ਮੱਕੇ ਸਾਮਾਨ ਸਨ ਦਲਬੀਰ ਤੇ ਕਰਮਜੀਤ ਦੇ ਕੈਬਿਨ

ਹਰਜੀਤ ਸਿੰਘ ਆਲਮ, ਗੁਰਦਾਸਪੁਰ
ਫੋਨ: 91-98143-95980
ਇੰਟਰਨੈਟ ‘ਤੇ ‘ਪੰਜਾਬ ਟਾਈਮਜ਼’ ਵਿਚ ਛਪ ਰਹੀ ਅਮੋਲਕ ਸਿੰਘ ਜੰਮੂ ਦੀ ‘ਪੰਜਾਬੀ ਟ੍ਰਿਬਿਊਨ’ ਨਾਲ ਜੁੜੀਆਂ ਯਾਦਾਂ ਦੀ ਲੜੀ ਪੜ੍ਹੀ। ਸਾਰੀਆਂ ਕਿਰਤਾਂ ਇੱਕ ਤੋਂ ਵੱਧ ਦਿਲਚਸਪ ਲੱਗੀਆਂ। ਦਲਜੀਤ ਸਰਾਂ ਤੇ ਜਗਤਾਰ ਸਿੱਧੂ ਵਿਚਾਲੇ ਦਫਤਰੀ ਸਿਆਸਤ ਦੀ ਜੰਗ ਅਤੇ ਗੁਰਦਿਆਲ ਬੱਲ ਦੀ ਅਖਬਾਰ ਨਵੀਸੀ ਵਾਲੇ ਲੇਖ ਵਧੇਰੇ ਚੰਗੇ ਲੱਗੇ। ਅਮੋਲਕ ਸਿੰਘ ਦੇ ਆਪਣੇ ਅਤੀਤ ਦੇ ਸਾਥੀਆਂ ਬਾਰੇ ਲਿਖੇ ਸ਼ਬਦ ਚਿੱਤਰ ਮਨ ਨੂੰ ਮੋਹ ਜਾਣ ਵਾਲੇ ਹਨ। ਪੰਜਾਬੀ ਟ੍ਰਿਬਿਊਨ ਪਰਿਵਾਰ ਨਾਲ ਲੰਬਾ ਸਮਾਂ ਵਾਹ ਰਿਹਾ ਹੋਣ ਕਰ ਕੇ ਮੇਰੇ ਆਪਣੇ ਮਨ ਅੰਦਰ ਵੀ ਕਈ ਯਾਦਾਂ ਤਾਜ਼ਾ ਹੋ ਗਈਆਂ।
ਮਾਰਚ 1987 ਵਿਚ ਮੈਂ ‘ਪੰਜਾਬੀ ਟ੍ਰਿਬਿਊਨ’ ਤੋਂ ਪੱਤਰਕਾਰੀ ਦਾ ਸਫ਼ਰ ਸ਼ੁਰੂ ਕੀਤਾ। ਉਸ ਸਮੇਂ ਸ਼ ਗੁਲਜ਼ਾਰ ਸਿੰਘ ਸੰਧੂ ਸੰਪਾਦਕ ਅਤੇ ਹਰਭਜਨ ਹਲਵਾਰਵੀ ਸਹਾਇਕ ਸੰਪਾਦਕ ਸਨ। ਕਾਮਰੇਡ ਦਰਸ਼ਨ ਖਟਕੜ ਦੇ ਤੁਆਰਫ ਨਾਲ ਮੈਨੂੰ ਪਠਾਨਕੋਟ ਤੋਂ ਪੱਤਰ ਪ੍ਰੇਰਕ ਬਣਾ ਦਿੱਤਾ ਗਿਆ। ਪੱਤਰਕਾਰੀ ਦਾ ਅਧਿਕਾਰ ਪੱਤਰ ਦੇਣ ਬਾਅਦ ਸੰਪਾਦਕ ਨੇ ਹਰਭਜਨ ਹਲਵਾਰਵੀ ਨੂੰ ਆਪਣੇ ਦਫ਼ਤਰ ਬੁਲਾ ਕੇ ਕਿਹਾ ਕਿ ਇਨ੍ਹਾਂ ਨੂੰ ਦਰਸ਼ਨ ਖਟਕੜ ਨੇ ਭੇਜਿਆ ਹੈ। ਮਗਰੋਂ ਹਲਵਾਰਵੀ ਮੈਨੂੰ ਆਪਣੇ ਕਮਰੇ ਵਿਚ ਲੈ ਗਿਆ ਅਤੇ ਟ੍ਰਿਬਿਊਨ ਦੀ ਰਵਾਇਤ ਅਨੁਸਾਰ ਚਾਹ ਪਿਆਈ। ਉਨ੍ਹੀਂ ਦਿਨੀਂ ਸ਼ਿੰਗਾਰਾ ਸਿੰਘ ਭੁੱਲਰ ਵੀ ਸਹਾਇਕ ਸੰਪਾਦਕ ਸਨ ਅਤੇ ਭੁੱਲਰ ਤੇ ਹਲਵਾਰਵੀ ਇੱਕ ਹੀ ਕਮਰੇ ਵਿਚ ਵੱਖ-ਵੱਖ ਕੈਬਿਨਾਂ ਵਿਚ ਬੈਠਦੇ ਸਨ। ਫਿਰ ਮੈਨੂੰ ਨਿਊਜ਼ ਵਿਚ ਉਸ ਸਮੇਂ ਦੇ ਸਮਾਚਾਰ ਸੰਪਾਦਕ ਜਗਜੀਤ ਸਿੰਘ ਬੀਰ ਅਤੇ ਸਬ-ਐਡੀਟਰਾਂ ਨਾਲ ਮਿਲਾਇਆ ਗਿਆ। ਸਬ-ਐਡੀਟਰਾਂ ਵਿਚ ਦਲਬੀਰ ਸਿੰਘ, ਸੁਰਿੰਦਰ ਸਿੰਘ, ਸੁਰਿੰਦਰ ਤੇਜ, ਸ਼ਮਸ਼ੇਰ ਸਿੰਘ ਸੰਧੂ, ਦਲਜੀਤ ਸਿੰਘ ਸਰਾਂ ਅਤੇ ਗੁਰਦਿਆਲ ਬੱਲ ਆਦਿ ਸਨ।
ਗੁਲਜ਼ਾਰ ਸਿੰਘ ਸੰਧੂ ਮੈਨੂੰ ਬਹੁਤ ਪਿਆਰ ਨਾਲ ਮਿਲੇ ਸਨ ਅਤੇ ਮੈਨੂੰ ਉਨ੍ਹਾਂ ਦਾ ਦਗਦਾ ਖੂਬਸੂਰਤ ਚਿਹਰਾ ਅਜ ਵੀ ਯਾਦ ਹੈ। ਫਿਰ ਜਲਦੀ ਹੀ ਗੁਲਜ਼ਾਰ ਸਿੰਘ ਸੰਧੂ ਦੀ ਜਗ੍ਹਾ ਹਰਭਜਨ ਹਲਵਾਰਵੀ ਸੰਪਾਦਕ ਬਣ ਗਏ। ਕੁਝ ਦਿਨਾਂ ਬਾਅਦ ਹਲਵਾਰਵੀ ਨੇ ਚਿੱਠੀ ਰਾਹੀਂ ਦਫ਼ਤਰ ਬੁਲਾਇਆ। ਹਰਭਜਨ ਹਲਵਾਰਵੀ ‘ਤੇ ਉਦੋਂ ਤਕ ਸੰਪਾਦਕ ਦਾ ‘ਹੁਸਨ’ ਚੜ੍ਹ ਚੁੱਕਾ ਸੀ। ਉਨ੍ਹਾਂ ਮੈਨੂੰ ਪਠਾਨਕੋਟ ਦੇ ਨਾਲ-ਨਾਲ ਗੁਰਦਾਸਪੁਰ ਤੋਂ ਵੀ ਪੱਤਰਕਾਰੀ ਦੇ ਦਿੱਤੀ ਅਤੇ ਅਫ਼ਸਰੀ ਲਹਿਜ਼ੇ ਵਿਚ ਕਿਹਾ ਕਿ ਤੂੰ ਸਿਰਫ਼ ਕਾਮਰੇਡਾਂ ਦੀਆਂ ਖ਼ਬਰਾਂ ਹੀ ਨਾ ਭੇਜਿਆ ਕਰ, ਸਗੋਂ ਹੋਰ ਲੋਕਾਂ ਦੀਆਂ ਵੀ ਭੇਜਿਆ ਕਰ।
ਨਿਊਜ਼ ਰੂਮ ਵਿਚ ਮੈਨੂੰ ਦਲਬੀਰ ਸਿੰਘ, ਸ਼ਮਸ਼ੇਰ ਸਿੰਘ ਸੰਧੂ ਅਤੇ ਗੁਰਦਿਆਲ ਬੱਲ ਚੰਗੇ ਲੱਗੇ ਸਨ। ਫਿਰ ਖ਼ਬਰਾਂ ਦੇ ਮਾਮਲੇ ਵਿਚ ਮੇਰੀ ਗੁਰਦਿਆਲ ਬੱਲ ਨਾਲ ਗੂੜ੍ਹੀ ਸਾਂਝ ਪੈ ਗਈ। ਉਹ ਹਫ਼ਤੇ ਵਿਚ ਇੱਕ-ਅੱਧ ਵਾਰ ਮੈਨੂੰ ਗੁਰਦਾਸਪੁਰ ਫੋਨ ਕਰ ਕੇ ਖਾੜਕੂ ਗਤੀਵਿਧੀਆਂ ਬਾਰੇ ਜ਼ਰੂਰ ਪੁੱਛਦਾ। ਮੈਂ ਜਦੋਂ ਵੀ ‘ਪੰਜਾਬੀ ਟ੍ਰਿਬਿਊਨ’ ਦੇ ਦਫ਼ਤਰ ਜਾਂਦਾ ਤਾਂ ਬੱਲ ਮੈਨੂੰ ਬਾਹਰ ਲਾਅਨ ਵਿਚ ਲੈ ਆਉਂਦਾ ਅਤੇ ਲੰਮਾ ਸਮਾਂ ਗੱਲਾਂ-ਬਾਤਾਂ ਚੱਲਦੀਆਂ। ਬੱਲ ਨੇ ਉਨ੍ਹੀਂ ਦਿਨੀਂ ਹੀ ਮੈਨੂੰ ‘ਪੰਜਾਬੀ ਟ੍ਰਿਬਿਊਨ’ ਅੰਦਰ ਸੰਪਾਦਕ ਤੋਂ ਲੈ ਕੇ ਸਬ-ਐਡੀਟਰਾਂ ਅਤੇ ਪਰੂਫ ਰੀਡਰਾਂ ਤੱਕ ਪੈਦਾ ਹੋ ਚੁੱਕੀ ਧੜੇਬੰਦੀ ਬਾਰੇ ਦੱਸਿਆ ਸੀ। ਕਈ ਵਾਰ ਬੱਲ ਮੈਨੂੰ ਸਵੇਰੇ ਮੇਰੇ ਘਰ ਫੋਨ ਕਰ ਕੇ ਕਹਿੰਦਾ ਕਿ ‘ਆਲਮ ਮੈਂ ਤੇਰੇ ਨਾਂ ‘ਤੇ ਖ਼ਬਰ ਪਾਉਣ ਲੱਗਾਂ ਅਤੇ ਜੇ ਕੋਈ ਪੁੱਛੇ ਤਾਂ ਕਹਿਣਾ ਕਿ ਇਹ ਖ਼ਬਰ ਤੂੰ ਹੀ ਭੇਜੀ ਹੈ।’ ਅਗਲੇ ਦਿਨ ਮੇਰੇ ਨਾਂ ‘ਤੇ ਲੱਗੀ ਹੋਈ ਖ਼ਬਰ ਦੀ ਇਬਾਰਤ ਪੜ੍ਹ ਕੇ ਮੈਂ ਹੈਰਾਨ ਹੋਣਾ ਕਿਉਂਕਿ ਇਹ ਕਿਸੇ ਨਕਸਲੀ ਆਗੂ ਜਾਂ ਕਿਸੇ ਖਾੜਕੂ ਜਥੇਬੰਦੀ ਦੇ ਮੁਖੀ ਦਾ ਲੰਮਾ-ਚੌੜਾ ਬਿਆਨ ਹੁੰਦਾ। ਇਨ੍ਹਾਂ ਬਿਆਨ ਰੂਪੀ ਖ਼ਬਰਾਂ ਵਿਚ ਬੱਲ ਨੇ ਸਬੰਧਿਤ ਆਗੂ ਦੀ ਪਾਰਟੀ ਦੀ ਪੂਰੀ ਪਾਲਿਸੀ ਹੀ ਪਾਈ ਹੁੰਦੀ। ਇਸ ਗੱਲ ਦਾ ਮੈਨੂੰ ਕਦੇ ਪਤਾ ਨਹੀਂ ਲੱਗਾ ਕਿ ਨਿਊਜ਼ ਰੂਮ ਦੇ ਸਾਥੀਆਂ ਨੂੰ ਬੱਲ ਵੱਲੋਂ ਮੇਰੇ ਨਾਂ ‘ਤੇ ਪਾਈਆਂ ਖ਼ਬਰਾਂ ਦਾ ਪਤਾ ਲੱਗਦਾ ਸੀ ਜਾਂ ਨਹੀਂ। ਬੱਲ ਨਾਲ ਮੇਰੀ ਦੋਸਤੀ ਵਧਦੀ ਗਈ ਅਤੇ ਉਹ ਮੈਨੂੰ ਅਕਸਰ ਕਿਤਾਬਾਂ ਪੜ੍ਹਨ ਵਾਸਤੇ ਦਿੰਦਾ। ਇੱਥੇ ਹੀ ਬਸ ਨਹੀਂ ਸੀ, ਸਗੋਂ ਕੁੱਝ ਦਿਨਾਂ ਬਾਅਦ ਉਹ ਮੈਨੂੰ ਫੋਨ ਕਰ ਕੇ ਇਹ ਵੀ ਜ਼ਰੂਰ ਪੁੱਛਦਾ ਕਿ ਕਿਤਾਬ ਕਿਸ ਤਰ੍ਹਾਂ ਦੀ ਲੱਗੀ ਹੈ। ਮੈਨੂੰ ਯਾਦ ਹੈ, ਉਸ ਵੱਲੋਂ ਦਿੱਤੀਆਂ ਦੋ ਕਿਤਾਬਾਂ ਜਸਵੰਤ ਸਿੰਘ ਕੰਵਲ ਦਾ ਨਾਵਲ ‘ਰਾਤ ਬਾਕੀ ਹੈ’ ਅਤੇ ਰੂਸੀ ਲੇਖਕ ਤੁਰਗਨੇਵ ਦਾ ਨਾਵਲ ‘ਪੂਰਬਲੀ ਸੰਧਿਆ’ ਮੈਂ ਆਪ ਪੜ੍ਹੀਆਂ ਸਨ ਅਤੇ ਅਗਾਂਹ ਹੋਰ ਵੀ ਕਈਆਂ ਨੂੰ ਪੜ੍ਹਾਈਆਂ ਸਨ।
