ਗੁਰੂ ਕੀ ਨਗਰੀ ਵਿਚ ਹੋਇਆ ਸਭ ਤੋਂ ਵੱਧ ਮਨੁੱਖੀ ਹੱਕਾਂ ਦਾ ਘਾਣ

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਪੰਜਾਬ ਵਿਚ ਪਿਛਲੇ ਦੋ ਸਾਲਾਂ ਦੌਰਾਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮਾਮਲਿਆਂ ਵਿਚ ਚੋਖਾ ਵਾਧਾ ਹੋਇਆ ਹੈ ਤੇ ਇਸ ਤਰ੍ਹਾਂ ਦੇ ਸਭ ਤੋਂ ਵੱਧ ਮਾਮਲੇ ਅੰਮ੍ਰਿਤਸਰ ਵਿਚ ਸਾਹਮਣੇ ਆਏ ਹਨ। ਇਸ ਤੋਂ ਮਗਰੋਂ ਕ੍ਰਮਵਾਰ ਲੁਧਿਆਣਾ ਤੇ ਪਟਿਆਲਾ ਦਾ ਨਾਂ ਆਉਂਦਾ ਹੈ। ਪਿਛਲੇ ਤਿੰਨ ਸਾਲ ਤੋਂ ਸਭ ਤੋਂ ਘੱਟ ਮਾਮਲੇ ਸ਼ਹੀਦ ਭਗਤ ਸਿੰਘ ਜ਼ਿਲ੍ਹੇ ਵਿਚ ਸਾਹਮਣੇ ਆਏ ਹਨ।
ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਸਾਲ 2012 ‘ਚ 18322 ਸ਼ਿਕਾਇਤਾਂ ਸੁਣਵਾਈ ਲਈ ਆਈਆਂ ਸਨ। ਇਨ੍ਹਾਂ ਵਿਚੋਂ ਸਭ ਤੋਂ ਵੱਧ ਗਿਣਤੀ 2284 ਸ਼ਿਕਾਇਤਾਂ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਹਨ। ਲੁਧਿਆਣਾ ਦਾ ਨਾਂ ਦੂਜੇ ਸਥਾਨ ‘ਤੇ ਰਿਹਾ ਹੈ ਜਿਥੋਂ ਮਿਲਣ ਵਾਲੀਆਂ ਸ਼ਿਕਾਇਤਾਂ ਦੀ ਗਿਣਤੀ 2266 ਦੱਸੀ ਗਈ ਹੈ। ਪਟਿਆਲਾ ਜ਼ਿਲ੍ਹੇ ਤੋਂ 1262 ਸ਼ਿਕਾਇਤਾਂ ਮਿਲੀਆਂ ਹਨ। ਪਿਛਲੇ ਸਾਲ ਫਰੀਦਕੋਟ ਦਾ ਨਾਂ ਤੀਜੇ ਥਾਂ ‘ਤੇ ਰਿਹਾ ਸੀ ਤੇ ਉਥੋਂ 1127 ਕੇਸ ਦਾਇਰ ਕੀਤੇ ਗਏ ਸਨ। ਸਾਲ 2011 ਨਾਲੋਂ 2012 ਵਿਚ ਅੰਮ੍ਰਿਤਸਰ ਜ਼ਿਲ੍ਹੇ ਤੋਂ ਸ਼ਿਕਾਇਤਾਂ ਦੀ ਗਿਣਤੀ ਵਧ ਗਈ ਹੈ ਤੇ ਲੁਧਿਆਣਾ ਦੂਜੇ ਥਾਂ ‘ਤੇ ਆ ਗਿਆ ਹੈ। ਪਿਛਲੇ ਤਿੰਨ ਸਾਲਾਂ ਤੋਂ ਸ਼ਹੀਦ ਭਗਤ ਸਿੰਘ ਜ਼ਿਲ੍ਹੇ ਤੋਂ ਸਭ ਤੋਂ ਘੱਟ ਸ਼ਿਕਾਇਤਾਂ ਸਾਹਮਣੇ ਆਈਆਂ ਹਨ।
