ਬਲਜੀਤ ਬਾਸੀ
ਹਿੰਦੂ ਧਰਮ ਵਿਚ ਮਾਘ ਦੇ ਮਹੀਨੇ ਤੀਰਥ ਇਸ਼ਨਾਨ ਦਾ ਬਹੁਤ ਫਲ ਮੰਨਿਆ ਗਿਆ ਹੈ। ਕੱਤਕ ਦੇ ਮਹੀਨੇ ਹਜ਼ਾਰ ਵਾਰ ਗੰਗਾ ਇਸ਼ਨਾਨ ਕਰਨ ਦਾ ਫਲ ਮਾਘ ਦੇ ਮਹੀਨੇ ਸੌ ਵਾਰ ਇਸ਼ਨਾਨ ਕਰਨ ਦੇ ਬਰਾਬਰ ਹੈ। ਪ੍ਰਯਾਗ ਦੇ ਮੁਖ ਸ਼ਹਿਰ ਇਲਾਹਾਬਾਦ ਵਿਖੇ ਮਾਘ ਦੇ ਮਹੀਨੇ ਵਿਸ਼ਵ ਦਾ ਸਭ ਤੋਂ ਵੱਡਾ ਮੇਲਾ ਲਗਦਾ ਹੈ। ਗੁਰੂ ਰਾਮ ਦਾਸ ਦੀ ਇਸ ਤੁਕ ਤੋਂ ਵੀ ਇਸ ਗੱਲ ਦਾ ਪਤਾ ਲਗਦਾ ਹੈ,
ਮਕਰ ਪ੍ਰਾਗ ਦਾਨ ਬਹੁ ਕੀਆ
ਸਰੀਰੁ ਦੀਓ ਅਧ ਕਾਟਿ॥
ਹਿੰਦੂ ਧਰਮ ਗ੍ਰੰਥਾਂ ਅਨੁਸਾਰ ਸ੍ਰਿਸ਼ਟੀ ਦੇ ਸਿਰਜਣਹਾਰ ਬ੍ਰਹਮਾ ਨੇ ਇਸ ਨੂੰ ਤੀਰਥਾਂ ਦਾ ਰਾਜਾ ਕਿਹਾ ਹੈ। ਬ੍ਰਹਮਾ ਨੇ ਗੰਗਾ, ਜਮਨਾ ਅਤੇ ਸਰਸਵਤੀ ਦਰਿਆਵਾਂ ਦੇ ਸੰਗਮ ਤੇ ਮਹਾਂਯੱਗ ਸੰਪਨ ਕੀਤਾ ਸੀ। ਇਸ ਸੰਗਮ ਦੇ ਕਿਨਾਰੇ ਹੀ ਹਰ ਸਾਲ ਮੇਲਾ ਲਗਦਾ ਹੈ ਜੋ ਮਕਰ ਸੰਕ੍ਰਾਂਤੀ ਤੋਂ ਅਰੰਭ ਹੋ ਕੇ ਸ਼ਿਵਰਾਤਰੀ ਤੱਕ ਚਲਦਾ ਹੈ। ਪ੍ਰਯਾਗ ਵਿਚ ਮਾਘ ਦੇ ਮਹੀਨੇ ਤਿੰਨ ਵਾਰ ਇਸ਼ਨਾਨ ਕਰਨ ਦਾ ਜੋ ਫਲ ਹੈ, ਉਹ ਪ੍ਰਿਥਵੀ ਤੇ ਦਸ ਹਜ਼ਾਰ ਅਸ਼ਵਮੇਧ ਯਗ ਕਰਨ ਨਾਲ ਵੀ ਨਹੀਂ ਮਿਲਦਾ। ਪੁਰਾਣਾਂ ਅਨੁਸਾਰ ਮਾਘ ਦੀ ਕ੍ਰਿਸ਼ਨ ਦੁਆਦਸ਼ੀ ਵੇਲੇ ਯਮ ਨੇ ਤਿਲਾਂ ਦਾ ਨਿਰਮਾਣ ਕੀਤਾ। ਦਸ਼ਰਥ ਨੇ ਇਹ ਬੀਜ ਧਰਤੀ ਤੇ ਲਿਆ ਕੇ ਬੀਜੇ। ਇਸ ਤਰ੍ਹਾਂ ਧਰਤੀ ‘ਤੇ ਤਿਲਾਂ ਦੀ ਸੰਤਾਨ ਹੋਈ। ਹਿੰਦੂ ਧਰਮ ਗ੍ਰੰਥਾਂ ਅਨੁਸਾਰ ਇਸ ਮਹੀਨੇ ਵਰਤ ਰੱਖ ਕੇ ਭਗਵਾਨ ਦੀ ਤਿਲਾਂ ਨਾਲ ਪੂਜਾ ਕਰਨੀ ਚਾਹੀਦੀ ਹੈ, ਤਿਲਾਂ ਦਾ ਹਵਨ ਕਰਨਾ ਚਾਹੀਦਾ ਹੈ, ਤਿਲਾਂ ਦਾ ਦਾਨ ਕਰਨਾ ਚਾਹੀਦਾ ਹੈ ਤੇ ਤਿਲ ਹੀ ਖਾਣੇ ਚਾਹੀਦੇ ਹਨ। ਪੁਰਾਣਾਂ ਵਿਚ ਮਾਘ ਮਹੀਨੇ ਇਸ਼ਨਾਨ ਕਰਨ ਅਤੇ ਤਿਲਾਂ ਦੀ ਵਰਤੋਂ ਦੇ ਮਹਾਤਮ ਸਬੰਧੀ ਬੇਸ਼ੁਮਾਰ ਸ਼ਲੋਕ ਮਿਲਦੇ ਹਨ। ਧਿਆਨਯੋਗ ਗੱਲ ਹੈ ਕਿ ਬ੍ਰਾਹਮਣਾਂ ਨੇ ਹਰ ਮਹੀਨੇ, ਹਰ ਮੌਕੇ ਨਾਲ ਕੋਈ ਨਾ ਕੋਈ ਅਨੁਸ਼ਠਾਨ ਜਾਂ ਮਹਾਤਮ ਜੋੜਿਆ ਹੋਇਆ ਹੈ। ਇਸ ਨਾਲ ਉਨ੍ਹਾਂ ਦਾ ਤੋਰੀ ਫੁਲਕਾ ਖੂਬ ਤੁਰਿਆ ਰਹਿੰਦਾ ਹੈ।
ਸਿੱਖ ਗੁਰੂ ਕਰਮ ਕਾਂਡ ਦੇ ਵਿਸ਼ਵਾਸੀ ਨਹੀਂ ਸਨ। ਇਸ ਲਈ ਉਨ੍ਹਾਂ ਤੀਰਥਾਂ ਦੇ ਫਲਕਾਰੀ ਮਹਾਤਮ ਨੂੰ ਮਾਨਤਾ ਨਹੀਂ ਦਿੱਤੀ। ਗੁਰਬਾਣੀ ਦੀ ਜੁਗਤ ਅਨੁਸਾਰ ਅਜਿਹੇ ਅਨੁਸ਼ਠਾਨਾਂ ਦੇ ਸਮਾਨਾਂਤਰ ਅੰਤਰੀਵ ਗੁਣਾਂ ਤੇ ਜ਼ੋਰ ਦਿੱਤਾ ਜਾਂਦਾ ਹੈ। ਗੁਰੂ ਨਾਨਕ ਦੇ ‘ਬਾਰਾਮਾਹ’ ਵਿਚ ਮਾਘ ਦੇ ਮਹੀਨੇ ਬਾਰੇ ਲਿਖੇ ਪਦਾਂ ਵਿਚ ਇਹ ਭਾਵ ਬੜੇ ਕਲਾਮਈ ਢੰਗ ਨਾਲ ਉਸਾਰਿਆ ਗਿਆ ਹੈ,
ਮਾਘਿ ਪੁਨੀਤ ਭਈ ਤੀਰਥੁ ਅੰਤਰਿ ਜਾਨਿਆ॥
ਸਾਜਨ ਸਹਜਿ ਮਿਲੇ ਗਿਣ ਗਹਿ ਅੰਕ ਸਮਾਨਿਆ॥
