ਤਬਾਹ ਹੋ ਰਹੇ ਮੁਲਕ ਵਿਚ ਜਮਹੂਰੀਅਤ ਅਤੇ ਭਾਰਤ ਮਾਂ

-ਜਤਿੰਦਰ ਪਨੂੰ
ਜਿਵੇਂ ਕੋਈ ਬੰਦਾ ਭਰੇ ਮੇਲੇ ਵਿਚ ਜੇਬ-ਕਤਰਿਆਂ ਦੀ ਢਾਣੀ ਦੇ ਵਿਚਾਲੇ ਘਿਰ ਗਿਆ ਹੋਵੇ, ਉਸ ਨੂੰ ਪਤਾ ਵੀ ਹੋਵੇ ਕਿ ਇਹ ਸਾਰੇ ਚੋਰ ਹਨ, ਤੇ ਸਾਰੇ ਜਣੇ ਉਸ ਨੂੰ ਇਹ ਕਹੀ ਜਾਣ ਕਿ ਤੂੰ ਮੇਰੇ ਤੋਂ ਬਿਨਾਂ ਬਾਕੀ ਇਨ੍ਹਾਂ ਸਭਨਾਂ ਤੋਂ ਬਚ ਕੇ ਰਹੀਂ, ਜਿਹੜੀ ਹਾਲਤ ਉਸ ਬੰਦੇ ਦੀ ਹੋ ਸਕਦੀ ਹੈ, ਉਹ ਇਸ ਵਕਤ ਭਾਰਤ ਦੇ ਆਮ ਆਦਮੀ ਦੀ ਬਣੀ ਪਈ ਹੈ। ਲੋਕ ਸਭਾ ਲਈ ਪਿਛਲੀ ਵਾਰੀ ਹੋਈਆਂ ਚੋਣਾਂ ਵਿਚ ਕਾਂਗਰਸ ਪਾਰਟੀ ਨੇ ‘ਕਾਂਗਰਸ ਕਾ ਹਾਥ, ਆਮ ਆਦਮੀ ਕੇ ਸਾਥ’ ਵਾਲਾ ਨਾਅਰਾ ਦਿੱਤਾ ਸੀ ਤੇ ਉਸ ਨੂੰ ਚਿਰਾਂ ਤੋਂ ਲੋਕ ਬਾਕੀ ਸਭ ਤੋਂ ਵੱਧ ਬੇਈਮਾਨ ਪਾਰਟੀ ਮੰਨਦੇ ਆਏ ਹਨ। ਅੱਜ ਹਾਲਾਤ ਇਹ ਹਨ ਕਿ ਜਿਸ ਨਵੀਂ ਪਾਰਟੀ ਦੀ ਹਾਲੇ ਮੋੜ੍ਹੀ ਗੱਡੀ ਗਈ ਹੈ, ਪਿੰਡ ਵੀ ਨਹੀਂ ਬੱਝ ਸਕਿਆ, ਉਸ ਦੇ ਲੀਡਰ ਸਿਰਾਂ ਉਤੇ ‘ਮੈਂ ਹੂੰ ਆਮ ਆਦਮੀ’ ਦੀਆਂ ਟੋਪੀਆਂ ਪਾ ਕੇ ਤੁਰੇ ਸਨ, ਉਸ ਦੇ ਬਾਰੇ ਵੀ ਅਸਲੀ ਆਮ ਆਦਮੀ ਦੇ ਮਨ ਵਿਚ ਕਈ ਸ਼ੰਕੇ ਪੈਦਾ ਹੋਣ ਲੱਗੇ ਹਨ। ਆਮ ਆਦਮੀ ਇਸ ਵੇਲੇ ਭੰਬਲਭੂਸੇ ਵਿਚ ਹੈ। ਉਸ ਦੀ ਹਾਲਤ ਹੁਣ ਉਸ ਜਵਾਕ ਵਰਗੀ ਬਣ ਗਈ ਹੈ, ਜਿਸ ਨੂੰ ਰਾਹ ਵਿਚ ਮਿਲੇ ਚਾਰ ਠੱਗਾਂ ਨੇ ਆਪੋ ਵਿਚ ਅੱਖ ਮਿਲਾ ਕੇ ਕਿਹਾ ਸੀ ਕਿ ‘ਤੂੰ ਤਾਂ ਕੁੱਤਾ ਚੁੱਕੀ ਜਾ ਰਿਹਾ ਹੈਂ’, ਤੇ ਮੁੜ-ਮੁੜ ਕਹੇ ਜਾਣ ਉਤੇ ਉਹ ਕੁੱਛੜ ਚੁੱਕੇ ਮੇਮਣੇ ਨੂੰ ਕੁੱਤਾ ਮੰਨ ਕੇ ਸੁੱਟ ਗਿਆ ਸੀ। ਇਸ ਵਕਤ ਜੋ ਕੁਝ ਸਾਨੂੰ ਰੋਜ਼ ਨਵੇਂ ਸੂਰਜ ਦੇ ਚੜ੍ਹਨ ਤੋਂ ਪਹਿਲਾਂ ਸੁਣਨਾ ਪੈ ਜਾਂਦਾ ਹੈ, ਉਸ ਪਿੱਛੋਂ ਤਾਂ ਨਾਲ ਤੁਰੇ ਜਾਂਦੇ ਚਿਰਾਂ ਦੇ ਜਾਣੂੰ ਬੰਦਿਆਂ ਬਾਰੇ ਵੀ ਸੋਚਣ ਲੱਗ ਪਈਦਾ ਹੈ ਕਿ ਇਹ ਕਿੱਦਾਂ ਦੇ ਹੋਣਗੇ?
