ਗ਼ੁਲਾਮੀ ਪ੍ਰਤੀ ਚੇਤੰਨਤਾ: ਸਿੱਖ ਧਰਮ ਚਿੰਤਨ ਅਤੇ ਗਦਰ ਲਹਿਰ

ਡਾæ ਗੁਰਨਾਮ ਕੌਰ
ਗ਼ਦਰ ਲਹਿਰ ਦਾ ਅਰੰਭ ਕੈਨੇਡਾ-ਅਮਰੀਕਾ ਤੋਂ ਹੋਇਆ। ਇਸ ਵਿਚ ਸ਼ਾਮਲ ਹੋਣ ਵਾਲੇ ਨਾ ਬਹੁਤੇ ਸਿੱਖ ਸਨ ਸਗੋਂ ਗਦਰ ਲਹਿਰ ਦਾ ਕੇਂਦਰ ਗੁਰਦੁਆਰੇ ਸਨ ਅਤੇ ਇਸ ਦੇ ਸੰਚਾਲਕਾਂ ਵਿਚੋਂ ਬਹੁਗਿਣਤੀ ਗ੍ਰੰਥੀ ਸਿੰਘਾਂ ਦੀ ਸੀ। ਦੇਸ਼ ਦੀ ਗ਼ੁਲਾਮੀ ਪ੍ਰਤੀ ਜਾਗ੍ਰਿਤੀ ਲਿਆਉਣ ਵਾਸਤੇ ਗੁਰਬਾਣੀ ਦੇ ਮਹਾਂਵਾਕਾਂ ਦੀ ਵਰਤੋਂ ਗਦਰ ਲਹਿਰ ਦੇ ਪਰਚਿਆਂ/ਅਖ਼ਬਾਰਾਂ ਵਿਚ ਕੀਤੀ ਜਾਂਦੀ। ਮਿਸਾਲ ਵਜੋਂ ਹਰਨਾਮ ਸਿੰਘ ਸਾਹਰੀ ਅਤੇ ਜੀ ਡੀ ਕੁਮਾਰ ਵੱਲੋਂ  ਜਨਵਰੀ 1910 ਵਿਚ ਸ਼ੁਰੂ ਕੀਤੇ ਗੁਰਮੁਖੀ ਪਰਚੇ ਦਾ ਮਾਟੋ ਸੀ, “ਮਰਨ ਭਲਾ ਉਸਕਾ ਜੋ ਅਪਨੇ ਲੀਏ ਜੀਏ, ਜੀਤਾ ਹੈ ਵੋਹ ਜੋ ਮਰ ਚੁਕਾ ਹੈ ਇਨਸਾਨ ਕੇ ਲੀਏ” ਅਤੇ ਇਸ ਦੀ ਦੂਸਰੀ ਪੰਕਤੀ ਵਿਚ “ੴ ਸਤਗੁਰ ਸਹਾਏ” ਲਿਖਿਆ ਹੁੰਦਾ। ਦੂਸਰਾ ਪਰਚਾ ‘ਸੰਸਾਰ’ ਜੋ ਕਰਤਾਰ ਸਿੰਘ ਹੁੰਦਲ ਨੇ 1912 ਵਿਚ ਸ਼ੁਰੂ ਕੀਤਾ, ਦਾ ਮਾਟੋ ਵੀ ‘ਆਸਾ ਦੀ ਵਾਰ’ ਦਾ ਸਲੋਕ ਸੀ “ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ” ਅਤੇ ਦੂਸਰੀ ਪੰਕਤੀ ਹੁੰਦੀ ‘ੴ  ਸਤਿਗੁਰ ਪਰਸਾਦਿ॥”
‘ਗ਼ਦਰ ਦੀ ਗੂੰਜ’ ਅਖ਼ਬਾਰ ਵਿਚ ਵੱਖ ਵੱਖ ਸ਼ਬਦ ਗ਼ੁਲਾਮੀ ਦਾ ਜੂਲਾ ਗਲੋਂ ਲਾਹ ਕੇ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਦੀ ਪ੍ਰੇਰਨਾ ਹਿਤ ਲਿਖੇ ਜਾਂਦੇ ਜਿਵੇਂ, “ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ॥ ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ॥” ਇਸ ਸ਼ਲੋਕ ਵਿਚ ਬਾਬਾ ਫਰੀਦ ਰੱਬ ਅੱਗੇ ਅਰਦਾਸ ਕਰਦੇ ਹਨ ਕਿ ਪਰਾਈ ਗ਼ੁਲਾਮੀ ਨਾਲੋਂ ਸਰੀਰ ਵਿਚੋਂ ਪਰਾਣ ਹੀ ਕੱਢ ਲਵੀਂ। ਇਸੇ ਤਰ੍ਹਾਂ ਭਗਤ ਕਬੀਰ ਦਾ ਸਲੋਕ ਕਿ ਅਸਲੀ ਅਧਿਆਤਮਕ ਸੂਰਮਾ ਉਹ ਹੈ ਜੋ ਗ਼ਰੀਬ ਦੀ, ਕਮਜ਼ੋਰ ਦੀ ਰੱਖਿਆ ਲਈ ਲੜਦਾ ਹੈ। ਉਹ ਭੋਰਾ ਭੋਰਾ ਕੱਟ ਕੇ ਮਰ ਜਾਂਦਾ ਹੈ ਪਰ ਰਣ-ਭੂਮੀ ਛੱਡ ਕੇ ਦੌੜਦਾ ਨਹੀਂ, “ਕਬੀਰ ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥” (ਪੰਨਾ 1105)। ਇਕ ਹੋਰ ਮਿਸਾਲ, ਗਦਰ ਅਖਬਾਰ ਵਿਚ ਗੁਰੂ ਨਾਨਕ ਸਾਹਿਬ ਦੇ ਉਸ ਸਲੋਕ ਨੂੰ ਮਾਟੋ ਬਣਾਉਣਾ ਹੈ ਜੋ ਮਨੁੱਖ ਤੋਂ ਪ੍ਰੇਮ ਦੇ ਮਾਰਗ ‘ਤੇ ਚੱਲਣ ਲਈ ਪੂਰਨ ਸਮਰਪਣ ਦੀ ਮੰਗ ਕਰਦਾ ਹੈ ਕਿ ਜੇ ਇਸ ਮਾਰਗ ‘ਤੇ ਪੈਰ ਰੱਖਣਾ ਹੈ ਤਾਂ ਤੈਨੂੰ ਆਪਣਾ ਸਿਰ ਤਲੀ ‘ਤੇ ਰੱਖ ਕੇ ਆਉਣਾ ਪਵੇਗਾ, “ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੋਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥20॥
ਰਾਜਵਿੰਦਰ ਸਿੰਘ ਰਾਹੀ ਅਨੁਸਾਰ (ਗ਼ਦਰ ਲਹਿਰ ਅਸਲੀ ਗਾਥਾ-3 ਪ੍ਰੈਸ ਵਿਚ) ਅਨੁਸਾਰ ਜਿਨ੍ਹਾਂ ਪ੍ਰਚਾਰਕਾਂ ਅਤੇ ਗੁਰਦੁਆਰਿਆਂ ਨੇ ਗਦਰ ਲਹਿਰ ਵਿਚ ਹਿੱਸਾ ਲਿਆ ਉਹ ਹਨ-ਭਾਈ ਬਲਵੰਤ ਸਿੰਘ ਗੁਰਦੁਆਰਾ ਵੈਨਕੂਵਰ, ਭਾਈ ਹਰੀ ਸਿੰਘ ਚੋਟੀਆਂ ਗੁਰਦੁਆਰਾ ਵੈਨਕੂਵਰ ਅਤੇ ਸ਼ੰਘਾਈ, ਭਾਈ ਪਿਆਰਾ ਸਿੰਘ ਲੰਗੇਰੀ ਗੁਰਦੁਆਰਾ ਵੈਨਕੂਵਰ, ਭਾਈ ਮਿੱਤ ਸਿੰਘ ਪੰਡੋਰੀ ਗੁਰਦੁਆਰਾ ਐਬਟਸਫੋਰਡ, ਭਾਈ ਮੁਨਸ਼ਾ ਸਿੰਘ ਦੁਖੀ ਗੁਰਦੁਆਰਾ ਵਿਕਟੋਰੀਆ, ਭਾਈ ਭਗਵਾਨ ਸਿੰਘ ਪ੍ਰੀਤਮ ਗੁਰਦੁਆਰਾ ਪਿਨਾਂਗ-ਕੋਰੀਆ, ਵੈਨਕੂਵਰ, ਭਾਈ ਵਰਿਆਮ ਸਿੰਘ, ਸੁੰਦਰ ਸਿੰਘ ਗੁਰਦੁਆਰਾ ਵੈਨਕੂਵਰ, ਭਾਈ ਵਸਾਖਾ ਸਿੰਘ ਦਦੇਹਰ, ਭਾਈ ਹਜ਼ਾਰਾ ਸਿੰਘ ਦਦੇਹਰ ਤੇ ਭਾਈ ਇੰਦਰ ਸਿੰਘ ਮਲ੍ਹਾ ਗੁਰਦੁਆਰਾ ਸਟਾਕਟਨ, ਭਾਈ ਬੁੱਧ ਸਿੰਘ ਗੁਰਦੁਆਰਾ ਬੈਂਕਾਕ, ਭਾਈ ਹਰਨਾਮ ਸਿੰਘ ਕਹੂਟਾ ਗੁਰਦੁਆਰਾ ਹਾਂਗਕਾਂਗ, ਭਾਈ ਵਸਾਵਾ ਸਿੰਘ ਗੁਰਦੁਆਰਾ ਚਿੰਗਮੇਈ ਥਾਈਲੈਂਡ, ਭਾਈ ਭੋਗ ਸਿੰਘ ਗੁਰਦੁਆਰਾ ਝਾੜ ਸਾਹਿਬ ਅੰਮ੍ਰਿਤਸਰ, ਭਾਈ ਪ੍ਰੇਮ ਸਿੰਘ ਗੁਰਦੁਆਰਾ ਪਿਨਾਂਗ-ਕੋਰੀਆ ਅਤੇ ਚੋਮਾਲਾ ਸਾਹਿਬ-ਲਾਹੌਰ, ਭਾਈ ਮਦਨ ਸਿੰਘ ਗਾਗਾ ਗੁਰਦੁਆਰਾ ਲਾਹੌਰ ਛਾਉਣੀ। ਇਸ ਤੋਂ ਬਿਨਾਂ ਉਹ ਪ੍ਰਚਾਰਕ ਜਿਨ੍ਹਾਂ ਨੇ ਗਦਰ ਲਹਿਰ ਵਿਚ ਹਿੱਸਾ ਲਿਆ ਪਰ ਉਨ੍ਹਾਂ ਤੇ ਕੋਈ ਕੇਸ ਨਹੀਂ ਪਾਇਆ ਗਿਆ, ਸਨ-ਭਾਈ ਜਗਤ ਸਿੰਘ ਗੁਰਦੁਆਰਾ ਸ਼ੰਘਾਈ, ਭਾਈ ਖੜਕ ਸਿੰਘ ਗੁਰਦੁਆਰਾ ਹਾਂਗ ਕਾਂਗ, ਭਾਈ ਬਿਸ਼ਨ ਸਿੰਘ ਗੁਰਦੁਆਰਾ ਹਿਆਨ-ਸ਼ੰਘਾਈ, ਭਾਈ ਹਰਨਾਮ ਸਿੰਘ ਤੇ ਭਾਈ ਨਰਾਇਣ ਸਿੰਘ ਠੀਕਰੀਵਾਲ ਗੁਰਦੁਆਰਾ ਵੈਨਕੂਵਰ, ਭਾਈ ਭਗਤ ਸਿੰਘ-ਚਰਨਜੀਤ ਸਿੰਘ ਗੁਰਦੁਆਰਾ ਸਟਾਕਟਨ, ਭਾਈ ਸਰਦਾਰਾ ਸਿੰਘ ਗੁਰਦੁਆਰਾ ਬਰਮਾ, ਭਾਈ ਜੋਗਾ ਸਿੰਘ ਗੁਰਦੁਆਰਾ ਸਿੰਘਾਪੁਰ, ਭਾਈ ਅਤਰ ਸਿੰਘ ਗੁਰਦੁਆਰਾ ਧਿਕਮਾਨਪੁਰ, ਭਾਈ ਚਟਰ ਸਿੰਘ ਗੁਰਦੁਆਰਾ ਬਾਬਾ ਬੁੱਢਾ ਜੀ ਰਾਮਦਾਸ ਅਤੇ ਖਡੂਰ ਸਾਹਿਬ, ਭਾਈ ਈਸ਼ਰ ਸਿੰਘ ਮੜਾਨਾ ਐਸ ਜੀ ਪੀ ਸੀ ਮੈਂਬਰ, ਭਾਈ ਕਰਮ ਸਿੰਘ ਨਥੋਕੇ ਬਰਕੀ ਗੁਰਦੁਆਰਾ ਲਾਹੌਰ, ਭਾਈ ਸੰਤਾ ਸਿੰਘ/ਸੰਤ ਲਖਵੀਰ ਸਿੰਘ ਚੱਕ ਲਾਇਲਪੁਰ (ਫੈਸਲਾਬਾਦ)।
ਸ਼ ਜਗਜੀਤ ਸਿੰਘ ਅਨੁਸਾਰ, “ਅਮਰੀਕਾ ਕੈਨੇਡਾ ਅਤੇ ਧੁਰ ਪੂਰਬ ਨੂੰ ਵੀਹਵੀਂ ਸਦੀ ਦੇ ਸ਼ੁਰੂ ਵਿਚ ਗਏ ਪੰਜਾਬੀ ਕਿਸਾਨ ਅਨਸਰ ਦੇ ਆਚਾਰ ਅਤੇ ਪ੍ਰਕਿਰਤੀ ਦਾ ਖਾਕਾ ਉਹੋ ਸੀæææਅਰਥਾਤ ਅਮਨ-ਚੈਨ ਦੀ ਜ਼ਿੰਦਗੀ ਅਤੇ ਨਵੀਨ ਸਭਿਅਤਾ ਦੇ ਅਸਰਾਂ ਹੇਠ ਉਸ ਦੀ ਲੜਨ ਸ਼ਕਤੀ ਵਿਚ ਦਿਨੋ-ਦਿਨ ਫਰਕ ਪੈਣ ਲੱਗ ਪਿਆ ਸੀ, ਪਰ ਜਿਸ ਸਮੇਂ ਉਹ ਅਮਰੀਕਾ ਆਦਿ ਦੇਸ਼ਾਂ ਵਿਚ ਗਿਆ, ਉਹ ਅਜੇ ਵੀ ਬੜਾ ਬਹਾਦਰ ਸੀ, ਜਿਸ ਦੀ ਪਹਿਲੇ ਸੰਸਾਰ-ਯੁੱਧ ਵਿਚ ਬਹਾਦਰੀ ਦੀ ਦਾਦ ਯੂਰਪੀਨ ਪਾਰਖੂਆਂ ਨੇ ਵੀ ਦਿੱਤੀ ਹੈ। ਜ਼ਬਾਨ ਨਾਲੋਂ ਉਸ ਦੇ ਹੱਥ ਵਧੇਰੇ ਚਲਦੇ ਅਤੇ ਇਤਨੀ ਤੱਟ-ਫੱਟ ਕਿ ਉਸ ਦੇ ਫੁਰਨੇ ਅਤੇ ਕਰਨੀ ਵਿਚ ਬਹੁਤਾ ਵਕਫਾ ਨਾ ਹੁੰਦਾ।” (ਪੰਨਾ 55) ਅਮਰੀਕਨ ਐਂਥਰੋਪਾਲੋਜਿਸਟ ਕਾਰੇਨ ਇਸਾਕਸੇਨ ਲਿਓਨਾਰਡ ਨੇ ਆਪਣੀ ਪੁਸਤਕ ‘ਮੇਕਿੰਗ ਐਥਨਿਕ ਚੁਆਇਸਜ’ ਵਿਚ ਲਿਖਿਆ ਹੈ ਕਿ 1899 ਤੋਂ 1914 ਦੇ ਵਿਚਕਾਰ ਜਿਹੜੇ ਭਾਰਤੀ ਪੱਛਮੀ ਯੁਨਾਈਟਿਡ ਸਟੇਟਸ ਵਿਚ ਆਏ ਉਹ ਬਹੁਤੇ ਭਾਰਤ ਦੇ ਪੰਜਾਬ ਪ੍ਰਾਂਤ ਦੇ ਕਿਸਾਨ ਸਨ ਜੋ ਮਾਰਸ਼ਲ ਜਾਤਾਂ ਅਤੇ ਜ਼ਿਮੀਦਾਰ ਪਰਿਵਾਰਾਂ ਵਿਚੋਂ ਸਨ। ਉਸ ਨੇ ਅੱਗੇ ਜੁਆਇਸ ਪੈਟੀ ਗਰਿਉ ਦੇ ਹਵਾਲੇ ਨਾਲ ਲਿਖਿਆ ਹੈ ਕਿ ਪੰਜਾਬੀ ਸਭਿਆਚਾਰ ਦੀਆਂ ਮੁੱਖ ਕੀਮਤਾਂ ਵਿਚ ਹੌਂਸਲਾ, ਖਤਰਾ ਲੈ ਸਕਣ ਦੀ ਇੱਛਾ, ਆਪਣੇ ਆਪ ਨੂੰ ਦੂਜਿਆਂ ‘ਤੇ ਭਾਰੂ ਪਾਉਣਾ, ਹਾਰ ਅਤੇ ਅਧੀਨਗੀ ਦੇ ਸੰਕਲਪਾਂ ਦੀ ਗ਼ੈਰਹਾਜ਼ਰੀ ਹੋਣਾ ਹੈ।
