ਸਿਧਰਾ

ਪੰਜਾਬ ਸੰਕਟ ਵਾਲੇ ਦੌਰ ਦੀਆਂ ਇਕ ਨਹੀਂ, ਅਨੇਕ ਕਹਾਣੀਆਂ ਹਨ ਅਤੇ ਹਰ ਕਹਾਣੀ ਦਾ ਪੱਖ ਆਪੋ-ਆਪਣਾ ਹੈ। ‘ਸਿਧਰਾ’ ਨਾਂ ਦੀ ਇਸ ਕਹਾਣੀ ਵਿਚ ਲੇਖਕ ਅਮਰਦੀਪ ਸਿੰਘ ਨੇ ਉਸ ਦੌਰ ਨਾਲ ਜੁੜੇ ਕੁਝ ਪੱਖ ਉਜਾਗਰ ਕੀਤੇ ਹਨ। ਇਹ ਪੱਖ ਹਰ ਪੜ੍ਹਨ ਵਾਲੇ ਨੂੰ ਬੇਵਸੀ ਦੇ ਉਸ ਦੌਰ ਦੀਆਂ ਦਰਦ ਕਹਾਣੀਆਂ ਦਾ ਚੇਤਾ ਕਰਵਾ ਜਾਂਦੇ ਹਨ ਜਦੋਂ ਮਨੁੱਖ ਦੀ ਕੀਮਤ ਬਾਰੂਦ ਦੀ ਸਿਰਫ ਇਕ ਗੋਲੀ ਤੈਅ ਕਰਦੀ ਸੀ।

-ਸੰਪਾਦਕ

ਅਮਰਦੀਪ ਸਿੰਘ ਅਮਰ
ਰੱਬ ਹੀ ਜਾਣੇ, ਉਸ ਦੀ ਸੂਝ ਆਮ ਆਦਮੀ ਨਾਲੋਂ ਘੱਟ ਸੀ ਜਾਂ ਵੱਧ, ਪਰ ਸਾਰੇ ਉਸ ਨੂੰ ਸਿਧਰਾ ਜਿਹਾ ਬੰਦਾ ਸਮਝਦੇ ਸਨ। ਮਾਪਿਆਂ ਨੇ ਸ਼ਾਇਦ ਉਹਦਾ ਨਾਂ ਦਲਜੀਤ ਸਿੰਘ ਰੱਖਿਆ ਹੋਣੈ, ਪਰ ਸਾਰੇ ਪਿੰਡ ਲਈ ਉਹ ਦੱਲੀ ਸੀ। ਦੇਖਣ ਨੂੰ ਉਹ ਕਮਲਾ ਬਿਲਕੁਲ ਨਹੀਂ ਸੀ ਲਗਦਾ। ਸਾਢੇ ਪੰਜ ਫੁੱਟ ਕੱਦ, ਗੋਲ ਮਟੋਲ ਚਿਹਰੇ ‘ਤੇ ਉੱਤਰਦੀ ਲੂੰਈਂ, ਸੰਵਾਰ ਕੇ ਬੰਨ੍ਹੀ ਪੀਲੇ ਰੰਗ ਦੀ ਗੋਲ ਕੇਸਕੀ ਤੇ ਚਿੱਟਾ ਕੁੜਤਾ ਪਜਾਮਾ। ਪਹਿਲੀ ਨਜ਼ਰੇ ਉਹਦੀ ਦਿਖ ਗੁਰਸਿੱਖ ਦਾ ਝਾਉਲਾ ਪਾਉਂਦੀ। ਮੇਰੇ ਪਿੰਡ ਉਨ੍ਹਾਂ ਦਿਨਾਂ ਵਿਚ ਪ੍ਰਾਇਮਰੀ ਤੱਕ ਹੀ ਸਕੂਲ ਸੀ। ਪੰਜਵੀਂ ਕਰਨ ਪਿਛੋਂ ਸਾਨੂੰ ਉਹਦੇ ਪਿੰਡ ਢੋਲਣ ਹਾਈ ਸਕੂਲ ਵਿਚ ਪੜ੍ਹਨ ਜਾਣਾ ਪੈਂਦਾ। ਦੱਲੀ, ਮਤਲਬ ਸਿਧਰਾ ਜਿਹਾ ਬੰਦਾ ਅਕਸਰ ਸਾਨੂੰ ਪਿੰਡ ਦੀਆਂ ਗਲੀਆਂ ਵਿਚ ਤੁਰਿਆ ਫਿਰਦਾ ਟੱਕਰਦਾ। ਉਹ ਹਮੇਸ਼ਾ ਕੁਝ ਨਾ ਕੁਝ ਗੁਣਗੁਣਾਉਂਦਾ ਜਾਂ ਉਚੀ-ਉਚੀ ਸ਼ਬਦ ਧਾਰਨਾ ਜਾਂ ਗੀਤ ਗਾਉਂਦਾ ਮਿਲਦਾ। ਖੇਤਾਂ ਵਿਚੋਂ ਪੱਠਾ-ਦੱਥਾ ਤੇ ਕੱਖ-ਕੰਡਾ ਚੁਗਣ ਵਾਲੀਆਂ ਮਜ੍ਹਬਣ ਬੀਬੀਆਂ ਅਕਸਰ ਉਹਦੀ ਆਵਾਜ਼ ਸੁਣ ਕੇ ਇਕ ਦੂਜੀ ਨੂੰ ਕਹਿੰਦੀਆਂ, “ਨੀਂ ਭੈਣਾਂ ਚੁੱਪ ਕਰਜੋ, ਦੱਲੀ ਆਉਂਦੈ ਗੀਤ ਗਾਉਂਦਾ, ਉਹਦਾ ਗੀਤ ਸੁਣੋæææ ਹਾਏ ਹਾਏ ਨੀਂ ਐਨੀ ਸੋਹਣੀ ਸ਼ਕਲ-ਸੂਰਤ ਤੇ ਅਕਲ ਦੇਖ ਲੋ, ਵਿਚਾਰਾ ਸਿਧਰਾ ਬੰਦਾæææ।” ਦੱਲੀ ਨੂੰ ਕਿਸੇ ਨਾਲ ਕੋਈ ਮਤਲਬ ਨਾ ਹੁੰਦਾ, ਉਹ ਆਪਣੀ ਧੁਨ ਵਿਚ ਮਸਤ ਤੁਰਿਆ ਜਾਂਦਾ- ‘ਹੋ ਨਾਮ ਜਪ ਲੈ ਨਿਮਾਣੀ ਜਿੰਦੇ ਮੇਰੀਏ, ਔਖੇ ਵੇਲੇ ਕੰਮ ਆਊਗਾæææ ਤੇਰਾ ਚੰਮ ਨਾ ਕਿਸੇ ਕੰਮ ਆਉਣਾ, ਪਸ਼ੂਆਂ ਦੇ ਹੱਡ ਵਿਕਦੇæææ ਸਾਢੇ ਤਿੰਨ ਹੱਥ ਧਰਤੀ ਤੇਰੀ, ਬਹੁਤੀਆਂ ਜਗੀਰਾਂ ਵਾਲਿਆæææ।’
ਦੱਲੀ ਸਾਨੂੰ ਯਾਨਿ ਸਕੂਲ ਦੇ ਵਿਦਿਆਰਥੀਆਂ ਨੂੰ ਬਹੁਤ ਪ੍ਰੇਮ ਕਰਦਾ ਸੀ। ਗਾਹੇ-ਬਗਾਹੇ ਅੱਧੀ ਛੁੱਟੀ ਮੌਕੇ ਸਕੂਲ ਗੇੜਾ ਮਾਰਦਾ ਤਾਂ ਅਸੀਂ ਉਹਦੇ ਦੁਆਲੇ ਝੁੰਡ ਬਣਾ ਕੇ ਖਲੋ ਜਾਂਦੇ, “ਦੱਲੀ ਵੀਰੇ, ਗੀਤ ਸੁਣਾ ਦੇ ਯਾਰ ਬਾਈ ਬਣ ਕੇ, ਬੱਸ ਇਕੋ ਗੀਤæææ।” ਅਸੀਂ ਸਵਾਲ ਪਾਉਂਦੇ ਤੇ ਉਹ ਕੋਈ ਨਾ ਕੋਈ ਗੀਤ, ਕੰਨ ਉਤੇ ਹੱਥ ਰੱਖ ਕੇ ਛੋਹ ਲੈਂਦਾ, “ਹੋæææ ਸੋਡੀਆਂ ਪੜ੍ਹਾਈਆਂ ਤੋਰਾ ਫੇਰਾ ਮਿੱਤਰੋ, ਬੱਸ ਦੋਹਾਂ ਥਾਂਵਾਂ ਉਤੇ ਡੇਰਾ ਮਿਤਰੋæææ ਜਾਂ ਠੇਕੇ ਜਾਂ ਠਾਣੇæææ ਕੀ ਬਣੂੰ ਦੁਨੀਆਂ ਦਾæææ।” ਅਸੀਂ ਸਾਰੇ ਖਿੜ-ਖਿੜ ਕੇ ਹੱਸਦੇ, ਪਰ ਕਈ ਵਾਰ ਜਦੋਂ ਮੂਡ ਨਾ ਹੁੰਦਾ ਤਾਂ ਕਹਿੰਦਾ, “ਕਿਉਂ, ਮੈਂ ਗੀਤ ਕਿਉਂ ਸੁਣਾਵਾਂ? ਮੈਂ ਗਹਾਂ ਗੁਰਦਾਸ ਮਾਣਕ ਆਂ ਕਿ ਅਮਰ ਸਿੰਘ ਮਚਕੀਲਾæææ ਬੁੜ੍ਹਾ ਬਹੁਤ ਛਿੱਤਰ ਫੇਰਦੈ ਸਾਡਾæææ ਜੱਟ ਸੱਜਣ ਸਿਹੁੰ ਮੁੰਜਲ। ਖੂੰਡਾ ਪਤੈ ਕਿੱਕਰ ਦਾ ਉਹਦੇ ਕੋਲ, ਸਰ੍ਹੋਂ ਦੇ ਤੇਲ ਨਾਲ ਲਿਸ਼ਕਾ ਕੇ ਰੱਖਦੈ ਜਿਵੇਂ ਡੇਅਰੀ ਆਲੇ ਜੱਗੇ ਨੇ ਮੱਝਾਂ ਸੌਰਨ ਵਾਲੇ ਝੋਟੇ ਦੇ ਸਿੰਗਾਂ ਨੂੰ ਤੇਲ ਲਾ ਕੇ ਲਿਸ਼ਕਾਇਆ ਹੁੰਦੈ।” ਫਿਰ ਆਪ ਹੀ ਗੀਤ ਛੋਹ ਲੈਂਦਾ, “ਵੇ ਹੁਣ ਨਿੱਤ ਸਕੀਮਾਂ ਘੜਦੈਂ, ਤੈਨੂੰ ਛੁਲਕਣਗੇ ਮੇਰੇ ਘਰ ਦੇ, ਤੇਰੇ ਮੇਰੇ ਹੁੰਦੇ ਚਰਚੇ, ਦੱਸ ਕੀ ਖੱਟਿਆæææ ਮੇਰੇ ਬਾਪੂ ਨੇ ਖੂੰਡੇ ਨੂੰ ਤੇਲ ਲਾ ਕੇ ਰੱਖਿਆ, ਮੇਰੇ ਖੂੰਡੇ ਨੂੰ ਤੇਲ ਲਾ ਕੇ ਰੱਖਿਆæææ।”
ਦੱਲੀ ਸਚਮੁੱਚ ਅਲਮਸਤ ਬੰਦਾ ਸੀ। ਕਈ ਵਾਰ ਅੱਧੀ ਛੁੱਟੀ ਸਕੂਲ ਆਉਂਦਾ ਤਾਂ ਆਲੇ-ਦੁਆਲੇ ਇਕੱਠੇ ਹੋਏ ਨਿਆਣਿਆਂ ਨੂੰ ਕਹਿੰਦਾ, “ਆੜੀ, ਟੋਫੀਆਂ ਲਿਆ ਕੇ ਦਵੋ ਸੰਗਤਰੇ ਵਾਲੀਆਂ ਪੂਰੀਆਂ ਚਾਰ, ਯਾਰ ਹੋਣੀ ਚਾਰ ਗੀਤ ਸੁਣਾਉਣਗੇ। ਯਾਰਾ ਬੁੜ੍ਹੀ ਭੈਣæææ ਦੀ ਤੋਂ ਦੋ ਰੁਪਈਏ ਮੰਗੇ ਸੀ, ਮੇਰੇ ਪਤਿਉਹਰੇ ਦੀ ਨੇ ਦਿੱਤੇ ਨ੍ਹੀਂ ਤੇ ਕਰਮੇ ਬਾਈ ਨੂੰ ਵੀਹ ਰੁਪਈਏ ਦੇ ਦਿੱਤੇ। ਕਹਿੰਦੀ, ਕਰਮਾ ਮੇਰਾ ਕਮਾਊ ਪੁੱਤ ਐ, ਜੇ ਹੁਣ ਦੱਲੀ ਨੂੰ ਰੱਬ ਭੈਣæææ ਦੇ ਨੇ ਨਹੀਂ ਚੱਜ ਦਾ ਬਣਾਇਆ ਤਾਂ ਦੱਲੀ ਦਾ ਇਹਦੇ ਵਿਚ ਕੀ ਕਸੂਰ?” ਅਜਿਹੇ ਸਮੇਂ ‘ਤੇ ਗੱਲ ਕਰਦਿਆਂ ਉਹਦਾ ਗੋਲ ਮਟੋਲ ਮੂੰਹ ਤੇ ਚੁੰਨ੍ਹੀਆਂ ਅੱਖਾਂ ਰੁੱਸੇ ਹੋਏ ਨਿਆਣੇ ਵਰਗੀਆਂ ਹੋ ਜਾਂਦੀਆਂ।
