਫ਼ ਸਾਡੇ ਅਮਲਾਂ ਅਤੇ ਕਰਤੂਤਾਂ ਤੋਂ ਹੀ ਸਾਡੀ ਪਰਖ ਕਰਦਾ ਹੈ। ਇਕ ਪਾਸੇ ਤਾਂ ਅਸੀਂ ਪੜ੍ਹ, ਸੁਣ ਅਤੇ ਬੋਲ ਰਹੇ ਹੁੰਦੇ ਹਾਂ ਕਿ ਗੁਰੂ ਸਾਡਾ ਰੱਖਿਅਕ ਹੈ; ਤੇ ਦੂਜੇ ਪਾਸੇ ਅਸੀਂ ਆਪਣੀ ਰੱਖਿਆ ਵਾਸਤੇ ਪੁਲਿਸ ਨੂੰ ਗੁਰੂ ਘਰਾਂ ਵਿਚ ਲਿਆਉਂਦੇ ਹਾਂ। ਇਹ ਸਿੱਧੀਆਂ-ਸਾਦੀਆਂ ਗੱਲਾਂ ਕੀ ਦੂਜੇ ਮੱਤਾਂ ਦੇ ਲੋਕ ਸਾਨੂੰ ਸਮਝਾਉਣਗੇ?
ਜ਼ਿਆਦਾਤਰ ਸੰਗਤ ਭੋਲੀ-ਭਾਲੀ, ਕਰਮ-ਕਾਂਡੀ ਅਤੇ ਲਕੀਰ ਦੀ ਫਕੀਰ ਹੈ। ਬਹੁਤੇ ਗੁਰੂ ਘਰਾਂ ਦੇ ਮੁੱਖ ਪ੍ਰਬੰਧਕ ਸਰਮਾਏਦਾਰ ਅਤੇ ਧਨਾਢ ਲੋਕ ਹੀ ਹਨ ਜਿਨ੍ਹਾਂ ਦਾ ਗੁਰੂ ਦੀ ਸਿੱਖੀ ਅਤੇ ਬਾਣੀ ਨਾਲ ਕੋਈ ਲਗਾਉ ਨਹੀਂ ਹੁੰਦਾ। ਅਜਿਹੇ ਰੱਜੇ-ਪੁੱਜੇ ਲੋਕ ਸੰਗਤ ਨੂੰ ਪਾੜ ਕੇ ਰੱਖਦੇ ਹਨ ਅਤੇ ਸੰਗਤ ਧੜਿਆਂ ਵਿਚ ਵੰਡੀ ਰਹਿੰਦੀ ਹੈ। ਮੇਰੇ ਨਾਲ ਦਾ ਇਕ ਸਰਕਾਰੀ ਅਧਿਆਪਕ ਸੰਨ 1996 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਬਣ ਗਿਆ। ਉਹ 8-9 ਸਾਲ ਸ਼੍ਰੋਮਣੀ ਕਮੇਟੀ ਦਾ ਮੈਂਬਰ ਰਿਹਾ ਪਰ ਉਸ ਨੂੰ ਦਸਾਂ ਗੁਰੂਆਂ ਦੇ ਨਾਮ ਤੱਕ ਨਹੀਂ ਸਨ ਆਉਂਦੇ। ਇਹ ਸੱਚ ਹੈ!æææਉਸ ਨੇ ਸਕੂਲ ਵਿਚ ਵੀ ਬੱਚਿਆਂ ਨੂੰ ਕਦੇ ਢੰਗ ਨਾਲ ਨਹੀਂ ਸੀ ਪੜ੍ਹਾਇਆ; ਉਸ ਨੇ ਗੁਰੂ ਸਿਧਾਂਤ ਦਾ ਪ੍ਰਚਾਰ ਤਾਂ ਕੀ ਕਰਨਾ ਸੀ, ਸਗੋਂ ਆਪਣੀਆਂ ਕਰਤੂਤਾਂ ਕਰ ਕੇ ਵਾਹਵਾ ਮਸ਼ਹੂਰ ਸੀ। ਇਹ ਤਾਂ ਇਕ ਮਿਸਾਲ ਹੈ।
ਗੁਰੂ ਜੀ ਦਾ ਬਚਨ ਹੈ, ‘ਗੁਰੂ ਦੁਆਰੈ ਹੋਇ ਸੋਝੀ ਪਾਇਸੀ॥’ ਭਾਵ ਗੁਰਦੁਆਰੇ ਹੁੰਦੇ ਹਨ ਸੋਝੀ ਪ੍ਰਾਪਤ ਕਰਨ ਲਈ। ਜੇ ਗੁਰਦੁਆਰੇ ਜਾ ਕੇ ਗਲਤ-ਠੀਕ, ਗੁਰਬਾਣੀ ਗਿਆਨ ਅਤੇ ਰੱਬੀ ਗਿਆਨ ਦੀ ਸੋਝੀ ਰਤਾ-ਮਾਸਾ ਵੀ ਪ੍ਰਾਪਤ ਨਹੀਂ ਹੁੰਦੀ ਤਾਂ ਫਿਰ ਇਹ ਰਸਮ ਅਤੇ ਮੌਜ-ਮੇਲੇ ਤੋਂ ਵੱਧ ਹੋਰ ਕੁਝ ਵੀ ਨਹੀਂ। ਜ਼ਿਆਦਾਤਰ ਸੰਗਤ ਤਾਂ ਰਾਗੀਆਂ, ਢਾਡੀਆਂ ਅਤੇ ਪ੍ਰਚਾਰਕਾਂ ਦੁਆਰਾ ਅਜਿਹੀਆਂ ਬ੍ਰਾਹਮਣਵਾਦੀ ਤਰਜ਼ ਵਾਲੀਆਂ ਬੇਤੁਕੀਆਂ, ਬੇਥਵੀਆਂ, ਤਰਕਹੀਣ, ਚਮਤਕਾਰੀ ਅਤੇ ਅਣਹੋਣੀਆਂ ਕਥਾ-ਕਹਾਣੀਆਂ ਸੁਣ ਕੇ ਹੀ ਖੁਸ਼ੀਆਂ ਪ੍ਰਾਪਤ ਕਰ ਲੈਂਦੀ ਹੈ, ਜਿਨ੍ਹਾਂ ਦਾ ਗੁਰੂਆਂ ਦੇ ਜੀਵਨ, ਉਪਦੇਸ਼ ਅਤੇ ਬਾਣੀ ਨਾਲ ਦੂਰ ਦਾ ਵੀ ਸਬੰਧ ਨਹੀਂ ਹੁੰਦਾ। ਗੁਰੂ ਘਰਾਂ ਵਿਚ ਮਾਇਆ ਭੇਟਾ ਕਰਨ ਦਾ ਸਿਲਸਿਲਾ ਇਸ ਤਰ੍ਹਾਂ ਹੈ ਕਿ ਗੁਰੂ ਮਹਾਰਾਜ ਅੱਗੇ ਮੱਥਾ ਟੇਕਣ ਦੇ ਨਾਲ ਹੀ ਜਿਥੇ ਰਾਗੀ ਸਿੰਘ ਜਾਂ ਪ੍ਰਚਾਰਕ ਬੈਠ ਕੇ ਹਾਜ਼ਰੀ ਭਰਦੇ ਹਨ, ਭਾਵੇਂ ਉਹ ਉਥੇ ਹੋਣ ਜਾਂ ਨਾ, ਤਾਂ ਥੜ੍ਹੇ ਉਪਰ ਹੀ ਸੰਗਤ ਮਾਇਆ ਭੇਟਾ ਕਰਨ ਤੋਂ ਨਹੀਂ ਉਕਦੀ।
ਇਹ ਠੀਕ ਹੈ ਕਿ ਮਾਇਆ ਤੋਂ ਬਗੈਰ ਗੁਰੂ ਘਰਾਂ ਦਾ ਪ੍ਰਬੰਧ ਨਹੀਂ ਚੱਲ ਸਕਦਾ। ਗੁਰੂ ਘਰਾਂ ਦੇ ਪ੍ਰਬੰਧ ਤੋਂ ਇਲਾਵਾ ਬਚਦੀ ਮਾਇਆ, ਢੇਰਾਂ ਦੇ ਢੇਰ ਬੈਂਕਾਂ ਵਿਚ ਜਮ੍ਹਾਂ ਨਹੀਂ ਹੋਣੀ ਚਾਹੀਦੀ ਅਤੇ ਨਾ ਹੀ ਨਾਜਾਇਜ਼ ਮੁਕੱਦਮਿਆਂ ‘ਤੇ ਉਜੜਨੀ ਚਾਹੀਦੀ ਹੈ। ਕੁਝ ਅਜਿਹਾ ਪ੍ਰਬੰਧ ਕੀਤਾ ਜਾਵੇ ਕਿ ਅਦਾਲਤਾਂ ਵਿਚ ਹੋਣ ਵਾਲਾ ਖਰਚਾ ਪ੍ਰਬੰਧਕ ਆਪਣੀ ਜੇਬ ‘ਚੋਂ ਕਰਨ। ਇਕੱਠੀ ਹੋਈ ਮਾਇਆ ਨਾਲ ਦੀ ਨਾਲ ਦੁਖੀ, ਲੋੜਵੰਦ ਅਤੇ ਗਰੀਬਾਂ ਦੇ ਭਲੇ ਵਾਸਤੇ ਖਰਚ ਹੋ ਜਾਣੀ ਚਾਹੀਦੀ ਹੈ। ਇਹੀ ਗੁਰੂ ਦਾ ਉਪਦੇਸ਼ ਹੈ। ਗੁਰੂ ਸਾਹਿਬਾਨ ਵੇਲੇ ਵੀ ਸੰਗਤ ਗੁਰੂਆਂ ਦੇ ਚਰਨਾਂ ਵਿਚ ਹੀ ਮਾਇਆ ਭੇਟ ਕਰਦੀ ਸੀ। ਗੁਰੂ ਸਾਹਿਬ ਇਸ ਮਾਇਆ ਦਾ ਕੀ ਕਰਦੇ ਸਨ ਭਲਾ? ਇਸ ਬਾਰੇ ਗਹਿਰਾਈ ਤੱਕ ਵਿਚਾਰ ਤੇ ਪ੍ਰਚਾਰ ਕਰਨ ਅਤੇ ਨਾਲ ਦੀ ਨਾਲ ਇਸ ਉਤੇ ਅਮਲ ਦੀ ਬਹੁਤ ਜ਼ਿਆਦਾ ਲੋੜ ਹੈ।
ਮੇਰੇ ਹਿਸਾਬ ਨਾਲ ਇਸ ਮਾਮਲੇ ਵਿਚ ਸਭ ਤੋਂ ਪਹਿਲਾ ਕਦਮ ਆਪਣੇ ਅੰਦਰ ਝਾਤੀ ਮਾਰਨਾ ਹੈ। ਕਿਸੇ ਨੂੰ ਬੁਰਾ-ਭਲਾ ਕਹਿਣ ਦੀ ਥਾਂ ਸਾਨੂੰ ਸਾਰਿਆਂ ਨੂੰ ਉਸ ਅਕਲ-ਮੱਤ, ਬੁੱਧ-ਬਿਬੇਕ, ਸੋਝੀ ਅਤੇ ਗਿਆਨ ਦਾ ਪੱਲਾ ਫੜ ਕੇ ਆਪਣੇ ਅੰਦਰ ਆਪ ਹੀ ਝਾਤੀ ਮਾਰਨੀ ਚਾਹੀਦੀ ਹੈ ਜਿਸ ਦਾ ਜ਼ਿਕਰ ਗੁਰੂਆਂ ਨੇ ਵਾਰ ਵਾਰ ਆਪਣੀ ਬਾਣੀ ਵਿਚ ਕੀਤਾ ਹੈ। ਗੁਰੂ ਘਰਾਂ ਦਾ ਪ੍ਰਬੰਧ ਸੰਭਾਲਣ ਲਈ ਜਿਹੜੇ ਆਪਣੇ ਆਪ ਨੂੰ ਯੋਗ, ਇਮਾਨਦਾਰ, ਸੁਹਿਰਦ, ਸਮਰਪਿਤ, ਤਿਆਗੀ, ਨਿਰਪੱਖ ਅਤੇ ਸੱਚੇ-ਸੁੱਚੇ ਸਮਝਣ ਦੀ ਜੁਰਅੱਤ ਰੱਖਦੇ ਹਨ, ਉਹ ਖੁਦ ਅੱਗੇ ਆ ਕੇ ਪ੍ਰਚਾਰ ਕਰਨ ਅਤੇ ਸੰਗਤ ਨੂੰ ਲਾਮਬੰਦ ਕਰਨ; ਕਿਉਂਕਿ ਸੰਗਤ ਨੂੰ ਅਗਵਾਈ ਚਾਹੀਦੀ ਹੈ। ਕੰਮ ਤਾਂ ਇਹ ਔਖਾ ਹੈ, ਪਰ ਹੁਣ ਕਿਸੇ ਨੂੰ ਤਾਂ ਸਿਰ ਤਲੀ ‘ਤੇ ਧਰਨਾ ਹੀ ਪਵੇਗਾ!

Be the first to comment

Leave a Reply

Your email address will not be published.