ਗੁਰਦੁਆਰੇ ਨਾ ਸਿਰਫ ਸਿੱਖਾਂ ਦੇ ਧਾਰਮਿਕ ਕੇਂਦਰ ਸਨ ਬਲਕਿ ਗਦਰ ਲਹਿਰ ਦੇ ਪ੍ਰਚਾਰ-ਕੇਂਦਰ ਵੀ ਸਨ ਜਿਥੇ ਸਿੱਖ, ਹਿੰਦੂ, ਮੁਸਲਮਾਨ ਸਭ ਗ਼ਦਰੀ ਇਕੱਠੇ ਹੁੰਦੇ। ਗ਼ਦਰੀ ਯੋਧਿਆਂ ਦੀਆਂ ਕਵਿਤਾਵਾਂ ਦੇ ਟੋਟਕਿਆਂ ਵਿਚੋਂ ਅੰਦਾਜ਼ਾ ਲੱਗ ਸਕਦਾ ਹੈ ਕਿ ਉਨ੍ਹਾਂ ਨੇ ਕਿਵੇਂ ਹਿੰਦੀਆਂ ਨੂੰ ਦੇਸ਼ ਦੀ ਆਜ਼ਾਦੀ ਲਈ ਮਰ-ਮਿਟਣ ਵਾਸਤੇ ਪ੍ਰੇਰਿਆ ਅਤੇ ਗ਼ੁਲਾਮੀ ਦਾ ਅਹਿਸਾਸ ਕਰਾਇਆ। ਸੋਹਣ ਸਿੰਘ ਪੂੰਨੀ ਨੇ ਆਪਣੀ ਪੁਸਤਕ ‘ਕੈਨੇਡਾ ਦੇ ਗਦਰੀ ਯੋਧੇ’ ਵਿਚ ਹਰ ਇੱਕ ਯੋਧੇ ਦੀ ਜੀਵਨੀ ਦੇ ਮੁੱਢ ਵਿਚ ਗ਼ਦਰੀਆਂ ਦੀਆਂ ਕਵਿਤਾਵਾਂ ਵਿਚੋਂ ਟੋਟਕੇ ਦਿੱਤੇ ਹਨ ਜਿਨ੍ਹਾਂ ਦਾ ਸੰਖੇਪ ਜਿਹਾ ਵਿਸ਼ਲੇਸ਼ਣ ਉਨ੍ਹਾਂ ਦੀ ਸਪਿਰਿਟ ਨੂੰ ਜਾਣਨ ਲਈ ਕਾਫੀ ਹੈ। ਪਹਿਲਾ ਹੀ ਜ਼ਿਕਰ ਉਨ੍ਹਾਂ ਇੱਕ ਗਦਰੀ ਦੇ ਸੁਪਨੇ ਦਾ ਕਾਵਿ-ਟੋਟੇ ਦੇ ਰੂਪ ਵਿਚ ਕੀਤਾ ਹੈ ਜਿਸ ਵਿਚ ਹਿੰਦੁਸਤਾਨ ਨੂੰ ਇੱਕ ਬਾਗ਼ ਤਸੱਵਰ ਕੀਤਾ ਗਿਆ ਹੈ ਜੋ ਮਹਿਕਦਾ ਹੀ ਸੁਹਣਾ ਲਗਦਾ ਹੈ ਅਤੇ ਜਿਥੇ ਸਭ ਨੂੰ ਬਰਾਬਰ ਦੇ ਹੱਕ ਹੋਣ,
ਬਾਗ ਹਿੰਦ ਦਾ ਟੈਹਕਦਾ ਲੱਗੇ ਸੋਹਣਾ,
ਆਵੇ ਮਹਿਕ ਤੇ ਖਿੜੀ ਗੁਲਜ਼ਾਰ ਹੋਵੇ।
ਫਿਰਨ ਮਾਣਦੇ ਬਾਗ ਵਿਚ ਰੰਗ ਰਲੀਆਂ,
ਸਿਰੋਂ ਲੱਥਾ ਗੁਲਾਮੀ ਦਾ ਭਾਰ ਹੋਵੇ।
ਊਚ ਨੀਚ ਦਾ ਸਵਾਲ ਨਾ ਛਿੜੇ ਕਿਧਰੇ,
ਮਿਲਦਾ ਸਭ ਦੇ ਤਾਈਂ ਰੁਜ਼ਗਾਰ ਹੋਵੇ।
ਹੱਕ ਹੋਵੇ ਇਕੋ ਜੇਹਾ ਸਾਰਿਆਂ ਦਾ,
ਠਾਠਾਂ ਮਾਰਦਾ ਪ੍ਰੇਮ ਪਿਆਰ ਹੋਵੇ।
ਸ਼ਹੀਦ ਭਾਈ ਭਾਗ ਸਿੰਘ ਭਿੱਖੀਵਿੰਡ ਦੀ ਜੀਵਨੀ ਦੇ ਅੱਗੇ ਕਵਿਤਾ ਦੀਆਂ ਪੰਕਤੀਆਂ ਦੱਸਦੀਆਂ ਹਨ ਕਿ ਗ਼ੁਲਾਮ ਹੋਣ ਕਰਕੇ ਬਾਹਰਲੇ ਮੁਲਕਾਂ ਵਿਚ ਗਏ ਹਿੰਦੁਸਤਾਨੀਆਂ ਨਾਲ ਖਾਸ ਕਰਕੇ ਗੋਰਿਆਂ ਵੱਲੋਂ ਕਿਹੋ ਜਿਹਾ ਤ੍ਰਿਸਕਾਰ ਭਰਿਆ ਸਲੂਕ ਹੁੰਦਾ ਸੀ। ਅਮਰੀਕਾ ਅਤੇ ਕੈਨੇਡਾ ਵਿਚ ਹਿੰਦੁਸਤਾਨੀਆਂ ਨੂੰ, ਜਿਨ੍ਹਾਂ ਵਿਚ ਬਹੁਗਿਣਤੀ ਪੰਜਾਬੀ ਸਿੱਖਾਂ ਦੀ ਸੀ, ਇਸੇ ਸਲੂਕ ਨੇ ਆਜ਼ਾਦੀ ਲਈ ਜੰਗ ਵਿੱਢਣ ਵਾਸਤੇ ਪ੍ਰੇਰਿਆ। ਉਨ੍ਹਾਂ ਨੂੰ ਹਿਕਾਰਤ ਦੀ ਨਜ਼ਰ ਨਾਲ ਦੇਖਿਆ ਜਾਂਦਾ ਸੀ। ਸਕੂਲਾਂ, ਹੋਟਲਾਂ ਵਿਚ ਵੜਨ ਨਹੀਂ ਸੀ ਦਿੱਤਾ ਜਾਂਦਾ ਜਾਂ ਗੋਰਿਆਂ ਦੇ ਬਰਾਬਰ ਨਹੀਂ ਸੀ ਬੈਠਣ ਦਿੱਤਾ ਜਾਂਦਾ। ਸੋਹਣ ਸਿੰਘ ਪੂੰਨੀ ਨੇ ਭਾਈ ਭਾਗ ਸਿੰਘ ਦੀ ਜੀਵਨੀ ਵਿਚ ਦੱਸਿਆ ਹੈ ਕਿ “ਕੈਨੇਡਾ ਦੇ ਸਿੱਖਾਂ ਨੂੰ ਰਾਜਨੀਤਕ ਤੌਰ ‘ਤੇ ਜਾਗ੍ਰਿਤ ਕਰਨ ਅਤੇ ਉਨ੍ਹਾਂ ਨੂੰ ਦੇਸ਼ ਦੀ ਆਜ਼ਾਦੀ ਲਈ ਹਥਿਆਰਬੰਦ ਸੰਘਰਸ਼ ਦੇ ਰਾਹ ਪਾਉਣ ਵਿਚ ਜਿਨ੍ਹਾਂ ਲੀਡਰਾਂ ਨੇ ਰੋਲ ਨਿਭਾਇਆ ਸੀ, ਉਨ੍ਹਾਂ ਵਿਚ ਭਾਈ ਭਾਗ ਸਿੰਘ ਦਾ ਨਾਂ ਉਪਰਲੀ ਕਤਾਰ ਵਿਚ ਆਉਂਦਾ ਹੈ। (ਪੰਨਾ 23) ਭਾਈ ਭਾਗ ਸਿੰਘ ਨੇ ਆਪਣੇ ਸਾਥੀਆਂ ਨਾਲ ਰਲ ਕੇ ਵੈਨਕੂਵਰ ਵਿਚ ਉਤਰੀ ਅਮਰੀਕਾ ਦਾ ਸਭ ਤੋਂ ਪਹਿਲਾ ਗੁਰਦੁਆਰਾ ਬਣਾਇਆ। ਇਸ ਗੁਰਦੁਆਰੇ ਦੇ ਬਣਨ ਨਾਲ ਵੈਨਕੂਵਰ ਦੇ ਹਿੰਦੁਸਤਾਨੀਆਂ ਨੂੰ ਜੁੜ ਬੈਠਣ ਲਈ ਥਾਂ ਮਿਲ ਗਈ। 19 ਜਨਵਰੀ, 1908 ਨੂੰ ਖੁਲ੍ਹਾ ਇਹ ਗੁਰਦੁਆਰਾ ਸਿਰਫ ਸਿੱਖਾਂ ਦਾ ਧਾਰਮਿਕ ਕੇਂਦਰ ਹੀ ਨਹੀਂ ਸੀ। ਗੁਰਦੁਆਰੇ ਦੀ ਬੇਸਮੈਂਟ ਵਿਚ ਇਮੀਗਰੇਸ਼ਨ, ਨਸਲਵਾਦ ਅਤੇ ਰਾਜਨੀਤਕ ਮੁੱਦਿਆਂ ਬਾਰੇ ਮੀਟਿੰਗਾਂ ਹੁੰਦੀਆਂ ਸਨ ਜਿਨ੍ਹਾਂ ਵਿਚ ਹਿੰਦੂ, ਮੁਸਲਮਾਨ, ਬੰਗਾਲੀ ਅਤੇ ਗੁਜਰਾਤੀ ਵੀ ਸ਼ਾਮਲ ਹੁੰਦੇ ਸਨ।” (ਪੰਨਾ 25)
ਲੋਕੀਂ ਆਖਦੇ ਨੀਚ ਗੁਲਾਮ ਹਿੰਦੀ,
ਦਿੰਦੇ ਆਪਣੇ ਵਿਚ ਨਾ ਥਾਂਇ ਸਾਨੂੰ।
ਕਾਲਾ ਦੇਖ ਗੁਲਾਮੀ ਦਾ ਦਾਗ ਮੱਥੇ,
ਦਿੰਦੇ ਕੁੱਤਿਆਂ ਵਾਂਗ ਦਰਕਾਇ ਸਾਨੂੰ।
ਪਹਿਲਾਂ ਵੀ ਜ਼ਿਕਰ ਹੋ ਚੁੱਕਾ ਹੈ ਕਿ ਜਿਹੜੇ ਪੰਜਾਬੀ ਅਮਰੀਕਾ ਅਤੇ ਕੈਨੇਡਾ ਗਏ ਉਨ੍ਹਾਂ ਵਿਚੋਂ ਬਹੁਤੇ ਸਾਬਕਾ ਫੌਜੀ ਸੀ ਜਿਨ੍ਹਾਂ ਨੇ ਬ੍ਰਿਟਿਸ਼ ਰਾਜ ਵਸਤੇ ਲੜਾਈਆਂ ਲੜੀਆਂ। ਇਹ ਫੌਜੀ ਬਹਾਦਰੀ ਲਈ ਮਿਲੇ ਮੈਡਲ, ਫੌਜੀ ਵਰਦੀਆਂ ਅਤੇ ਹੋਰ ਫੌਜੀ ਚਿੰਨ੍ਹ ਧਾਰਨ ਕਰਕੇ ਰੱਖਦੇ। 