ਪਿਛਲੇ ਦਿਨੀਂ ‘ਪੰਜਾਬ ਟਾਈਮਜ਼’ ਵਿਚ ਛਪੇ ਲੰਮੇ ਲੇਖ ਵਿਚ ਗੁਰਦਿਆਲ ਬੱਲ ਨੇ ਪੰਜਾਬ ਵਿਚ ਹਿੰਸਾ ਦੇ ਝੱਖੜ ਦਾ ਜੋ ਵਰਣਨ ਕੀਤਾ ਹੈ, ਉਸ ਨਾਲ ਬਹੁਤ ਸਾਰੇ ਨਵੇਂ ਤੱਥ ਸਾਹਮਣੇ ਆਏ ਹਨ। ਜਿਸ ਨੀਝ ਨਾਲ ਬੱਲ ਨੇ ਇਸ ਸਭ ਕੁਝ ਦਾ ਲੇਖਾ-ਜੋਖਾ ਸਾਡੇ ਸਾਹਮਣੇ ਰੱਖਿਆ, ਇਸ ਨਾਲ ਮਹਾਂਭਾਰਤ ਤੋਂ ਸ੍ਰੀ ਲੰਕਾ, ਪੇਰੂ ਵਰਗੇ ਦੇਸ਼ਾਂ ਅਤੇ ਦੁਨੀਆਂ ਦੇ ਹੋਰ ਹਿੱਸਿਆਂ ਵਿਚ ਵੀ ਮਨੁੱਖ ਵੱਲੋਂ ਆਪਣੇ ਵਿਰੋਧੀ ਵਿਚਾਰ ਰੱਖਣ ਵਾਲੇ ਮਨੁੱਖ ਨੂੰ ਤਹਿਸ-ਨਹਿਸ ਕਰਨ ਦੇ ਘਿਨੌਣੇ ਦ੍ਰਿਸ਼ਾਂ ਦੇ ਵਰਣਨ ਰਾਹੀਂ ਪੰਜਾਬ ਵਿਚਲੀ ਹਿੰਸਾ ਦਾ ਵਿਸ਼ਵ ਦੇ ਸੰਦਰਭ ਵਿਚ ਲੇਖਾ-ਜੋਖਾ ਹੋਇਆ ਹੈ।
ਨਿਰੰਕਾਰੀ ਕਾਂਡ ਦੀ ਅਸਲ ਕਹਾਣੀ ਕੀ ਸੀ, ਉਥੇ ਉਦੋਂ ਕੀ ਹੋਇਆ ਤੇ ਕਿਉਂ ਹੋਇਆ? ਕਿਸੇ ਨੂੰ ਅੱਜ ਤੱਕ ਪਤਾ ਨਹੀਂ ਹੈ। ਇਸੇ ਤਰ੍ਹਾਂ ਹੀ ਡੀæ ਐਸ਼ ਪੀæ ਗਿਆਨੀ ਬਚਨ ਸਿੰਘ ਦੇ ‘ਅਸਲ ਕਸੂਰ’ ਤੋਂ ਵੀ ਕੋਈ ਜਾਣੂ ਨਹੀਂ ਹੈ। ਬੱਲ ਨੇ ਇਹ ਗੱਲਾਂ ਦੱਸ ਕੇ ਬੜਾ ਚੰਗਾ ਕੰਮ ਕੀਤਾ ਹੈ। ਇਸੇ ਤਰ੍ਹਾਂ 47 ਦੀ ਵੰਡ ਬਾਰੇ ਇਸ਼ਤਿਆਕ ਅਹਿਮਦ ਦੀ ਖੋਜ ਪੁਸਤਕ ਦੇ ਹਵਾਲੇ ਨੇ ਨਵੀਂ ਰੌਸ਼ਨੀ ਪਾਈ ਹੈ।
ਪੰਜਾਬ ਵਿਚਲੀਆਂ ਲਹਿਰਾਂ ਪਿੱਛੇ ਸਰਗਰਮ ਮਿੱਥਾਂ ਅਤੇ ਯਥਾਰਥ ਦਾ ਸਾਰਾ ਵਰਤਾਰਾ ਸਾਹਮਣੇ ਆ ਜਾਂਦਾ ਹੈ। ਜਿਸ ਯਥਾਰਥ ਵੱਲ ਬੱਲ ਦਾ ਇਸ਼ਾਰਾ ਹੈ, ਉਹ ਇਹ ਹੈ ਕਿ ਦੁਨੀਆਂ ਵਿਚ ਤਬਦੀਲੀ ਲਿਆਉਣ ਦੀ ਲੋੜ ਹੈ। ਪ੍ਰੰਤੂ ਇਹ ਕੰਮ ਕਾਹਲੀ ਜਾਂ ਤੱਤ-ਭੜੱਥੀ ਹਿੰਸਾ ਨਾਲ ਸਿਰੇ ਨਹੀਂ ਚੜ੍ਹ ਸਕਦਾ।
ਬੱਲ ਦਾ ਲੇਖ ਹਿੰਸਾ ਦੇ ਵਰਤਾਰੇ ਨੂੰ ਸਾਡੇ ਸਾਹਮਣੇ ਰੱਖਣ ਲਈ ਬਹੁਤ ਸਾਰੇ ਪ੍ਰਮਾਣ ਦੇ ਕੇ ਇਹੋ ਇਸ਼ਾਰਾ ਦੇਣ ਦਾ ਯਤਨ ਹੈ ਕਿ ਮਨੁੱਖੀ ਸਮੱਸਿਆਵਾਂ ਦੇ ਹੱਲ ਲਈ ਇਮਾਨਦਾਰੀ ਨਾਲ ਸੋਚ ਵਿਚਾਰ ਤੋਂ ਬਿਨਾਂ ਕੋਈ ਹੱਲ ਨਹੀਂ ਹੋ ਸਕਦਾ। ਲੋਕਾਂ ਉਪਰ ਰਾਜ ਕਰਨ ਲਈ ਉਨ੍ਹਾਂ ਦੇ ਮਨ ਜਿੱਤਣ ਦੀ ਲੋੜ ਹੈ ਨਾ ਕਿ ਸਰਕਾਰੀ ਦਹਿਸ਼ਤ ਫੈਲਾਉਣ ਦੀ।
ਇਹ ਲੇਖ ਪੜ੍ਹ ਕੇ ਇਸੇ ਸਿੱਟੇ ‘ਤੇ ਪਹੁੰਚਦੇ ਹਾਂ ਕਿ ਮਨੁੱਖ ਨੂੰ ਸਵਾਰਥ ਛੱਡ ਕੇ ਇੱਕ ਚੰਗਾ ਮਨੁੱਖ ਬਣ ਕੇ ਮਨੁੱਖੀ ਕਦਰਾਂ-ਕੀਮਤਾਂ ਅਪਨਾ ਕੇ, ਆਪਣੇ ਵਿਰੋਧੀਆਂ ਨਾਲ ਬੈਠ ਕੇ ਗੱਲ ਕਰਦਿਆਂ ਮੱਨੁਖੀ ਹਮਦਰਦੀ ਦੀ ਤੰਦ ਨਹੀਂ ਛੱਡਣੀ ਚਾਹੀਦੀ ਕਿਉਂਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਤੁਸੀਂ ਆਪਣੇ ਵਿਰੋਧੀਆਂ ਨੂੰ ਮਾਰ ਕੇ ਮੁਕਾ ਨਹੀਂ ਸਕਦੇ। ਸਿਰਫ ਤੇ ਸਿਰਫ ਵਿਚਾਰਾਂ ਨਾਲ ਤਬਦੀਲੀ ਤੇ ਇਨਕਲਾਬ ਦੀ ਆਸ ਕਰਨੀ ਚਾਹੀਦੀ ਹੈ। ਜਿੱਥੇ ਇਹ ਗੱਲ ਪਾਠਕਾਂ ਦੇ ਧਿਆਨ-ਗੋਚਰੇ ਲਿਆਉਣ ਵਿਚ ਬੱਲ ਕਾਮਯਾਬ ਰਿਹਾ ਹੈ, ਉਥੇ ਬਹੁਤ ਸਾਰੀਆਂ ਅਣਫੋਲੀਆਂ ਪਰਤਾਂ ਦਾ ਇਤਿਹਾਸ ਪੜ੍ਹਨ ਦੀ ਚਿੰਗਾੜੀ ਵੀ ਪਾਠਕਾਂ ਅੰਦਰ ਜਗਾ ਗਿਆ ਹੈ।
-ਸਤਨਾਮ ਢਾਅ ਕੈਲਗਰੀ
ਫੋਨ: 1-403-285-6091