ਸਾਂਝੇ ਮੋਰਚੇ ਵੱਲੋਂ ਬਾਦਲ ਸਰਕਾਰ ਨੂੰ ਖੂਬ ਰਗੜੇ

ਸ੍ਰੀ ਮੁਕਤਸਰ ਸਾਹਿਬ: ਸਾਂਝੇ ਮੋਰਚੇ ਦੀ ਕਾਨਫਰੰਸ ਭਾਵੇਂ ਸ਼ਹਿਰ ਤੋਂ ਬਹੁਤ ਦੂਰ ਸੀ ਪਰ ਕਾਨਫਰੰਸ ਦਾ ਪੰਡਾਲ ਪੂਰਾ ਭਰਿਆ ਹੋਇਆ ਸੀ। ਕਾਨਫਰੰਸ ਦੌਰਾਨ ਸਾਂਝੇ ਮੋਰਚੇ ਦੇ ਸਰਪ੍ਰਸਤ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੇ ਬਾਦਲ ਸਰਕਾਰ ਨੂੰ ਖੂਬ ਰਗੜੇ ਲਾਏ।
ਉਨ੍ਹਾਂ ਕਿਹਾ ਕਿ ਜਿਹੜਾ ਸੂਬਾ ਕਦੇ ਨੰਬਰ ਇਕ ‘ਤੇ ਹੁੰਦਾ ਸੀ ਉਹ ਅੱਜ ਬਾਦਲ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ 12ਵੇਂ ਸਥਾਨ ‘ਤੇ ਚਲਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਹਾਕਮਾਂ ਨੇ ਪੈਸਿਆਂ ਦੇ ਲਾਲਚ ਵਿਚ ਆ ਕੇ ਰੇਤਾ-ਬੱਜਰੀ ‘ਤੇ ਵੀ ਕਬਜ਼ਾ ਕਰ ਲਿਆ ਹੈ ਤੇ ਹੁਣ ਲੋਕਾਂ ਲਈ ਸਿਰ ਦੀ ਛੱਤ ਬਣਾਉਣੀ ਵੀ ਔਖੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਵਿਚ ਕੁਰਸੀ ਦੀ ਜੰਗ ਛਿੜੀ ਹੋਈ ਹੈ। ਸੁਖਬੀਰ ਤੇ ਮਜੀਠੀਆ ਵੱਡੇ ਬਾਦਲ ਤੋਂ ਕੁਰਸੀ ਹਥਿਆਉਣਾ ਚਾਹੁੰਦੇ ਹਨ ਜਦੋਂਕਿ ਪ੍ਰਕਾਸ਼ ਸਿੰਘ ਬਾਦਲ ਕੁਰਸੀ ਛੱਡਣ ਨੂੰ ਤਿਆਰ ਨਹੀਂ। ਉਨ੍ਹਾਂ ਸੂਬੇ ਵਿਚ ਅਮਨ-ਕਾਨੂੰਨ ਦੀ ਮਾੜੀ ਹਾਲਤ ਬਾਰੇ ਕਿਹਾ ਕਿ ਇਨ੍ਹਾਂ ਦੇ ਰਾਜ ਵਿਚ ਸਰਕਾਰੀ ਸ਼ਹਿ ‘ਤੇ ਯੂਥ ਅਕਾਲੀ ਆਗੂ ਪੁਲਿਸ ਅਫਸਰਾਂ ਨੂੰ ਥੱਪੜ ਮਾਰ ਰਹੇ ਹਨ। ਸਾਂਝੇ ਮੋਰਚੇ ਦੇ ਚੇਅਰਮੈਨ ਮਨਪ੍ਰੀਤ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਉਹ ਪੰਜਾਬ ਦੇ ਲੋਕਾਂ ‘ਤੇ ਕੀਤੇ ਜਾ ਰਹੇ ਜ਼ੁਲਮ ਖ਼ਿਲਾਫ਼ ਪਹਿਲੀ ਮਾਰਚ ਤੋਂ ਪੂਰੇ ਪੰਜਾਬ ਵਿਚ ਜਨ-ਸੰਪਰਕ ਮੁਹਿੰਮ ਚਲਾਉਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਹਾਕਮਾਂ ਦੀਆਂ ਨੀਤੀਆਂ ਕਾਰਨ ਪੰਜਾਬ ਸਿਰ 90 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਚੜ੍ਹ ਗਿਆ ਹੈ। ਸੂਬੇ ਵਿਚ ਸਿੱਖਿਆ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ ਤੇ ਲੋਕ ਸਿਹਤ ਸਹੂਲਤਾਂ ਨਾ ਮਿਲਣ ਕਾਰਨ ਮਰ ਰਹੇ ਹਨ। ਸਰਕਾਰੀ ਨੌਕਰੀਆਂ ਖਾਲੀ ਪਈਆਂ ਹਨ। ਇਥੇ ਕਾਨੂੰਨ ਦੇ ਰਖਵਾਲਿਆਂ ਨੂੰ ਆਪਣੀ ਧੀ ਦੀ ਇੱਜ਼ਤ ਬਚਾਉਣ ਲਈ ਜਾਨ ਦੇਣੀ ਪੈ ਰਹੀ ਹੈ। ਉਨ੍ਹਾਂ ਸੁਖਬੀਰ ਨੂੰ ਸਿੱਧੇ ਸੰਬੋਧਨ ਹੁੰਦਿਆਂ ਕਿਹਾ ਕਿ ‘ਤੁਸੀਂ ਇਕੋ ਵੇਲੇ ਕਾਤਲ ਤੇ ਮਕਤੂਲ ਦੋਹਾਂ ਦੇ ਸਿਰ ‘ਤੇ ਹੱਥ ਨਹੀਂ ਰੱਖ ਸਕਦੇ।’ ਇਸ ਮੌਕੇ ਉਨ੍ਹਾਂ ਮੋਗਾ ਦੀ ਜ਼ਿਮਨੀ ਚੋਣ ਸਬੰਧੀ ਐਲਾਨ ਕਰਦਿਆਂ ਕਿਹਾ ਕਿ ਮੋਗੇ ਤੋਂ ਸਾਂਝੇ ਮੋਰਚੇ ਦੇ ਉਮੀਦਵਾਰ ਡਾæ ਰਵਿੰਦਰ ਸਿੰਘ ਧਾਲੀਵਾਲ ਹੋਣਗੇ। ਇਕੱਠ ਨੂੰ ਸੰਬੋਧਨ ਕਰਦਿਆਂ ਸੀਪੀਐਮ ਦੇ ਸੂਬਾ ਸਕੱਤਰ ਕਾਮਰੇਡ ਚਰਨ ਸਿੰਘ ਵਿਰਦੀ ਨੇ ਕਿਹਾ ਕਿ ਅਮਨ-ਕਾਨੂੰਨ ਦੀ ਵਿਗੜੀ ਹਾਲਤ ਲਈ ਸੂਬੇ ਦੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਸਾਂਝਾ ਮੋਰਚਾ ਮੋਗਾ ਜ਼ਿਮਨੀ ਚੋਣ ਨੂੰ ਪੂਰੀ ਸ਼ਿੱਦਤ ਨਾਲ ਲੜੇਗਾ।
__________________________________________
ਅਕਾਲੀ ਦਲ (ਅੰਮ੍ਰਿਤਸਰ) ਨੇ ਖਾਲਿਸਤਾਨ ਦਾ ਮੁੱਦਾ ਉਭਾਰਿਆ
ਸ੍ਰੀ ਮੁਕਤਸਰ ਸਾਹਿਬ: ਮੇਲਾ ਮਾਘੀ ਦੌਰਾਨ ਅਕਾਲੀ ਦਲ (ਅੰਮ੍ਰਿਤਸਰ) ਨੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਤੋਂ ਲੈ ਕੇ ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਤੱਕ ਗੁਰੂ ਸਾਹਿਬਾਨ ਨੇ ਮਨੁੱਖਤਾ ਦੀ ਬਿਹਤਰੀ ਤੇ ਸਿੱਖ ਕੌਮ ਦੀ ਇਨਸਾਨੀਅਤ ਪੱਖੀ ਆਵਾਜ਼ ਨੂੰ ਬੁਲੰਦ ਕਰਨ ਲਈ ਅਨੇਕਾਂ ਦੁੱਖ ਤਕਲੀਫਾਂ, ਮਾਨਸਿਕ ਤੇ ਸਰੀਰਕ ਅਸਹਿ ਤਸੀਹੇ ਝੱਲਦੇ ਹੋਏ ਮਹਾਨ ਕੁਰਬਾਨੀਆਂ, ਅਹੂਤੀਆਂ ਦੇ ਕੇ ਕੌਮੀ ਮਿਸ਼ਨ ਦੀ ਪ੍ਰਾਪਤੀ ਲਈ ਸਭ ਕੁਝ ਕੁਰਬਾਨ ਤੇ ਤਿਆਰ ਕਰਨ ਦੀ ਪ੍ਰੇਰਣਾ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਵੱਲੋਂ ਕੀਤੀ ਕਾਨਫਰੰਸ ਮੌਕੇ ਸ਼ ਮਾਨ ਨੇ ਖਾਲਿਸਤਾਨ ਦੀ ਮੰਗ ਨੂੰ ਦੁਹਰਾਇਆ। ਕਾਂਗਰਸ ਵੱਲੋਂ ਰਾਣਾ ਗੁਰਜੀਤ ਸਿੰਘ ਤੇ ਬਿਕਰਮ ਸਿੰਘ ਮਜੀਠੀਆ ਵਿਚਕਾਰ ਵਿਧਾਨ ਸਭਾ ਵਿਚ ਹੋਈ ਬਹਿਸਬਾਜ਼ੀ ਦੀ ਸੀਡੀ ਚਲਾਉਣ ਦੀ ਕਾਂਗਰਸ ਵੱਲੋਂ ਕੀਤੇ ਜਾ ਰਹੇ ਐਲਾਨ ਸਬੰਧੀ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਸਪੀਕਰ ਨੂੰ ਦੋਵਾਂ ਹੀ ਵਿਅਕਤੀਆਂ ਨੂੰ ਮੁਅੱਤਲ ਕਰਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਇਸ ਘਟਨਾ ਦੀਆਂ ਸੀਡੀਜ਼ ਚਲਾਉਣੀਆਂ ਚਾਹੁੰਦੀ ਹੈ ਤਾਂ ਇਸ ਵਿਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਕਾਨਫਰੰਸ ਵਿਚ ਸੀਡੀਜ਼ ਨਹੀ ਚੱਲਣ ਦਿੱਤੀਆਂ ਜਾਂਦੀਆਂ ਤਾਂ ਇਹ ਅਕਾਲੀ ਦਲ ਅਮ੍ਰਿੰਤਸਰ ਦੀ ਕਾਨਫਰੰਸ ਤੇ ਚਲਾ ਦਿੱਤੀਆਂ ਜਾਣ।
ਇਸ ਦੌਰਾਨ ਕੋਸੋਵੋ ਦੀ ਤਰ੍ਹਾਂ ਬਿਨਾਂ ਕਿਸੇ ਖੂਨ ਖਰਾਬੇ ਤੇ ਨੁਕਸਾਨ ਤੋਂ ਖਾਲਿਸਤਾਨ ਹੋਂਦ ਵਿਚ ਲਿਆਉਣ, ਸਿੱਖ ਵੱਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਚੰਡੀਗੜ੍ਹ, ਜੰਮੂ ਕਸ਼ਮੀਰ ਤੇ ਲੇਹ ਲਦਾਖ ਨੂੰ ਫਲਾਈ ਜ਼ੋਨ ਐਲਾਨਣ, ਅਮਰੀਕਾ ਦੇ ਵਾਸ਼ਿੰਗਟਨ ਸਥਿਤ ਅਮਰੀਕੀ ਵਿਦੇਸ਼ ਵਿਭਾਗ ਵਿਖੇ ਤੇ ਅਮਰੀਕਾ ਦੇ ਸਮੁੱਚੇ ਸਫ਼ਾਰਤਖਾਨਿਆਂ ਵਿਖੇ ਪੱਕੇ ਤੌਰ ‘ਸਿੱਖ ਡੈਸਕ’ ਕਾਇਮ ਕਰਨ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਤੇ ਅਕਾਲੀ ਦਲ ਦੇ ਐਸਓਆਈ ਵੱਲੋਂ ਕੀਤੀਆਂ ਜਾਂਦੀਆਂ ਕਥਿਤ ਵਧੀਕੀਆਂ ਰੋਕਣ,  ਖਾਲਿਸਤਾਨ ਰਾਜ ਵਿਚ ਹਰ ਨਾਗਰਿਕ ਲਈ ਕੁੱਲੀ-ਗੁੱਲੀ-ਜੁੱਲੀ ਦੇਣ ਤੇ ਨਿਊਕਲੀਅਰ ਹਥਿਆਰਾਂ ਵਿਰੁੱਧ ਮੁਹਿੰਮ ਵਿੱਢਣ ਸਬੰਧੀ ਮਤੇ ਪਾਸ ਕੀਤੇ ਗਏ।
________________________________
ਚਰਚਾ ਵਿਚ ਰਹੀ ਬਿਕਰਮ ਵਾਲੀ ਸੀਡੀ