ਦੱਲੀ ਹੋਰੀਂ ਤਿੰਨ ਭਰਾ ਸਨ। ਸਭ ਤੋਂ ਵੱਡਾ ਗੁਰਮੀਤ ਪੜ੍ਹ-ਲਿਖ ਕੇ ਅੰਬਰਸਰ ਵੱਲੀਂ ਥਾਣੇਦਾਰ ਲੱਗਾ ਹੋਇਆ ਸੀ। ਉਸ ਤੋਂ ਛੋਟਾ ਕਰਮਾ ਤੇ ਸਭ ਤੋਂ ਛੋਟਾ ਦੱਲੀ। ਸਭ ਤੋਂ ਵੱਡੀ ਭੈਣ ਕਰਮੋ ਚੱਕਰ ਵਿਆਹੀ ਹੋਈ ਸੀ। ਦੱਲੀ ਦਾ ਪਰਿਵਾਰ ਦਰਮਿਆਨੇ ਦਰਜੇ ਦੇ ਹੋਰ ਜੱਟ ਸਿੱਖ ਪਰਿਵਾਰਾਂ ਵਾਂਗ ਸੀ। ਉਹਦਾ ਪਿਤਾ ਸ਼ ਸੱਜਣ ਸਿਹੁੰ ਗੁਰਸਿੱਖ ਬੰਦਾ ਸੀ। ਦੱਲੀ ਤੋਂ ਵੱਡੇ ਦੋਵੇਂ ਭਰਾ ਵਿਆਹੇ-ਵਰੇ ਸਨ। ਇਕ ਵਾਰ ਦੱਲੀ ਢੋਲਣ ਪਿੰਡ ਨੇੜਲੇ ਵੱਡੇ ਮਹਾਂਪੁਰਖਾਂ ਦੇ ਜੱਦੀ ਪਿੰਡ ਅਖਾੜੇ ਕੋਈ ਸਿਆਸੀ ਕਾਨਫਰੰਸ ਸੁਣ ਆਇਆ। ਅਗਲੇ ਦਿਨ ਗਰਮ-ਗਰਮ ਨਾਅਰੇ ਮਾਰਦਾ ਪਿੰਡ ਦੀਆਂ ਗਲੀਆਂ ਵਿਚ ਘੁੰਮਣ ਲੱਗਾ, “ਲੌਂਗੋਵਾਲ ਨੇ ਕਰੀ ਗੱਦਾਰੀ ਤਾਂ ਹੀ ਗੋਲੀ ਢਿੱਡ ਵਿਚ ਮਾਰੀ; ਸਿੱਖ ਕੌਮ ਦੇ ਤਿੰਨ ਪਖੰਡੀ, ਬਾਦਲ ਟੌਹੜਾ ਤੇ ਤਲਵੰਡੀ; ਭਿੰਡਰਾਂਵਾਲਿਆ ਬੱਬਰ ਸ਼ੇਰਾ, ਦੁਨੀਆਂ ‘ਤੇ ਨਾਂ ਰਹੂਗਾ ਤੇਰਾ।” ਕਈ ਦਿਨ ਕਾਨਫਰੰਸ ਤੇ ਸੁਣੀਆਂ ਢਾਡੀ ਵਾਰਾਂ ਗਾਉਂਦਾ ਪਿੰਡ ਵਿਚ ਘੁੰਮਦਾ ਰਿਹਾ, “ਸਿੰਘ ਗੁਰੂ ਦੇ ਤਿੰਨ ਸੀ ਘੋੜੇ ਉਤੇ ਫੌਲਾਦੀ ਦੇ, ਆਣ ਮੁਕਸਰ ਅੱਪੜੇ ਮੌਕੇ ਰੋਜ਼ ਆਜ਼ਾਦੀ ਦੇæææ ਬਈ ਅਰਥੀ ਉਤੇ ਪਾਤਾ ਮੋਟਰਸੈਕਲ ਵਾਲਿਆਂ ਨੇ, ਸਾਂਹਸੀ ਰੇਲ ਚੜ੍ਹਾਤਾ ਮੋਟਰਸੈਕਲ ਵਾਲਿਆਂ ਨੇ।” ਢੋਲਣ ਪਿੰਡ ਦੇ ਸਰਕਾਰੀ ਹਾਈ ਸਕੂਲ ਦਾ ਬੱਚਾ-ਬੱਚਾ ਤੇ ਸਾਰੇ ਅਧਿਆਪਕ ਉਸ ਦੇ ਫੈਨ ਸਨ। ਉਹ ਜਦੋਂ ਵੀ ਸਕੂਲ ਗੇੜਾ ਮਾਰਦਾ, ਸਾਰੇ ਨਿਆਣਿਆਂ ਵਿਚ ਇਕੋ ਗੱਲ ਫੈਲ ਜਾਂਦੀ, “ਦੱਲੀ ਆਇਐ ਬਈ ਦੱਲੀ ਆਇਐ।” ਕਈ ਮਾਸਟਰ ਵੀ ਵਿਹਲੇ ਸਮੇਂ ਦੱਲੀ ਕੋਲੋਂ ਗੀਤ ਸੁਣਨ ਲਈ ਉਹਨੂੰ ਆਵਾਜ਼ ਮਾਰ ਲੈਂਦੇ। ਕਈ ਵਾਰੀ ਕੰਮ ਕਲੋਟਾ ਵੀ ਹੋ ਜਾਂਦਾ। ਇਕ ਵਾਰ ਸਨਿੱਚਰਵਾਰ ਵਾਲੇ ਦਿਨ ਬਾਲ ਸਭਾ ਵਿਚ ਦੱਲੀ ਵੀ ਆ ਗਿਆ ਤੇ ਕੁਦਰਤੀ ਹਿੰਦੀ ਵਾਲੀ ਸ਼ਹਿਰਨ ਮੈਡਮ ਨੇ ‘ਦੱਲੀ ਬੇਟਾ ਤੁਮ ਕੋਈ ਗਾਨਾ ਸੁਨਾਓ’ ਕਿਹਾ ਤਾਂ ਦੱਲੀ ਨੇ ਕੰਨ ‘ਤੇ ਹੱਥ ਰੱਖ ਕੇ ਫਰਮਾਇਸ਼ ਪੂਰੀ ਕਰ ਦਿੱਤੀ, ਪਰ ਹਿੰਦੀ ਵਾਲੀ ਮੈਡਮ ਨੂੰ ਲੁਕਣ ਨੂੰ ਥਾਂ ਨਾ ਲੱਭੇ। ਉਹ ਤਾਂ ਪੰਜਾਬੀ ਵਾਲੇ ਗਿਆਨੀ ਜੀ ਨੇ ਮਸਾਂ ਦੱਲੀ ਨੂੰ ਚੁੱਪ ਕਰਾਇਆ। ਦੱਲੀ ਨੇ ਕੰਨ ‘ਤੇ ਹੱਥ ਰੱਖ ਕੇ ਜੋ ਗੀਤ ਸੁਣਾਇਆ, ਉਹਦੇ ਬੋਲ ਸਨ, “ਹੋ ਚੰਨ ਤੋਂ ਸੋਹਣੀ ਤੂੰ ਹਾਨਣੇ, ਪਾਣੀ ਤੇਰਾ ਸਭ ਭਰਦੇ, ਹਿੰਦੀ ਆਲੀ ਮੈਡਮ ਦੀ ਮਾਸਟਰ ਪੂਜਾ ਕਰਦੇ, ਹਿੰਦੀ ਆਲੀ ਮੈਡਮ ਦੀ।”
