ਜਿਹੜੇ ਸਮਾਂ ਸਿਆਣਨ ਨਾææ

ਮੇਜਰ ਸਿੰਘ ਕੁਲਾਰ
ਫੋਨ: 916-273-2856

“ਬਾਈ ਜੀ! ਮੈਨੂੰ ਦੱਸੋ, ਮੇਰਾ ਕਸੂਰ ਕੀ ਐ? ਮੈਂ ਆਪਣੇ ਬਚਪਨ ਦੇ ਯਾਰ ਲਈ ਕੀ ਨਹੀਂ ਕੀਤਾ?” ਉਹ ਗੱਲ ਹਉਕਿਆਂ ਨਾਲ ਕਰ ਰਿਹਾ ਸੀ।
“ਬਾਈ ਜੀ! ਤੁਸੀਂ ਕੌਣ ਹੋ ਤੇ ਕਿਥੋਂ ਬੋਲ ਰਹੇ ਹੋ?” ਮੈਂ ਗੱਲ ਧਿਆਨ ਨਾਲ ਸੁਣਦਿਆਂ ਪੁੱਛਿਆ ਸੀ।

“ਮੇਰਾ ਨਾਮ ਕੁਲਵੀਰ ਸਿੰਘ ਹੈ ਤੇ ਮੈਂ ਵਰਜੀਨੀਆ ਤੋਂ ਬੋਲ ਰਿਹਾਂ। ਮੈਂ ਵੀ ਤੁਹਾਡੇ ਜ਼ਿਲ੍ਹੇ ਤੋਂ ਹਾਂ। ਜਿਸ ਯਾਰ, ਪਾਲ ਦੀ ਗੱਲ ਕਰ ਰਿਹਾਂ, ਉਹ ਮੇਰਾ ਜਮਾਤੀ ਵੀ ਰਿਹਾ ਤੇ ਮਾਸੀ ਦਾ ਪੁੱਤ ਵੀ ਹੈ। ਮੇਰੇ ਪਿੰਡ ਹੀ ਮੇਰੀ ਮਾਂ ਨੇ ਆਪਣੀ ਛੋਟੀ ਭੈਣ ਦਾ ਰਿਸ਼ਤਾ ਲਿਆਂਦਾ ਸੀ। ਅਸੀਂ ਗੁਆਂਢੀ ਤਾਂ ਨਹੀਂ ਸੀ, ਪਰ ਖੇਤੀਂ ਵੱਟ ਨਾਲ ਵੱਟ ਲੱਗਦੀ ਸੀ। ਬਚਪਨ ਦੀਆਂ ਖੇਡਾਂ ਬੇਸ਼ੱਕ ਅਸੀਂ ਇਕੋ ਗਲੀ ਵਿਚ ਨਹੀਂ ਖੇਡੇ, ਪਰ ਐਤਵਾਰੀਂ ਦੋਵੇਂ ਖੇਤਾਂ ਵਿਚ ਖੂਬ ਖੇਡਦੇ। ਸਾਡਾ ਘਰ ਚੜ੍ਹਦੇ ਪਾਸੇ ਸੀ ਤੇ ਉਸ ਦਾ ਛਿਪਦੇ ਪਾਸੇ। ਜਦੋਂ ਮਾਂ-ਬਾਪ ਨੇ ਪਾਲ ਦੇ ਬਾਪ ਨੂੰ ਰਿਸ਼ਤਾ ਕਰਵਾਇਆ ਸੀ ਤਾਂ ਸਾਰਾ ਪਿੰਡ ਕਹਿੰਦਾ ਸੀ ਕਿ ਇਨ੍ਹਾਂ ਨੂੰ ਪਿੰਡ ਵਿਚ ਕੋਈ ਹੋਰ ਮੁੰਡਾ ਲੱਭਿਆ ਨਹੀਂ, ਜਾ ਕੇ ਛੱਪੜ ਦੇ ਕੰਢੇ ਮੁੰਡਾ ਲੱਭ ਲਿਆ, ਪਰ ਯਾਰੀ ਦੂਰੀਆਂ ਨਹੀਂ ਦੇਖਦੀ। ਸਾਡਾ ਪਰਿਵਾਰ ਮਿਹਨਤੀ ਸੀ, ਪਰ ਖਰਚੀਲਾ ਵੀ ਸੀ। ਪਾਲ ਦਾ ਪਰਿਵਾਰ ਲੱਸੀ ਦੀ ਇਕ ਸਿੱਪੀ ਵੀ ਨਹੀਂ ਸੀ ਸੁੱਟਦਾ- ਮਿਹਨਤੀ ਤੇ ਕੰਜੂਸ ਸੀ। ਅਸੀਂ ਸਕੂਲੇ ਇਕੱਠੇ ਹੁੰਦੇ, ਪਾਲ ਮੇਰੀ ਹਰ ਚੀਜ਼ ਵਰਤ ਲੈਂਦਾ। ਮਾਂ ਨੇ ਕਿਹਾ ਹੋਇਆ ਸੀ ਕਿ ਪਾਲ ਨੂੰ ਜਵਾਬ ਨਹੀਂ ਦੇਣਾ।
ਛੁੱਟੀਆਂ ਵੀ ਅਸੀਂ ਦੋਵੇਂ ਨਾਨਕੀਂ ਇਕੱਠੀਆਂ ਕੱਟ ਕੇ ਆਉਂਦੇ। ਇਕ ਤਾਂ ਮਾਮੀ ਦੇ ਕੋਈ ਜਵਾਕ ਨਹੀਂ ਸੀ, ਦੂਜਾ ਉਨ੍ਹਾਂ ਕੋਲ ਟੈਲੀਵਿਜ਼ਨ ਸੀ। ਮਾਂ ਸਾਨੂੰ ਮਸਾਂ ਨਾਨਕਿਓਂ ਵਾਪਸ ਲਿਆਉਂਦੀ। ਪਾਲ ਹੋਰੀਂ ਦੋ ਭਰਾ ਸਨ ਤੇ ਅਸੀਂ ਵੀ। ਮੇਰਾ ਭਰਾ ਮੇਰੇ ਨਾਲੋਂ ਵੱਡਾ ਸੀ। ਸਾਡੇ ਦੋਵਾਂ ਦੇ ਬਾਪ ਖੂਬ ਮਿਹਨਤ ਕਰਦੇ। ਮੇਰਾ ਦਾਦਾ ਪੂਰਾ ਸ਼ੌਕੀਨ ਸੀ। ਦੋ ਵਾਰ ਪਿੰਡ ਦਾ ਸਰਪੰਚ ਵੀ ਰਿਹਾ। ਸੱਚੇ ਬੰਦੇ ਲਈ ਜਾਨ ਵਾਰਨ ਤੱਕ ਜਾਂਦਾ ਤੇ ਝੂਠੇ ਦੀ ਜਾਨ ਲੈਣ ਤੱਕ ਜਾਂਦਾ। ਇਕ ਵਾਰ ਉਹ ਸੱਚ ‘ਤੇ ਪਹਿਰਾ ਦਿੰਦਾ ਕਤਲ ਕੇਸ ਵਿਚ ਅੰਦਰ ਹੋ ਗਿਆ। ਦਾਦੇ ਦੇ ਕੇਸ ਨੇ ਸਾਨੂੰ ਆਰਥਿਕ ਤੌਰ ‘ਤੇ ਤੋੜ ਦਿੱਤਾ। ਦਾਦੇ ਨੂੰ ਚੌਦਾਂ ਸਾਲ ਦੀ ਸਜ਼ਾ ਹੋ ਗਈ, ਪਰ ਮੇਰਾ ਬਾਪ ਅਡੋਲ ਰਿਹਾ। ਮਿਹਨਤ ਨਾਲ ਫਿਰ ਬਰਾਬਰ ਹੋ ਗਿਆ। ਅਸੀਂ ਦੋਵੇਂ ਭਰਾ ਵੀ ਹੁਣ ਖੇਤੀ ਦਾ ਕੰਮ ਕਰਵਾਉਣ ਲੱਗੇ। ਅਸੀਂ ਹੋਰ ਜ਼ਮੀਨ ਮਾਮਲੇ ‘ਤੇ ਲੈ ਕੇ ਵਾਹੁਣ ਲੱਗੇ, ਫਿਰ ਜੀਟਰ ਟਰੈਕਟਰ ਲੈ ਲਿਆ। ਮੈਂ ਦਸਵੀਂ ਕਰ ਕੇ ਹਟ ਗਿਆ। ਪਾਲ ਵੀ ਅੱਗੇ ਨਾ ਪੜ੍ਹਿਆ। ਇਕ ਵਾਰ ਲੁਧਿਆਣੇ ਉਚੇ ਪੁਲ ਕੋਲ ਫੌਜੀ ਭਰਤੀ ਦੇਖਣ ਚਲੇ ਗਏ। ਮੈਂ ਭਰਤੀ ਹੋ ਗਿਆ ਤੇ ਪਾਲ ਰਹਿ ਗਿਆ। ਮਾਂ ਤੇ ਮਾਸੀ ਕਹਿੰਦੀਆਂ, ਪਾਲ ਨੂੰ ਵੀ ਨਾਲ ਲਿਜਾ, ਨਹੀਂ ਤਾਂ ਤੂੰ ਵੀ ਨਾ ਜਾਈਂ। ਮੈਂ ਪਾਲ ਖਾਤਰ ਭਰਤੀ ਛੱਡ ਦਿੱਤੀ।
ਫਿਰ ਅਸੀਂ ਦੋਵਾਂ ਲੁਧਿਆਣੇ ਪੁਲਿਸ ਦੀ ਭਰਤੀ ਦੇਖੀ। ਮੈਂ ਫਿਰ ਫਿੱਟ, ਤੇ ਪਾਲ ਫਿਰ ਰਹਿ ਗਿਆ। ਉਸ ਲਈ ਫਿਰ ਪੁਲਿਸ ਦੀ ਨੌਕਰੀ ਛੱਡ ਦਿੱਤੀ। ਇਸ ਤੋਂ ਬਾਅਦ ਬਹੁਤ ਭਰਤੀਆਂ ਦੇਖੀਆਂ, ਪਰ ਪਾਲ ਭਰਤੀ ਨਾ ਹੋ ਸਕਿਆ। ਆਖਰ ਦੋਵੇਂ ਖੇਤੀ ਕਰਨ ਲੱਗ ਪਏ। ਮੈਂ ਆਪਣੇ ਟਰੈਕਟਰ ਨਾਲ ਉਨ੍ਹਾਂ ਦੀ ਜ਼ਮੀਨ ਵੀ ਵਾਹ-ਬੀਜ ਦਿੰਦਾ। ਸਮਾਂ ਲੰਘਿਆ, ਦਾਦਾ ਜੀ ਵੀ ਸਜਾ ਕੱਟ ਕੇ ਆ ਗਏ। ਪਿੰਡ ਵਾਲੇ ਕਹਿੰਦੇ, ਸਰਬਸੰਮਤੀ ਨਾਲ ਸਰਪੰਚ ਬਣਾਉਣੈ, ਪਰ ਦਾਦਾ ਜੀ ਕਹਿੰਦੇ, ਭਾਈ ਹੁਣ ਮੈਥੋਂ ਦੁਬਾਰਾ ਚੌਦਾਂ ਸਾਲ ਦੀ ਸਜਾ ਨਹੀਂ ਕੱਟ ਹੋਣੀ। ਦਾਦੇ ਦੀ ਗੱਲ ਸੁਣ ਕੇ ਸਾਰੇ ਹੱਸ ਪਏ। ਉਂਜ, ਉਹ ਅਜੇ ਵੀ ਕਈ ਝਗੜਿਆਂ ਦੀ ਉਲਝੀ ਤਾਣੀ ਸੁਲਝਾ ਦਿੰਦਾ ਸੀ।
ਦਾਦੇ ਦੀਆਂ ਚੰਗਿਆਈਆਂ ਨੂੰ ਫਲ ਲੱਗੇ। ਵੱਡੇ ਭਰਾ ਸੁਰਜੀਤ ਨੂੰ ਕੈਨੇਡਾ ਵਾਲਾ ਰਿਸ਼ਤਾ ਹੋ ਗਿਆ। ਸਾਰੇ ਕਹਿਣ, ‘ਲੈ ਬਈ! ਇਹ ਘਰ ਵੀ ਉਜੜਿਆ ਸਮਝੋ।’
‘ਉਹ ਕਿਵੇਂ ਜੀ?’ ਇਕ ਨੇ ਪੁੱਛਿਆ।
‘ਪਹਿਲਾਂ ਸੁਰਜੀਤ ਕੈਨੇਡਾ ਜਾਊ, ਫਿਰ ਬੇਬੇ ਬਾਪੂ ਮੰਗਾਊ ਤੇ ਸਾਲੀ ਦਾ ਵਿਆਹ ਕੁਲਵੀਰ ਨਾਲ ਕਰ ਦੇਊ, ਤੇ ਸਾਰਾ ਟੱਬਰ ਕੈਨੇਡਾ ਵੜ ਜਾਊ। ਸਾਬਕਾ ਸਰਪੰਚ ਧੁਰ ਦੀ ਟਿਕਟ ਲੈ ਲਊ। ਘਰ ਕਬੂਤਰਾਂ ਦਾ ਆਲ੍ਹਣਾ ਬਣ ਜਾਊ। ਇਸ ਤਰ੍ਹਾਂ ਬਹੁਤਿਆਂ ਪਰਿਵਾਰਾਂ ਨਾਲ ਹੋਈ ਐ।’