3 ਅਕਤੂਬਰ, 1909 ਨੂੰ ਵੈਨਕੂਵਰ ਦੇ ਗੁਰਦੁਆਰੇ ਵਿਚ ਭਾਈ ਭਾਗ ਸਿੰਘ ਦੇ ਦੋਸਤ ਭਾਈ ਨੱਥਾ ਸਿੰਘ ਬਿਲਗਾ, ਜੋ ਕਿ ਬਹੁਤ ਹੀ ਵਧੀਆ ਸਿੱਖ ਅਤੇ ਸੋਸ਼ਲਿਸਟ ਵਿਚਾਰਧਾਰਾ ਵਾਲੀ ਰਾਜਨੀਤਕ ਜਥੇਬੰਦੀ ‘ਹਿੰਦੁਸਤਾਨ ਅਸੋਸੀਏਸ਼ਨ’ ਦਾ ਸਰਗਰਮ ਮੈਂਬਰ ਸੀ, ਨੇ ਸੰਗਤ ਸਾਹਮਣੇ ਹਿੰਦੁਸਤਾਨ, ਸੰਸਾਰ ਦੇ ਬਾਕੀ ਮੁਲਕਾਂ ਅਤੇ ਖਾਸ ਕਰਕੇ ਬ੍ਰਿਟਿਸ਼ ਕਲੋਨੀਆਂ ਵਿਚ ਹਿੰਦੁਸਤਾਨੀਆਂ ਦੀ ਭੈੜੀ ਹਾਲਤ ਬਾਰੇ ਬੋਲਦਿਆਂ ਦਲੀਲ ਦਿੱਤੀ, “ਜੋ ਮੈਡਲ ਉਹ ਲਾਈ ਫਿਰਦੇ ਹਨ, ਉਨ੍ਹਾਂ ਤੋਂ ਸਿਰਫ ਇਹ ਪਤਾ ਲਗਦਾ ਹੈ ਕਿ ਉਹ ਭਾੜੇ ਦੇ ਫੌਜੀ ਹਨ, ਜੋ ਅੰਗਰੇਜ਼ਾਂ ਲਈ ਆਪਣੇ ਦੇਸ਼ ਵਾਸੀਆਂ ਤੇ ਦੂਸਰੇ ਆਜ਼ਾਦ ਲੋਕਾਂ ਦੇ ਵਿਰੁੱਧ ਲੜੇ। ਅੰਗਰੇਜ਼ੀ ਫੌਜ ਲਈ ਲੜਾਈਆਂ ਲੜ ਕੇ ਲਏ ਮੈਡਲ ਬਹਾਦਰੀ ਦੇ ਨਹੀਂ, ਸਗੋਂ ਗੁਲਾਮੀ ਦੇ ਮੈਡਲ ਕਹੇ ਜਾਣੇ ਚਾਹੀਦੇ ਹਨ।” ਸੋਹਣ ਸਿੰਘ ਪੂੰਨੀ ਅਨੁਸਾਰ ਇਸ ਤੋਂ ਬਾਅਦ ਭਾਈ ਨੱਥਾ ਸਿੰਘ ਨੇ ਇਸ ਸਬੰਧ ਵਿਚ ਇੱਕ ਮਤਾ ਰੱਖਿਆ ਕਿ ‘ਗੁਰਦੁਆਰੇ ਦੀ ਐਗਜ਼ੈਕਟਿਵ ਕਮੇਟੀ ਦਾ ਕੋਈ ਵੀ ਮੈਂਬਰ ਕੋਈ ਅਜਿਹਾ ਤਗਮਾ, ਬਟਨ, ਵਰਦੀ ਜਾਂ ਇਨਸਿਗਨੀਆ ਨਹੀਂ ਪਹਿਨੇਗਾ, ਜਿਸ ਤੋਂ ਇਹ ਪਤਾ ਲੱਗੇ ਕਿ ਇਸ ਨੂੰ ਪਹਿਨਣ ਵਾਲਾ ਅੰਗਰੇਜ਼ਾਂ ਦੇ ਇੱਕ ਗੁਲਾਮ ਤੋਂ ਵੱਧ ਕੁੱਝ ਨਹੀਂ।’ (ਪੰਨਾ 29) ਇਸ ਤੇ ਬਹੁਤ ਸਾਰੇ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਆਪਣੇ ਤਗਮੇ, ਵਰਦੀ, ਆਨਰੇਬਲ ਡਿਸਚਾਰਜ ਸਰਟੀਫਿਕੇਟ ਜਲਾ ਦਿੱਤੇ। ਇਸੇ ਭਾਵਨਾ ਦਾ ਪ੍ਰਗਟਾਵਾ ਕਰਦੀ ਇਕ ਗਦਰੀ ਕਵੀ ਦੀ ਕਵਿਤਾ ਦਾ ਟੋਟਾ ਹੈ ਜੋ, ਡਾæ ਹਰੀਸ਼ ਪੁਰੀ ਨੇ ਆਪਣੀ ਪੁਸਤਕ ‘ਗ਼ਦਰ ਲਹਿਰ’ (ਪੰਜਾਬੀ ਅਨੁਵਾਦ) ਦੇ ਪੰਨਾ 172 ‘ਤੇ ਦਿੱਤਾ ਹੈ,
ਸਾਰਾ ਜੱਗ ਸਾਨੂੰ ਮੇਹਣੇ ਮਾਰਦਾ ਹੈ
ਖੂਬ ਰੱਖਣਾ ਵਕਤ ਨੂੰ ਯਾਦ ਸਿੰਘੋ।
ਜਦੋਂ ਸੰਨ ਸਤਵੰਜਾ ਵਿਚ ਗਦਰ ਹੋਇਆ
ਆਇਆ ਪੰਥ ਨੂੰ ਬਹੁਤ ਜ਼ਵਾਲ ਸਿੰਘੋ।
ਅੱਜ ਮੁਲਕ ਆਜ਼ਾਦੀ ‘ਚ ਖੇਡਣਾ ਸੀ
ਕਰਦੇ ਪਿਆਰ ਜੇ ਗਦਰ ਦੇ ਨਾਲ ਸਿੰਘੋ।