ਕਮਿਸ਼ਨ ਵੱਲੋਂ ਦਿੱਤੇ ਅੰਕੜਿਆਂ ਮੁਤਾਬਕ ਸਾਲ 2012 ਵਿਚ ਬਠਿੰਡਾ ਜ਼ਿਲ੍ਹੇ ਤੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀਆਂ 1073 ਸ਼ਿਕਾਇਤਾਂ ਆਈਆਂ ਹਨ ਜਦੋਂਕਿ ਉਸ ਤੋਂ ਪਿਛਲੇ ਸਾਲ ਇਹ ਗਿਣਤੀ 951 ਸੀ। ਲੰਘੇ ਸਾਲ ਫਰੀਦਕੋਟ ਜ਼ਿਲ੍ਹੇ ਤੋਂ 674, ਫਤਹਿਗੜ੍ਹ ਸਾਹਿਬ ਤੋਂ 258, ਫਿਰੋਜ਼ਪੁਰ ਤੋਂ 1551, ਗੁਰਦਾਸਪੁਰ ਤੋਂ 940, ਹੁਸ਼ਿਆਰਪੁਰ ਤੋਂ 588, ਜਲੰਧਰ ਤੋਂ 1042, ਕਪੂਰਥਲਾ ਤੋਂ 506, ਮਾਨਸਾ ਤੋਂ 566, ਮੋਗਾ ਤੋਂ 703, ਮੁਕਤਸਰ ਸਾਹਿਬ ਤੋਂ 708, ਰੋਪੜ ਤੋਂ 221, ਮੁਹਾਲੀ ਤੋਂ 448, ਸੰਗਰੂਰ ਤੋਂ 846, ਤਰਨ ਤਾਰਨ ਤੋਂ 1165, ਬਰਨਾਲਾ ਤੋਂ 325 ਤੇ ਪੰਜਾਬ ਤੋਂ ਬਾਹਰੋਂ ਹੋਰ 402 ਸ਼ਿਕਾਇਤਾਂ ਮਿਲੀਆਂ ਹਨ।
ਸਾਲ 2011 ਵਿਚ ਅੰਮ੍ਰਿਤਸਰ ਜ਼ਿਲ੍ਹੇ ਤੋਂ 1984, ਬਠਿੰਡਾ ਤੋਂ 951, ਫਰੀਦਕੋਟ ਤੋਂ 515, ਫਤਹਿਗੜ੍ਹ ਸਾਹਿਬ ਤੋਂ 233, ਗੁਰਦਾਸਪੁਰ ਤੋਂ 1126, ਹੁਸ਼ਿਆਰਪੁਰ ਤੋਂ 503, ਜਲੰਧਰ ਤੋਂ 885, ਕਪੂਰਥਲਾ ਤੋਂ 366, ਲੁਧਿਆਣਾ ਤੋਂ 2025, ਮਾਨਸਾ ਤੋਂ 472, ਮੋਗਾ ਤੋਂ 600, ਸ੍ਰੀ ਮੁਕਤਸਰ ਸਾਹਿਬ ਤੋਂ 600, ਰੋਪੜ ਤੋਂ 217 ਮੁਹਾਲੀ ਤੋਂ 418, ਸੰਗਰੂਰ ਤੋਂ 472, ਤਰਨ ਤਾਰਨ ਤੋਂ 1002, ਬਰਨਾਲਾ ਤੋਂ 226, ਫਾਜ਼ਿਲਕਾ ਤੋਂ 223, ਪਠਾਨਕੋਟ ਤੋਂ 262 ਤੇ ਪੰਜਾਬ ਤੋਂ ਬਾਹਰੋਂ 297 ਕੇਸ ਦਾਇਰ ਕੀਤੇ ਗਏ ਸਨ।