ਬੇਯਕੀਨੀ ਦਾ ਇਹ ਮਾਹੌਲ ਆਮ ਆਦਮੀ ਨੇ ਨਹੀਂ ਸਿਰਜਿਆ। ਉਸ ਨੂੰ ਤਾਂ ਸ਼ਾਇਦ ਇਹ ਵੀ ਅਹਿਸਾਸ ਨਹੀਂ ਹੋਣਾ ਕਿ ਇਹੋ ਜਿਹਾ ਮਾਹੌਲ ਬਣ ਚੁੱਕਾ ਹੈ। ਇਹ ਮਾਹੌਲ ਆਮ ਆਦਮੀ ਦੇ ਨਾਂ ਉਤੇ ਰਾਜਨੀਤੀ ਦਾ ਕਾਰੋਬਾਰ ਕਰਨ ਵਾਲੇ ਉਨ੍ਹਾਂ ਲੀਡਰਾਂ ਨੇ ਸਿਰਜਿਆ ਹੈ, ਜਿਨ੍ਹਾਂ ਦੇ ਘਰ ਜਵਾਕ ਜੰਮਣ ਤੋਂ ਪਹਿਲਾਂ ‘ਪਾਰਟੀ ਦਾ ਵਾਰਸ’ ਆ ਰਿਹਾ ਹੋਣ ਦੇ ਜੈਕਾਰੇ ਛੱਡੇ ਜਾਣ ਲੱਗਦੇ ਹਨ। ਅਸੀਂ ਰਾਜਾਂ ਵਿਚ ਹਰ ਨੀਵਾਣ ਛੂਹ ਰਹੀਆਂ ਰਾਜਸੀ ਪਾਰਟੀਆਂ ਨੂੰ ਦੋਸ਼ਾਂ ਤੋਂ ਮੁਕਤ ਨਹੀਂ ਕਰ ਸਕਦੇ, ਪਰ ਇਨ੍ਹਾਂ ਤੋਂ ਪਹਿਲਾਂ ਕੌਮੀ ਪੱਧਰ ਉਤੇ ਰਾਜਸੀ ਲੜਾਈਆਂ ਲੜਨ ਵਾਲੇ ਦੋਸ਼ੀ ਹਨ, ਕਿਉਂਕਿ ਜੇ ਕੇਂਦਰ ਬਚਿਆ ਹੁੰਦਾ ਤਾਂ ਰਾਜਾਂ ਵਾਲਿਆਂ ਦੀ ਏਨੀ ਜੁਰਅੱਤ ਨਹੀਂ ਸੀ ਪੈਣੀ।
ਇਸ ਵਕਤ ਸਾਡੇ ਸਾਹਮਣੇ ਦੇਸ਼ ਦੀ ਕਮਾਨ ਸਾਂਭ ਰਹੀ ਸਭ ਤੋਂ ਵੱਡੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਹੈ, ਜਿਸ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ ਪਹਿਲਾਂ ਆਪਣੇ ਜਵਾਈ ਰਾਬਰਟ ਵਾਡਰਾ ਬਾਰੇ ਸਫਾਈਆਂ ਦੇਣ ਲਈ ਆਪਣੀ ਸਾਰੀ ਟੀਮ ਮੈਦਾਨ ਵਿਚ ਉਤਾਰਨੀ ਪਈ। ਉਹ ਟੀਮ ਇਸ ਕੰਮ ਨੂੰ ਲੱਗੀ ਤਾਂ ਕਹੀ ਜਾਵੇ ਕਿ ਰਾਬਰਟ ਵਾਡਰਾ ਦੇ ਕੋਲ ਕੋਈ ਸਰਕਾਰੀ ਅਹੁਦਾ ਨਾ ਹੋਣ ਕਾਰਨ ਉਸ ਦੇ ਜ਼ਮੀਨਾਂ-ਜਾਇਦਾਦਾਂ ਦੀ ਖਰੀਦ ਦੇ ਸੌਦੇ ਚਰਚਾ ਵਿਚ ਹੀ ਨਹੀਂ ਆਉਣੇ ਚਾਹੀਦੇ। ਜੇ ਉਹ ਸਰਕਾਰੀ ਜਾਂ ਪਾਰਟੀ ਅਹੁਦੇ ਤੋਂ ਪਰ੍ਹੇ ਹੋਣ ਕਰ ਕੇ ਚਰਚਾ ਵਿਚ ਨਹੀਂ ਆਉਣਾ ਚਾਹੀਦਾ ਤਾਂ ਇਸ ਦਾ ਜਵਾਬ ਵੀ ਉਹ ਆਪ ਦੇ ਲਵੇਗਾ, ਪਾਰਟੀ ਨੂੰ ਉਸ ਦੀ ਥਾਂ ਸਪੱਸ਼ਟੀਕਰਨ ਦੇਣ ਲਈ ਉਸ ਦੇ ਵਕੀਲ ਬਣਨ ਦੀ ਕੋਈ ਲੋੜ ਨਹੀਂ ਸੀ ਹੋਣੀ ਚਾਹੀਦੀ। ਪਾਰਟੀ ਇਹ ਉਨ੍ਹਾਂ ਲੋਕਾਂ ਦੀ ਹੈ, ਜਿਹੜੇ ਸੋਨੀਆ ਗਾਂਧੀ ਦੀ ਧੀ ਪ੍ਰਿਅੰਕਾ ਦੇ ਘਰ ਪੁੱਤਰ ਦੇ ਜਨਮ ਤੋਂ ਬਾਅਦ ਕਾਂਗਰਸ ਪ੍ਰਧਾਨ ਦੇ ਘਰ ਅੱਗੇ ਢੋਲ ਵਜਾ ਕੇ ਨੱਚਦੇ ਹੋਏ ਇਹ ਗਾਉਂਦੇ ਫਿਰਦੇ ਸਨ, ‘ਆਹਾ, ਮੈਂ ਤੋ ਮਾਮਾ ਬਨ ਗਇਆ।’ ਹਾਲੇ ਸੋਨੀਆ ਗਾਂਧੀ ਅਤੇ ਉਸ ਦੀ ਟੀਮ ਜਵਾਈ-ਭਾਈ ਦੇ ਮਾਮਲੇ ਤੋਂ ਵਿਹਲੀ ਨਹੀਂ ਸੀ ਹੋਈ ਕਿ ਪੁੱਤਰ ਰਾਹੁਲ ਗਾਂਧੀ ਦੀ ਜ਼ਮੀਨ ਦਾ ਕਿੱਸਾ ਸਾਹਮਣੇ ਆ ਗਿਆ। ਜਵਾਬ ਹੀ ਦੇਣਾ ਹੋਵੇ ਤਾਂ ਸਲਮਾਨ ਖੁਰਸ਼ੀਦ ਵੀ ਦੇਈ ਜਾਂਦਾ ਹੈ ਤੇ ਸਿਰਹਾਣਿਆਂ ਵਿਚ ਨੋਟ ਭਰ ਕੇ ਰੱਖਣ ਵਾਲਾ ਸੁਖਰਾਮ ਵੀ ਦਿੰਦਾ ਰਿਹਾ ਸੀ, ਗੱਲ ਜਵਾਬ ਦੀ ਨਹੀਂ, ਲੋਕਾਂ ਦੇ ਭਰੋਸੇ ਦੀ ਹੈ ਤੇ ਉਹ ਇਸ ਲੀਡਰਸ਼ਿਪ ਉਤੇ ਹੁਣ ਭਰੋਸਾ ਪ੍ਰਗਟ ਕਰਨ ਜੋਗੇ ਨਹੀਂ ਰਹੇ।
ਦੂਸਰਾ ਪਾਸਾ ਭਾਰਤੀ ਜਨਤਾ ਪਾਰਟੀ ਦਾ ਹੈ, ਜਿਸ ਦੀ ਲੀਡਰਸ਼ਿਪ ਵਿਚ ਕੁਝ ਲੀਡਰ ਇਸ ਗੱਲੋਂ ਅੰਦਰ-ਖਾਤੇ ਹੁਣ ਬਹੁਤ ਖੁਸ਼ ਹਨ ਕਿ ਪ੍ਰਧਾਨ ਮੰਤਰੀ ਦੀ ਕੁਰਸੀ ਦਾ ਇੱਕ ਦਾਅਵੇਦਾਰ ਕੂੜੇਦਾਨ ਵਿਚ ਡਿੱਗਣ ਲੱਗਾ ਹੈ, ਪਰ ਬਾਹਰੋਂ ਆਪਣੇ ਪ੍ਰਧਾਨ ਉਤੇ ਲੱਗੇ ਦੋਸ਼ਾਂ ਦਾ ਖੰਡਨ ਕਰਨ ਲਈ ਸਿਰ ਪਰਨੇ ਹੋ ਗਏ ਹਨ। ਪ੍ਰਧਾਨ ਨਿਤਿਨ ਗਡਕਰੀ ਦੇ ਖਿਲਾਫ ਦੋਸ਼ਾਂ ਦੀ ਕਹਾਣੀ ਇੱਕ ਬੀਬੀ ਅੰਜਲੀ ਦਾਮਣੀਆ ਨੇ ਸ਼ੁਰੂ ਕੀਤੀ ਸੀ, ਜਿਸ ਨੇ ਕਿਹਾ ਸੀ ਕਿ ਮਹਾਰਾਸ਼ਟਰ ਵਿਚ ਵਾਪਰੇ 58 ਹਜ਼ਾਰ ਕਰੋੜ ਰੁਪਏ ਦੇ ਸਿੰਜਾਈ ਘੋਟਾਲੇ ਵਿਚ ਕੇਂਦਰੀ ਮੰਤਰੀ ਸ਼ਰਦ ਪਵਾਰ ਦੇ ਭਤੀਜੇ ਅਤੇ ਰਾਜ ਦੇ ਡਿਪਟੀ ਮੁੱਖ ਮੰਤਰੀ ਅਜੀਤ ਪਵਾਰ ਦੇ ਫਸਣ ਦੇ ਬਾਵਜੂਦ ਨਿਤਿਨ ਗਡਕਰੀ ਨੇ ਗੱਲ ਚੁੱਕਣ ਤੋਂ ਇਸ ਲਈ ਇਨਕਾਰ ਕਰ ਦਿੱਤਾ ਕਿ ਦੋਵਾਂ ਦੇ ਹਿੱਤ ਇੱਕ ਦੂਸਰੇ ਨਾਲ ਜੁੜਦੇ ਸਨ। ਇਸ ਗੱਲ ਨੂੰ ਭਾਜਪਾ ਪ੍ਰਧਾਨ ਰੱਦ ਕਰਦਾ ਰਿਹਾ ਸੀ, ਪਰ ਹੁਣ ਤਾਜ਼ਾ ਫਾਇਰ ਅਰਵਿੰਦ ਕੇਜਰੀਵਾਲ ਨੇ ਸਬੂਤਾਂ ਸਮੇਤ ਖੋਲ੍ਹਿਆ ਹੈ। ਉਸ ਨੇ ਕਿਹਾ ਕਿ ਇੱਕ ਡੈਮ ਬਣਾਉਣ ਦੇ ਬਹਾਨੇ ਹੇਠ ਕਿਸਾਨਾਂ ਦੀ ਕਾਫੀ ਸਾਰੀ ਜ਼ਮੀਨ ਗ੍ਰਹਿਣ ਕਰ ਲਈ ਗਈ, ਪਰ ਜਦੋਂ ਉਹ ਡੈਮ ਬਣ ਚੁੱਕਾ ਤਾਂ ਸੌ ਏਕੜ ਤੋਂ ਵੱਧ ਜ਼ਮੀਨ ਬੇਲੋੜੀ ਇੱਕ ਪਾਸੇ ਰਹਿ ਗਈ ਵੇਖ ਕੇ ਉਨ੍ਹਾਂ ਹੀ ਕਿਸਾਨਾਂ ਨੇ ਵਾਪਸ ਲੈਣ ਲਈ ਅਰਜ਼ੀ ਦੇ ਦਿੱਤੀ ਸੀ। ਕਿਸਾਨਾਂ ਨੇ ਇਹ ਵੀ ਕਿਹਾ ਸੀ ਕਿ ਜੇ ਜ਼ਮੀਨ ਵਾਪਸ ਦੇ ਦਿੱਤੀ ਜਾਵੇ ਤਾਂ ਉਹ ਸਰਕਾਰ ਤੋਂ ਜ਼ਮੀਨ ਦੇ ਬਦਲੇ ਲਏ ਹੋਏ ਸਾਰੇ ਪੈਸੇ ਵਾਪਸ ਕਰਨ ਨੂੰ ਤਿਆਰ ਸਨ, ਪਰ ਸਰਕਾਰ ਨੇ ਚਾਰ ਸਾਲ ਤੋਂ ਵੱਧ ਸਮਾਂ ਅਰਜ਼ੀ ਇੱਕ ਤੋਂ ਦੂਸਰੇ ਦਫਤਰ ਘੁੰਮਾ ਕੇ ਫਿਰ ਇਨਕਾਰ ਕਰ ਦਿੱਤਾ ਸੀ।
ਜਦੋਂ ਸ਼ਰਦ ਪਵਾਰ ਦੇ ਭਤੀਜੇ ਅਜੀਤ ਪਵਾਰ ਨੂੰ ਡਿਪਟੀ ਮੁੱਖ ਮੰਤਰੀ ਬਣਾ ਦਿੱਤਾ ਗਿਆ ਤਾਂ ਕਿਸੇ ਗੂੜ੍ਹੀ ਸਾਂਝ ਦੇ ਕਾਰਨ ਭਾਜਪਾ ਦੇ ਪ੍ਰਧਾਨ ਨਿਤਿਨ ਗਡਕਰੀ ਨੇ ਉਹ ਸੌ ਏਕੜ ਜ਼ਮੀਨ ਲੈਣ ਲਈ ਅਰਜ਼ੀ ਦੇ ਦਿੱਤੀ ਤੇ ਜਿਹੜੀ ਮਹਾਰਾਸ਼ਟਰ ਸਰਕਾਰ ਨੇ ਕਿਸਾਨਾਂ ਦੀ ਅਰਜ਼ੀ ਵਿਚਾਰਨ ਉਤੇ ਚਾਰ ਸਾਲ ਤੋਂ ਵੱਧ ਲਾ ਦਿੱਤੇ ਸਨ, ਉਸ ਨੇ ਤਿੰਨ ਦਿਨਾਂ ਵਿਚ ਅਰਜ਼ੀ ਉਤੇ ਵਿਚਾਰ ਕਰ ਕੇ ਜ਼ਮੀਨ ਨਿਤਿਨ ਗਡਕਰੀ ਨੂੰ ਸੌਂਪ ਦਿੱਤੀ। ਕਿਸਾਨਾਂ ਦੇ ਹਿੱਤਾਂ ਨਾਲ ਵੀ ਇਹ ਖਿਲਵਾੜ ਸੀ, ਉਸ ਰਾਜ ਦੇ ਖਜ਼ਾਨੇ ਨਾਲ ਵੀ ਤੇ ਜਿਸ ਭਾਰਤੀ ਜਨਤਾ ਪਾਰਟੀ ਦਾ ਉਹ ਪ੍ਰਧਾਨ ਹੈ, ਉਸ ਦੇ ਲੀਡਰ ਇਹ ਕਹਿੰਦੇ ਹਨ ਕਿ ਇਹ ਨਿਤਿਨ ਗਡਕਰੀ ਦਾ ‘ਸਾਫ-ਸੁਥਰਾ’ ਕਾਰੋਬਾਰ ਹੈ, ਜਿਸ ਵਿਚ ਭ੍ਰਿਸ਼ਟਾਚਾਰ ਦੀ ਕੋਈ ਬਦਬੂ ਹੀ ਨਹੀਂ ਆਈ। ਬਦਬੂ ਸਿਰਫ਼ ਦੂਸਰਿਆਂ ਦੀ ਆਉਂਦੀ ਹੈ, ਆਪਣਿਆਂ ਦਾ ਮਾਮਲਾ ਹੋਵੇ ਤਾਂ ਨਾ ਕਦੇ ਕਿਸੇ ਨੇ ਇਸ ਬਦਬੂ ਨੂੰ ਮੰਨਿਆ ਹੈ ਤੇ ਨਾ ਮੰਨਣ ਦੀ ਆਸ ਕਰਨੀ ਚਾਹੀਦੀ ਹੈ।
ਇਨ੍ਹਾਂ ਦੋ ਮੁੱਖ ਧਿਰਾਂ ਅਤੇ ਇਨ੍ਹਾਂ ਵਰਗੀਆਂ ਕਈ ਹੋਰ ਧਿਰਾਂ ਨੂੰ ਜਨਤਾ ਦੇ ਕਟਹਿਰੇ ਵਿਚ ਖੜਾ ਕਰਨ ਦਾ ਹੌਸਲਾ ਵਿਖਾਉਣ ਵਾਲੇ ਲੋਕਾਂ ਦੀ ਟੀਮ ਪਹਿਲਾਂ ‘ਟੀਮ ਅੰਨਾ’ ਵਜੋਂ ਜਾਣੀ ਜਾਂਦੀ ਸੀ ਤੇ ਹੁਣ ਉਹ ‘ਟੀਮ ਕੇਜਰੀਵਾਲ’ ਵਜੋਂ ਜਾਣੀ ਜਾਂਦੀ ਹੈ। ਜਦੋਂ ਪਿਛਲੇ ਸਾਲ ਇਸ ਦੀ ਸ਼ੁਰੂਆਤ ਹੋਈ ਸੀ, ਉਦੋਂ ਵੀ ਟੀਮ ਅੰਨਾ ਦੇ ਬਾਰੇ ਕੁਝ ਗੱਲਾਂ ਸੁਣ ਕੇ ਲੋਕਾਂ ਨੂੰ ਹੈਰਾਨੀ ਹੋਈ ਸੀ ਤੇ ਹੁਣ ਵੀ ਹੋ ਰਹੀ ਹੈ। ਹਰ ਗੱਲ ਨੂੰ ਇੱਕ ਦਮ ਸੱਚੀ ਮੰਨ ਲੈਣ ਦੇ ਪੱਖ ਵਿਚ ਅਸੀਂ ਵੀ ਨਹੀਂ ਹਾਂ, ਪਰ ਹਰ ਗੱਲ ਨੂੰ ਐਵੇਂ ਚਿੱਕੜ ਸੁੱਟਣ ਦੀ ਕੋਸ਼ਿਸ਼ ਕਹਿ ਛੱਡਣ ਨਾਲ ਵੀ ਇਹ ਟੀਮ ਅਮਲ ਵਿਚ ਉਨ੍ਹਾਂ ਦੋਵਾਂ ਪਾਰਟੀਆਂ ਵਰਗੀ ਬਣ ਜਾਵੇਗੀ, ਜਿਨ੍ਹਾਂ ਦੇ ਪਰਦੇ ਲਾਹੁਣ ਕਰ ਕੇ ਇਸ ਨੂੰ ਲੋਕਾਂ ਵੱਲੋਂ ਬਣਦਾ ਹੁੰਗਾਰਾ ਦਿੱਤਾ ਗਿਆ ਹੈ। ਅਰਵਿੰਦ ਕੇਜਰੀਵਾਲ ਨੇ ਇੱਕ ਆਪਣੀ ਜਾਂਚ ਕਮੇਟੀ ਬਣਾਈ ਹੈ, ਜਿਸ ਵੱਲੋਂ ‘ਆਪਣੇ’ ਲੋਕਾਂ ਦੇ ਖਿਲਾਫ ਲੱਗਦੇ ਦੋਸ਼ਾਂ ਦੀ ਪੜਤਾਲ ਕਰਵਾਈ ਜਾਵੇਗੀ, ਪਰ ਜਦੋਂ ਉਹ ‘ਆਪਣੇ’ ਹਨ ਤਾਂ ਲੋਕਾਂ ਨੂੰ ਜਾਂਚ ਦੇ ਨਿਰਪੱਖ ਹੋਣ ਬਾਰੇ ਸ਼ੱਕ ਹੁੰਦਾ ਰਹੇਗਾ। ਜੇ ਸਚਮੁੱਚ ਜਾਂਚ ਕਰਵਾਉਣੀ ਹੈ ਤਾਂ ਅਰਵਿੰਦ ਕੇਜਰੀਵਾਲ ਦੀ ਟੀਮ ਨੂੰ ਵੀ ਇਹ ਮਾਮਲੇ ਕਿਸੇ ਤੀਸਰੀ ਜਾਂ ਚੌਥੀ ਨਿਰਪੱਖ ਜਾਪਦੀ ਧਿਰ ਨੂੰ ਸੌਂਪਣੇ ਚਾਹੀਦੇ ਹਨ।
ਜਿਹੜੇ ਦੋਸ਼ ਲਾਏ ਗਏ ਹਨ, ਉਨ੍ਹਾਂ ਵਿਚੋਂ ਪਹਿਲਾ ਤੇ ਸਭਨਾਂ ਤੋਂ ਵੱਡਾ ਤਾਂ ਪਿਛਲੇ ਸਾਲ ਬੀਬੀ ਕਿਰਨ ਬੇਦੀ ਦੇ ਵਿਰੁਧ ਲੱਗਾ ਸੀ ਕਿ ਉਸ ਨੇ ਕੁਝ ਥਾਂਵਾਂ ਤੋਂ ਹਵਾਈ ਕਿਰਾਇਆ ਲੈਣ ਵਿਚ ਜਾਅਲੀ ਬਿੱਲ ਬਣਾਏ ਤੇ ਪੈਸੇ ਵਸੂਲੇ ਹਨ। ਦੂਸਰਾ ਵੀ ਉਸੇ ਦੇ ਖਿਲਾਫ ਲੱਗਾ ਸੀ ਕਿ ਉਸ ਨੇ ਅਰਧ ਫੌਜੀ ਫੋਰਸਾਂ ਦੇ ਜਵਾਨਾਂ ਅਤੇ ਪਰਿਵਾਰਾਂ ਨੂੰ ਗਿਆਨ ਵੰਡਣ ਲਈ ਇੱਕ ਸੰਸਥਾ ਬਣਾ ਕੇ ਕੰਮ ਕੀਤਾ ਅਤੇ ਜਿਹੜੇ ਕਮਰੇ ਉਨ੍ਹਾਂ ਫੋਰਸਾਂ ਤੋਂ ਮੁਫਤ ਵਿਚ ਲੈ ਕੇ ਵਰਤੇ, ਕਿਰਨ ਬੇਦੀ ਦੀ ਸੰਸਥਾ ਉਨ੍ਹਾਂ ਦੇ ਕਿਰਾਏ ਦੇ ਬਿੱਲ ਵੀ ਪਾਈ ਜਾਂਦੀ ਰਹੀ ਸੀ। ਇਲਜ਼ਾਮ ਇਹ ਵੀ ਸੀ ਕਿ ਇਸ ਕੰਮ ਲਈ ਪੈਸੇ ਉਸ ਵਿਦੇਸ਼ੀ ਮੂਲ ਦੀ ਵੇਦਾਂਤਾ ਕਾਰਪੋਰੇਸ਼ਨ ਤੋਂ ਲਏ ਸਨ, ਜਿਸ ਦੇ ਖਿਲਾਫ ਉਸ ਦੀ ਆਪਣੀ ਟੀਮ ਦੇ ਮੈਂਬਰ ਆਪਣੇ ਦੇਸ਼ ਦੀ ਕੁਦਰਤੀ ਦੌਲਤ ਲੁੱਟਣ ਦਾ ਦੋਸ਼ ਲਾ ਰਹੇ ਸਨ। ਹੁਣ ਕਿਰਨ ਬੇਦੀ ਸਰਗਰਮ ਨਹੀਂ, ਇਸ ਟੀਮ ਤੋਂ ਫਾਸਲਾ ਪਾ ਕੇ ਘਰ ਬੈਠ ਜਾਣ ਦੇ ਹਾਲ ਵਿਚ ਹੈ, ਪਰ ਉਸ ਉਤੇ ਲੱਗੇ ਦੋਸ਼ਾਂ ਦੀ ਸਫਾਈ ਅਜੇ ਵੀ ਨਹੀਂ ਮਿਲ ਸਕੀ।
ਦੂਸਰਾ ਹਮਲਾ ਇਸ ਟੀਮ ਨਾਲ ਜੁੜੇ ਹੋਏ ਵਕੀਲ ਪਿਤਾ-ਪੁੱਤਰ ਸ਼ਾਂਤੀ ਭੂਸ਼ਣ ਤੇ ਪ੍ਰਸ਼ਾਂਤ ਭੂਸ਼ਣ ਦੇ ਬਾਰੇ ਸੀ। ਉਨ੍ਹਾਂ ਵਿਰੁਧ ਪਹਿਲਾ ਦੋਸ਼ ਇਹ ਲੱਗਾ ਕਿ ਉਨ੍ਹਾਂ ਨੇ ਆਪਣੇ ਇੱਕ ਘਰ ਦੀ ਖਰੀਦ ਵਿਚ ਰਜਿਸਟਰੀ ਫੀਸ ਭਰਨ ਵਿਚ ਕੰਜੂਸੀ ਕੀਤੀ ਤੇ ਸਰਕਾਰੀ ਖਜ਼ਾਨੇ ਨੂੰ ਕੁੰਡੀ ਲਾਈ ਹੈ। ਦੂਸਰਾ ਇਹ ਲੱਗਾ ਕਿ ਜਦੋਂ ਉਹ ਉਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਦੇ ਖਿਲਾਫ ਕੇਸ ਲੜ ਰਹੇ ਸਨ, ਉਦੋਂ ਹੀ ਉਨ੍ਹਾਂ ਨੇ ਮੁੱਖ ਮੰਤਰੀ ਦੇ ਅਖਤਿਆਰੀ ਕੋਟੇ ਵਿਚੋਂ ਸਸਤੇ ਭਾਅ ਪਲਾਟ ਲੈ ਲਿਆ, ਜਿਸ ਨਾਲ ਕਰੋੜਾਂ ਰੁਪਏ ਦਾ ਲਾਭ ਕਮਾ ਗਏ, ਜਦ ਕਿ ਆਪ ਉਹ ਇਸ ਤਰ੍ਹਾਂ ਦੇ ਅਖਤਿਆਰੀ ਕੋਟੇ ਦੇ ਪਲਾਟ ਦੇਣ ਦੇ ਖਿਲਾਫ ਝੰਡਾ ਚੁੱਕੀ ਖੜੇ ਸਨ। ਹੁਣ ਤੀਸਰਾ ਦੋਸ਼ ਲੱਗ ਗਿਆ ਹੈ। ਅਰਵਿੰਦ ਕੇਜਰੀਵਾਲ ਦੀ ਟੀਮ ਨੇ ਸੋਨੀਆ ਗਾਂਧੀ ਦੇ ਦਾਮਾਦ ਦਾ ਮੁੱਦਾ ਚੁੱਕਿਆ ਤਾਂ ਇੱਕ ਰੀਅਲ ਅਸਟੇਟ ਕੰਪਨੀ ਡੀ ਐਲ ਐਫ ਨੂੰ ਹਰਿਆਣੇ ਵਿਚ ਜ਼ਮੀਨਾਂ ਮਿਲਣ ਦੀ ਗੱਲ ਅੱਗੋਂ ਹਿਮਾਚਲ ਪ੍ਰਦੇਸ਼ ਤੱਕ ਜਾ ਪਹੁੰਚੀ ਸੀ। ਹੁਣ ਹਿਮਾਚਲ ਪ੍ਰਦੇਸ਼ ਵਿਚੋਂ ਭੂਸ਼ਣ ਪਿਤਾ-ਪੁੱਤਰ ਉਤੇ ਇਹ ਦੋਸ਼ ਲੱਗ ਗਿਆ ਹੈ ਕਿ ਉਨ੍ਹਾਂ ਨੇ ਉਥੇ ਜਾ ਕੇ ਜ਼ਮੀਨ ਅਲਾਟ ਕਰਵਾਈ ਕਿ ਸਕੂਲ ਖੋਲ੍ਹਣਾ ਹੈ, ਪਰ ਖੋਲ੍ਹਿਆ ਨਹੀਂ ਸੀ। ਜਿਹੜੀ ਜ਼ਮੀਨ ਖਰੀਦੀ ਗਈ, ਉਹ ਚਾਹ ਦਾ ਬਾਗ ਸੀ ਤੇ ਨਿਯਮਾਂ ਮੁਤਾਬਕ ਚਾਹ ਦਾ ਬਾਗ ਕਿਸੇ ਹੋਰ ਕੰਮ ਲਈ ਵਰਤਿਆ ਹੀ ਨਹੀਂ ਜਾ ਸਕਦਾ। ਇਸ ਤਰ੍ਹਾਂ ਉਸ ਰਾਜ ਵਿਚ ਬਾਹਰ ਦੇ ਬੰਦੇ ਨੂੰ ਜ਼ਮੀਨ ਖਰੀਦਣ ਦੀ ਮਨਾਹੀ ਕਰਦੇ ਕਾਨੂੰਨ ਦੀ ਉਲੰਘਣਾ ਵੀ ਕੀਤੀ, ਸਸਤੇ ਭਾਅ ਮਹਿੰਗੀ ਜ਼ਮੀਨ ਵੀ ਹੜੱਪ ਲਈ ਤੇ ਲੋਕਾਂ ਦੇ ਭਲੇ ਵਾਸਤੇ ਜਿਹੜਾ ਸਕੂਲ ਖੋਲ੍ਹਣ ਦਾ ਵਾਅਦਾ ਕੀਤਾ ਸੀ, ਉਹ ਪੂਰਾ ਨਾ ਕਰ ਕੇ ਲੋਕਾਂ ਨਾਲ ਵੀ ਧੋਖਾ ਕੀਤਾ ਹੈ।
ਤੀਸਰਾ ਹਮਲਾ ਹੁਣ ਉਸ ਬੀਬੀ ਅੰਜਲੀ ਦਾਮਣੀਆ ਦੇ ਖਿਲਾਫ ਹੋ ਗਿਆ ਹੈ, ਜਿਸ ਨੇ ਭਾਜਪਾ ਦੇ ਪ੍ਰਧਾਨ ਨਿਤਿਨ ਗਡਕਰੀ ਨੂੰ ਵੱਟੋ-ਵੱਟ ਪਾ ਦਿੱਤਾ ਸੀ। ਪਤਾ ਲੱਗਾ ਹੈ ਕਿ ਉਸ ਨੇ ਕਿਸਾਨ ਬਣ ਕੇ ਤੀਹ ਕੁ ਏਕੜ ਜ਼ਮੀਨ ਖਰੀਦੀ ਤੇ ਫਿਰ ਉਸ ਦਾ ‘ਚੇਂਜ ਆਫ ਲੈਂਡ ਯੂਜ਼’ (ਜ਼ਮੀਨ ਦੀ ਵਰਤੋਂ ਦਾ ਢੰਗ ਬਦਲਣ ਦਾ ਕਾਨੂੰਨ) ਰਾਹੀਂ ਖੇਤੀ ਦੀ ਥਾਂ ਕਾਲੋਨੀ ਕੱਟ ਕੇ ਪੈਸੇ ਕਮਾ ਲਏ। ਗੱਲ ਇਹ ਵੀ ਸੱਚੀ ਜਾਪਦੀ ਹੈ। ਬੀਬੀ ਇਸ ਦਾ ਜਿੰਨਾ ਕੁ ਜਵਾਬ ਦਿੰਦੀ ਹੈ, ਉਸ ਤੋਂ ਇਹ ਬਿਲਕੁਲ ਨਹੀਂ ਜਾਪਦਾ ਕਿ ਇਹ ਕੰਮ ਉਸ ਨੇ ਨਹੀਂ ਕੀਤਾ, ਸਗੋਂ ਇਹ ਜਾਪਦਾ ਹੈ ਕਿ ‘ਹੋਰ ਵੀ ਕਰਦੇ ਸਨ, ਮੈਂ ਵੀ ਕਰ ਲਿਆ’। ‘ਦੂਸਰੇ ਗਲਤ ਕਰਦੇ ਸਨ, ਮੈਂ ਵੀ ਕਰ ਲਿਆ’ ਦਾ ਫਾਰਮੂਲਾ ਵਰਤਣ ਦੀ ਨੀਤੀ ਹੋਵੇ ਤਾਂ ਘਰ ਬੈਠ ਕੇ ਭ੍ਰਿਸ਼ਟਾਚਾਰ ਦੀ ਚਰਚਾ ਕਰ ਲੈਣਾ ਬਥੇਰਾ ਹੁੰਦਾ ਹੈ, ਭ੍ਰਿਸ਼ਟਾਚਾਰ ਦੇ ਵਿਰੁਧ ਮੈਦਾਨ ਵਿਚ ਨਿਕਲਣ ਵਾਲੇ ਇਹੋ ਜਿਹੀ ਦਲੀਲ ਵਰਤ ਕੇ ਪਿੱਛਾ ਨਹੀਂ ਛੁਡਾ ਸਕਦੇ।
ਇਥੇ ਰਾਜ ਕਰਦੇ ਲੋਕਾਂ ਵਿਚ ਬੇਈਮਾਨਾਂ ਦੀ ਧਾੜ ਹੈ, ਵਿਰੋਧੀ ਧਿਰ ਵੀ ਸਾਫ ਨਹੀਂ, ਰਾਜਾਂ ਵਿਚ ਵੀ ਹੁਣ ਲੜਾਈ ਇੱਕ ਦੂਸਰੇ ਨੂੰ ਬੇਈਮਾਨ ਸਾਬਤ ਕਰਨ ਦੀ ਨਹੀਂ, ਸਗੋਂ ਇਹ ਸਾਬਤ ਕਰਨ ਦੀ ਹੈ ਕਿ ‘ਮੈਂ ਹਾਲੇ ਵੀ ਆਪਣੇ ਵਿਰੋਧੀ ਜਿੰਨਾ ਮਾੜਾ ਨਹੀਂ ਜਾਪਦਾ।’ ਜੇ ਏਨੇ ਮਾੜੇ ਨਹੀਂ ਜਾਪਦੇ ਤਾਂ ਇਸ ਲਈ ਕਿ ਸਾਰੇ ਪਰਦੇ ਹਾਲੇ ਤੱਕ ਨਹੀਂ ਚੁੱਕੇ ਗਏ, ਵਰਨਾ ਪਛੜ ਜਾਣ ਵਾਲਾ ਕੋਈ ਵੀ ਨਹੀਂ ਲੱਭਣਾ। ਕਮਾਲ ਦੀ ਗੱਲ ਇਹ ਕਿ ਦੇਸ਼ ਅਜੇ ਵੀ ਚੱਲੀ ਜਾ ਰਿਹਾ ਹੈ। ਨਾ ਸਿਰਫ ਚੱਲੀ ਜਾ ਰਿਹਾ ਹੈ, ਸਗੋਂ ਦੁਨੀਆ ਦੇ ਕੁਝ ਅਦਾਰੇ ਇਹ ਕਹਿੰਦੇ ਹਨ ਕਿ ਅੱਗੋਂ ਵੀ ਚੱਲੀ ਜਾਣਾ ਹੈ, ਇਸ ਨੂੰ ਉਨ੍ਹਾਂ ਮੁਲਕਾਂ ਵਿਚ ਸ਼ਾਮਲ ਨਹੀਂ ਕੀਤਾ ਜਾ ਸਕਦਾ, ਜਿਹੜੇ ਭਵਿੱਖ ਵਿਚ ਗਰਕ ਹੋ ਸਕਦੇ ਹਨ।
