ਮੇਲਾ ਮਾਘੀ: ਸ਼ਰਧਾ ਤੇ ਸਿਆਸਤ

ਮੇਲਾ ਮਾਘੀ ਮੌਕੇ ਜਿਥੇ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ 40 ਮੁਕਤਿਆਂ ਨੂੰ ਸ਼ਰਧਾਂਜਲੀ ਦੇਣ ਲਈ ਸ੍ਰੀ ਮੁਕਤਸਰ ਸਾਹਿਬ ਦੇ ਇਤਿਹਾਸਕ ਗੁਰਦੁਆਰਿਆਂ ਵਿਚ ਨਤਮਸਤਕ ਹੋਏ, ਉੱਥੇ ਸਿਆਸੀ ਕਾਨਫਰੰਸਾਂ ਵਿਚ ਵੀ ਚੋਖੀਆਂ ਰੌਣਕਾਂ ਲੱਗੀਆਂ ਰਹੀਆਂ। ਉਂਜ, ਇਸ ਵਾਰ ਫਰਕ ਇਹ ਸੀ ਕਿ ਰਾਜਸੀ ਦੂਸ਼ਣਬਾਜ਼ੀ ਮੁਕਾਬਲਤਨ ਘਟ ਰਹੀ। ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਮੁੱਖ ਬੁਲਾਰੇ ਰਹੇ। ਮੁੱਖ ਮੰਤਰੀ ਨੇ ਲੋਕਾਂ ਨੂੰ ਅਗਲੇ ਸਾਲ ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੂੰ ਭਾਂਜ ਦੇਣ ਦਾ ਸੱਦਾ ਦਿੱਤਾ ਜਦੋਂਕਿ ਉਪ ਮੁੱਖ ਮੰਤਰੀ ਨੇ ਪਾਰਟੀ ਮੈਂਬਰਾਂ ਨੂੰ ਮੋਗਾ ਜ਼ਿਮਨੀ ਚੋਣ ਜਿੱਤਣ ਲਈ ਉਸ ਹਲਕੇ ਵਿਚ ਡੇਰੇ ਲਾਉਣ ਲਈ ਕਿਹਾ। ਕਾਂਗਰਸ ਦੀ ਕਾਨਫਰੰਸ ਵਿਚ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚ ਲਾ-ਕਾਨੂੰਨੀ ਦੀ ਦੁਹਾਈ ਦਿੰਦਿਆਂ ਰਾਸ਼ਟਰਪਤੀ ਰਾਜ ਲਾਗੂ ਕੀਤੇ ਜਾਣ ਦੀ ਮੰਗ ਕੀਤੀ। ਕਾਂਗਰਸ ਨੇ ਪੰਜਾਬ ਵਿਧਾਨ ਸਭਾ ਵਿਚ ਗਾਲੀ-ਗਲੋਚ ਨਾਲ ਜੁੜੀ ਵਿਵਾਦਤ ਸੀਡੀ ਵੀ ਇਸ ਕਾਨਫਰੰਸ ਵਿਚ ਤਿੰਨ ਵਾਰ ਦਿਖਾਈ।
______________________________________
ਪੰਜਾਬ ਦੀ ਮਾੜੀ ਹਾਲਤ ਲਈ ਕੇਂਦਰ ਜ਼ਿੰਮੇਵਾਰ: ਬਾਦਲ
ਸ੍ਰੀ ਮੁਕਤਸਰ ਸਾਹਿਬ: ਸ਼੍ਰੋਮਣੀ ਅਕਾਲੀ ਦਲ ਦੀ ਕਾਨਰਫੰਸ ਵਿਚ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੀ ਕਿਸਾਨੀ ਦੇ ਨਿਘਾਰ, ਸਿੱਖਾਂ ‘ਤੇ ਧਾਰਮਿਕ ਜ਼ੁਲਮ ਤੇ ਦੇਸ਼ ਦੀ ਅੰਦਰੂਨੀ ਤੇ ਬਾਹਰੀ ਸੁਰੱਖਿਆ ਲਈ ਖਤਰਿਆਂ ਵਾਸਤੇ ਕੇਂਦਰ ਦੀ ਯੂਪੀਏ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਸਿਰ 32 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਲਈ ਕੇਂਦਰ ਸਰਕਾਰ ਕਸੂਰਵਾਰ ਹੈ। ਅਕਾਲੀ ਦਲ ਕੁਰਬਾਨੀਆਂ ਦੀ ਮਿਸਾਲ ਹੈ ਪਰ ਕਾਂਗਰਸ ਲੋਟੂ ਟੋਲਾ ਹੈ।
ਸ਼ ਬਾਦਲ ਨੇ ਹਰਿਮੰਦਰ ਸਾਹਿਬ ਉਪਰ ਫੌਜੀ ਹਮਲੇ ਤੇ ਚੁਰਾਸੀ ਦੇ ਕਤਲੇਆਮ ਲਈ ਵੀ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਹੁਣ ਇੰਨੀ ਗਈ ਗੁਜ਼ਰੀ ਹੋ ਚੁੱਕੀ ਹੈ ਕਿ ਇਕ ਫੌਜੀ ਦਾ ਸਿਰ ਕਲਮ ਕਰਨ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਸਕੀ। ਉਨ੍ਹਾਂ ਨੇ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਕਾਂਗਰਸ ਦੇ ਜ਼ੁਲਮਾਂ ਦਾ ਬਦਲਾ ਲੈਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਪੂਰੇ ਜੋਸ਼ ਨਾਲ ਹਿੱਸਾ ਲੈਣ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਪ੍ਰੇਰਿਤ ਕੀਤਾ। ਸ਼ ਬਾਦਲ ਨੇ ਸਟੇਜ ਤੋਂ ਸੀਨੀਅਰ ਅਕਾਲੀ ਆਗੂ ਬ੍ਰਹਮਪੁਰਾ, ਭੂੰਦੜ, ਵਡਾਲਾ, ਢੀਂਡਸਾ ਤੇ ਡੱਬਵਾਲਾ ਕਲਾਂ ਦਾ ਨਾਂ ਲੈਂਦਿਆਂ ਉਨ੍ਹਾਂ ਵੱਲੋਂ ਅਕਾਲੀ ਦਲ ਦੇ ਮਾੜੇ ਵੇਲੇ ਕੀਤੀਆਂ ਕੁਰਬਾਨੀਆਂ ਦੀ ਗਿਣਤੀ ਕਰਦਿਆਂ ਨਵੇਂ ਆਗੂਆਂ ਨੂੰ ਉਨ੍ਹਾਂ ਦੇ ਪੈਰ-ਚਿੰਨ੍ਹਾਂ ‘ਤੇ ਚੱਲਣ ਲਈ ਕਿਹਾ। ਇਸ ਦੌਰਾਨ ਆਪਣੇ ਸੰਬੋਧਨ ਦੌਰਾਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਪਣੇ ਪਿਤਾ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਪੰਜਾਬ ਦੇ ਭਲੇ ਦੀ ਖਾਤਰ ਕੱਟੀਆਂ ਜੇਲ੍ਹਾਂ ਦਾ ਜ਼ਿਕਰ ਕਰਦਿਆਂ ਕਾਂਗਰਸੀਆਂ ਨੂੰ ਨਿਕੰਮੀ ਪਾਰਟੀ ਗਰਦਾਨਿਆ। ਉਨ੍ਹਾਂ ਅਕਾਲੀ ਦਲ ਦੀ ਪੁਰਾਣੀ ਪੀੜ੍ਹੀ ਨੂੰ ਪਲੋਸਣ ਦਾ ਯਤਨ ਕਰਦਿਆਂ ਵਰਕਰਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਬਜ਼ੁਰਗ ਨਾਲ ਸ਼ ਪ੍ਰਕਾਸ਼ ਸਿੰਘ ਬਾਦਲ ਦੀ ਯਾਦਗਾਰੀ ਫੋਟੋ ਹੋਵੇ ਤਾਂ ਉਹ ਉਨ੍ਹਾਂ ਨੂੰ ਭੇਜਣ। ਉਹ ਮੁੱਖ ਮੰਤਰੀ ਦਫਤਰ ਤੇ ਘਰ ਵਿਚ ਇਹ ਫੋਟੋ ਲਾ ਕੇ ਆਉਣ ਵਾਲੀ ਨਵੀਂ ਪੀੜ੍ਹੀ ਤੱਕ ਇਹ ਯਾਦ ਪਹੁੰਚਾਉਣਗੇ। ਇਸ ਮੌਕੇ ਭਾਵੇਂ ਦੋਵਾਂ ਬਾਦਲਾਂ ਵੱਲੋਂ ਪੰਜ ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟਾਂ ਤੇ ਹੋਰ ਵਿਕਾਸ ਕਾਰਜਾਂ ਬਾਰੇ ਗੱਲਾਂ ਕੀਤੀਆਂ ਪਰ ਲੋਕਾਂ ਦੀ ਆਸ ਦੇ ਉਲਟ ਮੁਕਤਸਰ ਲਈ ਸਪੱਸ਼ਟ ਰੂਪ ਵਿਚ ਕਿਸੇ ਪ੍ਰਾਜੈਕਟ ਦਾ ਐਲਾਨ ਨਹੀਂ ਕੀਤਾ। ਇਸ ਦੇ ਨਾਲ ਹੀ ਸਾਰੇ ਬੁਲਾਰਿਆਂ ਵੱਲੋਂ ਕੇਂਦਰ ਸਰਕਾਰ ਦੀ ਰੱਜ ਕੇ ਭੰਡੀ ਕੀਤੀ ਗਈ। ਸ਼ ਬਾਦਲ ਨੇ ਜਿਥੇ ਕਾਂਗਰਸ ਪਾਰਟੀ ਦੀ ਆਲੋਚਨਾ ਕੀਤੀ,  ਉਥੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਰੇਲਵੇ ਮੰਤਰੀ ਪਵਨ ਕੁਮਾਰ ਬਾਂਸਲ ਦੀ ਨਿੱਜੀ ਰੂਪ ਵਿਚ ਸਿਫ਼ਤ ਵੀ ਕੀਤੀ।
_________________________________________
ਸਿਆਸੀ ਧਿਰਾਂ ਜਥੇਦਾਰ ਦੀ ਹਦਾਇਤ ਤੋਂ ਬੇਪਰਵਾਹ
ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਵਾਰ-ਵਾਰ ਹਦਾਇਤਾਂ ਕਰਨ ਦੇ ਬਾਵਜੂਦ ਧਾਰਮਿਕ ਸ਼ਹੀਦੀ ਮੇਲਿਆਂ ਮੌਕੇ ਹੋਣ ਵਾਲੀਆਂ ਸਿਆਸੀ ਕਾਨਫਰੰਸਾਂ ਵਿਚ ਦੂਸ਼ਣਬਾਜ਼ੀ ਦਾ ਦੌਰ ਘਟਿਆ ਨਹੀਂ। ਸ੍ਰੀ ਮੁਕਤਸਰ ਸਾਹਿਬ ਵਿਖੇ ਸਿਆਸੀ ਕਾਨਫਰੰਸਾਂ ਦੌਰਾਨ ਸਾਰੀਆਂ ਧਿਰਾਂ ਨੇ ਇਕ-ਦੂਜੇ ਖ਼ਿਲਾਫ਼ ਖੂਬ ਚਿੱਕੜ ਉਛਾਲਿਆ। ਹਾਲਾਂਕਿ ਗਿਆਨੀ ਗੁਰਬਚਨ ਸਿੰਘ ਵੱਲੋਂ ਸਿਆਸੀ ਧਿਰਾਂ ਨੂੰ ਮੁੜ ਚੇਤਾ ਕਰਾਇਆ ਗਿਆ ਸੀ ਕਿ ਉਹ ਧਾਰਮਿਕ ਮੇਲਿਆਂ ‘ਤੇ ਸਿਆਸੀ ਅਲੋਚਨਾ ਤੋਂ ਗੁਰੇਜ਼ ਕਰਨ ਪਰ ਇਸ ਹਦਾਇਤ ਦਾ ਕੋਈ ਖਾਸ ਅਸਰ ਨਹੀਂ ਹੋਇਆ।
ਉਧਰ ਮੀਡੀਆ ਵਿਚ ਅਲੋਚਨਾ ਤੋਂ ਬਚਣ ਲਈ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਫਤਹਿਗੜ੍ਹ ਸਾਹਿਬ ਦੇ ਸ਼ਹੀਦੀ ਸਮਾਗਮ ‘ਤੇ ਸਿਆਸੀ ਧਿਰਾਂ ਨੂੰ ਇਕ ਦੂਸਰੇ ਉੱਤੇ ਚਿੱਕੜ ਉਛਾਲੀ ਤੋਂ ਰੋਕਿਆ ਗਿਆ ਸੀ ਤੇ ਸ੍ਰੀ ਅਕਾਲ ਤਖਤ ਤੋਂ ਕੀਤੀ ਅਪੀਲ ਦਾ ਕਾਫ਼ੀ ਅਸਰ ਵੀ ਦੇਖਣ ਨੂੰ ਮਿਲਿਆ। ਉਨ੍ਹਾਂ ਉਮੀਦ ਜਤਾਈ ਕਿ ਅਗਲੇ ਵਰ੍ਹੇ ਤੱਕ ਫਤਹਿਗੜ੍ਹ ਸਾਹਿਬ ਸ਼ਹੀਦੀ ਸਮਾਗਮ ‘ਤੇ ਸਿਆਸੀ ਧਿਰਾਂ ਵੱਲੋਂ ਮਾੜੀ ਭਾਸ਼ਾ ਦੀ ਵਰਤੋਂ ਖਤਮ ਹੀ ਹੋ ਜਾਣੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਐਤਕੀਂ ਸਿਆਸੀ ਧਿਰਾਂ ਨੇ ਆਪਣੇ ਆਪ ਨੂੰ ਕਾਫ਼ੀ ਜ਼ਾਬਤੇ ਵਿਚ ਰੱਖਿਆ।

Be the first to comment

Leave a Reply

Your email address will not be published.