ਲੰਘੇ ਦੋ ਸਾਲਾਂ ਦਾ ਮੁਕਾਬਲਤਨ ਅਧਿਐਨ ਕਰਨ ਤੋਂ ਸਭ ਤੋਂ ਵੱਡੀ ਗੱਲ ਇਹ ਸਾਹਮਣੇ ਆਈ ਹੈ ਕਿ ਸਾਲ 2012 ਵਿਚ ਦੋ ਹਜ਼ਾਰ ਸ਼ਿਕਾਇਤਾਂ ਵੱਧ ਗਈਆਂ ਹਨ। ਫਿਰੋਜ਼ਪਰੁ ਜ਼ਿਲ੍ਹੇ ਤੋਂ ਸ਼ਿਕਾਇਤਾਂ ਦੀ ਗਿਣਤੀ ਘੱਟ ਹੋਈ ਹੈ ਤੇ ਅੰਕੜਾ 611 ਦਾ ਹੈ। ਗੁਰਦਾਸਪੁਰ ਦਾ ਨਾਂ ਵੀ ਇਸੇ ਕੜੀ ‘ਚ ਆ ਰਿਹਾ ਹੈ। ਗੁਰਦਾਸਪੁਰ ਤੋਂ ਬੀਤੇ ਸਾਲ ਦੌਰਾਨ 944 ਸ਼ਿਕਾਇਤਾਂ ਮਿਲੀਆਂ ਸਨ ਜਦੋਂਕਿ ਇਸ ਤੋਂ ਇਕ ਸਾਲ ਪਹਿਲਾਂ ਦੀ ਗਿਣਤੀ 1126 ਦੱਸੀ ਗਈ ਹੈ। ਫਿਰੋਜ਼ਪੁਰ ਤੇ ਗੁਰਦਾਸਪੁਰ ਨੂੰ ਛੱਡ ਕੇ ਬਾਕੀ ਬਾਰੇ ਜ਼ਿਲ੍ਹਿਆਂ ਤੋਂ ਸ਼ਿਕਾਇਤਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਉਂਜ ਅੱਧੀ ਦਰਜਨ ਅਜਿਹੇ ਜ਼ਿਲ੍ਹੇ ਹਨ ਜਿਨ੍ਹਾਂ ਦੇ ਕੇਸਾਂ ਵਿਚ ਦਰਜਨ ਦੋ ਦਰਜਨ ਕੇਸ ਹੀ ਵਧੇ ਹਨ। ਜਲੰਧਰ ਵਿਚ ਗਿਣਤੀ 885 ਤੋਂ ਵਧ ਕੇ 1042 ਹੋ ਗਈ ਹੈ। ਪਠਾਨਕੋਟ ਤੋਂ ਸ਼ਿਕਾਇਤਾਂ ਦੀ ਗਿਣਤੀ ਵਿਚ ਤਿੰਨ ਗੁਣਾ ਵਾਧਾ ਹੋਇਆ ਹੈ। ਪੰਜਾਬ ਤੋਂ ਬਾਹਰ ਦੀਆਂ ਸ਼ਿਕਾਇਤਾਂ ਦੀ ਗਿਣਤੀ ਵੀ 297 ਤੋਂ ਵਧ ਕੇ 402 ਹੋ ਗਈ ਹੈ। ਸਭ ਤੋਂ ਜ਼ਿਆਦਾ ਵਾਧਾ ਫਾਜ਼ਿਲਕਾ ਜ਼ਿਲ੍ਹੇ ਦਾ ਹੈ ਜਿਥੋਂ ਸ਼ਿਕਾਇਤਾਂ ਦੀ ਗਿਣਤੀ 223 ਤੋਂ ਵਧ ਕੇ ਇਕਦਮ 825 ਨੂੰ ਪੁੱਜ ਗਈ ਹੈ।
________________________________________________
ਬਾਦਲ ਵੱਲੋਂ ਬਲਾਤਕਾਰੀਆਂ ਨੂੰ ਸਜ਼ਾ-ਏ-ਮੌਤ ਦੀ ਵਕਾਲਤ
ਚੰਡੀਗੜ੍ਹ: ਦੇਸ਼ ਵਿਚ ਇਕ ਤੋਂ ਬਾਅਦ ਇਕ ਵਾਪਰ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ‘ਤੇ ਫਿਕਰ ਪ੍ਰਗਟਾਉਂਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅਜਿਹੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਦੀ ਵਕਾਲਤ ਕੀਤੀ ਹੈ। ਕੇਂਦਰ ਸਰਕਾਰ ਵੱਲੋਂ ਜਸਟਿਸ ਜੇæਐਸ ਵਰਮਾ ਦੀ ਅਗਵਾਈ ਹੇਠ ਔਰਤਾਂ ਖ਼ਿਲਾਫ਼ ਵਧ ਰਹੇ ਜੁਰਮਾਂ ਦੀ ਘੋਖ ਕਰਨ ਲਈ ਬਣਾਏ ਗਏ ਜਸਟਿਸ ਵਰਮਾ ਕਮਿਸ਼ਨ ਨੂੰ ਆਪਣੀ ਰਾਏ ਦਿੰਦਿਆਂ ਮੁੱਖ ਮੰਤਰੀ ਨੇ ਅਜਿਹਾ ਕੇਸਾਂ ਦੀ ਫੌਰੀ ਪੜਤਾਲ, ਪੈਰਵੀ, ਤੁਰੰਤ ਸੁਣਵਾਈ ਤੇ ਵੱਧ ਤੋਂ ਵੱਧ ਸਜ਼ਾ ਦੇਣ ਦੀ ਲੋੜ ‘ਤੇ ਜ਼ੋਰ ਦਿੱਤਾ।  ਧਾਰਾ 376 (1) ਤੇ (2) ਅਧੀਨ ਦਰਜ ਹੋਣ ਵਾਲੇ ਬਲਾਤਕਾਰ ਦੇ ਕੇਸਾਂ ਲਈ ਬਿਨਾਂ ਕਿਸੇ ਸ਼ਰਤੀ ਰਿਹਾਈ (ਪੈਰੋਲ) ਜਾਂ ਮੁਆਫ਼ੀ ਦੇ ਘੱਟੋ-ਘੱਟ ਉਮਰ ਕੈਦ ਦੀ ਵਕਾਲਤ ਕਰਦਿਆਂ ਸ਼ ਬਾਦਲ ਨੇ ਕਿਹਾ ਕਿ ਮੌਤ ਦੀ ਸਜ਼ਾ ਉਨ੍ਹਾਂ ਕੇਸਾਂ ਵਿਚ ਲਾਜ਼ਮੀ ਬਣਾਉਣੀ ਚਾਹੀਦੀ ਹੈ ਜਿਨ੍ਹਾਂ ਕੇਸਾਂ ਵਿਚ ਬਲਾਤਕਾਰ ਉਪਰੰਤ ਪੀੜਤ ਦਾ ਕਤਲ ਕਰ ਦਿੱਤਾ ਗਿਆ ਹੋਵੇ। ਉਨ੍ਹਾਂ ਕਿਹਾ ਕਿ ਜਿਨਸੀ ਸ਼ੋਸ਼ਣ ਦੇ ਕੇਸਾਂ ਨੂੰ ਗੈਰ-ਜ਼ਮਾਨਤੀ ਕਰਾਰ ਦਿੱਤਾ ਜਾਵੇ ਤੇ ਇਨ੍ਹਾਂ ਵਿਚ ਘੱਟੋ-ਘੱਟ ਸਜ਼ਾ ਦੋ ਸਾਲ ਤੇ ਵੱਧ ਤੋਂ ਵੱਧ ਸੱਤ ਸਾਲ ਤੈਅ ਕੀਤੀ ਜਾਣੀ ਚਾਹੀਦੀ ਹੈ। ਹਾਈ ਕੋਰਟਾਂ ਵੱਲੋਂ ਅਜਿਹੇ ਕੇਸਾਂ ਦੇ ਫੌਰੀ ਨਿਬੇੜੇ ਲਈ ਸਮਰਪਤ ਅਦਾਲਤਾਂ ਸਥਾਪਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਸ਼ ਬਾਦਲ ਨੇ ਨਾਲ ਹੀ ਇਹ ਸੁਝਾਅ ਦਿੱਤਾ ਕਿ ਅਜਿਹੇ ਕੇਸਾਂ ਦੀ ਪੜਤਾਲ ਇਕ ਮਹਿਲਾ ਪੁਲਿਸ ਅਫਸਰ ਵੱਲੋਂ ਗਜ਼ਟਿਡ ਅਧਿਕਾਰੀ ਦੀ ਦੇਖ-ਰੇਖ ਹੇਠ ਕੀਤੀ ਜਾਵੇ। ਕਿਸੇ ਵੀ ਮਹਿਲਾ ਸ਼ਿਕਾਇਤਕਰਤਾ ਨੂੰ ਬਿਆਨ ਦੇਣ ਲਈ ਪੁਲਿਸ ਥਾਣੇ ਨਾ ਸੱਦਿਆ ਜਾਵੇ ਸਗੋਂ ਉਸ ਦਾ ਬਿਆਨ ਉਸ ਦੇ ਘਰ ਜਾ ਕੇ ਪਰਿਵਾਰਕ ਜੀਆਂ ਦੀ ਮੌਜੂਦਗੀ ਵਿਚ ਲਿਆ ਜਾਵੇ ਤੇ ਕਿਸੇ ਵੀ ਹਾਲਾਤ ਵਿਚ ਦੋਸ਼ੀ ਜਾਂ ਕਿਸੇ ਅਣਜਾਣ ਵਿਅਕਤੀ ਦੀ ਹਾਜ਼ਰੀ ਵਿਚ ਬਿਆਨ ਲੈਣ ਤੋਂ ਬਚਿਆ ਜਾਵੇ।
_________________________________
ਬਲਾਤਕਾਰੀ ਨੂੰ ਅੱਠ ਹਫਤੇ ਦੇ ਅੰਦਰ-ਅੰਦਰ ਸੁਣਾਈ ਸਜ਼ਾ
ਹੁਸ਼ਿਆਰਪੁਰ: ਇਥੋਂ ਦੀ ਇਕ ਅਦਾਲਤ ਨੇ ਅਗਵਾ ਤੇ ਬਲਾਤਕਾਰ ਦੇ ਕੇਸ ਵਿਚ ਦੋਸ਼ੀ ਨੂੰ ਮਹਿਜ਼ ਅੱਠ ਦਿਨ ਦੇ ਸਮੇਂ ਵਿਚ ਸਜ਼ਾ ਸੁਣਾਈ ਹੈ ਜਿਸ ਨੂੰ ਭਾਰਤੀ ਨਿਆਂ ਪ੍ਰਣਾਲੀ ਵਿਚ ਇਕ ਮਿਸਾਲ ਦੇ ਤੌਰ ‘ਤੇ ਮੰਨਿਆ ਜਾ ਰਿਹਾ ਹੈ। ਅਦਾਲਤ ਨੇ ਇਸ ਦੋਸ਼ੀ ਨੂੰ 10 ਸਾਲ ਦੀ ਕੈਦ ਸੁਣਾਈ ਹੈ। ਇਸੇ ਅਦਾਲਤ ਨੇ ਪਿਛਲੇ ਸਾਲ ਆਪਣੇ ਦੋ ਨਾਬਾਲਗ ਬੱਚਿਆਂ ਨੂੰ ਸਾੜ ਕੇ ਮਾਰਨ ਦੇ ਦੋਸ਼ ਸਬੰਧੀ ਕੇਸ ਦੀ ਸੁਣਵਾਈ ਤਿੰਨ ਹਫ਼ਤਿਆਂ ਵਿਚ ਮੁਕੰਮਲ ਕਰਕੇ ਫਾਂਸੀ ਦੀ ਸਜ਼ਾ ਸੁਣਾਈ ਸੀ। ਥਾਣਾ ਗੜ੍ਹਸ਼ੰਕਰ ਦੇ ਪਿੰਡ ਬਗਵਾਈ ਦੀ ਇਕ 17 ਸਾਲਾ ਲੜਕੀ ਨੂੰ ਅਗਵਾ ਕਰਕੇ ਉਸ ਨਾਲ ਬਲਾਤਕਾਰ ਕਰਨ ਬਾਰੇ ਪੁਲਿਸ ਨੇ 13 ਅਗਸਤ, 2012 ਨੂੰ ਉੱਤਰ ਪ੍ਰਦੇਸ਼ ਦੇ ਮੂਲ ਵਾਸੀ ਜੈ ਪ੍ਰਕਾਸ਼ ਦਿਵੇਦੀ ਉਰਫ਼ ਪਵਨ ਦੂਬੇ ਤੇ ਦੋ ਹੋਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਇਹ ਕੇਸ ਸਬ ਡਵੀਜ਼ਨਲ ਜੁਡੀਸ਼ੀਅਲ ਮੈਜਿਸਟ੍ਰੇਟ ਗੜ੍ਹਸ਼ੰਕਰ ਵੱਲੋਂ ਵਿਚਾਰੇ ਜਾਣ ਪਿੱਛੋਂ 22 ਦਸੰਬਰ ਨੂੰ ਸੈਸ਼ਨ ਕੋਰਟ ਕੋਲ ਆਇਆ ਸੀ। ਪੁਲਿਸ ਨੇ ਇਸ ਸਾਲ ਦੋ ਜਨਵਰੀ ਨੂੰ ਅਦਾਲਤ ਵਿਚ ਇਸ ਦਾ ਚਲਾਨ ਪੇਸ਼ ਕੀਤਾ ਸੀ। ਕੇਸ ਨਾਲ ਸਬੰਧਤ ਸਾਰੇ ਗਵਾਹਾਂ ਦੇ ਬਿਆਨ ਕਲਮਬੱਧ ਕਰਨ ਤੇ ਹੋਰ ਕਾਨੂੰਨੀ ਕਾਰਵਾਈਆਂ ਮੁਕੰਮਲ ਕਰਨ ਪਿੱਛੋਂ 10 ਜਨਵਰੀ ਨੂੰ ਅਦਾਲਤ ਨੇ ਮੁੱਖ ਦੋਸ਼ੀ ਨੂੰ ਦਫ਼ਾ 376 ਤਹਿਤ 10 ਸਾਲ ਤੇ 50 ਹਜ਼ਾਰ ਰੁਪਏ, ਦਫ਼ਾ 366 ਤਹਿਤ ਸੱਤ ਸਾਲ ਤੇ 20 ਹਜ਼ਾਰ ਰੁਪਏ ਤੇ ਦਫ਼ਾ 363 ਤਹਿਤ ਪੰਜ ਸਾਲ ਤੇ 20 ਹਜ਼ਾਰ ਰੁਪਏ ਜੁਰਮਾਨੇ ਦੇ ਹੁਕਮ ਸੁਣਾਏ।ਇਹ ਸਾਰੀਆਂ ਸਜ਼ਾਵਾਂ ਨਾਲ-ਨਾਲ ਚੱਲਣਗੀਆਂ।

Be the first to comment

Leave a Reply

Your email address will not be published.