ਪੰਜਾਬ ਵਿਚ ਹੁਣ ‘ਗੁੰਡਿਆਂ’ ਦਾ ਰਾਜ: ਕੈਪਟਨ ਅਮਰਿੰਦਰ

ਸ੍ਰੀ ਮੁਕਤਸਰ ਸਾਹਿਬ: ਕਾਂਗਰਸ ਦੀ ਸਿਆਸੀ ਕਾਨਫਰੰਸ ਵਿਚ ਪੰਜਾਬ ਵਿਚ ਅਮਨ ਕਾਨੂੰਨ ਦੀ ਵਿਗੜੀ ਵਿਵਸਥਾ ਦਾ ਮੁੱਦਾ ਛਾਇਆ ਰਿਹਾ। ਕਾਂਗਰਸੀ ਆਗੂਆਂ ਨੇ ਬਾਦਲ ਪਰਿਵਾਰ ਨੂੰ ਰਗੜੇ ਲਾਉਣ ਖਾਤਰ ਤਿੱਖੇ ਲਫਜ਼ਾਂ ਦੀ ਵਰਤੋਂ ਵੀ ਕੀਤੀ ਤੇ ਰਾਜ ਵਿਚੋਂ ਗੁੰਡਾਗਰਦੀ ਦੇ ਦੌਰ ਦੇ ਖ਼ਾਤਮੇ ਲਈ ਲੋਕਾਂ ਨੂੰ ਤਕੜੇ ਹੋਣ ਦਾ ਸੱਦਾ ਦਿੱਤਾ। ਇਸ ਕਾਨਫਰੰਸ ਨੂੰ ਕੇਂਦਰੀ ਰੇਲ ਮੰਤਰੀ ਪਵਨ ਬਾਂਸਲ ਨੇ ਮਾਲਵਾ ਖ਼ਿੱਤੇ ਲਈ ਐਲਾਨੇ ਵਿਸ਼ੇਸ਼ ਰੇਲ ਪੈਕੇਜ ਰਾਹੀਂ ਤਾਕਤ ਬਖ਼ਸ਼ੀ। ਕੇਂਦਰੀ ਮੰਤਰੀ ਨੇ ਵਿਸ਼ੇਸ਼ ਐਲਾਨ ਕਰਕੇ ਮਲਵਈਆਂ ਦੇ ਦਿਲ ਜਿੱਤਣ ਦੀ ਕੋਸ਼ਿਸ਼ ਕੀਤੀ।
ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਮੋਗਾ ਜ਼ਿਮਨੀ ਚੋਣ ਲਈ ਕਮਰਕੱਸੇ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਆਖਿਆ ਕਿ ਰਾਜ ਵਿਚ ਅਮਨ ਕਾਨੂੰਨ ਦੀ ਬਦਤਰ ਹਾਲਤ ਨੇ ਰਾਸ਼ਟਰਪਤੀ ਰਾਜ ਲਈ ਮਾਹੌਲ ਤਿਆਰ ਕਰ ਦਿੱਤਾ ਹੈ। ਇੰਜ ਹੀ ਸੂਬੇ ਦੀ ਮਾੜੀ ਆਰਥਿਕਤਾ ਕਰਕੇ ਵਿੱਤੀ ਐਮਰਜੈਂਸੀ ਲਈ ਵੀ ਰਾਹ ਤਿਆਰ ਹੋ ਗਿਆ ਹੈ।ਇਹ ਸਿਆਸੀ ਕਾਨਫਰੰਸ ਇਕੱਠ ਪੱਖੋਂ ਕਾਫ਼ੀ ਭਰਵੀਂ ਰਹੀ। ਕਾਨਫਰੰਸ ਵਿਚ ਬਾਦਲ ਪਰਿਵਾਰ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਸਿੱਧੇ ਤੌਰ ‘ਤੇ ਨਿਸ਼ਾਨਾ ਬਣਾਇਆ ਗਿਆ।
ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਪਰਿਵਾਰ ਤੇ ਬਿਕਰਮ ਮਜੀਠੀਆ ਖ਼ਿਲਾਫ਼ ਤਿੱਖੇ ਤੇ ਵਿਅੰਗਮਈ ਸ਼ਬਦਾਂ ਦੀ ਵਰਤੋਂ ਕੀਤੀ। ਉਨ੍ਹਾਂ ਆਖਿਆ ਕਿ ਪੰਜਾਬ ਵਿਚ ਪੁਲਿਸ ‘ਤੇ ਅਕਾਲੀ ਹਮਲੇ ਵਧ ਗਏ ਹਨ ਜਿਸ ਕਰਕੇ ਰਾਜ ਦੇ ਹਾਲਾਤ ਵਿਗੜਨ ਲੱਗੇ ਹਨ। ਰਾਜ ਵਿਚ ਕੋਈ ਨਿਵੇਸ਼ ਕਰਨ ਨੂੰ ਤਿਆਰ ਨਹੀਂ ਹੈ। ਪੰਜਾਬ ਵਿਚ ਬਣੇ ਮਾੜੇ ਮਾਹੌਲ ਕਾਰਨ ਸੂਬੇ ਦੀ ਆਰਥਿਕਤਾ ਨੂੰ ਵੀ ਸੱਟ ਵੱਜ ਰਹੀ ਹੈ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਪੰਜਾਬ ਦੇ ਹਾਲਾਤ ਇਸੇ ਤਰ੍ਹਾਂ ਹੀ ਵਿਗੜਦੇ ਰਹੇ ਤਾਂ ਅਮਨ ਕਾਨੂੰਨ ਨੂੰ ਮੁੱਖ ਰੱਖਦਿਆਂ ਪੰਜਾਬ ਵਿਚ ਕਿਸੇ ਵੇਲੇ ਰਾਸ਼ਟਰਪਤੀ ਰਾਜ ਲਾਗੂ ਹੋ ਸਕਦਾ ਹੈ। ਉਨ੍ਹਾਂ ਕਿ ਪੰਜਾਬ ਦੀ ਆਮ ਜਨਤਾ ਨੇ ਤਾਂ ਕੀ ਸੁਰੱਖਿਅਤ ਰਹਿਣਾ ਸਗੋਂ ਹੁਣ ਤਾਂ ਲੋਕਾਂ ਨੂੰ ਸੁਰੱਖਿਆ ਦੇ ਰਹੀ ਪੰਜਾਬ ਪੁਲਿਸ ਵੀ ਸੁਰੱਖਿਅਤ ਨਹੀਂ ਤੇ ਸੱਤਾਧਾਰੀ ਆਗੂਆਂ ਦੀ ਸ਼ਹਿ ‘ਤੇ ਗੁੰਡੇ ਉਨ੍ਹਾਂ ਦੀ ਕੁੱਟਮਾਰ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਮੋਗਾ ਜ਼ਿਮਨੀ ਚੋਣ ਵਿਚ ਲੋਕ ਇਕੱਠੇ ਹੋ ਕੇ ਹਾਕਮ ਧਿਰ ਨੂੰ ਸਬਕ ਸਿਖਾਉਣ।
ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਹੰਕਾਰੀ ਸਰਕਾਰ ਦਾ ਖਾਤਾ ਪਾੜ ਦੇਣ ਤੇ ਪੰਜਾਬ ਦੀ ਤਰੱਕੀ ਲਈ ਇੱਕਜੁੱਟ ਹੋਣ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਭਰੋਸਾ ਜ਼ਹਿਰ ਕਰਦੇ ਹੋਏ ਪੰਜਾਬ ਦੀ ਕਿਸਾਨੀ ਤੇ ਮਜ਼ਦੂਰਾਂ ਦੇ ਮਸਲਿਆਂ ਨੂੰ ਤੱਥਾਂ ਸਹਿਤ ਪੇਸ਼ ਕੀਤਾ। ਮੋਗਾ ਜ਼ਿਮਨੀ ਚੋਣ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਚੋਣ ਕਾਂਗਰਸ ਜਿੱਤੇਗੀ। ਵਿਰੋਧੀ ਧਿਰ ਦੇ ਨੇਤਾ ਸੁਨੀਲ ਕੁਮਾਰ ਜਾਖੜ ਨੇ ਕਿਹਾ ਕਿ ਪੰਜਾਬ ਦੇ ਵਿਕਾਸ ਲਈ ਤੇ ਕਿਸਾਨਾਂ ਲਈ ਕੇਂਦਰ ਵੱਲੋਂ ਭੇਜੇ ਕਰੋੜਾਂ ਰੁਪਏ ਅਕਾਲੀ ਹੀ ਹੜੱਪ ਕਰ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਨੇ ਹੁਣ ਉਨ੍ਹਾਂ ਕਿਸਾਨਾਂ ਦੇ ਟਿਊਬਵੈਲ ਪੁੱਟਣ ਵਾਲੀ ਲਈ ਨੋਟਿਸ ਭੇਜ ਦਿੱਤੇ ਹਨ ਜਿਨ੍ਹਾਂ ਕੋਲ ਪੰਜ ਏਕੜ ਤੱਕ ਜ਼ਮੀਨ ਹੈ। ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਆਖਿਆ ਕਿ ਅਕਾਲੀ ਦਲ ਗੁਰੂ ਦੀ ਗੋਲਕ ਨੂੰ ਆਪਣੇ ਮੁਫਾਦਾਂ ਲਈ ਵਰਤ ਰਿਹਾ ਹੈ ਤੇ ਪੰਜਾਬ ਦੀ ਲੁੱਟ ਕੀਤੀ ਜਾ ਰਹੀ ਹੈ। ਬੀਬੀ ਭੱਠਲ ਨੇ ਕਿਹਾ ਕਿ ਨੰਨ੍ਹੀ ਛਾਂ ਦੀ ਗੱਲ ਕਰਨ ਵਾਲਿਆਂ ਦੇ ਰਾਜ ਵਿਚ ਅੱਜ ਕੋਈ ਵੀ ਧੀ ਭੈਣ ਸੁਰੱਖਿਅਤ ਨਹੀਂ ਤੇ ਜਦ ਵੀ ਕੋਈ ਕਾਂਡ ਵਾਪਰਦਾ ਹੈ, ਉਸ ਪਿਛੇ ਅਕਾਲੀ ਆਗੂਆਂ ਦਾ ਹੱਥ ਹੁੰਦਾ ਹੈ।