ਢੋਲਣ ਪਿੰਡ ਦੇ ਸਕੂਲ ਨੇੜੇ ਸੰਤਾਂ ਦਾ ਗੁਰਦੁਆਰਾ ਸੀ। ਦੱਲੀ ਜਦ ਵੀ ਸਕੂਲ ਆਉਂਦਾ ਤਾਂ ਗੁਰਦੁਆਰੇ ਵੀ ਮੱਥਾ ਟੇਕਣ ਜਾਂਦਾ। ਨੇੜਲੇ ਪਿੰਡ ਮੀਨੀਆਂ ਤੋਂ ਸੰਤ ਯਾਦਵਿੰਦਰ ਸਿੰਘ ਗੁਰਦੁਆਰੇ ਵਿਚ ਮੁੱਖ ਗ੍ਰੰਥੀ ਸਨ। ਦੱਲੀ ਨਾਲ ਸੰਤਾਂ ਦਾ ਵੀ ਡਾਢਾ ਮੋਹ ਸੀ। ਸੰਤ ਧਾਰਨਾ ਲਾ ਕੇ ਕੀਰਤਨ ਕਰਦੇ ਤੇ ਦੱਲੀ ਪਿੱਛੇ ਚਿਮਟਾ ਵਜਾਉਂਦਾ। ਸੰਤ ਹੁਰੀਂ ਸੰਗਰਾਂਦ ਨੂੰ ਦੀਵਾਨ ਲਾਉਂਦੇ ਅਕਸਰ ਇਕ ਧਾਰਨਾ ਜ਼ਰੂਰ ਪੜ੍ਹਦੇ, ‘ਮਰਨੋਂ ਮੂਲ ਨਹੀਂ ਡਰਦੇ ਜਿਹੜੇ ਮੌਤ ਦੇ ਦਿਵਾਨੇ ਆਂæææ।’
ਦੱਲੀ ਸੰਤਾਂ ਦੇ ਮਗਰ-ਮਗਰ ਉਚੀ-ਉਚੀ ਬੋਲਦਾ। ਸੰਤਾਂ ਦੇ ਕੀਰਤਨੀ ਜਥੇ ਵਿਚ ਹੋਰ ਸੇਵਕ ਵੀ ਸਨ। ਢੋਲਕੀ ਵਜਾਉਣ ਵਾਲਾ ਖਾਰਾ ਮਜ੍ਹਬੀ, ਭਿੰਦਾ ਛੈਣਿਆਂ ਵਾਲਾ ਤੇ ਨਾਈਆਂ ਦਾ ਗੋਖਾ ਵੀ ਚਿਮਟਾ ਵਜਾਉਂਦਾ, ਪਰ ਇਨ੍ਹਾਂ ਵਿਚੋਂ ਨਿਸ਼ਕਾਮ ਸੇਵਕ ਸਿਰਫ ਦੱਲੀ ਹੀ ਸੀ। ਇਕ ਵਾਰ ਸੰਗਰਾਂਦ ਦੇ ਦੀਵਾਨ ਦੀ ਸਮਾਪਤੀ ਪਿਛੋਂ ਸੰਤਾਂ ਨੇ ਦੱਲੀ ਨੂੰ ਕੋਲ ਬੁਲਾ ਕੇ ਦਸ ਰੁਪਈਏ ਦੇਣੇ ਚਾਹੇ ਤਾਂ ਦੱਲੀ ਨੇ ਸਾਫ ਮਨਾ ਕਰ ਦਿੱਤਾ, “ਨਾ ਬਾਬਾ ਜੀ, ਮੈਂ ਪੈਸੇ ਕੀ ਕਰਨੇ ਆਂ? ਆਪੇ ਤਾਂ ਤੁਸੀਂ ਕਥਿਆ ਵਿਚ ਕਿਹਾ ਸੀ ਇਕ ਦਿਨ, ਬਈ ਕੀਰਤਨ ਵੇਚਣਾ ਨਹੀਂ ਚਾਹੀਦਾ। ਨਾਲੇ ਮੈਂ ਕਿਹੜਾ ਥੋਡੇ ਕੋਲੋਂ ਮਾਇਆ ਲੈ ਕੇ ਖਾਰੇ ਮਜ੍ਹਬੀ ਅੰਗੂ ਬੀੜੀਆਂ ਪੀਣੀਆਂ? ਜਾਂ ਫਿਰ ਭਿੰਦੇ ਤੇ ਗੋਖੇ ਹੋਰਾਂ ਅੰਗੂ ਪਿਚਕਰ ਦੇਖਣ ਜਾਣਾ ਹੁੰਦੈ ਜਗਰਾਮੀਂ ਲੀਗਲ ਸਿਨਮੇ ‘ਚ, ਦਿਲਰੁਬਾ ਤਾਂਗੇ ਵਾਲੀ?” ਦੱਲੀ ਗੱਲ ਕਰ ਕੇ ਨਿਆਣਿਆਂ ਵਾਂਗ ਹੱਸਿਆ, ਪਰ ਜਥੇ ਦੇ ਬਾਕੀ ਸੇਵਕਾਂ ਨੇ ਦੱਲੀ ਦੀ ਗੱਲ ਸੁਣ ਕੇ ਉਥੋਂ ਖਿਸਕਣ ਵਿਚ ਹੀ ਭਲਾਈ ਸਮਝੀ। ਦੱਲੀ ਦੀ ਇਕ ਸਿਫ਼ਤ ਹੋਰ ਸੀ, ਉਹ ਸਾਰਿਆਂ ਦੇ ਮੂੰਹ ‘ਤੇ ਸੱਚੀ ਗੱਲ ਆਖਦਾ, ਭਾਵੇਂ ਸੁਣਨ ਵਾਲੇ ਦੇ ਗਿੱਟੇ ਵੱਜੇ ਭਾਵੇਂ ਗੋਡੇ।
ਇਕ ਦਿਨ ਦੱਲੀ ਸ਼ਰਾਬ ਵਾਲੇ ਧੋਤੇ ਪਊਏ ਵਿਚ ਸਰ੍ਹੋਂ ਦਾ ਤੇਲ ਪਾ ਕੇ ਮੋਟਰ ‘ਤੇ ਨਹਾਉਣ ਜਾ ਰਿਹਾ ਸੀ ਤਾਂ ਭਰਜਾਈਆਂ ਥਾਂਵੇਂ ਲੱਗਦੀ ਮਿੰਧੋ ਭਾਬੀ ਨੇ ਮਜ਼ਾਕ ਨਾਲ ਪੁੱਛ ਲਿਆ, “ਵੇ ਦੱਲੀ, ਆਹ ਪਊਏ ਵਿਚ ਤੇਲ ਪਾ ਕੇ ਕਿਥੇ ਚੱਲਿਐਂ?