ਉਠੋ ਜਲਦੀ ਕਲੰਕ ਦਾ ਦਾਗ ਧੋਈਏ
ਵਾਕ ਗੁਰੂ ਦੇ ਜੇ ਤੁਸਾਂ ਯਾਦ ਸਿੰਘੋ।
ਸ਼ਹੀਦ ਬੱਬਰ ਕਰਮ ਸਿੰਘ ਦੌਲਤਪੁਰ ਜੋ 1907 ਵਿਚ ਕੈਨੇਡਾ ਗਏ ਅਤੇ ਆਪਣੇ ਭਰਾ ਹਰੀ ਸਿੰਘ ਨਾਲ ਐਬਟਸਫੋਰਡ ਰਹਿੰਦੇ ਸਨ, ਭਾਈਚਾਰਕ ਕੰਮਾਂ ਵਿਚ ਵੱਧ ਚੜ੍ਹ ਕੇ ਸੇਵਾ ਕਰਦੇ। ਸੋਹਣ ਸਿੰਘ ਪੂੰਨੀ ਅਨੁਸਾਰ ਕਰਮ ਸਿੰਘ ਸੰਤ ਤੇਜਾ ਸਿੰਘ ਦੀ ਅਗਵਾਈ ਥੱਲੇ ਬਣੀ ‘ਗੁਰੂ ਨਾਨਕ ਮਾਈਨਿੰਗ ਐਂਡ ਟ੍ਰਦਟ ਕੰਪਨੀ’ ਦੇ ਹਿੱਸੇਦਾਰ ਸਨ। ਕੈਨੇਡਾ ਦੇ ਆਜ਼ਾਦ ਵਾਤਾਵਰਨ ਵਿਚ ਸਿਆਸੀ ਜਾਗ੍ਰਿਤੀ ਆਈ ਤੇ ਅਹਿਸਾਸ ਹੋਇਆ ਕਿ ਹਿੰਦੁਸਤਾਨ ਨੂੰ ਆਜ਼ਾਦ ਕਰਾਏ ਬਿਨਾਂ ਬਾਹਰਲੇ ਦੇਸ਼ਾਂ ਵਿਚ ਹਿੰਦੁਸਤਾਨੀਆਂ ਦੀ ਕੋਈ ਇੱਜ਼ਤ ਨਹੀਂ ਹੋ ਸਕਦੀ ਅਤੇ ਹਿੰਦੁਸਤਾਨ ਨੂੰ ਆਜ਼ਾਦ ਸਿਰਫ ਹਥਿਆਰਬੰਦ ਸੰਘਰਸ਼ ਰਾਹੀਂ ਹੀ ਕਰਾਇਆ ਜਾ ਸਕਦਾ ਹੈ। ਅਪ੍ਰੈਲ 1913 ਵਿਚ ਜਦੋਂ ਗਦਰ ਪਾਰਟੀ ਬਣੀ ਤਾਂ ਆਪ ਇਸ ਦੇ ਮੈਂਬਰ ਬਣ ਗਏ। ਗਦਰ ਪਾਰਟੀ ਦੇ ਸੱਦੇ ਤੇ 1914 ਵਿਚ ਭਾਈ ਕਰਮ ਸਿੰਘ ਦੇਸ਼ ਆਜ਼ਾਦ ਕਰਾਉਣ ਲਈ ਹਿੰਦੁਸਤਾਨ ਚਲੇ ਗਏ ਜਿਥੇ ਉਨ੍ਹਾਂ ਨੂੰ ਪਹਿਲਾਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਫਿਰ ਪਿੰਡ ਲਿਜਾ ਕੇ ਜੂਹਬੰਦ ਕਰ ਦਿੱਤਾ ਗਿਆ। ਇਹ ਪਾਬੰਦੀ 1918 ਤੱਕ ਲੱਗੀ ਰਹੀ। ਜੂਹਬੰਦੀ ਹਟਣ ਤੇ ਫੇਰ ਸਰਗਰਮ ਹੋ ਗਏ। (ਪੰਨਾ 121) ਭਾਈ ਕਰਮ ਸਿੰਘ ਦੀ ਕਵਿਤਾ ਦਾ ਨਮੂਨਾ ਦਿੱਤਾ ਹੈ ਜਿਸ ਵਿਚ ਦੇਸ਼ ਨੂੰ ਆਜ਼ਾਦ ਕਰਾਉਣ ਲਈ ਹਿੰਮਤ ਕਰਨ, ਹਥਿਆਰਬੰਦ ਘੋਲ ਸ਼ੁਰੂ ਕਰਨ ਦੀ ਗੱਲ ਕਰਦੇ ਹਨ,
ਕਰਮ ਸਿੰਘ ਹੁਣ ਬੱਬਰ ਦਾ ਰੂਪ ਧਾਰੋ,
ਵੇਲਾ ਆ ਗਿਆ ਧੁਮ ਮਚਾਵਣੇ ਦਾ।

ਹਿੰਮਤ ਧਾਰ ਹੁਣ ਜੰਗ ਕਰ ਸ਼ੁਰੂ ਯਾਰਾ,
ਲੜਨ ਮਰਨ ਤੋਂ ਤੂੰ ਸ਼ਰਮਾ ਨਾਹੀਂ।
‘ਕਰਮ ਸਿੰਘ’ ਵੰਗਾਰਦਾ ਬੱਬਰ ਤੈਨੂੰ,
ਪੈਰ ਜੰਗ ਤੋਂ ਪਿਛਾਂ ਹਟਾ ਨਾਹੀਂ।
ਬੱਬਰ ਕੱਢ ਵਰੰਟ ਤੂੰ ਜ਼ਾਲਮਾਂ ਦੇ,
ਹਥੀਂ ਆਪਣੀ ਦਫਾ ਲਗਾ ਭਾਈ।
ਝੋਲੀਚੁੱਕਾਂ ਖੁਸ਼ਾਮਦੀ ਦੱਲਿਆਂ ਨੂੰ,
ਗ੍ਰਿਫਤਾਰ ਕਰ ਹੁਣ ਮੰਗਾ ਭਾਈ।