ਸੁਰਜੀਤ ਕੈਨੇਡਾ ਚਲਿਆ ਗਿਆ। ਮੈਂ ਸੁਰਜੀਤ ਦੀ ਸਾਲੀ ਨਾਲ ਵਿਆਹ ਕਰਵਾ ਲੈਂਦਾ, ਪਰ ਯਾਰ ਪਾਲ ਖਾਤਰ ਅਸੀਂ ਮਨੀਲਾ ਚਲੇ ਗਏ। ਉਥੇ ਦਾਰੂ ਤੇ ਕੁੜੀਆਂ ਆਮ ਨੇ। ਉਥੋਂ ਦੇ ਲੋਕ ਕੁੜੀ ਜੰਮੀ ‘ਤੇ ਖੁਸ਼ ਹੁੰਦੇ ਨੇ ਤੇ ਮੁੰਡੇ ਜੰਮੇ ਤੋਂ ਮੂੰਹ ਲਟਕਾਉਂਦੇ ਨੇ। ਸ਼ਰਾਬ ਤੇ ਸ਼ਬਾਬ ਨੇ ਪਾਲ ਨੂੰ ਦਬੋਚ ਲਿਆ। ਮੈਂ ਤਿੰਨ ਸਾਲਾਂ ਵਿਚ ਚੰਗੀ ਮਿਹਨਤ ਕਰ ਕੇ ਪੈਸਾ ਕਮਾ ਲਿਆ। ਪਾਲ ਇਕ ਫਿਲਪੀਨੀ ਕੁੜੀ ਛੱਡਦਾ, ਦੂਜੀ ਫੜ ਲੈਂਦਾ। ਹੌਲੀ-ਹੌਲੀ ਸਾਡੇ ਵਿਚਕਾਰ ਦੂਰੀ ਵਧਣ ਲੱਗੀ। ਮੈਂ ਅਮਰੀਕਾ ਤੋਂ ਗਈ ਇਕ ਫਿਲਪੀਨੀ ਕੁੜੀ ਨਾਲ ਯਾਰੀ ਗੰਢ ਲਈ।
ਪਾਲ ਦੇ ਹਾਲਾਤ ਮੈਂ ਨਾਲੋ-ਨਾਲ ਮਾਸੀ ਨੂੰ ਦੱਸਦਾ ਰਿਹਾ ਸੀ। ਪਾਲ ਸੁਧਰਿਆ ਨਾ। ਫਿਰ ਮੈਂ ਉਸ ਨੂੰ ਮਿਲ ਕੇ, ਸਭ ਕੁਝ ਦੱਸ ਕੇ ਅਮਰੀਕਾ ਆ ਗਿਆ। ਸਾਡੀ ਦੋਵਾਂ ਦੀ ਵਿਆਹ ਵਾਲੀ ਉਮਰ ਲੰਘਦੀ ਜਾਂਦੀ ਸੀ। ਮੈਂ ਪੱਕਾ ਹੋ ਗਿਆ ਤੇ ਫਿਲਪੀਨੀ ਕੁੜੀ ਆਪੇ ਛੱਡ ਕੇ ਚਲੀ ਗਈ, ਜਾਂ ਸਮਝੋ ਮੈਨੂੰ ਹੁਣ ਉਸ ਦੀ ਲੋੜ ਨਹੀਂ ਸੀ। ਮੇਰਾ ਪੱਕੇ ਹੋਣ ਦਾ ਮਤਲਬ ਨਿਕਲ ਆਇਆ ਸੀ।
ਮੈਂ ਪਿੰਡ ਗਿਆ, ਰਿਸ਼ਤੇ ਵਾਲਿਆਂ ਨੇ ਦਰ ਨੀਵਾਂ ਕਰ ਦਿੱਤਾ। ਪਾਲ ਵੀ ਮਨੀਲਾ ਤੋਂ ਮੁੜ ਗਿਆ, ਨਾਲ ਹੀ ਸ਼ਰਾਬ ਦੀ ਆਦਤ ਲੈ ਗਿਆ। ਸ਼ਰਾਬੀ ਨੂੰ ਕੌਣ ਧੀ ਦਿੰਦਾ ਹੈ? ਮੈਂ ਕਿਹਾ, ਸ਼ਰਾਬ ਛੱਡ ਕੇ ਵਿਆਹ ਕਰਵਾ ਲੈ, ਕਿਸੇ ਢੰਗ-ਤਰੀਕੇ ਅਮਰੀਕਾ ਸੱਦ ਲਊਂਗਾ, ਪਰ ਉਹ ਮਾਂਹਾਂ ਦੇ ਆਟੇ ਵਾਂਗ ਆਕੜਿਆ ਰਹਿੰਦਾ। ਮੈਂ ਵਧੀਆ ਘਰ ਵਿਆਹ ਕਰਵਾ ਲਿਆ। ਸੁਰਜੀਤ ਕੈਨੇਡਾ ਤੇ ਮੈਂ ਅਮਰੀਕਾ ਸੈੱਟ ਹੋ ਗਿਆ। ਮਾਸੀ ਦੇ ਦੋਵੇਂ ਪੁੱਤ ਉਥੇ ਹੀ ਤੁਰੇ ਫਿਰਦੇ ਸਨ। ਵੱਡਾ ਤਾਂ ਵਿਆਹ ਲਿਆ ਸੀ, ਪਰ ਪਾਲ ਵਾਲੀ ਸ਼ਾਇਦ ਅਜੇ ਦਹੀਂ ਨਾਲ ਟੁੱਕ ਖਾਂਦੀ ਸੀ!
ਜਿਸ ਘਰ ਸ਼ਰਾਬੀ ਹੋਵੇ, ਉਸ ਘਰ ਲੜਾਈ ਬਿਨ ਬੁਲਾਇਆਂ ਆ ਜਾਂਦੀ ਹੈ। ਪਾਲ ਦੇ ਘਰ ਵੀ ਡਾਂਗ-ਸੋਟਾ ਚੱਲਣ ਲੱਗਾ। ਉਸ ਦਾ ਵੱਡਾ ਭਰਾ ਆਪਣੀ ਤੀਵੀਂ ਲੈ ਕੇ ਅੱਡ ਹੋ ਗਿਆ। ਮੈਂ ਫਿਰ ਸਾਲ ਛਿਮਾਹੀ ਮਾਸੀ ਨੂੰ ਪੈਸੇ ਭੇਜ ਦਿੰਦਾ। ਪਾਲ ਜਿਸ ਤੋਂ ਪੈਸੇ ਉਧਾਰੇ ਫੜ ਲੈਂਦਾ, ਮੋੜਨ ਵੇਲੇ ਲੜ ਪੈਂਦਾ। ਮਾਸੀ ਉਸ ਨੂੰ ਕਈ ਭੂਤਾਂ-ਪਰੇਤਾਂ ਵਾਲਿਆਂ ਕੋਲ ਲੈ ਕੇ ਗਈ, ਪਰ ਗੱਲ ਨਾ ਬਣੀ। ਸਾਧਾਂ ਦੇ ਡੇਰੇ ਤੇ ਗੁਰਦੁਆਰੇ ਲੈ ਕੇ ਗਈ, ਪਰ ਸ਼ਰਾਬ ਨਾ ਛੱਡ ਹੋਈ। ਮਾਸੀ ਨਾਲ ਮਾਂ ਵੀ ਚਿੰਤਾ ਵਿਚ ਡੁੱਬੀ ਰਹਿੰਦੀ।
ਸੁਰਜੀਤ ਨੇ ਮਾਂ ਬਾਪ ਦੇ ਪੇਪਰ ਭਰੇ, ਪਰ ਉਹ ਕੈਨੇਡਾ ਨਾ ਗਏ। ਮੇਰੀ ਘਰ ਵਾਲੀ ਵੀ ਇਥੇ ਆ ਗਈ। ਫਿਰ ਮੈਂ ਕੋਈ ਏਜੰਟ ਲੱਭ ਕੇ ਤਿੰਨ ਲੱਖ ਰੁਪਏ ਦਿੱਤੇ ਤੇ ਪਾਲ ਨੂੰ ਇੰਗਲੈਂਡ ਭੇਜ ਦਿੱਤਾ। ਮਾਸੀ ਖੁਸ਼ ਹੋ ਗਈ, ਮੈਨੂੰ ਵੀ ਤਸੱਲੀ ਹੋ ਗਈ। ਪਾਲ ਛੇ ਮਹੀਨੇ ਤਾਂ ਵਧੀਆ ਰਿਹਾ, ਫਿਰ ਬਦਮਾਸ਼ੀ ਕਰਨ ਲੱਗ ਪਿਆ। ਕੰਮ ‘ਤੇ ਕਿਸੇ ਨਾਲ ਲੜ ਪਿਆ ਤੇ ਉਸ ਦੇ ਰਾਡ ਮਾਰੀ। ਪੁਲਿਸ ਨੇ ਫੜ ਕੇ ਇਮੀਗ੍ਰੇਸ਼ਨ ਵਾਲਿਆਂ ਨੂੰ ਦੇ ਦਿੱਤਾ, ਉਨ੍ਹਾਂ ਸਿੱਧਾ ਇੰਡੀਆ ਚਾੜ੍ਹ ਦਿੱਤਾ। ਕੁਲਵੀਰ ਸਿਹੁੰ ਦਾ ਤਿੰਨ ਲੱਖ ਸਮਝੋ ਖੂਹ ਵਿਚ ਗਿਆ। ਮਾਸੀ ਨੇ ਤਾਂ ਅੱਕ ਕੇ ਆਖਰ ਕਹਿ ਦਿੱਤਾ, ‘ਪਾਲ, ਮੈਂ ਤਾਂ ਕਹਿਨੀ ਆਂ ਤੇਰਾ ਮਰੇ ਦਾ ਸੁਨੇਹਾ ਆਵੇ।’ ਇਹ ਗੱਲ ਸ਼ਾਇਦ ਪਾਲ ਦੇ ਦਿਲ ਨੂੰ ਲੱਗ ਗਈ। ਉਹ ਸੁਧਰਨ ਦੀ ਸਹੁੰ ਖਾ ਗਿਆ। ਮਾਸੀ ਨੇ ਮੈਨੂੰ ਫੋਨ ਕੀਤਾ ਕਿ ਪਾਲ ਨੂੰ ਦੋ ਮੱਝਾਂ ਲੈ ਦੇ, ਦੁੱਧ ਤੋਂ ਗੁਜ਼ਾਰਾ ਚੱਲੀ ਜਾਵੇਗਾ। ਮੈਂ ਘਰ ਵਾਲੀ ਤੋਂ ਚੋਰੀ ਲੱਖ ਰੁਪਿਆ ਭੇਜ ਦਿੱਤਾ। ਉਨ੍ਹਾਂ ਦੋ ਮੱਝਾਂ ਲੈ ਲਈਆਂ। ਜਿੰਨਾ ਚਿਰ ਮੱਝਾਂ ਨੇ ਦੁੱਧ ਦਿੱਤਾ, ਪਾਲ ਪੱਠੇ ਪਾਉਂਦਾ ਰਿਹਾ। ਜਦੋਂ ਮੱਝਾਂ ਤੋਕੜ ਹੋ ਗਈਆਂ ਤਾਂ ਡਾਂਗ ਨਾਲ ਕੁੱਟਣ ਲੱਗ ਪਿਆ। ਹਾਰ ਕੇ ਮਾਸੀ ਨੇ ਮੱਝਾਂ ਵੇਚ ਦਿੱਤੀਆਂ। ਪਾਲ ਦੀਆਂ ਕਰਤੂਤਾਂ ਨੇ ਮਾਸੀ ਨੂੰ ਸ਼ੂਗਰ ਦਾ ਮਰੀਜ਼ ਬਣਾ ਦਿੱਤਾ ਜਿਹੜੀ ਖੁਰਦੀ-ਖੁਰਦੀ ਆਖਰ ਮੁੱਕ ਗਈ। ਮਾਸੀ ਤੋਂ ਬਾਅਦ ਮਾਸੜ ਕਦੇ ਸਾਡੇ ਘਰ ਰੋਟੀ ਖਾ ਲੈਂਦਾ ਤੇ ਕਦੇ ਗੁਰਦੁਆਰੇ ਡੰਗ ਟਪਾ ਲੈਂਦਾ। ਮਾੜੀ ਔਲਾਦ ਨੇ ਸ਼ਰੀਂਹ ਵਰਗਾ ਬੰਦਾ ਕੁੱਬਾ ਕਰ ਦਿੱਤਾ ਸੀ। ਮੈਂ ਤੇ ਸੁਰਜੀਤ, ਮਾਸੜ ਨੂੰ ਪੈਸੇ ਭੇਜ ਦਿੰਦੇ ਸੀ।
