ਬਹੁਤ ਅਗੇਤੇ ਤੁਰ ਗਏ ਸਾਡੇ ਯਾਰ ਨਰਿੰਦਰ ਭੁੱਲਰ ਦੀ ਕਹਾਣੀ ‘ਫੈਸਲਾ’ ਦੀਆਂ ਕਈ ਪਰਤਾਂ ਹਨ, ਉਸ ਦੇ ਆਪਣੇ ਜੀਵਨ-ਪੰਧ ਵਾਂਗ ਹੀ। ਇਹ ਕਹਾਣੀ ਪਹਿਲੀ ਵਾਰ 1988 ਵਿਚ ਸਾਹਿਤਕ ਪਰਚੇ ‘ਸਿਰਨਾਵਾਂ’ ਦੇ ਮਈ ਅੰਕ ਵਿਚ ਛਪੀ ਸੀ। ਉਦੋਂ ਨਰਿੰਦਰ 30 ਵਰ੍ਹਿਆਂ ਦਾ ਭਰ ਜਵਾਨ ਸੀ। ਉਸ ਦੀ ਸਮਾਜਕ ਸੂਝ ਇਸ ਕਹਾਣੀ ਦੀ ਹਰ ਸਤਰ ਵਿਚੋਂ ਝਾਕਦੀ ਪ੍ਰਤੀਤ ਹੁੰਦੀ ਹੈ। ਟੁੱਟਦੇ-ਜੁੜਦੇ ਰਿਸ਼ਤੇ, ਗੂੜ੍ਹਾ-ਫਿੱਕਾ ਹੋ ਰਿਹਾ ਮੋਹ, ਲੀਹੇ ਪਾ ਤੇ ਫਿਰ ਲੀਹੋਂ ਲਾਹ ਰਹੀ ਮਾਇਆ ਅਤੇ ਸੰਕਟ ਦੀਆਂ ਘੜੀਆਂ ਵਿਚ ਰਿੱਝਦੀਆਂ ਰੀਝਾਂ ਦੀਆਂ ਲੜੀਆਂ ਉਸ ਨੇ ਇਸ ਕਹਾਣੀ ਵਿਚ ਪੂਰੇ ਠੁੱਕ ਨਾਲ ਪਰੋਈਆਂ ਹਨ। ਪਿਛਲੇ ਹਫਤੇ ਉਹਦੇ ਬਾਰੇ ਲਿਖੇ ਲੇਖ ਨੂੰ ਅੰਤਿਮ ਛੋਹਾਂ ਦਿੰਦਿਆਂ ਨਰਿੰਦਰ ਦੀਆਂ ਕਈ ਕਹਾਣੀਆਂ ਅਤੇ ਇਨ੍ਹਾਂ ਦੇ ਪਾਤਰ ਦਿਲ ਦਾ ਬੂਹਾ ਖੜਕਾਉਣ ਲੱਗ ਪਏ। ਇਨ੍ਹਾਂ ਵਿਚੋਂ ਇਕ ਕਹਾਣੀ ‘ਪੰਜਾਬ ਟਾਈਮਜ਼’ ਦੇ ਪਾਠਕਾਂ ਨਾਲ ਸਾਂਝੀ ਕਰਨ ਲਈ ਛਾਂਟ ਲਈ ਹੈ। ਇਸ ਕਹਾਣੀ ਦੀ ਰਵਾਨੀ, ਇਸ ਰਵਾਨੀ ਦੇ ਚਲਦਿਆਂ ਹਾਲਾਤ ਵਿਚ ਪੈਂਦੇ ਵੱਢ ਅਤੇ ਅਖੀਰ ਵਿਚ ਨਰਿੰਦਰ ਦੀ ਫਲਸਫਾਨਾ ਟਿੱਪਣੀ ਜ਼ਿਹਨ ਨੂੰ ਕੁਰੇਦ ਸੁੱਟਦੀ ਹੈ। -ਸੰਪਾਦਕ
ਨਰਿੰਦਰ ਭੁੱਲਰ
ਅਚਾਨਕ ਹੀ ਪਿਤਾ ਜੀ ਨੇ ਫੈਸਲਾ ਬਦਲ ਦਿੱਤਾ ਸੀ। ਤਾਇਆ ਮੇਰਾ ਕੱਚਾ ਜਿਹਾ ਹੋਇਆ ਮੰਜੇ ਉਤੇ ਬੈਠਾ-ਬੈਠਾ ਭੁੰਜਿਉਂ ਤੀਲ੍ਹਾ ਚੁੱਕ ਕੇ ਲਕੀਰਾਂ ਜਿਹੀਆਂ ਵਾਹੁਣ ਲੱਗ ਪਿਆ ਸੀ। ਉਹਨੂੰ ਕੁਝ ਸੁੱਝ ਨਹੀਂ ਸੀ ਰਿਹਾ। ਬੰਦਾ ਆਪਣੀਆਂ ਨਜ਼ਰਾਂ ਵਿਚ ਡਿੱਗ ਕੇ ਕਿੰਨਾ ਨਿੱਕਾ ਹੋ ਜਾਂਦਾ ਹੈ! ਮੇਰੇ ਤਾਏ ਦੇ ਚਿਹਰੇ ਉਤੇ ਛਾਈ ਸ਼ਰਮਿੰਦਗੀ ਨੇ ਮੈਨੂੰ ਇਸ ਗੱਲ ਦਾ ਅਹਿਸਾਸ ਕਰਾਇਆ ਸੀ ਕਿ ਜਦੋਂ ਵਿਸ਼ਵਾਸ ਟੁੱਟਦਾ ਹੈ ਤਾਂ ਬੰਦਾ ਅੰਦਰੋਂ ਕਿਵੇਂ ਚੀਨਾ-ਚੀਨਾ ਹੋ ਜਾਂਦਾ ਹੈ, ਸ਼ਬਦ ਕਿੰਨੇ ਊਣੇ ਹੋ ਜਾਂਦੇ ਹਨ। ਇਸ ਗੱਲ ਦਾ ਅਹਿਸਾਸ ਮੈਨੂੰ ਆਪਣੇ ਪਿਤਾ ਜੀ ਦੇ ਜ਼ੋਰ-ਜ਼ੋਰ ਦੀ ਹਿਲਦੇ ਹੱਥਾਂ ਅਤੇ ਮੂੰਹ ਵਿਚ ਹੀ ਰਹਿ ਜਾਂਦੇ ਸ਼ਬਦਾਂ ਤੋਂ ਹੋਇਆ ਸੀ।
ਉਹ ਫੌਜ ਵਿਚੋਂ ਝੂਲੇ ਦੀ ਨਾ-ਮੁਰਾਦ ਬਿਮਾਰੀ ਲੈ ਕੇ ਮੁੜੇ ਸਨ। ਉਂਜ ਵੱਖ-ਵੱਖ ਫੌਜੀ ਹਸਪਤਾਲਾਂ ਵਿਚ ਉਨ੍ਹਾਂ ਦਾ ਇਲਾਜ ਹੁੰਦਾ ਰਿਹਾ ਸੀ, ਪਰ ਜਦੋਂ ਰੋਗ ਠੀਕ ਨਾ ਹੋਇਆ ਤਾਂ ਅਗਲਿਆਂ ਨੇ ਪੈਨਸ਼ਨ ਦੇ ਕੇ ਘਰ ਤੋਰ ਦਿੱਤਾ ਸੀ। ਉਹ ਕੋਈ ਕੰਮ ਕਰਨ ਜੋਗੇ ਨਹੀਂ ਸਨ ਰਹੇ। ਕਮਾਈ ਦਾ ਵਸੀਲਾ ਮੁੱਕ ਗਿਆ ਸੀ। ਇਹ ਗੱਲ ਇੰਨੀ ਅਚਾਨਕ ਵਾਪਰੀ ਸੀ ਕਿ ਘਰ ਵਿਚ ਭੁਚਾਲ ਆ ਗਿਆ ਸੀ।
ਪੈਨਸ਼ਨ ਦੇ ਸਿਰ ‘ਤੇ ਗੁਜ਼ਾਰਾ ਚੱਲਣਾ ਮੁਸ਼ਕਿਲ ਸੀ। ਬੀਜੀ ਸਾਰਾ ਦਿਨ ਸੋਚਾਂ ਵਿਚ ਗੁਆਚੇ ਰਹਿੰਦੇ। ਇਕ-ਇਕ ਦਿਨ ਟੁੱਟਣਾ ਮੁਹਾਲ ਹੋ ਗਿਆ। ਮਕਾਨ ਦੇ ਕਿਰਾਏ ਦਾ ਸਵਾਲ ਜ਼ਿੰਦਗੀ-ਮੌਤ ਦਾ ਸਵਾਲ ਬਣ ਕੇ ਖੜ੍ਹ ਜਾਂਦਾ।
ਪਿਤਾ ਜੀ ਦੇ ਲਿਆਂਦੇ ਪੈਸੇ ਹੌਲੀ-ਹੌਲੀ ਕਰ ਕੇ ਖੁਰਨ ਲੱਗ ਪਏ। ਵੱਡੀ ਭੈਣ ਨੂੰ ਸਕੂਲੋਂ ਹਟਾ ਲਿਆ। ਬੀਜੀ ਨੇ ਜ਼ਿੰਦਗੀ ਵਿਚ ਪਹਿਲੀ ਵਾਰ ਲੋਕਾਂ ਦੇ ਕੱਪੜੇ ਸਿਉਣੇ ਸ਼ੁਰੂ ਕੀਤੇ। ਪਹਿਲੀ ਵਾਰ ਸਾਡੇ ਘਰ ਪੈਲੀਆਂ ਵਿਚੋਂ ਤੋੜ ਕੇ ਲਿਆਂਦਾ ਚੁਲਾਈ ਤੇ ਇੱਟ-ਸਿੱਟ ਦਾ ਸਾਗ ਰਿੱਝਣਾ ਸ਼ੁਰੂ ਹੋਇਆ। ਮੈਂ ਵਰਦੀ ਅਤੇ ਜ਼ਰੂਰੀ ਕਾਪੀਆਂ-ਕਿਤਾਬਾਂ ਤੋਂ ਬਿਨਾਂ ਸਕੂਲ ਜਾਣ ਲੱਗ ਪਿਆ ਤੇ ਸਜ਼ਾ ਵਜੋਂ ਮੈਨੂੰ ਰੋਜ਼, ਜਾਂ ਬੈਂਚ ਉਤੇ ਬਾਹਾਂ ਉਪਰ ਕਰ ਕੇ ਖੜ੍ਹਾ ਹੋਣਾ ਪੈਂਦਾ, ਜਾਂ ਸਵੇਰ ਵੇਲੇ ਠਰੂੰ-ਠਰੂੰ ਕਰਦੇ ਹੱਥਾਂ ਉਤੇ ਬੈਂਤ ਦੀ ਮਾਰ ਸਹਿਣੀ ਪੈਂਦੀ; ਤੇ ਇਨ੍ਹਾਂ ਹੀ ਦਿਨਾਂ ਵਿਚ ਮੈਂ ਸਕੂਲੋਂ ਵਰਦੀ ਲੈਣ ਲਈ ਅਰਜ਼ੀ ਵੀ ਲਿਖੀ।
ਬੀਜੀ ਸਾਰਾ ਦਿਨ ਸਿਲਾਈ ਕਰਦੇ ਰਹਿੰਦੇ, ਮੁਹੱਲੇ ਦੀਆਂ ਜਨਾਨੀਆਂ ਦੀ ਆਵਾਜਾਈ ਚਲਦੀ ਰਹਿੰਦੀ। ਉਹ ਲੀੜੇ ਸਿਉਣ ਦੇਣ ਆਈਆਂ ਸਾਡੇ ਘਰ ਉਤੇ ਪਈ ਰੱਬ ਦੀ ਮਾਰ ਦੀ ਗੱਲ ਛੋਹ ਬੈਠਦੀਆਂ। ਬੀਜੀ ਇਹ ਗੱਲਾਂ ਸੁਣਦੇ-ਸੁਣਦੇ ਕੰਮ ਛੱਡ ਕੇ ਰੋਣ ਲੱਗ ਪੈਂਦੇ।
ਉਹ ਰੱਬ ਉਤੇ ਭਰੋਸਾ ਰੱਖਣ ਲਈ ਕਹਿੰਦੀਆਂ ਅਤੇ ਮੇਰੇ ਵੱਲ ਇਸ਼ਾਰਾ ਕਰ ਕੇ ਕਹਿੰਦੀਆਂ, “ਤੂੰ ਘਾਬਰ ਨਾ, ਕੱਲ੍ਹ ਨੂੰ ਮੁੰਡਾ ਗੱਭਰੂ ਹੋ ਗਿਆ ਤਾਂ ਸਾਰੇ ਧੋਣੇ ਧੋਤੇ ਜਾਣਗੇ। ਉਹਦੇ ਘਰ ਦੇਰ ਆ, ਹਨੇਰ ਨ੍ਹੀਂ।”
“ਤੂੰ ਇਹਨੂੰ ਪੜ੍ਹਨੋਂ ਹਟਾ ਕੇ ਕੰਮ ‘ਤੇ ਲਾ ਦੇ। ਸਾਲ ਖੰਡ ਨੂੰ ਕਮਾਈ ਕਰਨ ਜੋਗਾ ਹੋ ਜਾਊ”, ਕੋਈ ਹੋਰ ਕਹਿੰਦੀ।
ਮੈਂ ਕਿਤਾਬ ਤੋਂ ਧਿਆਨ ਹਟਾ ਕੇ ਉਹਦੇ ਵੱਲ ਗੁੱਸੇ ਨਾਲ ਵਿੰਹਦਾ ਅਤੇ ਫੇਰ ਪੜ੍ਹਨ ਲੱਗ ਪੈਂਦਾ।
“ਨਾ ਕੁੜੇ, ਪੜ੍ਹਨੋਂ ਨਾ ਹਟਾਈਂ ਤੂੰ ਇਹਨੂੰ। ਇਹਦੀ ਕੰਮ ਕਰਨ ਦੀ ਉਮਰ ਆ ਕੋਈ”, ਮਾਸੀ ਤਾਰੋ ਕਹਿੰਦੀ, ਜੀਹਦਾ ਆਪਣਾ ਪੁੱਤ ਐਸਾ ਬਿਮਾਰ ਪਿਆ ਸੀ ਕਿ ਮੁੜ ਮੰਜੇ ਤੋਂ ਜਿਉਂਦਾ ਨਹੀਂ ਸੀ ਉਠਿਆ ਅਤੇ ਉਹਦੇ ਚਾਂਦੀ ਵਰਗੇ ਦਿਨਾਂ ਨੂੰ ਘੁੱਪ ਹਨੇਰੇ ਵਿਚ ਬਦਲ ਗਿਆ ਸੀ। ਉਹ ਮੈਨੂੰ ਪੁੱਤਾਂ ਵਾਂਗ ਹੀ ਪਿਆਰ ਕਰਦੀ ਅਤੇ ਅਜਿਹੇ ਮੌਕੇ ਮੈਨੂੰ ਬੁੱਕਲ ਵਿਚ ਲੈ ਕੇ ਸਿਸਕਣ ਲੱਗ ਪੈਂਦੀ। ਮੈਂ ਉਹਦੀ ਬੁੱਕਲ ਦਾ ਨਿੱਘ ਮਹਿਸੂਸ ਕਰਦਾ ਸਿਰ ਉਹਦੀ ਛਾਤੀ ਨਾਲ ਘੁੱਟ ਦਿੰਦਾ ਅਤੇ ਫਿਰ ਸ਼ਰਾਰਤ ਨਾਲ ਪੋਲੇ ਜਿਹੇ ਉਂਗਲ ਉਹਦੀ ਵੱਖੀ ਵਿਚ ਖੋਭ ਦਿੰਦਾ। ਉਹ ਸਿਸਕਦੀ ਸਿਸਕਦੀ ਇਕ ਦਮ ਹੱਸ ਪੈਂਦੀ। ਉਹਦੀ ਪਕੜ ਢਿੱਲੀ ਪੈ ਜਾਂਦੀ। ਮੈਂ ਬੁੱਕਲ ਵਿਚੋਂ ਨਿਕਲ ਕੇ ਭੱਜ ਪੈਂਦਾ ਅਤੇ ਉਹ “ਖਲੋ ਕੁੱਤਿਆ, ਸੁਆਰਦੀ ਆਂ ਤੇਰੀ ਭੁਗਤ”, ਕਹਿੰਦੀ ਮੇਰੇ ਮਗਰ ਭੱਜ ਉਠਦੀ। ਤੇ ਮੈਂ ਦੂਰ ਜਾ ਕੇ ਤਾੜੀ ਮਾਰ ਕੇ ਹੱਸ ਪੈਂਦਾ।
ਮੈਨੂੰ ਸਕੂਲੋਂ ਹਟਾ ਲੈਣ ਦੀ ਗੱਲ ਉਹਨੂੰ ਕਦੇ ਪਸੰਦ ਨਾ ਆਉਂਦੀ।
“ਫੁੱਲ ਵਰਗਾ ਮੁੰਡਾ, ਆਹ ਇਹਦੀ ਕੰਮ ਕਰਨ ਦੀ ਉਮਰ ਆ। ਇਹਦੀ ਉਮਰ ਦੇ ਨਿਆਣੇ ਤਾਂ ਸਵੇਰੇ ਸੁੱਤੇ ਪਏ, ਵਾਜ਼ ਨ੍ਹੀਂ ਦਿੰਦੇ। ਪੜ੍ਹਨ ਦੇ ਸੂ ਇਹਨੂੰ”, ਉਹ ਮੇਰੇ ਬੀਜੀ ਨੂੰ ਕਹਿੰਦੀ ਰਹਿੰਦੀ।
ਬੀਜੀ ਇਹ ਗੱਲਾਂ ਸੁਣਦੇ ਅਤੇ ਕੰਮ ਕਰਦੇ ਰਹਿੰਦੇ। ਪਿਤਾ ਜੀ ਜਾਂ ਤਾਂ ਸਾਰਾ ਦਿਨ ਘਰ ਪਏ ਰਹਿੰਦੇ ਜਾਂ ਫੇਰ ਰੰਦਾ ਤੇ ਤੇਸਾ ਬੋਰੀ ਵਿਚ ਪਾ ਕਿਸੇ ਨਾ ਕਿਸੇ ਦੁਕਾਨ ਉਤੇ ਮਾੜਾ ਮੋਟਾ ਕੰਮ ਕਰ ਆਉਂਦੇ। ਸਕੂਲੋਂ ਆ ਕੇ ਮੈਂ ਵੀ ਮੱਦਦ ਕਰਾਉਂਦਾ।
ਸ਼ੁਰੂ-ਸ਼ੁਰੂ ਵਿਚ ਤਾਂ ਰਿਸ਼ਤੇਦਾਰਾਂ ਨੇ ਮੱਦਦ ਕੀਤੀ। ਕੋਈ ਕਣਕ ਦੇ ਜਾਂਦਾ, ਕੋਈ ਮੱਕੀ। ਪਿੰਡ ਗਿਆਂ ਦੇ ਪੱਲੇ ਮਿਰਚਾਂ, ਦਾਲ ਆਦਿ ਬੰਨ੍ਹ ਦਿੰਦੇ, ਪਰ ਘਰ ਵਿਚ ਭੰਗ ਭੁੱਜਣੋਂ ਫਿਰ ਵੀ ਨਹੀਂ ਸੀ ਹਟੀ। ਇਕ ਵੇਲੇ ਦੀ ਖਾ ਕੇ ਦੂਜੇ ਵੇਲੇ ਦਾ ਫਿਕਰ ਪੈ ਜਾਂਦਾ। ਮੇਰੀ ਵੱਡੀ ਭੈਣ ਲਿਫਾਫੇ ਵਿਚੋਂ ਸਾਰਾ ਆਟਾ ਗੁੰਨ ਕੇ ਪਹਿਲਾਂ ਰੋਟੀਆਂ ਪਕਾਉਂਦੀ, ਫਿਰ ਗਿਣਦੀ ਅਤੇ ਸਾਰਿਆਂ ਨੂੰ ਗਿਣਤੀ ਦੀਆਂ ਰੋਟੀਆਂ ਧਰ ਕੇ ਹਦਾਇਤ ਕਰਦੀ, “ਰੋਟੀਆਂ ਇੰਨੀਆਂ ਇੰਨੀਆਂ ਹੀ ਹਨ, ਹੋਰ ਨਾ ਮੰਗਿਉ।”
ਇਹ ਗਿਣਤੀ ਕਦੇ ਵੱਧ ਹੁੰਦੀ, ਕਦੇ ਘੱਟ। ਕਦੇ ਸਭ ਰੱਜ ਕੇ ਉਠਦੇ ਅਤੇ ਕਦੇ ਅੱਧੇ ਭੁੱਖੇ। ਇਨ੍ਹਾਂ ਹੀ ਦਿਨਾਂ ਵਿਚ ਬੀਜੀ ਨੇ ਕਿਸੇ ਨੂੰ ਕਿਹਾ ਕਿ ਪੈਸਾ ਹੱਥਾਂ ਦੀ ਮੈਲ ਨਹੀਂ, ਲਹੂ ਹੁੰਦਾ ਹੈ। ਮੈਨੂੰ ਭਾਵੇਂ ਉਦੋਂ ਇਸ ਗੱਲ ਦੀ ਤੀਬਰਤਾ ਦਾ ਅਹਿਸਾਸ ਨਹੀਂ ਸੀ ਹੋਇਆ, ਪਰ ਮਗਰੋਂ ਦੇ ਵਰ੍ਹਿਆਂ ਵਿਚ ਮੈਨੂੰ ਇਹ ਸੱਚ ਵੀ ਆਪਣੇ ਪਿੰਡੇ ਉਤੇ ਹੰਢਾਉਣਾ ਪਿਆ।
ਹੌਲੀ-ਹੌਲੀ ਰਿਸ਼ਤੇਦਾਰਾਂ ਨੇ ਸਾਨੂੰ ਸਾਡੇ ਹਾਲ ਉਤੇ ਛੱਡ ਦਿੱਤਾ, ਪਰ ਮੇਰੇ ਤਾਏ ਨੂੰ ਭਰਾ ਦਾ ਦੁੱਖ ਮਾਰਦਾ ਸੀ। ਉਹ ਮਨੋਂ ਸਾਡੀ ਮੱਦਦ ਕਰਨੀ ਚਾਹੁੰਦਾ ਸੀ ਪਰ ਸਾਡੇ ਲਈ ਸਭ ਕੁਝ ਸ਼ਹਿਰ ਢੋਣਾ ਉਹਦੇ ਵਾਸਤੇ ਮੁਸ਼ਕਿਲ ਸੀ ਤੇ ਉਹਦੇ ਆਵਦੇ ਘਰ ਲੜਾਈ ਪੈਂਦੀ ਸੀ। ਇਨ੍ਹਾਂ ਹੀ ਦਿਨਾਂ ਵਿਚ ਇਕ ਦਿਨ ਉਹਨੇ ਮੱਸਿਆ ਨਹਾਉਣ ਆਏ ਨੇ ਪਿਤਾ ਜੀ ਨੂੰ ਕਿਹਾ ਸੀ, “ਤੁਸੀਂ ਪਿੰਡ ਚਲੇ ਚਲੋ, ਆਹ ਸ਼ਹਿਰ ਦਾ ਖਰਚਾ ਹੁਣ ਤੁਹਾਥੋਂ ਪੁੱਗਣਾ ਨ੍ਹੀਂ।”
ਰੋਗੀ ਹੋ ਜਾਣ ਕਰ ਕੇ ਪਿਤਾ ਜੀ ਦਾ ਮਨ ਇੰਨਾ ਡੋਲਿਆ ਹੋਇਆ ਸੀ ਕਿ ਉਹ ਕੋਈ ਵੀ ਫੈਸਲਾ ਨਹੀਂ ਸਨ ਕਰ ਸਕਦੇ। ਜਿੱਧਰ ਕੋਈ ਲਾਉਂਦਾ, ਉਧਰ ਲੱਗ ਜਾਂਦੇ। ਰਿਟਾਇਰ ਹੋਣ ਤੋਂ ਮਗਰੋਂ ਕਿਸੇ ਮਾੜੀ-ਮੋਟੀ ਦੁਕਾਨ ਪਾਉਣ ਦੀ ਸਲਾਹ ਦਿੱਤੀ, ਤਾਂ ਉਹ ਝੱਟ ਮੰਨ ਗਏ; ਪਰ ਦੁਕਾਨਦਾਰੀ ਦੇ ਗੁਰਾਂ ਤੋਂ ਬਿਨਾਂ ਦੁਕਾਨਦਾਰੀ ਕਿਵੇਂ ਚੱਲੇ? ਸਾਰੀ ਉਮਰ ਤਾਂ ਫੌਜ ਵਿਚ ਪਰੇਡ ਕੀਤੀ ਸੀ, ਜਾਂ ਬਿਸਤਰਾ ਬੋਰੀਆ ਬੰਨ੍ਹ ਕੇ ਇਕ ਛਾਉਣੀ ਤੋਂ ਦੂਜੀ ਛਾਉਣੀ ਦਾ ਸਫ਼ਰ ਕੀਤਾ ਸੀ। ਦੁਕਾਨ ਚਲਾਉਣ ਲਈ ਗੱਲਾਂ ਮਾਰਨ ਦੀ ਜਾਚ ਆਉਣੀ ਚਾਹੀਦੀ ਸੀ, ਉਹ ਸੀ ਨਹੀਂ। ਸੋ, ਦੁਕਾਨ ਫੇਲ੍ਹ ਹੋ ਗਈ। ਫਿਰ ਉਨ੍ਹਾਂ ਦੀ ਸਿਹਤ ਮੁਤਾਬਿਕ ਲੋਕ ਕੋਈ ਨਾ ਕੋਈ ਕੰਮ ਦੱਸਦੇ ਰਹਿੰਦੇ ਅਤੇ ਉਹ ਕਰਦੇ ਰਹਿੰਦੇ।
ਹੁਣ ਜਦੋਂ ਤਾਏ ਨੇ ਪਿੰਡ ਚੱਲਣ ਲਈ ਕਿਹਾ, ਤਾਂ ਉਹ ਨਾਂਹ ਨਾ ਕਰ ਸਕੇ।
“ਠੀਕ ਆ, ਜਿਵੇਂ ਤੁਸੀਂ ਕਹਿੰਨੇ ਓਂ, ਉਵੇਂ ਕਰ ਲੈਨੇ ਆਂ”, ਉਨ੍ਹਾਂ ਸਾਰੀ ਗੱਲ ਤਾਏ ਦੇ ਸਿਰ ਸੁੱਟਦਿਆਂ ਕਿਹਾ।
“ਪਿੰਡ ਵਾਲਾ ਥਾਂ ਖਾਲੀ ਪਿਐ, ਕੁੱਤੇ ਹੱਗਦੇ ਆ ਉਥੇ। ਤੁਹਾਡੇ ਜਾਣ ਨਾਲ ਘਰ ਫਿਰ ਵਸ ਜਾਊ। ਇਕ ਕੋਠਾ ਲਿੰਬ ਪੋਚ ਦਿੰਨੇ ਆਂ ਪਹਿਲਾਂ,” ਮੇਰੇ ਤਾਏ ਨੇ ਸਾਰੀ ਸਕੀਮ ਦੱਸੀ। ਉਹ ਸਾਡੇ ਜੱਦੀ ਪਿੰਡੋਂ ਉਠ ਕੇ ਨੇੜੇ ਦੇ ਪਿੰਡ ਸੇਪ ਕਰਦਾ ਸੀ। ਇਸ ਲਈ ਪੁਰਾਣਾ ਘਰ ਕਈ ਵਰ੍ਹਿਆਂ ਤੋਂ ਵਿਹਲਾ ਪਿਆ ਸੀ। ਮੀਂਹਾਂ ਝੜੀਆਂ ਦੀ ਮਾਰ ਸਹਿੰਦਿਆਂ ਕੱਚੀਆਂ ਛੱਤਾਂ ਬਹਿ ਗਈਆਂ ਸਨ। ਕੰਧਾਂ ਤੋਂ ਵੱਡੇ-ਵੱਡੇ ਲਿਉੜ ਡਿੱਗ ਪਏ ਸਨ ਅਤੇ ਕੱਚੀ ਮਿੱਟੀ ਰੋੜਾਂ ਵਿਚ ਵਟ ਗਈ ਸੀ।
“ਅਸੀਂ ਨ੍ਹੀਂ ਜਾਣਾ ਪਿੰਡ,” ਮੇਰੇ ਬੀਜੀ ਨੇ ਤਾਏ ਦੀ ਸਕੀਮ ਉਤੇ ਪਾਣੀ ਫੇਰਦਿਆਂ ਕਿਹਾ, “ਇਥੇ ਖਾਈ ਜਾਵਾਂਗੇ ਅਸੀਂ ਰੁੱਖੀ-ਮਿੱਸੀ।”
ਤਾਏ ਨੂੰ ਇਸ ਜਵਾਬ ਦੀ ਆਸ ਨਹੀਂ ਸੀ। ਉਹ ਹੋਰੂੰ-ਹੋਰੂੰ ਜਿਹਾ ਝਾਕਣ ਲੱਗ ਪਿਆ। ਪਤਾ ਨਹੀਂ ਬੀਜੀ ਇੰਜ ਕਿਉਂ ਬੋਲੇ ਸਨ। ਤਾਇਆ ਦਿਲੋਂ ਸਾਡੀ ਮੱਦਦ ਕਰਨੀ ਚਾਹੁੰਦਾ ਸੀ, ਪਰ ਬੀਜੀ ਪਿੰਡ ਜਾਣ ਲਈ ਤਿਆਰ ਨਹੀਂ ਸਨ। ਸ਼ਾਇਦ ਉਨ੍ਹਾਂ ਦੇ ਮਨ ਵਿਚ ਉਹ ਗੁੱਸਾ ਹੋਵੇ, ਜਦੋਂ ਉਨ੍ਹਾਂ ਘਰ ਦੇ ਸਾਂਝੇ ਸਾਮਾਨ ਦੀ ਵੰਡ ਕਰਦਿਆਂ ਸਾਡੇ ਪੱਲੇ ਕੁਝ ਵੀ ਨਹੀਂ ਸੀ ਪਾਇਆ। ਬੀਜੀ ਹੋਰੀਂ ਇਕ ਤਰ੍ਹਾਂ ਖਾਲੀ ਹੀ ਨਿਕਲੇ ਸਨ ਉਸ ਘਰੋਂ। ਹੁਣ ਵੀ ਸ਼ਾਇਦ ਉਨ੍ਹਾਂ ਨੂੰ ਤਾਏ ਉਤੇ ਜਿਵੇਂ ਵਿਸ਼ਵਾਸ ਨਹੀਂ ਸੀ ਆ ਰਿਹਾ।
“ਕਿਥੋਂ ਖਾਈ ਜਾਵਾਂਗੇ ਰੁੱਖੀ-ਮਿੱਸੀ? ਕੰਮ ‘ਚ ਲੱਤ ਅੜਾਉਣ ਦੀ ਤਾਂ ਤੇਰੀ ਆਦਤ ਆ,” ਪਿਤਾ ਜੀ ਗੁੱਸੇ ਵਿਚ ਬੋਲੇ।
“ਮੈਂ ਤਾਂ ਤੁਹਾਡੀ ਤੰਗੀ ਵੇਖ ਕੇ ਆਹਨਾਂ। ਇਥੇ ਹਰ ਚੀਜ਼ ਮੁੱਲ ਦੀ ਆ। ਉਥੇ ਦੁੱਧ ਘਰ ਦਾ ਹੋਊ। ਨਿਆਣਿਆਂ ਦੇ ਮੂੰਹ ‘ਚ ਭੋਰਾ ਥਿੰਦਾ ਪਊ। ਸਾਗ-ਪੱਠੇ ਦੀ ਕੋਈ ਟੋਟ ਨ੍ਹੀਂ ਉਥੇ,” ਤਾਏ ਨੇ ਪਿੰਡ ਦੇ ਫਾਇਦੇ ਗਿਣਵਾਏ।
“ਸਾਗ-ਪੱਠੇ ਸਾਡੇ ਲਈ ਕੌਣ ਲਈ ਬੈਠੇ ਉਥੇ? ਸਾਡੇ ਕਿਹੜੇ ਮੁਰੱਬੇ ਆ ਉਥੇ? ਕਾਹਦੇ ਸਿਰ ‘ਤੇ ਚਲੇ ਚਲੀਏ ਪਿੰਡ, ਅਹਿ ਢੱਠੇ ਕੋਠਿਆਂ ਦੇ ਸਿਰ ‘ਤੇ?” ਬੀਜੀ ਨੇ ਸਿਰ ਦਾ ਪੱਲਾ ਠੀਕ ਕਰਦਿਆਂ ਗੁੱਸੇ ਵਿਚ ਕਿਹਾ।
“ਚੱਲ ਭਾਈ ਬੀਬਾ, ਸਾਡਾ ਕੋਈ ਜ਼ੋਰ ਆ। ਅਸੀਂ ਤਾਂ ਭਲੇ ਦੀ ਆਹਨੇ ਆਂ। ਪਿੰਡੀਂ-ਥਾਂਈਂ ਲੋਕ ਭੁੱਖੇ ਤਾਂ ਨ੍ਹੀਂ ਸੌਂਦੇ! ਜਿਥੇ ਹੋਰ ਕੁੜੀਆਂ ਕੰਮ ਕਰਦੀਆਂ ਨੇ, ਇਹ ਵੀ ਕਰ ਲਿਆ ਕਰਨਗੀਆਂ,” ਮੇਰੇ ਤਾਏ ਨੇ ਮੇਰੀਆਂ ਭੈਣਾਂ ਵੱਲ ਇਸ਼ਾਰਾ ਕਰਦਿਆਂ ਕਿਹਾ, ਜਿਹੜੀਆਂ ਉਸ ਵੇਲੇ ਰਸੋਈ ਵਿਚ ਬੈਠੀਆਂ ਆਪਸ ਵਿਚ ਘੁਸਰ-ਮੁਸਰ ਕਰ ਰਹੀਆਂ ਸਨ ਅਤੇ ਕਦੇ-ਕਦੇ ਤਾਏ ਵੱਲ ਕੌੜ ਨਾਲ ਵੇਖ ਲੈਂਦੀਆਂ ਸਨ। ਪਿਤਾ ਜੀ ਚੁੱਪ ਬੈਠੇ ਸਨ ਅਤੇ ਜਿਹੜਾ ਗੱਲ ਕਰਦਾ ਉਹਦੇ ਮੂੰਹ ਵੱਲ ਵੇਖੀ ਜਾਂਦੇ।
“ਕੀ ਕੰਮ ਕਰ ਲੈਣਗੀਆਂ ਕੁੜੀਆਂ?” ਬੀਜੀ ਨੇ ਸਵਾਲ ਕੀਤਾ।
“ਥੋੜੇ ਕੰਮ ਆ ਉਥੇ? ਮਿਰਚਾਂ ਡੁੰਗ ਲਿਆਇਆ ਕਰਨਗੀਆਂ, ਕਪਾਹ ਚੁਗ ਲਿਆਇਆ ਕਰਨਗੀਆਂ, ਵੀਹ ਕੰਮ ਆ,” ਉਹਨੇ ਕਹਿੰਦਿਆਂ ਆਪਣੀ ਲੰਮੀ ਦਾੜ੍ਹੀ ਉਤੇ ਹੱਥ ਫੇਰਿਆ, ਢਿਲਕ ਆਇਆ ਪੱਗ ਦਾ ਲੜ ਠੀਕ ਕੀਤਾ, ਸਾਫ਼ੇ ਨਾਲ ਮੱਥੇ ਤੋਂ ਮੁੜ੍ਹਕਾ ਪੂੰਝਿਆ ਅਤੇ ਮੰਜੇ ਉਤੇ ਸੂਤ ਹੋ ਕੇ ਬੈਠ ਗਿਆ।
ਲਗਦਾ ਸੀ, ਤਾਇਆ ਇਸ ਤਰ੍ਹਾਂ ਦੇ ਸਵਾਲ-ਜਵਾਬ ਲਈ ਤਿਆਰ ਹੋ ਕੇ ਨਹੀਂ ਸੀ ਆਇਆ। ਇਸੇ ਲਈ ਉਹਨੇ ਗੱਲ ਹੋਰ ਪਾਸੇ ਪਾਉਣ ਲਈ ਕਿਹਾ, “ਤਵਾੜ ਲਗਿਆ ਪਿਆ ਐ ਅੱਜ ਤਾਂ, ‘ਵਾ ਤਾਂ ਜਮ੍ਹਾਂ ਈ ਖਲੋਤੀ ਪਈ ਆ।” ਉਹਨੇ ਇਹ ਗੱਲ ਕਹਿ ਕੇ ਇਕ ਵਾਰ ਫਿਰ ਮੁੜ੍ਹਕਾ ਪੂੰਝਿਆ।
ਫਿਰ ਕਿੰਨਾ ਈ ਚਿਰ ਚੁੱਪ ਛਾਈ ਰਹੀ।
“ਚੰਗਾ ਭਾਈ ਮੈਂ ਚੱਲਦਾਂ,” ਕੁਝ ਚਿਰ ਮਗਰੋਂ ਤਾਏ ਨੇ ਕਿਹਾ ਅਤੇ ਮੰਜੇ ਤੋਂ ਉਠ ਖਲੋਤਾ। ਪੈਰੀਂ ਜੁੱਤੀ ਅੜਾਉਂਦਿਆਂ ਉਹਨੇ ਪਿਤਾ ਜੀ ਨੂੰ ਫਿਰ ਪੁੱਛਿਆ, “ਤੇਰੀ ਆਪਣੀ ਕੀ ਸਲਾਹ ਆ ਫਿਰ?”