__________________________________________
ਮਜੀਠੀਆ ਦੀ ਸੀਡੀ ਵਿਖਾਉਣ ਤੋਂ ਅਕਾਲੀ ਦਲ ਖਫ਼ਾ
ਚੰਡੀਗੜ੍ਹ: ਕਾਂਗਰਸ ਵੱਲੋਂ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਵਿਧਾਨ ਸਭਾ ਵਿਚ ‘ਗਾਲੀ ਗਲੋਚ’ ਸਬੰਧੀ ਸੀæਡੀæ ਨੂੰ ਜਨਤਕ ਕੀਤੇ ਜਾਣ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਅਕਸ ਨੂੰ ਢਾਹ ਲੱਗ ਰਹੀ ਹੈ। ਇਸ ਮੁੱਦੇ ‘ਤੇ ਅਕਾਲੀ ਦਲ ਖਫਾ ਹੈ ਤੇ ਉਸ ਵੱਲੋਂ ਮਿਲ ਬੈਠ ਕੇ ਹੱਲ ਕੱਢਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਧਰ, ਕਾਂਗਰਸ ‘ਤੇ ਦਬਾਅ ਬਣਾਉਣ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਮਾਹਿਰਾਂ ਦੀ ਰਿਪੋਰਟ ਮੰਗ ਲਈ ਹੈ। ਸ਼ ਅਟਵਾਲ ਦਾ ਕਹਿਣਾ ਹੈ ਕਿ ਨਵੀਂ ਦਿੱਲੀ ਵਿਚ ਕੁਝ ਕਾਨੂੰਨੀ ਤੇ ਸੰਵਿਧਾਨਕ ਮਾਹਿਰਾਂ ਨਾਲ ਰਾਬਤਾ ਕਾਇਮ ਕਰਕੇ ਇਹ ਪੁੱਛਿਆ ਗਿਆ ਹੈ ਕਿ ਸਦਨ ਵਿਚ ਹੋਈ ਕਾਰਵਾਈ ਦੇ ਜਨਤਕ ਹੋਣ ਤੇ ਸੋਸ਼ਲ ਮੀਡੀਆ ਵਿਚ ਪ੍ਰਸਾਰਤ ਹੋਣ ਤੋਂ ਬਾਅਦ ਵਿਧਾਨ ਸਭਾ ਸਕੱਤਰ ਕਿਸ ਤਰ੍ਹਾਂ ਦੀ ਕਾਰਵਾਈ ਅਮਲ ਵਿਚ ਲਿਆ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਾਹਿਰਾਂ ਦੀ ਰਿਪੋਰਟ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸੇ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨੂੰ ਬੁਲਾ ਕੇ ਮੀਟਿੰਗ ਕੀਤੀ ਜਾਵੇਗੀ ਤਾਂ ਜੋ ਮਸਲੇ ਦਾ ਹੱਲ ਕੱਢਿਆ ਜਾ ਸਕੇ। ਸ਼ ਅਟਵਾਲ ਵੱਲੋਂ ਇਹ ਸੰਕੇਤ ਵੀ ਦਿੱਤਾ ਗਿਆ ਕਿ ਵਿਧਾਨ ਸਭਾ ਸਕੱਤਰੇਤ ਮਾਮਲੇ ਨੂੰ ਨਜਿੱਠਣ ਵਿੱਚ ਹੀ ਭਲਾ ਹੈ। ਸਦਨ ਦੇ ਨੇਤਾ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਪਿਛਲੇ ਦਿਨੀਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਕਾਂਗਰਸ ਤੇ ਹਾਕਮ ਪਾਰਟੀ ਦੇ ਮੈਂਬਰਾਂ ਦਰਮਿਆਨ ਹੋਏ ਗਾਲੀ ਗਲੌਚ ਦੇ ਮਾਮਲੇ ਨੂੰ ਨਿਬੇੜਨ ਵਿੱਚ ਹੀ ਭਲਾ ਹੈ।

Be the first to comment

Leave a Reply

Your email address will not be published.