ਪ੍ਰੀਤਮ ਗੁਣ ਅੰਕੇ ਸੁਣਿ ਪ੍ਰਭ ਬੰਕੇ ਤੁਧੁ ਭਾਵਾ ਸਰਿ ਨਾਵਾ॥
ਗੰਗ ਜਮਨ ਤਹ ਬੇਣੀ ਸੰਗਮ ਸਾਤ ਸਮੁੰਦ ਸਮਾਵਾ॥
ਪੁੰਨ ਦਾਨ ਪੂਜਾ ਪਰਮੇਸੁਰ ਜੁਗਿ ਜੁਗਿ ਏਕੋ ਜਾਤਾ॥
ਨਾਨਕ ਮਾਘਿ ਮਹਾ ਰਸੁ ਹਰਿ ਜਪਿ ਅਠਸਠਿ ਤੀਰਥ ਨਾਤਾ॥
ਗੁਰੂ ਨਾਨਕ ਦੇਵ ਦੀਆਂ ਏਨੀਆਂ ਖੂਬਸੂਰਤ ਸਤਰਾਂ ਹਨ ਇਹ ਕਿ ਮੈਂ ਤਾਂ ਕਹਿੰਦਾ ਹਾਂ, ਮਾਘ ਮਹੀਨੇ ਇਨ੍ਹਾਂ ਦੇ ਜਾਪ ਦਾ ਹੀ ਕਰੋੜਾਂ ਤੀਰਥਾਂ ਤੋਂ ਵਧ ਮਹਾਤਮ ਹੈ।
ਗੁਰੂ ਅਰਜਨ ਦੇਵ ਨੇ ਹੋਰ ਪਸਾਰ ਦਿੱਤਾ ਹੈ, “ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨ” ਅਰਥਾਤ ਗੁਰਮੁਖਾਂ ਨੂੰ ਇਸ ਮਹੀਨੇ ਸੰਤ ਲੋਕਾਂ ਦੀ ਚਰਨ ਧੂੜ ਦਾ ਹੀ ਇਸ਼ਨਾਨ ਕਰਨਾ ਚਾਹੀਦਾ ਹੈ। ਉਂਜ ਕੁਝ ਹਿੰਦੂ ਸ਼ਾਸਤਰਾਂ ਅਨੁਸਾਰ ਵੀ ਬ੍ਰਾਹਮਣ, ਸਾਧੂ ਆਦਿ ਨੂੰ ਜੰਗਮ ਤੀਰਥ ਮੰਨਿਆ ਗਿਆ ਹੈ। ਤੀਰਥ ਸ਼ਬਦ ‘ਤਰਿ’ ਧਾਤੂ ਤੋਂ ਬਣਿਆ ਹੈ ਜਿਸ ਦਾ ਅਰਥ ਪਾਰ ਕਰਨਾ, ਤੈਰਨਾ, ਉਤਰਨਾ ਆਦਿ ਹੁੰਦਾ ਹੈ। ਅਵਤਾਰ ਸ਼ਬਦ ਇਸੇ ਤੋਂ ਬਣਿਆ, ਜਿਸ ਦਾ ਮੁਢਲਾ ਅਰਥ ਦੇਵਤੇ ਆਦਿ ਦਾ ਧਰਤੀ ‘ਤੇ ਉਤਾਰਾ ਹੈ। ਤਰਲ ਤੇ ਤਰੰਗ ਸ਼ਬਦ ਵੀ ਇਸੇ ਤੋਂ ਬਣੇ। ਤਰੰਗਣੀ ਇਕ ਦਰਿਆ ਦਾ ਨਾਂ ਹੈ। ਭਾਰਤੀ ਨੇਵੀ ਦੇ ਇਕ ਸਿਖਲਾਈ ਸਮੁੰਦਰੀ ਜਹਾਜ਼ ਦਾ ਨਾਂ ਵੀ ਤਰੰਗਣੀ ਰੱਖਿਆ ਗਿਆ ਹੈ। ਤੀਰ ਦਾ ਅਰਥ ਨਦੀ ਦਾ ਕਿਨਾਰਾ, ਘਾਟ ਹੁੰਦਾ ਹੈ, “ਹਜ ਹਮਾਰੀ ਗੋਮਤੀ ਤੀਰ॥” “ਰਾਮ ਨਾਮ ਲਗਿ ਉਤਰੇ ਤੀਰਾ॥” -ਭਗਤ ਕਬੀਰ। ਤੀਰਥ ਦਾ ਮੁਢਲਾ ਭਾਵ ਦਰਿਆ ਆਦਿ ਵੱਲ ਜਾਣਾ, ਤੈਰਨਾ ਹੀ ਸੀ। ਦਰਿਆਵਾ ਦੇ ਕੰਢਿਆਂ ‘ਤੇ ਹੀ ਮਨੁਖੀ ਸਭਿਅਤਾ ਪਲਰੀ। ਪੀਣ ਲਈ ਵੀ ਅਤੇ ਖੇਤੀ ਲਈ ਵੀ ਪਾਣੀ ਦੇ ਮਹਤਵ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ।
ਸਾਰੇ ਭਾਰਤ ਵਿਚ ਮਾਘੀ ਦਾ ਦਿਵਸ ਪ੍ਰਦੇਸ਼ ਵਿਸ਼ੇਸ਼ ਦੇ ਆਪਣੇ ਰਵਾeਤੀ ਢੰਗ ਨਾਲ ਮਨਾਇਆ ਜਾਂਦਾ ਹੈ। ਤਾਮਿਲਨਾਡੂ ਵਿਚ ‘ਪੋਂਗਲ’ ਅਤੇ ਬੰਗਾਲ ਵਿਚ ‘ਮਾਘ ਬੀਹੂ’ ਇਸੇ ਦਿਨ ਦਾ ਜਸ਼ਨ ਹੈ। ਇਕ ਨਜ਼ਰੀਏ ਤੋਂ ਲੋਹੜੀ ਵੀ ਇਸੇ ਤਿਉਹਾਰ ਦੀ ਸ਼ੁਰੂਆਤ ਹੈ ਜੋ ਪੋਹ ਮਹੀਨੇ ਦੇ ਆਖਰੀ ਦਿਨ ਹੁੰਦੀ ਹੈ। ਇਸ ਸੰਕ੍ਰਾਂਤੀ ਦੌਰਾਨ ਤਿਲ, ਚੌਲ, ਗੁੜ, ਰੇੜੀਆਂ, ਮੂੰਗਫਲੀ ਗੱਚਕ ਆਦਿ ਖਾਧੇ ਜਾਂਦੇ ਹਨ। ਨਵੇਂ ਜਨਮੇ ਬੱਚੇ ਦਾ ਜਸ਼ਨ ਵੀ ਸ਼ਾਇਦ ਨਵੀਨਤਾ ਦੇ ਪ੍ਰਵੇਸ਼ ਦਾ ਪ੍ਰਤੀਕ ਹੈ। ਮੁਕਤਸਰ ਵਿਖੇ ਚਾਲੀ ਮੁਕਤਿਆਂ ਨੂੰ ਸਮਰਪਿਤ ਮਾਘੀ ਦਾ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਸ਼ਰਧਾਲੂ ਮੁਕਤਸਰ ਦੇ ਸਰੋਵਰ ਵਿਚ ਇਸ਼ਨਾਨ ਕਰਦੇ ਹਨ। ਮਾਘ ਦਾ ਮਹੀਨਾ ਮਕਰ ਸੰਕ੍ਰਾਂਤੀ ਨਾਲ ਸ਼ੁਰੂ ਹੁੰਦਾ ਹੈ। ਮਕਰ ਮੁਢਲੇ ਤੌਰ ‘ਤੇ ਤਾਂ ਇਕ ਮਿਥਿਹਾਸਕ ਸਮੁੰਦਰੀ ਦੈਂਤ ਦਾ ਨਾਂ ਸੀ ਪਰ ਬਾਅਦ ਵਿਚ ਇਹ ਮਗਰਮੱਛ (ਮਗਰ=ਮਕਰ) ਦੇ ਅਰਥਾਂ ਵਜੋਂ ਰੂੜ ਹੋ ਗਿਆ। ਇਸ ਦਾ ਇਕ ਹੋਰ ਵਿਕਸਿਤ ਅਰਥ ਮਾਘ ਦਾ ਮਹੀਨਾ ਵੀ ਹੈ ਅਰਥਾਤ ਮਕਰ ਸੰਕ੍ਰਾਂਤੀ ਦਾ ਮਹੀਨਾ। “ਮਾਘ ਮਕਰ ਗਤ ਰਵਿ ਜਬ ਹੋਈ। ਤੀਰਥ ਪਤਿਹਿੰ ਆਵ ਸਬ ਕੋਈ।” -ਤੁਲਸੀ ਦਾਸ। ਅਰਥਾਤ ਜਦ ਸੂਰਜ ਮਕਰ ਰਾਸ਼ੀ ਵਿਚ ਪ੍ਰਵੇਸ਼ ਕਰਦਾ ਹੈ ਤਾਂ ਤੀਰਥਪਤੀ (ਪ੍ਰਯਾਗ) ਵਿਚ ਸਾਰੇ ਦੇਵਤੇ ਆ ਜਾਂਦੇ ਹਨ।
ਮਗਰਮੱਛ (ਭਵਸਾਗਰ ਨੂੰ) ਤੈਰਨ ਦਾ ਸੂਚਕ ਹੈ, ਇਕ ਸਥਿਤੀ ਤੋਂ ਦੂਜੀ ਸਥਿਤੀ ਵਿਚ ਜਾ ਵੜਨ ਦਾ ਪ੍ਰਤੀਕ ਹੈ। ਮਕਰ ਰਾਸ਼ੀ ਦਾ ਚਿੰਨ੍ਹ ਵੀ ਮਗਰਮੱਛ ਹੀ ਹੈ। ਅੰਗਰੇਜ਼ੀ ਵਿਚ ਇਸ ਰਾਸ਼ੀ ਦਾ ਨਾਂ ਹੈ ਛਅਪਰਚੋਰਨ ਤੇ ਇਸ ਰਾਸ਼ੀ ਦਾ ਚਿੰਨ ਮੱਛੀ ਵਰਗੀ ਪੂਛ ਅਤੇ ਬੱਕਰੀ ਵਰਗੇ ਧੜ ਵਾਲਾ ਜਾਨਵਰ ਹੈ। ਇਥੇ ਵੀ ਇਸ ਮਿਥਿਕ ਜਾਨਵਰ ਦਾ ਸਬੰਧ ਪਾਣੀ ਨਾਲ ਹੈ। ਦਰਅਸਲ ਸੰਕ੍ਰਾਂਤੀ ਦਾ ਅਰਥ ਹੈ, ਜਿਸ ਦਿਨ ਸੂਰਜ ਨਵੀਂ ਰਾਸ਼ੀ ਵਿਚ ‘ਸੰਕ੍ਰਮਣ’ ਕਰੇ। ਇਸ ਸ਼ਬਦ ਵਿਚ ‘ਸੰ’ ਅਗੇਤਰ ਦਾ ਅਰਥ ‘ਸਹਿਤ’, ‘ਨਾਲ’ ਹੁੰਦਾ ਹੈ। ਅੰਗਰੇਜ਼ੀ ਦੇ ‘ਚੋਨ’ ਜਾਂ ‘ਚੋਮ’ ਇਸ ਦੇ ਸੁਜਾਤੀ ਹਨ। ‘ਕ੍ਰਮਣ’ ਸ਼ਬਦ ‘ਕਰਮ’ ਤੋਂ ਬਣਿਆ ਹੈ ਜੋ ‘ਕਰਨਾ’ ਨਾਲ ਜਾ ਜੁੜਦਾ ਹੈ। ਇਥੇ ਅਰਥ ਅੱਗੇ ਵਧਣ, ਪਿਛਾੜਨ, ਕਦਮ ਰੱਖਣ ਆਦਿ ਦੇ ਕਰਮ ਤੋਂ ਹੈ। ਸੋ ਸੰਕ੍ਰਾਂਤੀ ਦਾ ਮਤਲਬ ਹੋਇਆ ਸੂਰਜ ਦਾ ਅੱਗੇ ਵਧ ਕੇ ਅਗਲੀ ਰਾਸ਼ੀ ਵਿਚ ਕਦਮ ਰੱਖਣਾ। ਮਕਰ ਸੰਕ੍ਰਾਂਤੀ ਦੌਰਾਨ ਸੂਰਜ ਧਨ ਰਾਸ਼ੀ ਤੋਂ ਮਕਰ ਰਾਸ਼ੀ ਵਿਚ ਪ੍ਰਵੇਸ਼ ਕਰਦਾ ਹੈ। ਇਸੇ ਦਿਨ ਸੂਰਜ ਦੀ ਉਤਰਾਇਣ ਗਤੀ ਅਰੰਭ ਹੋ ਜਾਂਦੀ ਹੈ। ਸ਼ਾਸਤਰਾਂ ਅਨੁਸਾਰ ਦੱਖਣਾਇਣ ਦੇਵਤਿਆਂ ਦੀ ਰਾਤ ਅਤੇ ਨਾਕਾਰਾਤਮਕਤਾ ਦਾ ਪ੍ਰਤੀਕ ਅਤੇ ਉਤਰਾਇਣ ਇਸ ਤੋਂ ਉਲਟ ਦੇਵਤਿਆਂ ਦਾ ਦਿਨ ਅਤੇ ਸਕਾਰਾਤਮਕਤਾ ਦਾ ਪ੍ਰਤੀਕ ਹੈ। ਪੰਜਾਬੀ ਸ਼ਬਦ ‘ਸੰਗਰਾਂਦ’ ਇਸੇ ਦਾ ਰੁਪਾਂਤਰ ਹੈ। ਇਨਕਲਾਬ ਦੇ ਅਰਥਾਂ ਵਾਲੀ ‘ਕ੍ਰਾਂਤੀ’ ਵਿਚ ਵੀ ਅਜਿਹਾ ਹੀ ਭਾਵ ਕੰਮ ਕਰ ਰਿਹਾ ਹੈ- ਇਕ ਤਰ੍ਹਾਂ ਦੇ ਰਾਜਸੀ ਪ੍ਰਬੰਧ ਤੋਂ ਦੂਸਰੇ ਪ੍ਰਬੰਧ ਵਿਚ ਵੜਨਾ। ਮਾਘ ਦਾ ਮਹੀਨਾ ਵੀ ਭਾਵੇਂ ਪੋਹ ਜਿੰਨਾ ਹੀ ਸਰਦ ਮੰਨਿਆ ਜਾਂਦਾ ਹੈ ਪਰ ਇਸ ਮਹੀਨੇ ਦੀ ਸੰਗਰਾਂਦ ਤੋਂ ਠੰਡ ਉਤਰਨੀ ਸ਼ੁਰੂ ਹੋ ਜਾਂਦੀ ਹੈ ਅਤੇ ਦਿਨ ਵੱਡੇ ਹੋਣੇ ਸ਼ੁਰੂ ਹੋ ਜਾਂਦੇ ਹਨ। ਮਾਘੀ ਭਾਰਤੀ ਰਵਾਇਤ ਅਨੁਸਾਰ ਵੱਡਾ ਦਿਨ ਹੈ ਭਾਵੇਂ ਵਿਗਿਆਨਕ ਤੌਰ ‘ਤੇ 22/23 ਦਸੰਬਰ ਤੋਂ ਦਿਨ ਵੱਡੇ ਹੋਣੇ ਸ਼ੁਰੂ ਹੁੰਦੇ ਹਨ। ਬਸੰਤ ਪੰਚਮੀ ਇਸੇ ਮਹੀਨੇ ਪੈਂਦੀ ਹੈ। ‘ਆਈ ਬਸੰਤ ਪਾਲਾ ਉਡੰਤ’ ਅਖਾਣ ਤੋਂ ਇਸ ਮਹੀਨੇ ਪਾਲੇ ਦੇ ਘਟਣ ਦੀ ਸਾਖੀ ਮਿਲਦੀ ਹੈ। ਖੇਤਾਂ ਵਿਚ ਸਰੋਂ ਦੇ ਪੀਲੇ ਫੁੱਲਾਂ ਦੀ ਬਹਾਰ ਦੇਖਿਆਂ ਹੀ ਬਣਦੀ ਹੈ। ਅਮਰਜੀਤ ਸਾਥੀ ਦੇ ਇਕ ਹਾਇਕੂ ਵਿਚ ਇਸ ਮਹੀਨੇ ਦੇ ਮੌਸਮ ਦਾ ਵਰਣਨ ਇਸ ਤਰ੍ਹਾਂ ਮਿਲਦਾ ਹੈ,
ਬਦਲ ਰਹੀ ਹੈ ਰੁੱਤ
ਛਾਂ ਵਿਚ ਚੜ੍ਹਦਾ ਪਾਲਾ
ਧੁੱਪੇ ਚੁਭਦੀ ਧੁੱਪ।
ਮਾਘ ਨੂੰ ਕੁਝ ਇਲਾਕਿਆਂ ਵਿਚ ਮਾਹ ਵੀ ਕਿਹਾ ਜਾਂਦਾ ਹੈ। ਇਕ ਕਹਾਵਤ ਹੈ, “ਵੱਸੇ ਪੋਹ ਮਾਹ, ਵਧੇ ਬੂਟੇ ਘਾਹ” ਅਰਥਾਤ ਪੋਹ ਮਾਘ ਵਿਚ ਮੀਂਹ ਪੈਣ ਨਾਲ ਘਾਹ ਛਾਲੀਂ ਉਗ ਪੈਂਦਾ ਹੈ। ਇਸ ਮਹੀਨੇ ਪੈਣ ਵਾਲੇ ਮੀਂਹ ਨੂੰ ਮਹਾਵਾ ਕਿਹਾ ਜਾਂਦਾ ਹੈ ਭਾਵੇਂ ਅੱਜ ਕਲ੍ਹ ਇਹ ਸ਼ਬਦ ਸੁਣਨ ਵਿਚ ਨਹੀਂ ਆਉਂਦਾ। ਮਾਘ ਸ਼ਬਦ ਦਾ ਸਬੰਧ ਮਘਾ ਨਛੱਤਰ ਨਾਲ ਹੈ। ਚੰਦਰਮਾਸ ਦੇ ਹਿਸਾਬ ਨਾਲ ਮਾਘ ਮਹੀਨੇ ਦੀ ਪੁੰਨਿਆ ਸਮੇਂ ਚੰਦ ਮਘਾ ਨਛੱਤਰ ਕੋਲ ਹੁੰਦਾ ਹੈ। ਇਸ ਨਛੱਤਰ ਵਿਚ ਪੰਜ ਤਾਰੇ ਹੁੰਦੇ ਹਨ। ਮਘਾ ਦਾ ਸ਼ਾਬਦਿਕ ਅਰਥ ਉਦਾਰ, ਮਿਹਰਬਾਨ, ਖੁਲ੍ਹੇ ਦਿਲ ਵਾਲਾ ਕੀਤਾ ਜਾਂਦਾ ਹੈ। ਖਿਆਲ ਹੈ ਕਿ ਇਸ ਦਾ ਧਾਤੂ ‘ਮਘ’ ਹੈ ਜਿਸ ਨੇ ਬਦਲ ਕੇ ‘ਮਹ’ ਦਾ ਰੂਪ ਧਾਰ ਲਿਆ। ਦੋਨੋਂ ਸਬੰਧਤ ਧਾਤੂਆਂ ਤੋਂ ਬੇਸ਼ੁਮਾਰ ਸ਼ਬਦ ਨਿਰਮਿਤ ਹੋਏ ਹਨ। ਇਨ੍ਹਾਂ ਦਾ ਅਰਥ ਮਹਾਨ ਹੋਣਾ, ਉਦਾਰ ਹੋਣਾ, ਬਖਸ਼ਸ਼ਾਂ ਕਰਨਾ ਆਦਿ ਹੈ। ਇਸ ਤੋਂ ਵੱਡੇ ਹੋਣ ਦੇ ਅਰਥ ਸਮੋਂਦੇ ਅਨੇਕਾਂ ਸ਼ਬਦ ਬਣੇ ਹਨ। ਸਭ ਤੋਂ ਅਹਿਮ ਸ਼ਬਦ ‘ਮਹਾਨ’ ਤੇ ‘ਮਹਾਂ’ ਇਸੇ ਧਾਤੂ ਦੀ ਉਪਜ ਹਨ। ਕਿਸੇ ਦੀ ਉਸਤਤ ਕਰਨ ਦੇ ਅਰਥਾਂ ਵਾਲਾ ‘ਮਹਿਮਾ’ ਸ਼ਬਦ ਵੀ ਇਸੇ ਤੋਂ ਬਣਿਆ। ਭਾਵ ਕਿਸੇ ਨੂੰ ਸ਼ਬਦਾਂ ਨਾਲ ਹੀ ਮਹਾਨ ਬਣਾ ਦੇਣਾ। ਮੋਨੀਅਰ ਵਿਲੀਅਮਜ਼ ਅਨੁਸਾਰ ਵੱਡੇ ਅਕਾਰ ਕਾਰਨ ‘ਮੱਝ’ ਸ਼ਬਦ ਵੀ ਇਸੇ ਨਾਲ ਜਾ ਜੁੜਦਾ ਹੈ। ਮਹਤ ਸ਼ਬਦ ਵੀ ਇਸੇ ਨਾਲ ਜਾ ਜੁੜਦਾ ਹੈ, “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥” -ਗੁਰੂ ਅੰਗਦ ਦੇਵ।
ਹੋਰ ਬਹੁਤ ਸਾਰੇ ਸ਼ਬਦਾਂ ਦਾ ਜ਼ਿਕਰ ਵੱਖ ਵੱਖ ਲੇਖਾਂ ਵਿਚ ਹੁੰਦਾ ਰਹੇਗਾ। ਗਰੀਕ, ਲਾਤੀਨੀ, ਜਰਮਨ ਅਤੇ ਅੰਗਰੇਜ਼ੀ ਵਿਚ ਇਸ ਦੇ ਬੇਸ਼ੁਮਾਰ ਸ਼ੁਜਾਤੀ ਸ਼ਬਦ ਮਿਲਦੇ ਹਨ। ਉਨ੍ਹਾਂ ਵਿਚੋਂ ਕੁਝ ਇਕ ਦਾ ਨਾਂਮਾਤਰ ਜ਼ਿਕਰ ਕਰਨ ਜਿੰਨਾ ਹੀ ਥਾਂ ਬਚਿਆ ਹੈ। ਸਭ ਵਿਚ ਮਹਾਨ, ਵੱਡੇ ਹੋਣ ਦਾ ਭਾਵ ਹੈ: ਮਅਗਨਟੁਦe, ਮਅਸਟeਰ, ਮਸਿਟeਰ, ਮਅਗਨਅਟe, ਮeਗਅ। ਸਮਝ ਲਓ ਜਿਨ੍ਹਾਂ ਸ਼ਬਦਾਂ ਵਿਚ ਮeਗਅ ਜਾਂ ਮਅਗਨਅ ਲੱਗੇ ਹੋਏ ਹਨ, ਉਨ੍ਹਾਂ ਸ਼ਬਦਾਂ ਦਾ ਇਸ ਧਾਤੂ ਨਾਲ ਸਬੰਧ ਹੈ।
Leave a Reply