“ਮੇਰੀ ਸਲਾਹ ਚੱਲਣ ਦਿੰਦੀ ਆ, ਆਹ। ਇਹ ਚਾਹੁੰਦੀ ਆ, ਮੈਂ ਭਰਾਵਾਂ ਨਾਲੋਂ ਟੁੱਟਿਆ ਈ ਰਹਾਂæææ।”
“ਆਹੋ ਮੈਂ ਚਾਹੁੰਨੀ ਆਂ,” ਬੀਜੀ ਨੇ ਉਨ੍ਹਾਂ ਨੂੰ ਵਿਚੋਂ ਟੋਕ ਕੇ ਕਿਹਾ, “ਭਰਾ ਤਾਂ ਪੌਂਡ ਲਈ ਬੈਠੇ ਆ ਤੇਰੇ ਲਈ, ਮਾਰ ਹੱਥੀਂ ਛਾਂਵਾਂ ਕਰਨਗੇ ਤੇਰੇ ‘ਤੇ। ਇਕ ਤਾਂ ਰੱਬ ਨੇ ਵੈਰ ਲਿਆ, ਹੁਣ ਆਹ ਬੰਦੇ ਨ੍ਹੀਂ ਜਿਉਣ ਦਿੰਦੇ,” ਕਹਿੰਦਿਆਂ ਉਨ੍ਹਾਂ ਦੀਆਂ ਅੱਖਾਂ ਭਰ ਆਈਆਂ। ਚੁੰਨੀ ਦੇ ਲੜ ਨਾਲ ਅੱਖਾਂ ਪੂੰਝਦਿਆਂ ਬੀਜੀ ਨੇ ਫਿਰ ਕਿਹਾ, “ਮੈਂ ਨ੍ਹੀਂ ਘੱਲਣੀਆਂ ਆਪਣੀਆਂ ਕੁੜੀਆਂ ਮਿਰਚਾਂ ਡੁੰਗਣ। ਜੇ ਰੱਬ ਨੇ ਪਾਈ ਆ ਤਾਂ ਆਪੇ ਕੱਟੂਗਾ। ਇਥੇ ਰਹਿ ਕੇ ਥੋੜੀ ਖਾ ਲਵਾਂਗੇ ਅਸੀਂ, ਪਰ ਜੱਟਾਂ ਦੀਆਂ ਗਾਲਾਂ ਨ੍ਹੀਂ ਲੈਣੀਆਂ। ਮੁੜ ਕੇ ਪਿੰਡ ਜਾਣ ਦਾ ਭੋਗ ਨਾ ਪਾਇਉ ਮੇਰੇ ਕੋਲ।” ਉਨ੍ਹਾਂ ਨੇ ਪੂਰੀ ਦ੍ਰਿੜ੍ਹਤਾ ਨਾਲ ਕਿਹਾ ਅਤੇ ਉਠ ਕੇ ਅੰਦਰ ਚਲੇ ਗਏ।
ਤਾਇਆ ਛਿੱਥਾ ਜਿਹਾ ਪੈ ਕੇ ਪਰਤ ਗਿਆ।
ਫਿਰ ਘਰ ਵਿਚ ਕਈ ਦਿਨ ਕਲੇਸ਼ ਪਿਆ ਰਿਹਾ।
ਬੀਜੀ ਅਤੇ ਪਿਤਾ ਜੀ ਇਸ ਗੱਲ ਨੂੰ ਲੈ ਕੇ ਸਾਰਾ ਦਿਨ ਝਗੜਦੇ ਰਹਿੰਦੇ। ਅਸੀਂ ਨਿਆਣੇ ਕੰਧੀਂ-ਕੌਲੀਂ ਲੱਗੇ, ਡਰੇ ਡਰੇ ਜਿਹੇ ਝਾਕਦੇ ਰਹਿੰਦੇ। ਅਸੀਂ ਆਪ ਪਿੰਡ ਨਹੀਂ ਸੀ ਜਾਣਾ ਚਾਹੁੰਦੇ। ਇਸ ਲਈ ਸਾਨੂੰ ਪਿਤਾ ਜੀ ਅਤੇ ਤਾਇਆ ਬੜੇ ਬੁਰੇ ਲਗਦੇ, ਪਰ ਅਸੀਂ ਕਹਿੰਦੇ ਕੁਝ ਨਾ।
ਪਿਤਾ ਜੀ ਦੀ ਪੱਕੀ ਜ਼ਿੱਦ ਸੀ ਕਿ ਹੁਣ ਸ਼ਹਿਰ ਕਿਰਾਏ ਦੇ ਮਕਾਨ ਵਿਚ ਨਹੀਂ ਰਹਿਣਾ। ਪਿੰਡ ਜਾ ਕੇ ਆਪਣੇ ਘਰ ਵਿਚ ਰਹਾਂਗੇ। ਬੀਜੀ ਵੀ ਇਹ ਧਾਰੀ ਬੈਠੇ ਸਨ ਕਿ ਸ਼ਹਿਰ ਰਹਿੰਦਿਆਂ ਨਿਆਣੇ ਚਾਰ ਅੱਖਰ ਪੜ੍ਹ ਜਾਣਗੇ। ਸਿਲਾਈ ਦਾ ਕੰਮ ਆਖ਼ਰ ਤੁਰ ਹੀ ਪਏਗਾ। ਜਿਹੜੇ ਚਾਰ ਪੈਸੇ ਬਚੇ ਆ, ਉਹ ਲਾ ਕੇ ਥੋੜ੍ਹੀ ਜਿਹੀ ਥਾਂ ਲੈ ਕੇ ਸਿਰ ਲੁਕਾਉਣ ਜੋਗੀ ਛਤੌਤ ਕਰ ਲੈਨੇ ਆਂ, ਪਰ ਪਿਤਾ ਜੀ ਦੇ ਇਹ ਗੱਲ ਮਨ ਨਹੀਂ ਸੀ ਲਗਦੀ। ਇਕ ਤਾਂ ਘਰ ਵਿਚ ਭੁੱਖ ਵਰਤੀ ਪਈ ਸੀ ਅਤੇ ਦੂਜਾ ਇਹ ਕਲੇਸ਼। ਸ਼ਾਇਦ ਭੁੱਖ ਹੀ ਲੜੀ ਸੀ ਜਾਂ ਕੋਈ ਹੋਰ ਕਾਰਨ ਸੀ ਕਿ ਇਨ੍ਹਾਂ ਹੀ ਦਿਨਾਂ ਵਿਚ ਪਿਤਾ ਜੀ ਨੇ ਬੀਜੀ ਉਤੇ ਹੱਥ ਚੁੱਕਿਆ ਸੀ। ਫਿਰ ਸਗੋਂ ਲੜਾਈ ਹੋਰ ਮਘ ਪਈ ਸੀ।
ਮੈਨੂੰ ਉਦੋਂ ਤਾਂ ਇਹ ਗੱਲ ਸਮਝ ਨਹੀਂ ਸੀ ਆਈ ਕਿ ਪਿਤਾ ਜੀ ਪਿੰਡ ਕਿਉਂ ਜਾਣਾ ਚਾਹੁੰਦੇ ਸਨ, ਪਰ ਹੁਣ ਸੋਚਦਾ ਹਾਂ ਕਿ ਸ਼ਾਇਦ ਉਨ੍ਹਾਂ ਦੇ ਮਨ ਵਿਚ ਪੁਰਾਣੇ ਦਿਨ ਲਟਕੇ ਹੋਣ। ਉਹ ਦਿਨ, ਜਦੋਂ ਉਹ ਪੰਜੇ ਭਰਾ ਸਾਰੇ ਪਰਿਵਾਰ ਨਾਲ ਹੁਣ ਖੋਲਾ ਬਣ ਚੁੱਕੇ ਘਰ ਵਿਚ ਰਹਿੰਦੇ ਸਨ ਅਤੇ ਉਸੇ ਹੀ ਘਰ ਵਿਚ ਪਰਵਾਨ ਚੜ੍ਹੇ ਸਨ। ਉਹ ਦਿਨ ਜਦੋਂ ਉਸ ਘਰ ਵਿਚ ਰੌਣਕ ਲੱਗੀ ਰਹਿੰਦੀ ਸੀ। ਉਸ ਘਰ ਦੇ ਹਾਸੇ ਦੀ ਗੂੰਜ ਸਾਰੇ ਪਿੰਡ ਦੀ ਫ਼ਿਜ਼ਾ ਵਿਚ ਸ਼ਹਿਦ ਘੋਲ ਦਿੰਦੀ ਸੀ। ਉਹ ਦਿਨ ਜਦੋਂ ਉਹ ਗਰਮੀਆਂ ਦੀ ਰੁੱਤੇ ਅੰਬ ਚੂਪਣ ਜਾਂਦੇ ਸਨ ਤੇ ਮੁੜਦੇ ਹੋਏ ਸੂਏ ਵਿਚ ਤਾਰੀਆਂ ਲਾਉਂਦੇ ਸਨ। ਉਹ ਦਿਨ ਜਦੋਂ ਉਸ ਘਰ ਦੀ ਖੁਰਲੀ ਉਤੇ ਬੂਰੀਆਂ ਬੱਝੀਆਂ ਰਹਿੰਦੀਆਂ ਸਨ ਅਤੇ ਉਹ ਆਪਣੀ ਆਪਣੀ ਮੱਲੀ ਹੋਈ ਮੱਝ ਦੀਆਂ ਧਾਰਾਂ ਲਿਆ ਕਰਦੇ ਸਨ। ਉਹ ਦਿਨ ਜਦੋਂ ਉਹ ਵਾਢੀਆਂ ਦੀ ਰੁੱਤੇ ਦੁਕਾਨ ਉਤੇ ਬੈਠੇ ਪੱਖਾ ਗੇੜਿਆ ਕਰਦੇ ਸਨ ਤੇ ਝੋਲੀ ਵਿਚੋਂ ਭੱਠੀ ਤੋਂ ਭੁਨਾਏ ਦਾਣੇ ਚੱਬਦੇ ਰਹਿੰਦੇ ਸਨ ਅਤੇ ਉਨ੍ਹਾਂ ਦਾ ਬਾਪੂ ਲਾਲ ਸੁਰਖ ਲੋਹੇ ਨੂੰ ਠੱਪਦਾ ਦਾਤੀਆਂ ਰੰਬੇ ਬਣਾਉਂਦਾ ਰਹਿੰਦਾ ਸੀ।
ਫਿਰ ਸਮੇਂ ਦੇ ਬੀਤਣ ਨਾਲ ਸਾਰੇ ਜੀਅ ਪਿੰਡੋਂ ਚਲੇ ਗਏ ਸਨ। ਮੇਰਾ ਵੱਡਾ ਤਾਇਆ ਮੇਰੇ ਪਿਤਾ ਜੀ ਵਾਲੀ ਬਿਮਾਰੀ ਨਾਲ ਹੀ ਚੱਲ ਵਸਿਆ। ਉਹਤੋਂ ਨਿੱਕਾ ਘਰ ਵਾਲੀ ਦਾ ਸਤਾਇਆ ਘਰੋਂ ਨਿਕਲ ਗਿਆ। ਦੂਜੇ ਦੋ ਹੋਰਨੀਂ ਪਿੰਡੀਂ ਜਾ ਬੈਠੇ। ਪਿਤਾ ਜੀ ਫੌਜ ਵਿਚ ਚਲੇ ਗਏ। ਹਾਸੇ ਨਾਲ ਮਹਿਕਦਾ ਘਰ ਸੱਖਣਾ ਹੋ ਗਿਆ। ਚੌਂਕੇ ਦੀਆਂ ਕੰਧਾਂ ਵਾਲੇ ਤੋਤੇ ਕਬੂਤਰ ਗੁਟਕਣੋਂ ਹਟ ਗਏ। ਖੁਰਲੀਆਂ ਯਤੀਮ ਹੋ ਗਈਆਂ। ਲਿੰਬੀਆਂ-ਪੋਚੀਆਂ ਕੰਧਾਂ ਉਤੇ ਹੌਲੀ-ਹੌਲੀ ਘਰਾਲਾਂ ਆਪਣੇ ਨਿਸ਼ਾਨ ਛੱਡਣ ਲੱਗ ਪਈਆਂ।æææਤੇ ਫਿਰ ਕੋਠੋ ਢਹਿਣੇ ਸ਼ੁਰੂ ਹੋ ਗਏ।
ਪਿਤਾ ਜੀ ਜਿਵੇਂ ਬੀਤੇ ਸਮੇਂ ਨੂੰ ਮੋੜ ਲਿਆਉਣਾ ਚਾਹੁੰਦੇ ਸਨ। ਮੈਨੂੰ ਯਾਦ ਹੈ, ਜਦੋਂ ਉਹ ਛੁੱਟੀ ਆਉਂਦੇ ਸਨ, ਪਿੰਡ ਜ਼ਰੂਰ ਜਾਂਦੇ। ਕਈ ਵਾਰ ਮੈਨੂੰ ਵੀ ਨਾਲ ਲੈ ਜਾਂਦੇ। ਉਹ ਕਿਸੇ ਨੂੰ ਸੱਦ ਕੇ ਸਾਰੇ ਵਿਹੜੇ ਵਿਚ ਝਾੜੂ ਫਿਰਵਾਉਂਦੇ। ਥੋੜੀ ਬਹੁਤੀ ਲਿੰਬਾ-ਪੋਚੀ ਵੀ ਕਰਾਉਂਦੇ। ਅਗਲੇ ਸਾਲ ਤੱਕ ਕੋਠੇ ਫਿਰ ਪਹਿਲਾਂ ਵਰਗੇ ਹੀ ਹੋ ਜਾਂਦੇ, ਪਰ ਉਹ ਆਪਣੀ ਕੋਸ਼ਿਸ਼ ਨਾ ਛੱਡਦੇ, ਜਿਵੇਂ ਕੁਦਰਤ ਨਾਲ ਆਢਾ ਲਾਇਆ ਹੋਵੇ।
ਤੇ ਹੁਣ ਜਦੋਂ ਮੁੜ ਪਿੰਡ ਚਲੇ ਜਾਣ ਦੀ ਗੱਲ ਤੁਰੀ ਸੀ ਤਾਂ ਉਹ ਇਕਦਮ ਤਿਆਰ ਹੋ ਗਏ ਸਨ। ਪਤਾ ਨਹੀਂ ਕਿਉਂ, ਇਹ ਗੱਲ ਉਨ੍ਹਾਂ ਦੇ ਮਨ ਵਿਚ ਆਪੇ ਕਿਉਂ ਨਹੀਂ ਸੀ ਆਈ। ਤਾਏ ਦੇ ਕਹਿਣ ਦੀ ਦੇਰ ਸੀ ਕਿ ਉਹ ਮੰਨ ਗਏ ਅਤੇ ਘਰ ਵਿਚ ਝਗੜਾ ਸ਼ੁਰੂ ਹੋ ਗਿਆ।
ਕਈ ਦਿਨ ਕਿੱਚ-ਕਿੱਚ ਹੁੰਦੀ ਰਹੀ ਸੀ। ਇਸ ਦੌਰਾਨ ਮੇਰਾ ਤਾਇਆ ਇਕ-ਦੋ ਵਾਰ ਆਇਆ। ਪਹਿਲਾਂ ਵਾਲੀਆਂ ਹੀ ਗੱਲਾਂ ਹੋਈਆਂ। ਆਖ਼ਰ ਬੀਜੀ ਨੂੰ ਹਾਰ ਮੰਨਣੀ ਪਈ। ਪਿੰਡ ਇਕ ਕੋਠੇ ਦੀ ਲਿਪਾਈ ਕਰਵਾਈ ਗਈ, ਵਿਹੜਾ ਸੰਭਰਿਆ ਗਿਆ। ਸਾਮਾਨ ਲਿਜਾਣ ਲਈ ਗੱਡੇ ਦਾ ਪ੍ਰਬੰਧ ਵੀ ਕਰ ਲਿਆ ਗਿਆ।
ਪਿੰਡ ਚਲੇ ਜਾਣ ਵਿਚ ਅਜੇ ਚਾਰ ਕੁ ਦਿਨ ਰਹਿੰਦੇ ਸਨ ਕਿ ਇਕ ਸਵੇਰ ਮੇਰਾ ਤਾਇਆ ਆਇਆ। ਸੁੱਖ ਸਾਂਦ ਪੁੱਛਣ ਤੋਂ ਮਗਰੋਂ ਚਾਹ ਦਾ ਗਲਾਸ ਫੜਦਿਆਂ ਉਹਨੇ ਮੇਰੇ ਪਿਤਾ ਜੀ ਨਾਲ ਗੱਲ ਸ਼ੁਰੂ ਕੀਤੀ,
“ਆਪਣਾ ਪਿੰਡ ਵਾਲਾ ਥਾਂ ਆ ਨਾ, ਉਹ ਵਿਕਦੈ। ਸਿੰਗਾਪੁਰ ਵਾਲਿਆਂ ਦਾ ਮੁੰਡਾ ਪੁੱਛਦਾ ਸੀ। ਮੈਂ ਕਹਿ ਦਿੱਤਾ, ਅਸੀਂ ਨ੍ਹੀਂ ਵੇਚਣਾ, ਅਸਾਂ ਆਪ ਰਿਹਾਇਸ਼ ਕਰਨੀ ਆ ਇਥੇ”, ਉਹਨੇ ਰੁਕ ਰੁਕ ਕੇ ਸਾਰੀ ਗੱਲ ਕਹਿ ਦਿੱਤੀ। ਹੁਣ ਜਦੋਂ ਅਸੀਂ ਚਹੁੰ ਦਿਨਾਂ ਨੂੰ ਪਿੰਡ ਚਲੇ ਜਾਣਾ ਸੀ ਤਾਂ ਇਸ ਗੱਲ ਦਾ ਕੀ ਮਤਲਬ! ਸੁਣਦਿਆਂ ਹੀ ਪਿਤਾ ਜੀ ਆਪੇ ਤੋਂ ਬਾਹਰ ਹੋ ਗਏ। ਰੋਗ ਕਾਰਨ ਹਿਲਦੇ ਹੱਥ ਪੈਰ ਜ਼ੋਰ ਦੀ ਹਿੱਲਣ ਲੱਗ ਪਏ ਅਤੇ ਸਿਰ ਜ਼ੋਰ ਜ਼ੋਰ ਦੀ ਵੱਜਣ ਲੱਗ ਪਿਆ। ਉਨ੍ਹਾਂ ਪੂਰੇ ਗੁੱਸੇ ਨਾਲ ਤਾਏ ਦੇ ਚਿਹਰੇ ਵੱਲ ਵੇਖਿਆ, ਜਿਹੜਾ ਪਿਤਾ ਜੀ ਦਾ ਅਚਾਨਕ ਬਦਲਿਆ ਰੰਗ ਵੇਖ ਕੇ ਡਰ ਗਿਆ ਸੀ। ਅੰਦਰਲੀ ਨਮੋਸ਼ੀ ਕਰ ਕੇ ਉਹਦਾ ਰੰਗ ਹੋਰ ਕਾਲਾ ਹੋ ਗਿਆ ਸੀ, ਅੱਖਾਂ ਝੁਕ ਗਈਆਂ ਸਨ। ਪਿਤਾ ਜੀ ਨੂੰ ਉਠਦਿਆਂ ਵੇਖ ਕੇ ਉਹ ਥੋੜਾ ਜਿਹਾ ਕੰਧ ਵੱਲ ਸਰਕ ਗਿਆ ਅਤੇ ਥੋੜਾ ਜਿਹਾ ਚੌਕਸ ਵੀ ਹੋ ਗਿਆ।
“ਕਿਹੜਾ ਕੰਜਰ ਲੈਂਦਾ ਆ ਥਾਂ?” ਪਿਤਾ ਜੀ ਨੇ ਹੱਥ ਹਵਾ ਵਿਚ ਲਹਿਰਾਉਂਦਿਆਂ ਕਿਹਾ। “æææਤੂੰ ਆਪਣੇ ਹਿੱਸੇ ਦੇ ਪੈਸੇ ਭਾਲਦਾਂ, ਹੋਰ ਕੁਝ ਨ੍ਹੀਂ ਗੱਲ ਵਿਚੋਂæææਕਿਸੇ ਸਾਲੇ ਤੋਂ ਮੁੱਲ ਪੁਆ ਆਇਆ ਹੋਏਂਗਾæææਥਾਂ ਵਿਕਦੈæææਕਿੰਨੇ ਦਾ ਵਿਕਦੈæææਦੱਸ ਖਾਂ ਕਿੰਨੇ ਦਾ ਵਿਕਦੈæææਪਿੰਡ ਨਾ ਹੋ ਗਿਆ ਚੰਡੀਗੜ੍ਹ ਹੋ ਗਿਆæææਦੋ ਸੌ ਦਾ ਹੋਊ, ਵਿਚੋਂ ਸੌ ਲਈ ਝੂਠ ਬੋਲਦਿਆਂ ਸ਼ਰਮ ਤਾਂ ਨ੍ਹੀਂ ਆਈ ਹੋਣੀ,” ਪਿਤਾ ਜੀ ਗੁੱਸੇ ਵਿਚ ਲਗਾਤਾਰ ਬੋਲੀ ਜਾ ਰਹੇ ਸਨ। ਤਾਇਆ ਨਿੰਮੋਝੂਣਾ ਹੋਇਆ ਬੈਠਾ ਸੀ।
ਸਦਾ ਮੱਦਦ ਕਰਨ ਦਾ ਵਾਅਦਾ ਕਰਨ ਵਾਲਾ ਤਾਇਆ, ਪਤਾ ਨ੍ਹੀਂ ਇੰਨੇ ਥੋੜੇ ਜਿਹੇ ਪੈਸਿਆਂ ਉਤੇ ਕਿਉਂ ਡੋਲ ਗਿਆ ਸੀ। ਪਿਤਾ ਜੀ ਦੀਆਂ ਗੱਲਾਂ ਸੁਣ ਕੇ ਉਹਦੇ ਚਿਹਰੇ ਉਤੇ ਪਛਤਾਵੇ ਦੀਆਂ ਰੇਖਾਵਾਂ ਵੀ ਉਭਰ ਆਈਆਂ ਸਨ, ਪਰ ਹੁਣ ਗੱਲ ਤਾਂ ਹੱਥੋਂ ਨਿਕਲ ਚੁੱਕੀ ਸੀ। ਉਹਨੇ ਪਿਤਾ ਜੀ ਨੂੰ ਸ਼ਾਂਤ ਕਰਨ ਲਈ ਕਿਹਾ, “ਲੈ, ਹੈ ਕਮਲਾ, ਮੈਂ ਕੀ ਕਰਨੇ ਆਂ ਪੈਸੇ, ਮੈਂ ਤਾਂ ਤੈਨੂੰ ਗੱਲ ਦੱਸੀ ਆ।”
“ਨਾ ਗੱਲ ਦੱਸਣ ਨੂੰ ਹੈ ਕਿਹੜੀ! ਮੈਥੋਂ ਭੁਲਿਆ ਨ੍ਹੀਂ ਤੂੰ! ਜਾਹ, ਜਾ ਕੇ ਵੇਚ ਦੇ ਥਾਂæææਤੇ ਮੇਰੇ ਹਿੱਸੇ ਦੇ ਪੈਸੇ ਫੜਾ ਜਾਈਂ ਇਥੇæææਅਸੀਂ ਨ੍ਹੀਂ ਜਾਂਦੇ ਹੁਣ ਪਿੰਡæææਬੱਸ ਦੱਸ ਦਿੱਤਾ ਤੈਨੂੰ,” ਪਿਤਾ ਜੀ ਨੇ ਫੈਸਲਾ ਸੁਣਾਇਆ ਅਤੇ ਫਿਰ ਹਵਾ ਨੂੰ ਘੂਰਨ ਲੱਗ ਪਏ।
ਅੰਬਾਂ ਦੇ ਬਾਗ ਫਿਰ ਦੂਰ ਚਲੇ ਗਏ। ਚੌਂਕੇ ਦੀਆਂ ਕੰਧਾਂ ਵਾਲੇ ਤੋਤੇ ਕਬੂਤਰ ਫਿਰ ਮਿੱਟੀ ਦੇ ਬਣ ਗਏ। ਪੁਰਾਣੇ ਦਿਨ ਨੇੜੇ ਆਉਂਦੇ-ਆਉਂਦੇ ਬੀਤੇ ਦੇ ਹਨੇਰੇ ਵਿਚ ਗੁਆਚ ਗਏ। ਇਸ ਹਨੇਰੇ ਵਿਚ ਮੈਂ ਵੇਖਿਆ, ਪਿਤਾ ਜੀ ਦੀਆਂ ਅੱਖਾਂ ਸਿੱਲ੍ਹੀਆਂ ਹੋ ਗਈਆਂ ਸਨ। ਉਨ੍ਹਾਂ ਦਾ ਪਹਿਲਾਂ ਹੀ ਨਿਤਾਣਾ ਹੋ ਚੁੱਕਾ ਬਦਨ ਹੋਰ ਨਿਤਾਣਾ ਹੋ ਗਿਆ। ਉਨ੍ਹਾਂ ਨੇ ਹਿਕਾਰਤ ਨਾਲ ਤਾਏ ਵੱਲ ਵੇਖਿਆ ਅਤੇ ਉਠ ਕੇ ਦਰੋਂ ਬਾਹਰ ਹੋ ਗਏ। ਫਿਰ ਤਾਇਆ ਵੀ ਚਲਿਆ ਗਿਆ।
ਇਸ ਗੱਲ ਨੂੰ ਕਈ ਵਰ੍ਹੇ ਹੋ ਗਏ ਹਨ। ਵਾਰੀ ਵਾਰੀ ਪਿਤਾ ਜੀ ਅਤੇ ਤਾਇਆ ਸਮੇਂ ਦੀ ਧੂੜ ਵਿਚ ਮਿਲ ਗਏ, ਪਰ ਉਹ ਥਾਂ ਅਜੇ ਤੱਕ ਨਹੀਂ ਵਿਕਿਆ। ਗੁਆਚ ਗਏ ਹਾਸਿਆਂ ਨੂੰ ਉਹ ਅਜੇ ਵੀ ਤਰਸ ਰਿਹਾ ਹੈ।
Leave a Reply