‘ਪੰਜਾਬੀ ਟ੍ਰਿਬਿਊਨ’ ਦੇ ਦਿਨਾਂ ਦੀਆਂ ਯਾਦਾਂ ਤੇ ਸਾਡਾ ਅਨੋਖਾ ਮਿੱਤਰ ਗੁਰਦਿਆਲ ਬੱਲ

ਪ੍ਰਿੰæ ਅਮਰਜੀਤ ਸਿੰਘ ਪਰਾਗ
ਫੋਨ: 91-98761-23833
ਅਮੋਲਕ ਸਿੰਘ ਦੀਆਂ ਯਾਦਾਂ ਦੀ ਲੜੀ ਪੜ੍ਹਦਿਆਂ ਮੈਨੂੰ ਇੰਜ ਲੱਗਾ ਜਿਵੇਂ ਨਾਵਲ ‘ਅੱਗ ਦੇ ਦਰਿਆ’ ਦਾ ਕੋਈ ਕਾਂਡ ਪੜ੍ਹ ਰਿਹਾ ਹੋਵਾਂ। ਕਮਾਲ ਦੇ ਇਸ ਨਾਵਲ ਵਿਚ ਲੇਖਿਕਾ ਕੁਰਅਤ-ਉਲ-ਐਨ ਹੈਦਰ ਨੇ ਸਮੇਂ ਨੂੰ ਅੱਗ ਦੇ ਦਰਿਆ ਵਜੋਂ ਚਿਤਵਿਆ ਹੈ। ਜੁਗਗਰਦੀਆਂ ਦਾ ਸਿਲਸਿਲਾ ਚੱਲਦਾ ਰਹਿੰਦਾ ਹੈ, ਨਿਜ਼ਾਮ ਬਦਲਦੇ ਰਹਿੰਦੇ ਹਨ ਪਰ ਇਹ ਅੱਗ ਦੇ ਦਰਿਆ ਦਾ ਵਹਿਣ ਅਵਿਰਲ ਵਹਿੰਦਾ ਰਹਿੰਦਾ ਹੈ। ਹਰ ਜੁਗ ਵਿਚ ਹੋਣਹਾਰ, ਜ਼ਹੀਨ, ਮੁਹੱਬਤੀ, ਸੁਪਨਸਾਜ਼ ਨੌਜਵਾਨ ਜ਼ਿੰਦਗੀ ਦੇ ਮੰਚ ‘ਤੇ ਨਮੂਦਾਰ ਹੁੰਦੇ ਰਹਿੰਦੇ ਹਨ। ਧਰਤੀ ਨੂੰ ਭਾਗ ਲੱਗ ਗਏ ਜਾਪਦੇ ਨੇ, ਵੇਖਦੇ ਵੇਖਦੇ ਹੀ ਇਨ੍ਹਾਂ ਦਿਲਦਾਰਾਂ ਦੀ ਪਹਿਲਤਾਜ਼ਗੀ ਇਸ ਅੱਗ ਦੇ ਦਰਿਆ ਵਿਚ ਗਰਕ ਜਾਂਦੀ ਹੈ।
‘ਪੰਜਾਬੀ ਟ੍ਰਿਬਿਊਨ’ ਸਾਡੇ ਕਲਾਧਾਰੀ ਪੁਰਖੇ ਮਹਿੰਦਰ ਸਿੰਘ ਰੰਧਾਵੇ ਦਾ ਚੰਡੀਗੜ੍ਹ ਵਿਚ ਲਾਇਆ ਦੂਜਾ ‘ਰੋਜ਼ ਗਾਰਡਨ’ ਹੈ। ਬਰਜਿੰਦਰ ਹਮਦਰਦ, ਹਰਭਜਨ ਹਲਵਾਰਵੀ, ਗੁਲਜ਼ਾਰ ਸਿੰਘ ਸੰਧੂ ਵਰਗੇ ਸੰਪਾਦਕ, ਦਲਬੀਰ, ਕਰਮਜੀਤ, ਸ਼ਾਮ ਸਿੰਘ, ਪ੍ਰੇਮ ਗੋਰਖੀ, ਮੂਹਰਜੀਤ, ਰਾਜਿੰਦਰ ਸੋਢੀ, ਦਲਜੀਤ ਸਰਾਂ, ਜਗਤਾਰ ਸਿੱਧੂ, ਸ਼ਮਸ਼ੇਰ ਸੰਧੂ, ਅਸ਼ੋਕ ਸ਼ਰਮਾ, ਅਮੋਲਕ ਸਿੰਘ, ਨਰਿੰਦਰ ਭੁੱਲਰ, ਤਰਲੋਚਨ, ਰਣਜੀਤ ਰਾਹੀ ਤੇ ਗੁਰਦਿਆਲ ਬੱਲ ਵਰਗੇ ਕੁਲੀਗ ਜਿਸ ਥਾਂ ਇਕੱਠੇ ਹੋਣ ਉਹ ‘ਲਾਲ ਫੁੱਲਾਂ ਦਾ ਖੇਤ’ ਹੀ ਤਾਂ ਹੁੰਦਾ ਹੈ ਪਰ ਛੇਤੀ ਹੀ ਦਫਤਰੀ ਸੱਭਿਆਚਾਰ ਨਾਲ ਜੁੜੇ ਮਸਲੇ, ਤਰੱਕੀਆਂ, ਸੀਨੀਆਰਤਾ, ਪ੍ਰਬੰਧਕਾਂ ਦੇ ਹੱਥਕੰਡੇ, ਯੂਨੀਅਨ ਆਗੂਆਂ ਵਲੋਂ ਆਪਣੇ ਨਿਜੀ ਮੁਫਾਦ ਨੂੰ ਪਹਿਲ ਆਦਿ ਗੱਲਾਂ ਨੇ ਇਸ ਹਰਿਆਵਲ ਨੂੰ ਲੂਹ ਕੇ ਰਖ ਦਿਤਾ।
ਅਮੋਲਕ ਨੇ ਨਿੱਜੀ ਪਸੰਦ/ਨਾ-ਪਸੰਦ ਤੋਂ ਉਪਰ ਉਠ ਕੇ ਉਸ ਦੌਰ ਦੇ ਉਭਾਰ/ਉਤਾਰ ਦੀ ਜਿਵੇਂ ਪੇਸ਼ਕਾਰੀ ਕੀਤੀ ਹੈ, ਉਹ ਹੈਰਾਨਕੁਨ ਹੈ। ਗੰਭੀਰ ਜਿਸਮਾਨੀ ਰੋਗ ਅਕਸਰ ਮਾਨਸਿਕਤਾ ਵਿਚ ਵੀ ਵੱਡੇ ਉਲਾਰ ਪੈਦਾ ਕਰ ਦਿੰਦਾ ਹੈ ਪਰ ਸਰੀਰਕ ਪੱਖੋਂ ਲਗਭਗ ਨਕਾਰਾ ਹੋ ਜਾਣ ਦੇ ਬਾਵਜੂਦ ਅਮੋਲਕ ਦੇ ਮਨ-ਮਸਤਕ ਦਾ ਇਸ ਹੱਦ ਤੱਕ ਸਿਹਤਮੰਦ ਹੋਣਾ ਅਤੇ ਭਾਵਨਾਵਾਂ ਦਾ ਸੱਜਰਾਪਣ ਚਮਤਕਾਰ ਤੋਂ ਘੱਟ ਨਹੀਂ। ਇਸ ਪੱਖੋਂ ਅਮੋਲਕ ਭੌਤਿਕ ਵਿਗਿਆਨੀ ਸਟੀਫਨ ਹਾਅਕਿੰਗ ਦੀ ਨਜ਼ੀਰ ਪੇਸ਼ ਕਰਦਾ ਹੈ।
ਰੰਗ-ਬੇਰੰਗ ਯਾਦਾਂ ਦੇ ਸਿਲਸਿਲੇ ਨਾਲ ਜੁੜੇ ਸਾਡੇ ਯਾਰ ਗੁਰਦਿਆਲ ਬੱਲ ਦੇ ਰੰਗ ਅਨੋਖੇ ਹਨ। 1984 ਦੀ ਪਤਝੜ ਦੀ ਸ਼ਾਮ ਨੂੰ ਇੱਕ ਅਜਨਬੀ ਬੰਦਾ ਮੇਰੇ ਘਰ ਆਉਂਦਾ ਹੈ। ਮੈਂ ਉਸ ਨੂੰ ਉਕਾ ਹੀ ਨਹੀਂ ਪਛਾਣਦਾ। ਆਉਣ ਵਾਲਾ ਕਹਿੰਦਾ ਹੈ, “ਭਾਅ ਜੀ, ਮੈਂ ਗੁਰਦਿਆਲ ਬੱਲ ਹਾਂ। ਮੈਂ ਤੁਹਾਨੂੰ 1967 ਵਿਚ ਚੰਡੀਗੜ੍ਹ ਲੱਗੇ ਪਾਰਟੀ ਦੇ ਸਕੂਲ ਵਿਚ ਵੇਖਿਆ ਸੀ। ਮੈਨੂੰ ਲੱਗਿਆ ਸੀ ਕਿ ਤੁਹਾਡੇ ਵਿਚ ਕੋਈ ਗੱਲ ਹੈ। ਮੈਂ ਤੁਹਾਨੂੰ ਮਿਲਣ ਕਦੇ ਵੀ ਆ ਸਕਦਾ ਸੀ, ਪਰ ਮੁਆਫ ਕਰਨਾ 17 ਸਾਲਾਂ ਬਾਅਦ ਆਇਆ ਹਾਂ।” ਪੰਜਾਬ ਦੇ ਮਾਹੌਲ ਵਿਚ ਹਿੰਸਾ ਦਾ ਪ੍ਰਛਾਵਾਂ ਸਿਖਰ ਵੱਲ ਵਧ ਚੁੱਕਾ ਹੈ। ਮੇਰੇ ਮਨ ਅੰਦਰ ਥੋੜ੍ਹੀ ਝਿਜਕ ਹੈ। ਮੰਗਲਵਾਰ ਦਾ ਦਿਨ ਹੈ। ਮੇਰਾ ਉਸ ਦਿਨ ਦਾਰੂ ਦਾ ਨਾਗਾ ਹੈ। ਫਿਰ ਵੀ ਮੈਂ ਆਏ ਮਹਿਮਾਨ ਨੂੰ ਦਾਰੂ ਦੀ ਸੁਲ੍ਹਾ ਮਾਰਦਾ ਹਾਂ ਅਤੇ ਸੌਂਫੀਆ ਦਾਰੂ ਦਾ ਪੈਗ ਬਣਾ ਕੇ ਦਿੰਦਾ ਹਾਂ। ਗੱਲਬਾਤ ਮੇਰੇ ਮਿੱਤਰ ਅਤੇ ਪੰਜਾਬ ਵਿਚ ਨਕਸਲੀ ਲਹਿਰ ਦੇ ਮੋਢੀ ਆਗੂ ਪ੍ਰੋæ ਹਰਭਜਨ ਸੋਹੀ ਦੀ ਸ਼ਖਸੀਅਤ ਤੋਂ ਸ਼ੁਰੂ ਹੁੰਦੀ ਹੈ। ਵਰ੍ਹਿਆਂ ਬਾਅਦ ਕਿਸੇ ਨੇ ਪੰਜਾਬ ਯੂਨੀਵਰਸਿਟੀ ਵਿਚ ਗੁਜ਼ਾਰੇ ਦਿਨਾਂ ਬਾਰੇ ਯਾਦਾਂ ਚੇਤੇ ਕਰਵਾਈਆਂ ਹਨ। ਪਤਾ ਹੀ ਨਹੀਂ, ਕਦੋਂ ਬੱਲ ਨੇ ਮਾਈਕ ਆਪਣੇ ਹੱਥ ਵਿਚ ਲੈ ਲਿਆ ਹੈ। ਇਹ ਕਥਾ ਹਰਿੰਦਰ ਸਿੰਘ ਮਹਿਬੂਬ, ਦਾਸਤੋਵਸਕੀ, ‘ਵਾਰ ਐਂਡ ਪੀਸ’, ਅਲਬੇਅਰ ਕਾਮੂੰ, ਕਜਾਂਤਜੈਕਿਸ, ਸਟਾਲਿਨ ਹੱਥੋਂ ਰੂਸੀ ਇਨਕਲਾਬ ਦੀ ਛੇਕੜ, ਹੰਗਰੀ ਦੀਆਂ ਘਟਨਾਵਾਂ, ਚੈਕੋਸਲੋਵਾਕੀਆ ਅਤੇ ਟਰਾਟਸਕੀ ਦੇ ਦੁਖਾਂਤ-ਪਤਾ ਨਹੀਂ ਦੁਨੀਆਂ ਭਰ ਦੇ ਕਿੰਨਿਆਂ ਵਿਸ਼ਿਆਂ ਨੂੰ ਛੂੰਹਦੀ ਚਲੀ ਜਾਂਦੀ ਹੈ। ਪਤਾ ਹੀ ਨਹੀਂ ਲੱਗਦਾ ਕਦੋਂ ਸਮਾਂ ਅੱਧੀ ਰਾਤ ਤੋਂ ਪਾਰ ਚਲਿਆ ਜਾਂਦਾ ਹੈ। ਅਚਾਨਕ ਬੁੱਧਵਾਰ ਦਾ ਦਿਨ ਸ਼ੁਰੂ ਹੋਣ ਦਾ ਚੇਤਾ ਆਉਂਦਿਆਂ ਹੀ ਮੈਂ ਵਧੀਆ ਬੋਤਲ ‘ਚੋਂ ਦਾਰੂ ਦੇ ਦੋ ਪੈਗ ਬਣਾਉਂਦਾ ਹਾਂ। ਗੱਲਬਾਤ ਰਾਤ ਦੇ ਤੀਜੇ ਪਹਿਰ ਤੱਕ ਚਲੀ ਜਾਂਦੀ ਹੈ। ਬਸ, ਉਸ ਸ਼ਾਮ ਤੋਂ ਅੱਜ ਤੱਕ ਸਾਡੀ ਨੇੜਤਾ ਵਧਦੀ ਹੀ ਗਈ ਹੈ। ਲੱਗਦੈ, ਇੰਨੇ ਸਹਿਜ ਨਾਲ ਹੀ ਬੱਲ ਦੀ ਕੰਵਲ, ਦਲਜੀਤ ਸਰਾਂ, ਬਲਕਾਰ ਸਿੰਘ, ਰਛਪਾਲ ਗਿੱਲ, ਬਾਵਾ ਸਿੰਘ, ਗੁਰਦੀਪ ਦੇਹਰਾਦੂਨ ਨਾਲ ਅਤੇ ਹੋਰ ਪਤਾ ਨਹੀਂ ਕਿਤਨੇ ਮਿੱਤਰਾਂ ਨਾਲ ਸਾਂਝ ਸ਼ੁਰੂ ਹੋਈ ਹੋਵੇਗੀ।
ਬੱਲ ਦੇ ਸਰੋਕਾਰਾਂ ਦੇ ਫੈਲਾਓ ਦੀ ਕੋਈ ਹੱਦ ਹੀ ਨਹੀਂ। ਦੁਨੀਆਂ ਦੀ ਹਰ ਲਹਿਰ, ਹਰ ਵਿਚਾਰਧਾਰਾ, ਹਰ ਖੇਤਰ ਦਾ ਬੰਦਾ, ਰਿਸ਼ਤਾ, ਦੋਸਤ, ਦੁਸ਼ਮਣ, ਤੇ ਸੰਸਾਰ ਸਾਹਿਤ ਦੀ ਹਰ ਵੰਨਗੀ ਦੀਆਂ ਕਿਤਾਬਾਂ ਉਸ ਦੇ  ਜ਼ਿਹਨ ਵਿਚ ਸਿਮਰਨੇ ਵਾਂਗ ਘੁੰਮਦੀਆਂ ਹਨ। ਉਹ ਕਣ ਵਾਲੀ ਹਰ ਸ਼ੈਅ ਦਾ ਮੁੱਦਈ ਹੈ। ਹਰ ਰੂਪ ਵਿਚ ਥੋਥੇ, ਹੋਛੇ ਤੇ ਕੱਚੇਪਣ ਦਾ ਵਿਰੋਧੀ। ਰੇਖਕੀ ਲੀਹਾਂ ਉਪਰ ਖੜ੍ਹੇ ਸਮਾਜਕ, ਧਾਰਮਕ, ਰਾਜਨੀਤਕ ਜੁਗਾੜਾਂ ਦਾ ਬੇਕਿਰਕ ਮਜ਼ਾਕ ਉਡਾਉਣਾ ਉਸ ਦਾ ਖਾਸ ਅੰਦਾਜ਼ ਹੈ।
