ਅਨੁਸ਼ਕਾ ਸ਼ਰਮਾ ਦੀ ਫਿਲੌਰ ਮੁਹੱਬਤ

ਰੌਸ਼ਨੀ ਖੇਤਲ
ਫਿਲਮ ਅਦਾਕਾਰਾ ਅਨੁਸ਼ਕਾ ਸ਼ਰਮਾ ਅੱਜ ਕੱਲ੍ਹ ਕ੍ਰਿਕਟ ਖਿਡਾਰੀ ਵਿਰਾਟ ਕੋਹਲੀ ਨਾਲ ਤੋੜ-ਵਿਛੋੜੇ ਦੀਆਂ ਖ਼ਬਰਾਂ ਕਰ ਕੇ ਚਰਚਾ ਵਿਚ ਹੈ, ਪਰ ਉਸ ਨੇ ਹਾਲ ਹੀ ਵਿਚ ਬਤੌਰ ਪ੍ਰੋਡਿਊਸਰ ਆਪਣੀ ਨਵੀਂ ਫਿਲਮ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਇਸ ਫਿਲਮ ਦਾ ਨਾਂ ‘ਫਿਲੌਰੀ’ ਰੱਖਿਆ ਗਿਆ ਹੈ ਜੋ ਪੰਜਾਬ ਦੀ ਪ੍ਰਸਿੱਧ ਸ਼ਹਿਰ ਫਿਲੌਰ ਨਾਲ ਸਬੰਧਤ ਹੋਵੇਗੀ। 27 ਵਰ੍ਹਿਆਂ ਦੀ ਅਨੁਸ਼ਕਾ ਇਹ ਫਿਲਮ ਫੌਕਸ ਸਟਾਰ ਸਟੂਡੀਓਜ਼ ਨਾਲ ਰਲ ਕੇ ਬਣਾ ਰਹੀ ਹੈ ਅਤੇ ਇਸ ਵਿਚ ਦਲਜੀਤ ਦੁਸਾਂਝ ਅਤੇ ਚਰਚਿਤ ਫਿਲਮ ‘ਲਾਈਫ ਆਫ਼ ਪਾਈ’ ਵਿਚ ਮਿਆਰੀ ਭੂਮਿਕਾ ਨਿਭਾਉਣ ਵਾਲ ਅਦਾਕਾਰ ਸੂਰਜ ਸ਼ਰਮਾ ਨੂੰ ਲਿਆ ਗਿਆ ਹੈ। ਫਿਲਮ ਦਾ ਨਿਰਦੇਸ਼ਨ ਅਨਸ਼ਾਈ ਲਾਲ ਕਰੇਗਾ, ਇਹ ਉਸ ਦੀ ਪਲੇਠੀ ਫਿਲਮ ਹੋਵੇਗੀ।

ਅਨੁਸ਼ਕਾ ਸ਼ਰਮਾ ਮੁਤਾਬਕ, ਇਸ ਫਿਲਮ ਦੀ ਕਹਾਣੀ ਫਿਲੌਰ ਨਾਲ ਸਬੰਧਤ ਹੈ। ਇਸ ਕਹਾਣੀ ਲਈ 100 ਸਾਲ ਪਿੱਛੇ ਤੱਕ ਛਾਤੀ ਮਾਰੀ ਗਈ ਹੈ। ਕਹਿੰਦੇ ਹਨ, ਇਹ ਕਸਬਾ ਫੂਲ ਨਾਂ ਦੇ ਇਕ ਬੰਦੇ ਦੇ ਨਾਂ ‘ਤੇ ਵਸਿਆ ਸੀ। ਪਹਿਲਾਂ ਇਸ ਦਾ ਨਾਂ ਫੂਲ ਨਗਰ ਪਿਆ ਸੀ। ਸ਼ੇਰ ਸ਼ਾਹ ਸੂਰੀ ਦੇ ਵੇਲਿਆਂ (1540-55) ਵਿਚ ਉਥੇ ਕਾਰੋਬਾਰੀ ਅਤੇ ਫੌਜੀ ਮਕਸਦ ਲਈ ਸਰਾਂ ਬਣਾਈ ਗਈ ਸੀ। ਮਗਰੋਂ ਮੁਗਲ ਸ਼ਹਿਨਸ਼ਾਹ (1627-57) ਨੇ ਇਸ ਸਰਾਂ ਨੂੰ ਦੀ ਮੁਰੰਮਤ ਕਰਵਾ ਕੇ ਇਸ ਨੂੰ ਮੁੜ ਚਾਲੂ ਕੀਤਾ।