ਮਾਘੀ ਮੇਲੇ ਵਿਚ ਬਿਕਰਮ ਸਿੰਘ ਮਜੀਠੀਆ ਦੀ ‘ਗਾਲੀ ਗਲੋਚ’ ਵਾਲੀ ਸੀਡੀ ਖ਼ੂਬ ਚਰਚਾ ਵਿਚ ਰਹੀ। ਪੰਜਾਬ ਸਰਕਾਰ ਨੇ ਸੀਡੀ ਦੇ ਪ੍ਰਦਰਸ਼ਨ ਨੂੰ ਰੋਕਣ ਦਾ ਪੂਰਾ ਜ਼ੋਰ ਲਾਇਆ ਪਰ ਕਾਂਗਰਸੀ ਆਪਣੇ ਪ੍ਰੋਗਰਾਮ ਵਿਚ ਸਫਲ ਰਹੇ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਾਂਗਰਸੀ ਕਾਨਫਰੰਸ ਦੇ ਪ੍ਰਬੰਧਕਾਂ ਨੂੰ ਇਕ ਦਫ਼ਾ ਤਾਂ ਮੌਕੇ ‘ਤੇ ਚਿਤਾਵਨੀ ਦਿੱਤੀ ਗਈ ਪਰ ਮਗਰੋਂ ਕੋਈ ਰੋਕ ਨਾ ਲਾਈ ਗਈ।
ਰਹਿਤ ਮਰਿਆਦਾ ਦਾ ਧਿਆਨ
ਇਸ ਵਾਰ ਅਕਾਲੀ ਦਲ ਦੀ ਕਾਨਫਰੰਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣ ਕਰਕੇ ਰਹਿਤ ਮਰਿਆਦਾ ਦੀ ਪਾਲਣਾ ਵੱਲ ਆਗੂਆਂ ਵੱਲੋਂ ਪੂਰਾ ਧਿਆਨ ਦੇਣ ਦੀ ਕੋਸ਼ਿਸ਼ ਕੀਤੀ ਗਈ। ਸਟੇਜ ‘ਤੇ ਛੋਟੇ-ਛੋਟੇ ਬੈਨਰ ਲਾਏ ਗਏ ਸਨ ਜਿਨ੍ਹਾਂ ‘ਤੇ ‘ਜੀ ਆਇਆਂ ਨੂੰ’ ਲਿਖਿਆ ਗਿਆ ਸੀ। ਅਕਾਲੀ ਵਰਕਰ ਮੋਨੇ ਲੋਕਾਂ ਦੇ ਰੁਮਾਲਾਂ ਨਾਲ ਸਿਰ ਢਕਵਾ ਰਹੇ ਸਨ। ਸ਼ ਬਾਦਲ ਨੇ ਖੁਦ ਕਈ ਵਾਰ ਲੋਕਾਂ ਨੂੰ ਭਾਸ਼ਨਾਂ ਦੌਰਾਨ ਤਾੜੀ ਮਾਰਨ ਤੋਂ ਰੋਕਿਆ।
ਵੱਡੇ ਬਾਦਲ ਵੱਲੋਂ ਛੋਟੇ ਬਾਦਲ ਦੀ ਵਢਿਆਈ
ਕਾਨਫਰੰਸ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਐਨਆਰਆਈ ਸੰਮੇਲਨ ਦੌਰਾਨ ਸੀਨੀਅਰ ਅਕਾਲੀ ਲੀਡਰਸ਼ਿਪ ਨੂੰ ਉਭਾਰਨ ਦੇ ਮੁੱਦੇ ‘ਤੇ ਪੈਦਾ ਹੋਏ ਵਿਵਾਦ ਨੂੰ ਠੰਢਾ ਕਰਨ ਦਾ ਯਤਨ ਕਰਦਿਆਂ ਲੁਕਵੇਂ ਰੂਪ ਵਿਚ ਆਪਣੇ ਬੇਟੇ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਜਾਨਸੀਨ ਐਲਾਨ ਦਿੱਤਾ। ਸ ਬਾਦਲ ਨੇ ਕਿਹਾ ਕਿ ਜਦੋਂ ਪੁੱਤ ਤਰੱਕੀ ਕਰੇ ਤਾਂ ਪਿਤਾ ਨੂੰ ਖੁਸ਼ੀ ਹੁੰਦੀ ਹੈ ਤੇ ਸੁਖਬੀਰ ਨੇ ਇਸ ਵਾਰ ਕਬੱਡੀ ਖਿਡਾਰੀਆਂ ਵਾਂਗ ਕੈਂਚੀ ਮਾਰ ਕੇ ਕਾਂਗਰਸੀਆਂ ਨੂੰ ਸਿੱਟ ਕੇ ਅਕਾਲੀ ਸਰਕਾਰ ਬਣਾਈ ਹੈ।

Be the first to comment

Leave a Reply

Your email address will not be published.