ਸਿੱਖ ਚਿੰਤਕ ਅਜਮੇਰ ਸਿੰਘ ਅਤੇ ਬੱਲ ਦੇ ਰਿਸ਼ਤੇ ਨੂੰ ਜਿਹੜੇ ਪਾਠਕ ਜਾਤੀ ਵਿਰੋਧ ਵਜੋਂ ਵੇਖਦੇ ਹਨ, ਉਹ ਸ਼ਾਇਦ ਦੋਵਾਂ ਨੂੰ ਹੀ ਠੀਕ ਨਹੀਂ ਸਮਝਦੇ। ਅਜਮੇਰ ਸਿੰਘ ਦੀਆਂ ਲਿਖਤਾਂ ਦਾ ਕਈ ਸਾਲ ਤੋਂ ਲੋੜੀਂਦਾ ਨੋਟਿਸ ਹੀ ਨਹੀਂ ਸੀ ਲਿਆ ਗਿਆ। ਇਹ ਬੱਲ ਹੀ ਸੀ ਜਿਸ ਨੇ ਖੁਦ ਉਸ ਦੀਆਂ ਪੁਸਤਕਾਂ ਖਰੀਦੀਆਂ, ਵੰਡੀਆਂ ਤੇ ਪੜ੍ਹਨ ਲਈ ਜ਼ੋਰ ਦਿੱਤਾ। ਅਜਮੇਰ ਸਿੰਘ ਦੇ ਵਿਚਾਰਾਂ ਦੇ ਵਿਰੋਧੀ ਬੱਲ ਨਾਲ ਨਾਰਾਜ਼ ਵੀ ਹੋਏ ਕਿ ਉਹ ਅਣਗੌਲੀਆਂ ਕਿਤਾਬਾਂ ਨੂੰ ਪਾਪੂਲਰ ਕਰ ਰਿਹਾ ਹੈ। ਬੱਲ ਕਹਿੰਦਾ, ਅਜਮੇਰ ਨੇ ਵੱਡੀ ਮਿਹਨਤ ਕੀਤੀ ਹੈ। ਜਿਨ੍ਹਾਂ ਨੂੰ ਉਸ ਨਾਲ ਮੱਤਭੇਦ ਹਨ, ਉਹ ਵੀ ਮਿਹਨਤ ਕਰ ਕੇ ਟਿੱਪਣੀ ਕਰਨ। ਉਸ ਦੀ ਪ੍ਰੇਰਨਾ ਕਰ ਕੇ ਹੀ ‘ਪੰਜਾਬ ਟਾਈਮਜ਼’ ਵਿਚ ਇਨ੍ਹਾਂ ਪੁਸਤਕਾਂ ਬਾਰੇ ਲੰਮੀ ਬਹਿਸ ਛਿੜੀ। ਕਿਤਾਬੀ ਰੂਪ ਵਿਚ ਵੀ ਪ੍ਰਕਾਸ਼ਤ ਹੋਈ ਪਰ ਇਹ ਗੱਲ ਸ਼ਾਇਦ ਬਹੁਤਿਆਂ ਨੂੰ ਪਤਾ ਨਹੀਂ ਕਿ ਅਜਮੇਰ ਸਿੰਘ ਬਾਰੇ ਕੱਚੀਆਂ ਟਿੱਪਣੀਆਂ ਕਰਨ ਵਾਲੇ ਦੋਸਤਾਂ ਨੂੰ ਬੱਲ ਵੱਲੋਂ ਜੋ ਝਾੜਾਂ ਤੇ ਗਾਲਾਂ ਖਾਣੀਆਂ ਪਈਆਂ, ਉਹ ਅਜਮੇਰ ਪੱਖੀਆਂ ਦੀਆਂ ਲਿਖਤ/ਅਲਿਖਤ ਟਿੱਪਣੀਆਂ ਨਾਲੋਂ ਵਧੇਰੇ ਕਾਟਵੀਆਂ ਤੇ ਤਿੱਖੀਆਂ ਸਨ।
ਬੱਲ 70ਵਿਆਂ ਦੇ ਸ਼ੁਰੂ ਵਿਚ, ਨਕਸਲੀ ਲਹਿਰ ਦੇ ਸ਼ੁਰੂਆਤੀ ਦਿਨਾਂ ਦੌਰਾਨ ਅਜਮੇਰ ਨੂੰ ਇਕ-ਅੱਧ ਵਾਰ ਕਿਤੇ ਮਿਲਿਆ ਹੋਇਆ ਸੀ। ਜਿਵੇਂ ਬੱਲ ਨੇ ਮੈਨੂੰ ਮੰਡੀ ਅਹਿਮਦਗੜ੍ਹ ਬੈਠੇ ਨੂੰ ਆ ਲੱਭਿਆ ਸੀ, ਉਸੇ ਤਰ੍ਹਾਂ ਅਜਮੇਰ ਨੇ 15-16 ਵਰ੍ਹਿਆਂ ਦੇ ਲੰਮੇ ਵਕਫੇ ਪਿਛੋਂ ਬੱਲ ਨੂੰ ਚੰਡੀਗੜ੍ਹ ‘ਪੰਜਾਬੀ ਟ੍ਰਿਬਿਊਨ’ ਦੇ ਦਫਤਰ ਵਿਚ ਜਾ ਲੱਭਿਆ ਸੀ। 