ਇਤਿਹਾਸ ਦੱਸਦਾ ਹੈ ਕਿ 1809 ਵਿਚ ਮਹਾਰਾਜਾ ਰਣਜੀਤ ਸਿੰਘ ਅਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਵਿਚਕਾਰ ਅੰਮ੍ਰਿਤਸਰ ਦੀ ਸੰਧੀ ਹੋਣ ਮੌਕੇ ਇਸ ਨੂੰ ਸਰਹੱਦੀ ਇਲਾਕੇ ਵਜੋਂ ਵਰਤਿਆ ਗਿਆ। ਮਗਰੋਂ ਅੰਗਰੇਜ਼ਾਂ ਨੇ 1842 ਵਿਚ ਇਥੇ ਫੌਜੀ ਛਾਉਣੀ ਬਣਵਾਈ ਅਤੇ ਸਰਾਂ ਨੂੰ ਕਿਲ੍ਹੇ ਵਿਚ ਬਦਲ ਦਿੱਤਾ ਗਿਆ। ਇਸ ਕਿਲ੍ਹੇ ਦਾ ਨਾਂ ਅੱਜ ਕੱਲ੍ਹ ਮਹਾਰਾਜਾ ਰਣਜੀਤ ਸਿੰਘ ਕਿਲ੍ਹਾ ਹੈ ਜਿਥੇ ਹੁਣ ਪੁਲਿਸ ਅਕਾਦਮੀ ਚੱਲ ਰਹੀ ਹੈ। ਇਸ ਪੁਲਿਸ ਅਕੈਡਮੀ ਵਿਚ ਅੰਗੇਰਜ਼ਾਂ ਨੇ 1892 ਵਿਚ ਫਿੰਗਰ ਪ੍ਰਿੰਟ ਬਿਊਰੋ ਬਣਾਈ ਸੀ ਜੋ ਇਲਾਕੇ ਦੀ ਸਭ ਤੋਂ ਪੁਰਾਣੀ ਸੰਸਥਾ ਹੈ। ਇਸ ਇਤਿਹਾਸਕ ਸ਼ਹਿਰ ਦੀ ਯਾਤਰਾ ਹੁਣ ਅਨੁਸ਼ਕਾ ਸ਼ਰਮਾ ਦੇ ਜ਼ਰੀਏ ਫਿਲਮ ‘ਫਿਲੌਰੀ’ ਰਾਹੀਂ ਹੋ ਸਕੇਗੀ।
ਯਾਦ ਰਹੇ ਕਿ ਬਤੌਰ ਨਿਰਮਾਤਾ ਅਨੁਸ਼ਕਾ ਸ਼ਰਮਾ ਨੇ ਪਿਛਲੇ ਸਾਲ ਫਿਲਮ ‘ਐਨæਐਚæ-10’ ਦਾ ਨਿਰਮਾਣ ਕੀਤਾ ਸੀ। ਇਸ ਫਿਲਮ ਦਾ ਡਾਇਰੈਕਟਰ ਨਵਦੀਪ ਸਿੰਘ ਜਿਸ ਨੇ ਇਸ ਤੋਂ ਪਹਿਲਾਂ ‘ਮਨੋਰਮਾ ਸਿਕਸ ਫੀਟ ਅੰਡਰ’ ਵਰਗੀ ਮਾਰਮਿਕ ਫਿਲਮ 2007 ਵਿਚ ਬਣਾਈ ਸੀ। ਇਸ ਫਿਲਮ ਤੋਂ ਬਾਅਦ ਉਸ ਨੇ ਦੋ ਫਿਲਮਾਂ ਸ਼ੁਰੂ ਕੀਤੀਆਂ, ਪਰ ਪੂਰੀਆਂ ਨਹੀਂ ਹੋ ਸਕੀਆਂ। ਬਾਅਦ ਵਿਚ ਉਸ ਨੇ ‘ਐਨæਐਚ-10’ ਰਾਹੀਂ ਇਹ ਕਸਰ ਪੂਰੀ ਕੀਤੀ। ਇਹ ਫਿਲਮ ਅਣਖ ਖਾਤਰ ਕਤਲਾਂ ਦੀ ਕਹਾਣੀ ਦੁਆਲੇ ਘੁੰਮਦੀ ਹੈ। ਇਸ ਫਿਲਮ ਲਈ ਚਾਰੇ ਪਾਸੇ ਅਨੁਸ਼ਕਾ ਸ਼ਰਮਾ ਦੀ ਖੂਬ ਚਰਚਾ ਹੋਈ ਸੀ ਅਤੇ ਇਹ ਫਿਲਮ ਬਾਕਸ ਆਫ਼ਸ ‘ਤੇ ਹਿੱਟ ਰਹੀ ਸੀ। ਇਸ ਫਿਲਮ ਬਾਰੇ ਫਿਲਮ ਅਲੋਚਕਾਂ ਨੇ ਲਿਖਿਆ ਸੀ ਕਿ ਕਿਸੇ ਨੂੰ ਵੀ ਇਹ ਅੰਦਾਜ਼ਾ ਤੱਕ ਨਹੀਂ ਸੀ ਕਿ ਇਹ ਫਿਲਮ ਇੰਨੀ ਜ਼ਿਆਦਾ ਮਸ਼ਹੂਰ ਹੋ ਜਾਣੀ ਹੈ ਅਤੇ ਇਸ ਨੇ ਕਮਾਈ ਪੱਖੋਂ ਵੀ ਰੁਪਿਆ ਦੇ ਢੇਰ ਲਾ ਦੇਣੇ ਹਨ। ਹੁਣ ਸਭ ਦੀਆਂ ਨਜ਼ਰਾਂ ਫਿਲਮ ‘ਫਿਲੌਰੀ’ ਉਤੇ ਹਨ।