ਜਦੋਂ ਮੇਰਾ ਦਾਦਾ ਸਵਰਗਵਾਸ ਹੋਇਆ, ਮੈਂ ਪਰਿਵਾਰ ਸਮੇਤ ਪਿੰਡ ਗਿਆ। ਲੋਕਾਂ ਨੇ ਦਾਦੇ ਦੀਆਂ ਗੱਲਾਂ ਘੱਟ, ਪਾਲ ਦੀ ਕਮੀਨਗੀ ਦੀਆਂ ਬਹੁਤੀਆਂ ਸੁਣਾਈਆਂ। ਉਹ ਹੁਣ ਨਿੱਕੀਆਂ-ਮੋਟੀਆਂ ਚੋਰੀਆਂ ਵੀ ਕਰਨ ਲੱਗ ਪਿਆ ਸੀ। ਮੈਂ ਕੋਲ ਬਿਠਾ ਕੇ ਬੜਾ ਸਮਝਾਇਆ, ਉਹ ਸੁਧਰਨ ਲਈ ਮੰਨ ਵੀ ਗਿਆ। ਮੈਂ ਵਾਅਦਾ ਕੀਤਾ ਕਿ ਕੋਈ ਕੰਮ-ਕਾਜ ਤੋਰ ਕੇ ਦੇਊਂਗਾ। ਮੈਂ ਪਿੰਡੋਂ ਵਾਪਸ ਆ ਗਿਆ। ਪਾਲ ਪਹਿਲਾਂ ਨਾਲੋਂ ਕੁਝ ਸੁਧਰ ਗਿਆ ਸੀ। ਮੈਂ ਫਿਰ ਘਰ ਵਾਲੀ ਨਾਲ ਸਲਾਹ ਕਰ ਕੇ ਪਾਲ ਨੂੰ ਚੱਲਦੀ ਟਾਟਾ ਸੂਮੋ ਲੈ ਦਿੱਤੀ। ਉਹ ਦਿੱਲੀ ਨੂੰ ਸਵਾਰੀਆਂ ਲਿਜਾਣ ਲੱਗ ਗਿਆ। ਅਕਸਰ ਮੈਨੂੰ ਫੋਨ ਕਰ ਕੇ ਸੌ ਦੋ ਸੌ ਡਾਲਰ ਭੇਜਣ ਲਈ ਕਹਿੰਦਾ, ਮੈਂ ਭੇਜਦਾ ਰਿਹਾ। ਆਪ ਮੈਂ ਟਰੱਕ ‘ਤੇ ਹੁੰਦਾ, ਤਾਂ ਸੈਂਡਵਿਚ ਵੀ ਉਥੇ ਖਾਂਦਾ ਜਿਥੇ ਸਸਤਾ ਹੁੰਦਾ, ਪਰ ਪਾਲ ਨਿੱਤ ਅੰਗਰੇਜ਼ੀ ਪੀ ਕੇ ਰੋਟੀ ਖਾਂਦਾ। ਪੀ ਕੇ ਫੋਨ ਕਰਦਾ ਤੇ ਕਹਿੰਦਾ, ‘ਮਸੇਰਾ ਤੂੰ ਮੇਰਾ ਕੁਝ ਨਹੀਂ ਕੀਤਾ, ਤੇ ਆਪ ਅਮਰੀਕਾ ਜਾ ਬੈਠਾ।’ ਨਾਲ ਚਾਰ ਗਾਲ੍ਹਾਂ ਕੱਢ ਦਿੰਦਾ। ਮੈਨੂੰ ਅੱਜ ਤੱਕ ਸਮਝ ਨਹੀਂ ਆਈ ਕਿ ਮੈਂ ਕਿਸ ਵੇਲੇ ਉਸ ਤੋਂ ਪਾਸਾ ਵੱਟਿਆ ਹੈ। ਹੁਣ ਮੇਰੇ ਬੱਚੇ ਵੀ ਜਵਾਨ ਹੋਣ ਲੱਗ ਗਏ ਸਨ। ਘਰ ਵਾਲੀ ਕਹਿੰਦੀ, ਪਿੰਡ ਦਾ ਖਿਆਲ ਛੱਡੋ, ਬੱਚਿਆਂ ਦਾ ਖਿਆਲ ਕਰੋ।
ਦਾਦੇ ਤੋਂ ਬਾਅਦ ਦਾਦੀ ਵੀ ਚਲੀ ਗਈ। ਹੁਣ ਮਾਂ-ਬਾਪ ਇਕੱਲੇ ਪਿੰਡ ਰਹਿ ਗਏ। ਬਾਪ ਕਹਿੰਦਾ, ਮੈਂ ਆਪਣੇ ਪਿਉ ਦਾ ਬੂਹਾ ਬੰਦ ਕਰ ਕੇ ਕੈਨੇਡਾ ਅਮਰੀਕਾ ਨਹੀਂ ਜਾਣਾ। ਸਾਡੀ ਜ਼ਮੀਨ ਪਾਲ ਦਾ ਭਰਾ ਮਾਮਲੇ ‘ਤੇ ਵਾਹੁਣ ਲੱਗ ਪਿਆ। ਥੋੜ੍ਹਾ ਸਮਾਂ ਲੰਘਿਆ, ਪਾਲ ਨੇ ਟਾਟਾ ਸੂਮੋ ਦਾ ਐਕਸੀਡੈਂਟ ਕਰ ਲਿਆ। ਪੈਸੇ ਭੇਜ ਕੇ ਠੀਕ ਕਰਵਾ ਕੇ ਦਿੱਤੀ। ਮਾਸੜ ਵਿਚਾਰਾ ਵੀ ਪਾਲ ਦੇ ਦੁੱਖਾਂ ਨਾਲ ਤੜਫਦਾ ਜਹਾਨੋਂ ਤੁਰ ਗਿਆ, ਪਰ ਪਾਲ ਨੂੰ ਕੋਈ ਫਰਕ ਨਾ ਪਿਆ। ਪਾਲ ਦੇ ਵੱਡੇ ਭਰਾ ਨੇ ਆਪਣੀ ਧੀ ਨੂੰ ਆਈਲੈੱਟਸ ਕਰਵਾ ਕੇ ਚੰਗੇ ਘਰ ਵਿਆਹ ਦਿੱਤਾ ਜੋ ਆਪਣੇ ਪਤੀ ਸਮੇਤ ਆਸਟਰੇਲੀਆ ਪੁੱਜ ਗਈ।
ਐਤਕੀਂ ਮੈਂ ਆਪਣੀ ਧੀ ਦਾ ਵਿਆਹ ਕਰਨ ਪਿੰਡ ਗਿਆ। ਪਾਲ ਨੂੰ ਬਚਪਨ ਵਾਂਗ ਨਾਲ ਰੱਖਣਾ ਚਾਹਿਆ ਤੇ ਹਰ ਗੱਲ ਵਿਚ ਰਾਇ ਲੈਣੀ ਚਾਹੀ, ਪਰ ਉਹ ਗੁੱਸੇ ਹੀ ਰਿਹਾ। ਪਤਾ ਨਹੀਂ ਮੈਂ ਕੀ ਉਸ ਦਾ ਬੁਰਾ ਕੀਤਾ ਸੀ! ਮੈਂ ਆਪਣੀ ਜ਼ਿੰਦਗੀ ਦੀ ਫਿਲਮ ਅੱਖਾਂ ਅੱਗੇ ਘੁਮਾਈ, ਮੈਨੂੰ ਇਕ ਦਿਨ ਵੀ ਅਜਿਹਾ ਨਾ ਦਿਸਿਆ ਜਦੋਂ ਪਾਲ ਤੋਂ ਪਾਸਾ ਵੱਟਿਆ ਹੋਵੇ। ਉਹ ਮੈਨੂੰ ਹਮੇਸ਼ਾ ਕਹਿੰਦਾ ਰਿਹਾ, ‘ਤੂੰ ਪੈਸੇ ਦਾ ਪੁੱਤ ਐਂ, ਤੂੰ ਮੇਰਾ ਕੁਝ ਨਹੀਂ ਸੰਵਾਰਿਆ।’ ਪਿੰਡੋਂ ਤੁਰਨ ਲੱਗਿਆ ਤਾਂ ਪਾਲ ਬੋਲਿਆ, ‘ਕੁਲਵੀਰਿਆ, ਅੱਜ ਤੋਂ ਤੂੰ ਪਾਲ ਲਈ ਮਰ ਗਿਆ ਤੇ ਪਾਲ ਤੇਰੇ ਲਈ ਮਰਿਆ ਸਮਝੀਂ।’ ਪਾਲ ਦੀ ਕਹੀ ਗੱਲ ਮੈਨੂੰ ਅੱਜ ਵੀ ਤੀਰ ਵਾਂਗ ਵੱਜਦੀ ਹੈ। ਮੈਂ ਇਹੀ ਪੁੱਛਦਾਂ ਕਿ ਮੇਰਾ ਕਸੂਰ ਕੀ ਹੈ?” ਇਹ ਕਹਿੰਦਾ ਹੋਇਆ ਉਹ ਫੋਨ ਕੱਟ ਗਿਆ ਸੀ।