ਡਾ. ਗੁਰਨਾਮ ਕੌਰ, ਕੈਨੇਡਾ
ਸਿੱਖ ਧਰਮ ਚਿੰਤਨ ਭਾਵੇਂ ਸੰਸਾਰ ਧਰਮਾਂ ਦੇ ਇਤਿਹਾਸ ਵਿਚ ਉਮਰ ਪੱਖੋਂ ਬਹੁਤ ਪਿੱਛੋਂ ਸ਼ੁਰੂ ਹੋਇਆ ਧਰਮ ਹੈ ਪਰ ਇਹ ਸਰਬ-ਅਲਿੰਗਣਕਾਰੀ ਧਰਮ ਹੈ। ਸਿੱਖ ਧਰਮ ਦੇ ਸਾਰੇ ਮੂਲ ਸਿਧਾਂਤਾਂ ਦਾ ਸ੍ਰੋਤ ਬਾਣੀ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ, ਸਿੱਖਾਂ ਦੇ ਧਾਰਮਿਕ ਗ੍ਰੰਥ ਅਤੇ ਸਰਬ ਸਮਿਆਂ ਵਾਸਤੇ ਸ਼ਬਦ ਗੁਰੂ ਦੇ ਰੂਪ ਵਿਚ ਸੰਕਲਿਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸੰਸਾਰ ਧਰਮ ਗ੍ਰੰਥਾਂ ਦੇ ਸੰਦਰਭ ਵਿਚ ਇੱਕ ਵਿਲੱਖਣ ਧਾਰਮਿਕ ਗ੍ਰੰਥ ਹੈ ਕਿਉਂਕਿ ਇਸ ਦਾ ਸੁਨੇਹਾ ਵਿਸ਼ਵ-ਵਿਆਪੀ ਹੈ ਜੋ ਸਾਰੀਆਂ ਧਾਰਮਿਕ ਅਤੇ ਮਜ੍ਹਬੀ ਹੱਦਾਂ ਤੋਂ ਪਾਰ ਲੰਘ ਜਾਂਦਾ ਹੈ। ਇਸ ਵਿਚ ਛੇ ਸਿੱਖ ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ ਨਾਲ ਮੁਸਲਿਮ ਸੂਫ਼ੀ ਸੰਤਾਂ, ਹਿੰਦੂ ਵੈਸ਼ਨਵ ਭਗਤਾਂ ਅਤੇ ਭੱਟਾਂ ਦੀ ਬਾਣੀ ਵੀ ਸ਼ਾਮਲ ਹੈ, ਜੋ ਦੇਸ਼ ਦੇ ਵੱਖ ਵੱਖ ਹਿੱਸਿਆਂ, ਸਭਿਆਚਾਰਾਂ ਅਤੇ ਬੋਲੀਆਂ ਨਾਲ ਸਬੰਧਤ ਸਨ। ਅਜਿਹਾ ਕਿਸੇ ਹੋਰ ਧਰਮ ਗ੍ਰੰਥ ਦੇ ਸਬੰਧ ਵਿਚ ਨਹੀਂ ਵਾਪਰਿਆ। ਇਹ ਇਕੱਲਾ ਧਰਮ ਗ੍ਰੰਥ ਹੈ ਜਿਸ ਨੂੰ ਇਸ ਦੇ ਸੰਸਥਾਪਕ ਗੁਰੂ ਸਾਹਿਬਾਨ ਨੇ ਆਪਣੇ ਹੱਥੀਂ ਸੰਕਲਿਤ ਕੀਤਾ ਅਤੇ ਗੁਰੂ ਦਾ ਦਰਜ਼ਾ ਬਾਕਾਇਦਾ ਪਰੰਪਰਕ ਰਸਮ ਨਾਲ ਦਿੱਤਾ।
ਸਿੱਖ ਇਲਹਾਮ ਗੁਰੂ ਜੋਤਿ ਅਤੇ ਗੁਰੂ ਜੁਗਤਿ ਰਾਹੀਂ ਗੁਰੂ ਨਾਨਕ ਦੇਵ ਤੋਂ ਗੁਰੂ ਗੋਬਿੰਦ ਸਿੰਘ ਤੱਕ ਇੱਕ ਲਗਾਤਾਰ ਅਮਲ ਹੈ। ਗੁਰੂ ਸਾਹਿਬਾਨ ਨੂੰ ਸਤਿ ਦਾ ਜੋ ਅਨੁਭਵ ਹੋਇਆ, ਉਸ ਨੂੰ ਉਨ੍ਹਾਂ ਨੇ ਆਪਣੀ ਬੋਲੀ ਵਿਚ ਸ਼ਬਦ-ਰੂਪ ਵਿਚ ਪ੍ਰਗਟ ਕੀਤਾ। ਸਿੱਖ ਇਲਹਾਮ ਵਿਚ ਆਪਸੀ ਪ੍ਰੇਮ ਅਤੇ ਸ਼ਾਂਤੀ, ਸਰਬੱਤ ਦਾ ਭਲਾ, ਅਧਿਆਤਮਕ ਅਨੁਭਵ ਦੀ ਸਾਂਝ ਅਰਥਾਤ ਹਰ ਇੱਕ ਦੀ ਅਧਿਆਤਮਕ ਅਨੁਭਵ ਤੱਕ ਪਹੁੰਚ, ਸਾਰੇ ਸੰਸਾਰ ਦਾ ਅਧਿਆਤਮਕ ਉਥਾਨ, ਬਿਨਾ ਕਿਸੇ ਧਰਮ, ਜਾਤਿ, ਨਸਲ, ਵਰਣ, ਜਮਾਤ, ਇਸਤਰੀ/ਪੁਰਸ਼ ਆਦਿ ਦੇ ਵਖਰੇਵੇਂ ਦੇ ਪਰਮਾਤਮ-ਏਕਤਾ ਅਤੇ ਮਾਨਵ-ਏਕਤਾ ਦਾ ਸੁਨੇਹਾ ਦਿੱਤਾ ਗਿਆ ਹੈ। ਗੁਰੂ ਨਾਨਕ ਸਾਹਿਬ ਨੇ ਧਰਮ ਨੂੰ ਨਵੇਂ ਅਰਥ ਦਿੰਦਿਆਂ, ਉਸ ਸਮੇਂ ਹਿੰਦੁਸਤਾਨ ਵਿਚ ਪ੍ਰਚੱਲਤ ਦੋ ਮੁੱਖ ਮਜ੍ਹਬਾਂ ਹਿੰਦੂ ਧਰਮ ਅਤੇ ਇਸਲਾਮ ਦੀ ਨਵੀਂ ਵਿਆਖਿਆ ਕੀਤੀ। ਉਨ੍ਹਾਂ ਨੇ ਧਰਮ ਦੇ ਅਸਲ ਅਰਥ ਸਪੱਸ਼ਟ ਕਰਦਿਆਂ ਧਰਮ ਨੂੰ ਨੈਤਿਕ ਕੀਮਤਾਂ ਨਾਲ ਜੋੜਿਆ ਅਤੇ ਹਰ ਇੱਕ ਲਈ ਆਪੋ-ਆਪਣੇ ਧਰਮ ਵਿਚ ਰਹਿੰਦਿਆਂ ਅਧਿਆਤਮਕ ਅਨੁਭਵ ਦੇ ਦਰਵਾਜ਼ੇ ਖੋਲ੍ਹ ਦਿੱਤੇ। ਮਨੁੱਖ ਮਜ੍ਹਬੀ ਵਖਰੇਵਿਆਂ ਦੀਆਂ ਹੱਦਾਂ ਤੋਂ ਉਤੇ ਉਠ ਕੇ ਅਤੇ ਪਾਰ ਜਾ ਕੇ ਦੂਸਰਿਆਂ ਦਾ ਭਲਾ ਕਰ ਸਕਦਾ ਹੈ ਕਿਉਂਕਿ ਸਾਰੇ ਇਨਸਾਨ ਬਰਾਬਰ ਹਨ ਅਤੇ ਸਭ ਵਿਚ ਉਸ ਇੱਕ ਪਰਮਾਤਮਾ ਦੀ ਜੋਤਿ ਵਿਆਪਕ ਹੈ।
ਇਨ੍ਹਾਂ ਨੁਕਤਿਆਂ ਨੁੰ ਧਿਆਨ ਵਿਚ ਰੱਖਦਿਆਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ‘ਸਰਬੱਤ ਦਾ ਭਲਾ’ ਇੱਕ ਬਹੁਤ ਮਹੱਤਵਪੂਰਨ ਆਦਰਸ਼ ਹੈ ਜੋ ਸਿੱਖ ਧਰਮ ਦੇ ਸਾਹਮਣੇ ਰੱਖਿਆ ਗਿਆ ਅਤੇ ਜਿਸ ਦੀ ਯਾਚਨਾ ਸਿੱਖ ਹਰ ਸਮੇਂ, ਦਿਨ-ਰਾਤ ਅਰਦਾਸ ਕਰਦਿਆਂ ਰੱਬ ਕੋਲੋਂ ਕਰਦਾ ਹੈ। ਸਿੱਖ ਧਰਮ ਚਿੰਤਨ ਅਨੁਸਾਰ ਰੱਬ ਦਿਆਲੂ, ਕ੍ਰਿਪਾਲੂ ਹੈ ਅਤੇ ਹਰ ਇੱਕ ਉਤੇ ਆਪਣੀ ਨਦਰਿ ਕਰਦਾ ਹੈ। ਇਸ ਲਈ ਜਦੋਂ ਵੀ ਅਰਦਾਸ ਕੀਤੀ ਜਾਂਦੀ ਹੈ, ਅੰਤ ਵਿਚ ਰੱਬ ਕੋਲੋਂ “ਨਾਨਕ ਨਾਮ ਚੜ੍ਹਦੀ ਕਲ੍ਹਾ। ਤੇਰੇ ਭਾਣੇ ਸਰਬੱਤ ਦਾ ਭਲਾ” ਮੰਗਿਆ ਜਾਂਦਾ ਹੈ। ਇਥੋਂ ਹੀ ‘ਸਭੈ ਸਾਝੀਵਾਲ ਸਦਾਇਨ’ (ਯੂਨੀਵਰਸਲ ਬ੍ਰਦਰਹੁਡ) ਦਾ ਸੰਕਲਪ ਸ਼ੁਰੂ ਹੁੰਦਾ ਹੈ। ਸਿੱਖ ਧਰਮ ਚਿੰਤਨ ਦਾ ਅਰਦਾਸ ਦਾ ਇਹ ਬਹੁਤ ਹੀ ਵਿਲੱਖਣ ਸੰਕਲਪ ਹੈ ਜਿਹੜਾ ਹੋਰ ਧਰਮਾਂ ਜਿਵੇਂ ਯਹੂਦੀ, ਈਸਾਈ ਅਤੇ ਇਸਲਾਮ, ਜਿਨ੍ਹਾਂ ਦਾ ਇੱਕ ਰੱਬ ਵਿਚ ਵਿਸ਼ਵਾਸ ਹੈ ਅਤੇ ਉਸ ਅੱਗੇ ਅਰਦਾਸ ਕਰਦੇ ਹਨ, ਵਿਚ ਨਹੀਂ ਮਿਲਦਾ। ਹੋਰ ਧਰਮਾਂ ਵਿਚ ਜੇ ਕਿਸੇ ਲਈ ਮੰਗਿਆ ਜਾਂਦਾ ਹੈ ਤਾਂ ਵੱਧ ਤੋਂ ਵੱਧ ਆਪਣੇ ਧਰਮ ਨੂੰ ਮੰਨਣ ਵਾਲਿਆਂ ਜਾਂ ਆਪਣੇ ਭਾਈਚਾਰੇ ਲਈ ਮੰਗਿਆ ਜਾਂਦਾ ਹੈ। ਸਿੱਖ ਧਰਮ ਵਿਚ ਇਹ ਸਾਰੀ ਮਨੁੱਖਤਾ ਲਈ ਹੈ ਕਿਉਂਕਿ ਉਸ ਇੱਕ ਨੇ ਹੀ ਸਭ ਨੂੰ ਪੈਦਾ ਕੀਤਾ ਹੈ ਅਤੇ ਸਾਰੇ ਉਸ ਇੱਕੋ ਰੱਬੀ ਜੋਤਿ ਨਾਲ ਰੌਸ਼ਨ ਹਨ। ਫਿਰ ਇਹ ਕਿਵੇਂ ਸੰਭਵ ਹੈ ਕਿ ਸਿਰਫ ਕੁੱਝ ਚੁਣੇ ਹੋਏ ਲੋਕਾਂ ਦੀ ਬਿਹਤਰੀ ਲਈ ਅਰਦਾਸ ਕੀਤੀ ਜਾਵੇ ਜਦ ਕਿ ਉਸ ਦੀ ਕਿਰਪਾ ਹਰ ਇੱਕ ਲਈ ਹੈ। ਗੁਰੂ ਨਾਨਕ ਸਾਹਿਬ ਅਨੁਸਾਰ ਅਰਦਾਸ ਦਾ ਸੁਣਿਆ ਜਾਣਾ ਅਤੇ ਕਬੂਲ ਹੋਣਾ ਅਕਾਲ ਪੁਰਖ ਦੀ ਨਦਰਿ ‘ਤੇ ਨਿਰਭਰ ਕਰਦਾ ਹੈ। ਸਿੱਖ ਧਰਮ ਚਿੰਤਨ ਅਨੁਸਾਰ ਇਕੱਠੇ ਹੋ ਕੇ ਨਾਮ ਜਪਣਾ ਅਤੇ ਅਰਦਾਸ ਕਰਨਾ ਬਹੁਤ ਮਹੱਤਵਪੂਰਨ ਮੰਨਿਆ ਗਿਆ ਹੈ ਜਿਥੇ ਸਾਰੇ ਇਕੱਠੇ ਹੋ ਕੇ ਅਕਾਲ ਪੁਰਖ ਦੀ ਪ੍ਰਾਪਤੀ ਲਈ ਯਤਨਸ਼ੀਲ ਹੁੰਦੇ ਹਨ। ਇਸ ਤਰ੍ਹਾਂ ਸਿੱਖ ਧਰਮ ਚਿੰਤਨ ਵਿਚ ਸਰਬ ਸਾਂਝੀਵਾਲਤਾ ਦੇ ਸਿਧਾਂਤ ਨੁੰ ਸਮਝਣਾ ਆਪਣੇ ਆਪ ਵਿਚ ਰੌਚਕ ਤੱਥ ਹੈ।
ਸਿੱਖ ਧਰਮ ਚਿੰਤਨ ਅਨੁਸਾਰ ਮਨੁੱਖ ਨਾਮ ਸਿਮਰਨ ਰਾਹੀਂ ਪਰਮਾਤਮਾ ਨਾਲ ਇੱਕਸੁਰਤਾ ਪ੍ਰਾਪਤ ਕਰ ਸਕਦਾ ਹੈ। ਗੁਰੂ ਸਾਹਿਬ ਨੇ ਪਰਮਾਤਮਾ ਨਾਲ ਇੱਕਸੁਰਤਾ ਰਾਹੀਂ ਸਤਿ ਦਾ ਸਿੱਧਾ ਅਨੁਭਵ ਕੀਤਾ ਅਤੇ ਫਿਰ ਇਸ ਅਨੁਭਵ ਨੁੰ ਆਪਣੀ ਬੋਲੀ ਰਾਹੀਂ ਪ੍ਰਗਟ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਪ੍ਰਾਪਤ ਗਿਆਨ ਅਕਾਲ ਪੁਰਖ ਵੱਲੋਂ ਬਖਸ਼ਿਸ ਕੀਤਾ ਗਿਆਨ ਮੰਨਿਆ ਗਿਆ ਹੈ। ਬਾਣੀ ਗੁਰੂ ਸਾਹਿਬਾਨ ਵੱਲੋਂ ਪ੍ਰਾਪਤ ਪਰਮਾਤਮ-ਅਨੁਭਵ ਦਾ ਪ੍ਰਕਾਸ਼ਨ ਹੈ। ਗੁਰੂ ਸਾਹਿਬ ਦੇ ਸਤਿ ਦੇ ਇਸ ਅਨੁਭਵ ਬਾਰੇ ਸੰਕੇਤ ਗੁਰੂ ਸਾਹਿਬ ਵੱਲੋਂ ਕੀਤੇ ਮਿਲ ਜਾਂਦੇ ਹਨ। ਇਸ ਕਿਸਮ ਦੇ ਸੰਕੇਤ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ, ਜਨਮ ਸਾਖੀਆਂ ਅਤੇ ਸਿੱਖ ਧਰਮ ਦੇ ਪਹਿਲੇ ਮਹਾਨ ਚਿੰਤਕ ਭਾਈ ਗੁਰਦਾਸ ਦੀਆਂ ਰਚਨਾਵਾਂ, ਖਾਸ ਕਰਕੇ ਉਨ੍ਹਾਂ ਦੀਆਂ ਵਾਰਾਂ ਵਿਚ ਮਿਲ ਜਾਂਦੇ ਹਨ। ਜਨਮਸਾਖੀਆਂ ਵਿਚ ਸੁਲਤਾਨਪੁਰ ਲੋਧੀ ਵਿਖੇ ‘ਵੇਈਂ ਨਦੀ ਪ੍ਰਵੇਸ਼’ ਵਾਲੀ ਘਟਨਾ ਦਾ ਜ਼ਿਕਰ ਮਿਲਦਾ ਹੈ। ਇਸ ਵਿਚ ਦੱਸਿਆ ਹੈ ਕਿ ਗੁਰੂ ਨਾਨਕ ਸਾਹਿਬ ਦੀ ਸੁਰਤਿ ਤਿੰਨ ਦਿਨ ਤੱਕ ਵੇਈਂ ਨਦੀ ਵਿਚ ਪਰਮਾਤਮ-ਭਗਤੀ ਵਿਚ ਲੀਨ ਰਹੀ, ਉਹ ਸੱਚੇ ਦਰਬਾਰ ਵਿਚ ਹਾਜ਼ਰ ਹੋਏ। ਤੀਸਰੇ ਦਿਨ ਜਦੋਂ ਉਹ ਨਦੀ ਤੋਂ ਬਾਹਰ ਆਏ ਤਾਂ ਐਲਾਨ ਕੀਤਾ, “ਨ ਕੋ ਹਿੰਦੂ ਨ ਮੁਸਲਮਾਨ” ਜਿਸ ਦਾ ਅਰਥ ਹੈ ਕਿ ਮਨੁੱਖ ਨੂੰ ਧਰਮ ਦੇ ਨਾਮ ‘ਤੇ ਵੰਡਿਆ ਨਹੀਂ ਜਾ ਸਕਦਾ। ਕੁੱਝ ਵਿਦਵਾਨਾਂ ਨੇ ਇਸ ਦਾ ਅਰਥ ‘ਤੀਸਰ ਪੰਥ’ ਵਜੋਂ ਵੀ ਕੀਤਾ ਹੈ ਪਰ ਇਹ ਅਰਥ ਸਹੀ ਨਹੀਂ ਜਾਪਦੇ। ਜੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਧਿਆਨ ਨਾਲ ਡੂੰਘਾ ਅਧਿਐਨ ਕਰੀਏ ਤਾਂ ਅਸੀਂ ਦੇਖ ਸਕਦੇ ਹਾਂ ਕਿ ਗੁਰੂ ਸਾਹਿਬਾਨ ਅਨੁਸਾਰ ਮਨੁੱਖ ਨੂੰ ਧਰਮ, ਨਸਲ, ਜ਼ਾਤਿ, ਰੰਗ, ਜਮਾਤ, ਇਸਤਰੀ/ਪੁਰਸ਼ ਦੇ ਆਧਾਰ ‘ਤੇ ਵੰਡਿਆ ਨਹੀਂ ਜਾ ਸਕਦਾ ਕਿਉਂਕਿ ਸਾਰੇ ਮਨੁੱਖਾਂ ਵਿਚ ਉਸੇ ਇੱਕ ਦੈਵੀ ਜੋਤਿ ਦਾ ਅੰਸ਼ ਹੈ। ਭਾਈ ਗੁਰਦਾਸ ਨੇ ਆਪਣੀ ਲਿਖਤ ‘ਵਾਰਾਂ’ ਵਿਚ ਇਸ ਘਟਨਾ ਦਾ ਰਹੱਸਮਈ ਜ਼ਿਕਰ ਕੀਤਾ ਹੈ। ਭਾਈ ਸਾਹਿਬ ਅਨੁਸਾਰ ਪਹਿਲਾਂ ਬਾਬੇ ਨੇ ਵਾਹਿਗੁਰੂ ਦੀ ਬਖਸ਼ਿਸ਼ ਪ੍ਰਾਪਤ ਕੀਤੀ ਫਿਰ ਉਨ੍ਹਾਂ ਨੇ ਮਨੁੱਖਤਾ ਦੇ ਉਧਾਰ ਲਈ ਜੀਵਨ ਦੀ ਸਖਤ ਘਾਲਣਾ ਘਾਲੀ। ਸਧਾਰਨ ਭੋਜਨ ਕਰਦੇ ਅਤੇ ਰੋੜਾਂ ‘ਤੇ ਸੌਂਦੇ ਹੋਏ ਪਰਮਾਤਮਾ ਦੇ ਨਾਮ ਦੀ ਸਮਾਧੀ ਵਿਚ ਲੀਨ ਰਹੇ। ਉਨ੍ਹਾਂ ਤੇ ਪਰਮਾਤਮਾ ਦੀ ਨਦਰਿ ਹੋਈ ਅਤੇ ਨੌ ਨਿਧੀਆਂ ਦਾ ਉਪਹਾਰ ਪ੍ਰਾਪਤ ਕੀਤਾ,
ਪਹਿਲਾ ਬਾਬੇ ਪਾਯਾ ਬਖਸੁ ਦਰਿ