“ਖੇਤ ਚੱਲਿਆਂ ਵਾਂ ਨੌਣ, ਤੈਨੂੰ ਕੀ ਆ? ਤੂੰ ਢਿੱਡ ਮਲਾਉਣਾ ਤੇਲ ਨਾਲ?” ਦੱਲੀ ਨੇ ਟੇਢਾ ਜਵਾਬ ਕੱਢ ਮਾਰਿਆ।
“ਜਾਏ ਖਾਣੇ ਦਿਆ, ਤੂੰ ਗਾਂਹਾਂ ਵੈਦ ਹਕੀਮ ਆਂ?” ਭਾਬੀ ਨੇ ਹੱਸਦਿਆਂ ਹੋਇਆਂ ਚੁੰਨੀ ਦਾ ਲੜ ਮੂੰਹ ‘ਤੇ ਕਰ ਲਿਆ।
“ਲੈ ਬਿਜਲੀ ਵਾਲੇ ਕੌਰੇ ਤੋਂ ਵੀ ਤਾਂ ਮਲਾਉਂਦੀ ਹੁੰਦੀ ਐਂæææ ਉਹ ਮੇਰਾ ਸਾਲਾ ਬੜਾ ਡਾਕਟਰ ਲੱਗਿਆ ਵਿਐæææ ਜਗਰਾਮਾਂ ਆਲੇ ਕਲਸੀ ਡਾਕਟਰ ਨਾਲ਼ææ ਟਰਾਂਸਫਾਰਮਰ ਅੰਗੂ ਖੋਲ੍ਹੀ ਬੈਠਾ ਹੁੰਦੈ ਤੇਰਾ ਇੰਜਣ।” ਦੱਲੀ ਨੇ ਇਕ ਦਿਨ ਬਿਜਲੀ ਵਾਲੇ ਕੌਰੇ ਨਾਲ ਮਿੰਧੋ ਨੂੰ ਵਿਹੜੇ ਵਾਲੀ ਨਿੰਮ ਥੱਲੇ ਕਲੋਲ ਕਰਦਿਆਂ ਦੇਖ ਲਿਆ ਸੀ। ਉਹ ਪਤੰਗ ਲੁੱਟਣ ਲਈ ਉਨ੍ਹਾਂ ਦੇ ਕੋਠੇ ‘ਤੇ ਚੜ੍ਹਿਆ ਸੀ।
“ਮੁਸ਼ਟੰਡਾ ਕੁੱਤਾ, ਦੱਸੂੰ ਤੇਰੀ ਬੇਬੇ ਨੂੰ। ਮਿਲ ਲੈਣ ਦੇ।” ਕਹਿੰਦੀ ਮਿੰਧੋ ਭਾਬੀ ਨੇ ਦਰਵਾਜ਼ਾ ਬੰਦ ਕਰ ਲਿਆ। ਦੱਲੀ ਹੱਸਦਾ ਆਪਣੇ ਰਾਹੇ ਤੁਰ ਗਿਆ।
ਫਿਰ ਇਕ ਅਜੀਬ ਵਾਕਿਆ ਹੋਇਆ। ਸਾਨੂੰ ਸਭ ਨੂੰ ਹੈਰਾਨੀ ਹੋ ਰਹੀ ਸੀ ਕਿ ਇਹ ਸਭ ਕਿਵੇਂ ਹੋ ਗਿਆ? ਤੇ ਦੱਲੀ ਨੂੰ ਕਿਹੜੇ ਕਸੂਰ ਦੀ ਸਜ਼ਾ ਮਿਲੀ ਸੀ। ਦੱਲੀ ਇਕੱਲੇ ਨੂੰ ਹੀ ਨਹੀਂ, ਸਾਰੇ ਟੱਬਰ ਨੂੰ? ਕੀ ਕਿਸੇ ਪੁਲਿਸ ਵਾਲੇ ਦੇ ਰਿਸ਼ਤੇਦਾਰ, ਭਰਾ-ਭਾਈ, ਮਾਤਾ-ਪਿਤਾ ਹੋਣਾ ਵੀ ਕੋਈ ਕਸੂਰ ਹੁੰਦਾ ਹੈ? ਜੇ ਕੋਈ ਪੁਲਿਸ ਅਫ਼ਸਰ ਜ਼ਾਲਮ ਵੀ ਹੋਵੇ, ਤਾਂ ਵੀ ਉਹਦੇ ਗੁਨਾਹਾਂ ਦੀ ਸਜ਼ਾ ਉਹਦੇ ਪਰਿਵਾਰ ਨੂੰ ਦਿੱਤੀ ਜਾਣੀ ਕਿੰਨੀ ਕੁ ਜਾਇਜ਼ ਕਰਾਰ ਦਿੱਤੀ ਜਾ ਸਕਦੀ ਹੈ? ਮੇਰੇ ਸਮੇਤ ਦੱਲੀ ਨੂੰ ਪ੍ਰੇਮ ਕਰਨ ਵਾਲੇ ਸਾਡੇ ਸਕੂਲ ਦੇ ਹਰ ਵਿਦਿਆਰਥੀ ਤੇ ਅਧਿਆਪਕ ਦੇ ਜ਼ਿਹਨ ਵਿਚ ਇਹੋ ਸਵਾਲ ਘੁੰਮਣ-ਘੇਰੀਆਂ ਕੱਢ ਰਹੇ ਸਨ, ਕਿਉਂਕਿ ਸਕੂਲ ਜਾਂਦੇ ਸਾਰ ਸਭ ਦੇ ਮੱਥੇ ਤੀਰ ਵਰਗੀ ਖਬਰ ਵੱਜੀ ਸੀ ਕਿ ਥਾਣੇਦਾਰ ਗੁਰਮੀਤ ਸਿੰਘ ਦੇ ਪਰਿਵਾਰ ਨੂੰ ਖਾੜਕੂਆਂ ਨੇ ਰਾਤੀਂ ਗੋਲੀਆਂ ਮਾਰ ਕੇ ਮਾਰ ਦਿੱਤਾ ਤੇ ਘਰ ਨੂੰ ਅੱਗ ਲਾ ਦਿੱਤੀ। ਦੱਲੀ ਦੇ ਵੱਡੇ ਭਰਾ ਕਰਮੇ ਦੀ ਘਰਵਾਲੀ ਜਿਹਦੀ ਗੋਦੀ ਦੁੱਧ ਚੁੰਘਦਾ ਬੱਚਾ ਸੀ, ਨੂੰ ਹੀ ਜ਼ਿੰਦਾ ਛੱਡਿਆ। ਉਸ ਦਿਨ ਦੱਲੀ ਸਕੂਲ ਮੂਹਰਿਉਂ ਲੰਘ ਕੇ ਗੁਰੂ ਘਰ ਮੱਥਾ ਟੇਕਣ ਗਿਆ ਜ਼ਰੂਰ ਸੀ, ਪਰ ਸਕੂਲ ਵੱਲ ਨਾ ਮੁੜਿਆ। ਉਹ ਕਾਹਲੇ ਕਦਮੀਂ ਗੁਰੂ ਮਹਾਰਾਜ ਦੇ ਪ੍ਰਕਾਸ਼ ਅਸਥਾਨ ਵੱਲ ਗਿਆ। ਮੂੰਹ ‘ਚ ਬੁੜਬੁੜਾਉਂਦਿਆਂ ਅਰਦਾਸ ਕਰ ਕੇ ਉਤੇ ਵੱਲ ਹੱਥ ਕਰ ਕੇ ਖੋਲ੍ਹ ਦਿੱਤੇ, ਜਿਵੇਂ ਰੱਬ ਨੂੰ ਕਹਿਣਾ ਚਾਹੁੰਦੇ ਹੋਵੇ- “ਚੰਗਾ ਜਿਵੇਂ ਤੇਰੀ ਮਰਜ਼ੀ!” ਮੱਥਾ ਟੇਕ ਕੇ ਸੰਤਾਂ ਕੋਲੋਂ ਦੇਗ ਲਈ, ਸਾਰੀ ਦੇਗ ਇਕੋ ਵਾਰ ਖਾ ਕੇ ਦੁਬਾਰਾ ਫਿਰ ਹੱਥ ਸੰਤਾਂ ਮੂਹਰੇ ਅੱਡ ਦਿੱਤੇ।
“ਕੀ ਗੱਲ ਭਾਈ ਦੱਲੀ ਸਿਹੁੰ, ਅੱਗੇ ਤਾਂ ਕਿਤੇ ਦੂਹਰੀ ਵਾਰੀ ਦੇਗ ਲਈ ਨਹੀਂ ਤੈਂ?” ਸੰਤਾਂ ਨੇ ਸਵਾਲ ਕੀਤਾ।
“ਬੱਸ ਬਾਬਾ ਜੀ ਖਾਣਾ ਦਾਣਾ ਨਿਬੇੜ ਰਹੇ ਆਂæææ ਮੁੜ ਨਾ ਆਉਣਾ ਪਵੇæææ ਭਰਿਆ ਤ੍ਰਿੰਜਣ ਛੱਡ ਜਾਣਾ, ਚਿੱਠੀ ਆ ਗਈ ਜ਼ੋਰਾਵਰਾਂ ਦੀ।” ਦੱਲੀ ਨੇ ਰਮਜ਼ੀ ਮੁਸਕਰਾਹਟ ਬਿਖੇਰੀ ਤੇ ਤੁਰ ਆਇਆ। ਦੱਸਣ ਵਾਲੇ ਦੱਸਦੇ ਹਨ ਕਿ ਉਸ ਦਿਨ ਦੱਲੀ ਨੇ ਸਾਰੇ ਘਰਦਿਆਂ ਨੂੰ ਦੱਸ ਦਿੱਤਾ ਸੀ ਕਿ ਅੱਜ ਉਨ੍ਹਾਂ ਦੇ ਟੱਬਰ ਦਾ ਆਖਰੀ ਦਿਨ ਸੀ।
“ਵੱਡਿਆ ਕਮਾਊਆ, ਪਾਠ ਕਰ ਲਿਆ ਕਰ। ਅੱਜ ਤਾਂ ਵਾਖਰੂ-ਵਾਖਰੂ ਕਹਿ ਲੈ। ਜਿਥੇ ਭੀੜੀਆਂ ਸੁਣੀਂਦੀਆਂ ਗਲੀਆਂ, ਉਥੋਂ ਦੀ ਜਮ ਲੈ ਜਾਣਗੇ।” ਦੱਲੀ ਕਰਮੇ ਨੂੰ ਆਖ ਪਸ਼ੂਆਂ ਨੂੰ ਪੱਠੇ ਪਾਉਂਦਿਆਂ ਦੇਖ ਕੇ ਤਾੜੀ ਮਾਰ ਕੇ ਹੱਸਿਆ।
“ਦੇਖ ਸਾਲਾ ਕਿਮੇਂ ਮਗਜ਼ ਮਾਰਦੈ, ਵੱਡਾ ਕਥਿਆ ਵਾਚਕ।” ਕਰਮਾ ਝਈ ਲੈ ਕੇ ਪਿਆ।
“ਭਾਬੀ ਲੈ ਪਾਠ ਕਰ। ਉਸੇ ਨਾਮ ਨੇ ਸਹਾਇਤਾ ਕਰਨੀ, ਜਿਥੇ ਨਾ ਕੋਈ ਮਾਤ-ਪਿਤਾ।” ਉਸ ਨੇ ਸੁਖਮਨੀ ਸਾਹਿਬ ਦਾ ਗੁਟਕਾ ਵੱਡੇ ਭਰਾ ਥਾਣੇਦਾਰ ਗੁਰਮੀਤ ਸਿੰਘ ਦੀ ਘਰਵਾਲੀ ਨੂੰ ਫੜਾਉਂਦਿਆਂ ਕਿਹਾ ਤਾਂ ਉਹ ‘ਸੱਤ ਬਚਨ ਸੰਤ ਜੀ’ ਆਖਦੀ ਪਾਠ ਕਰਨ ਲੱਗ ਗਈ। ਉਹਦੇ ਪੇਕੇ ਗੁਰਸਿੱਖ ਹੋਣ ਕਰ ਕੇ ਉਹਦਾ ਬਾਣੀ ਵੱਲ ਝੁਕਾਅ ਬਚਪਨ ਤੋਂ ਹੀ ਸੀ।
ਉਸ ਸ਼ਾਮ ਦੱਲੀ ਨੇ ਆਥਣੇ ਇਸ਼ਨਾਨ-ਪਾਣੀ ਕਰ ਚਿੱਟਾ ਕੁੜਤਾ ਪਜਾਮਾ ਪਹਿਨਿਆ। ਰੋਟੀ-ਪਾਣੀ ਛਕ ਕੇ ਕੌਲੇ ਨਾਲ ਖੜ੍ਹ ਗਿਆ, ਜਿਵੇਂ ਕਿਸੇ ਆਉਣ ਵਾਲੇ ਦੀ ਬਹੁਤ ਤਰੱਦਦ ਨਾਲ ਉਡੀਕ ਕਰਦਾ ਹੋਵੇ।
“ਉਏ ਤੂੰ ਐਥੈ ਘੁੰਡ ਵਾਲੀ ਨੂੰ ‘ਡੀਕਦੈਂ, ਅੰਦਰ ਆਜਾ, ਨਮੂਨੀਆ ਹੋ ਜੂ ਠੰਢ ਨਾਲ।” ਕਰਮੇ ਨੇ ਆਵਾਜ਼ ਮਾਰੀ ਤਾਂ ਉਹ ਹੱਸਦਾ ਅੰਦਰ ਆ ਵੜਿਆ।
“ਹੋਣੋਂ ਨਾ ਟਲਦੀ ਹੈ, ਮੱਥੇ ‘ਤੇ ਲੀਕ ਜੋ ਵਾਹੀ।” ਦੱਲੀ ਨੇ ਵਿਹੜੇ ਵਿਚ ਖੜ੍ਹ ਕੇ ਚੁਬਾਰੇ ਵਾਲੇ ਘਰ ਵੱਲ ਹੱਥ ਕਰ ਕੇ ਫਿਰ ਧਾਰਨਾ ਪੜ੍ਹੀ। ਪਤਾ ਨਹੀਂ ਇਸ ਵਿਚ ਕੋਈ ਚਿਤਾਵਨੀ ਸੀ ਜਾਂ ਕੋਈ ਡੂੰਘੀ ਰਮਜ਼, ਘਰ ਦੇ ਕਿਸੇ ਜੀ ਨੇ ਗੱਲ ਗੌਲੀ ਨਾ। ਸਾਰਾ ਟੱਬਰ ਰੋਟੀ-ਟੁੱਕ ਦਾ ਕੰਮ ਨਿਬੇੜ ਕੇ ਹਾਲੇ ਬਿਸਤਰੇ ਵਿਛਾ ਹੀ ਰਿਹਾ ਸੀ ਕਿ ਹੋਣੀ ਨੇ ਆਣ ਬੂਹੇ ਦਸਤਕ ਦਿੱਤੀ।
ਏæਕੇæ ਸੰਤਾਲੀ ਨਾਲ ਲੈਸ ਪੰਜ-ਸੱਤ ਮੁੰਡੇ ਕੰਧਾਂ ਟੱਪ ਕੇ ਵਿਹੜੇ ਆਣ ਉਤਰੇ। ਆਉਂਦਿਆਂ ਹੀ ਸਾਰੇ ਟੱਬਰ ਨੂੰ ਕਤਾਰ ਵਿਚ ਖਲੋਣ ਦਾ ਹੁਕਮ ਦਿੱਤਾ। ਹਥਿਆਰਬੰਦ ਨੌਜਵਾਨਾਂ ਦੀ ਕਮਾਂਡ 35-40 ਵਰ੍ਹੇ ਦਾ ਲੰਬੀ ਦਾੜ੍ਹੀ ਵਾਲਾ ਕਰ ਰਿਹਾ ਸੀ ਜਿਸ ਦੇ ਹੱਥ ਲੰਬੀ ਨਾਲੀ ਵਾਲਾ ਮਾਊਜ਼ਰ ਫੜਿਆ ਹੋਇਆ ਸੀ।
“ਸਾਨੂੰ ਪਤੈ ਗੁਰਮੀਤ ਥਾਣੇਦਾਰ ਦਾ ਘਰ ਇਹੋ ਹੀ ਐæææ ਸਾਰੇ ਕਤਾਰ ਵਿਚ ਖ੍ਹੜੇ ਹੋ ਜਾਵੋ, ਭੱਜਣ ਦੀ ਕੋਸ਼ਿਸ਼ ਨਾ ਕਰਿਓ, ਨਹੀਂ ਕੋਈ ਹੋਰ ਜਾਹ-ਜਾਂਦੀ ਹੋ ਜਾਊ।” ਕਮਾਂਡਰ ਦੇ ਬੋਲਾਂ ‘ਚ ਗੁੱਸਾ ਅੱਗ ਵਾਂਗ ਫਰਾਟੇ ਮਾਰ ਰਿਹਾ ਸੀ।
ਸਾਰੇ ਟੱਬਰ ਦੇ ਸਾਹ-ਸਤ ਸੂਤੇ ਗਏ ਸਨ। ਮਾੜੇ ਕਰਮ ਨੂੰ ਉਸ ਦਿਨ ਦੱਲੀ ਹੋਰਾਂ ਦੀ ਭੈਣ ਦਾ ਮੁੰਡਾ ਵੀ ਆਇਆ ਹੋਇਆ ਸੀ। ਹਥਿਆਰਬੰਦ ਨੌਜਵਾਨਾਂ ਨੇ ਉਸ ਨੂੰ ਵੀ ਬਾਕੀਆਂ ਨਾਲ ਕਤਾਰ ਵਿਚ ਖੜ੍ਹਾ ਲਿਆ ਸੀ।
“ਖਾਲਸਾ ਜੀ ਸਾਡਾ ਕੀ ਕਸੂਰ? ਜੇ ਮੇਰੇ ਮੁੰਡੇ ਨੇ ਕੋਈ ਗਲਤੀ ਕੀਤੀ ਐ ਤਾਂ ਮੈਂ ਖੁਦ ਜਦੋਂ ਤੁਸੀਂ ਕਹੋ, ਥੋਡੇ ਸਾਹਮਣੇ ਹਾਜ਼ਰ ਕਰ ਦੇਵਾਂਗਾ। ਸਗੋਂ ਖੁਦ ਉਹਨੂੰ ਥੋਡੇ ਸਾਹਮਣੇ ਗੋਲੀæææ, ਪਰ ਸਾਰੇ ਟੱਬਰ ਨੂੰ ਘਾਣੀਂ ਨਾ ਪੀੜੋ।” ਦੱਲੀ ਦੇ ਬਜ਼ੁਰਗ ਪਿਤਾ ਨੇ ਹੱਥ ਬੰਨ੍ਹੇ ਸਨ, ਉਹਦਾ ਸਫੈਦ ਦਾੜ੍ਹੀ ਵਾਲਾ ਚਿਹਰਾ ਅੱਥਰੂਆਂ ਨਾਲ ਗੜੁੱਚ ਹੋਇਆ ਪਿਆ ਸੀ।
“ਬਾਪੂ, ਮੁੰਡੇ ਨੂੰ ਭਰਤੀ ਕਰਾਉਣ ਤੋਂ ਪਹਿਲਾਂ ਸੋਚਣਾ ਸੀ, ਸਾਡੇ ਵੀ ਚੁਲ੍ਹਿਆਂ ਵਿਚ ਘਾਹ ਉਗਿਆ ਪਿਐ।” ਏæਕੇæ ਸੰਤਾਲੀ ਫੜੀ ਖੜ੍ਹੇ ਮੱਸ-ਫੁੱਟ ਗੱਭਰੂ ਨੇ ਸੁਰਖ ਅੱਖਾਂ ਵਿਚੋਂ ਚੰਗਿਆੜੇ ਬਾਹਰ ਸੁੱਟੇ।
“ਆਹ ਬੀਬੀ ਕੌਣ ਐ ਜਿਹਦੇ ਗੋਦੀ ਬੱਚਾ ਐ?” ਕਮਾਂਡਰ ਨੇ ਸਵਾਲ ਕੀਤਾ।
“ਇਹ ਮੇਰੇ ਘਰੋਂ ਐ ਬਾਈ ਜੀ।” ਕਰਮੇ ਨੇ ਕੰਬਦੇ ਹੱਥ ਜੋੜੇ ਹੋਏ ਸਨ।
“ਭੈਣ ਜੀ, ਤੁਸੀਂ ਗੁਆਂਢੀਆਂ ਘਰੇ ਚਲੇ ਜਾਓ, ਤੁਹਾਨੂੰ ਕੁਝ ਨਹੀਂ ਕਹਾਂਗੇ।” ਕਮਾਂਡਰ ਦਾ ਸੁਰ ਥੋੜ੍ਹਾ ਨਰਮ ਹੋਇਆ ਤਾਂ ਕਰਮੇ ਦੇ ਘਰਵਾਲੀ ਬੱਚੇ ਸਮੇਤ ਗੁਆਂਢੀਆਂ ਘਰੇ ਚਲੀ ਗਈ।
“ਥਾਣੇਦਾਰ ਦੇ ਘਰੋਂ ਕੌਣ ਐਂ?”
ਗੁਰਮੀਤ ਸਿੰਘ ਦੇ ਘਰਵਾਲੀ ਜਪੁਜੀ ਸਾਹਿਬ ਦਾ ਪਾਠ ਮੂੰਹ-ਜ਼ੁਬਾਨੀ ਕਰਦੀ ਹੋਈ ਅੱਗੇ ਆ ਗਈ। ਸ਼ਾਇਦ ਉਸ ਨੂੰ ਹੋਣੀ ਦਾ ਅਨੁਮਾਨ ਹੋ ਗਿਆ ਸੀ।
“ਜਥੇਦਾਰ ਜੀ, ਇਹਨੂੰ ਵਿਆਹੀ ਨੂੰ ਹਾਲੇ ਸਾਲ ਵੀ ਨਹੀਂ ਹੋਇਆ ਤੇ ਪੇਟ ਤੋਂ ਵੀ ਐ। ਇਹਨੂੰ ਬਿਗਾਨੀ ਧੀ ਨੂੰ ਤੇ ਮੇਰੇ ਦੋਹਤੇ ਨੂੰ ਬਖਸ਼ ਦਿਓ।” ਬਜ਼ੁਰਗ ਨੇ ਕਮਾਂਡਰ ਦੇ ਪੈਰੀਂ ਪੱਗ ਰੱਖ ਦਿੱਤੀ।
“ਕੋਈ ਵੀ ਨਹੀਂ ਬਖਸ਼ਿਆ ਜਾਵੇਗਾæææ ਉਹਦੀ ਘਰਵਾਲੀ ਤਾਂ ਬਿਲਕੁਲ ਨਹੀਂ। ਸਾਡੀਆਂ ਵੀ ਪੇਟ ਤੋਂ ਹੀ ਸਨ। ਨਵੀਂ ਵਿਆਹੀ ਦੀ ਮੌਤ ਦਾ ਤਾਂ ਸੇਕ ਲੱਗਣਾ ਥਾਣੇਦਾਰ ਨੂੰ। ਮਨਜੀਤ ਘਰ ਵਿਚ ਜਿੰਨੀਆਂ ਵੀ ਬਾਣੀ ਦੀਆਂ ਪੋਥੀਆਂ, ਗੁਟਕੇ ਤੇ ਗੁਰੂ ਸਾਹਿਬਾਨ ਦੀਆਂ ਫੋਟੂਆਂ, ਉਹ ਉਸ ਮੰਜੇ ‘ਤੇ ਚਾਦਰ ਵਿਛਾ ਕੇ ਰੱਖ ਦੇਵੋ।” ਕਮਾਂਡਰ ਨੇ ਹੁਕਮ ਦਿੱਤਾ ਤਾਂ ਇਕ ਨੌਜਵਾਨ ਨੇ ਫੁਰਤੀ ਨਾਲ ਮੰਜਾ ਡਾਹ ਕੇ ਤਸਵੀਰਾਂ ਤੇ ਬਾਣੀ ਦੇ ਗੁਟਕੇ ਮੰਜੇ ‘ਤੇ ਰੱਖ ਕੇ ਚਿੱਟਾ ਕੱਪੜਾ ਪਾ ਕੇ ਉਨ੍ਹਾਂ ਨੂੰ ਕੱਜ ਦਿੱਤਾ।
“ਬਾਈ ਜੀ, ਮੇਰਾ ਛੋਟਾ ਭਰਾ ਸਿਧਰਾ ਦਿਮਾਗੀ ਤੌਰ ‘ਤੇ। ਭਗਤ ਆ ਵਿਚਾਰਾ, ਇਹਦੀ ਜਾਨ ਬਖਸ਼ੀ ਕਰ ਦੇਵੋ।” ਕਤਾਰ ਵਿਚ ਖਲੋਤੇ ਕਰਮੇ ਨੇ ਆਖਰੀ ਤਰਲਾ ਕੀਤਾ ਤਾਂ ਕਮਾਂਡਰ ਦਾ ਇਸ਼ਾਰਾ ਪਾ ਕੇ ਡੁੰਨ ਵੱਟਾ ਬਣੇ ਖੜ੍ਹੇ ਦੱਲੀ ਨੂੰ ਬਾਂਹ ਤੋਂ ਫੜ ਕੇ ਪਾਸੇ ਕਰ ਦਿੱਤਾ ਗਿਆ।
“ਸ਼ੂਟ ਦੈਮ!” ਕਮਾਂਡਰ ਦਾ ਇਸ਼ਾਰਾ ਪਾ ਕੇ ਨੌਜਵਾਨਾਂ ਦੀਆਂ ਬੰਦੂਕਾਂ ਨੇ ਅੱਗ ਦਾ ਮੀਂਹ ਵਰ੍ਹਾ ਦਿੱਤਾ। ਸਾਰੇ ਟੱਬਰ ਵਿਚ ਹਾਲ-ਬੂ-ਪਾਹਰਿਆਂ ਮੱਚ ਗਈ। ਪਲਾਂ ਵਿਚ ਹੀ ਪਾਠ ਕਰ ਰਹੀ ਗੁਰਮੀਤ ਥਾਣੇਦਾਰ ਦੇ ਘਰਵਾਲੀ, ਮਾਤਾ-ਪਿਤਾ, ਭਰਾ ਤੇ ਭਾਣਜਾ, ਜਿਉਂਦੇ-ਜਾਗਦੇ ਮਨੁੱਖਾਂ ਤੋਂ ਲਾਸ਼ਾਂ ਬਣ ਕੇ ਧਰਤੀ ‘ਤੇ ਆਣ ਡਿੱਗੇ। ਦੱਲੀ ਸਿਧਰਾ ਜਿਹਾ ਬੰਦਾ, ਇਹ ਸਭ ਡੁੰਨ ਵੱਟਾ ਬਣ ਕੇ ਖੜ੍ਹਾ ਦੇਖਦਾ ਰਿਹਾ।
“ਬਚਿਆ ਤਾਂ ਨਹੀਂ ਕੋਈ? ਐਸ ਸਿਧਰੇ ਤੋਂ ਬਿਨਾਂ।” ਕਮਾਂਡਰ ਨੇ ਸਾਹ ਵਿਰੋਲ ਰਹੀਆਂ ਲਾਸ਼ਾਂ ਦੇ ਨੇੜੇ ਹੋ ਕੇ ਹੱਥ ਵਿਚਲੇ ਪਿਸਤੌਲ ਨਾਲ ਆਖਰੀ ਫਾਇਰ ਦਾਗਦਿਆਂ ਕਿਹਾ।
“ਮੈਂ ਸਿਧਰਾ-ਸੁਧਰਾ ਕੋਈ ਨਹੀਂæææ ਸਿਧਰੇ ਤਾਂ ਤੁਸੀਂ ਆਂ, ਮੇਰੇ ਸਾਲਿਓæææ ਮਾਰੋ ਮੇਰੇ ਵੀ ਗੋਲੀæææ ਸੰਤ ਕਹਿੰਦੇ ਹੁੰਦੇ ਸੀ ਕਿ ਸ਼ਸਤਰ ਹੱਕ ਲੈਣ ਵਾਸਤੇ ਚੁੱਕਦੇ ਆ, ਕਿਸੇ ਮਜ਼ਲੂਮ ‘ਤੇ ਜ਼ੁਲਮ ਕਰਨ ਲਈ ਨਹੀਂæææ ਮੈਂ ਵੱਡੇ ਮਹਾਂਪੁਰਖਾਂ ਦੇ ਪਿੰਡ ਅਖਾੜੇ ਢਾਡੀਆਂ ਕੋਲੋਂ ਸੁਣਿਆਂ ਸੀ। ਮਾਰੋ ਮੇਰੇ ਵੀ ਗੋਲੀæææ ਸਾਲੇ ਸਿਧਰੇ ਕਿਤੋਂ ਦੇ ਬੇਵਕੂਫ਼æææ ਪਾਗਲ ਲੋਕ।” ਕਹਿੰਦਿਆਂ ਦੱਲੀ ਏæਕੇæ ਸੰਤਾਲੀ ਵਾਲੇ ਇਕ ਮੁੰਡੇ ਦੇ ਗਲ ਨੂੰ ਚਿੰਬੜ ਗਿਆ ਤੇ ਉਹਦੇ ਹੱਥੋਂ ਬੰਦੂਕ ਖੋਹਣ ਲੱਗਾ ਤਾਂ ਕਮਾਂਡਰ ਨੇ ਲੰਬੀ ਨਾਲੀ ਵਾਲਾ ਪਿਸਤੌਲ ਦੱਲੀ ਦੇ ਸਿਰ ਵੱਲ ਨੂੰ ਕਰ ਕੇ ਗੋਲੀ ਦਾਗ ਦਿੱਤੀ। ਦੱਲੀ ਨੇ ਦਹਾੜ ਮਾਰੀ ਤੇ ਅਖਾੜੇ ਪਿੰਡ ਵਿਚ ਕਾਨਫਰੰਸ ‘ਤੇ ਸੁਣਿਆ ਨਾਅਰਾ ਪੂਰਾ ਜ਼ੋਰ ਲਾ ਕੇ ਮਾਰਿਆ, “ਭਿੰਡਰਾਂਵਾਲਿਆ ਬੱਬਰ ਸ਼ੇਰਾ, ਦੁਨੀਆਂ ‘ਤੇ ਨਾ ਚਮਕੂ ਤੇਰਾæææ।” ਤੇ ਇਸ ਸਿਧਰੇ ਜਿਹੇ ਬੰਦੇ ਦੇ ਪ੍ਰਾਣ-ਪੰਖੇਰੂ ਸਿਆਣਿਆਂ ਦੇ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਏ।