ਹਾਸਿਆਂ ਦਾ ਖੱਟਾ-ਮਿੱਠਾ ‘ਅੰਗੂਰ’

ਕੁਲਦੀਪ ਕੌਰ
ਭਾਰਤੀ ਸਿਨੇਮਾ ਵਿਚ ਕਾਮੇਡੀ ਫਿਲਮਾਂ ਦੀ ਗਿਣਤੀ ਉਂਗਲਾਂ ‘ਤੇ ਗਿਣਨ ਜੋਗੀ ਹੈ। ‘ਜਾਨੇ ਭੀ ਦੋ ਯਾਰੋ’ ਨੇ ਕਾਮੇਡੀ ਦੇ ਨਵੇਂ ਮਿਆਰ ਤੈਅ ਕੀਤੇ। ਇਸ ਫਿਲਮ ਨੇ ਸਾਬਿਤ ਕਰ ਦਿੱਤਾ ਕਿ ਹਾਸਰਸ ਵੀ ਗੰਭੀਰ ਵਿਅੰਗ ਦੀ ਸ਼ਕਲ ਵਿਚ ਆਵਾਮ ਦੇ ਸਰੋਕਾਰਾਂ ਨੂੰ ਜ਼ੁਬਾਨ ਦੇ ਸਕਦਾ ਹੈ। ਗੁਲਜ਼ਾਰ ਦੀ ਫਿਲਮ ‘ਅੰਗੂਰ’ ਭਾਰਤੀ ਕਾਮੇਡੀ ਸਿਨੇਮਾ ਦੇ ਖੇਤਰ ਵਿਚ ਖਾਸ ਸਥਾਨ ਰੱਖਦੀ ਹੈ। ਇਹ ਫਿਲਮ ਨਾਟਕਕਾਰ ਸ਼ੈਕਸਪੀਅਰ ਦੇ ਮਸ਼ਹੂਰ ਨਾਟਕ ‘ਕਾਮੇਡੀ ਆਫ ਐਰਰ’ ਉਤੇ ਆਧਾਰਿਤ ਸੀ।

ਇਸ ‘ਤੇ ਗੁਲਜ਼ਾਰ ਦੁਆਰਾ ਲਿਖੀ ਪਟਕਥਾ ਅਤੇ ਉਨ੍ਹਾਂ ਦੇ ਦੋਸਤ ਵੱਲੋਂ ਫਿਲਮ ਬਣਾਈ ‘ਦੋ ਦੂਣੀ ਚਾਰ’ ਬਾਕਸ ਆਫਿਸ ‘ਤੇ ਫਲਾਪ ਹੋ ਗਈ। ਗੁਲਜ਼ਾਰ ਨੂੰ ਇਸ ਦਾ ਰੰਜ਼ ਵੀ ਸੀ ਤੇ ਇਸ ਖੂਬਸੂਰਤ ਸਕ੍ਰਿਪਟ ‘ਤੇ ਫਿਲਮ ਬਣਾਉਣ ਦੀ ਹਸਰਤ ਵੀ ਸੀ। ਪਹਿਲਾਂ ਤਾਂ ਨਿਰਮਾਤਾਵਾਂ ਨੂੰ ਇਹੀ ਹਜ਼ਮ ਨਹੀਂ ਹੋਇਆ ਕਿ ਕਿਉਂ ਕੋਈ ਫੇਲ੍ਹ ਹੋ ਚੁੱਕੀ ਫਿਲਮ ਦੁਬਾਰਾ ਬਣਾਉਣ ਦੀ ਜ਼ਿਦ ਕਰ ਰਿਹਾ ਹੈ? ਬਾਅਦ ਵਿਚ ਇਸ ਫਿਲਮ ਨੇ ਬਹੁਤ ਤਾਰੀਫ ਬਟੋਰੀ।
ਫਿਲਮ ਦੇ ਕਿਰਦਾਰਾਂ ਲਈ ਗੁਲਜ਼ਾਰ ਨੇ ਅਦਾਕਾਰਾਂ ਦੀ ਚੋਣ ‘ਤੇ ਖਾਸ ਧਿਆਨ ਦਿੱਤਾ। ਸੰਜੀਵ ਕੁਮਾਰ (ਅਸ਼ੋਕ ਕੁਮਾਰ ਨਾਮੀ ਦੋ ਕਿਰਦਾਰ) ਦੀ ਸੁਭਾਵਿਕ ਅਦਾਕਾਰੀ ਦੇ ਨਾਲ-ਨਾਲ ਦੇਵਨ ਵਰਮਾ (ਬਹਾਦਰ ਨਾਮ ਦੇ ਦੋ ਕਿਰਦਾਰ) ਦੀ ਸਦਾਬਹਾਰ ਘਬਰਾਹਟ, ਮੌਸਮੀ ਚੈਟਰਜੀ ਦਾ ਰੋਣਾ-ਧੋਣਾ, ਦੀਪਤੀ ਨਵਲ ਦੇ ਕਿਰਦਾਰ ਵਿਚਲੀ ਕਲਾਤਮਿਕਤਾ ਨੇ ਦਰਸ਼ਕਾਂ ਨੂੰ ਵੀ ਮੌਕੇ ਦੇ ਗਵਾਹ ਬਣਾ ਦਿੱਤਾ। ਫਿਲਮ ਦੀ ਖਾਸੀਅਤ ਸੀ ਕਿ ਫਿਲਮ ਦਾ ਕੋਈ ਵੀ ਕਿਰਦਾਰ ਵਾਧੂ ਨਹੀਂ। ਫਿਲਮ ਦੇ ਉਹ ਕਿਰਦਾਰ ਵੀ ਜਿਨ੍ਹਾਂ ਨੂੰ ਸਿਰਫ ਪੰਜ ਤੋਂ ਦਸ ਮਿੰਟ ਦਾ ਸਮਾਂ ਮਿਲਿਆ, ਆਪਣਾ ਪ੍ਰਭਾਵ ਛੱਡਣ ਵਿਚ ਕਾਮਯਾਬ ਰਹੇ। ਫਿਲਮ ਵਿਚ ਟੈਕਸੀ ਡਰਾਈਵਰ, ਆਟੋ ਡਰਾਈਵਰ, ਹੋਟਲ ਦਾ ਰਿਸ਼ੈਪਨਿਸ਼ਟ, ਪੁਲਿਸ ਅਧਿਕਾਰੀ, ਸੁਨਿਆਰ ਆਦਿ ਜਿਸ ਤਰ੍ਹਾਂ ਕਹਾਣੀ ਵਿਚ ਬੁਣੇ ਗਏ ਹਨ, ਉਹ ਗੁਲਜ਼ਾਰ ਵਰਗਾ ਨਿਰਦੇਸ਼ਕ ਹੀ ਕਰ ਸਕਦਾ ਹੈ। ਉਸ ਨੇ ਦਰਸ਼ਕਾਂ ਨੂੰ ਹਸਾਉਣ ਲਈ ਨਾ ਤਾਂ ਆਪਣੇ ਕਿਰਦਾਰਾਂ ਨੂੰ ਕੇਲੇ ਦੇ ਛਿਲਕਿਆਂ ਤੋਂ ਗਿਰਾਇਆ, ਨਾ ਦੋ-ਅਰਥੀ ਸੰਵਾਦਾਂ ਦੀ ਮਦਦ ਲਈ, ਤੇ ਨਾ ਹੀ ਖਾਸ ਜ਼ਰੂਰਤਾਂ ਵਾਲੇ ਵਰਗਾਂ ਦੇ ਸਰੀਰਾਂ ਦਾ ਮਜ਼ਾਕ ਉਡਾ ਕੇ ਜ਼ਬਰਦਸਤੀ ਹਾਸਾ ਉਪਜਾਉਣ ਦੀ ਕੋਸ਼ਿਸ਼ ਕੀਤੀ। ਜਿਉਂ-ਜਿਉਂ ਫਿਲਮ ਦਾ ਪਲਾਟ ਦਰਸ਼ਕਾਂ ਸਾਹਮਣੇ ਖੁੱਲ੍ਹਦਾ ਜਾਂਦਾ ਹੈ, ਦਰਸ਼ਕਾਂ ਦੇ ਕੁਤ-ਕਤਾੜੀਆਂ ਨਿਕਲਦੀਆਂ ਜਾਂਦੀਆਂ ਹਨ। ਗੁਲਜ਼ਾਰ ਫਿਲਮ ਦੇ ਅੰਤ ਤੱਕ ਆਪਣੀ ਬੌਧਿਕ ਸਮਰੱਥਾ ਨਾਲ ਦਰਸ਼ਕਾਂ ਦੀ ਜਾਗਿਆਸਾ ਨੂੰ ਜ਼ਰਬ ਦਿੰਦਾ ਜਾਂਦਾ ਹੈ।
ਗੁਲਜ਼ਾਰ ਨੇ ਫਿਲਮ ਵਿਚ ਡਾਇਲਾਗ ਇਸ ਢੰਗ ਨਾਲ ਲਿਖੇ ਹਨ ਕਿ ਸੁਣ ਕੇ ਸੁੱਤੇ-ਸਿੱਧ ਹਾਸਾ ਆ ਜਾਂਦਾ ਹੈ। ਸਾਰੇ ਕਿਰਦਾਰ ਆਪਣੇ ਆਪ ਨੂੰ ਬਹੁਤ ਸਮਝਦਾਰ ਮੰਨਦੇ ਹਨ, ਪਰ ਅਸਲ ਵਿਚ ਸਾਰੇ ਹੀ ਹਾਸਮਈ ਹਾਲਾਤ ਵਿਚ ਉਲਝੇ ਹੋਏ ਹਨ। ਗਾਣੇ ਵੀ ਘਟਨਾਵਾਂ ਦੀ ਲੜੀ ਨੂੰ ਅੱਗੇ ਵਧਾਉਂਦੇ ਹਨ। ਇਸ ਫਿਲਮ ਲਈ ਨਾ ਤਾਂ ਮਹਿੰਗੀਆਂ ਥਾਂਵਾਂ ‘ਤੇ ਸ਼ੂਟਿੰਗ ਕੀਤੀ ਗਈ, ਨਾ ਮਹਿੰਗੇ ਸੈੱਟ ਲਗਾਏ ਗਏ, ਤੇ ਨਾ ਹੀ ਹੋਰ ਕਿਸੇ ਕਿਸਮ ਦੀ ਉਚੇਚ ਕੀਤੀ ਗਈ; ਫਿਰ ਵੀ ਫਿਲਮ ਆਪਣੀ ਪਟਕਥਾ ਅਤੇ ਦਿਲਚਸਪ ਕਥਾ-ਰਸ ਕਾਰਨ ਦਰਸ਼ਕਾਂ ਨੂੰ ਬੰਨ੍ਹ ਕੇ ਰੱਖਦੀ ਹੈ।
ਭਾਰਤੀ ਸਿਨੇਮਾ ਵਿਚ ਹਾਸਰਸ ਭਰਪੂਰ ਫਿਲਮਾਂ ਬਣਦੀਆਂ ਤਾਂ ਰਹੀਆਂ ਹਨ, ਪਰ ਇਨ੍ਹਾਂ ਵਿਚ ਹਾਸਾ ਉਪਜਾਉਣ ਲਈ ਜ਼ਬਰਦਸਤੀ ਕਿਰਦਾਰਾਂ ਨੂੰ ਅਜੀਬੋ-ਗਰੀਬ ਹਾਲਾਤ ਵਿਚ ਫਸਾਇਆ ਜਾਂਦਾ ਹੈ, ਕਿਰਦਾਰਾਂ ਦੀਆਂ ਸਰੀਰਕ ਕਮੀਆਂ ਦਾ ਮਜ਼ਾਕ ਤੱਕ ਉਡਾਇਆ ਜਾਂਦਾ ਹੈ। ਕਈ ਫਿਲਮਾਂ ਵਿਚ ਘੱਟ-ਗਿਣਤੀਆਂ, ਹਾਸ਼ੀਏ ‘ਤੇ ਪਏ ਵਰਗਾਂ ਤੇ ਔਰਤਾਂ ਨੂੰ ਕਮ-ਅਕਲ ਤੇ ਘਟੀਆ ਦਿਖਾਉਣ ਦਾ ਰੁਝਾਨ ਵੀ ਦੇਖਿਆ ਗਿਆ ਹੈ। ਉਨ੍ਹਾਂ ਨਾਲ ਜੁੜੀਆਂ ਮਿੱਥਾਂ, ਵਿਤਕਰਿਆਂ ਅਤੇ ਗਲਤ ਧਾਰਨਾਵਾਂ ਨੂੰ ਹਸਾਉਣੇ ਢੰਗ ਨਾਲ ਦੁਹਰਾਇਆ ਜਾਂਦਾ ਹੈ। ਇਸ ਤਰ੍ਹਾਂ ਹਾਸਾ ਕੁਦਰਤੀ ਭਾਵ ਨਾ ਰਹਿ ਕੇ ਕਲਾ ਦੇ ਮਾਧਿਅਮ ਦੁਆਰਾ ਕੀਤੀ ਹਿੰਸਾ ਬਣ ਜਾਂਦਾ ਹੈ।
ਗੁਲਜ਼ਾਰ ਅੰਦਰਲਾ ਕਵੀ ਨਾ ਸਿਰਫ ਇਸ ਹਿੰਸਾ ਦੀ ਖਿਲਾਫਤ ਕਰਦਾ ਹੈ, ਸਗੋਂ ਹੱਸਣ ਦਾ ਤੰਦਰੁਸਤ ਤਰੀਕਾ ਵੀ ਸੁਝਾਉਂਦਾ ਹੈ। ਫਿਲਮ ਦਾ ਸਿਰਲੇਖ ‘ਅੰਗੂਰ’ ਵੀ ਘੱਟ ਦਿਲਚਸਪ ਨਹੀਂ। ‘ਅੰਗੂਰ ਦੀ ਬੇਟੀ’ ਉਤੇ ਤਾਂ ਅਕਸਰ ਹੋਸ਼ੇ-ਹਵਾਸ ਗੁੰਮ ਕਰਨ ਦਾ ਇਲਜ਼ਾਮ ਲੱਗਦਾ ਰਿਹਾ ਹੈ। ਅੰਗੂਰ ਫਲ ਵਜੋਂ ਖੱਟਾ ਵੀ ਹੈ ਤੇ ਮਿੱਠਾ ਵੀ, ਪਰ ਇਸ ਨੂੰ ਖਾਣ ਦਾ ਲਾਲਚ ਨਹੀਂ ਛੱਡਿਆ ਜਾ ਸਕਦਾ। ਦਰਸ਼ਕ ਉਸ ਲੂੰਮੜੀ ਤੋਂ ਵੀ ਜਾਣੂ ਹਨ ਜਿਸ ਲਈ ਅੰਗੂਰ ਹਮੇਸ਼ਾ ਖੱਟੇ ਰਹਿੰਦੇ ਹਨ, ਪਰ ਗੁਲਜ਼ਾਰ ਦੀ ਇਸ ਫਿਲਮ ਦਾ ਅੰਗੂਰ ਉਸ ਲੂੰਮੜੀ ਦੀ ਪਹੁੰਚ ਵਿਚ ਵੀ ਲੱਗਦਾ ਹੈ!