ਐਡੀਟਰ ਜੀ,
ਗੁਰਦਿਆਲ ਬੱਲ, ਮੈਨੂੰ 1966 ਦੀਆਂ ਗਰਮੀਆਂ ਵਿਚ ਮਿਲਿਆ ਸੀ। ਉਦੋਂ, ਇਹ ਸਿੱਖ ਨੈਸ਼ਨਲ ਕਾਲਜ, ਸਠਿਆਲਾ ਵਿਚ ਪੜ੍ਹਦਾ ਹੁੰਦਾ ਸੀ ਤੇ ਮੈਨੂੰ ਮਿਲਣ ਮਗਰੋਂ, ਕਾਲਜ ਅੰਦਰ ਸਾਡੇ ਅੰਮ੍ਰਿਤਸਰ ਜਿਲਾ ਪ੍ਰਧਾਨ ਸੁਰਿੰਦਰ ਸਿੰਘ ਚਾਹਿਲ ਦੀ ਅਗਵਾਈ ਹੇਠ ਕੁਲਬੀਰ ਹੁੰਦਲ, ਕਰਨੈਲ ਰੰਧਾਵਾ ਅਤੇ ਗੁਰਦੇਵ ਸਿੰਘ ਬੱਲ ਵਰਗੇ ਸਾਥੀ ਵਿਦਿਆਰਥੀਆਂ ਨਾਲ ਮਿਲ ਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਮੁੱਢਲੇ ਦੌਰ ਵਿਚ ਡੱਟ ਕੇ ਕੰਮ ਕੀਤਾ ਅਤੇ 1968 ਦੇ ਵਿਦਿਆਰਥੀ ਅੰਦੋਲਨ ਨੂੰ ਕਾਮਯਾਬ ਕਰਨ ਵਿਚ ਹਿੱਸਾ ਪਾਇਆ।
56 ਸਾਲ ਗੁਜ਼ਰ ਜਾਣ ਪਿਛੋਂ ਵੀ ਮੇਰੇ ਨਾਲ ਗੁਰਦਿਆਲ ਦਾ ਰਿਸ਼ਤਾ ਉਵੇਂ ਹੀ ਨਵਾਂ ਨਕੋਰ ਹੈ ਜਿਵੇਂ 1966 ਵਿਚ ਸੀ, ਤੇ ਇਹ ਮੇਰਾ ਬਹੁਤ ਅਜ਼ੀਜ਼ ਮਿੱਤਰ ਹੈ।
ਪਿਛਲੇ ਦਿਨੀਂ ਮੈਂ Ḕਪੰਜਾਬ ਟਾਈਮਜ਼Ḕ ਵਿਚ ਲੜੀਵਾਰ ਛਪਿਆ ਗੁਰਦਿਅਲ ਬੱਲ ਦਾ ਲੇਖ Ḕਗੁਰਮੀਤ ਸਿੰਘ ਪਿੰਕੀ ਦੀਆਂ ਚਿੰਘਾੜਾਂ ਤੇ ਪੰਜਾਬ ਸਿਆਸਤ ਦੀਆਂ ਸਿਮਰਤੀਆਂḔ ਪੜ੍ਹਿਆ ਤੇ ਮੈਨੂੰ ਇਹ ਲੇਖ ਪੰਜਾਬੀ ਪੱਤਰਕਾਰੀ ਦਾ ਸਿਖਰ ਜਾਪਦਾ ਹੈ। ਗੁਰਦਿਆਲ ਨੇ ਪੂਰੀ ਵਫਾਦਾਰੀ, ਇਮਾਨਦਾਰੀ ਤੇ ਪੂਰੀ ਜੁæਰਅਤ ਨਾਲ ਇਸ ਇਤਿਹਾਸਕ ਦੌਰ ਅੰਦਰ ਕਾਂਗਰਸ ਅਤੇ ਅਕਾਲੀ ਪਾਰਟੀਆਂ ਦੀ ਬੇਅਸੂਲੀ Ḕਪਾਵਰ ਪਾਲਿਟਿਕਸḔ ਅਤੇ ਉਸ ਦੇ ਖੌਫਨਾਕ ਨਤੀਜਿਆਂ ਨੂੰ ਲੋਕ ਕਚਹਿਰੀ ਵਿਚ ਪੇਸ਼ ਕੀਤਾ ਹੈ। ਗੁਰਦਿਆਲ ਜਦੋਂ ਆਪਣੀ ਭਾਵੁਕਤਾ ਤੇ ਜੋਰਦਾਰ ਭਾਸ਼ਾ ਵਿਚ ਦਸਦਾ ਹੈ ਕਿ ਗਲਤ ਰਾਜਨੀਤਕ ਪੈਂਤੜਿਆਂ ਕਾਰਨ Ḕਹਿੰਸਾ-ਪ੍ਰਤੀ ਹਿੰਸਾḔ ਦੀ ਲਪੇਟ ਵਿਚ ਪੰਜਾਬ ਦੇ ਉਸ ਸਰਾਪੇ ਦੌਰ ਦੌਰਾਨ ਜਦੋਂ ਪੁਲਿਸ ਖਾੜਕੂ ਮੁੰਡਿਆਂ ਨੂੰ ਅਤੇ ਮੁੰਡੇ ਸਧਾਰਨ ਸ਼ੱਕ ਦੀ ਬਿਨਾ ਉਤੇ ਸਧਾਰਨ ਲੋਕਾਂ ਜਾਂ ਡਾæ ਰਵੀ ਵਰਗੇ ਵਿਦਵਾਨਾਂ ਨੂੰ ਮਾਰ ਰਹੇ ਸਨ ਤਾਂ ਕਿਵੇਂ ਸਰਕਾਰਾਂ ਇਸ ਖੂਨੀ ਖੇਡ ਨੂੰ ਮੀਸਣੀ ਚੁੱਪ ਧਾਰ ਕੇ ਵੇਖਦੀਆਂ ਰਹੀਆਂ, ਉਨ੍ਹਾਂ ਦੇ ਪਿੰਡੇ ‘ਤੇ ਜੂੰ ਨਾ ਸਰਕੀ। ਜਿਨ੍ਹਾਂ ਲੋਕਾਂ ਨੇ ਹਾਅ ਦਾ ਨਾਹਰਾ ਮਾਰਿਆ, ਪੁਲਿਸ ਦੇ ਜਬਰ ਨੇ ਉਨ੍ਹਾਂ ਦਾ ਖੁਰਾ ਖੋਜ ਹੀ ਮਿਟਾ ਦਿਤਾ।
ਘਟਨਾਵਾਂ ਨੂੰ ਬਿਆਨ ਕਰਨ ਦੀ ਗੁਰਦਿਆਲ ਦੀ ਆਪਣੀ ਵਖਰੀ ਹੀ ਸ਼ੈਲੀ ਹੈ, ਜਿਵੇਂ ਕਿ ਪੰਜਾਬ ਦੇ ਦੁਖਾਂਤ ਨੂੰ ਸਪਸ਼ਟ ਕਰਨ ਲਈ, ਇਹ ਸ੍ਰੀ ਲੰਕਾ ਦੇ ਦੁਖਾਂਤ ਦਾ ਜ਼ਿਕਰ ਕਰਦਾ ਹੈ ਤੇ ਇਸੇ ਤਰ੍ਹਾਂ ਪੇਰੂ ਵਿਚ ਅਬੀਮੀਲ ਗੁਜ਼ਮੈਨ ਦੀ ਅਗਵਾਈ ਵਿਚ ਚੱਲੇ ਗੁਰੀਲਾ ਯੁਧ ਦਾ ਜ਼ਿਕਰ ਕਰਦਾ ਹੈ ਜਿਸ ਵਿਚ 70-80 ਹਜ਼ਾਰ ਨੌਜੁਆਨ ਮੁੰਡੇ-ਕੁੜੀਆਂ ਦੇ ਲਹੂ ਨਾਲ ਪੇਰੂ ਦੀ ਧਰਤੀ ਰੰਗੀ ਗਈ। ਗੁਰਦਿਆਲ ਇਸ ਦੁਖਾਂਤ ਨੂੰ ਇਸ ਤਰ੍ਹਾਂ ਬਿਆਨ ਕਰਦਾ ਹੈ ਕਿ ਆਦਮੀ ਦੀ ਰੂਹ ਕੰਬ ਉਠਦੀ ਹੈ। ਪੰਜਾਬ ਸਰਕਾਰ ਨੇ ਹਿੰਸਾ ਵਿਰੁਧ ਹਿੰਸਾ ਦੇ ਅਸੂਲ ਨੂੰ ਅਪਨਾਇਆ ਅਤੇ ਪੁਲਿਸ ਨੇ ਨਕਸਲਬਾੜੀ ਲਹਿਰ ਤੇ ਸਿੱਖ ਖਾੜਕੂ ਲਹਿਰ ਵੇਲੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਨੌਜੁਆਨਾਂ ਦਾ ਘਾਣ ਕੀਤਾ।
ਗੁਰਦਿਆਲ ਦੀਆਂ ḔਸਿਮਰਤੀਆਂḔ ਪੜ੍ਹਦਿਆਂ ਮੇਰੀਆਂ ਆਪਣੀਆਂ ਸਿਮਰਤੀਆਂ ਵਿਚ ਅਗਸਤ 1971 ਦੇ ਉਹ ਵੇਲੇ ਉਭਰ ਆ ਗਏ ਹਨ ਜਦੋਂ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸਿਧਾਰਥ ਸ਼ੰਕਰ ਰੇਅ ਨੇ ਕਲਕੱਤਾ ਸ਼ਹਿਰ ਦੇ ਕੋਸੀਪੋਰ-ਬਾਰਾਨਗਰ ਏਰੀਏ ਵਿਚ ਹਥਿਆਰਬੰਦ ਗੁੰਡਿਆਂ ਨੂੰ 24 ਘੰਟੇ ਖੁਲ੍ਹੀ ਛੁੱਟੀ ਦੇ ਕੇ, ਇੱਕੇ ਦਿਨ ਸੈਂਕੜੇ ਨਕਸਲੀ ਕਾਰਕੁਨਾਂ ਨੂੰ ਘਰਾਂ ਵਿਚੋਂ ਚੁੱਕ ਕੇ ਕਤਲ ਕਰਵਾ ਦਿੱਤਾ ਸੀ। ਗੁਰਦਿਆਲ ਨੇ ਹਥਿਆਰਬੰਦ ਅੰਦੋਲਨਾਂ ਦੀਆਂ ਘਾਟਾਂ ‘ਤੇ ਵੀ ਪੂਰੀ ਬੇਬਾਕੀ ਨਾਲ ਉਂਗਲ ਧਰੀ ਹੈ ਯਾਨਿ ਜਦੋਂ ਅਜਿਹੇ ਅੰਦੋਲਨਾਂ ਵਿਚ ਸਭ ਹੱਦਾਂ ਟੱਪਦਿਆਂ ਹਿੰਸਾ ਬੇਮੁਹਾਰ ਹੋ ਜਾਵੇ ਤਾਂ ਕਿਸ ਕਿਸਮ ਦੀਆਂ ਤ੍ਰਾਸਦੀਆਂ ਵਾਪਰਦੀਆਂ ਹਨ। ਲੇਖ ਵਿਚ ਕਈ ਇਖ਼ਲਾਕੀ ਨੁਕਤੇ ਵੀ ਉਠਾਏ ਗਏ ਹਨ ਜੋ ਵਿਚਾਰਨਯੋਗ ਹਨ।
ਇਸ ਲੇਖ ਰਾਹੀਂ ਉਸ ਕਾਲੇ ਦੌਰ ਦੀ ਇਤਿਹਾਸਕ ਸੱਚਾਈ ਨੂੰ ਲੋਕ ਕਚਹਿਰੀ ਵਿਚ ਪੇਸ਼ ਕਰ ਕੇ ਉਹ ਪੰਜਾਬ ਸਰਕਾਰ ਨੂੰ ਵੰਗਾਰਦਾ ਹੈ ਕਿ ਇਸ ਦੌਰ ਵਿਚ ਪੁਲਿਸ ਅੱਤਿਆਚਾਰ ਦੀ ਜੁਡੀਸ਼ੀਅਲ ਪੜਤਾਲ ਹੋਣੀ ਚਾਹੀਦੀ ਹੈ। ਇਸ ਸੱਚ ਨੂੰ ਲੋਕ ਕਚਹਿਰੀ ਵਿਚ ਪੇਸ਼ ਕਰਨ ਲਈ ਮੈਂ ਜ਼ਾਤੀ ਤੌਰ ‘ਤੇ ਗੁਰਦਿਆਲ ਨੂੰ ਮੁਬਾਰਕਬਾਦ ਦਿੰਦਾ ਹਾਂ।
-ਦਰਸ਼ਨ ਸਿੰਘ ਖਹਿਰਾ, ਐਡਮੰਟਨ
ਫੋਨ: 1-780-450-3834