5 ਸਾਲਾਂ ਤੱਕ ਇਸ਼ਕ ਵਾਲਾ ਰਿਸ਼ਤਾ ਬਣਿਆ ਰਹਿਣ ਤੋਂ ਬਾਅਦ ਅਚਾਨਕ ਕਿਸੇ ਨੁਕਤੇ ‘ਤੇ ਟੋਕ-ਟਕਾਈ ਕਾਰਨ ਦੋਸਤੀ ਦਾ ਭੋਗ ਪੈ ਗਿਆ। ਬੱਲ ਦਾ ਸ਼ਿਕਵਾ ਕੇਵਲ ਇਤਨਾ ਸੀ ਕਿ ਜਿਸ ਕੋਡ ਦੇ ਤਹਿਤ ਇਹ ਰਿਸ਼ਤਾ ਬਣਿਆ ਸੀ, ਉਸ ਤਹਿਤ ਅਜਮੇਰ ਨੂੰ ਉਸ ਕਿਸਮ ਦੀ ਟੋਕ-ਟਕਾਈ ਦਾ ਇਖਲਾਕੀ ਅਧਿਕਾਰ ਨਹੀਂ ਸੀ। ਕਮਾਲ ਇਹ ਹੈ ਕਿ ਬੱਲ ਨੇ ਆਪਣੇ ਬੈਠਿਆਂ ਅੱਜ ਤੱਕ ਕਿਸੇ ਹੋਰ ਨੂੰ ਅਜਮੇਰ ਬਾਰੇ ਰੌਂਗ ਜਜਮੈਂਟ ਪਾਸ ਕਰਨ ਦਾ ਅਧਿਕਾਰ ਨਹੀਂ ਦਿੱਤਾ। ਅਜਮੇਰ ਨੇ ਉਨ੍ਹਾਂ ਦਿਨਾਂ ਵਿਚ ਪਿੰਡ, ਜੱਟਾਂ ਦੇ ਘਰ ਜੰਮ ਕੇ, ਇੰਜੀਨੀਅਰਿੰਗ ਕਾਲਜ ਵਿਚ ਦਾਖਲਾ ਲਿਆ। ਆਪਣੇ ਗਲਤ ਜਾਂ ਠੀਕ ਅਕੀਦਿਆਂ ਲਈ ਸਾਰੀ ਜ਼ਿੰਦਗੀ ਲਗਾ ਦਿੱਤੀ। ਬੱਲ ਦੀ ਸਦਾ ਇਹ ਧਾਰਨਾ ਰਹੀ ਹੈ ਕਿ ਜਿਨ੍ਹਾਂ ਲੋਕਾਂ ਨੇ ਚੀਚੀ ਨੂੰ ਲਹੂ ਤੱਕ ਨਹੀਂ ਲਵਾਇਆ, ਉਨ੍ਹਾਂ ਨੂੰ ਐਸੇ ਆਦਮੀ ਬਾਰੇ ਫਤਵਾ ਦੇਣ ਦਾ ਹੱਕ ਕਿੰਜ ਦਿੱਤਾ ਜਾ ਸਕਦਾ ਹੈ? ਬੱਲ ਨੂੰ ਆਪਣੇ ਭਾਂਤ ਭਾਂਤ ਦੇ ਦੋਸਤਾਂ ‘ਤੇ ਮਾਣ ਹੈ। ਅਜਮੇਰ ਤੋਂ ਬਿਨਾਂ ਬਾਈ ਬੱਲ ਦੀ ਇਕ ਵਾਰੀ ਪਈ ਆੜੀ ਕਿਸੇ ਨਾਲੋਂ ਵੀ ਨਹੀਂ ਟੁੱਟੀ।
ਸੋਵੀਅਤ ਰੂਸ ਅਤੇ ਪੂਰਬੀ ਯੂਰਪ ਦੇ ਦੇਸ਼ਾਂ ਵਿਚ ਕਾਰਲ ਮਾਰਕਸ ਦੇ ਵਿਚਾਰਾਂ ਨੂੰ ਜਿਸ ਤਰੀਕੇ ਨਾਲ ਅਮਲੀ ਰੂਪ ਦਿੱਤਾ ਗਿਆ, ਉਸ ਨੂੰ ਪੜ੍ਹ ਪੜ੍ਹ ਕੇ ਬੱਲ ਸਾਰੀ ਉਮਰ ਖੌਫਜ਼ਦਾ ਹੁੰਦਾ ਰਿਹਾ, ਪਰ ਜਾਂ ਪਾਲ ਸਾਰਤਰ ਦਾ ਇਹ ਦਾਅਵਾ ਅੱਜ ਵੀ 100 ਫੀਸਦੀ ਸਹੀ ਲਗਦਾ ਹੈ ਕਿ 18ਵੀਂ ਸਦੀ ਵਿਚ ਜਿਵੇਂ ਕਾਂਟ ਦੇ ਦਰਸ਼ਨ ਤੋਂ ਅਗਾਂਹ ਨਹੀਂ ਸੀ ਜਾਇਆ ਜਾ ਸਕਦਾ, ਇਸੇ ਤਰ੍ਹਾਂ 20ਵੀਂ ਅਤੇ 21ਵੀਂ ਸਦੀ ਲਈ ਕਾਰਲ ਮਾਰਕਸ ਹੀ ਕੇਂਦਰੀ ਮਸੀਹਾ ਹੈ। ਉਸ ਦੇ ਚਿੰਤਨ ‘ਤੇ ਲਕੀਰ ਨਹੀਂ ਫੇਰੀ ਜਾ ਸਕਦੀ। ਇਸੇ ਕਰ ਕੇ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਸਾਰਤਰ ਤੋਂ ਬਾਅਦ, ਪਹਿਲੇ ਸੰਰਚਨਾਵਾਦੀ ਯੁੱਗ ਪੁਰਸ਼ ਕਲਾਦ ਲੈਵੀ ਸਤਰਾਸ ਨੇ ਇਹ ਗੱਲ ਮੰਨੀ ਅਤੇ ਬਾਅਦ ਵਿਚ ਉਘੇ ਉਤਰ-ਆਧੁਨਿਕ ਚਿੰਤਕ ਯਾਕ ਦੈਰਿਦਾ ਨੇ ਕਾਰਲ ਮਾਰਕਸ ਦੀ ਵਿਚਾਰਧਾਰਾ ਦੀ ਅਹਿਮੀਅਤ ਅਤੇ ਸਾਰਥਿਕਤਾ ਸਵੀਕਾਰ ਕਰ ਲਈ ਸੀ; ਪਰ ਬੱਲ ਦਾ ਪੱਕਾ ਯਕੀਨ ਹੈ ਕਿ ਪਿਛਲੀ ਪੂਰੀ ਸਦੀ ਦੌਰਾਨ ਮਾਰਕਸੀ ਵਿਚਾਰਧਾਰਾ ‘ਤੇ ਜਿਸ ਤਰ੍ਹਾਂ ਦਾ ਅਮਲ ਹੋਇਆ ਹੈ, ਉਸ ਨੂੰ ਵੇਖ ਕੇ ਅੱਜ ਵੀ ਕਾਂਬੇ ਛਿੜ ਜਾਂਦੇ ਹਨ। ਮਾਨਵੀ ਮੁਕਤੀ ਦੇ ਪ੍ਰਾਜੈਕਟ ਨੂੰ ਜੇਕਰ ਜਾਰੀ ਰੱਖਣਾ ਹੈ ਤਾਂ ਧਰਮ ਜਾਂ ਹੋਰ ਕਿਸੇ ਵੀ ਚਿੰਤਨ ਨੇ ਕੰਮ ਨਹੀਂ ਆਉਣਾ। ਓਟ ਆਸਰਾ ਮਾਰਕਸੀ ਚਿੰਤਨ ਦਾ ਹੀ ਲੈਣਾ ਪਵੇਗਾ, ਪਰ ਉਸ ਤਰ੍ਹਾਂ ਕਦੰਤ ਨਹੀਂ ਜਿਸ ਤਰ੍ਹਾਂ ‘ਕਾਮਰੇਡ’ ਸਟਾਲਿਨ ਨੇ ਲਿਆ ਅਤੇ ਲਾਗੂ ਕੀਤਾ ਸੀ। ਬੱਲ ਆਜ਼ਾਦੀ ‘ਚ ਵਧਾਰੇ ਲਈ ਕਿਸੇ ਅਲਾਸੇਟ ਸੰਗਰਾਮ ਦੇ ਨਾਂ ‘ਤੇ ਨਿਹੱਕੇ ਲੋਕਾਂ ਦਾ ਲਹੂ ਡੋਲਣ ਨਾਲੋਂ ਸਾਰੀ ਉਮਰ ਇਨਸਾਨੀ ਜੀਵਨ ਦੀ ਅਜ਼ਮਤ ਅਤੇ ਸ਼ਾਨ ਬਾਰੇ ਸੋਚੀ ਜਾਣ ਨੂੰ ਕਿਤੇ ਵਧੇਰੇ ਸਾਰਥਕ ਕਰਮ ਮੰਨਦਾ ਹੈ।
ਦੋਸਤੀਆਂ ਪਾਲਣ ਦੇ ਨਾਲ ਨਾਲ ਜਿੰਨੀਆਂ ਕਿਤਾਬਾਂ ਅੱਜ ਤੱਕ ਬੱਲ ਨੇ ਖਰੀਦੀਆਂ, ਪੜ੍ਹੀਆਂ ਅਤੇ ਵੰਡੀਆਂ ਹਨ, ਉਹ ਆਪਣੇ ਆਪ ਵਿਚ ਇੱਕ ਰਿਕਾਰਡ ਹੈ ਅਤੇ ਇਹ ਸਿਲਸਿਲਾ ਅਜੇ ਜਾਰੀ ਹੈ। ਫਿਰ ਵੀ ਉਸ ਦੀ ਫੱਕਰ ਜੀਵਨ ਸ਼ੈਲੀ ਕਾਰਨ ਖੁਦ ਪੇਤਲੀ ਵਿਦਵਤਾ ਵਾਲੇ ਕੈਰੀਅਰਿਸਟ, ਬੱਲ ਨੂੰ ਪੜ੍ਹਿਆ ਲਿਖਿਆ ਮੰਨਣ ਤੋਂ ਇਨਕਾਰੀ ਹਨ। ਸੰਯੋਗ ਵੱਸ ਜੇ ਕਦੇ ਇਨ੍ਹਾਂ ਸੱਜਣਾਂ ਵਿਚੋਂ ਕੋਈ ਕਿਸੇ ਵਿਸ਼ੇ ‘ਤੇ ਚਾਰ ਬੰਦਿਆਂ ਦੀ ਹਾਜ਼ਰੀ ਵਿਚ ਬੱਲ ਨਾਲ “ਗੋਸ਼ਟਿ” ਵਿਚ ਸ਼ਾਮਲ ਹੋਣ ਦੀ ਭੁੱਲ ਕਰ ਬੈਠੇ ਤਾਂ ਅਜਿਹੇ ਸੱਜਣ ਦੀ ਅਲਪੱਗਤਾ ਜ਼ਾਹਿਰ ਹੋਣ ਨੂੰ ਚਿਰ ਨਹੀਂ ਲੱਗਦਾ।