1990-91 ਦੌਰਾਨ ਗੁਰਦਾਸਪੁਰ ਇਲਾਕੇ ਵਿਚ ਖਾੜਕੂਵਾਦ ਦਾ ਪੂਰਾ ਬੋਲਬਾਲਾ ਸੀ ਅਤੇ ਰੋਜ਼ਾਨਾ ਹੀ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿਚ ਖਾੜਕੂਆਂ ਵੱਲੋਂ ਮਾਰੇ ਜਾਂਦੇ ਨਿਹੱਥੇ ਲੋਕਾਂ ਤੋਂ ਇਲਾਵਾ ਪੁਲਿਸ ਵੱਲੋਂ ਝੂਠੇ ਮੁਕਾਬਲਿਆਂ ਵਿਚ ਮਾਰੇ ਗਏ ਖਾੜਕੂਆਂ ਦੀਆਂ ਲਾਸ਼ਾਂ ਆਉਂਦੀਆਂ। ਸ਼ਾਇਦ 1991 ਦੀ ਗੱਲ ਹੈ, ਕੜਾਕੇ ਦੀ ਸਰਦੀ ਦੇ ਦਿਨ ਸਨ, ਸ਼ਾਮੀਂ 5-6 ਵਜੇ ਬੱਲ ਗਲ ਵਿਚ ਝੋਲਾ ਪਾਈ ਗੁਰਦਾਸਪੁਰ ਵਿਚ ਸੰਗਲਪੁਰਾ ਰੋਡ ‘ਤੇ ਮੇਰੇ ਘਰ ਆ ਗਿਆ ਅਤੇ ਕਹਿਣ ਲੱਗਾ ਕਿ ਮੈਂ ਉਸ ਨੂੰ ਕਿਸੇ ਚੰਗੇ ਪੁਲਿਸ ਅਫ਼ਸਰ ਤੋਂ ਇਲਾਵਾ ਇਲਾਕੇ ਦੇ ਕਾਮਰੇਡਾਂ ਅਤੇ ਖਾੜਕੂਆਂ ਦੇ ਹਮਦਰਦਾਂ ਨੂੰ ਮਿਲਾਵਾਂ। ਮੈਂ ਬੱਲ ਨੂੰ ਸਕੂਟਰ ‘ਤੇ ਬਿਠਾ ਕੇ ਗੁਰਦਾਸਪੁਰ ਦੇ ਨੇੜੇ ਪੈਂਦੇ ਪਿੰਡ ਤਿੱਬੜ ਪਾਕਿਸਤਾਨ ਤੋਂ ਪਰਤੇ ਇੱਕ ਖਾੜਕੂ ਦੇ ਘਰ ਲੈ ਗਿਆ। ਬੱਲ ਨੇ ਆਪਣੇ ਬੈਗ ਵਿਚੋਂ ਰਜਿਸਟਰ ਕੱਢਿਆ ਅਤੇ ਉਸ ਨੂੰ ਸਵਾਲ ਕਰਨੇ ਤੇ ਨੋਟ ਕਰਨੇ ਸ਼ੁਰੂ ਕਰ ਦਿੱਤੇ। ਕਰੀਬ 2 ਘੰਟੇ ਉਹ ਸਤਨਾਮ ਸਿੰਘ ਨਾਂ ਦੇ ਇਸ ਬੰਦੇ ਨਾਲ ਗੱਲੀਂ ਲੱਗਾ ਰਿਹਾ। ਵਾਪਸ ਪਰਤਦਿਆਂ ਮੈਂ ਉਸ ਨੂੰ ਉਸ ਸਮੇਂ ਦੇ ਗੁਰਦਾਸਪੁਰ ਵਿਖੇ ਤਾਇਨਾਤ ਐਸ਼ਪੀæ(ਡੀæ) ਗੁਰਦਿਆਲ ਸਿੰਘ ਦੇ ਘਰ ਲੈ ਗਿਆ। ਉਥੇ ਵੀ ਕਰੀਬ ਦੋ ਘੰਟੇ ਬੱਲ ਇਸ ਐਸ਼ਪੀæ ਨੂੰ ਪੰਜਾਬ ਦੇ ਮਾਹੌਲ ਬਾਰੇ ਸਵਾਲ ਕਰਦਾ ਰਿਹਾ ਅਤੇ ਰਜਿਸਟਰ ‘ਤੇ ਨੋਟ ਕਰੀ ਗਿਆ। ਐਸ਼ਪੀæ ਨੇ ਕਈ ਤਰ੍ਹਾਂ ਦੀ ਜਾਣਕਾਰੀ ਦਿੰਦਿਆਂ ਇਹ ਵੀ ਦੱਸਿਆ ਕਿ ਨਕਸਲੀ ਲਹਿਰ ਦੇ ਸ਼ੁਰੂ ਵਿਚ ਜਦੋਂ ਨਕਸਲੀਆਂ ਨੇ ਚਮਕੌਰ ਸਾਹਿਬ ਥਾਣੇ ਵਿਚ ਐਕਸ਼ਨ ਕੀਤਾ ਸੀ ਤਾਂ ਉਥੇ ਇੰਚਾਰਜ ਉਹ ਹੀ ਸੀ। ਜਸਵੰਤ ਸਿੰਘ ਕੰਵਲ ਦੇ ਨਾਵਲ ‘ਲਹੂ ਦੀ ਲੋਅ’ ਜਿਸ ਥਾਣੇਦਾਰ ਦਾ ਜ਼ਿਕਰ ਹੈ, ਕੰਵਲ ਵੱਲੋਂ ਉਸੇ ਨਾਲ ਲਈ ਗਈ ਲੰਮੀ ਇੰਟਰਵਿਊ ‘ਤੇ ਆਧਾਰਤ ਸੀ।
ਇਨ੍ਹਾਂ ਸਾਲਾਂ ਦੌਰਾਨ ਬੱਲ ਮੇਰੇ ਕੋਲ ਕਈ ਗੇੜੇ ਮਾਰ ਗਿਆ। ਮੈਨੂੰ ਤਾਂ ਉਹ ‘ਪੰਜਾਬੀ ਟ੍ਰਿਬਿਊਨ’ ਦਾ ਰੋਮਿੰਗ ਅੰਬੈਸਡਰ ਲੱਗਣ ਲੱਗ ਪਿਆ। ਬੱਲ ਪੁਲਿਸ ਦਾ ਸ਼ਿਕਾਰ ਹੋਏ ਖਾੜਕੂ ਪਰਿਵਾਰਾਂ, ਖਾੜਕੂਆਂ ਦੇ ਸ਼ਿਕਾਰ ਹੋਏ ਆਮ ਲੋਕਾਂ, ਵਿਗੜੇ ਤੋਂ ਵਿਗੜੇ ਪੁਲਿਸ ਅਫਸਰਾਂ ਅਤੇ ਕਾਮਰੇਡਾਂ-ਸਾਰਿਆਂ ਨਾਲ ਮੁਲਾਕਾਤਾਂ ਕਰ ਕਰ ਕੇ ਰਜਿਸਟਰ ਭਰੀ ਜਾਂਦਾ। ਦਰਸ਼ਨ ਖਟਕੜ ਵਾਲੀ ਨਕਸਲੀ ਧਿਰ ਦਾ ਇਲਾਕੇ ਵਿਚ ਕਾਫ਼ੀ ਆਧਾਰ ਸੀ। ਸਰੱਹਦ ਦੇ ਨਾਲ ਵੱਡੇ ਕਸਬਿਆਂ ਦੋਰਾਂਗਲਾ ਅਤੇ ਬਹਿਰਾਮਪੁਰ ਤੋਂ ਇਲਾਵਾ ਇਨ੍ਹਾਂ ਕਸਬਿਆਂ ਦੇ ਨਾਲ ਲਗਦੇ ਪਿੰਡ ਉਨ੍ਹਾਂ ਦੇ ਗੜ੍ਹ ਸਨ। ਬੱਲ ਜਦੋਂ ਵੀ ਮੇਰੇ ਕੋਲ ਆਇਆ, ਦੋਰਾਂਗਲੇ ਦਾ ਗੇੜਾ ਪੱਕਾ ਹੁੰਦਾ। ਚੰਨਣ ਸਿੰਘ ਦੋਰਾਂਗਲਾ ਅਤੇ ਬਖਤਪੁਰ ਵਾਲਾ ਕਾਮਰੇਡ ਗੁਰਮੀਤ ਸਿੰਘ ਅੱਜ ਵੀ ਉਸ ਨੂੰ ਚੇਤੇ ਕਰਦੇ ਰਹਿੰਦੇ ਹਨ।
ਬੱਲ ਦਾ ਉਸ ਦੌਰ ਦਾ ਮੇਰੇ ਕੋਲ ਆਖਰੀ ਗੇੜਾ ਸਭ ਤੋਂ ਵੱਧ ਦਿਲਚਸਪ ਰਿਹਾ। ਉਸ ਨੂੰ ਮੈਂ ਗੁਰਦਾਸਪੁਰ ਤੋਂ 10 ਕੁ ਕਿਲੋਮੀਟਰ ਦੂਰ ਪੈਂਦੇ ਪਿੰਡ ਅਲੂਣਾ ਕਾਮਰੇਡ ਤੇਜਾ ਸਿੰਘ ਸੁਤੰਤਰ ਦੇ ਛੋਟੇ ਭਰਾ ਕਾਮਰੇਡ ਮੇਦਨ ਸਿੰਘ ਦੇ ਘਰ ਛੱਡ ਆਇਆ ਸਾਂ ਅਤੇ ਬੱਲ ਤਿੰਨ ਦਿਨ ਲਗਾਤਾਰ ਉਸ ਦੀਆਂ ਹੱਡਬੀਤੀਆਂ ਆਪਣੇ ਰਜਿਸਟਰ ਉਪਰ ਚਾੜ੍ਹਦਾ ਰਿਹਾ। ਕਾਮਰੇਡ ਮੇਦਨ ਸਿੰਘ ਜਿੰਨੀ ਵੱਡੀ ਇਤਿਹਾਸਕ ਹਸਤੀ ਸੀ, ਉਸ ਦਾ ਘਰ ਉਨਾ ਹੀ ਖਸਤਾ ਸੀ, ਸਿਰੇ ਦੀ ਫਾਕਾ ਮਸਤੀ ਵਿਚ ਉਹ ਜ਼ਿੰਦਗੀ ਕੱਟ ਰਿਹਾ ਸੀ। ਤੀਜੇ ਦਿਨ ਬੱਲ ਨੂੰ ਉਥੋਂ ਲੈਣ ਗਿਆ ਤਾਂ ਮਹਿਸੂਸ ਹੋਇਆ ਜਿਵੇ ਬੱਲ ਮੁੱਦਤਾਂ ਤੋਂ ਕਾਮਰੇਡ ਮੇਦਨ ਸਿੰਘ ਨਾਲ ਹੀ ਰਹਿ ਰਿਹਾ ਹੋਵੇ। ਮਗਰੋਂ ਕਾਮਰੇਡ ਮੇਦਨ ਜਦੋਂ ਵੀ ਮਿਲਦੇ, ਪੁੱਛਦੇ, ‘ਤੇਰੇ ਉਸ ਸਾਥੀ ਨੇ ਕੋਈ ਕਿਤਾਬ ਕਿਉਂ ਨਹੀਂ ਲਿਖੀ?’
ਮੈਂ ਜਦੋਂ ਵੀ ਚੰਡੀਗੜ੍ਹ ‘ਪੰਜਾਬੀ ਟ੍ਰਿਬਿਊਨ’ ਦੇ ਦਫ਼ਤਰ ਜਾਂਦਾ ਤਾਂ ਸਭ ਤੋਂ ਪਹਿਲਾਂ ਬੱਲ ਨੂੰ ਹੀ ਮਿਲਦਾ ਅਤੇ ਨਾਲ ਲਿਆਂਦੀਆਂ ਕੁੱਝ ਖਾਸ ਖ਼ਬਰਾਂ ਛਪਵਾਉਣ ਵਾਸਤੇ ਦੇ ਦਿੰਦਾ। ਬੱਲ ਮੇਰੀਆਂ ਦਿੱਤੀਆਂ ਖ਼ਬਰਾਂ ਵਿਚ ਕਾਫ਼ੀ ਲੰਮੀ ਚੌੜੀ ਤਬਦੀਲੀ ਕਰ ਕੇ ਛਾਪ ਦਿੰਦਾ। ਖ਼ਬਰਾਂ ਭਾਵੇਂ ਖਾੜਕੂਆਂ ਦੀਆਂ ਹੋਣ, ਨਕਸਲੀਆਂ ਦੀਆਂ, ਅਕਾਲੀਆਂ ਦੀਆਂ ਜਾਂ ਕਾਮਰੇਡਾਂ ਦੀਆਂ-ਬੱਲ ਦਾ ਹੱਥ ਹਰ ਧਿਰ ਦੇ ਬਿਆਨ ਉਪਰ ਪੂਰੀ ਰੀਝ ਨਾਲ ਫਿਰਿਆ ਹੁੰਦਾ। ਮੇਰੇ ਲਈ ਅੱਜ ਤੱਕ ਵੀ ਇਹ ਭੇਤ ਹੈ ਕਿ ਬੱਲ ਦੀ ਹਮਦਰਦੀ ਕਿਹੜੀ ਧਿਰ ਨਾਲ ਸੀ, ਉਹ ਕਿਸ ਦੇ ਨਾਲ ਖੜ੍ਹਾ ਸੀ? ਉਹ ਸਾਰਿਆਂ ਦੇ ਬਿਆਨ ਜੂਝ ਮਰਨ ਦੀ ਭਾਵਨਾ ਨਾਲ ਕਿਉਂ ਲਾਉਂਦਾ ਸੀ? ਪੈਸੇ ਦਾ ਜਾਂ ਕਿਸੇ ਹੋਰ ਤਰ੍ਹਾਂ ਦਾ ਲਾਲਚ ਤਾਂ ਉਸ ਅੰਦਰ ਕਦੀ ਨਜ਼ਰ ਆਇਆ ਨਹੀਂ ਸੀ। ਅਮੋਲਕ ਸਿੰਘ ਦਾ ਬੱਲ ਦੀ ਵਿਲੱਖਣ ਅਖ਼ਬਾਰ ਨਵੀਸੀ ਵਾਲਾ ਲੇਖ ਪੜ੍ਹ ਦੇ ਥੋੜ੍ਹਾ ਜਿਹਾ ਤਾਂ ਪਤਾ ਲੱਗਾ ਹੈ ਪਰ ਪੂਰਾ ਪਤਾ ਅਜੇ ਵੀ ਨਹੀਂ ਲੱਗਾ।