ਪਿਛੋ ਦੇ ਫਿਰਿ ਘਾਲਿ ਕਮਾਈ।
ਰੇਤੁ ਅੱਕੁ ਆਹਾਰੁ ਕਰਿ
ਰੋੜਾ ਕੀ ਗੁਰ ਕੀਅ ਵਿਛਾਈ।
ਭਾਰੀ ਕਰੀ ਤਪਸਿਆ
ਵਡੇ ਭਾਗਿ ਹਰਿ ਸਿਉ ਬਣਿ ਆਈ।
ਬਾਬਾ ਪੈਧਾ ਸਚਿ ਖੰਡਿ
ਨਉ ਨਿਧਿ ਨਾਮੁ ਗਰੀਬੀ ਪਾਈ।
ਬਾਬਾ ਦੇਖੈ ਧਿਆਨੁ ਧਰਿ
ਜਲਤੀ ਸਭਿ ਪ੍ਰਿਥਵੀ ਦਿਸਿ ਆਈ।
ਬਾਝੁ ਗੁਰੂ ਗੁਬਾਰੁ ਹੈ
ਹੈ ਹੈ ਕਰਦੀ ਸੁਣੀ ਲੁਕਾਈ।
ਬਾਬੇ ਭੇਖ ਬਣਾਇਆ
ਉਦਾਸੀ ਕੀ ਰੀਤਿ ਚਲਾਈ।
ਚੜ੍ਹਿਆ ਸੋਧਣਿ ਧਰਤਿ ਲੁਕਾਈ॥24॥
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਵੀ ਇਸ ਕਿਸਮ ਦੇ ਹਵਾਲੇ ਮਿਲਦੇ ਹਨ। ਰਾਗ ਮਾਝ ਵਿਚ ਰਚੀ ਵਾਰ ਦੀ ਛੱਬੀਵੀਂ ਪਉੜੀ ਵਿਚ ਪਹਿਲਾਂ ਗੁਰੂ ਨਾਨਕ ਫਰਮਾਉਂਦੇ ਹਨ ਕਿ ਹੇ ਅਕਾਲ ਪੁਰਖ ਮੈਂ ਤੈਨੂੰ ਸਦਾ ‘ਸੁਬਹਾਨ’ ਆਖ ਆਖ ਕੇ ਵਡਿਆਉਂਦਾ ਹਾਂ। ਤੂੰ ਸਦੀਵੀ ਰਹਿਣ ਵਾਲਾ ਮਾਲਕ ਹੈਂ, ਬਾਕੀ ਸਾਰੇ ਜੀਵ ਤਾਂ ਸੰਸਾਰ ‘ਤੇ ਜੰਮਦੇ ਅਤੇ ਮਰਦੇ ਰਹਿੰਦੇ ਹਨ। ਜਿਹੜੇ ਜੀਵ ਪਰਮਾਤਮਾ ਤੋਂ ਉਸ ਦੇ ਨਾਮ ਦਾ ਸੱਚਾ ਦਾਨ ਮੰਗਦੇ ਹਨ, ਉਹ ਉਸ ਵਰਗੇ ਹੀ ਹੋ ਜਾਂਦੇ ਹਨ। ਉਸ ਦਾ ਹੁਕਮ ਸ਼ਬਦ ਦੀ ਬਰਕਤਿ ਨਾਲ ਉਨ੍ਹਾਂ ਨੁੰ ਮਿੱਠਾ ਲੱਗਦਾ ਹੈ। ਉਸ ਦਾ ਹੁਕਮ ਮੰਨਣ ਨਾਲ ਉਨ੍ਹਾਂ ਨੂੰ ਪਰਮਾਤਮਾ ਦੀ ਅਸਲੀਅਤ ਦੀ ਸਮਝ ਲੱਗਦੀ ਹੈ ਅਤੇ ਅਕਾਲ ਪੁਰਖ ਕੋਲੋਂ ਉਚੀ ਟਿੱਕੀ ਹੋਈ ਸੁਰਤਿ ਪ੍ਰਾਪਤ ਹੁੰਦੀ ਹੈ। ਉਸ ਦੀ ਮਿਹਰ ਸਦਕਾ ਉਨ੍ਹਾਂ ਦੇ ਮੱਥੇ ‘ਤੇ ਸੁਹਣਾ ਲੇਖ ਲਿਖਿਆ ਜਾਂਦਾ ਹੈ ਜਿਸ ਨੂੰ ਕੋਈ ਮਿਟਾ ਨਹੀਂ ਸਕਦਾ। ਗੁਰੂ ਨਾਨਕ ਇਸੇ ਵਾਰ ਦੀ ਆਖ਼ਰੀ ਸਤਾਈਵੀਂ ਪਉੜੀ ਵਿਚ ਉਪਰ ਦਿੱਤੇ ਤੱਥ ਦਾ ਜ਼ਿਕਰ ਕਰਦੇ ਹਨ ਕਿ ਮੈਂ ਵਿਹਲਾ ਸੀ, ਮੈਨੂੰ ਅਕਾਲ ਪੁਰਖ ਨੇ ਆਪਣੇ ਨਾਮ ਦਾ ਢਾਡੀ ਬਣਾ ਕੇ ਅਸਲ ਕੰਮ ਵਿਚ ਲਾ ਦਿੱਤਾ। ਅਕਾਲ ਪੁਰਖ ਨੇ ਹੁਕਮ ਕਰ ਦਿੱਤਾ ਕਿ ਭਾਵੇਂ ਦਿਨ ਹੋਵੇ ਭਾਵੇਂ ਰਾਤ, ਉਸ ਦਾ ਜਸ ਕਰਾਂ। ਮੈਨੂੰ ਢਾਡੀ ਨੂੰ, ਜਦੋਂ ਮੈਂ ਉਸ ਦੀ ਸਿਫ਼ਤਿ-ਸਾਲਾਹ ਵਿਚ ਲੱਗਿਆ, ਅਕਾਲ ਪੁਰਖ ਨੇ ਆਪਣੇ ਸੱਚੇ ਮਹਿਲ ਵਿਚ ਆਪਣੀ ਹਜ਼ੂਰੀ ਵਿਚ ਬੁਲਾਇਆ ਅਤੇ ਆਪਣੀ ਸੱਚੀ ਸਿਫ਼ਤਿ-ਰੂਪੀ ਸਿਰੋਪਾਉ ਬਖਸ਼ਿਸ਼ ਕੀਤਾ। ਸਦੀਵੀ ਰਹਿਣ ਵਾਲਾ ਆਤਮਕ ਜੀਵਨ ਦੇਣ ਵਾਲਾ ਅੰਮ੍ਰਿਤ ਨਾਮ-ਰੂਪੀ ਸੱਚਾ ਭੋਜਨ ਮੈਨੂੰ ਮੇਰੀ ਆਤਮਾ ਲਈ ਪ੍ਰਾਪਤ ਹੋਇਆ। ਜਿਸ ਜਿਸ ਮਨੁੱਖ ਨੇ ਵੀ ਗੁਰੂ ਦੀ ਸਿੱਖਿਆ ‘ਤੇ ਚੱਲ ਕੇ ਇਸ ਭੋਜਨ ਨੂੰ ਰੱਜ ਕੇ ਖਾਧਾ ਹੈ, ਉਸ ਨੇ ਸੁੱਖ ਪਾਇਆ ਹੈ, ਆਤਮਕ ਅਨੰਦ ਪ੍ਰਾਪਤ ਕੀਤਾ ਹੈ। ਮੈਂ ਢਾਡੀ ਵੀ ਜਿਉਂ ਜਿਉਂ ਉਸ ਸੱਚੇ ਦੀ ਸਿਫ਼ਤਿ ਸਾਲਾਹ ਦਾ ਗੀਤ ਗਾਉਂਦਾ ਹਾਂ, ਅਕਾਲ ਪੁਰਖ ਦੇ ਦਰ ਤੋਂ ਮਿਲੇ ਇਸ ਨਾਮ-ਰੂਪੀ ਭੋਜਨ ਨੂੰ ਛਕਦਾ ਹਾਂ, ਨਾਮ ਦਾ ਅਨੰਦ ਮਾਣਦਾ ਹਾਂ। ਗੁਰੂ ਸਾਹਿਬ ਕਹਿੰਦੇ ਹਨ ਕਿ ਸੱਚੇ ਅਕਾਲ ਪੁਰਖ ਦੀ ਸਿਫ਼ਤਿ ਸਾਲਾਹ ਕਰਕੇ ਉਸ ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ,
ਹਉ ਢਾਢੀ ਵੇਕਾਰੁ ਕਾਰੈ ਲਾਇਆ॥
ਰਾਤਿ ਦਿਹੈ ਕੈ ਵਾਰ ਧੁਰਹੁ ਫੁਰਮਾਇਆ॥
ਢਾਢੀ ਸਚੈ ਮਹਲਿ ਖਸਮਿ ਬੁਲਾਇਆ॥
ਸਚੀ ਸਿਫਤਿ ਸਾਲਾਹ ਕਪੜਾ ਪਾਇਆ॥
ਸਚਾ ਅੰਮ੍ਰਿਤ ਨਾਮੁ ਭੋਜਨੁ ਆਇਆ॥
ਗੁਰਮਤੀ ਖਾਧਾ ਰਜਿ ਤਿਨਿ ਸੁਖੁ ਪਾਇਆ॥
ਢਾਢੀ ਕਰੇ ਪਸਾਉ ਸਬਦੁ ਵਜਾਇਆ॥
ਨਾਨਕੁ ਸਚੁ ਸਾਲਾਹਿ ਪੂਰਾ ਪਾਇਆ॥ (ਪੰਨਾ 150)
ਜਪੁਜੀ ਵਿਚ ਦੱਸਿਆ ਹੈ ਕਿ ਉਹ ਪਰਮਾਤਮਾ ਇੱਕੋ-ਇੱਕ ਸਰਬ-ਵਿਆਪਕ ਸ਼ਕਤੀ ਹੈ ਜਿਸ ਦੀ ਹੋਂਦ ਹੈ, ਉਹ ਇਸ ਬ੍ਰਹਿਮੰਡ ਨੂੰ ਰਚਣ ਵਾਲਾ ਹੈ। ਉਸ ਨੂੰ ਕਿਸੇ ਤੋਂ ਭੈ ਨਹੀਂ (ਕਿਉਂਕਿ ਉਸ ਦੇ ਬਰਾਬਰ ਹੋਰ ਕੋਈ ਹਸਤੀ ਨਹੀਂ), ਉਹ ਵੈਰ ਤੋਂ ਵੀ ਰਹਿਤ ਹੈ ਅਤੇ ਇੱਕ-ਰਸ ਵਿਆਪਕ ਹੈ। ਉਹ ਸਮਂੇ ਵਿਚ ਨਹੀਂ ਹੈ ਪਰ ਇਹ ਬ੍ਰਹਿਮੰਡ ਉਸ ਦਾ ਪ੍ਰਗਟ ਸਰੂਪ ਹੈ। ਉਹ ਜਨਮ ਅਤੇ ਮਰਨ ਵਿਚ ਨਹੀਂ ਆਉਂਦਾ। ਉਹ ਆਪਣੇ ਆਪ ਤੋਂ ਹੈ ਅਰਥਾਤ ਉਸ ਨੂੰ ਪੈਦਾ ਕਰਨ ਵਾਲਾ ਕੋਈ ਨਹੀਂ ਹੈ। ਉਸ ਨੂੰ ਗੁਰੂ ਦੀ ਕਿਰਪਾ ਰਾਹੀਂ ਪਾ ਸਕੀਦਾ ਹੈ। ਅੱਗੇ ਦੱਸਿਆ ਹੈ ਕਿ ਉਹ ਸਤਿ ਪੁਰਸ਼ ਸ੍ਰਿਸ਼ਟੀ ਦੇ ਆਦਿ ਵਿਚ ਵੀ ਸੀ, ਜੁਗਾਂ ਦੇ ਅਰੰਭ ਤੋਂ ਪਹਿਲਾਂ ਵੀ ਸੀ ਅਤੇ ਜੁਗਾਂ ਵਿਚ ਵੀ ਸੀ ਅਤੇ ਸਦੀਵੀ ਰਹੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇਹ ਬੁਨਿਆਦੀ ਸਿਧਾਂਤ ਹੈ ਕਿ ਉਹ ਅਕਾਲ ਪੁਰਖ ਹੀ ਇੱਕੋ-ਇੱਕ ਪਰਮ ਸਤਿ ਹੈ ਜੋ ਸਾਨੂੰ ਪੈਦਾ ਕਰਨ ਵਾਲਾ, ਸਾਡਾ ਮਾਲਕ ਹੈ ਅਤੇ ਉਸ ਦੀ ਰਚਨਾ ਹੋਣ ਕਰਕੇ ਮਨੁੱਖ ਦਾ ਉਦੇਸ਼ ਉਸ ਨਾਲ ਇੱਕ-ਸੁਰ ਹੋਣਾ, ਉਸ ਦੀ ਮਿਹਰ ਦੇ ਪਾਤਰ ਬਣਨਾ ਹੈ। ਉਹ ਇੱਕੋ-ਇੱਕ ਸੱਚਾਈ ਹੈ, ਬਾਕੀ ਸਾਰਾ ਸੰਸਾਰ ਉਸ ਦੀ ਰਚਨਾ ਹੈ। ਉਹ ਇਸ ਬ੍ਰਹਿਮੰਡ ਦਾ ਪੈਦਾ ਕਰਨ ਵਾਲਾ ਅਤੇ ਇਸ ਸਾਰੇ ਪਾਸਾਰੇ ਦਾ ਆਧਾਰ ਹੈ। ਉਹ ਆਪਣੇ ਆਪ ਨੂੰ ਆਪਣੀ ਕੁਦਰਤਿ ਅਤੇ ਹੁਕਮ ਰਾਹੀਂ ਪ੍ਰਗਟ ਕਰਦਾ ਹੈ। ਗੁਰਬਾਣੀ ਅਨੁਸਾਰ ਆਪਣੀ ਕੁਦਰਤਿ ਨੁੰ ਸਾਜਦਾ ਵੀ ਹੈ, ਇਸ ਦੀ ਦੇਖ-ਰੇਖ ਕਰਦਾ ਹੈ ਅਤੇ ਇਸ ਦੀ ਸੰਭਾਲ ਵੀ ਕਰਦਾ ਹੈ। ਇਸ ਦਾ ਕਾਰਨ ਕੀ ਹੈ, ਉਹ ਆਪ ਹੀ ਜਾਣਦਾ ਹੈ। ਉਹ ਸ਼ਬਦ-ਰੂਪ ਹੋ ਕੇ ਸਭ ਵਿਚ ਵਸਿਆ ਹੋਇਆ ਹੈ। ਉਹ ਆਪਣੀ ਰਚਨਾ ਵਿਚ ਵਿਆਪਕ ਹੈ। ਗੁਰੂ ਨਾਨਕ ਸਾਹਿਬ ਨੇ ਕੁਦਰਤਿ ਨਾਲ ‘ਪਸਾਉ, ਕਰੇ, ਪਾਸਾ ਢਾਲਿ, ਸਾਜਿਓ, ਵਸਿਆ’ ਆਦਿ ਸ਼ਬਦਾਂ ਦਾ ਇਸਤੇਮਾਲ ਕੀਤਾ ਹੈ। ਇਸ ਤੋਂ ਪਤਾ ਲਗਦਾ ਹੈ ਕਿ ਉਸ ਅਕਾਲ ਪੁਰਖ ਦੀ ਰਚਨਾ ਉਸ ਦੇ ਆਪੇ ਦਾ ਪਾਸਾਰ, ਫੈਲਾਓ ਹੈ (ਪਸਾਉ), ਚੰਗੀ ਤਰ੍ਹਾਂ ਸੋਚੀ ਸਮਝੀ (ਪਾਸਾ ਢਾਲਿ), ਸੁਹਣੀ ਅਤੇ ਨਿਯਮਤ (ਸਾਜਿ, ਸਾਜਿਉ), ਅਤੇ ਉਹ ਇਸ ਵਿਚ ਵਿਆਪਕ ਹੈ (ਵਸਿਆ)। ਸਿੱਖ ਧਰਮ ਚਿੰਤਨ ਵਿਚ ਕਰਤਾ ਪੁਰਖ ਅਤੇ ਉਸ ਦੀ ਰਚਨਾ ਦਾ ਰਿਸ਼ਤਾ ਬੜਾ ਵਿਲੱਖਣ ਹੈ। ਕਰਤਾ ਪੁਰਖ ਅਤੇ ਰਚਨਾ ਦਾ ਮੂਲ ਇੱਕੋ ਹੈ। ਇਹ ‘ਦੂਈ’ ਜਾਂ ਦਵੈਤ ‘ਵੱਖਰਤਾ’ ਨਹੀਂ, ਸਗੋਂ ‘ਸਮਰੂਪਤਾ’, ਇਕਤਵਤਾ (ਸੇਮਨੈਸ) ਦਾ ਹੈ। ਗੁਰੂ ਨਾਨਕ ਇਸ ਰਿਸ਼ਤੇ ਬਾਰੇ ਫਰਮਾਉਂਦੇ ਹਨ ਕਿ ਉਸ ਦੀ ਜੋਤਿ ਸਭ ਵਿਚ ਵਿਆਪਕ ਹੈ। ਸਾਰੀ ਰਚਨਾ ਉਸ ਦੀ ਸੁਗੰਧੀ ਨਾਲ ਸੁਗੰਧਤ ਹੈ। ਹਰ ਇੱਕ ਉਸ ਦੀ ਰੌਸ਼ਨੀ ਨਾਲ ਰੌਸ਼ਨ ਹੈ ਇਸ ਤੱਥ ਦੀ ਸਮਝ ਗੁਰੂ ਤੋਂ ਆਉਂਦੀ ਹੈ, ਗੁਰੂ ਦੇ ਸ਼ਬਦ ਰਾਹੀਂ ਇਸ ਦਾ ਅਨੁਭਵ ਹੁੰਦਾ ਹੈ,
ਸਭ ਮਹਿ ਜੋਤਿ ਜੋਤਿ ਹੈ ਸੋਇ॥
ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥
ਗੁਰ ਸਾਖੀ ਜੋਤਿ ਪਰਗਟੁ ਹੋਇ॥
ਜੋ ਤਿਸੁ ਭਾਵੈ ਸੁ ਆਰਤੀ ਹੋਇ॥3॥ (ਪੰਨਾ 13)
ਗੁਰੂ ਅਮਰਦਾਸ ਫਰਮਾਉਂਦੇ ਹਨ ਕਿ ਜੇ ਪਰਮਾਤਮਾ ਆਪਣੀ ਜੋਤਿ ਮਨੁੱਖ ਦੇ ਸਰੀਰ ਵਿਚ ਰੱਖਦਾ ਹੈ ਤਾਂ ਮਨੁੱਖ ਇਸ ਸੰਸਾਰ ‘ਤੇ ਆਉਂਦਾ ਹੈ। ਗੁਰੂ ਰਾਮਦਾਸ ਇਸੇ ਵਿਚਾਰ ਨੂੰ ਅੱਗੇ ਲੈ ਜਾਂਦੇ ਹੋਏ ਦੱਸਦੇ ਹਨ ਕਿ ਜਿਸ ਤਰ੍ਹਾਂ ਸੂਰਜ ਦਾ ਚਾਨਣ ਸੂਰਜ ਦੀਆਂ ਕਿਰਨਾਂ ਨੁੰ ਰੁਸ਼ਨਾਉਂਦਾ ਹੈ, ਇਸੇ ਤਰ੍ਹਾਂ ਪਰਮਾਤਮਾ ਹਰ ਜੀਵ ਵਿਚ ਵੱਸ ਰਿਹਾ ਹੈ। ਉਹ ਇੱਕ ਅਕਾਲ ਪੁਰਖ ਹਰ ਥਾਂ ਤੇ ਵਿਆਪਕ ਹੈ। ਗੁਰੂ ਸਾਹਿਬ ਪਰਮਾਤਮਾ ਅਤੇ ਜੀਵ ਵਿਚ ਰਿਸ਼ਤਾ ਸਮੁੰਦਰ ਦੇ ਅਲੰਕਾਰ ਰਾਹੀਂ ਸਮਝਾਉਂਦੇ ਹਨ। ਗੁਰੂ ਸਾਹਿਬ ਕਹਿੰਦੇ ਹਨ ਕਿ ਕਰਤਾ ਪੁਰਖ ਸਮੁੰਦਰ ਹੈ ਅਤੇ ਜੀਵ ਅਰਥਾਤ ਮਨੁੱਖ ਉਸ ਦੀਆਂ ਲਹਿਰਾਂ ਹਨ। ਇਹ ਸੰਸਾਰ ਉਸ ਦੀ ਖੇਡ ਹੈ। ਜਿਸ ਤਰ੍ਹਾਂ ਲਹਿਰਾਂ ਸਮੁੰਦਰ ਵਿਚੋਂ ਉਠਦੀਆਂ ਹਨ ਅਤੇ ਮੁੜ ਕੇ ਸਮੁੰਦਰ ਵਿਚ ਹੀ ਸਮਾ ਜਾਂਦੀਆਂ ਹਨ। ਇਸੇ ਤਰ੍ਹਾਂ ਜੀਵ ਪਰਮਾਤਮਾ ਵਿਚੋਂ ਪੈਦਾ ਹੁੰਦੇ ਹਨ ਅਤੇ ਅੰਤ ਨੁੰ ਉਸ ਵਿਚ ਹੀ ਸਮਾ ਜਾਂਦੇ ਹਨ,
ਜਿਉ ਪਸਰੀ ਸੂਰਜ ਕਿਰਣਿ ਜੋਤਿ॥
ਤਿਉ ਘਟਿ ਘਟਿ ਰਮਈਆ ਓਤਿ ਪੋਤਿ॥ (ਪੰਨਾ 1177)
ਹਰਿ ਸਰੁ ਸਾਗਰੁ ਹਰਿ ਹੈ ਆਪੇ
ਇਹੁ ਜਗੁ ਹੈ ਸਭੁ ਖੇਲੁ ਖੇਲਈਆ॥
ਜਿਉ ਜਲ ਤਰੰਗ ਜਲੁ ਜਲਹਿ ਸਮਾਵਹਿ
ਨਾਨਕ ਆਪੇ ਆਪਿ ਰਮਈਆ॥ (ਪੰਨਾ 835)
(ਚਲਦਾ)
Leave a Reply