ਇੱਕ ਪੁਰਾਣੀ ਲੋਕ-ਕਥਾ ਹੈ। ਕਿਸੇ ਥਾਂ ਰਾਹ ਜਾਂਦੇ ਲੋਕ ਤੂਫਾਨ ਵਿਚ ਘਿਰ ਗਏ ਸਨ। ਉਹ ਆਸਰਾ ਲੈਣ ਲਈ ਇੱਕ ਪੁਰਾਣੇ ਉਜਾੜ ਪਏ ਗੋਦਾਮ ਵਿਚ ਜਾ ਵੜੇ। ਬੱਦਲ ਗੱਜਦੇ ਸਨ ਤੇ ਬਿਜਲੀ ਮੁੜ-ਮੁੜ ਕੇ ਉਸ ਗੋਦਾਮ ਉਤੇ ਆਣ ਕੇ ਕੜਕ ਕੇ ਪਰਤ ਜਾਵੇ। ਇੱਕ ਤਜਰਬੇਕਾਰ ਬੰਦੇ ਨੇ ਸਮਝਾਇਆ ਕਿ ਇਸ ਗੋਦਾਮ ਦੇ ਅੰਦਰ ਸਾਡੇ ਵਿਚਾਲੇ ਕੋਈ ਪਾਪੀ ਜੀਵੜਾ ਹੈ, ਜਿਸ ਉਤੇ ਕੁਦਰਤ ਕਹਿਰਵਾਨ ਹੋਈ ਹੈ ਤੇ ਉਸ ਦੇ ਕਾਰਨ ਸਾਰੇ ਜਣੇ ਮਾਰੇ ਜਾ ਸਕਦੇ ਹਨ। ਰਾਹ ਇਹ ਕੱਢਿਆ ਗਿਆ ਕਿ ਸਾਰੇ ਜਣੇ ਵਾਰੀ-ਵਾਰੀ ਬਾਹਰ ਨਿਕਲ ਕੇ ਕਹਿਰ ਦਾ ਸਾਹਮਣਾ ਕਰਨ, ਜਿਹੜਾ ਕੋਈ ਏਦਾਂ ਦਾ ਹੋਵੇਗਾ, ਮਾਰਿਆ ਜਾਣ ਨਾਲ ਬਾਕੀ ਸਾਰੇ ਤਾਂ ਬਚ ਜਾਣਗੇ। ਫਿਰ ਉਹ ਇੱਕ-ਇੱਕ ਕਰ ਕੇ ਜਾਂਦੇ ਰਹੇ ਤੇ ਬਿਜਲੀ ਕੜਕ ਕੇ ਮੁੜ ਜਾਂਦੀ ਰਹੀ। ਅਖੀਰ ਵਿਚ ਵਾਰੀ ਆਈ ਇੱਕ ਮੁਟਿਆਰ ਦੀ, ਜਿਸ ਦੀ ਗੋਦੀ ਵਿਚ ਬੱਚਾ ਸੀ। ਉਹ ਤਰਲੇ ਕੱਢਦੀ ਰਹੀ ਕਿ ਸਾਨੂੰ ਦੋਵਾਂ ਨੂੰ ਬਾਹਰ ਨਾ ਕੱਢੋ, ਪਰ ਕਿਸੇ ਨੇ ਨਹੀਂ ਸੀ ਮੰਨੀ। ਮਾਂ ਤੇ ਬੱਚਾ ਜਦੋਂ ਧੱਕ ਕੇ ਬਾਹਰ ਕੱਢੇ ਗਏ, ਬਿਜਲੀ ਇੱਕ ਦਮ ਕੜਕ ਕੇ ਪਈ ਤੇ ਉਨ੍ਹਾਂ ਦੋਵਾਂ ਵੱਲ ਨਹੀਂ ਸੀ ਗਈ, ਉਸ ਗੋਦਾਮ ਉਤੇ ਕੜਕੀ ਤੇ ਸਾਰੀ ਧਾੜ ਨੂੰ ਸਾੜ ਕੇ ਸਵਾਹ ਕਰ ਗਈ ਸੀ। ਲੋਕ-ਕਥਾ ਦਾ ਅਰਥ ਇਹ ਹੈ ਕਿ ਉਹ ਸਾਰੇ ਜਣੇ ਉਦੋਂ ਤੱਕ ਇਸ ਕਰ ਕੇ ਬਚੇ ਹੋਏ ਸਨ, ਬਿਜਲੀ ਇਸ ਕਰ ਕੇ ਕੜਕ ਕੇ ਵਾਪਸ ਮੁੜ ਜਾਂਦੀ ਸੀ ਕਿ ਉਨ੍ਹਾਂ ਦੇ ਵਿਚਾਲੇ ਦੋ ਬੇਗੁਨਾਹ-ਮਾਂ ਤੇ ਬੱਚਾ ਸਨ, ਜਿਨ੍ਹਾਂ ਉਤੇ ਕੁਦਰਤ ਤਰਸ ਕਰ ਰਹੀ ਸੀ। ਜੋ ਕੁਝ ਅੱਜ ਸਾਡੇ ਸਾਹਮਣੇ ਹੈ, ਜੇ ਉਸ ਦੇ ਬਾਵਜੂਦ ਇਹ ਮੁਲਕ ਬਚਿਆ ਪਿਆ ਹੈ ਤਾਂ ਉਹ ਇਸ ਲਈ ਕਿ ਉਸ ਭਾਰਤ ਮਾਂ ਦਾ ਆਪਣਾ ਕੋਈ ਕਸੂਰ ਨਹੀਂ, ਜਿਹੜੀ ਜਮਹੂਰੀਅਤ ਦਾ ਜਵਾਕ ਚੁੱਕੀ ਖੜੀ ਹੈ, ਜਮਹੂਰੀਅਤ ਦੇ ਲੰਬੜਦਾਰਾਂ ਨੇ ਤਾਂ ਕੋਈ ਕਸਰ ਨਹੀਂ ਛੱਡੀ।

Be the first to comment

Leave a Reply

Your email address will not be published.