ਮੈਂ ਪਾਠਕਾਂ ਨਾਲ ਇੱਕ ਹੋਰ ਗੱਲ ਸਾਂਝੀ ਕਰਨਾ ਚਾਹੁੰਦਾ ਹਾਂ ਕਿ ਸੰਪਾਦਕ ਬਣਨ ਤੋਂ ਬਾਅਦ ਹਰਭਜਨ ਹਲਵਾਰਵੀ ਵਿਚ ਅਫ਼ਸਰੀ ਠਾਠ-ਬਾਠ ਆ ਗਈ ਸੀ ਅਤੇ ਉਹ ਬਾਹਰੋਂ ਆਉਂਦੇ ਪੱਤਰਕਾਰਾਂ ਨੂੰ ਬਿਨਾਂ ਵਜ੍ਹਾ ਡਾਂਟ ਦਿੰਦਾ ਸੀ। ਇੱਥੋਂ ਤੱਕ ਕਿ ਕਈ ਪੱਤਰਕਾਰ ਤਾਂ ਹਲਵਾਰਵੀ ਦੇ ਕਮਰੇ ਵਿਚ ਜਾਣ ਤੋਂ ਡਰਨ ਲੱਗ ਪਏ ਸਨ ਕਿ ਉਸ ਨੇ ਪਤਾ ਨਹੀਂ ਕੀ ਕਹਿ ਦੇਣਾ ਹੈ! ਹਲਵਾਰਵੀ ਦਾ ਪੀæਏæ ਮਨਜੀਤ ਸਿੰਘ ਮਨੌਲੀ ਸੀ ਅਤੇ ਮੈਂ ਅਕਸਰ ਹੀ ਹਲਵਾਰਵੀ ਨੂੰ ਮਿਲਣ ਤੋਂ ਪਹਿਲਾਂ ਉਸ ਨੂੰ ਮਿਲਦਾ ਸਾਂ ਅਤੇ ਗੱਲਾਂ ਬਾਤਾਂ ਹੁੰਦੀਆਂ। ਇੱਕ ਦਿਨ ਮੈਂ ਮਨੌਲੀ ਨੂੰ ਕਿਹਾ ਕਿ ਮੈਂ ਹੁਣ ‘ਅਜੀਤ’ ਦਾ ਵੀ ਪੱਤਰਕਾਰ ਬਣ ਚੁੱਕਾ ਹਾਂ ਅਤੇ ‘ਅਜੀਤ’ ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਬਹੁਤ ਵਧੀਆ ਇਨਸਾਨ ਹਨ। ਉਨ੍ਹਾਂ ਨੂੰ ਮਿਲਣਾ ਚੰਗਾ ਲੱਗਦਾ ਹੈ। ਇਹ ਗੱਲ ਮਨੌਲੀ ਨੇ ਹਲਵਾਰਵੀ ਨੂੰ ਦੱਸ ਦਿੱਤੀ ਅਤੇ ਜਦੋਂ ਅਗਲੇ ਫੇਰੇ ਮੈਂ ਹਲਵਾਰਵੀ ਨੂੰ ਮਿਲਣ ਉਨ੍ਹਾਂ ਦੇ ਕਮਰੇ ਵਿਚ ਗਿਆ ਤਾਂ ਉਹ ਮੇਰੇ ਗਲ ਪੈਣ ਨੂੰ ਫਿਰਦੇ ਸਨ। ਮੇਰੀ ਕੋਈ ਗੱਲ ਸੁਣੇ ਬਗੈਰ ਹੀ ਉਹ ਮੈਨੂੰ ਕਹੀ ਜਾਣ ਕਿ ਤੈਨੂੰ ਤਾਂ ਬਰਜਿੰਦਰ ਬਹੁਤਾ ਪਸੰਦ ਹੈ, ਪੱਤਰਕਾਰ ਤਾਂ ਤੈਨੂੰ ਮੈਂ ਹੀ ਬਣਾਇਆ ਸੀ।