ਖਾੜਕੂ ਲਹਿਰ ਅਤੇ ਖਾੜਕੂ ਨੌਜਵਾਨਾਂ ਬਾਰੇ ਜਾਣਕਾਰੀ ਦਾ ਉਹ ਵਿਸ਼ਵਕੋਸ਼ ਹੈ। ਉਸ ਦੀ ਜਾਣਕਾਰੀ ਪੰਜਾਬ ਪੁਲਿਸ ਅਤੇ ਮਾਨਵੀ ਅਧਿਕਾਰ ਕਮੇਟੀਆਂ ਦੀ ਜਾਣਕਾਰੀ ਨਾਲੋਂ ਵੱਧ ਸਟੀਕ ਹੈ। ਪੰਜਾਬ ਦੀ ਖਾੜਕੂ ਲਹਿਰ ਨੂੰ ਏਸ਼ੀਆ, ਅਫਰੀਕਾ ਅਤੇ ਲਾਤੀਨੀ ਅਮਰੀਕਾ ਦੀਆਂ ਅਤਿਵਾਦੀ ਲਹਿਰਾਂ ਦੇ ਪ੍ਰਸੰਗ ਵਿਚ ਰੱਖ ਕੇ ਗੱਲ ਕਰਨ ਦੀ ਸਮਰੱਥਾ ਬੱਲ ਨਾਲੋਂ ਵੱਧ ਸ਼ਾਇਦ ਹੀ ਕਿਸੇ ਹੋਰ ਪੰਜਾਬੀ ਕੋਲ ਹੋਵੇ।
ਬੱਲ ਨੇ ਆਪਣਾ ਤਨ, ਮਨ ਤੇ ਧਨ ਵਿਚਾਰਾਂ ਦੇ ਰਹੱਸਮਈ ਮੋਹ ਨੂੰ ਅਰਪਤ ਕਰ ਦਿੱਤਾ ਹੈ। ਉਸ ਦੀ ਹਸਤੀ ਕਲਾ ਦੇ ਕਿਸੇ ਵਿਲੱਖਣ ਅਜੂਬੇ ਵਾਂਗ ਹੈ। ਬੱਲ ਦੀ ਜ਼ਿੰਦਗੀ ਦਾ ਦੁਖਦ ਪਹਿਲੂ, ਗ੍ਰਹਿਸਥ ਅਤੇ ਬੈਰਾਗ ਦੇ ਬੇਮੇਚਪਣ ਵਿਚ ਹੈ। ਅਰਸਤੂ, ਬੁੱਧ, ਤਾਲਸਤਾਇ ਅਤੇ ਭਗਤ ਕਬੀਰ ਵਰਗੇ ਮਹਾਂਪੁਰਖ ਵੀ ਬੈਰਾਗ ਅਤੇ ਗ੍ਰਹਿਸਥ ਦਾ ਕੋਈ ਸੁਖਾਵਾਂ ਮੇਲ ਨਹੀਂ ਲੱਭ ਸਕੇ।
ਭਗਤ ਕਬੀਰ ਕਹਿੰਦੇ ਹਨ,
ਕਬੀਰ ਜਉ ਗ੍ਰਿਹੁ ਕਰਹਿ ਤ ਧਰਮੁ ਕਰੁ
ਨਾਹੀ ਤ ਕਰੁ ਬੈਰਾਗੁ॥
ਬੈਰਾਗੀ ਬੰਧਨ ਕਰੈ ਤਾ
ਕੋ ਬਡੋ ਅਭਾਗੁ॥
ਗ੍ਰਹਿਸਥੀ ਤੋਂ ਇੱਕੋ ਸਮੇਂ ਅਣਗਿਣਤ ਕਿਸਮ ਦੇ ਫਰਜ਼ਾਂ ਦੀ ਪਾਲਣਾ ਕਰਨ ਦੀ ਉਮੀਦ ਕੀਤੀ ਜਾਂਦੀ ਹੈ। ਇਨ੍ਹਾਂ ਫਰਜ਼ਾਂ ਵਿਚਕਾਰ ਸੰਤੁਲਨ ਬਣਾਈ ਰੱਖਣ ਲਈ ਕਈ ਕਿਸਮ ਦੀਆਂ ਨਾਚੀਜ਼ ਤਰਜੀਹਾਂ ਗ੍ਰਹਿਸਥੀ ਦੇ ਮੱਥੇ ਦੀਆਂ ਲਕੀਰਾਂ ਬਣ ਜਾਂਦੀਆ ਹਨ। ਬੈਰਾਗੀ ਇਨ੍ਹਾਂ ਸਭਨਾਂ ਤੋਂ ਨਿਰਲੇਪ। ਨਹਾਤਾ ਘੋੜਾ। ਜਿਹੜਾ ਬੈਰਾਗੀ ਸੰਯੋਗ ਵੱਸ ਗ੍ਰਹਿਸਥ ਵਿਚ ਪੈ ਜਾਵੇ, ਉਸ ਦੇ ਮੰਦੇ ਭਾਗ। ਬੱਲ ਨੇ ਘਰ ਨੂੰ ‘ਧੂਣਾ’ ਬਣਾਈ ਰੱਖਿਆ ਹੈ। ਸ਼ਾਇਦ ਹੀ ਕੋਈ ਸ਼ਾਮ ਅਜਿਹੀ ਲੰਘੀ ਹੋਵੇਗੀ ਜਦੋਂ ਭਾਂਤ ਭਾਂਤ ਦੀ ਠੀਕਰੀ ਇਸ ਧੂਣੇ ‘ਤੇ ਇਕੱਠੀ ਨਾ ਹੋਈ ਹੋਵੇ। ਭਾਂਤ ਭਾਂਤ ਦੇ ਨਸ਼ੇ, ਚਹੁੰ ਕੂੰਟਾਂ ਦੇ ਮਸਲਿਆਂ ਬਾਰੇ ਤਰਕ ਵਿਤਰਕ ਦਾ ਆਪ ਮੁਹਾਰਾ ਸਿਲਸਿਲਾ ਅਤੇ ਬੱਲ ਦਾ ਗਾਲਦਾਰ ਅੰਦਾਜ਼-ਏੇ-ਬਿਆਨ। ਘਰ ਦੇ ਸਾਰੇ ਕੰਮ ਡਾæ ਗੁਰਨਾਮ ਕੌਰ ਦੇ ਜ਼ਿੰਮੇ; ਸੁਭਾਅ, ਪੇਸ਼ੇ ਅਤੇ ਆਸਥਾ ਪੱਖੋਂ ਸਿੱਖ ਧਰਮ ਨੂੰ ਪਰਨਾਈ ਹੋਈ। ਪਰ ਧੰਨ ਹੈ ਭੈਣ ਗੁਰਨਾਮ ਕੌਰ ਜਿਸ ਨੇ ਬੇਮਿਸਾਲ ਸਬਰ ਕਰ ਕੇ ਸਭ ਮਤਭੇਦਾਂ ਦੇ ਬਾਵਜੂਦ ਇਸ ‘ਭੂਤਵਾੜੇ’ ਦੀ ਰੌਣਕ ਨੂੰ ਕਦੇ ਭੰਗ ਨਾ ਕੀਤਾ।
ਪਿਛਲੇ ਸਾਲ ਗੁਰਦੇਵ ਚੌਹਾਨ ਕੈਨੇਡਾ ਤੋਂ ਪਰਤ ਕੇ ਮਿਲਣ ਆਇਆ ਕਹਿ ਰਿਹਾ ਸੀ ਕਿ ਬੱਲ ਦੇ ਘਰ ਆ ਕੇ ਆਪਣੇ ਘਰ ਨਾਲੋਂ ਵੀ ਵੱਧ ਆਪਣਾਪਨ ਮਹਿਸੂਸ ਹੋਣ ਲਗਦਾ ਹੈ। ਮੋੜਵਾਂ ਸਵਾਲ ਕਰਨ ‘ਤੇ ਚੌਹਾਨ ਦੀ ਤਸਦੀਕ ਸੀ ਕਿ ਗੁਰਨਾਮ ਭੈਣ ਦੀ ਹਾਜ਼ਰੀ ਵਿਚ ਵੀ ਉਸ ਨੂੰ ਕਦੀ ਕਿਸੇ ਤਰ੍ਹਾਂ ਦਾ ਤਣਾਓ ਨਜ਼ਰ ਨਹੀਂ ਆਇਆ।
ਮੇਰਾ ਯਕੀਨ ਹੈ ਕਿ ਕਿਸੇ ਹੋਰ ਯੂਨੀਵਰਸਿਟੀ ਪ੍ਰੋਫੈਸਰ ਦੇ ਘਰੇ ਅਜਿਹਾ ਵਰਤਾਰਾ ਇੱਕ ਹਫਤਾ ਚੱਲਣਾ ਵੀ ਸੰਭਵ ਨਹੀਂ। ਗੁਰਨਾਮ ਕੌਰ ਵਰਗੇ ਵੱਡੇ ਜਿਗਰੇ ਦਾ ਸਬੂਤ ਡਾæ ਕੇਹਰ ਸਿੰਘ ਹੁਰਾਂ ਨੂੰ ਵੀ ਦੇਣਾ ਪਿਆ ਸੀ, ਜਦੋਂ ਨਾਵਲੀ ਕੱਦ ਦੀ ਰੋਸੇ ਭਰੀ ਚਿੱਠੀ ਬੱਲ ਨੇ ਕੇਵਲ ਲਿਖੀ ਹੀ ਨਹੀਂ ਸਗੋਂ ਕਾਪੀ ਕਰ ਕੇ ਆਪਣੇ ਦੋ-ਤਿੰਨ ਸਟੀਕ ਦੋਸਤਾਂ ਦੇ ਹਵਾਲੇ ਵੀ ਕੀਤੀ; ਪਰ ਡਾਕਟਰ ਸਾਹਿਬ ਨੇ ਰੋਸ ਵਜੋਂ ਕੁੱਝ ਕਹਿਣਾ ਤਾਂ ਕੀ ਸੀ, ਮੱਥੇ ਵੱਟ ਵੀ ਨਹੀਂ ਪਾਇਆ। ਪਹਿਲਾਂ ਵਾਂਗ ਹੀ ਦੋਵਾਂ ਵਿਚਕਾਰ ਨੇੜਤਾ ਅਤੇ ਆਪਸੀ ਸਤਿਕਾਰ ਅੱਜ ਤੱਕ ਕਾਇਮ ਹੈ।
ਮੈਂ ‘ਪੰਜਾਬੀ ਟ੍ਰਿਬਿਊਨ’ ਬਾਰੇ ਯਾਦਾਂ ਦੀ ਲੜੀ ਬੇਬਾਕ ਅੰਦਾਜ਼ ਵਿਚ ਲਿਖਣ ਲਈ ਅਮੋਲਕ ਸਿੰਘ ਦਾ ਇਸ ਗੱਲੋਂ ਵੀ ਆਭਾਰੀ ਹਾਂ ਕਿ ਉਸ ਨੇ ਮੈਨੂੰ ਆਪਣੇ ਇਸ ਅਨੋਖੇ ਮਿੱਤਰ ਬਾਰੇ ਆਪਣੇ ਪ੍ਰਭਾਵ ਸਾਂਝੇ ਕਰਨ ਦੀ ਪ੍ਰੇਰਨਾ ਦਿੱਤੀ ਹੈ।

Be the first to comment

Leave a Reply

Your email address will not be published.