‘ਕਰਮ ਸਿੰਘ’ ਕਰਤਾਰ ਦੀ ਓਟ ਲੈ ਕੇ,
ਹੁਣ ਜ਼ਾਲਮਾਂ ਵੰਡੀਆਂ ਪਾ ਭਾਈ।
ਭਾਈ ਕਰਮ ਸਿੰਘ ਦੌਲਤਪੁਰ ਆਪਣੇ ਸਾਥੀਆਂ ਉਦੇ ਸਿੰਘ ਰਾਮਗੜ੍ਹ ਝੁੰਗੀਆਂ, ਬਿਸਨ ਸਿੰਘ ਮਾਂਗਟਾਂ ਤੇ ਮਹਿੰਦਰ ਸਿੰਘ ਪੰਡੋਰੀ, ਗੰਗਾ ਸਿੰਘ ਸਮੇਤ, ਅਨੂਪ ਸਿੰਘ ਦੀ ਮੁਖਬਰੀ ਤੇ ਜੋ ਬਹਾਨਾ ਲਾ ਕੇ ਕਿਸੇ ਹੋਰ ਘਰ ਠਹਿਰਿਆ ਹੋਇਆ ਸੀ, ਕਪੂਰਥਲਾ ਰਿਆਸਤ ਦੇ ਪਿੰਡ ਬਬੇਲੀ ਵਿਚ ਪਹਿਲੀ ਸਤੰਬਰ 1923 ਨੂੰ ਪੁਲਿਸ ਦੇ ਘੇਰੇ ਵਿਚ ਆ ਗਏ। ਅਨੂਪ ਸਿੰਘ ਨੇ ਉਨ੍ਹਾਂ ਦੇ ਝੋਲੇ ਵਿਚੋਂ ਬੰਬ ਵੀ ਖਿਸਕਾ ਲਿਆ ਸੀ। ਪਿੰਡ ਨੂੰ ਬਰਬਾਦ ਹੋਣੋ ਬਚਾਉਣ ਲਈ ਬੱਬਰਾਂ ਨੇ ਪਿੰਡ ਤੋਂ ਬਾਹਰ ਨਿਕਲ ਕੇ ਲੜਨ ਦਾ ਫੈਸਲਾ ਕੀਤਾ। ਕਿਰਪਾਨਾਂ ਸੂਤ ਕੇ ਜੈਕਾਰਾ ਛੱਡਿਆ ਅਤੇ ਪੁਲਿਸ ਦੀ ਟੁਕੜੀ ਤੇ ਹਮਲਾ ਕਰ ਦਿੱਤਾ। ਟੁਕੜੀ ਪਿਛਾਂਹ ਹਟ ਗਈ। ਜਥੇ ਨੇ ਗੁਰਦੁਆਰਾ ਚੌਂਤਾ ਸਾਹਿਬ ਪਹੁੰਚਣ ਲਈ ਪਿੰਡ ਨਾਲ ਵੱਗਦੇ ਚੋਅ ਵਿਚ ਛਾਲਾਂ ਮਾਰ ਦਿੱਤੀਆਂ। ਗੋਲੀ ਲੱਗਣ ਨਾਲ ਭਾਈ ਮਹਿੰਦਰ ਸਿੰਘ ਪੰਡੋਰੀ ਗੰਗਾ ਸਿੰਘ ਚੋਅ ਵਿਚ ਹੀ ਸ਼ਹੀਦੀ ਪਾ ਗਿਆ ਅਤੇ ਬਿਸ਼ਨ ਸਿੰਘ ਮਾਂਗਟਾਂ  ਕੰਢੇ ਤੇ ਪੁੱਜ ਕੇ ਰਸਾਲੇ ਨਾਲ ਮੁਕਾਬਲਾ ਕਰਦਾ ਹੋਇਆ ਸ਼ਹੀਦੀ ਪਾ ਗਿਆ। ਭਾਈ ਕਰਮ ਸਿੰਘ ਕੰਢੇ ਤੋਂ ਥੋੜੀ ਦੂਰ ਇੱਕ ਹੱਥ ਵਿਚ ਕਿਰਪਾਨ ਤੇ ਦੂਜੇ ਵਿਚ ਬੰਦੂਕ ਫੜੀ ਗੋਡੇ ਗੋਡੇ ਪਾਣੀ ਵਿਚ ਖੜ੍ਹੇ ਸਨ ਜਦੋਂ ਫਤਿਹ ਖਾਨ ਨੇ ਹਥਿਆਰ ਸੁੱਟਣ ਲਈ ਕਿਹਾ। ਭਾਈ ਕਰਮ ਸਿੰਘ ਨੇ ਗਰਜਵੀਂ ਆਵਾਜ਼ ਵਿਚ ਜਵਾਬ ਦਿੱਤਾ, “ਸਿੱਖ ਮੈਦਾਨੇ ਜੰਗ ਵਿਚ ਹਥਿਆਰ ਨਹੀਂ ਸੁੱਟਿਆ ਕਰਦਾ। ਮੈਂ ਹਥਿਆਰ ਨਹੀਂ ਸੁੱਟਾਂਗਾ।” ਇਹ ਕਹਿ ਕੇ ਉਨ੍ਹਾਂ ਨੇ ਫਤਿਹ ਖਾਨ ਵੱਲ ਗੋਲੀ ਚਲਾਈ ਪਰ ਨਿਸ਼ਾਨਾ ਉਕ ਗਿਆ। ਫਤਿਹ ਖਾਨ ਨੇ ਨਿਸ਼ਾਨਾ ਸੇਧ ਕੇ ਭਾਈ ਸਾਹਿਬ ਦੇ ਮੱਥੇ ਵਿਚ ਗੋਲੀ ਮਾਰੀ ਅਤੇ ਭਾਈ ਸਾਹਿਬ ਸ਼ਹੀਦ ਹੋ ਗਏ। (ਪੰਨਾ 129-30)
(ਚਲਦਾ)

Be the first to comment

Leave a Reply

Your email address will not be published.