1997-98 ਦੇ ਗੇੜ ‘ਚ ਟ੍ਰਿਬਿਊਨ ਵਿਚੋਂ ਹਲਵਾਰਵੀ ਦੀ ਛੁੱਟੀ ਕਰ ਦਿੱਤੀ ਗਈ। ਉਦੋਂ ਕੁ ਮੈਂ ਬੱਲ ਨੂੰ ਮਿਲਿਆ ਤਾਂ ਉਹ ਭਾਵੇਂ ਹਲਵਾਰਵੀ ਦੇ ਜ਼ਿਆਦਾ ਹੱਕ ਵਿਚ ਨਹੀਂ ਸੀ ਪਰ ਉਸ ਨੂੰ ਹਲਵਾਰਵੀ ਦੀ ਅਖ਼ਬਾਰ ਵਿਚੋਂ ਛੁੱਟੀ ਕੀਤੇ ਜਾਣ ਦਾ ਅਫਸੋਸ ਸੀ। ਕਹਿੰਦਾ, ਕੁਝ ਖਾਮੀਆਂ ਦੇ ਬਾਵਜੂਦ ਹਲਵਾਰਵੀ ਭੋਲਾ ਆਦਮੀ ਸੀ, ਉਸ ਨੂੰ ਜ਼ਿਆਦਾ ਸਖ਼ਤ ਸਜ਼ਾ ਮਿਲ ਗਈ। ਬੱਲ ਤੋਂ ਇਲਾਵਾ ਮੈਂ ‘ਪੰਜਾਬੀ ਟ੍ਰਿਬਿਊਨ’ ਦੇ ਸਹਾਇਕ ਸੰਪਾਦਕ ਦਲਬੀਰ ਸਿੰਘ (ਜਗਤ ਤਮਾਸ਼ਾ) ਅਤੇ ਕਰਮਜੀਤ ਸਿੰਘ ਨੂੰ ਵੀ ਉਨ੍ਹਾਂ ਦੇ ਕਮਰੇ ਵਿਚ ਮਿਲਦਾ ਰਹਿੰਦਾ। ਮੇਰੇ ਵਾਂਗ ਬਾਹਰੋਂ ਆਉਂਦੇ ਸਾਹਿਤਕ ਮੱਸ ਵਾਲੇ ਹੋਰ ਪੱਤਰਕਾਰ ਵੀ ਦਲਬੀਰ ਸਿੰਘ ਅਤੇ ਕਰਮਜੀਤ ਸਿੰਘ ਨੂੰ ਜ਼ਰੂਰ ਮਿਲਦੇ। ਜੇ ਕਹਿ ਲਿਆ ਜਾਵੇ ਕਿ ਦਲਬੀਰ ਅਤੇ ਕਰਮਜੀਤ ਦੇ ਕੈਬਿਨ ਪੱਤਰਕਾਰਾਂ ਲਈ ਮੱਕੇ ਸਮਾਨ ਸਨ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਦੋਵੇਂ ਹੀ ਬੜੇ ਸਿਆਣੇ ਅਤੇ ਰੌਣਕੀ ਬੰਦੇ ਸਨ। ਉਨ੍ਹੀਂ ਦਿਨੀਂ ਦੋਵੇਂ ਵਾਰੋ ਵਾਰੀ ਅੱਠਵਾਂ ਕਾਲਮ ਨਾਂ ਦਾ ਵਿਸ਼ੇਸ਼ ਫੀਚਰ ਪੰਜਾਬੀ ਟ੍ਰਿਬਿਊਨ ਵਿਚ ਲਿਖਿਆ ਕਰਦੇ ਸਨ ਜੋ ਬਹੁਤ ਲੋਕਪ੍ਰਿਅ ਵੀ ਹੋਇਆ। ਦੋਹਾਂ ਦੀਆਂ ਵਿਚਾਰਧਾਰਾਵਾਂ ਵਿਚ ਜ਼ਮੀਨ ਅਸਮਾਨ ਦਾ ਫਰਕ ਸੀ, ਪਰ ਦੋਵਾਂ ਦਾ ਆਪਸ ਵਿਚ ਬੜਾ ਨੇੜ ਸੀ। ਉਨ੍ਹਾਂ ਨੂੰ ਮਿਲ ਕੇ ਮਨ ਪ੍ਰਸੰਨ ਹੋ ਜਾਂਦਾ।
ਸਾਲ 2000 ਵਿਚ ਮੈਂ ‘ਅਜੀਤ’ ਦਾ ਸਟਾਫ਼ ਰਿਪੋਰਟਰ ਬਣਨ ਬਾਅਦ ‘ਪੰਜਾਬੀ ਟ੍ਰਿਬਿਊਨ’ ਛੱਡ ਦਿੱਤੀ ਪਰ ਗੁਰਦਿਆਲ ਬੱਲ ਨਾਲ ਮੇਰੀ ਸਾਂਝ ਅਜੇ ਤੱਕ ਬਣੀ ਹੋਈ ਹੈ।

Be the first to comment

Leave a Reply

Your email address will not be published.